34
ਸ਼ਾਮ ਤੱਕ ਕਾਲੀ ਦਿਨ ਦੀ ਤਲਖੀ ਭੁੱਲ ਗਿਆ। ਉਹ ਬੇਸਬਰੀ ਨਾਲ ਰਾਤ ਪੈਣ ਦੀ ਉਡੀਕ ਕਰ ਰਿਹਾ ਸੀ। ਅਜੇ ਦਿਨ ਬਾਕੀ ਹੀ ਸੀ ਕਿ ਕਾਲੀ ਨੇ ਰੋਟੀ ਪਕਾ ਲਈ। ਕਾਹਲੀ ਵਿੱਚ ਉਹਨੇ ਆਪਣੀ ਉਂਗਲੀ ਲੂਹ ਲਈ ਅਤੇ ਉਹਦੇ ਸੱਜੇ ਹੱਥ 'ਤੇ ਛਾਲਾ ਪੈ ਗਿਆ।
ਘਰ ਬੈਠਿਆਂ ਸਮਾਂ ਬਹੁਤ ਹੌਲੀ ਹੌਲੀ ਲੰਘਣ ਲੱਗਾ ਤਾਂ ਕਾਲੀ ਬਾਹਰ ਆ ਗਿਆ। ਉਹ ਚੋਅ ਦੀ ਅੱਧੀ ਸੁੱਕੀ ਅਤੇ ਅੱਧੀ ਗਿੱਲੀ ਰੇਤ 'ਤੇ ਬਹੁਤ ਦੂਰ ਤੱਕ ਤੁਰਦਾ ਗਿਆ। ਕੰਧਾਲੇ ਨੂੰ ਜਾਣ ਵਾਲੇ ਰਾਹ 'ਤੇ ਪਹੁੰਚ ਉਹ ਚੋਅ ਦੇ ਕੰਢੇ ਉੱਚੇ ਬੰਨ 'ਤੇ ਚੜ੍ਹ ਗਿਆ। ਚਾਰੀਂ ਪਾਸੀਂ ਮੱਕੀ ਦੀ ਛੋਟੀ ਛੋਟੀ ਫਸਲ ਸ਼ਾਮ ਦੀ ਧੀਮੀ ਹਵਾ ਵਿੱਚ ਲਹਿਰਾ ਰਹੀ ਸੀ। ਡੁੱਬਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੇ ਉਹਨੂੰ ਬਹੁਤ ਸੋਹਣਾ ਰੂਪ ਚਾੜ੍ਹ ਦਿੱਤਾ ਸੀ। ਸਾਹਮਣੇ ਕੰਧਾਲੇ ਪਿੰਡ ਦਾ ਹਲਕਾ ਹਲਕਾ ਰੌਲਾ ਸੁਣਾਈ ਦੇ ਰਿਹਾ ਸੀ। ਬਾਬਕ ਪਿੰਡ ਨੂੰ ਜਾਣ ਵਾਲੀ ਡੰਡੀ 'ਤੇ ਕੁਛ ਲੋਕ ਤੇਜ਼ ਤੇਜ਼ ਕਦਮ ਪੁੱਟਦੇ ਜਾ ਰਹੇ ਸਨ। ਚੋਅ 'ਚ ਮੱਝਾਂ ਵੱਡੇ ਵੱਡੇ ਨਿਸ਼ਾਨ ਛੱਡਦੀਆਂ ਪਿੰਡ ਵੱਲ ਜਾ ਰਹੀਆਂ ਸਨ।
ਚੋਅ ਦੇ ਪਾੜ ਦੇ ਨੇੜੇ ਟਾਹਲੀ ਦੇ ਦਰੱਖਤਾਂ ਦੀ ਝਿੜੀ ਵਿੱਚ ਪੰਛੀਆਂ ਦਾ ਉੱਚਾ ਰੌਲਾ ਸੁਣ ਕੇ ਮਹਿਸੂਸ ਹੁੰਦਾ ਸੀ ਜਿਵੇਂ ਉਹਨਾਂ ਵਿੱਚ ਬਹੁਤ ਸਖਤ ਝਗੜਾ ਹੋ ਰਿਹਾ ਹੋਵੇ। ਝਿੜੀ ਤੋਂ ਪਰ੍ਹਾਂ ਖਾਲੀ ਖੇਤਾਂ ਵਿੱਚ ਮੋਰ ਖੰਭ ਖੋਲ੍ਹ ਕੇ ਨੱਚ ਰਹੇ ਸਨ। ਅਸਮਾਨ 'ਤੇ ਛਿਪਦੀਆਂ ਕਿਰਨਾਂ ਦੀ ਬੱਸ ਲਾਲੀ ਹੀ ਰਹਿ ਗਈ ਸੀ ਜਦੋਂ ਮੰਦਿਰ ਵਿੱਚੋਂ ਸੰਖ ਦੀ ਉੱਚੀ ਅਵਾਜ਼ ਗੂੰਜੀ ਅਤੇ ਉਹਦੇ ਨਾਲ ਹੀ ਘੰਟੀਆਂ ਵੱਜਣ ਲੱਗੀਆਂ। ਇਹਤੋਂ ਬਾਅਦ ਹਨ੍ਹੇਰਾ ਧੁਏਂ ਵਾਂਗ ਫੈਲਣ ਲੱਗਾ ਤਾਂ ਕਾਲੀ ਦੇ ਮਨ ਵਿੱਚ ਇਕ ਅਜੀਬ ਜਿਹੀ ਕਾਹਲ ਉੱਠਣ ਲੱਗੀ। ਉਹ ਚਾਹੁੰਦਾ ਸੀ ਕਿ ਰਾਤ ਇਕਦਮ ਹੀ ਬਹੁਤ ਹਨ੍ਹੇਰੀ ਹੋ ਜਾਵੇ ਤਾਂ ਕਿ ਉਹ ਗਿਆਨੋ ਦੀ ਉਡੀਕ ਵਿੱਚ ਆਪਣੇ ਬੂਹੇ ਖੁਲ੍ਹੇ ਛੱਡ ਦੇਵੇ।
ਗਿਆਨੋ ਬਾਰੇ ਸੋਚ ਕੇ ਕਾਲੀ ਦੇ ਮਨ ਵਿੱਚ ਕੁਤਕੁਤੀਆਂ ਜਿਹੀਆਂ ਨਿਕਲਣ ਲੱਗੀਆਂ। ਉਹ ਸੋਚਣ ਲੱਗਾ ਕਿ ਜੇ ਗਿਆਨੋ ਉਹਨੂੰ ਮਨ੍ਹਾ ਨਾ ਕਰਦੀ ਤਾਂ ਉਹ ਪਾਦਰੀ ਤੋਂ ਪੈਸੇ ਲੈ ਕੇ ਸਵੇਰ ਦੀ ਗੱਡੀ 'ਤੇ ਪਿੰਡ ਛੱਡ ਗਿਆ ਹੁੰਦਾ। ਗਿਆਨੋ ਉਹਨੂੰ ਕਿਉਂ ਨਹੀਂ ਪਿੰਡੋਂ ਜਾਣ ਦੇਣਾ ਚਾਹੁੰਦੀ? ਇਸ ਸਵਾਲ ਦੇ ਕਈ ਜੁਆਬ ਉਹਦੇ ਮਨ ਵਿੱਚ ਆਏ ਪਰ ਉਹਦੀ ਤਸੱਲੀ ਕਿਸੇ ਨਾਲ ਵੀ ਨਾ ਹੋਈ। ਬਹੁਤ ਸੋਚਣ ਤੋਂ ਬਾਅਦ ਉਹਦੇ ਮਨ ਵਿੱਚ ਇਕ ਹੀ ਗੱਲ ਰਹਿ ਗਈ ਕਿ ਹਨ੍ਹੇਰਾ ਡੂੰਘਾ ਹੋਣ 'ਤੇ ਲੋਕ ਸੌਂ ਜਾਣਗੇ ਅਤੇ ਗਿਆਨੋ ਉਹਦੇ ਕੋਲ ਆਏਗੀ।
