ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 22 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


40

ਬੰਨ ਤੋਂ ਚੌਧਰੀ, ਮਹਾਸ਼ੇ ਦੀ ਦੁਕਾਨ 'ਤੇ ਆ ਗਏ। ਉਹ ਗੁੱਸੇ ਵਿੱਚ ਜੋ ਮੂੰਹ ਆਇਆ ਉਹ ਬੋਲੀ ਜਾ ਰਹੇ ਸਨ ਪਰ ਉਹਨਾਂ ਵਿੱਚੋਂ ਕਿਸੇ ਦਾ ਵੀ ਦਿਮਾਗ ਸਾਫ ਨਹੀਂ ਸੀ ਕਿ ਨਵੀਂ ਹਾਲਤ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ। ਮਹਾਸ਼ਾ ਤੀਰਥ ਰਾਮ ਚੌਧਰੀਆਂ ਨੂੰ ਹੋਰ ਵੀ ਭੜਕਾ ਰਿਹਾ ਸੀ ਅਤੇ ਛੱਜੂ ਸ਼ਾਹ ਇਸ ਵਿਚਾਰ ਵਿੱਚ ਲੀਨ ਸੀ ਕਿ ਉਹ ਇਸ ਹਾਲਤ ਤੋਂ ਕਿਵੇਂ ਫਾਇਦਾ ਉਠਾ ਸਕਦਾ ਹੈ। ਡਾਕਟਰ ਵਿਸ਼ਨਦਾਸ ਬਹੁਤ ਜੋਸ਼ ਵਿੱਚ ਸੀ ਅਤੇ ਹੁੱਕੇ ਦੀ ਨਾੜ ਨੂੰ ਮੂੰਹ ਤੋਂ ਲਾਹ ਕੇ ਉਸ ਵੇਲੇ ਹੀ ਦੁਬਾਰਾ ਮੂੰਹ ਨੂੰ ਲਾ ਲੈਂਦਾ।
ਛੱਜੂ ਸ਼ਾਹ ਨੇ ਲਾਲੂ ਭਲਵਾਨ ਨੂੰ ਚੁੱਪ ਦੇਖਿਆ ਤਾਂ ਨੇੜੇ ਜਾ ਕੇ ਉਹਦੇ ਕੰਨ ਵਿੱਚ ਬੋਲਿਆ:
"ਭਲਵਾਨ ਜੀ, ਤੁਸੀਂ ਕਿਉਂ ਚੁੱਪ ਹੋ?"
"ਮੈਂ ਕੀ ਕਹਾਂ। ਇਹ ਲੋਕ ਹਵਾ ਵਿੱਚ ਡਾਂਗਾ ਮਾਰ ਰਹੇ ਹਨ।" ਛੱਜੂ ਸ਼ਾਹ ਬੁੱਲਾਂ ਵਿੱਚ ਮੁਸਕਰਾਇਆ ਅਤੇ ਇਸ ਇੰਤਜ਼ਾਰ ਵਿੱਚ ਬੈਠ ਗਿਆ ਕਿ ਚੌਧਰੀ ਚੁੱਪ ਹੋਣ ਤਾਂ ਉਹ ਗੱਲ ਕਰੇ।
ਸ਼ੋਰ-ਸ਼ਰਾਬਾ ਕੁੱਝ ਘੱਟ ਹੁੰਦਾ ਤਾਂ ਕੋਈ ਹੋਰ ਚੌਧਰੀ ਉੱਥੇ ਆ ਜਾਂਦਾ ਅਤੇ ਨਵੇਂ ਸਿਰੇ ਤੋਂ ਗਾਲੀ-ਗਲੋਚ ਸ਼ੁਰੂ ਹੋ ਜਾਂਦਾ। ਉੱਥੇ ਏਨੇ ਲੋਕ ਇਕੱਠੇ ਹੋ ਗਏ ਕਿ ਮਹਾਸ਼ੇ ਦੀ ਦੁਕਾਨ ਦੇ ਥੜ੍ਹੇ ਉੱਤੇ ਤਿਲ ਸਿੱਟਣ ਨੂੰ ਥਾਂ ਨਾ ਰਹੀ। ਹਰ ਇਕ ਆਦਮੀ ਚਮਾਰਾਂ ਨੂੰ ਤਹਿਸ ਨਹਿਸ ਕਰਨ ਦੀ ਗੱਲ ਕਰ ਰਿਹਾ ਸੀ। ਉਹਨਾਂ ਨੂੰ ਸਜ਼ਾ ਦੇਣ ਦੇ ਨਵੇਂ ਤਰੀਕਿਆਂ ਦਾ ਸੁਝਾਅ ਦੇ ਰਿਹਾ ਸੀ।
ਲਾਲੂ ਭਲਵਾਨ ਉੱਠ ਕੇ ਖੜ੍ਹ ਗਿਆ ਅਤੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਹੋਇਆ ਉੱਚੀ ਪਰ ਠਰ੍ਹਮੇ ਭਰੀ ਅਵਾਜ਼ ਵਿੱਚ ਬੋਲਿਆ:
