36
ਮੁਹੱਲੇ ਵਿੱਚ ਅਜੇ ਕਾਫੀ ਚਹਿਲ-ਪਹਿਲ ਸੀ ਅਤੇ ਚੁੱਲ੍ਹੇ ਗਰਮ ਸੀ ਜਦੋਂ ਪੁਰੇ ਦੀ ਹਵਾ ਚੱਲਣ ਲੱਗੀ ਅਤੇ ਅਸਮਾਨ ਵਿੱਚ ਗਹਿਰੇ ਕਾਲੇ ਰੰਗ ਦੀ ਘਟਾ ਉਮੜ ਆਈ। ਮੀਂਹ ਆਉਣ ਦੀ ਖੁਸ਼ੀ ਵਿੱਚ ਬੱਚੇ ਤਾੜੀਆਂ ਮਾਰਦੇ ਅਤੇ ਰੌਲਾ ਪਾਉਂਦਾ ਗੱਲੀਆਂ ਵਿੱਚ ਦੌੜਨ ਲੱਗੇ। ਔਰਤਾਂ ਛੱਤਾਂ 'ਤੇ ਜਾ ਕੇ ਚੜ੍ਹਦੀ ਘਟਾ ਨੂੰ ਦੇਖਣ ਲੱਗੀਆਂ। ਹਵਾ ਦੇ ਬੁੱਲੇ ਹਰ ਪਲ ਠੰਢੇ ਹੋਣ ਲੱਗੇ। ਥੋੜ੍ਹੇ ਚਿਰ ਵਿੱਚ ਬੱਦਲ ਸਾਰੇ ਅਸਮਾਨ 'ਤੇ ਛਾ ਗਏ ਅਤੇ ਇਕਦਮ ਹਨ੍ਹੇਰਾ ਹੋ ਗਿਆ। ਫਿਰ ਮੋਟੀਆਂ ਮੋਟੀਆਂ ਛਿੱਟਾਂ ਡਿਗਣ ਲੱਗੀਆਂ ਅਤੇ ਦੇਖਦਿਆਂ ਹੀ ਦੇਖਦਿਆਂ ਮੀਂਹ ਦਾ ਰੌਲਾ ਏਨਾ ਵੱਧ ਗਿਆ ਜਿਵੇਂ ਹੜ੍ਹ ਆ ਰਿਹਾ ਹੋਵੇ। ਗਰਮੀ ਅਤੇ ਘੁਟਣ ਦੇ ਸਤਾਏ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਦਰਵਾਜ਼ੇ ਖੋਲ੍ਹ ਕੇ ਮੀਂਹ ਦਾ ਨਜ਼ਾਰਾ ਲੈਂਦੇ ਸੌਂ ਗਏ।
ਸਾਰੀ ਰਾਤ ਮੀਂਹ ਪੈਂਦਾ ਰਿਹਾ। ਕਦੇ ਕਦੇ ਮੀਂਹ ਥੋੜ੍ਹੇ ਚਿਰ ਲਈ ਰੁਕ ਜਾਂਦਾ ਜਿਵੇਂ ਥਕਾਵਟ ਦੂਰ ਕਰਨ ਲਈ ਆਰਾਮ ਕਰ ਰਿਹਾ ਹੋਵੇ ਅਤੇ ਫਿਰ ਜ਼ੋਰ ਦਾ ਛਰਾਟਾ ਆਉਂਦਾ। ਸਾਰੇ ਲੋਕ ਬਹੁਤ ਦੇਰ ਤੱਕ ਮੰਜਿਆਂ 'ਤੇ ਲੰਮੇ ਪਏ ਰਹੇ ਕਿਉਂਕਿ ਬੱਦਲਾਂ ਦੀ ਗੜਗੜਾਹਟ ਅਤੇ ਮੀਂਹ ਵਿੱਚ ਕਿਸੇ ਨੂੰ ਸਮੇਂ ਦਾ ਅੰਦਾਜ਼ਾ ਨਹੀਂ ਰਿਹਾ ਸੀ। ਗਲੀ ਵਿੱਚ ਪਾਣੀ ਭਰ ਗਿਆ। ਛੂਹਣ ਨਾਲ ਹਰ ਚੀਜ਼ ਗਿੱਲੀ ਲੱਗਣ ਲੱਗੀ। ਭਿੱਜਣ ਨਾਲ ਕੱਚੇ ਮਕਾਨਾਂ ਦਾ ਰੰਗ ਬਦਲ ਗਿਆ।
ਦਿਨ ਚੜ੍ਹੇ ਜਦੋਂ ਮੀਂਹ ਥੋੜ੍ਹਾ ਰੁਕਿਆ ਤਾਂ ਸਾਰਾ ਪਿੰਡ ਖੇਤਾਂ ਵਿੱਚ ਆ ਗਿਆ। ਚੋਅ 'ਚ ਗੋਡਿਆਂ ਤੱਕ ਡੂੰਘਾ ਪਾਣੀ ਵਗ ਰਿਹਾ ਸੀ। ਨਿਆਣੇ ਵਗਦੇ ਪਾਣੀ 'ਚ ਛਾਲਾਂ ਮਾਰਦੇ ਨਹਾ ਰਹੇ ਸਨ। ਸਿਆਣੇ ਵੀ ਵਗਦੇ ਚੋਅ ਨੂੰ ਦੇਖਣ ਗਏ। ਚੋਅ ਦੇ ਪਾਣੀ ਨੂੰ ਦੇਖ ਇਕ ਨੇ ਕਿਹਾ:
"ਇਹ ਤਾਂ ਖੇਤਾਂ ਦਾ ਪਾਣੀ ਆ। ਪਹਾੜੀ ਪਾਣੀ ਦੁਪਹਿਰ ਤੱਕ ਪਹੁੰਚੂ।"
ਧੋਤੇ ਹੋਏ ਦਰੱਖਤਾਂ, ਨਹਾਤੀ ਹੋਈ ਫਸਲ ਦੀ ਤਾਜ਼ਗੀ, ਚੋਅ ਵਿੱਚ ਪਾਣੀ ਨੂੰ ਦੇਖ ਕੇ ਲੋਕਾਂ ਦੇ ਮਨ ਖਿੜ ਗਏ ਪਰ ਨਾਲ ਹੀ ਅਸਮਾਨ ਵਿੱਚ ਸੰਘਣੇ ਬੱਦਲਾਂ ਅਤੇ ਉਹਨਾਂ ਦੀ ਹਲਕੀ ਹਲਕੀ ਗਰਜ ਸੁਣ ਕੇ ਉਹਨਾਂ ਨੂੰ ਹਲਕਾ ਜਿਹਾ ਡਰ ਵੀ ਮਹਿਸੂਸ ਹੋਣ ਲੱਗਾ।
ਅੱਧਾ ਘੰਟਾ ਬੰਦ ਰਹਿਣ ਬਾਅਦ ਬਹੁਤ ਜ਼ੋਰ ਦਾ ਮੀਂਹ ਸ਼ੁਰੂ ਹੋ ਗਿਆ। ਚਮਾਰਲ੍ਹੀ ਦੀਆਂ ਗਲੀਆਂ ਵਿੱਚ, ਪਿੰਡ ਦੇ ਵੱਡੇ ਰਸਤਿਆਂ ਵਿੱਚ, ਅਤੇ ਚੋਅ ਵਿੱਚ ਪਾਣੀ ਚੜ੍ਹਨ ਲੱਗਾ। ਚਮਾਰਲ੍ਹੀ ਨੀਵੇਂ ਥਾਂ ਵੱਲ ਸੀ ਇਸ ਲਈ ਉੱਥੇ ਪਾਣੀ ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਸੀ ਕਿਉਂਕਿ ਬਾਕੀ ਪਿੰਡ ਦਾ ਪਾਣੀ ਚੋਅ ਵਿੱਚ ਜਾਣ ਦੀ ਥਾਂ ਹੁਣ ਇੱਥੇ ਹੀ ਇਕੱਠਾ ਹੋ ਰਿਹਾ ਸੀ।
ਦੁਪਹਿਰ ਤੋਂ ਬਾਅਦ ਮੀਂਹ ਫਿਰ ਬੰਦ ਹੋ ਗਿਆ ਅਤੇ ਅਸਮਾਨ ਵਿੱਚ ਕਿਤੇ ਕਿਤੇ ਬੱਦਲ ਪਾਟ ਗਏ। ਚੋਅ ਵਿੱਚ ਪਹਾੜੀ ਪਾਣੀ ਆਉਣਾ ਸ਼ੁਰੂ ਹੋ ਗਿਆ। ਚਮਾਰਲ੍ਹੀ ਦੀਆਂ ਗਲੀਆਂ ਵਿੱਚ ਗਿੱਟਿਆਂ ਤੱਕ ਅਤੇ ਬਾਹਰ ਖੂਹ ਦੇ ਕੋਲ ਲੱਕ ਲੱਕ ਤੱਕ ਪਾਣੀ ਹੋ ਗਿਆ ਸੀ। ਸਾਰੇ ਲੋਕ ਪਾਣੀ ਵਿੱਚ ਛਪ ਛਪ ਕਰਦੇ ਚੋਅ ਦੇ ਕੰਢੇ ਇਕੱਠੇ ਹੋ ਗਏ। ਪੀਲੇ ਰੰਗ ਦਾ ਡੂੰਘਾ ਪਾਣੀ ਕਾਫੀ ਤੇਜ਼ੀ ਨਾਲ ਵੱਗ ਰਿਹਾ ਸੀ ਅਤੇ ਉਹਦੀਆਂ ਲਹਿਰਾਂ 'ਤੇ ਮਿੱਟੀ ਰੰਗੀ ਝੱਗ ਦੇ ਨਾਲ ਨਾਲ ਦਰੱਖਤਾਂ ਦੀਆਂ ਟਾਹਣੀਆਂ, ਹਦਵਾਣਿਆਂ ਦੇ ਖੱਪਰ, ਗਲੇ ਸੜੇ ਅੰਬ ਅਤੇ ਚੀਲ੍ਹ ਦੇ ਦਰੱਖਤਾਂ ਦੇ ਸੱਕ ਤਰ ਰਹੇ ਸਨ। ਚੋਅ ਵਿੱਚ ਪਾਣੀ ਹਰ ਪੱਲ ਵਧ ਰਿਹਾ ਸੀ ਅਤੇ ਪੂਰਬ ਉੱਤਰ ਵੱਲ ਸ਼ਿਵਾਲਕ ਦੀਆਂ ਪਹਾੜੀਆਂ 'ਤੇ ਅਜੇ ਵੀ ਜ਼ੋਰ ਦੀ ਮੀਂਹ ਪੈ ਰਿਹਾ ਸੀ।
ਸ਼ਾਮ ਤੱਕ ਬੱਦਲ ਫਿਰ ਸੰਘਣੇ ਹੋ ਗਏ ਅਤੇ ਜਦੋਂ ਲੋਕ ਘਰਾਂ ਨੂੰ ਪਰਤੇ ਤਾਂ ਚਮਾਰਲੀ ਦੇ ਖੂਹ ਦੇ ਕੋਲ ਪਾਣੀ ਲੱਕ ਲੱਕ ਤੋਂ ਵੀ ਉੱਚਾ ਹੋ ਗਿਆ ਸੀ ਅਤੇ ਚੋਅ ਦਾ ਮਿੱਟੀ ਰੰਗਾ ਪਾਣੀ ਪਿੰਡ ਦੇ ਪਾਣੀ ਵਿੱਚ ਰਲਣ ਲੱਗਾ ਸੀ।
ਚਮਾਰਲੀ ਵਿੱਚ ਸਾਰੇ ਲੋਕਾਂ ਨੇ ਰਾਤ ਜਾਗ ਕੇ ਕੱਟੀ ਕਿਉਂਕਿ ਗਲੀ ਦਾ ਪਾਣੀ ਘਰਾਂ ਵਿੱਚ ਭਰਨ ਲੱਗਾ ਸੀ ਅਤੇ ਉੱਪਰੋਂ ਛੱਤਾਂ ਚੋਅ ਰਹੀਆਂ ਸਨ। ਪਾਣੀ ਨੂੰ ਰੋਕਣ ਲਈ ਨਾਲੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਸਰਦਲਾਂ ਦੇ ਅੱਗੇ ਮਿੱਟੀ ਦੀਆਂ ਛੋਟੀਆਂ ਛੋਟੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ। ਸਾਰੇ ਲੋਕ ਰਾਤ ਪਰ ਰੱਬ ਅਤੇ ਖਵਾਜਾ ਪੀਰ ਦੀਆਂ ਸੁੱਖਾਂ ਮੰਗਦੇ ਰਹੇ।
ਸਵੇਰੇ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਚਮਾਰਲ੍ਹੀ ਦਾ ਖੂਹ ਕਿਤੇ ਦਿਖਾਈ ਨਹੀਂ ਸੀ ਦੇ ਰਿਹਾ। ਗਲੀ ਵਿੱਚ ਖੜਾ ਪਾਣੀ ਗੋਡਿਆਂ ਤੱਕ ਚੜ੍ਹ ਗਿਆ ਸੀ ਅਤੇ ਖੂਹ ਦੇ ਆਲੇ ਦੁਆਲੇ ਛਾਤੀ ਨਾਲੋਂ ਵੀ ਉੱਚਾ ਹੋ ਗਿਆ ਸੀ। ਖੂਹ ਦੇ ਪਾਣੀ ਵਿੱਚ ਡੁੱਬ ਜਾਣ ਕਾਰਨ ਚਮਾਰਲ੍ਹੀ ਵਿੱਚ ਕੁਹਰਾਮ ਮਚ ਗਿਆ। ਸਾਰਿਆਂ ਦੇ ਸਾਹਮਣੇ ਸਵਾਲ ਸੀ ਕਿ ਪੀਣ ਦਾ ਪਾਣੀ ਕਿੱਥੋਂ ਆਊਗਾ। ਫਿਕਰਾਂ ਵਿੱਚ ਗ੍ਰਸੇ ਲੋਕ ਮੀਂਹ ਵਿੱਚ ਖੜ੍ਹੇ ਆਪਸ ਵਿੱਚ ਸਲਾਹ ਮਸ਼ਵਰਾ ਕਰਨ ਲੱਗੇ।