ਜਦੋਂ ਦਰੱਖਤਾਂ ਦੀ ਝਿੜੀ ਦਾ ਆਕਾਰ ਹਨ੍ਹੇਰੇ ਵਿੱਚ ਮਿੱਟ ਗਿਆ ਅਤੇ ਉਹਦੇ ਵਿੱਚੋਂ ਸਾਂ-ਸਾਂ ਦੀ ਅਵਾਜ਼ ਆਉਣ ਲੱਗੀ ਤਾਂ ਕਾਲੀ ਪਿੰਡ ਵੱਲ ਤੁਰ ਪਿਆ। ਉਹ ਅਜੇ ਪਿੰਡ ਤੋਂ ਦੂਰ ਹੀ ਸੀ ਕਿ ਉਹਨੂੰ ਡਾਕਟਰ ਵਿਸ਼ਨਦਾਸ ਅਤੇ ਓਮਾ ਮਿਲ ਗਏ। ਕਾਲੀ ਨੂੰ ਦੇਖ ਕੇ ਡਾਕਟਰ ਖੁਸ਼ੀ ਵਿੱਚ ਬੋਲਿਆ:
"ਸੁਣਾ, ਕਾਲੀ, ਤੂੰ ਕਿੱਥੇ ਰਹਿੰਦੈ। ਕਦੇ ਕਦੇ ਤਾਂ ਏਦਾਂ ਗਵਾਚ ਜਾਂਦਾ ਜਿਵੇਂ ਸਿਆਲਾਂ 'ਚ ਮੱਖੀਆਂ।"
"ਡਾਕਟਰ ਜੀ, ਮੈਂ ਤਾਂ ਇੱਥੇ ਈ ਆਂ, ਤੁਸੀਂ ਹੀ ਨਹੀਂ ਮਿਲਦੇ।"
"ਮੈਂ ਸੁਣਿਆ, ਚੌਧਰੀ ਹਰਨਾਮ ਸਿੰਘ ਨੇ ਤੈਨੂੰ ਬਹੁਤ ਬੁਰਾ-ਭਲਾ ਕਿਹਾ ਅਤੇ ਡਰਾਇਆ-ਧਮਕਾਇਆ।"
"ਉਹ ਪਿੰਡ ਦਾ ਚੌਧਰੀ ਅਤੇ ਮੈਂ ਹੋਇਆ ਪਿੰਡ ਦਾ ਚਮਾਰ। ।।।। ਉਹ ਚਮਾਰਾਂ ਨੂੰ ਏਦਾਂ ਸਮਝਦਾ ਜਿੱਦਾਂ ਉਹ ਉਹਦੇ ਖ੍ਰੀਦੇ ਹੋਏ ਗੁਲਾਮ ਹੋਣ।" ਕਾਲੀ ਨੇ ਕੁਛ ਉਤੇਜਿਤ ਅਵਾਜ਼ ਵਿੱਚ ਕਿਹਾ।
"ਕਾਲੀ ਦਾਸਾ, ਦਰਅਸਲ ਸਾਰੀ ਖਰਾਬੀ ਕੈਪਟਲਿਸਟ ਸਿਸਟਮ ਯਾਨੀ ਸਰਮਾਏਦਾਰੀ ਦੀ ਹੈ। ਸਾਡੇ ਦੇਸ਼ ਵਿੱਚ ਤਾਂ ਹਾਲਤ ਹੋਰ ਵੀ ਗੰਭੀਰ ਹਨ। ਇੱਥੇ ਅਜੇ ਸਰਮਾਏਦਾਰੀ ਵੀ ਪੂਰੀ ਤਰ੍ਹਾਂ ਨਹੀਂ ਆਈ। ਦੁਨੀਆ ਸਮਾਜਵਾਦ ਵੱਲ ਵੱਧ ਰਹੀ ਹੈ ਅਤੇ ਅਸੀਂ ਅਜੇ ਤੱਕ ਜਗੀਰਦਾਰੀ ਦੇ ਚੱਕਰ ਵਿੱਚ ਫਸੇ ਹੋਏ ਹਾਂ।" ਡਾਕਟਰ ਨੇ ਦਾਰਸ਼ਨਿਕ ਅੰਦਾਜ਼ ਵਿੱਚ ਕਿਹਾ ਅਤੇ ਕੁਝ ਪਲ ਚੁੱਪ ਰਹਿ ਕੇ ਬੋਲਿਆ:
"ਕਾਲੀ, ਇਹ ਹਾਲਤ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੇ। ਇਨਕਲਾਬ ਆਊਗਾ, ਜ਼ਰੂਰ ਆਊਗਾ ਅਤੇ ਸਰਮਾਏਦਾਰਾਂ, ਜਗੀਰਦਾਰਾਂ ਅਤੇ ਉਹਨਾਂ ਦੇ ਅਜੰਟਾਂ ਨੂੰ ਖਤਮ ਕਰ ਦਊਗਾ, ਉਹਨਾਂ ਦਾ ਨਾਮ ਨਿਸ਼ਾਨ ਮਿਟਾ ਦਊਗਾ। ਫਿਰ ਹਰ ਆਦਮੀ ਅਜ਼ਾਦ ਹੋਊਗਾ। ਕੋਈ ਚੌਧਰੀ ਨਹੀਂ ਰਹੂਗਾ ਅਤੇ ਕੋਈ ਕਾਮਾ ਨਹੀਂ ਰਹੂ। ਅਮੀਰ ਅਤੇ ਗਰੀਬ ਦਾ ਫਰਕ ਮਿੱਟ ਜਾਊਗਾ। ਪੈਦਾਵਰ ਦੇ ਸਾਧਨ ਸਾਂਝੀ ਮਲਕੀਅਤ ਹੋਣਗੇ। ਹਰ ਆਦਮੀ ਆਪਣੀ ਤੌਫੀਕ ਦੇ ਮੁਤਾਬਕ ਕੰਮ ਕਰੂਗਾ ਅਤੇ ਆਪਣੇ ਖਰਚੇ ਦੇ ਮੁਤਾਬਕ ਪੈਸੇ ਲਊਗਾ।"
"ਇਨਕਲਾਬ ਕਦੋਂ ਆਊਗਾ।?" ਕਾਲੀ ਨੇ ਬਹੁਤ ਉਤਸੁਕਤਾ ਨਾਲ ਪੁੱਛਿਆ।
"ਦੇਖੋ, ਛੇਤੀ ਹੀ ਆਊਗਾ। ਕਈ ਦੇਸ਼ਾਂ 'ਚ ਆ ਚੁੱਕਿਆ, ਕਈਆਂ 'ਚ ਆ ਰਿਹਾ ਅਤੇ ਕਈਆਂ 'ਚ ਆਉਣ ਵਾਲਾ।" ਡਾਕਟਰ ਨੇ ਜੋਸ਼ ਨਾਲ ਕਿਹਾ।
ਕਾਲੀ ਨੇ ਕੋਸ਼ਿਸ਼ ਕੀਤੀ ਕਿ ਇਨਕਲਾਬ ਦੇ ਬਾਰੇ ਸੋਚੋ ਕਿ ਉਹ ਕਿਸ ਤਰ੍ਹਾਂ ਦਾ ਹੋਏਗਾ, ਕਿੱਧਰ ਦੀ ਆਏਗਾ ਅਤੇ ਕਿਸ ਤਰ੍ਹਾਂ ਆਏਗਾ। ਪਰ ਜਦੋਂ ਉਹ ਅਸਫਲ ਰਿਹਾ ਤਾਂ ਉਹਨੇ ਡਾਕਟਰ ਨੂੰ ਕਿਹਾ:
"ਡਾਕਟਰ ਜੀ, ਇਨਕਲਾਬ ਵਿੱਚ ਕੀ ਹੋਊਗਾ?"