"ਮੇਰੀ ਗੱਲ ਮੰਨੋ ਤਾਂ ਚਮਾਰਾਂ ਨੂੰ ਸੱਦ ਕੇ ਮਾਮਲਾ ਰਫਾ-ਦਫਾ ਕਰ ਦਿਉ। ਟੋਕਰੀ 'ਚੋਂ ਡੁੱਲ੍ਹੇ ਬੇਰਾਂ ਦਾ ਅਜੇ ਕੁਛ ਨਹੀਂ ਵਿਗੜਿਆ। ਉਹਨਾਂ ਦਾ ਤੁਹਾਡੇ ਬਿਨਾਂ ਗੁਜ਼ਾਰਾ ਨਹੀਂ ਅਤੇ ਤੁਹਾਡਾ ਉਹਨਾਂ ਬਿਨਾਂ ਗੁਜ਼ਾਰਾ ਨਹੀਂ।" 
ਲਾਲੂ ਭਲਵਾਨ ਦੀ ਅਵਾਜ਼ ਬਦਲੇ ਦੀਆਂ ਗੁੱਸੇ ਭਰੀਆਂ ਅਵਾਜ਼ਾਂ 'ਚ ਗੁਆਚ ਗਈ। ਚੌਧਰੀ ਇਕ ਵਾਰ ਫਿਰ ਭੜਕ ਪਏ। ਛੱਜੂ ਸ਼ਾਹ ਇਸ ਮੌਕੇ ਨੂੰ ਠੀਕ ਸਮਝ ਕੇ ਬੋਲਿਆ:
"ਚੌਧਰੀਓ, ਮਾਮਲਾ ਤੁਹਾਡਾ ਅਤੇ ਚਮਾਰਾਂ ਦਾ ਹੈ। ਮੈਨੂੰ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਪਰ ਮੈਂ ਏਨਾ ਜ਼ਰੂਰ ਕਹੂੰਗਾ ਕਿ ਗੁੱਸੇ ਨੂੰ ਥੁੱਕ ਕੇ ਅਤੇ ਕ੍ਰੋਧ ਨੂੰ ਛੱਡ ਕੇ ਇਹ ਸੋਚੋ ਕਿ ਅੱਗੇ ਕੀ ਕਰਨਾ ਹੈ?"
ਛੱਜੂ ਸ਼ਾਹ ਦੀ ਗੱਲ ਸੁਣ ਕੇ ਚੌਧਰੀ ਹੋਰ ਵੀ ਜ਼ਿਆਦਾ ਭੜਕ ਪਏ ਅਤੇ ਬਹੁਤ ਸਾਰੇ ਲੋਕ ਇਕੱਠੇ ਬੋਲਣ ਲੱਗੇ। 
ਚੌਧਰੀ ਹਰਨਾਮ ਸਿੰਘ ਨੇ ਉਹਨਾਂ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ ਅਤੇ ਇਕ ਇਕ ਸ਼ਬਦ ਉੱਤੇ ਜ਼ੋਰ ਦਿੰਦਾ ਬੋਲਿਆ:
"ਛੱਜੂ ਸ਼ਾਹ ਠੀਕ ਕਹਿੰਦਾ। ਇਸ ਤਰ੍ਹਾਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਹੁਣ ਇਹ ਸੋਚੋ ਕਿ ਚਮਾਰਾਂ ਨੂੰ ਸਜ਼ਾ ਕੀ ਦੇਣੀ ਹੈ।"
ਚੌਧਰੀ ਹਰਨਾਮ ਸਿੰਘ ਨੇ ਆਪਣੀ ਗੱਲ ਖਤਮ ਕਰਕੇ ਲਾਲੂ ਭਲਵਾਨ ਵੱਲ ਦੇਖਿਆ ਤਾਂ ਉਹ ਗੰਭੀਰ ਅਵਾਜ਼ ਵਿੱਚ ਬੋਲਿਆ:
"ਮੇਰੀ ਮੰਨੋ ਤਾਂ ਚਮਾਰਾਂ ਨੂੰ ਸੱਦ ਕੇ ਮਾਮਲਾ ਰਫਾ-ਦਫਾ ਕਰ ਦਿਉ। ਮੇਰੇ ਉਸਤਾਦ ਨੇ ਇਹ ਹੀ ਸਿਖਾਇਆ ਕਿ ਝਗੜੇ ਨੂੰ ਵਧਾਉਣਾ ਨਹੀਂ ਚਾਹੀਦਾ, ਸਗੋਂ ਘਟਾਉਣਾ ਚਾਹੀਦਾ।"
ਚੌਧਰੀ ਰੌਲਾ ਪਾ ਰਹੇ ਸਨ ਕਿ ਘੜੱਮ ਚੌਧਰੀ ਉੱਥੇ ਆ ਗਿਆ ਅਤੇ ਉਹਨਾਂ ਸਾਰਿਆਂ ਨੂੰ ਰੌਲਾ ਪਾਉਂਦਿਆਂ ਦੇਖ ਕੇ ਬੋਲਿਆ:
"ਕੀ ਹੋ ਗਿਆ ਜੋ ਕਾਵਾਂ ਵਾਂਗੂ ਕਾਵਾਂਰੌਲੀ ਪਾ ਰਹੇ ਹੋ?"