ਜੱਟਾਂ ਦੇ ਦੋਵੇਂ ਖੂਹ ਉੱਥੋਂ ਕਾਫੀ ਦੂਰ ਸਨ ਅਤੇ ਉੱਥੋਂ ਚਮਾਰਾਂ ਨੂੰ ਪਾਣੀ ਭਰਨ ਦੀ ਮਨਾਹੀ ਸੀ। ਮੰਦਿਰ ਦਾ ਖੂਹ ਸਭ ਤੋਂ ਨਜ਼ਦੀਕ ਸੀ ਪਰ ਉੱਥੇ ਪੰਡਿਤ ਸੰਤ ਰਾਮ ਸੀ ਜਿਹੜਾ ਕਿਸੇ ਚਮਾਰ ਨੂੰ ਖੂਹ ਦੇ ਨੇੜੇ ਸੌ ਗਜ਼ ਤੱਕ ਫਟਕਣ ਨਹੀਂ ਸੀ ਦਿੰਦਾ।
ਉਹ ਇਸ ਸੋਚ ਵਿਚਾਰ ਵਿੱਚ ਮਗਨ ਸਨ ਕਿ ਪ੍ਰੀਤੋ ਦੇ ਮੁੰਡੇ ਅਮਰੂ ਨੇ ਖਬਰ ਦਿੱਤੀ ਕਿ ਨੰਦ ਸਿੰਘ ਦੀ ਕੁੜੀ ਪਾਸ਼ੋ ਪਾਦਰੀ ਦੇ ਘਰੋਂ ਨਲਕੇ ਤੋਂ ਪਾਣੀ ਲਿਆਈ ਹੈ। ਅਮਰੂ ਆਪਣੀ ਭੈਣ ਲੱਛੋ ਨੂੰ ਨਾਲ ਲੈ ਕੇ ਪਾਦਰੀ ਦੇ ਘਰ ਵੱਲ ਦੌੜ ਗਿਆ। ਥੋੜ੍ਹੀ ਦੇਰ ਬਾਅਦ ਹੀ ਉਹ ਦੋਵੇਂ ਦੋ ਘੜੇ ਭਰ ਕੇ ਲੈ ਆਏ। ਇਸ ਤੋਂ ਬਾਅਦ ਦੋ ਤਿੰਨ ਤੀਵੀਂਆਂ ਗਈਆਂ ਅਤੇ ਪਾਣੀ ਭਰ ਲਿਆਈਆਂ। ਉਹਨਾਂ ਦੀ ਦੇਖਾ ਦੇਖੀ ਪੰਜ ਛੇ ਔਰਤਾਂ ਘੜੇ ਚੁੱਕ ਕੇ ਪਾਦਰੀ ਦੇ ਘਰ ਚਲੀਆਂ ਗਈਆਂ। ਉਹ ਮੁੜ ਕੇ ਆਈਆਂ ਤਾਂ ਅੱਠ ਦੱਸ ਹੋਰ ਉੱਥੇ ਪਹੁੰਚ ਗਈਆਂ।
ਨਲਕੇ ਦੁਆਲੇ ਬਹੁਤ ਚਿੱਕੜ ਹੋ ਗਿਆ। ਚਮਾਰਲ੍ਹੀ ਦੀਆਂ ਤੀਵੀਂਆਂ ਆਪਸ ਵਿੱਚ ਲੜਦੀਆਂ ਝਗੜਦੀਆਂ ਜ਼ੋਰ ਜ਼ੋਰ ਨਾਲ ਨਲਕਾ ਗੇੜ ਰਹੀਆਂ ਸਨ। ਪਾਦਰਾਣੀ ਦਰਵਾਜ਼ੇ ਵਿੱਚ ਖੜੀ ਉਹਨਾਂ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਦੀ ਹੋਈ ਬੋਲੀ:
"ਹੌਲੀ ਗੇੜੋ। ਇਸ ਤਰ੍ਹਾਂ ਗੇੜਨ ਨਾਲ ਇਹਨੇ ਟੁੱਟ ਜਾਣਾ।"
ਪਰ ਤੀਵੀਂਆਂ ਉਹਦੀ ਝੰਬ-ਝਾੜ ਤੋਂ ਬੇਪਰਵਾਹ ਦੋਹਾਂ ਹੱਥਾਂ ਨਾਲ ਨਲਕੇ ਦਾ ਹੱਥਾ ਉੱਪਰ ਥੱਲੇ ਕਰੀ ਜਾ ਰਹੀਆਂ ਸਨ।
ਪਾਦਰਾਣੀ ਦਾ ਗੁੱਸਾ ਉਸ ਸਮੇਂ ਆਪਣੀਆਂ ਸਾਰੀਆਂ ਹੱਦਾਂ ਤੋੜ ਗਿਆ ਜਦੋਂ ਇਕ ਤੀਵੀਂ ਦੇ ਕੁੱਛੜ ਚੁੱਕੇ ਬੱਚੇ ਨੇ ਉੱਥੇ ਟੱਟੀ ਕਰ ਦਿੱਤੀ।
"ਇਹਨੂੰ ਸਾਫ ਕਰੋ। ਇਸ ਘਰ 'ਚ ਬੰਦੇ ਰਹਿੰਦੇ ਆ।" ਪਾਦਰਾਣੀ ਨੇ ਨੱਕ ਉੱਤੇ ਪੱਲਾ ਰੱਖਦਿਆਂ ਗੁੱਸੇ ਭਰੀ ਅਵਾਜ਼ ਵਿੱਚ ਕਿਹਾ। ਉਸ ਔਰਤ ਨੇ ਘਬਰਾ ਕੇ ਹੱਥ ਨਾਲ ਹੀ ਬੱਚੇ ਦੀ ਟੱਟੀ ਸਾਫ ਕਰ ਦਿੱਤੀ ਅਤੇ ਥਾਂ ਨੂੰ ਦੋ ਘੜੇ ਪਾਣੀ ਦੇ ਸੁੱਟ ਕੇ ਧੋ ਦਿੱਤਾ। ਪਾਣੀ ਭਰ ਕੇ ਉਹਨੇ ਬੱਚੇ ਨੂੰ ਧੋਤੇ ਬਿਨਾਂ ਹੀ ਕੁੱਛੜ ਚੁੱਕ ਲਿਆ ਅਤੇ ਚਲੇ ਗਈ।
ਤੀਵੀਂਆਂ ਪਾਣੀ ਭਰ ਕੇ ਬਾਹਰ ਨਿਕਲੀਆਂ ਤਾਂ ਪਾਦਰਾਣੀ ਅੰਦਰ ਜਾ ਕੇ ਪਾਦਰੀ ਨੂੰ ਸੱਦ ਲਿਆਈ ਅਤੇ ਉਹਨੂੰ ਨਲਕੇ ਦੇ ਆਲੇ ਦੁਆਲੇ ਚਿੱਕੜ ਦਿਖਾ ਕੇ ਬੋਲੀ:
"ਹੁਣ ਮੈਂ ਕਿਸੇ ਨੂੰ ਪਾਣੀ ਨਹੀਂ ਭਰਨ ਦੇਣਾ। ਏਨੀ ਤਮੀਜ਼ ਨਹੀਂ ਕਿ ਨਿਆਣਿਆਂ ਨੂੰ ਇੱਥੇ ਟੱਟੀ ਨਹੀਂ ਕਰਾਉਣੀ। ਪੈਰ ਸਾਫ ਕਰਕੇ ਅੰਦਰ ਆਉਣਾ ਚਾਹੀਦਾ।" ਪਾਦਰਾਣੀ ਨੇ ਝਾੜੂ ਚੁੱਕੇ ਕੇ ਉਹ ਥਾਂ ਧੋਤੀ ਅਤੇ ਅੰਦਰੋਂ ਕੁੰਡਾ ਲਾ ਕੇ ਬੋਲੀ:
"ਹੁਣ ਜੇ ਬੂਹਾ ਖੋਲ੍ਹਿਆ ਤਾਂ ਮੇਰੇ ਨਾਲੋਂ ਬੁਰਾ ਕੋਈ ਨਹੀਂ ਹੋਊ।"
"ਜੇ ਕੋਈ ਅਵਾਜ਼ ਮਾਰੂ ਤਾਂ ਮੈਂ ਦਰਵਾਜ਼ਾ ਖੋਲ੍ਹਣ ਤੋਂ ਨਾਂਹ ਨਹੀਂ ਕਰਨੀ।" ਪਾਦਰੀ ਨੇ ਜੁਆਬ ਦਿੱਤਾ।
ਪਾਦਰਾਣੀ ਨੇ ਉਹਦੀ ਵੱਲ ਬਹੁਤ ਗੁੱਸੇ ਨਾਲ ਦੇਖਿਆ ਅਤੇ ਬੈਠਕ ਦਾ ਦਰਵਾਜ਼ਾ ਖੋਲ੍ਹ ਕੇ ਡਿਉਢੀ ਦੇ ਦਰਵਾਜ਼ੇ ਉੱਤੇ ਬਾਹਰੋਂ ਤਾਲਾ ਲਾ ਦਿੱਤਾ ਅਤੇ ਬੈਠਕ ਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਕਹਿਣ ਲੱਗੀ:
"ਹੁਣ ਚੁੱਪਚਾਪ ਬੈਠਣਾ। ਇਹ ਉਦਾਂ ਹੀ ਗੰਦੇ ਲੋਕ ਆ, ਚਿੱਕੜ ਥਾਣੀ ਹੋ ਕੇ ਆਉਂਦੇ ਆ, ਆਪਣੇ ਨਾਲ ਪੰਜਾਹ ਬੀਮਾਰੀਆਂ ਵੀ ਲਿਆਉਂਦੇ ਹੋਣਗੇ।"
ਪਾਦਰੀ ਨੇ ਕੋਈ ਜੁਆਬ ਨਾ ਦਿੱਤਾ ਅਤੇ ਮੰਜਾ ਵਿਹੜੇ ਵਿੱਚ ਖੁਲ੍ਹਣ ਵਾਲੇ ਦਰਵਾਜ਼ੇ ਵੱਲ ਘੜੀਸ ਕੇ ਅੰਜੀਲ ਪੜ੍ਹਨ ਲੱਗਾ।
ਥੋੜ੍ਹੀ ਹੀ ਦੇਰ ਬਾਅਦ ਦਰਵਾਜ਼ੇ ਦੇ ਸਾਹਮਣੇ ਕਈ ਤੀਵੀਂਆਂ ਦੀ ਆਪਸ ਵਿੱਚ ਗੱਲਾਂ ਕਰਨ ਦੀਆਂ ਅਵਾਜ਼ਾਂ ਆਈਆਂ। ਤਾਲਾ ਦੇਖ ਕੇ ਉਹਨਾਂ ਸਾਰੀਆਂ ਦਾ ਜਿਵੇਂ ਸਾਹ ਰੁੱਕ ਗਿਆ ਸੀ। "ਹਾਇ ਹਾਇ ਇੱਥੇ ਤਾਂ ਤਾਲਾ ਲੱਗਾ ਹੋਇਆ। ਹੁਣ ਪਾਣੀ ਕਿੱਦਾਂ ਲਵਾਂਗੀਆਂ। ਮੈਂ ਤਾਂ ਘੜੇ ਵਿੱਚ ਜਿਹੜਾ ਥੋੜ੍ਹਾ ਬਹੁਤ ਪਾਣੀ ਸੀ ਉਹ ਵੀ ਡੋਲ੍ਹ ਆਈ ਆਂ।"
"ਇਹ ਗਏ ਕਿੱਥੇ?" ਇਕ ਤੀਵੀਂ ਨੇ ਤਾਲੇ ਵੱਲ ਦੇਖਦਿਆਂ ਕਿਹਾ।
"ਜਾਣਾ ਕਿੱਥੇ ਆ। ਪਾਦਰਾਣੀ ਦਾ ਦਿਮਾਗ ਤਾਂ ਸੱਤਵੇਂ ਅਸਮਾਨ 'ਤੇ ਚੱੜ੍ਹਿਆ ਰਹਿੰਦਾ। ਬਾਹਰੋਂ ਤਾਲਾ ਲਾ ਕੇ ਅੰਦਰ ਬੈਠੀ ਹੋਣੀ ਆ।"
ਇਹ ਗੱਲਾਂ ਸੁਣ ਕੇ ਪਾਦਰੀ ਹੋਰ ਵੀ ਜ਼ਿਆਦਾ ਧਿਆਨ ਨਾਲ ਅੰਜੀਲ ਪੜ੍ਹਨ ਲੱਗਾ। ਪਾਦਰਾਣੀ ਉਹਦੇ ਸਿਰ 'ਤੇ ਖੜ੍ਹੀ ਸੀ। ਕੁਝ ਦੇਰ ਬਾਅਦ ਤੀਵੀਂਆਂ ਨਿਰਾਸ਼ ਅਤੇ ਉਦਾਸ ਜਿਹੀਆਂ ਖਾਲੀ ਘੜੇ ਲੈ ਕੇ ਵਾਪਸ ਚਲੀਆਂ ਗਈਆਂ।