"ਬਹੁਤ ਹੇਠਾਂ-ਉੱਤੇ ਹੋਊਗੀ। ਸਰਮਾਏਦਾਰੀ ਅਤੇ ਜਗੀਰਦਾਰੀ ਸਿਸਟਮ ਇਨਕਲਾਬ ਨੂੰ ਅਸਫਲ ਬਣਾਉਣ ਦੀ ਕੋਸ਼ਿਸ਼ ਕਰਨਗੇ। ਆਪਣੇ ਅਜੰਟਾਂ ਰਾਹੀਂ ਇਨਕਲਾਬੀ ਤਾਕਤਾਂ 'ਚ ਫੁੱਟ ਪਾਉਣਗੇ, ਉਹਨਾਂ 'ਤੇ ਹਮਲੇ ਕਰਨਗੇ, ਖੂਨ ਖਰਾਬ ਹੋਊਗਾ, ਖੂਨ ਦੀਆਂ ਨਦੀਆਂ ਵਗਣਗੀਆਂ, ਹਜ਼ਾਰਾਂ ਲੋਕ ਮਰਨਗੇ।"
ਉਹਦੀ ਗੱਲ ਸੁਣ ਕੇ ਕਾਲੀ ਉਦਾਸ ਹੋ ਗਿਆ ਅਤੇ ਸੋਚਦਾ ਹੋਇਆ ਬੋਲਿਆ:
"ਪਾਦਰੀ ਜੀ ਵੀ ਕਹਿੰਦਾ ਕਿ ਇਨਕਲਾਬ ਆ ਰਿਹੈ। ਉਹ ਕਹਿੰਦਾ ਹੈ ਕਿ ਇਨਕਲਾਬ ਸਿਰਫ ਇਕ ਆਦਮੀ ਲਿਆਇਆ ਹੈ। ਉਹ ਸਾਰੀ ਦੁਨੀਆ ਦੇ ਪਾਪ ਆਪਣੇ ਸਿਰ ਲੈ ਕੇ ਸੂਲੀ 'ਤੇ ਚੜ੍ਹ ਗਿਆ।"
"ਪਾਦਰੀ ਪਾਖੰਡੀ ਆ। ਉਹ ਧਰਮ ਦੀ ਅਫੀਮ ਪਿਲਾਉਂਦਾ। ਉਹ ਲੋਕਾਂ ਨੂੰ ਫਰਜੀ ਕਿੱਸੇ ਕਹਾਣੀਆਂ ਸੁਣਾਉਂਦਾ ਪਰ ਮੈਂ ਸਾਇੰਟਫਿਕ ਗੱਲਾਂ ਕਰਦਾਂ।" ਡਾਕਟਰ ਨੇ ਘਿਰਣਾ ਨਾਲ ਕਿਹਾ।
ਕਾਲੀ ਚੁੱਪ ਹੋ ਗਿਆ ਅਤੇ ਆਪਣੀ ਸੋਚ ਵਿੱਚ ਡੁੱਬਿਆ ਉਹਨਾਂ ਤੋਂ ਅੱਗੇ ਨਿਕਲ ਗਿਆ ਤਾਂ ਓਮਾ ਬੋਲਿਆ:
"ਕਾਲੀ, ਤੂੰ ਤਾਂ ਹਲ ਤੋਂ ਛੁੱਟੇ ਸੰਢੇ ਵਾਂਗ ਦੋੜ ਰਿਹਾਂ।" ਕਾਲੀ ਹੱਸ ਪਿਆ ਅਤੇ ਆਪਣੇ ਕਦਮਾਂ ਨੂੰ ਰੋਕ ਉਹਨਾਂ ਦੇ ਨਾਲ ਨਾਲ ਤੁਰਨ ਲੱਗਾ।
ਡਾਕਟਰ ਅਤੇ ਓਮਾ ਆਪਣੇ ਮੁਹੱਲੇ ਵੱਲ ਮੁੜ ਗਏ ਤਾਂ ਕਾਲੀ ਛਾਲਾਂ ਮਾਰਦਾ ਆਪਣੀ ਗਲੀ ਵਿੱਚ ਆ ਗਿਆ। ਉਹ ਬਹੁਤ ਖੁਸ਼ ਸੀ ਅਤੇ ਉਹਦੇ ਅੰਗ ਅੰਗ ਵਿੱਚ ਅਕੜਾਹਟ ਪੈਦਾ ਹੋ ਰਹੀ ਸੀ। ਉਹ ਕਾਹਲੀ-ਕਾਹਲੀ ਪੈਰ ਪੁੱਟਦਾ ਹੋਇਆ ਹਨ੍ਹੇਰੀ ਗਲੀ ਵੱਲ ਵਧ ਗਿਆ।
ਕਾਲੀ ਕਦੇ ਮੰਜੇ ਉੱਤੇ ਲੰਮਾ ਪੈ ਜਾਂਦਾ ਅਤੇ ਕਦੀ ਟਹਿਲਣ ਲੱਗਦਾ। ਮਾਮੂਲੀ ਜਿਹੀ ਸਰਸਰਾਹਟ ਨਾਲ ਉਹਦੇ ਕੰਨ ਖੜ੍ਹੇ ਹੋ ਜਾਂਦੇ ਅਤੇ ਉਹ ਸਾਵਧਾਨੀ ਨਾਲ ਦਰਵਾਜ਼ੇ ਵੱਲ ਵਧਦਾ। ਚੌਂਕੀਦਾਰ ਪਿੰਡ ਦੇ ਦੋ ਚੱਕਰ ਲਾ ਚੁੱਕਾ ਸੀ। ਕੁੱਤੇ ਭੌਂਕਦੇ ਭੌਂਕਦੇ ਥੱਕ ਕੇ ਸੌਂ ਗਏ ਸਨ ਪਰ ਗਿਆਨੋ ਅਜੇ ਤੱਕ ਨਹੀਂ ਆਈ ਸੀ{
ਜਦੋਂ ਗਿਆਨੋ ਨੇ ਦਰਵਾਜ਼ਾ ਖੜਕਾਇਆ ਤਾਂ ਉਹਦਾ ਚਾਅ ਖਤਮ ਹੋ ਚੁੱਕਾ ਸੀ। ਉਹ ਅਨਮੰਨਿਆਂ ਜਿਹਾ ਉੱਠਿਆ ਅਤੇ ਦਰਵਾਜ਼ਾ ਖੋਲ੍ਹ ਦਿੱਤਾ। ਗਿਆਨੋ ਅੰਦਰ ਆ ਗਈ ਤਾਂ ਉਹ ਉਹਦੇ ਕੋਲ ਆ ਖੜ੍ਹਾ ਹੋਇਆ। ਗਿਆਨੋ ਨੇ ਬਹੁਤ ਹੌਲੀ ਅਵਾਜ਼ ਵਿੱਚ ਕਿਹਾ:
"ਦੀਵਾ ਜਗਾ ਦੇ।"
"ਕਿਉਂ?"