"ਚੌਧਰੀ, ਚਮਾਰਾਂ ਨਾਲ ਝਗੜਾ ਹੋ ਗਿਆ।" ਮਹਾਸ਼ੇ ਨੇ ਕਿਹਾ।
"ਤਾਂ ਥਾਣੇ ਜਾ ਕੇ ਰਪਟ ਦਰਜ਼ ਕਰਾਉ, ਇੱਥੇ ਕਿਉਂ ਬੈਠੇ ਹੋ?" ਘੜੰਮ ਚੌਧਰੀ ਸਾਰਿਆਂ ਉੱਤੇ ਉੱਡਦੀ ਉੱਡਦੀ ਨਜ਼ਰ ਮਾਰ ਕੇ ਬੋਲਿਆ:
"ਤੁਹਾਡੇ ਨਾਲ ਤੁਹਾਡੇ ਪਿੰਡ ਦੇ ਚਮਾਰ ਹੀ ਲੜਨ ਲੱਗੇ ਤਾਂ ਬਾਕੀ ਪਿੰਡਾਂ ਦੇ ਜੱਟ ਤੁਹਾਨੂੰ ਕੱਚਾ ਹੀ ਖਾ ਜਾਣਗੇ।"
ਘੜੰਮ ਚੌਧਰੀ ਦੀ ਗੱਲ ਸੁਣ ਕੇ ਲੋਕ ਇਕ ਵਾਰ ਫਿਰ ਉਤੇਜਿਤ ਹੋ ਗਏ। ਚੌਧਰੀ ਮੁਨਸ਼ੀ ਵੀ ਸਵੇਰ ਦਾ ਬੋਲ ਬੋਲ ਕੇ ਥੱਕ ਗਿਆ ਸੀ। ਉਹ ਗਲ ਸਾਫ ਕਰਦਾ ਹੋਇਆ ਬੋਲਿਆ:
"ਖੇਤਾਂ 'ਚ ਜਾਣ, ਘਾਹ ਖੋਤਣ ਅਤੇ ਪਿੰਡ ਦੀਆਂ ਗਲੀਆਂ 'ਚ ਆਉਣ ਜਾਣ ਤੋਂ ਮਨਾਹੀ ਕਰ ਦਿਉ।"
"ਅੱਜ ਤੋਂ ਕੋਈ ਆਦਮੀ ਉਹਨਾਂ ਨੂੰ ਆਪਣੇ ਘਰ ਨਾ ਆਉਣ ਦੇਵੇ। ਉਹਨਾਂ ਤੋਂ ਕੋਈ ਕੰਮ ਨਾ ਕਰਾਵੇ। ਸਾਲਿਆਂ ਨੂੰ ਦੋ ਦਿਨ ਫਾਕੇ ਕੱਟਣੇ ਪੈ ਗਏ ਤਾਂ ਮਾਪੇ ਯਾਦ ਆ ਜਾਣਗੇ।" ਚੌਧਰੀ ਹਰਨਾਮ ਸਿੰਘ ਨੇ ਕਿਹਾ।
"ਉਹਨਾਂ ਦਾ ਚਮ੍ਹਾਰਲੀ ਤੋਂ ਬਾਹਰ ਆਉਣਾ ਜਾਣਾ ਬੰਦ ਕਰ ਦਿਉ। ਏਦਾਂ ਦੀ ਨਾਕਾ-ਬੰਦੀ ਕਰੋ ਕਿ ਸਾਲਿਆਂ ਨੂੰ ਟੱਟੀ-ਪਿਸ਼ਾਬ ਜਾਣ ਨੂੰ ਜਗ੍ਹਾ ਨਾ ਲੱਭੇ।" ਬੇਲਾ ਸਿੰਘ ਨੇ ਸੁਝਾਅ ਦਿੱਤਾ।
"ਤੁਸੀਂ ਉਹਨਾਂ ਨੂੰ ਚੋਅ ਅਤੇ ਵੱਡੇ ਰਾਹ 'ਤੇ ਆਉਣ ਜਾਣ ਤੋਂ ਨਹੀਂ ਰੋਕ ਸਕਦੇ। ਏਦਾਂ ਕਰਨਾ ਜ਼ੁਰਮ ਹੈ।" ਘੜੰਮ ਚੌਧਰੀ ਨੇ ਕਿਹਾ।
ਛੱਜੂ ਸ਼ਾਹ ਚੌਧਰੀਆਂ ਨੂੰ ਫੈਸਲਾ ਕਰਦੇ ਦੇਖ ਕੇ ਬੋਲਿਆ, "ਤੁਸੀਂ ਤਾਂ ਚਮਾਰਾਂ ਦੇ ਬਾਈਕਾਟ ਦਾ ਫੈਸਲਾ ਕਰ ਲਿਆ ਹੈ ਪਰ ਸਾਡੇ ਬਾਰੇ 'ਚ ਕੀ ਸੋਚਿਆ। ਤੁਸੀਂ ਉਹਨਾਂ ਨੂੰ ਬਾਹਰ ਨਾ ਨਿਕਲਣ ਦਿਉਗੋ ਤਾਂ ਸਾਡੇ ਡੰਗਰ ਭੁੱਖੇ ਮਰ ਜਾਣਗੇ। ਅਸੀਂ ਉਹਨਾਂ ਨੂੰ ਪੱਠੇ ਕਿੱਥੋਂ ਪਾਵਾਂਗੇ। ਅਸੀਂ ਆਪਣੀ ਦੁਕਾਨਦਾਰੀ ਕਰਾਂਗੇ ਜਾਂ ਡੰਗਰਾਂ ਲਈ ਘਾਹ ਖੋਤਦੇ ਫਿਰਾਂਗੇ।" ਛੱਜੂ ਸ਼ਾਹ ਨੇ ਮਹਾਸ਼ੇ ਵੱਲ ਦੇਖਦਿਆਂ ਕਿਹਾ। 