ਪਾਦਰੀ ਅਤੇ ਪਾਦਰਾਣੀ ਦੀ ਇਸ ਹਰਕਤ ਨਾਲ ਚਮਾਰਲ੍ਹੀ ਵਿੱਚ ਬਹੁਤ ਬੇਚੈਨੀ ਫੈਲ ਗਈ। ਲੋਕ ਆਪਣੀ ਬੇਵਸੀ 'ਤੇ ਗੁੱਸੇ ਹੋਏ ਉਹਨਾਂ ਨੂੰ ਜੀ ਭਰ ਕੇ ਗਾਲ੍ਹਾਂ ਕੱਢਦੇ ਰਹੇ ਅਤੇ ਜਦੋਂ ਮਨ ਕੁਝ ਸ਼ਾਂਤ ਹੋ ਗਿਆ ਤਾਂ ਉਹਨਾਂ ਦਾ ਧਿਆਨ ਫਿਰ ਇਸ ਸਵਾਲ ਵੱਲ ਗਿਆ ਕਿ ਪੀਣ ਦਾ ਪਾਣੀ ਕਿੱਥੋਂ ਲੈਣਗੇ। ਉਹਨਾਂ ਨੇ ਸੋਚਿਆ ਕਿ ਚੌਧਰੀਆਂ ਦੀ ਮਿਨਤ ਕਰਕੇ ਉਹਨਾਂ ਨੂੰ ਕਹਿਣ ਕਿ ਜਾਂ ਤਾਂ ਉਹ ਖੂਹ ਤੋਂ ਉਹਨਾਂ ਨੂੰ ਪਾਣੀ ਭਰਨ ਦੇਣ ਜਾਂ ਆਪਣੇ ਆਪ ਪਾਣੀ ਭਰ ਦੇਣ। ਇਹ ਮਸ਼ਵਰਾ ਕਈ ਤੀਵੀਂਆਂ ਨੇ ਦਿੱਤਾ ਪਰ ਚੌਧਰੀਆਂ ਨੂੰ ਇਸ ਤਰ੍ਹਾਂ ਕਹਿਣ ਦਾ ਹੀਆਂ ਕਿਸੇ ਦਾ ਨਹੀਂ ਸੀ ਪੈ ਰਿਹਾ।
ਬਹੁਤ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਪੰਡਿਤ ਸੰਤ ਰਾਮ ਦੀ ਮਿੰਨਤ ਕੀਤੀ ਜਾਵੇ। ਜ਼ੋਰ ਦੇ ਮੀਂਹ ਦੇ ਬਾਵਜੂਦ ਕਈ ਤੀਵੀਂਆਂ ਘੜੇ ਚੁੱਕ ਕੇ ਮੰਦਿਰ ਵੱਲ ਚਲੀਆਂ ਗਈਆਂ। ਮੰਦਿਰ ਦੀ ਚਾਰਦੀਵਾਰੀ ਬਹੁਤ ਉੱਚੀ ਸੀ। ਉਹਦੇ ਵਿੱਚ ਇਕ ਵੱਡਾ ਅਤੇ ਉੱਚਾ ਸਦਰ ਦਰਵਾਜ਼ਾ ਸੀ। ਸਾਹਮਣੇ ਦੀ ਕੰਧ ਦੇ ਪਿੱਛੇ ਇਕ ਹੋਰ ਕੰਧ ਸੀ। ਇਸ ਕੰਧ ਵਿੱਚ ਇਕ ਛੋਟਾ ਦਰਵਾਜ਼ਾ ਸੀ ਜਿਹੜਾ ਦੋ ਉੱਚੇ ਉੱਚੇ ਮੰਦਿਰਾਂ ਦੇ ਵਿਹੜੇ ਵਿੱਚ ਖੁਲ੍ਹਦਾ ਸੀ। ਮੰਦਿਰ ਦਾ ਥੜਾ ਵਿਹੜੇ ਦੇ ਮੁਕਾਬਲੇ ਬਹੁਤ ਉੱਚਾ ਸੀ।
ਮੰਦਿਰ ਦੀਆਂ ਦੋਵੇਂ ਕੰਧਾਂ ਦੇ ਵਿਚਕਾਰ ਕਾਫੀ ਖੁੱਲ੍ਹੀ ਥਾਂ ਸੀ ਜਿਸ ਵਿੱਚ ਖੱਬੇ ਪਾਸੇ ਕੰਧ ਦੇ ਕੋਲ ਖੂਹ ਸੀ। ਖੱਬੇ ਪਾਸੇ ਇਕ ਦਲਾਨ ਅਤੇ ਪਿੱਛੇ ਦੋ ਕੋਠੜੀਆਂ ਸਨ ਜੋ ਕਦੇ ਕਦੇ ਜੰਝ ਘਰ ਲਈ ਅਤੇ ਆਮ ਤੌਰ ਉੱਤੇ ਸੰਤ ਰਾਮ ਦੀਆਂ ਗਾਂਵਾਂ ਬੰਨਣ ਅਤੇ ਚਾਰਾ ਰੱਖਣ ਦੇ ਕੰਮ ਆਉਂਦੀਆਂ ਸਨ। ਉਹਦੇ ਨਾਲ ਹੀ ਖੱਬੇ ਪਾਸੇ ਵੱਲ ਸੰਤ ਰਾਮ ਦਾ ਘਰ ਸੀ। ਉਹ ਬਾਹਰਲੇ ਦਰਵਾਜ਼ੇ 'ਤੇ ਰੁਕ ਗਈਆਂ ਅਤੇ ਪੰਡਿਤ ਸੰਤ ਰਾਮ ਨੂੰ ਅਵਾਜ਼ਾਂ ਮਾਰੀਆਂ ਤਾਂ ਉਹ ਬਾਹਰ ਆ ਗਿਆ। ਮੰਦਿਰ ਦੇ ਦਰਵਾਜੇ 'ਤੇ ਭੀੜ ਦੇਖ ਕੇ ਉਹਨੇ ਆਪਣਾ ਜਨੇਊ ਕੰਨ ਉੱਤੇ ਲਪੇਟ ਲਿਆ ਅਤੇ ਰੁੱਖੇਪਣ ਨਾਲ ਬੋਲਿਆ:
"ਇੱਥੇ ਕਿਉਂ ਆਈਆਂ?"
"ਪੰਡਿਤ ਜੀ ਸਾਡਾ ਖੂਹ ਪਾਣੀ 'ਚ ਡੁੱਬ ਗਿਆ ਹੈ। ਸਾਡੇ ਕੋਲ ਪੀਣ ਲਈ ਪਾਣੀ ਦੀ ਇਕ ਤਿਪ ਨਹੀਂ।" ਇਕ ਬਜ਼ੁਰਗ ਤੀਵੀਂ ਨੇ ਹੱਥ ਜੋੜ ਕੇ ਨਿਮਰਤਾ ਨਾਲ ਕਿਹਾ।
"ਤਾਂ ਤੁਸੀਂ ਮੰਦਿਰ ਦੇ ਖੂਹ 'ਤੇ ਚੜ੍ਹਨਾ ਚਾਹੁੰਦੀਆਂ?" ਪੰਡਿਤ ਸੰਤ ਰਾਮ ਨੇ ਬਹੁਤ ਤਲਖ ਲਹਿਜੇ ਵਿੱਚ ਪੁੱਛਿਆ।
"ਨਹੀਂ ਪੰਡਿਤ ਜੀ।" ਉਸ ਤੀਵੀਂ ਨੇ ਕੰਨਾਂ ਨੂੰ ਹੱਥ ਲਾਉਂਦਿਆਂ ਕਿਹਾ।
"ਤੁਸੀਂ ਪ੍ਰਕਾਸ਼ ਝੀਰ ਨੂੰ ਕਹਿ ਦਿਓ ਕਿ ਉਹ ਖੂਹ ਵਿੱਚੋਂ ਪਾਣੀ ਖਿੱਚ ਕੇ ਸਾਡੇ ਘੜੇ ਭਰ ਦੇਵੇ।"
"ਉਹ ਤੁਹਾਡੇ ਪੇ ਦਾ ਨੌਕਰ ਲੱਗਾ ਹੋਇਆ? ਜਾਂ ਉਹ ਤੁਹਾਡਾ ਸੇਪੀ ਆ?"
"ਪੰਡਿਤ ਜੀ ਤਾਂ ਤੁਸੀਂ ਭਰ ਦਿਓ।" ਪ੍ਰਸਿੰਨੀ ਨੇ ਕਿਹਾ।
"ਮੈਂ ਤੁਹਾਡਾ ਪਾਣੀ ਭਰਾਂ?" ਪੰਡਿਤ ਸੰਤ ਰਾਮ ਗੁੱਸੇ ਵਿੱਚ ਲਾਲ-ਪੀਲਾ ਹੋ ਗਿਆ ਅਤੇ ਡੰਡਾ ਚੁੱਕ ਕੇ ਉਹਨਾਂ ਦੇ ਪਿੱਛੇ ਦੌੜਿਆ।
ਤੀਵੀਂਆਂ ਡਰ ਮਾਰੇ ਦੌੜ ਪਈਆਂ। ਇਸ ਭਗਦੜ ਵਿੱਚ ਕਈ ਹੇਠਾਂ ਡਿੱਗ ਪਈਆਂ ਅਤੇ ਉਹਨਾਂ ਦੇ ਕੱਚੇ ਘੜੇ ਟੁੱਟ ਗਏ। ਪੰਡਿਤ ਸੰਤ ਰਾਮ ਗਾਲ੍ਹਾਂ ਕੱਢਦਾ ਚਮਾਰਲੀ ਵੱਲ ਮੁੜਦੇ ਰਾਹ ਤੱਕ ਉਹਨਾਂ ਦੇ ਪਿੱਛੇ ਆਇਆ।
ਆਪਣੇ ਮੁਹੱਲੇ ਦੇ ਨੇੜੇ ਪਹੁੰਚ ਕੇ ਉਹਨਾਂ ਨੇ ਸਾਹ ਲਿਆ। ਉਹਨਾਂ ਦੇ ਸਾਹ ਏਨੇ ਫੁੱਲੇ ਹੋਏ ਸਨ ਕਿ ਉਹਨਾਂ ਦੇ ਮੂੰਹੋਂ ਗੱਲ ਨਹੀਂ ਸੀ ਨਿਕਲ ਰਹੀ। ਗੁੱਸੇ ਅਤੇ ਬੇਵਸੀ ਨਾਲ ਕਈ ਤੀਵੀਂਆਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ। ਉਹਨਾਂ ਨੇ ਆਪਣੇ ਹੀ ਪਰਨਾਲਿਆਂ ਤੋਂ ਘੜੇ ਭਰੇ ਅਤੇ ਘਰ ਚਲੀਆਂ ਗਈਆਂ।
ਦੁਪਹਿਰ ਤੱਕ ਚੋਅ ਵਿੱਚ ਪਾਣੀ ਹੋਰ ਵੀ ਚੜ੍ਹ ਗਿਆ। ਪਿੰਡ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਵੱਡੇ ਰਾਹ ਉੱਤੇ ਪਾਣੀ ਸਕੂਲ ਤੱਕ ਜਾ ਪਹੁੰਚਿਆ। ਤਕੀਆ ਚੋਅ ਦਾ ਇਕ ਹਿੱਸਾ ਬਣ ਗਿਆ ਅਤੇ ਉੱਥੇ ਵੀ ਪਾਣੀ ਦੀਆਂ ਲਹਿਰਾਂ ਉੱਠਣ ਲੱਗੀਆਂ। ਤਕੀਏ ਦੇ ਕੋਠੇ ਦੀ ਛੱਤ ਪਹਿਲਾਂ ਹੀ ਢੱਠ ਚੁੱਕੀ ਸੀ। ਚੋਅ ਨੇ ਹੁਣ ਇਕ ਕੰਧ ਵੀ ਢਾਹ ਦਿੱਤੀ। ਵਗਦੇ ਪਾਣੀ ਦਾ ਸ਼ੋਰ ਪਿੰਡ ਦੇ ਦੂਸਰੇ ਸਿਰੇ 'ਤੇ ਵੀ ਸੁਣਾਈ ਦੇ ਰਿਹਾ ਸੀ।
ਦਿਨ ਢਲੇ ਸਾਰਾ ਪਿੰਡ ਫਿਰ ਚੋਅ ਦੇ ਕੰਢੇ 'ਤੇ ਜਮ੍ਹਾਂ ਸੀ। ਪਾਣੀ ਵਿੱਚ ਲੱਕੜ ਦਾ ਇਕ ਸੁਹਾਗਾ, ਕਈ ਰੱਸੇ, ਮਿੱਟੀ ਦਾ ਘੜਾ ਅਤੇ ਇਕ ਪੰਜਾਲੀ ਰੁੜਦੇ ਜਾ ਰਹੇ ਸਨ।
ਚੌਧਰੀ ਮੁਨਸ਼ੀ ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਦੇਖ ਕੇ ਬੋਲਿਆ:
"ਕਿਸੇ ਦੀ ਹਵੇਲੀ ਚੋਅ-ਬੁਰਦ ਹੋ ਗਈ ਹੈ।"
ਲਾਲੂ ਭਲਵਾਨ ਨੇ ਚਿੰਤਾ ਭਰੀ 'ਹੂੰ' 'ਚ ਜੁਆਬ ਦਿੱਤਾ ਅਤੇ ਬੁਝੀ ਹੋਈ ਅਵਾਜ਼ ਵਿੱਚ ਬੋਲਿਆ:
"ਜੇ ਪਾਣੀ ਇਸ ਤਰ੍ਹਾਂ ਚੜ੍ਹਦਾ ਰਿਹਾ ਤਾਂ ਪਿੰਡ ਦਾ ਕੀ ਬਣੂ?"