"ਬਾਅਦ 'ਚ ਦੱਸੂੰ। ਪਹਿਲਾਂ ਦੀਵਾ ਜਗਾ।"
ਕਾਲੀ ਨੇ ਦੀਵਾ ਜਗਾਉਣ ਲਈ ਮਾਚਿਸ ਦੀ ਤੀਲੀ ਜਗਾਈ ਤਾਂ ਗਿਆਨੋ ਖੂੰਜੇ ਵਿੱਚ ਪਏ ਟਰੰਕ ਅਤੇ ਉੰਸ ਉੱਤੇ ਬੱਝੇ ਬਿਸਤਰੇ ਨੂੰ ਦੇਖ ਕੇ ਬੋਲੀ:
"ਰਹਿਣ ਦੇ ਦੀਵਾ।"
ਅਤੇ ਫਿਰ ਬਹੁਤ ਹੀ ਉਦਾਸ ਅਵਾਜ਼ 'ਚ ਬੋਲੀ:
"ਕਰ ਲਈ ਤਿਆਰੀ?"
"ਕਾਹਦੀ ਤਿਆਰੀ?"
"ਸ਼ਹਿਰ ਜਾਣ ਦੀ।"
ਕਾਲੀ ਨੇ ਕੋਈ ਜੁਆਬ ਨਾ ਦਿੱਤਾ। ਗਿਆਨੋ ਆਪਣੀ ਥਾਂ 'ਤੇ ਖੜੀ ਹਿਚਕੀਆਂ ਲੈਂਦੀ ਰੋਣ ਲੱਗੀ। ਕਾਲੀ ਕੁਝ ਸਮਾਂ ਤਾਂ ਚੁੱਪਚਾਪ ਖੜ੍ਹਾ ਰਿਹਾ ਫਿਰ ਉਹਦੇ ਕੋਲ ਆ ਕੇ ਉਹਦਾ ਸਿਰ ਥਾਪੜਨ ਲੱਗਾ। ਗਿਆਨੋ ਉਹਦਾ ਹੱਥ ਝਟਕਦੀ ਹੋਈ ਦਰਵਾਜ਼ੇ ਵੱਲ ਹੋ ਗਈ। ਕਾਲੀ ਨੇ ਉਹਦਾ ਰਸਤਾ ਰੋਕ ਲਿਆ ਤਾਂ ਉਹ ਰੋਂਦੀ ਹੋਈ ਬੋਲੀ:
"ਆਪ ਤਾਂ ਸ਼ਹਿਰ ਚੱਲਿਆਂ, ਮੇਰਾ ਰਾਹ ਕਿਉਂ ਰੋਕਦਾਂ?"
"ਨਹੀਂ ਚੱਲਿਆ, ਨਹੀਂ ਜਾਊਂਗਾ।" ਕਾਲੀ ਨੇ ਭਰੀ ਹੋਈ ਅਵਾਜ਼ ਵਿੱਚ ਕਿਹਾ।
"ਆਪਣੀ ਮਰਜ਼ੀ ਨਾਲ ਜਾ ਰਿਹੈਂ, ਜਾਂ ਚੌਧਰੀ ਦੇ ਕਹਿਣ 'ਤੇ?" ਗਿਆਨੋ ਨੇ ਪੁੱਛਿਆ।
"ਰੋਜ਼ ਦੀ ਬਕ-ਬਕ ਤੋਂ ਤੰਗ ਆ ਕੇ ਸੋਚਿਆ ਸੀ ਕਿ ਪਿੰਡ ਛੱਡ ਦਿਆਂ। ਚੌਧਰੀ ਨੇ ਤਾਂ ਇਹ ਕਿਹਾ ਸੀ ਕਿ ਪਿੰਡ 'ਚ ਰਹਿਣਾ ਆ ਤਾਂ ਸ਼ਰੀਫਾਂ ਵਾਂਗ ਰਹਿ।"
"ਹੋਰ ਕੀ ਕਿਹਾ ਉਹਨੇ?"
"ਵਥੇਰਾ ਕੁਛ ਕਿਹਾ ਸੀ। ਸਾਰਾ ਕੁਛ ਯਾਦ ਨਹੀਂ ਰਿਹਾ।।।।"
"ਹੂੰ।" ਗਿਆਨੋ ਨੇ ਲੰਮਾ ਸਾਹ ਛੱਡਿਆ ਅਤੇ ਫਿਰ ਤਿੱਖੀ ਅਵਾਜ਼ ਵਿੱਚ ਬੋਲੀ:
"ਤੇ ਤੂੰ ਪਿੰਡ ਛੱਡਣ ਦਾ ਫੈਸਲਾ ਕਰ ਲਿਆ। ਅਤੇ ਇਹਦੇ ਲਈ ਪਾਦਰੀ ਕੋਲੋਂ ਪੈਸੇ ਮੰਗਣ ਚਲਾ ਗਿਆ।"
ਕਾਲੀ ਚੁੱਪ ਰਿਹਾ ਤਾਂ ਗਿਆਨੋ ਕਹਿਣ ਲੱਗੀ:
"ਬੋਲਦਾ ਕਿਉਂ ਨਹੀਂ?"