"ਛੱਜੂ ਸ਼ਾਹ ਬਿਲਕੁਲ ਠੀਕ ਕਹਿੰਦਾ। ਤੁਹਾਡੇ ਦੋਹਾਂ ਧਿਰਾਂ ਦੀ ਲੜਾਈ 'ਚ ਸਾਡੇ ਡੰਗਰ ਭੁੱਖੇ ਮਰ ਜਾਣਗੇ।" ਮਹਾਸ਼ਾ ਬੋਲਿਆ।
ਚੌਧਰੀ ਜੋਸ਼ ਵਿੱਚ ਸਨ। ਬੇਲਾ ਸਿੰਘ ਨੇ ਛੱਜੂ ਸ਼ਾਹ ਨੂੰ ਕਿਹਾ ਕਿ ਉਹ ਆਪਣੀ ਮੱਝ ਲਈ ਉਹਦੇ ਖੇਤ ਵਿੱਚੋਂ ਬਰਸੀਨ ਵੱਢ ਲਿਆਇਆ ਕਰੇ। ਜਿਸ ਦਿਨ ਉਹ ਨਾ ਜਾ ਸਕੂਗਾ ਉਹਦਾ ਮੁੰਡਾ ਬਰਸੀਨ ਦੀ ਪੰਡ ਸੁੱਟ ਜਾਇਆ ਕਰੂਗਾ। ਚੌਧਰੀ ਹਰਨਾਮ ਸਿੰਘ ਨੇ ਮਹਾਸ਼ੇ ਲਈ ਅਜਿਹਾ ਹੀ ਪ੍ਰਬੰਧ ਕਰ ਦਿੱਤਾ ਤਾਂ ਛੱਜੂ ਸ਼ਾਹ ਅਤੇ ਮਹਾਸ਼ਾ ਚਮਾਰਾਂ ਨੂੰ ਗਾਲ੍ਹਾਂ ਕੱਢਦੇ ਹੋਏ ਚੌਧਰੀਆਂ ਨੂੰ ਤਾਕੀਦ ਕਰਨ ਲੱਗੇ ਕਿ ਉਹਨਾਂ ਨੂੰ ਅਜਿਹਾ ਸਬਕ ਸਿਖਾਉਣ ਕਿ ਉਹ ਭਵਿੱਖ ਵਿੱਚ ਉਹਨਾਂ ਦੇ ਸਾਹਮਣੇ ਅੱਖ ਚੁੱਕਣ ਦਾ ਹੀਆਂ ਨਾ ਕਰ ਸਕਣ।
ਡਾਕਟਰ ਵਿਸ਼ਨਦਾਸ ਹੁਣ ਤੱਕ ਹੁੱਕੇ ਨਾਲ ਚਿੰਬੜਿਆ ਹੋਇਆ ਸੀ। ਮਹਾਸ਼ੇ ਨੇ ਹੁੱਕੇ ਦੀ ਨਾੜ ਉਹਦੇ ਹੱਥੋਂ ਖਿੱਚਦਿਆਂ ਕਿਹਾ:
"ਤੂੰ ਤਾਂ ਹੁੱਕੇ ਦੇ ਨਾਲ ਹੀ ਚਿੰਬੜ ਗਿਆਂ।"
ਇਸ ਗੱਲ ਉੱਤੇ ਹਲਕੀ ਜਿਹੀ ਹਾਸੜ ਮੱਚ ਗਈ ਅਤੇ ਚੌਧਰੀ ਇਕ-ਇਕ ਕਰਕੇ ਉੱਥੋਂ ਖਿਸਕ ਗਏ। ਜਦੋਂ ਮਹਾਸ਼ੇ ਦੀ ਦੁਕਾਨ ਉੱਤੇ ਦੋ-ਚਾਰ ਆਦਮੀ ਹੀ ਰਹਿ ਗਏ ਤਾਂ ਡਾਕਟਰ ਦਾਰਸ਼ਨਿਕ ਭਾਵ ਵਿੱਚ ਬੋਲਿਆ:
"ਇਹ ਪ੍ਰੋਲੇਤਾਰੀਆਂ ਅਤੇ ਸਰਮਾਏਦਾਰਾਂ ਦੀ ਟੱਕਰ ਹੈ।" ਮਹਾਸ਼ੇ ਨੇ ਉਹਦੀ ਗੱਲ ਨੂੰ ਅਣਸੁਣੀ ਕਰ ਦਿੱਤਾ ਤਾਂ ਵਿਸ਼ਨਦਾਸ ਜ਼ੋਰ-ਜ਼ੋਰ ਨਾਲ ਸਿਰ ਹਿਲਾਉਂਦਾ ਹੋਇਆ ਬੋਲਿਆ:
"ਚਾਚਾ ਤੀਰਥ ਰਾਮਾ, ਮੇਰੀ ਗੱਲ ਯਾਦ ਰੱਖੀਂ।।। ਇਹ ਬੇਜ਼ਮੀਨੇ ਖੇਤ ਮਜ਼ਦੂਰਾਂ ਅਤੇ ਜ਼ਿਮੀਂਦਾਰਾਂ ਦੀ ਲੜਾਈ ਹੈ। ਇਹ ਪ੍ਰੋਲੇਤਾਰੀਆਂ ਅਤੇ ਸਰਮਾਏਦਾਰਾਂ ਦੀ ਜੰਗ ਹੈ।"