ਇਹਦਾ ਜੁਆਬ ਸਾਰਿਆਂ ਨੂੰ ਪਤਾ ਸੀ ਪਰ ਕੋਈ ਵੀ ਹੋਠਾਂ 'ਤੇ ਨਹੀਂ ਲਿਆਉਣਾ ਚਾਹੁੰਦਾ ਸੀ। "ਖਵਾਜਾ ਪੀਰ ਦੀ ਬਲੀ ਦੇਣ ਨਾਲ ਸ਼ਾਇਦ ਪਾਣੀ ਰੁਕ ਜਾਵੇ" ਲਾਲੂ ਭਲਵਾਨ ਨੇ ਸੁਝਾਅ ਦਿੱਤਾ।
ਚੌਧਰੀ ਮੁਨਸ਼ੀ, ਬੇਲਾ ਸਿੰਘ ਅਤੇ ਉੱਥੇ ਖੜ੍ਹੇ ਸਾਰੇ ਲੋਕਾਂ ਨੇ ਇਸ ਸੁਝਾਅ ਦੀ ਪੁਸ਼ਟੀ ਕਰ ਦਿੱਤੀ। ਫਿਰ ਸਵਾਲ ਪੈਦਾ ਹੋਇਆ ਕਿ ਬੱਕਰਾ ਕਿਹਤੋਂ ਲਿਆ ਜਾਵੇ। ਕਈ ਲੋਕਾਂ ਨੇ ਸੁਝਾਅ ਦਿੱਤਾ ਕਿ ਹਰ ਘਰ ਤੋਂ ਚੰਦਾ ਇਕੱਠਾ ਕਰ ਕੇ ਬੱਕਰਾ ਖ੍ਰੀਦ ਲਿਆ ਜਾਵੇ।
"ਪਰ ਇਸ ਨਾਲ ਫਿਰ ਬਖੇੜੇ ਖੜੇ ਹੋਣਗੇ ਕਿ ਚੰਦਾ ਜ਼ਮੀਨ ਦੀ ਢੇਰੀ ਦੇ ਮੁਤਾਬਕ ਹੋਵੇ ਜਾਂ ਆਦਮੀਆਂ ਦੀ ਗਿਣਤੀ ਮੁਤਾਬਕ।" ਲਾਲੂ ਭਲਵਾਨ ਨੇ ਕਿਹਾ।
"ਇਹ ਗੱਲ ਵੀ ਸਹੀ ਆ।" ਚੌਧਰੀ ਮੁਨਸ਼ੀ ਨੇ ਕਿਹਾ।
ਬੇਲਾ ਸਿੰਘ ਕੋਲ ਦੋ ਬੱਕਰੀਆਂ ਸਨ। ਉਹ ਇਕ ਕਦਮ ਅੱਗੇ ਵੱਧ ਕੇ ਬੋਲਿਆ:
"ਜੇ ਮੇਰੀ ਗੱਲ ਮੰਨੋ ਤਾਂ ਮੈਂ ਇਕ ਬੱਕਰੀ ਦੇ ਦਿੰਦਾ।"
"ਤੂੰ ਇਕੱਲਾ ਕਿਉਂ ਦੇਵੇਂ। ਚੋਅ ਨਾਲ ਨੁਕਸਾਨ ਸਿਰਫ ਤੇਰਾ ਨਹੀਂ ਹੋਣਾ। ਤੇਰਾ ਘਰ ਤਾਂ ਉੱਚੀ ਜਗਹ ਉੱਤੇ ਆ। ਨੁਕਸਾਨ ਸਾਰੇ ਪਿੰਡ ਦਾ ਹੋਊਗਾ।"
"ਮੈਂ ਵੀ ਪਿੰਡ 'ਚ ਹੀ ਰਹਿੰਦਾ।" ਬੇਲਾ ਸਿੰਘ ਨੇ ਤਿੱਖੀ ਅਵਾਜ਼ ਵਿੱਚ ਕਿਹਾ। ਬੇਲਾ ਸਿੰਘ ਦੇ ਜ਼ੋਰ ਪਾਉਣ 'ਤੇ ਉਹਦੀ ਗੱਲ ਮੰਨ ਲਈ ਗਈ।
ਬਲੀ ਦੀ ਤਿਆਰੀ ਸ਼ੁਰੂ ਹੋ ਗਈ। ਬੇਲਾ ਸਿੰਘ ਦਾ ਮੁੰਡਾ ਪਾਲਾ ਬੱਕਰੀ ਖੋਲ੍ਹ ਲਿਆਇਆ। ਉਹਦੇ ਮੱਥੇ 'ਤੇ ਸੰਧੂਰ ਦਾ ਟਿੱਕਾ ਲਾਇਆ ਗਿਆ। ਦਿਲਸੁੱਖ ਆਪਣੀ ਕਿਰਪਾਨ ਚੁੱਕ ਲਿਆਇਆ। ਹੁਣ ਸਵਾਲ ਖੜ੍ਹਾ ਹੋ ਗਿਆ ਕਿ ਬੱਕਰੀ ਨੂੰ ਚੋਅ ਦੀ ਧਾਰ ਵਿੱਚ ਕਿਵੇਂ ਸੁੱਟਿਆ ਜਾਵੇ। ਬਹੁਤ ਸੋਚ ਵਿਚਾਰ ਦੇ ਬਾਅਦ ਉਹ ਇਸ ਫੈਸਲੇ 'ਤੇ ਪਹੁੰਚੇ ਕਿ ਗੁੜ ਕੱਢਣ ਵਾਲਾ ਵੱਡਾ ਕੜਾਹਾ ਲਿਆਂਦਾ ਜਾਵੇ ਅਤੇ ਉਹਦੇ ਦੋਨੋਂ ਕੁੰਡਿਆਂ ਨਾਲ ਰੱਸੇ ਬੰਨ ਕੇ ਉਸ ਵਿੱਚ ਇਕ ਆਦਮੀ ਬੈਠ ਜਾਵੇ। ਕੜਾਹੇ ਨੂੰ ਚੋਅ ਵਿੱਚ ਰੇੜ ਦਿੱਤਾ ਜਾਵੇ। ਲਾਲੂ ਭਲਵਾਨ ਹਵੇਲੀ ਵਿੱਚੋਂ ਕੜਾਹਾ ਅਤੇ ਰੱਸੇ ਲੈ ਆਇਆ।
ਸਾਰੀ ਤਿਆਰੀ ਹੋ ਗਈ ਤਾਂ ਉਹ ਬੱਕਰੀ ਨੂੰ ਇਕ ਪਾਸੇ ਲੈ ਗਏ। ਬੱਕਰੀ ਬਹੁਤ ਡਰਾਉਣੀ ਅਵਾਜ਼ ਵਿੱਚ ਮਿਆਂਕਣ ਲੱਗੀ। ਲਾਲੂ ਭਲਵਾਨ ਨੇ ਹੱਥ ਜੋੜ, ਅੱਖਾਂ ਮੀਟ ਅਤੇ ਅਸਮਾਨ ਵੱਲ ਮੂੰਹ ਕਰਦਿਆਂ ਖਵਾਜ਼ਾ ਪੀਰ ਤੋਂ ਮੰਨਤ ਮੰਗੀ ਕਿ ਉਹ ਉਹਨਾਂ ਦੀ ਭੁੱਲ-ਚੁੱਕ ਬਖਸ਼ ਦੇਵੇ ਅਤੇ ਆਪਣੇ ਕਹਿਰ ਅਤੇ ਗੁੱਸੇ ਨੂੰ ਰੋਕ ਦੇਵੇ। ਬਾਅਦ ਵਿੱਚ ਉਹਨੇ ਦਿਲਸੁੱਖ ਨੂੰ ਇਸ਼ਾਰਾ ਕੀਤਾ। ਬੇਲਾ ਸਿੰਘ ਦੇ ਮੁੰਡੇ ਨੇ ਬੱਕਰੀ ਦੇ ਗੱਲ ਵਿੱਚ ਪਾਈ ਰੱਸੀ ਫੜੀ ਹੋਈ ਸੀ ਅਤੇ ਚੋਧਰੀ ਮੁਨਸ਼ੀ ਉਹਦੀਆਂ ਲੱਤਾਂ ਫੜੀ ਬੈਠਾ ਸੀ। ਦਿਲਸੁੱਖ ਨੇ ਬੱਕਰੀ ਦੀ ਗਰਦਨ ਦਾ ਨਿਸ਼ਾਨਾ ਸੇਧ ਕੇ ਕਿਰਪਾਨ ਚਲਾਈ ਪਰ ਉਹਦਾ ਸਿਰ ਧੜ ਤੋਂ ਵੱਖ ਨਾ ਹੋਇਆ ਸਗੋਂ ਲਟਕ ਗਿਆ।
"ਹਟ ਜਾ ਪਰ੍ਹੇ, ਮਾਂ ਨੇ ਤੈਨੂੰ ਵੀ ਪੁੱਤ ਜੰਮਿਆ ਸੀ।" ਬੇਲਾ ਸਿੰਘ ਨੇ ਉਹਦੇ ਹੱਥੋਂ ਕਿਰਪਾਨ ਲੈਂਦਿਆਂ ਕਿਹਾ ਅਤੇ ਇਕ ਵਾਰ ਨਾਲ ਬੱਕਰੀ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ।
"ਅਸਲ 'ਚ ਬੱਕਰੀ ਹਿੱਲ ਗਈ ਸੀ।" ਦਿਲਸੁੱਖ ਨੇ ਖਸਿਆਨੀ ਹਾਸੀ ਹੱਸਦਿਆਂ ਕਿਹਾ।
ਤੜਫਦੀ ਬੱਕਰੀ ਨੂੰ ਬੋਰੀ ਵਿੱਚ ਪਾ ਕੇ ਕੜਾਹੇ ਵਿੱਚ ਰੱਖ ਦਿੱਤਾ ਗਿਆ। ਦਿਲਸੁੱਖ ਬੋਲਿਆ:
"ਮੈਂ ਜਾਂਦਾਂ।"
"ਰਹਿਣ ਦੇ। ਬੱਕਰੀ ਸਿੱਟਦਿਆਂ ਸਿੱਟਦਿਆਂ ਕਿਤੇ ਆਪ ਵੀ ਨਾ ਡਿਗ ਪਈਂ।"
ਬੇਲਾ ਸਿੰਘ ਆਪਣੇ ਮੁੰਡੇ ਨੂੰ ਸੰਬੋਧਿਤ ਹੁੰਦਾ ਬੋਲਿਆ:
"ਚੱਲ ਪੁੱਤ ਤੂੰ ਸਿੱਟ ਆ। ਨਾਲ ਬੱਗੇ ਨੂੰ ਲੈ ਲਾ। ਦੋ ਜਣੇ ਹੋਣ ਨਾਲ ਕੜਾਹਾ ਡੋਲੂਗਾ ਨਹੀਂ।"
ਬੱਗਾ ਅਤੇ ਪਾਲਾ* ਕੜਾਹੇ ਵੱਲ ਵਧੇ ਤਾਂ ਦੋਨੋਂ ਇਕ ਦੂਸਰੇ ਵੱਲ ਦੇਖ ਕੇ ਮੁਸਕਰਾ ਪਏ। ਪਿਛਲੇ ਦਿਨੀਂ ਲੜਾਈ ਕਾਰਨ ਦੋਨਾਂ ਵਿੱਚ ਬੋਲ-ਚਾਲ ਬੰਦ ਸੀ।
ਕਈ ਲੋਕਾਂ ਨੇ ਰਲ ਕੇ ਕੜਾਹਾ ਪਾਣੀ ਵਿੱਚ ਲਾਹ ਦਿੱਤਾ। ਇਕ ਰੱਸਾ ਦਿਲਸੁੱਖ ਅਤੇ ਬੇਲਾ ਸਿੰਘ ਨੇ ਫੜ ਲਿਆ ਅਤੇ ਦੂਜਾ ਰੱਸਾ ਲਾਲੂ ਭਲਵਾਨ ਅਤੇ ਚੌਧਰੀ ਮੁਨਸ਼ੀ ਨੇ ਫੜ ਲਿਆ। ਉਹ ਹੌਲੀ ਹੌਲੀ ਰੱਸਾ ਛੱਡ ਰਹੇ ਸਨ ਅਤੇ ਬੱਗਾ ਅਤੇ ਪਾਲਾ ਲਾਠੀਆਂ ਨਾਲ ਚੋਅ ਵਿੱਚ ਪਾਣੀ ਦੀ ਡੂੰਘਾਈ ਨਾਪਦੇ ਕੜਾਹੇ ਨੂੰ ਚੋਅ ਦੇ ਪਾਟ ਵੱਲ ਲਿਜਾਣ ਲੱਗੇ। ਜਦੋਂ ਉਹ ਪਾਟ ਦੇ ਨੇੜੇ ਪਹੁੰਚੇ ਤਾਂ ਉਸ ਵਿੱਚ ਊਂ ਊਂ ਅਤੇ ਛਰਰ-ਛਰਰ ਦੀਆਂ ਅਵਾਜ਼ਾਂ ਪੈਦਾ ਕਰਦੀ ਹੋਈ ਇਕ ਲਹਿਰ ਉੱਠੀ ਅਤੇ ਕੜਾਹਾ ਡੋਲਣ ਲੱਗਾ। ਇਹ ਦੇਖ ਕੇ ਦੋਨਾਂ ਦੇ ਦਿਲ ਦਹਿਲ ਗਏ। ਉੱਥੇ ਪਾਣੀ ਕਾਫੀ ਡੂੰਘਾ ਸੀ ਕਿਉਂਕਿ ਦੋਨਾਂ ਦੀਆਂ ਲਾਠੀਆਂ ਮੋਢਿਆਂ ਦੇ ਬਰਾਬਰ ਉੱਚੀਆਂ ਰਹਿ ਗਈਆਂ ਸਨ। ਲਾਲੂ ਭਲਵਾਨ ਨੇ ਰੱਸਾ ਖਿੱਚ ਲਿਆ ਅਤੇ ਉਹਨਾਂ ਨੂੰ ਅਵਾਜ਼ ਦੇ ਕੇ ਬੋਲਿਆ:
"ਅੱਗੇ ਨਾ ਜਾਉ, ਬੋਰੀ ਦਾ ਮੂੰਹ ਖੋਲ੍ਹ ਕੇ ਪਹਿਲਾਂ ਬੱਕਰੀ ਦਾ ਸਿਰ ਅਤੇ ਬਾਅਦ ਵਿੱਚ ਧੜ ਪਾਣੀ ਵਿੱਚ ਸੁੱਟ ਦਿਉ।"
ਬੱਗਾ ਕੜਾਹੇ ਵਿੱਚ ਬੈਠ ਕੇ ਆਪਣੀ ਲਾਠੀ ਨੂੰ ਚੋਅ ਦੀ ਤਹਿ ਵਿੱਚ ਦੱਬ ਕੇ ਕੜਾਹੇ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰਨ ਲੱਗਾ। ਪਾਲੇ ਨੇ ਜਲਦੀ ਜਲਦੀ ਬੋਰੀ ਦਾ ਮੂੰਹ ਖੋਲ੍ਹ ਕੇ ਪਹਿਲਾਂ ਬੱਕਰੀ ਦਾ ਸਿਰ ਅਤੇ ਬਾਅਦ ਵਿੱਚ ਧੜ ਪਾਣੀ ਵਿੱਚ ਸੁੱਟ ਦਿੱਤਾ। ਉਹਨੇ ਇਸ ਕਾਰਜ ਵਿੱਚ ਆਪਣਾ ਸੰਤੁਲਨ ਗਵਾ ਦਿੱਤਾ ਅਤੇ ਡਾਂਵਾਂਡੋਲ ਹੋ ਗਿਆ। ਕੰਢੇ ਉੱਤੇ ਖੜ੍ਹੇ ਲੋਕਾਂ ਨੇ ਡਰ ਨਾਲ "ਸੰਭਲੀਂ ਸੰਭਲੀਂ" ਦੀਆਂ ਅਵਾਜ਼ਾਂ ਮਾਰੀਆਂ ਅਤੇ ਬੱਗੇ ਨੇ ਆਪਣੀ ਲਾਠੀ ਪਾਣੀ ਵਿੱਚ ਹੀ ਸੁੱਟ ਦਿੱਤੀ ਅਤੇ ਪਾਲੇ ਨੂੰ ਮਜ਼ਬੂਤੀ ਨਾਲ ਆਪਣੀਆਂ ਬਾਹਾਂ 'ਚ ਲੈ ਲਿਆ। ਕੜਾਹਾ ਬੁਰੀ ਤਰ੍ਹਾਂ ਡੋਲ ਰਿਹਾ ਸੀ। ਕੰਢੇ ਉੱਤੇ ਖੜੇ ਲੋਕਾਂ ਨੇ ਉਹਨੂੰ ਬਹੁਤ ਤੇਜ਼ੀ ਨਾਲ ਆਪਣੀ ਵੱਲ ਖਿੱਚ ਲਿਆ।
ਲੋਕਾਂ ਨੂੰ ਯਕੀਨ ਸੀ ਕਿ ਬਲੀ ਦੇਣ ਬਾਅਦ ਚੋਅ ਦਾ ਪਾਣੀ ਉੱਤਰ ਜਾਏਗਾ। ਸ਼ਾਮ ਤੱਕ ਚੋਅ ਦੇ ਕੰਢੇ ਲੋਕਾਂ ਦੀ ਭੀੜ ਇਸ ਉਮੀਦ ਨਾਲ ਖੜ੍ਹੀ ਰਹੀ ਕਿ ਸ਼ਾਇਦ ਪਾਣੀ ਉੱਤਰਨਾ ਸ਼ੁਰੂ ਹੋ ਜਾਵੇ ਅਤੇ ਉਹ ਇਹ ਦੇਖ ਕੇ ਹੀ ਜਾਣ। ਪਰ ਦਿਨ ਢਲੇ ਤਕੀਏ ਵਿੱਚਲਾ ਟਾਹਲੀ ਦਾ ਦਰੱਖਤ ਪਾਣੀ ਦੇ ਵਹਾ ਦੀ ਮਾਰ ਨਾ ਸਹਾਰਦਾ ਹੋਇਆ ਧੜਾਮ ਦੇਣੀ ਡਿੱਗ ਪਿਆ ਤਾਂ ਲੋਕਾਂ ਦੇ ਦਿਲ ਦਹਿਲ ਗਏ।
ਦਰੱਖਤ ਡਿੱਗਣ ਨਾਲ ਹੜ ਦਾ ਰੁਖ ਚਮਾਰਲੀ ਵੱਲ ਬਦਲ ਗਿਆ। ਕੁਝ ਹੀ ਸਮੇਂ ਬਾਅਦ ਪਾਣੀ ਉਸ ਪਾਸੇ ਵੱਲ ਜ਼ਮੀਨ ਕੱਟਣ ਲੱਗਾ। ਹੌਲੀ ਹੌਲੀ ਹੜ ਨੇ ਪਾਟ ਬਣਾਉਣਾ ਸ਼ੁਰੂ ਕਰ ਦਿੱਤਾ। ਮਿੱਟੀ ਦੇ ਢੇਲੇ ਧੜਾਮ ਦੀ ਅਵਾਜ਼ ਕਰਦੇ ਡਿੱਗਦੇ ਅਤੇ ਛੋਟੇ-ਵੱਡੇ ਕਈ ਭੰਵਰ ਉੱਠਦੇ ਜਿਵੇਂ ਪਾਣੀ ਨੇ ਮਿੱਟੀ ਦੇ ਢੇਲਿਆਂ ਨੂੰ ਪਚਾ ਲਿਆ ਹੋਵੇ।
ਲੋਕਾਂ ਦੇ ਦੇਖਦਿਆਂ ਦੇਖਦਿਆਂ ਪਾਟ ਇੰਚ ਇੰਚ ਕਰਕੇ ਚਮਾਰਲ੍ਹੀ ਵੱਲ ਨੂੰ ਵਧਦਾ ਗਿਆ। ਕੁਛ ਹੀ ਘੰਟਿਆਂ ਵਿੱਚ ਪਾਣੀ ਦੀਆਂ ਲਹਿਰਾਂ ਵਿੱਚੋਂ ਉਡਣ ਵਾਲੇ ਛਿੱਟੇ ਬਾਬੇ ਫੱਤੂ ਦੇ ਕੋਠੇ ਦੇ ਪਿਛਲੀ ਕੰਧ ਉੱਤੇ ਡਿਗਣ ਲੱਗੇ। ਪਿੰਡ ਦੇ ਲੋਕ, ਖਾਸ ਕਰਕੇ ਚਮਾਰਲੀ ਦੇ ਵਾਸੀ, ਹੜ ਦੇ ਗੁੱਸੇ ਨੂੰ ਸਹਿਮੀਆਂ ਹੋਈਆਂ ਨਜ਼ਰਾਂ ਨਾਲ ਦੇਖ ਰਹੇ ਸਨ।
ਪਾਟ ਵਿੱਚ ਪਾਣੀ ਦੇ ਘੁੰਮਣਘੇਰ ਦੇਖ ਕੇ ਚੌਧਰੀ ਮੁਨਸ਼ੀ ਬੋਲਿਆ:
"ਜੇ ਚੋਅ ਇਸ ਤਰ੍ਹਾਂ ਮਿੱਟੀ ਪਾੜਦਾ ਰਿਹਾ ਤਾਂ ਰਾਤ ਤੱਕ ਅੱਧੀ ਚਮਾਰਲੀ ਖਾ ਜਾਊਗਾ।"
"ਹਾਂ ਜੇ ਚਮਾਰਲੀ ਪਾਣੀ 'ਚ ਰੁੜ ਗਈ ਤਾਂ ਬਾਕੀ ਦਾ ਪਿੰਡ ਵੀ ਨਹੀਂ ਬਚੂਗਾ।"
ਲੋਕ ਹੜ ਨਾਲ ਹੋ ਰਹੇ ਨੁਕਸਾਨ 'ਤੇ ਟਿੱਪਣੀ ਕਰ ਰਹੇ ਸਨ ਕਿ ਜ਼ਮੀਨ ਦਾ ਇਕ ਬਹੁਤ ਵੱਡਾ ਟੋਟਾ ਧਮਾਕੇ ਨਾਲ ਪਾਣੀ ਵਿੱਚ ਡਿੱਗਾ ਅਤੇ ਛਿੱਟੇ ਕੁਛ ਦੂਰ ਖੜ੍ਹੇ ਲੋਕਾਂ ਦੇ ਪੈਰਾਂ ਵਿੱਚ ਆ ਡਿੱਗੇ ਅਤੇ ਪਾਟ ਬਾਬੇ ਫੱਤੂ ਦੀ ਕੰਧ ਦੇ ਬਹੁਤ ਨੇੜੇ ਪਹੁੰਚ ਗਿਆ। ਬਾਬਾ ਫੱਤੂ ਇਹ ਦੇਖ ਕੇ ਘਬਰਾ ਗਿਆ ਅਤੇ ਉੱਥੇ ਖੜ੍ਹੇ ਚੌਧਰੀਆਂ ਦੇ ਸਾਹਮਣੇ ਹੱਥ ਜੋੜਦਾ ਹੋਇਆ ਬੋਲਿਆ:
"ਮੇਰੇ ਮਾਈ ਬਾਪ, ਮੈਂ ਮਰ ਗਿਆ। ਮੇਰਾ ਕੋਠਾ ਨਹੀਂ ਬਚਣਾ। ਮੇਰੇ ਕੋਠੇ ਨੂੰ ਬਚਾਉ।"
ਚੌਧਰੀਆਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ 'ਤੇ ਬਾਬਾ ਫੱਤੂ ਨਿਰਾਸ਼-ਜਿਹਾ ਪਾਟ ਵੱਲ ਦੇਖਣ ਲੱਗਾ ਜਿੱਥੇ ਚੋਅ ਦੀਆਂ ਲਹਿਰਾਂ ਇਕ ਨੌਜਵਾਨ ਭਲਵਾਨ ਦੀ ਤਰ੍ਹਾਂ ਛਾਤੀ ਦੇ ਜ਼ੋਰ ਨਾਲ ਉਹਦੀ ਕੰਧ ਨੂੰ ਲਲਕਾਰ ਰਹੀਆਂ ਸਨ। ਉਹ ਚੌਧਰੀਆਂ ਅੱਗੇ ਫਿਰ ਗਿੜਗਿੜਾਉਣ ਲੱਗਾ:
"ਚੌਧਰੀਓ, ਜਿੱਦਾਂ ਵੀ ਹੋ ਸਕੇ ਮੇਰਾ ਕੋਠਾ ਬਚਾਉ। ਮੇਰਾ ਕੋਠਾ ਡਿੱਗ ਪਿਆ ਤਾਂ ਮੈਤੋਂ ਦੁਬਾਰਾ ਨਹੀਂ ਬਣਨਾ ਅਤੇ ਮੇਰੇ ਕੋਲ ਸਿਰ ਲੁਕੌਣ ਨੂੰ ਵੀ ਜਗ੍ਹਾ ਨਹੀਂ ਰਹਿਣੀ।"
ਬਾਬੇ ਫੱਤੂ ਦਾ ਇਸਰਾਰ ਵਧਦਾ ਗਿਆ ਤਾਂ ਚੌਧਰੀ ਮੁਨਸ਼ੀ ਥੋੜ੍ਹੀ ਜਿਹੀ ਗੁੱਸੇ ਭਰੀ ਅਵਾਜ਼ ਵਿੱਚ ਬੋਲਿਆ:
"ਸਾਨੂੰ ਤਾਂ ਕੋਈ ਰਾਹ ਨਹੀਂ ਦਿਸਦਾ। ਤੂੰ ਕਹੇਂ ਤਾਂ ਹੜ ਅੱਗੇ ਬਾਂਹ ਦੇ ਦਿੰਦੇ ਹਾਂ।"
ਬਾਬਾ ਫੱਤੂ ਨਿਰਾਸ਼ ਹੋ ਕੇ ਬੁੜਬੁੜਾਉਂਦਾ ਹੋਇਆ ਪਿੱਛੇ ਹੱਟ ਗਿਆ। ਚੌਧਰੀ ਉਹਦੀ ਜ਼ਿੱਦ ਉੱਤੇ ਨੁਕਤਾਚੀਨੀ ਕਰਨ ਲੱਗੇ। ਚੌਧਰੀ ਮੁਨਸ਼ੀ ਉਹਦੇ ਕੋਠੇ ਵੱਲ ਦੇਖਦਾ ਹੋਇਆ ਬੋਲਿਆ:
"ਰੌਲਾ ਤਾਂ ਏਦਾਂ ਪਾਉਂਦਾ ਸੀ ਜਿੱਦਾਂ ਉਹਦਾ ਸੋਨੇ ਦਾ ਮਹਿਲ ਢਹਿ।।।"
ਅਜੇ ਉਹਨੇ ਆਪਣਾ ਵਾਕ ਵੀ ਪੂਰਾ ਨਹੀਂ ਸੀ ਕੀਤਾ ਕਿ ਤਕੀਏ ਵਿੱਚ ਟਾਹਲੀ ਦਾ ਇਕ ਹੋਰ ਦਰੱਖਤ ਤੜਾਕ ਤੜਾਕ ਦੀ ਅਵਾਜ਼ ਕਰਦਾ ਝੁਕਿਆ ਅਤੇ ਫਿਰ ਧੜਾਮ ਦੇਣੀ ਚੋਅ ਦੇ ਵਿੱਚ ਆ ਡਿੱਗਿਆ। ਹੜ ਦੇ ਵਹਾ ਵਿੱਚ ਉਹ ਖਿਸਕ ਖਿਸਕ ਕੇ ਦੂਸਰੇ ਦਰੱਖਤ ਦੇ ਨਾਲ ਆ ਲੱਗਿਆ। ਹੜ ਦਾ ਜ਼ੋਰ ਚਮਾਰਲ੍ਹੀ ਵੱਲ ਘੱਟ ਗਿਆ ਅਤੇ ਪਾਣੀ ਛੜੱਪੇ ਮਾਰਦਾ ਵੱਡੇ ਰਾਹ ਵਿੱਚ ਵਗਣ ਲੱਗਾ ਅਤੇ ਸਕੂਲ ਦੇ ਅੱਗਿਓਂ ਚੌਧਰੀ ਹਰਨਾਮ ਸਿੰਘ ਦੀ ਹਵੇਲੀ ਦੇ ਸਾਹਮਣਿਉਂ ਹੁੰਦਾ ਹੋਇਆ ਚੌਧਰੀਆਂ ਦੀਆਂ ਹਵੇਲੀਆਂ ਅਤੇ ਲਾਗਲੇ ਖੇਤਾਂ ਵਿੱਚ ਫੈਲਣ ਲੱਗਾ।
ਲੋਕਾਂ ਦੀ ਭੀੜ ਚਮਾਰਲੀ ਤੋਂ ਹੱਟ ਕੇ ਵੱਡੇ ਰਾਹ ਉੱਤੇ ਇਕੱਠੀ ਹੋ ਗਈ। ਪਾਣੀ ਦੀਆਂ ਲਹਿਰਾਂ ਅਤੇ ਛੋਟੇ ਛੋਟੇ ਭੰਵਰ ਦੇਖ ਕੇ ਚੌਧਰੀ ਡੂੰਘੀ ਸੋਚ ਵਿੱਚ ਪੈ ਗਏ।
"ਹੁਣ ਕੀ ਹੋਊ?" ਬੇਲਾ ਸਿੰਘ ਨੇ ਖੜ੍ਹੇ ਲੋਕਾਂ ਉੱਤੇ ਨਜ਼ਰ ਦੋੜਾਉਂਦਿਆਂ ਕਿਹਾ।
"ਹੋਣਾ ਕੀ ਆ? ਕੋਠੇ ਅਤੇ ਹਵੇਲੀਆਂ ਢਹਿ ਜਾਣਗੀਆਂ ਅਤੇ ਖੜੀ ਫਸਲ ਤਬਾਹ ਹੋ ਜਾਊਗੀ।" ਚੌਧਰੀ ਮੁਨਸ਼ੀ ਬੋਲਿਆ।
ਸਾਰੇ ਚੌਧਰੀ ਗੁਮਸੁੰਮ ਅਤੇ ਡਰੇ ਕੁੱਤੇ ਵਾਂਗ ਗੁਰਾਉਂਦੇ ਹੋਏ ਪਾਣੀ ਨੂੰ ਦੇਖ ਰਹੇ ਸਨ ਕਿ ਚੌਧਰੀ ਹਰਨਾਮ ਸਿੰਘ ਵੀ ਉੱਥੇ ਆ ਗਿਆ।
"ਚੌਧਰੀ ਅਨਰਥ ਹੋ ਗਿਆ। ਜੇ ਹੜ੍ਹ ਦਾ ਜ਼ੋਰ ਇਸ ਤਰ੍ਹਾਂ ਬਣਿਆ ਰਿਹਾ ਤਾਂ ਪਿੰਡ ਦਾ ਨਿਸ਼ਾਨ ਤੱਕ ਮਿੱਟ ਜਾਊਗਾ।"
ਚੌਧਰੀ ਹਰਨਾਮ ਸਿੰਘ ਸਾਹਮਣੇ ਵਧ ਰਹੇ ਪਾਣੀ ਵੱਲ ਦੇਖਣ ਲੱਗਾ। ਲਾਲੂ ਭਲਵਾਨ ਰੁਕ ਰੁਕ ਕੇ ਬੋਲਿਆ:
"ਪਿੰਡ ਜਾਂ ਫਸਲ ਵਿੱਚੋਂ ਸਿਰਫ ਇਕ ਨੂੰ ਹੀ ਬਚਾਇਆ ਜਾ ਸਕਦਾ।"
ਇਹ ਸੁਣ ਕੇ ਸਾਰੇ ਲੋਕ ਉਹਦੀ ਵੱਲ ਦੇਖਣ ਲੱਗੇ ਤਾਂ ਉਹ ਕੁਛ ਉੱਚੀ ਅਵਾਜ਼ ਵਿੱਚ ਬੋਲਿਆ:
"ਪਾਣੀ ਗਲ-ਗਲ ਤੱਕ ਆ ਗਿਆ ਹੈ। ਮੇਰੇ ਖਿਆਲ ਵਿੱਚ ਜੇ ਤਕੀਏ ਤੋਂ ਉੱਪਰ ਪਰਲੇ ਪਾਸੇ ਬੰਨ ਵੱਢ ਦਿੱਤਾ ਜਾਵੇ ਤਾਂ ਪਿੰਡ ਬੱਚ ਜਾਊਗਾ।"
ਬੰਨ ਵੱਢਣ ਦਾ ਸੁਝਾਅ ਸੁਣ ਕੇ ਕਈ ਚੌਧਰੀ ਗੁੱਸੇ ਵਿੱਚ ਬੋਲੇ:
"ਮੱਕੀ ਦੀ ਫਸਲ ਦਾ ਇਕ ਡੰਡਲ ਤੱਕ ਨਹੀਂ ਬਚੂਗਾ।"
"ਪਿੰਡ ਤਾਂ ਬੱਚ ਜਾਊ। ।।। ਫਸਲ ਤਾਂ ਹਰ ਦੂਜੇ-ਤੀਜੇ ਸਾਲ ਖਰਾਬ ਹੁੰਦੀ ਹੀ ਰਹਿੰਦੀ ਹੈ। ਕਦੇ ਜ਼ਿਆਦਾ ਮੀਂਹ ਨਾਲ, ਕਦੇ ਸੋਕੇ ਨਾਲ਼"
ਲਾਲੂ ਭਲਵਾਨ ਦਾ ਤਰਕ ਸੁਣ ਕੇ ਸਾਰੇ ਲੋਕ ਚੁੱਪ ਤਾਂ ਹੋ ਗਏ ਪਰ ਉਹਦੇ ਨਾਲ ਸਹਿਮਤ ਨਾ ਹੋਏ। ਉਹ ਗੁੰਮਸੁੰਮ ਖੜ੍ਹੇ ਹੜ੍ਹ ਨਾਲ ਹੋ ਰੀ ਤਬਾਹੀ ਨੂੰ ਘੂਰ-ਘੂਰ ਕੇ ਦੇਖ ਰਹੇ ਸਨ ਕਿ ਸਕੂਲ ਦੀ ਪੁਰਾਣੀ ਅਤੇ ਕਮਜ਼ੋਰ ਕੰਧ ਚਿੱਕੜ ਉੱਤੇ ਤਿਲਕੇ ਬੰਦੇ ਵਾਂਗ ਜ਼ਮੀਨ ਉੱਤੇ ਵਿਛ ਗਈ ਅਤੇ ਹੜ੍ਹ ਦਾ ਪਾਣੀ ਅੱਗੇ ਵੱਧਦਾ ਸਕੂਲ ਦੇ ਵਿਹੜੇ ਵਿੱਚ ਦਾਖਲ ਹੋ ਗਿਆ।
"ਜਿੰਨਾ ਜ਼ਿਆਦਾ ਚਿਰ ਲਾਉਗੇ ਉਨਾ ਜ਼ਿਆਦਾ ਹੀ ਨੁਕਸਾਨ ਕਰਵਾਉਗੇ। ਅਜੇ ਸਕੂਲ ਦੀ ਕੰਧ ਹੀ ਡਿੱਗੀ ਆ, ਥੋੜ੍ਹੇ ਚਿਰ 'ਚ ਕਿਸੇ ਦਾ ਕੋਠਾ ਬੈਠ ਜਾਊਗਾ।"
ਲਾਲੂ ਭਲਵਾਨ ਦੇ ਇਹ ਸ਼ਬਦ ਸੁਣ ਕੇ ਲੋਕ ਚੌਂਕ ਉੱਠੇ ਅਤੇ ਬੰਨ ਵੱਢਣ ਬਾਰੇ ਸਲਾਹ ਕਰਨ ਲੱਗੇ।
ਕੁਝ ਵਿਚਾਰ ਵਟਾਂਦਰੇ ਬਾਅਦ ਉਹਨਾਂ ਨੇ ਤਕੀਏ ਤੋਂ ਪਰ੍ਹੇ ਉਸ ਥਾਂ ਤੋਂ ਬੰਨ ਵੱਢਣ ਦਾ ਫੈਸਲਾ ਕੀਤਾ ਜਿੱਥੇ ਚੋਅ ਦੀ ਚੌੜਾਈ ਦੋ-ਢਾਈ ਜਰੀਬਾਂ ਸੀ। ਪਿੰਡ ਵੱਲ ਚੋਅ ਦੇ ਕੰਢੇ ਦੇ ਨੇੜੇ ਪਾਣੀ ਵਿੱਚ ਠਹਿਰਾ ਸੀ ਅਤੇ ਹੜ੍ਹ ਦਾ ਜ਼ੋਰ ਦੂਜੇ ਕੰਢੇ ਵੱਲ ਸੀ। ਉੱਥੋਂ ਅੱਗੇ ਆ ਕੇ ਚੋਅ ਤਕੀਏ ਵੱਲ ਮੁੜ ਆਉਂਦਾ ਸੀ।
ਸਾਰੇ ਲੋਕ ਗਲੀਆਂ ਵਿੱਚੀਂ ਹੁੰਦੇ ਹੋਏ ਕੁਛ ਹੀ ਚਿਰ ਵਿੱਚ ਉਸ ਥਾਂ ਉੱਤੇ ਪਹੁੰਚ ਗਏ ਜਿੱਥੇ ਪਰਲੇ ਕੰਢੇ ਤੋਂ ਬੰਨ ਨੂੰ ਵੱਢਣ ਦਾ ਫੈਸਲਾ ਕੀਤਾ ਗਿਆ ਸੀ। ਮੰਗੂ ਚੌਧਰੀ ਹਰਨਾਮ ਸਿੰਘ ਦੀ ਹਵੇਲੀ ਤੋਂ ਕਈ ਰੱਸੇ ਅਤੇ ਤਿੰਨ ਚਾਰ ਕਹੀਆਂ ਚੁੱਕ ਲਿਆਇਆ। ਚੌਧਰੀ ਹਰਨਾਮ ਸਿੰਘ, ਲਾਲੂ ਭਲਵਾਨ, ਬੇਲਾ ਸਿੰਘ ਜੱਟ, ਚੌਧਰੀ ਮੁਨਸ਼ੀ, ਚੌਧਰੀ ਫੱਤੂ, ਮਹਾਸ਼ਾ ਤੀਰਥ ਰਾਮ ਆਦਿ ਰੱਸੇ ਛੰਡਣ ਅਤੇ ਖਿੱਚ ਕੇ ਉਹਨਾਂ ਦੀ ਮਜ਼ਬੂਤੀ ਦੇਖਣ ਲੱਗੇ। ਇਹ ਕੰਮ ਖਤਮ ਕਰਕੇ ਉਹ ਸਾਰੇ ਇਧਰਲੇ ਕੰਢੇ ਸ਼ਾਂਤ ਅਤੇ ਪਰਲੇ ਕੰਢੇ ਉੱਤੇ ਠਾਠਾਂ ਮਾਰਦੇ ਹੋਏ ਪਾਣੀ ਨੂੰ ਦੇਖਣ ਲੱਗੇ।
"ਮੇਰਾ ਖਿਆਲ ਆ ਦੋ ਆਦਮੀ ਉਧਰ ਜਾਣ।" ਚੌਧਰੀ ਹਰਨਾਮ ਸਿੰਘ ਨੇ ਕਿਹਾ।
"ਦੋ ਭੇਜ ਦਿਉ।" ਲਾਲੂ ਭਲਵਾਨ ਨੇ ਜੁਆਬ ਦਿੱਤਾ।
"ਕੌਣ ਕੌਣ ਜਾਣਗੇ?"