ਕਾਲੀ ਫਿਰ ਵੀ ਚੁੱਪ ਰਿਹਾ ਤਾਂ ਉਹ ਗੁੱਸੇ ਨਾਲ ਬੋਲੀ:
"ਮੈਂ ਤਾਂ ਸਮਝਦੀ ਸੀ ਕਿ ਤੂੰ ਜਿਗਰੇ ਵਾਲਾ ਆਦਮੀ ਆਂ। ਤੂੰ ਅਸਾਨੀ ਨਾਲ ਦੱਬ ਹੋਣ ਵਾਲਾ ਨਹੀਂ। ਤੇਰੇ ਨਾਲੋਂ ਤਾਂ ਗਲੀ ਦੇ ਕੁੱਤੇ ਚੰਗੇ ਆ, ਜਿਹੜੇ ਮਾਰਨ ਤੇ ਅਗਿਉਂ ਘੂਰਦੇ ਆ।"
ਗਿਆਨੋ ਫੁੱਟ ਫੁੱਟ ਕੇ ਰੋਣ ਲੱਗੀ। ਕਾਲੀ ਸ਼ਰਮਿੰਦਾ ਹੋਇਆ ਉਹਦੇ ਸਾਹਮਣੇ ਖੜ੍ਹਾ ਰਿਹਾ। ਜਦੋਂ ਰੋ ਰੋ ਕੇ ਗਿਆਨੋ ਦਾ ਮਨ ਹਲਕਾ ਹੋ ਗਿਆ ਤਾਂ ਉਹ ਨੇ ਕਾਲੀ ਨੂੰ ਕਿਹਾ:
"ਸੁਣਿਆ ਮਰਦ ਤਾਂ ਮਿੱਟੀ ਦਾ ਵੀ ਜ਼ੋਰਾਵਰ ਹੁੰਦਾ। ਤੂੰ ਤਾਂ ਤੱਕੜਾਂ।"
ਕਾਲੀ ਸ਼ਰਮ ਨਾਲ ਜ਼ਮੀਨ 'ਚ ਗਰਕਨ ਲੱਗਾ। ਗਿਆਨੋ ਉਹਨੂੰ ਬਾਂਹ ਤੋਂ ਫੜ ਕੇ ਝੰਜੋੜਨ ਲੱਗੀ ਤਾਂ ਉਹਦੀ ਹੌਲੀ ਜਿਹੀ ਚੀਕ ਨਿਕਲ ਗਈ।
"ਕੀ ਹੋਇਆ।" ਗਿਆਨੋ ਘਬਰਾਈ ਜਿਹੀ ਬੋਲੀ।
"ਬਾਂਹ ਸੜ ਗਈ ਆ, ਛਾਲਾ ਪੈ ਗਿਆ ਹੈ।"
"ਕਿੱਦਾਂ?"
"ਰੋਟੀ ਪਕਾਉਂਦਿਆਂ।"
"ਹੂੰ।" ਗਿਆਨੋ ਨੇ ਉਹਦੀ ਬਾਂਹ ਫੜ ਕੇ ਛਾਲੇ ਨੂੰ ਛੁਹਿਆ ਅਤੇ ਫੂਕ ਮਾਰਦੀ ਹੋਈ ਬੋਲੀ:
"ਹੁਣ ਪਿੰਡ ਛੱਡ ਕੇ ਤਾਂ ਨਹੀਂ ਜਾਊਂਗਾ?"
"ਨਹੀਂ ਜਾਊਂਗਾ। ਜਦੋਂ ਤੱਕ ਤੁੰ ਪਿੰਡ 'ਚ ਆਂ, ਉਦੋਂ ਤੱਕ ਮੈਂ ਇੱਥੇ ਹੀ ਰਹੂੰ। ਜਦੋਂ ਤੂੰ ਚਲੀ ਗਈ ਤਾਂ ਫਿਰ ਸੋਚੂੰਗਾ।"
"ਖਾ ਮੇਰੀ ਸਹੁੰ।"
"ਤੇਰੀ ਸਹੁੰ।"
ਕਾਲੀ ਨੇ ਗਿਆਨੋ ਦੇ ਸਿਰ ਉੱਤੇ ਹੱਥ ਰੱਖਦਿਆਂ ਕਿਹਾ।
ਇਸ ਤੋਂ ਬਾਅਦ ਉਹ ਬਹੁਤ ਦੇਰ ਤੱਕ ਗੱਲਾਂ ਕਰਦੇ ਰਹੇ। ਉਹਨਾਂ ਦੀ ਕਾਨਾਫੂਸੀ ਕਦੇ ਕਦੇ ਘੁੱਟੇ ਘੁੱਟੇ ਹਾਸੇ ਵਿੱਚ ਬਦਲ ਜਾਂਦੀ।
ਉਹ ਸਮੇਂ ਤੋਂ ਬੇਧਿਆਨ ਗੱਲਾਂ 'ਚ ਮਗਨ ਸਨ ਕਿ ਮੁਹੱਲੇ ਵਿੱਚੋਂ ਇਕ ਔਰਤ ਦੀ ਚੀਕ ਦੀ ਅਵਾਜ਼ ਆਈ। ਉਹ ਦੋਨੋਂ ਚੁੱਪ ਹੋ ਗਏ ਅਤੇ ਉਹਨਾਂ ਦਾ ਧਿਆਨ ਉਸ ਚੀਕ ਵੱਲ ਚਲਾ ਗਿਆ। ਝੱਟ ਹੀ ਇਕ ਮਰਦਾਨਾ ਅਵਾਜ਼ ਆਈ:
"ਕੀ ਹੋਇਆ?"
"ਕੁਛ ਸੁਰਕ ਸੁਰਕ ਕਰਦਾ ਸੀ। ਸ਼ਾਇਦ ਸੱਪ ਸੀ।" ਔਰਤ ਨੇ ਬਹੁਤ ਘਬਰਾਈ ਹੋਈ ਅਵਾਜ਼ ਵਿੱਚ ਕਿਹਾ।
ਗਿਆਨੋ ਘਬਰਾ ਕੇ ਉੱਠ ਖੜ੍ਹੀ ਹੋਈ।
"ਬੱਸ, ਘਬਰਾ ਗਈ?" ਕਾਲੀ ਨੇ ਹਸਦਿਆਂ ਕਿਹਾ।
"ਤੂੰ ਹੌਂਸਲਾ ਰੱਖੂੰਗਾ ਤਾਂ ਮੈਂ ਕਦੇ ਨਹੀਂ ਘਬਰਾਉਂਗੀ।"
ਮੁਹੱਲੇ ਵਿੱਚ ਸੱਪ ਨਿਕਲਨ ਦੀ ਖਬਰ ਨਾਲ ਕਈ ਲੋਕ ਜਾਗ ਪਏ। ਕਾਲੀ ਫਿਕਰ ਵਿੱਚ ਬੋਲਿਆ:
"ਹੁਣ ਘਰ ਕਿੱਦਾਂ ਜਾਊਂਗੀ?"