ਮਹਾਸ਼ਾ ਤੀਰਥ ਰਾਮ ਚੁੱਪ ਰਿਹਾ ਪਰ ਵਿਸ਼ਨਦਾਸ ਨੂੰ ਆਪਣੀ ਹੀ ਕਹੀ ਹੋਈ ਗੱਲ ਉੱਤੇ ਹੈਰਾਨੀ ਹੋਈ। ਉਹਨੂੰ ਯਾਦ ਆਇਆ ਕਿ ਸੰਸਾਰ ਵਿੱਚ ਸਫਲ ਅਤੇ ਅਸਫਲ ਕ੍ਰਾਂਤੀਆਂ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਤੋਂ ਹੀ ਸ਼ੁਰੂ ਹੋਈਆਂ ਸਨ। ਜਿੱਥੇ ਇਨਕਲਾਬੀ ਤਾਕਤਾਂ ਨੂੰ ਚੰਗੀ ਲੀਡਰਸ਼ਿੱਪ ਮਿਲ ਗਈ ਉੱਥੇ ਉਹ ਕਾਮਯਾਬ ਹੋ ਗਈਆਂ ਅਤੇ ਜਿੱਥੇ ਇਨਕਲਾਬੀ ਤਾਕਤਾਂ ਪੂਰੀ ਤਰ੍ਹਾਂ ਜਥੇਬੰਦ ਨਾ ਹੋ ਸਕੀਆਂ, ਉੱਥੇ ਉਹਨਾਂ ਦੀ ਹਾਰ ਹੋ ਗਈ। ਡਾਕਟਰ ਆਪਣੇ ਦਿਮਾਗ ਵਿੱਚ ਇਤਿਹਾਸ ਦੇ ਸਫੇ ਪਲਟਦਾ ਹੋਇਆ, ਰੂਸ, ਫਰਾਂਸ ਅਤੇ ਸਪੇਨ ਤੱਕ ਜਾ ਪਹੁੰਚਿਆ। ਉਹਦੇ ਮਨ ਵਿੱਚ ਹਰ ਪਲ ਉਤੇਜਨਾ ਵੱਧ ਰਹੀ ਸੀ। ਉਹ ਹੁੱਕੇ ਦੇ ਦੋ-ਚਾਰ ਤੇਜ਼ ਤੇਜ਼ ਕਸ਼ ਖਿੱਚ ਕੇ ਕਾਹਲੀ ਨਾਲ ਉੱਠਿਆ ਅਤੇ ਜੁੱਤੀ ਘੜੀਸਦਾ ਚਮ੍ਹਾਰਲੀ ਵੱਲ ਆ ਗਿਆ। 
ਡਾਕਟਰ ਵਿਸ਼ਨਦਾਸ ਚਮ੍ਹਾਰਲੀ ਦੇ ਖੂਹ ਕੋਲ ਪਹੁੰਚਿਆ ਤਾਂ ਉਹਨੂੰ ਮੁਹੱਲੇ ਵਿੱਚ ਕੁਝ ਲੋਕ ਉੱਚੀ ਅਵਾਜ਼ ਵਿੱਚ ਗੱਲਾਂ ਕਰਦੇ ਸੁਣਾਈ ਦਿੱਤੇ। ਉਹ ਉੱਥੇ ਹੀ ਰੁਕ ਗਿਆ ਅਤੇ ਧਿਆਨ ਨਾਲ ਉਹਨਾਂ ਦੀਆਂ ਅਵਾਜ਼ਾਂ ਸੁਣਨ ਲੱਗਾ। ਫਿਰ ਉਹ ਗਲੀ ਵਿੱਚ ਅੱਗੇ ਵੱਧ ਗਿਆ। ਗਲੀ ਵਿੱਚ ਸਾਰਿਆਂ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਸਨ ਪਰ ਅੰਦਰ ਕੋਈ ਨਹੀਂ ਸੀ। ਚਗਾਨ ਵੱਲੋਂ ਆ ਰਹੇ ਰੌਲੇ ਵੱਲ ਉਹ ਖਿੱਚਦਾ ਤੁਰਿਆ ਗਿਆ। ਉਹ ਚਗਾਨ ਤੋਂ ਪਹਿਲਾਂ ਹੀ ਰੁਕ ਗਿਆ। ਹੁਣ ਉਹਨੂੰ ਅਵਾਜ਼ਾਂ ਸਾਫ ਸਾਫ ਸੁਣਾਈ ਦੇ ਰਹੀਆਂ ਸਨ।
ਚਮਾਰ ਵੀ ਚੌਧਰੀਆਂ ਦੀ ਬਾਈਕਾਟ ਦੀ ਧਮਕੀ ਤੋਂ ਪੈਦਾ ਹੋਣ ਵਾਲੀ ਸਥਿਤੀ ਨਾਲ ਨਿਪਟਣ ਦੇ ਢੰਗ ਸੋਚ ਰਹੇ ਸਨ। ਨੌਜਵਾਨ ਚਮਾਰ ਚਾਹੁੰਦੇ ਸਨ ਕਿ ਬਾਈਕਾਟ ਦਾ ਜੁਆਬ ਬਾਈਕਾਟ ਨਾਲ ਦਿੱਤਾ ਜਾਵੇ। ਚੌਧਰੀ ਬਾਅਦ ਵਿੱਚ ਮੰਨ ਵੀ ਜਾਣ ਤਾਂ ਵੀ ਉਹਨਾਂ ਨੂੰ ਬਾਈਕਾਟ ਜਾਰੀ ਰੱਖਣਾ ਚਾਹੀਦਾ। ਇਹ ਗੱਲਾਂ ਸੁਣ ਕੇ ਡਾਕਟਰ ਖੁਸ਼ ਹੋ ਗਿਆ ਅਤੇ ਮਨ-ਹੀ-ਮਨ ਸੋਚਣ ਲੱਗਾ ਕਿ ਮਿਹਨਤਕਸ਼ ਤਬਕਾ ਜਦੋਂ ਜਾਗ ਉੱਠਦਾ ਹੈ ਤਾਂ ਦੁਨੀਆਂ ਦੀ ਕੋਈ ਤਾਕਤ ਉਹਦਾ ਮੁਕਾਬਲਾ ਨਹੀਂ ਕਰ ਸਕਦੀ।