ਚੌਧਰੀ ਮੁਨਸ਼ੀ ਨੇ ਉੱਥੇ ਖੜ੍ਹੇ ਨੌਜਵਾਨਾਂ ਉੱਤੇ ਨਿਗ੍ਹਾ ਮਾਰਦਿਆਂ ਕਿਹਾ। ਲਾਲੂ ਭਲਵਾਨ ਨੇ ਵੀ ਨੌਜਵਾਨਾਂ ਵੱਲ ਦੇਖਿਆ ਅਤੇ ਕਾਲੀ ਅਤੇ ਹਰਦੇਵ ਨੂੰ ਕੋਲ ਸੱਦ ਕੇ ਬੋਲਿਆ:
"ਕੀ ਤੁਸੀਂ ਦੋਨੋਂ ਚੋਅ ਪਾਰ ਜਾਉਗੇ?"
"ਜ਼ਰੂਰ ਜਾਵਾਂਗੇ।" ਦੋਹਾਂ ਨੇ ਉਤਸ਼ਾਹ ਨਾਲ ਉੱਤਰ ਦਿੱਤਾ।
ਚੌਧਰੀ ਹਰਨਾਮ ਸਿੰਘ ਨੇ ਹਰਦੇਵ ਨੂੰ ਕੱਪੜ੍ਹੇ ਲਾਹੁਣ ਲਈ ਕਿਹਾ।
"ਕਿਸੇ ਨੂੰ ਭੇਜ ਕੇ ਸਰੋਂ ਦਾ ਤੇਲ ਮੰਗਵਾ ਲਉ। ਤੇਲ ਮਲ ਕੇ ਪਾਣੀ ਵਿੱਚ ਵੜੋਗੇ ਤਾਂ ਖਾਜ ਤੋਂ ਬਚੇ ਰਹੋਗੇ। ਗੰਦੇ ਪਾਣੀ 'ਚ ਖਾਜ ਹੋਣ ਦਾ ਡਰ ਰਹਿੰਦਾ।"
"ਏਨਾ ਸਮਾਂ ਕਿੱਥੇ ਆ। ਖਾਜ ਹੋਣ ਲੱਗ ਪਊ ਤਾਂ ਬਾਅਦ 'ਚ ਇਲਾਜ ਕਰਾ ਲਵਾਂਗੇ।"
ਕਾਲੀ ਅਤੇ ਹਰਦੇਵ ਚੋਅ ਦੇ ਕੰਢੇ ਆ ਗਏ। ਸਾਰਿਆਂ ਨੇ ਰਲ ਕੇ ਉਹਨਾਂ ਦਿਆਂ ਲੱਕਾਂ ਨਾਲ ਰੱਸੇ ਲਪੇਟੇ ਅਤੇ ਉਹ ਦੋਵੇਂ ਪਰਮਾਤਮਾ ਦਾ ਨਾਂ ਲੈ ਕੇ ਚੋਅ ਵਿੱਚ ਵੜ ਗਏ। ਦੋਵੇਂ ਇਕ-ਦੂਜੇ ਦਾ ਹੱਥ ਫੜੀ ਹੌਲੀ ਹੌਲੀ ਅਤੇ ਸੰਭਲ ਸੰਭਲ ਕੇ ਕਦਮ ਚੁੱਕਦੇ ਅੱਗੇ ਵੱਧ ਰਹੇ ਸੀ। ਪਾਟ ਦੇ ਨੇੜੇ ਪਹੁੰਚ ਪਾਣੀ ਉਹਨਾਂ ਦੀ ਛਾਤੀ ਛਾਤੀ ਤੱਕ ਆ ਗਿਆ।
"ਰੱਸੇ ਮਜ਼ਬੂਤੀ ਨਾਲ ਫੜ ਲਉ।"
ਲਾਲੂ ਭਲਵਾਨ ਨੇ ਸਾਰਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਅਤੇ ਧੀਮੀ ਅਵਾਜ਼ ਵਿੱਚ ਅਰਦਾਸ ਕਰਨ ਲੱਗਾ।
ਪਾਟ ਦੇ ਕੋਲ ਪਹੁੰਚਦਿਆਂ ਹੀ ਪਾਣੀ ਉਹਨਾਂ ਦੇ ਗੱਲ ਗੱਲ ਆ ਗਿਆ। ਪਾਣੀ ਦਾ ਜ਼ੋਰ ਏਨਾ ਜ਼ਿਆਦਾ ਸੀ ਕਿ ਉਹਨਾਂ ਦੇ ਪੈਰ ਜ਼ਮੀਨ 'ਤੇ ਨਹੀਂ ਟਿਕ ਰਹੇ ਸਨ। ਹਰਦੇਵ ਅਤੇ ਕਾਲੀ ਨੇ ਇਕ ਦੂਜੇ ਨੂੰ ਬਹੁਤ ਮਜ਼ਬੂਤੀ ਨਾਲ ਫੜਿਆ ਹੋਇਆ ਸੀ। ਕਈ ਵਾਰ ਵੱਡੀਆਂ ਵੱਡੀਆਂ ਛੱਲਾਂ ਦਾ ਪਾਣੀ ਉਹਨਾਂ ਦੇ ਸਿਰ ਉੱਪਰੋਂ ਲੰਘ ਜਾਂਦਾ ਅਤੇ ਉਹ ਇਕ-ਅੱਧ ਪੱਲ ਲਈ ਲੋਕਾਂ ਦੀਆਂ ਨਜ਼ਰਾਂ ਤੋਂ ਉਹਲੇ ਹੋ ਜਾਂਦੇ। ਉਹ ਪਾਣੀ ਦੇ ਵਹਾ ਦੇ ਨਾਲ-ਨਾਲ ਖਿਸਕਦੇ ਹੋਏ ਬਹੁਤ ਹੌਲੀ ਹੌਲੀ ਅੱਗੇ ਵੱਧ ਰਹੇ ਸਨ। ਕੰਢੇ 'ਤੇ ਸਾਰੇ ਲੋਕ ਸਾਹ ਰੋਕੀ ਖੜ੍ਹੇ ਆਪਣੇ ਆਪਣੇ ਢੰਗ ਨਾਲ ਪਰਮਾਤਮਾ ਅੱਗੇ ਅਰਦਾਸ ਰਹੇ ਸਨ।
ਅਚਾਨਕ ਹੀ ਕਾਲੀ ਅਤੇ ਹਰਦੇਵ ਉਹਨਾਂ ਦੀਆਂ ਅੱਖਾਂ ਤੋਂ ਉਹਲੇ ਹੋ ਗਏ। ਉਹਨਾਂ ਦਾ ਖੂਨ ਖੁਸ਼ਕ ਹੋ ਗਿਆ ਅਤੇ ਸਾਹ ਜਿਵੇਂ ਗੱਲ ਵਿੱਚ ਅਟਕ ਗਿਆ ਸੀ। ਚੌਧਰੀ ਹਰਨਾਮ ਸਿੰਘ ਘਬਰਾਹਟ ਵਿੱਚ ਇਕਦਮ ਅੱਗੇ ਵੱਧ ਗਿਆ ਪਰ ਕੁਝ ਪਲਾਂ ਬਾਅਦ ਪਹਿਲਾਂ ਕਾਲੀ ਅਤੇ ਉਹਦੇ ਨਾਲ ਹੀ ਹਰਦੇਵ ਨਜ਼ਰ ਆ ਗਿਆ। ਕਾਲੀ ਨੇ ਹੱਥ ਚੁੱਕ ਕੇ ਉਹਨਾਂ ਨੂੰ ਇਸ਼ਾਰਾ ਕੀਤਾ ਤਾਂ ਸਾਰਿਆਂ ਨੇ ਲੰਮਾ ਸਾਹ ਲਿਆ।
ਕੁਛ ਦੇਰ ਬਾਅਦ ਕਾਲੀ ਬੰਨ ਉੱਤੇ ਚੜ੍ਹ ਗਿਆ ਅਤੇ ਉਹਨੇ ਹਰਦੇਵ ਦਾ ਹੱਥ ਫੜ੍ਹ ਕੇ ਉਹਨੂੰ ਵੀ ਉੱਪਰ ਖਿੱਚ ਲਿਆ। ਦੂਸਰੇ ਬੰਨ ਉੱਤੇ ਖੜ੍ਹੇ ਲੋਕਾਂ ਨੇ ਤਾੜੀਆਂ ਵਜਾਈਆਂ। ਕੁਝ ਜੋਸ਼ ਵਿੱਚ ਆ ਕੇ ਬੱਕਰੇ ਬੁਲਾਉਣ ਲੱਗੇ।
ਚੌਧਰੀ ਹਰਨਾਮ ਸਿੰਘ ਦੇ ਪੀਲੇ ਚਿਹਰੇ ਉੱਤੇ ਇਕ ਵਾਰ ਫਿਰ ਸੁਰਖੀ ਝਲਕਣ ਲੱਗੀ। ਲਾਲੂ ਭਲਵਾਨ ਨੇ ਇਕ ਰੱਸੇ ਦੇ ਨਾਲ ਦੋ ਕਹੀਆਂ ਬੰਨ ਦਿੱਤੀਆਂ ਅਤੇ ਉਹਦੀ ਗੰਢ ਉਸ ਰੱਸੇ ਨਾਲ ਬੰਨ ਦਿੱਤੀ ਜਿਹਦਾ ਇਕ ਸਿਰਾ ਕਾਲੀ ਦੇ ਲੱਕ ਦੁਆਲੇ ਲਪੇਟਿਆ ਹੋਇਆ ਸੀ। ਕਾਲੀ ਨੇ ਦੋਵੇਂ ਕਹੀਆਂ ਚੁੱਕ ਕੇ ਕਾਲੀ ਨੂੰ ਦਿਖਾਲੀਆਂ ਅਤੇ ਪਾਣੀ ਵਿੱਚ ਸੁੱਟ ਕੇ ਕੇ ਉਹਨੂੰ ਰੱਸਾ ਖਿੱਚਣ ਦਾ ਇਸ਼ਾਰਾ ਕੀਤਾ। ਕਾਲੀ ਰੱਸਾ ਖਿੱਚ ਕੇ ਕਹੀਆਂ ਆਪਣੇ ਪਾਸੇ ਲੈ ਆਇਆ। ਉਹਨੇ ਇਕ ਕਹੀ ਆਪਣੇ ਕੋਲ ਰੱਖ ਲਈ ਅਤੇ ਦੂਜੀ ਹਰਦੇਵ ਨੂੰ ਦੇ ਦਿੱਤੀ।
ਕਾਲੀ ਕਹੀ ਚੁੱਕ ਕੇ ਦੂਜੇ ਕੰਢੇ ਵੱਲ ਦੇਖਣ ਲੱਗਾ। ਚੌਧਰੀ ਹਰਨਾਮ ਸਿੰਘ ਮੂੰਹ ਦੁਆਲੇ ਦੋਵੇਂ ਹੱਥ ਰੱਖ ਕੇ ਉੱਚੀ ਅਵਾਜ਼ ਵਿੱਚ ਬੋਲਿਆ:
"ਥੋੜ੍ਹਾ ਅੱਗੇ ਜਾ ਕੇ ਬੰਨ ਵੱਢੋ।"