"ਚਲੀ ਜਾਊਂਗੀ।"
ਗਿਆਨੋ ਨੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਗਲੀ ਵਿੱਚ ਚਾਰੀਂ ਪਾਸੀਂ ਦੇਖ ਗਲੀ ਵਿੱਚ ਛਿਪਣ ਹੋ ਗਈ।
ਕਾਲੀ ਲਾਠੀ ਚੁੱਕ ਬੰਤੂ ਦੇ ਘਰ ਵੱਲ ਚਲਾ ਗਿਆ। ਜੱਸੋ ਨੂੰ ਦਰਵਾਜ਼ੇ ਵਿੱਚ ਖੜੀ ਦੇਖ ਗਿਆਨੋ ਬੋਲੀ:
"ਮਾਂ, ਬੰਤੂ ਦੇ ਘਰ ਵਿੱਚ ਖੜੱਪਾ ਸੱਪ ਨਿਕਲਿਆ।"
"ਤੂੰ ਸੱਪ ਤੋਂ ਪਹਿਲਾਂ ਈ ਉੱਥੇ ਪਹੁੰਚ ਗਈ ਸੀ।" ਜੱਸੋ ਨੇ ਕਿਹਾ ਅਤੇ ਗਿਆਨੋ ਸੱਪ ਦੇ ਮੁਟਾਪੇ ਅਤੇ ਲੰਬਾਈ ਦਾ ਵਰਨਣ ਬਹੁਤ ਹੀ ਡਰਾਉਣੇ ਅੰਦਾਜ਼ ਵਿੱਚ ਕਰਨ ਲੱਗੀ। ਕਾਲੀ ਇਹ ਗੱਲਾਂ ਸੁਣ ਕੇ ਮੁਸਕਰਾ ਪਿਆ ਅਤੇ ਘਰ ਆ ਕੇ ਖੁਸ਼ੀ ਵਿੱਚ ਡੁੱਬਿਆ ਹੋਇਆ ਮੰਜੇ 'ਤੇ ਉਸਲਵੱਟੇ ਲੈਣ ਲੱਗਾ।
35
ਹਾੜ ਦੇ ਬਾਅਦ ਸਾਉਣ ਆ ਗਿਆ ਅਤੇ ਖੇਤਾਂ ਵਿੱਚ ਹਰਿਆਲੀ ਸੰਘਣੀ ਹੋਣ ਲੱਗੀ। ਮੱਕੀ ਦੀ ਫਸਲ ਲੱਕ ਲੱਕ ਤਾਈਂ ਹੋ ਗਈ। ਉਸਦੇ ਪੱਤਿਆਂ ਉੱਤੇ ਬਾਰੀਕ ਕੰਡਿਆਂ ਵਰਗਾ ਤਿੱਖਾ ਬੂਰ ਨਿਕਲਣਾ ਸ਼ੁਰੂ ਹੋ ਗਿਆ। ਪੱਤਿਆਂ ਦੇ ਦੋਨੋਂ ਪਾਸੇ ਕ੍ਰਿਪਾਨ ਦੀ ਧਾਰ ਵਾਂਗ ਤੇਜ਼ ਹੋ ਗਏ।
ਸਾਉਣ ਦੇ ਸੱਤ ਦਿਨ ਲੰਘ ਚੁੱਕੇ ਸਨ ਪਰ ਇਕ ਵਾਰ ਵੀ ਮੀਂਹ ਨਹੀਂ ਸੀ ਪਿਆ। ਸਾਰਾ ਦਿਨ ਕੜਾਕੇ ਦੀ ਧੁੱਪ ਪੈਂਦੀ। ਚਮਾਰਲੀ ਦੇ ਨਾਲ ਖੜਾ ਪਾਣੀ ਸੜਨ ਲੱਗਾ ਅਤੇ ਉਸ ਉੱਤੇ ਵੱਡੀ ਗਿਣਤੀ ਵਿੱਚ ਮੱਛਰ ਪੈਦਾ ਹੋ ਗਏ।
ਚਮਾਰਲੀ ਦੀਆਂ ਤੀਵੀਂਆਂ ਦਿਨ ਢਲੇ ਗਰਮੀ ਘੱਟ ਹੋਣ ਉੱਤੇ ਮੁਹੱਲੇ ਵਿਚਲੀ ਬੇਰੀ ਦੇ ਹੇਠਾਂ ਆ ਬੈਠਦੀਆਂ ਅਤੇ ਚੁਗਲੀ ਨਿੰਦਾ, ਹਾਸਾ-ਠੱਠਾ, ਲੜਾਈ ਝਗੜੇ ਅਤੇ ਦੁੱਖ ਸੁੱਖ ਦੇ ਬਾਅਦ ਸਾਰੀਆਂ ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੀਆਂ।
ਸਾਉਣ ਮਹੀਨੇ ਦੇ ਅੱਠਵੇਂ ਦਿਨ ਧੁੱਪ ਬਹੁਤ ਤੇਜ਼ ਅਤੇ ਹਵਾ ਬੰਦ ਸੀ। ਅਧੇੜ ਉਮਰ ਦੀਆਂ ਤੀਵੀਆਂ ਆਪਣੀਆਂ ਕਮੀਜ਼ਾਂ ਲਾਹ ਅਤੇ ਆਪਣੇ ਧੜ ਉੱਤੇ ਕੋਈ ਕੱਪੜਾ ਲਪੇਟ ਹੱਥ ਵਾਲੇ ਪੱਖੇ ਨਾਲ ਪਿੱਠ ਉੱਤੇ ਖਾਜ ਕਰਦੀਆਂ, ਕਦੇ ਰੱਬ ਤੋਂ ਮਿਹਰ ਦੀ ਭੀਖ ਮੰਗਦੀਆਂ ਅਤੇ ਕਦੇ ਉਹਨੂੰ ਗਾਲ੍ਹਾਂ ਦੇਣ ਲੱਗਦੀਆਂ। ਬੇਬੇ ਹੁਕਮੀ ਬਹੁਤ ਪਰੇਸ਼ਾਨ ਸੀ। ਉਹਦਾ ਸਾਰਾ ਸਰੀਰ ਪਿੱਤ ਨਾਲ ਭਰ ਗਿਆ ਸੀ ਅਤੇ ਉਹ ਮੋਟੇ ਬਾਣ ਦੀ ਬੁਣੀ ਹੋਈ ਮੰਜੀ ਨਾਲ ਪਿੱਠ ਰਗੜਦੀ ਰੱਬ ਨੂੰ ਗਾਲ੍ਹਾਂ ਕੱਢ ਰਹੀ ਸੀ। ਪ੍ਰੀਤੋ ਉਹਨੂੰ ਟੋਕਦੀ ਬੋਲੀ:
"ਬੇਬੇ, ਰੱਬ ਦਾ ਨਾਂ ਲੈ, ਕਿਉਂ ਆਪਣੀ ਜ਼ਬਾਨ ਖਰਾਬ ਕਰਦੀ ਆਂ। ਸਾਉਣ ਦੇ ਗੀਤ ਗਾ ਤਾਂ ਕਿ ਮੀਂਹ ਪਵੇ ਅਤੇ ਤੇਰੀ ਪਿੱਤ ਘਟੇ।"
"ਮੈਨੂੰ ਤਾਂ ਆਉਂਦੇ ਨਹੀਂ, ਤੂੰ ਹੀ ਸਾਉਣ ਦੇ ਗੀਤ ਗਾ।" ਬੇਬੇ ਹੁਕਮੀ ਨੇ ਸੱਜੇ ਹੱਥ ਨਾਲ ਖੱਬੀ ਬਾਂਹ ਉੱਤੇ ਖਾਜ ਕਰਦਿਆਂ ਕਿਹਾ।
"ਮੈਨੂੰ ਤਾਂ ਇਕ ਹੀ ਗੀਤ ਆਉਂਦਾ" ਕਹਿ ਕੇ ਪ੍ਰੀਤੋ ਧੀਮੀ ਅਵਾਜ਼ ਵਿੱਚ ਗਾਉਣ ਲੱਗੀ:
"ਸਾਉਣ ਦੀ ਖੀਰ ਨਾ ਖਾਧੀ
ਕਿਉਂ ਜੰਮਿਆ ਅਪਰਾਧੀ
ਘਰ ਨਾ ਹੋਵੇ ਆਪਣੇ
ਤੇ ਕਿੱਥੋਂ ਖਾਵਾਂ ਪਾਪਣੇ।"
"ਸੱਚ ਕਹਿੰਦੀ ਆਂ ਪ੍ਰੀਤੋ। ਖੀਰ ਤਾਂ ਸੁਫਨਾ ਹੋ ਗਈ ਆ। ਪਹਿਲਾਂ ਜਦੋਂ ਲੋਕ ਦੁੱਧ-ਪੁੱਤ ਨਹੀਂ ਸੀ ਵੇਚਦੇ ਤਾਂ ਚੌਧਰੀਆਂ ਦੇ ਘਰੋਂ ਗਰੀਬ-ਗੁਰਬੇ ਨੂੰ ਵੀ ਸਾਲ-ਛਿਮਾਹੀ ਪਾ-ਅੱਧ ਪਾ ਦੁੱਧ ਮਿਲ ਜਾਂਦਾ ਸੀ। ਦੁੱਧ ਨਹੀਂ ਮਿਲਦਾ ਸੀ ਤਾਂ ਖਰਬੂਜਿਆਂ, ਹਦਵਾਣਿਆਂ ਦੇ ਬੀਅ ਪੀਹ ਕੇ ਉਹਨਾਂ ਦਾ ਦੁੱਧ ਬਣਾ ਕੇ ਖੀਰ ਬਣਾ ਲੈਂਦੇ ਸੀ।"
ਬੇਬੇ ਹੁਕਮੀ ਨੇ ਅਫਸੋਸ ਭਰੀ ਅਵਾਜ਼ ਵਿੱਚ ਕਿਹਾ ਅਤੇ ਇਕ ਦਮ ਚੁੱਪ ਹੋ ਗਈ ਜਿਵੇਂ ਉਹਦੇ ਮੂੰਹ ਵਿੱਚ ਪਾਣੀ ਭਰ ਆਇਆ ਹੋਇਆ ਹੋਵੇ।
"ਚਾਚੀ ਪ੍ਰੀਤੋ, ਤੂੰ ਜਦੋਂ ਵੀ ਕੋਈ ਗੱਲ ਕਰੂੰ, ਖਾਣ ਪੀਣ ਦੀ ਹੀ ਕਰੂੰ।" ਪ੍ਰਸਿੰਨੀ ਨੇ ਹਸਦਿਆਂ ਕਿਹਾ।
"ਭੁੱਖਾ ਆਦਮੀ ਜਦੋਂ ਵੀ ਗੱਲ ਕਰੂ ਤਾਂ ਰੋਟੀਆਂ ਦੀ ਹੀ ਕਰੂ।" ਫਿਰ ਉਹ ਬੁੱਲ੍ਹਾਂ ਉੱਤੇ ਜੀਭ ਫੇਰਦੀ ਬੋਲੀ:
"ਮੇਰਾ ਜੀਅ ਕਰਦਾ ਹੈ ਕਿ ਇਕ ਵਾਰ ਕੌਲਾ ਭਰ ਕੇ ਖੀਰ ਖਾਵਾਂ।"
"ਸਰਾਧ ਆ ਰਹੇ ਆ, ਪੰਡਿਤ ਸੰਤ ਰਾਮ ਨਾਲ ਗੱਲ ਕਰ ਲੈ। ਇਕ ਵਾਰ ਉਹਦੇ ਚੁਬਾਰੇ 'ਚ ਝਾੜੂ ਲਾਇਆ, ਖੀਰ ਵੀ ਖਿਲਾਊ ਤੇ ਦੱਖਣਾ ਵੀ ਦਊ।"
"ਮੋਏ ਦੇ ਸਿਰ 'ਤੇ ਝਾੜੂ ਨਾ ਮਾਰੂੰ।"
ਪ੍ਰਸਿੰਨੀ ਦੀ ਗੱਲ ਅਤੇ ਪ੍ਰੀਤੋ ਦਾ ਜੁਆਬ ਸੁਣ ਕੇ ਸਾਰੀਆਂ ਤੀਵੀਂਆਂ ਖਿੜਖਿੜਾ ਕੇ ਹੱਸ ਪਈਆਂ।
ਪ੍ਰਸਿੰਨੀ ਪੰਡਿਤ ਸੰਤ ਰਾਮ ਅਤੇ ਬੱਗੇ ਦੀ ਮਾਂ ਰੱਖੀ ਦਾ ਕਿੱਸਾ ਚਟਖਾਰੇ ਲੈ ਲੈ ਸੁਣਾਉਣ ਲੱਗੀ ਤਾਂ ਤੀਵੀਂਆਂ ਹੱਸ ਹੱਸ ਕੇ ਲੋਟਪੋਟ ਹੋਣ ਲੱਗੀਆਂ। ਪ੍ਰਸਿੰਨੀ, ਸੰਤ ਰਾਮ ਦੀ ਸਾਂਗ ਲਾਉਂਦੀ ਹੋਈ ਬੋਲੀ:
"ਰੱਖੀਏ। ਮੇਰੇ ਚੁਬਾਰੇ ਵਿੱਚ ਝਾੜੂ ਲਾ ਦੇ ਮੈਂ ਤੈਨੂੰ ਦੋ ਆਨੇ ਦਊਂ।"
ਜਦੋਂ ਰੱਖੀ ਪੌੜੀਆਂ ਚੜ੍ਹ ਗਈ ਤਾਂ ਸੰਤ ਰਾਮ ਵੀ ਪਿੱਛੇ ਪਿੱਛੇ ਚਲਾ ਗਿਆ ਅਤੇ ਉਹਦਾ ਗੁੱਟ ਫੜ ਕੇ ਬੋਲਿਆ:
"ਰੱਖੀਏ ਤੂੰ ਮੇਰਾ ਕੰਮ ਕਰ ਦੇ ਮੈਂ ਤੈਨੂੰ ਨਵਾਂ ਸੂਟ ਲੈ ਦਊਂ ਅਤੇ ਨਾਲ ਪੈਸੇ ਵੀ ਦਊਂ।"
ਇਹ ਸੁਣ ਕੇ ਤੀਵੀਂਆਂ ਹੱਸ ਹੱਸ ਕੇ ਵੱਟ ਖਾਣ ਲੱਗੀਆਂ। ਪ੍ਰੀਤੋ ਢਿੱਡ ਨੂੰ ਘੁੱਟਦੀ ਬੋਲੀ:
"ਪ੍ਰਸਿੰਨੀਏ ਬੱਸ ਕਰ। ਮੇਰਾ ਤਾਂ ਹੱਸ ਹੱਸ ਕੇ ਸਾਹ ਘੁੱਟ ਹੋਣ ਲੱਗ ਪਿਆ।"
ਪਰ ਪ੍ਰਸਿੰਨੀ ਆਪਣੇ ਹਾਸੇ ਨੂੰ ਰੋਕਦੀ ਹੋਈ ਬੋਲੀ:
"ਰੱਖੀ, ਸੰਤ ਰਾਮ ਨੂੰ ਝਾੜੂ ਨਾਲ ਕੁੱਟਦੀ ਹੋਈ ਉਹਦੀ ਦਾੜੀ ਦੇ ਵਾਲ ਤੀਲਾ ਤੀਲਾ ਕਰਦੀ ਹੇਠਾਂ ਲੈ ਆਈ।"
ਪ੍ਰਸਿੰਨੀ ਇਹ ਕਹਿ ਕੇ ਪ੍ਰੀਤੋ ਨੂੰ ਕਹਿਣ ਲੱਗੀ:
"ਚਾਚੀ ਪ੍ਰੀਤੋ, ਤੂੰ ਇਕ ਵਾਰ ਫਰਮਾਇਸ਼ ਕਰਕੇ ਦੇਖ ਤਾਂ ਸਹੀ, ਉਹ ਤੇਰੇ ਲਈ ਖੀਰ ਦੀ ਬਾਲਟੀ ਲਿਆ ਦਊ। ਦੋਨੋ ਜਣੇ ਰਲ ਕੇ ਖਾਇਉ ਅਤੇ ਸਾਉਣ ਦੇ ਗੀਤ ਗਾਇਉ।"
ਇਸ ਗੱਲ ਉੱਤੇ ਫਿਰ ਬਹੁਤ ਉੱਚੇ ਅਤੇ ਲੰਮੇ ਠਹਾਕੇ ਗੂੰਜੇ। ਪ੍ਰੀਤੋ ਆਪਣਾ ਸਾਹ ਠੀਕ ਕਰਦੀ ਹੋਈ ਬੋਲੀ:
"ਮੋਏ ਦਾ ਪਖੰਡ ਦੇਖੋ। ਓਦਾਂ ਸਾਨੂੰ ਦੂਰੋਂ ਹੀ ਦੇਖ ਕੇ ਥੂ ਥੂ ਅਤੇ ਦੁਰ ਦੁਰ ਕਰਨਾ ਸ਼ੁਰੂ ਕਰ ਦਿੰਦਾ, ਅਤੇ ਉਹਦਾ ਕੰਮ।।।।"
ਪ੍ਰੀਤੋ ਦੀ ਬਾਕੀ ਗੱਲ ਠਹਾਕਿਆਂ ਵਿੱਚ ਦਬ ਗਈ।
"ਬੜਾ ਚਲਾਕ ਆਦਮੀ ਆ। ਉਹਦੀ ਛੂਤ ਛਾਤ ਪਾਣੀ ਅਤੇ ਰੋਟੀ ਤੱਕ ਹੀ ਹੈ। ਇਕ ਵਾਰ ਉਹਦੇ ਹੱਥ 'ਚ ਦੁੱਧ ਦੀ ਗੜਬੀ ਸੀ। ਮੇਰਾ ਜੀਅ ਕੀਤਾ ਕਿ ਦੁੱਧ ਮਿਲ ਜਾਏ ਤਾਂ ਚਾਹ ਬਣਾ ਕੇ ਪੀਵਾਂ। ਮੈਂ ਜਾਣ ਬੁੱਝ ਕੇ ਉਹਨੂੰ ਹੱਥ ਲਾ ਦਿੱਤਾ। ਉਹਨੇ ਮੈਨੂੰ ਬਹੁਤ ਬੁਰਾ ਭਲਾ ਕਿਹਾ। ਮੈਂ ਚੁੱਪ ਚਾਪ ਖੜ੍ਹੀ ਸਭ ਸੁਣਦੀ ਰਹੀ, ਇਸ ਉਮੀਦ 'ਚ ਕਿ ਉਹ ਦੁੱਧ ਸੁੱਟਣ ਲੱਗੂ ਤਾਂ ਮਿਨਤ ਕਰਕੇ ਕਹੂੰ ਕਿ ਮੈਨੂੰ ਦੇ ਦੇ। ਪਰ ਉਹਨੇ ਦੁੱਧ ਦੀ ਗੜਬੀ ਮੰਦਿਰ ਦੇ ਦਰਵਾਜ਼ੇ ਉੱਤੇ ਰੱਖ ਦਿੱਤੀ ਅਤੇ ਅੰਦਰੋਂ ਘਾਹ ਦਾ ਤਿਨਕਾ ਲਿਆ ਕੇ ਉਹਦੇ ਵਿੱਚ ਪਾ ਦਿੱਤਾ ਅਤੇ ਫਿਰ ਦੁੱਧ ਚੁੱਕ ਕੇ ਘਰ ਚਲਾ ਗਿਆ।" ਪ੍ਰਸਿੰਨੀ ਇਹ ਕਹਿ ਕੇ ਫਿਰ ਬੋਲੀ:
"ਉਹ ਘਾਹ ਦੇ ਤਿਨਕੇ ਨਾਲ ਹਰ ਚੀਜ਼ ਸ਼ੁੱਧ ਕਰ ਲੈਂਦਾ। ਤਿਨਕੇ ਨਾਲ ਨਾ ਹੋਵੇ ਤਾਂ ਮੰਤਰ ਮਾਰ ਕੇ ਸ਼ੁੱਧ ਕਰ ਲੈਂਦਾ।"
ਪ੍ਰੀਤੋ ਨੱਕ ਸੁੰਗੇੜਦੀ ਬੋਲੀ:
"ਬਦ ਨਾਲੋਂ ਬਦਨਾਮ ਬੁਰਾ। ਮੇਰੇ ਖਿਆਲ 'ਚ ਸੰਤਰਾਮ ਏਦਾਂ ਦਾ ਆਦਮੀ ਨਹੀਂ।"
"ਜੇ ਤੈਨੂੰ ਯਕੀਨ ਨਹੀਂ ਤਾਂ ਉਹਦੇ ਕੋਲ ਜਾ ਕੇ ਦੇਖ ਲੈ।"
ਪ੍ਰਸਿੰਨੀ ਨੇ ਪ੍ਰੀਤੋ ਨੂੰ ਮਖੌਲ ਕਰਦਿਆਂ ਕਿਹਾ।
"ਕਿਉਂ ਤੂੰ ਜਾ ਆਈਂ ਆਂ।"
ਪ੍ਰੀਤੋ ਨੇ ਪੁੱਛਿਆ। ਉਹ ਸਾਰੀਆਂ ਖਿੜਖਿੜਾ ਕੇ ਹੱਸਣ ਲੱਗੀਆਂ।
"ਤੂੰ ਬਹੁਤ ਬੇਸ਼ਰਮ ਆਂ।"
ਬੇਬੇ ਹੁਕਮੀ ਨੇ ਉੱਠਦਿਆਂ ਕਿਹਾ ਅਤੇ ਠਹਾਕਿਆਂ ਦੇ ਵਿੱਚ ਬਾਕੀ ਤੀਵੀਂਆਂ ਵੀ ਚਲੀਆਂ ਗਈਆਂ।
--------ਚਲਦਾ--------