ਬਜ਼ੁਰਗ ਚਮਾਰਾਂ ਦਾ ਵਤੀਰਾ ਕੁੱਝ ਨਰਮ ਸੀ। ਉਹਨਾਂ ਦਾ ਤਰਕ ਸੀ ਕਿ ਚੌਧਰੀਆਂ ਦੇ ਨਾਲ ਹਮੇਸ਼ਾਂ ਲਈ ਵਿਗਾੜ ਪਾ ਕੇ ਪਿੰਡ ਵਿੱਚ ਰਹਿਣਾ ਸੰਭਵ ਨਹੀਂ ਹੈ। ਇਹ ਤਾਂ ਹੋ ਨਹੀਂ ਸਕਦਾ ਕਿ ਰਹਿਣ ਇਸ ਪਿੰਡ ਵਿੱਚ ਅਤੇ ਕੰਮ ਕਰਨ ਦੂਜੇ ਪਿੰਡ ਵਿੱਚ। ਪਰ ਜਦੋਂ ਨੌਜਵਾਨ ਚਮਾਰ ਆਪਣੀ ਗੱਲ ਉੱਤੇ ਅੜ ਗਏ ਤਾਂ ਬਾਬਾ ਫੱਤਾ ਉਹਨਾਂ ਨੂੰ ਸਮਝਾਉਂਦਾ ਹੋਇਆ ਬੋਲਿਆ:
"ਪੁਤਰੋ, ਇਹ ਵੀ ਤਾਂ  ਸੋਚੋ ਕਿ ਦਸ ਦਿਨ ਕੰਮ ਨਾ ਮਿਲਿਆ ਤਾਂ ਖਾਵਾਂਗੇ ਕਿੱਥੋਂ। ਤੁਸੀਂ ਕੰਮ ਕਰੋ ਜਾਂ ਨਾ ਕਰੋ ਪਰ ਢਿੱਡ ਤਾਂ ਰੋਟੀ ਮੰਗੂਗਾ ਹੀ।"
"ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰ ਲਵਾਂਗੇ।" ਕਈ ਸਾਰੀਆਂ ਅਵਾਜ਼ਾਂ ਇਕੱਠੀਆਂ ਹੀ ਆਈਆਂ।
"ਤੁਸੀਂ ਹਾਲੇ ਬੱਚੇ ਹੋ, ਤੁਸੀਂ ਦੁਨੀਆ ਨਹੀਂ ਦੇਖੀ। ਚੋਰਾਂ ਦੇ ਚੋਰ ਯਾਰ ਅਤੇ ਜੱਟਾਂ ਦੇ ਜੱਟ ਯਾਰ।।। ਤੁਹਾਨੂੰ ਦੂਸਰੇ ਪਿੰਡ ਵਿੱਚ ਕਿਸੇ ਨੇ ਕੰਮ ਨਹੀਂ ਦੇਣਾ। ਫਿਰ ਦੂਸਰੇ ਪਿੰਡਾਂ ਵਿੱਚ ਵੀ ਤਾਂ ਚਮਾਰ ਰਹਿੰਦੇ ਹਨ। ਉਹਨਾਂ ਦੀ ਥਾਂ ਤੁਸੀਂ ਕੰਮ ਕਰੋਗੇ ਤਾਂ ਉਹ ਕਿੱਥੇ ਜਾਣਗੇ?" ਬਾਬੇ ਫੱਤੇ ਨੇ ਕਿਹਾ।
"ਘਾਹ ਖੋਤ ਕੇ ਵੇਚਾਂਗੇ।"
"ਘਾਹ ਅਸਮਾਨ 'ਤੇ ਤਾਂ ਖੋਤੋਗੇ ਨਹੀਂ।।। ਚੌਧਰੀ ਆਪਣੀ ਜ਼ਮੀਨ 'ਤੇ ਘਾਹ ਨਹੀਂ ਖੋਤਣ ਦੇਣਗੇ ਤਾਂ ਕੀ ਕਰੋਗੇ?"
"ਭੁੱਖੇ ਰਹਿ ਕੇ ਦਿਨ ਕੱਟ ਲਵਾਂਗੇ।"
"ਤੁਹਾਡੀ ਮਰਜ਼ੀ।" ਬਾਬੇ ਫੱਤੇ ਨੇ ਨਿਰਾਸ਼ ਅਵਾਜ਼ ਵਿੱਚ ਕਿਹਾ।
ਡਾਕਟਰ ਦਾ ਮਨ ਇਹ ਸੋਚ ਕੇ ਖੁਸ਼ ਹੋ ਗਿਆ ਕਿ ਪ੍ਰੋਲੋਤਾਰੀ ਵਰਗ ਸੰਘਰਸ਼ ਲਈ ਪੱਕਾ ਇਰਾਦਾ ਕਰੀ ਬੈਠਾ ਹੈ। ਉਹ ਜੋਸ਼ ਵਿੱਚ ਦੋ-ਚਾਰ ਕਦਮ ਹੋਰ ਅੱਗੇ ਵੱਧਦਾ ਹੋਇਆ ਸੋਚਣ ਲੱਗਾ ਕਿ ਜੇ ਇਹਨਾਂ ਨੂੰ ਚੰਗੀ ਲੀਡਰਸ਼ਿੱਪ ਮਿਲ ਜਾਵੇ ਤਾਂ ਇਹਨਾਂ ਦਾ ਸੰਘਰਸ਼ ਸਫਲ ਹੋ ਸਕਦਾ ਹੈ। ਉਹ ਆਪਣੀ ਸੋਚ ਛੱਡ ਕੇ ਫਿਰ ਉਹਨਾਂ ਦੀਆਂ ਗੱਲਾਂ ਸੁਣਨ ਲੱਗਾ। ਹੁਣ ਚਮਾਰਾਂ ਦੇ ਸਾਹਮਣੇ ਇਹ ਸਮੱਸਿਆ ਸੀ ਕਿ ਕੱਲ੍ਹ ਸਵੇਰੇ ਉਹਨਾਂ ਦੀਆਂ ਤੀਵੀਂਆਂ ਚੌਧਰੀਆਂ ਦੀਆਂ ਹਵੇਲੀਆਂ ਵਿੱਚ ਗੋਹਾ ਚੁੱਕਣ ਜਾਣ ਜਾਂ ਨਹੀਂ। ਨੌਜਵਾਨ ਚਮਾਰ ਨਾ ਜਾਣ ਦੇ ਪੱਖ ਵਿੱਚ ਸਨ ਜਦੋਂ ਕਿ ਵੱਡੀ ਉਮਰ ਦੇ ਚਮਾਰ ਚਾਹੁੰਦੇ ਸਨ ਕਿ ਇਕ ਵਾਰ ਜਾਣਾ ਚਾਹੀਦਾ ਹੈ।।। ਜੇ ਚੌਧਰੀ ਮਨ੍ਹਾਂ ਕਰ ਦੇਣ ਤਾਂ ਉਸ ਤੋਂ ਬਾਅਦ ਬਿਲਕੁਲ ਨਹੀਂ ਜਾਣਾ ਚਾਹੀਦਾ। ਇਸ ਮਾਮਲੇ ਬਾਰੇ ਬਹੁਤ ਚਿਰ ਤੱਕ ਬਹਿਸ ਕਰਨ ਦੇ ਬਾਵਜੂਦ ਉਹ ਕਿਸੇ ਫੈਸਲੇ ਉੱਤੇ ਨਹੀਂ ਪਹੁੰਚ ਰਹੇ ਸਨ।
ਜਦੋਂ ਗੱਲ ਲੰਮੀ ਹੁੰਦੀ ਗਈ ਅਤੇ ਉਹ ਆਪਸ ਵਿੱਚ ਹੀ ਉਲਝਣ ਲੱਗੇ ਤਾਂ ਕਾਲੀ, ਜੋ ਹੁਣ ਤੱਕ ਚੁੱਪ ਸੀ, ਸਾਰਿਆਂ ਨੂੰ ਸ਼ਾਂਤ ਕਰਦਾ ਹੋਇਆ ਬੋਲਿਆ:
"ਦੇਖੋ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਚੌਧਰੀਆਂ ਦੀ ਜ਼ਿਆਦਤੀ ਦੇ ਅੱਗੇ ਬਿਲਕੁਲ ਨਹੀਂ ਝੁਕਣਾ ਚਾਹੀਦਾ ਪਰ ਸਾਨੂੰ ਪਹਿਲ ਨਹੀਂ ਕਰਨੀ ਚਾਹੀਦੀ। ਅੱਜ ਵੀ ਉਹਨਾਂ ਨੇ ਪਹਿਲ ਕੀਤੀ ਹੈ। ਕੱਲ੍ਹ ਨੂੰ ਵੀ ਉਹਨਾਂ ਨੂੰ ਪਹਿਲ ਕਰਨ ਦੇਵੋ।"
ਕਾਲੀ ਦੇ ਸਮਝਾਉਣ-ਬੁਝਾਉਣ ਨਾਲ ਬੰਤੂ, ਸੰਤੂ ਆਦਿ ਮੰਨ ਗਏ। ਜਦੋਂ ਇਹ ਐਲਾਨ ਕੀਤਾ ਕਿ ਕੱਲ੍ਹ ਸਵੇਰੇ ਮੁਹੱਲੇ ਦੀਆਂ ਤੀਵੀਂਆਂ ਹਰ ਰੋਜ਼ ਵਾਂਗੂ ਚੌਧਰੀਆਂ ਦੀਆਂ ਹਵੇਲੀਆਂ ਵਿੱਚ ਕੰਮ-ਕਾਜ ਕਰਨ ਜਾਣਗੀਆਂ, ਤਾਂ ਡਾਕਟਰ ਸਟਪਟਾ ਉੱਠਿਆ। ਉਹਨੂੰ ਗੁੱਸਾ ਆ ਰਿਹਾ ਸੀ ਕਿ ਕਾਲੀ ਨੇ ਚਮਾਰਾਂ ਦਾ ਇਨਕਲਾਬੀ ਜੋਸ਼ ਠੰਢਾ ਕਰ ਦਿੱਤਾ ਹੈ। ਉਹ ਸੋਚਣ ਲੱਗਾ ਕਿ ਸ਼ਹਿਰ ਵਿੱਚ ਚਾਰ ਪੈਸੇ ਕਮਾ ਲੈਣ ਬਾਅਦ ਉਹ ਕੁੱਝ ਬੁਰਜ਼ਵਾ ਵਿਚਾਰਾਂ ਦਾ ਹੋ ਗਿਆ ਹੈ।
ਚਗਾਨ ਵਿੱਚੋਂ ਬੱਚੇ ਅਤੇ ਔਰਤਾਂ ਖਿੰਡਰਨ ਲੱਗੀਆਂ ਤਾਂ ਡਾਕਟਰ ਬਾਹਰ ਖੂਹ ਦੇ ਕੋਲ ਆ ਗਿਆ। ਉਹ ਚੋਅ ਵੱਲ ਜਾਂਦਾ ਪਰ ਥੋੜ੍ਹੇ ਹੀ ਸਮੇਂ ਪਿੱਛੋਂ ਫਿਰ ਮੁੜ ਆਉਂਦਾ। ਉਹ ਕਾਲੀ ਦੀ ਉਡੀਕ ਵਿੱਚ ਸੀ ਕਿ ਉਹ ਏਧਰ ਆਵੇ ਤਾਂ ਉਹਦੇ ਨਾਲ ਗੱਲ ਕਰੇ ਅਤੇ ਉਹਦੇ ਅੰਦਰ ਇਨਕਲਾਬੀ ਸਪਿਰਟ ਭਰੇ।