ਕਾਲੀ ਕਹੀ ਲੈ ਕੇ ਉਸ ਥਾਂ ਉੱਤੇ ਜਾ ਕੇ ਰੁਕ ਗਿਆ ਅਤੇ ਦੂਜੇ ਕੰਢੇ ਵੱਲ ਦੇਖਣ ਲੱਗਾ। ਚੌਧਰੀ ਹਰਨਾਮ ਸਿੰਘ ਨੇ ਉਹਨੂੰ ਥੋੜ੍ਹਾ ਹੋਰ ਅੱਗੇ ਵਧਣ ਦਾ ਇਸ਼ਾਰਾ ਕੀਤਾ। ਫਿਰ ਦੋ ਕਦਮ ਪਿੱਛੇ ਹਟਣ ਦਾ ਇਸ਼ਾਰਾ ਕੀਤਾ। ਜਦੋਂ ਕਾਲੀ ਉੱਥੇ ਪਹੁੰਚ ਕੇ ਉਹਦੀ ਵੱਲ ਦੇਖਣ ਲੱਗਾ ਤਾਂ ਉਹਨੇ ਦੋਹਾਂ ਹੱਥਾਂ ਦੀਆਂ ਮੁੱਠੀਆਂ ਮੀਟ ਕੇ ਬੰਨ ਵੱਢਣ ਦਾ ਇਸ਼ਾਰਾ ਕੀਤਾ।
ਉਹ ਦੋਵੇਂ ਸ਼ਰਤ ਲਾ ਕੇ ਕਹੀਆਂ ਵਾਹੁਣ ਲੱਗੇ। ਦੂਜੇ ਬੰਨ ਉੱਤੇ ਖੜ੍ਹੇ ਲੋਕ ਉਹਨਾਂ ਦਾ ਹੌਂਸਲਾ ਵਧਾ ਰਹੇ ਸਨ। ਅੱਧੇ ਘੰਟੇ ਤੱਕ ਕਹੀਆਂ ਵਾਹੁਣ ਬਾਅਦ ਕਾਲੀ ਅਤੇ ਹਰਦੇਵ ਨੇ ਬੰਨ ਵਿੱਚ ਏਨਾ ਟੱਕ ਲਾ ਦਿੱਤਾ ਕਿ ਉਹਦੇ ਵਿੱਚ ਦੀ ਪਾਣੀ ਵਗਣ ਲੱਗਾ। ਖੇਤਾਂ ਵਿੱਚ ਡਿੱਗਦਾ ਪਾਣੀ ਬੰਨ ਦੀ ਮਿੱਟੀ ਨੂੰ ਰੋੜਨ ਲੱਗਾ। ਕਾਲੀ ਕਹੀ ਨਾਲ ਟੱਕ ਦਾ ਮੂੰਹ ਚੌੜਾ ਅਤੇ ਡੂੰਘਾ ਕਰਦਾ ਰਿਹਾ।
ਕੋਈ ਅੱਧੇ ਘੰਟੇ ਬਾਅਦ ਅੱਧਾ ਗਜ਼ ਚੌੜਾ ਟੱਕ ਤਿੰਨ ਗਜ਼ ਚੌੜਾ ਹੋ ਗਿਆ ਅਤੇ ਉਹਦੀ ਹੱਥ-ਡੇਢ ਹੱਥ ਡੂੰਘਾਈ ਬੰਨ ਦੀ ਨੀਂਹ ਤੱਕ ਜਾ ਪਹੁੰਚੀ। ਚੋਅ ਦਾ ਜ਼ਿਆਦਾ ਪਾਣੀ ਟੱਕ ਥਾਣੀ ਹੁੰਦਾ ਹੋਇਆ ਖੇਤਾਂ ਵਿੱਚ ਪੈ ਰਿਹਾ ਸੀ। ਟੱਕ ਵਿੱਚ ਮਿੱਟੀ ਦੇ ਵੱਡੇ ਵੱਡੇ ਢੇਲੇ ਡਿੱਗਦੇ ਤਾਂ ਚੌਧਰੀ ਮੂੰਹ ਦੂਜੇ ਪਾਸੇ ਕਰ ਲੈਂਦੇ। ਦੂਜੇ ਕੰਢੇ ਦੇ ਨਾਲ ਨਾਲ ਪਾਣੀ ਉਤਰ ਰਿਹਾ ਸੀ। ਤਕੀਏ ਦੇ ਕੋਲ ਵੀ ਪਾਣੀ ਦਾ ਜ਼ੋਰ ਪਹਿਲਾਂ ਨਾਲੋਂ ਘੱਟ ਗਿਆ। ਇਕ ਘੰਟੇ ਵਿੱਚ ਪਿੰਡ ਦੇ ਬਰਾਬਰ ਚੋਅ ਵਿੱਚ ਹੱਥ-ਡੇਢ ਹੱਥ ਪਾਣੀ ਉਤਰ ਗਿਆ।
ਦੂਜੇ ਕੰਢੇ ਤੋਂ ਲਾਲੂ ਭਲਵਾਨ ਨੇ ਕਾਲੀ ਨੂੰ ਅਵਾਜ਼ ਦਿੱਤੀ ਕਿ ਉਹ ਰੱਸੇ ਨਾਲ ਕਹੀਆਂ ਬੰਨ ਦੇਵੇ। ਕਾਲੀ ਵੱਲੋਂ ਅਜਿਹਾ ਕਰਨ ਬਾਅਦ ਭਲਵਾਨ ਨੇ ਰੱਸਾ ਖਿੱਚ ਲਿਆ। ਇਹਦੇ ਬਾਅਦ ਹਰਦੇਵ ਅਤੇ ਕਾਲੀ ਪਾਣੀ ਵਿੱਚ ਵੜ ਗਏ। ਪਹਿਲਾਂ ਜਿੱਥੇ ਪਾਣੀ ਵਿੱਚ ਉਹ ਨਜ਼ਰ ਨਹੀਂ ਸੀ ਆਉਂਦੇ ਉੱਥੇ ਹੁਣ ਪਾਣੀ ਉਹਨਾਂ ਦੀ ਛਾਤੀ ਤੱਕ ਰਹਿ ਗਿਆ ਸੀ। ਉਹ ਦੋਵੇਂ ਇਕ-ਦੂਜੇ ਦਾ ਹੱਥ ਫੜੀ ਅਸਾਨੀ ਨਾਲ ਚੋਅ ਪਾਰ ਕਰਕੇ ਦੂਜੇ ਕੰਢੇ ਪਹੁੰਚ ਗਏ।
ਦਿਨ ਢਲੇ ਬੱਦਲ ਪਾਟ ਗਏ। ਜਦੋਂ ਕਦੇ ਬੱਦਲਾਂ ਦੇ ਉਹਲਿਉਂ ਸੂਰਜ ਬਾਹਰ ਆਉਂਦਾ ਤਾਂ ਧੁੱਪ ਵਿੱਚ ਦਰੱਖਤਾਂ ਦੇ ਗਿੱਲੇ ਪੱਤੇ, ਗਿੱਲੇ ਮਕਾਨ, ਚਾਰੇ ਪਾਸੀਂ ਫੈਲਿਆ ਮਿੱਟੀ-ਰੰਗਾ ਪਾਣੀ ਸਾਰੇ ਚਮਕਣ ਲੱਗਦੇ। ਪੂਰਵ ਵਿੱਚ ਅਸਮਾਨ ਬਿਲਕੁਲ ਸਾਫ ਹੋ ਗਿਆ ਤਾਂ ਪੱਛਮ ਵਿੱਚ ਜਾ ਰਹੇ ਸੂਰਜ ਦੀ ਰੌਸ਼ਨੀ ਵਿੱਚ ਮੀਂਹ ਨਾਲ ਧੋਤੀਆਂ ਹੋਈਆਂ ਸ਼ਿਵਾਲਕ ਦੀਆਂ ਪਹਾੜੀਆਂ ਬਹੁਤ ਹੀ ਸੁਹਣੀਆਂ ਲੱਗਣ ਲੱਗੀਆਂ। ਏਦਾਂ ਲੱਗਦਾ ਸੀ ਕਿ ਉਹ ਵੀ ਚੋਅ ਦੇ ਪਾਣੀ ਵਿੱਚ ਰੁੜ ਕੇ ਨੇੜੇ ਖਿਸਕ ਆਈਆਂ ਹੋਣ। ਡੁੱਬਦੇ ਸੂਰਜ ਦੀਆਂ ਕਿਰਨਾਂ ਵਿੱਚ ਅਸਮਾਨ ਉੱਤੇ ਤਰਦੇ ਬੱਦਲਾਂ ਦੇ ਅਵਾਰਾ ਟੁੱਕੜੇ, ਸ਼ਿਵਾਲਕ ਦੀਆਂ ਪਹਾੜੀਆਂ, ਉਹਨਾਂ ਤੋਂ ਬਹੁਤ ਪਿੱਛੇ ਹਿਮਾਲੀਆ ਦੀਆਂ ਉੱਚੀਆਂ ਬਰਫਾਨੀ ਚੋਟੀਆਂ ਸਾਰੀਆਂ ਸੁੰਦਰ ਅਤੇ ਸੁਨਹਿਰੀ ਨਜ਼ਰ ਆ ਰਹੀਆਂ ਸਨ। ਪੰਛੀ ਤਿੰਨ ਦਿਨ ਤੱਕ ਆਪਣੇ ਆਲ੍ਹਣਿਆਂ ਵਿੱਚ ਬੰਦ ਰਹਿਣ ਦੇ ਬਾਅਦ ਚਾਰੀਂ ਪਾਸੀਂ ਉੱਡ ਰਹੇ ਸਨ। ਚਿੜੀਆਂ ਚੋਅ ਦੇ ਪਾਣੀ ਵਿੱਚ ਨਹਾ ਕੇ ਬੰਨ ਜਾਂ ਕਿਸੇ ਦਰੱਖਤ ਦੀ ਟਾਹਣੀ ਉੱਤੇ ਬੈਠ ਕੇ ਪਰ ਫੜਫੜਾ ਰਹੀਆਂ ਸਨ।
ਪਿੰਡ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀ ਜਿਵੇਂ ਉਹ ਕਿਸੇ ਬਹੁਤ ਵੱਡੀ ਆਫਤ ਤੋਂ ਬੱਚ ਗਿਆ ਹੋਵੇ। ਚੋਅ ਦੇ ਪਾਰੋਂ ਆਪਣਿਆਂ ਕੋਠਿਆਂ ਵਿੱਚੋਂ ਬਾਜੀਗਰ, ਉਹਨਾਂ ਦੀਆਂ ਤੀਵੀਂਆਂ ਅਤੇ ਬੱਚੇ ਪਿੰਡ ਆਏ ਤਾਂ ਲੋਕਾਂ ਨੇ ਉਹਨਾਂ ਦਾ ਏਦਾਂ ਸਵਾਗਤ ਕੀਤਾ ਜਿਵੇਂ ਉਹ ਮੌਤ ਦੇ ਮੂੰਹ ਵਿੱਚੋਂ ਨਿਕਲ ਕੇ ਆਏ ਹੋਣ। ਜ਼ਿਆਦਾ ਚੌਧਰੀ ਚੋਅ ਦੇ ਪਾਰ ਆਪਣੀ ਫਸਲ ਦੇਖਣ ਲਈ ਖੇਤਾਂ ਵਿੱਚ ਚਲੇ ਗਏ।
ਸਾਰੇ ਲੋਕ ਮੀਂਹ ਅਤੇ ਹੱੜ ਨਾਲ ਹੋਣ ਵਾਲੇ ਨੁਕਸਾਨ ਦਾ ਲੇਖਾ-ਜੋਖਾ ਕਰਦੇ ਹੋਏ ਡੱਡੂਆਂ ਦੇ ਬਹੁਤ ਜ਼ਿਆਦਾ ਰੌਲੇ ਦੇ ਬਾਵਜੂਦ ਰਾਤ ਨੂੰ ਡੂੰਘੀ ਨੀਂਦ ਸੌਂ ਗਏ।
--------ਚਲਦਾ--------