ਕੁਛ ਦੇਰ ਬਾਅਦ ਖੂਹ ਉੱਤੇ ਲੋਕਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ। ਡਾਕਟਰ ਕੁੱਝ ਦੂਰ ਖੇਤਾਂ ਵਿੱਚ ਜਾ ਕੇ ਬੈਠ ਗਿਆ ਅਤੇ ਕਾਲੀ ਦੀ ਉਡੀਕ ਕਰਨ ਲੱਗਾ। ਉਹ ਇਹ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਇਹ ਅਹਿਸਾਸ ਹੋਵੇ ਕਿ ਉਹ ਕਾਲੀ ਦੀ ਉਡੀਕ ਕਰ ਰਿਹਾ ਸੀ। ਉਹ ਇਹ ਵੀ ਚਾਹੁੰਦਾ ਸੀ ਕਿ ਕਾਲੀ ਦੇ ਨਾਲ ਉਹਦੀ ਮੁਲਾਕਾਤ ਨੂੰ ਬਾਕੀ ਲੋਕ ਸਹਿਜਭਾਵ ਨਾਲ ਹੀ ਲੈਣ। ਕਾਲੀ ਜਦੋਂ ਖੂਹ ਉੱਤੇ ਆਇਆ ਤਾਂ ਡਾਕਟਰ ਖੇਤਾਂ ਵਿੱਚੋਂ ਨਿਕਲ ਕੇ ਹੌਲੀ-ਹੌਲੀ ਕਦਮ ਪੁੱਟਦਾ ਉਹਦੇ ਵੱਲ ਨੂੰ ਤੁਰ ਪਿਆ। 
ਜਦੋਂ ਉਹ ਖੂਹ ਦੇ ਨੇੜੇ ਪਹੁੰਚਿਆ ਤਾਂ ਕਾਲੀ ਨਹਾ ਕੇ ਆਪਣਾ ਸਾਫਾ ਨਿਚੋੜ ਰਿਹਾ ਸੀ। ਉਹਨੂੰ ਦੇਖਦਿਆਂ ਹੀ ਕਾਲੀ ਨੇ ਬੰਦਗੀ ਕੀਤੀ ਤਾਂ ਡਾਕਟਰ ਰੁਕ ਗਿਆ ਅਤੇ ਸਹਿਜ ਅਵਾਜ਼ ਵਿੱਚ ਬੋਲਿਆ:
"ਸੁਣਾਉ ਡਾਕਟਰ ਜੀ," ਕਾਲੀ ਬਾਲਟੀ ਚੁੱਕ ਕੇ ਉਹਦੇ ਵੱਲ ਵੱਧ ਗਿਆ। 
"ਅੱਜ ਚੌਧਰੀਆਂ ਅਤੇ ਤੁਹਾਡੀ ਲੜਾਈ ਕਿੱਦਾਂ ਹੋ ਗਈ?"
"ਤੁਹਾਨੂੰ ਪਤਾ ਨਹੀਂ?" ਕਾਲੀ ਨੇ ਹੈਰਾਨੀ ਨਾਲ ਪੁੱਛਿਆ ਅਤੇ ਫਿਰ ਡਾਕਟਰ ਨੂੰ ਪੂਰੀ ਗੱਲ ਦੱਸ ਦਿੱਤੀ। ਡਾਕਟਰ ਲੰਮੀ ਜਿਹੀ ਹੂੰ ਬਾਅਦ ਬੋਲਿਆ:
"ਸਰਮਾਏਦਾਰ ਅਤੇ ਜ਼ਿਮੀਂਦਾਰ ਹਮੇਸ਼ਾਂ ਤੋਂ ਹੀ ਮਿਹਨਤਕਸ਼ ਅਤੇ ਪ੍ਰੋਲੋਤਾਰੀ ਤਬਕੇ 'ਤੇ ਜ਼ੁਲਮ ਕਰਦੇ ਆਏ ਹਨ, ਉਹਨੂੰ ਐਕਸਪਲਾਇਟ ਕਰਦੇ ਰਹੇ ਹਨ। ਪਰ ਜਦੋਂ ਪ੍ਰੋਲੋਤਾਰੀ ਤਬਕੇ ਵਿੱਚ ਇਨਕਲਾਬੀ ਸਪਿਰਟ ਜਾਗ ਉੱਠਦੀ ਹੈ ਤਾਂ ਉਹ ਹੜ੍ਹ ਬਣ ਕੇ ਇਹਨਾਂ ਤਾਕਤਾਂ ਨੂੰ ਤੀਲਿਆਂ ਦੀ ਤਰ੍ਹਾਂ ਰੋੜ ਕੇ ਲੈ ਜਾਂਦੀ ਹੈ।"
ਕਾਲੀ ਜਿਉਂ ਜਿਉਂ ਚੌਧਰੀਆਂ ਦੀਆਂ ਜ਼ਿਆਦਤੀਆਂ ਦਾ ਜ਼ਿਕਰ ਕਰ ਰਿਹਾ ਸੀ, ਡਾਕਟਰ ਦਾ ਜੋਸ਼ ਵੱਧਦਾ ਜਾ ਰਿਹਾ ਸੀ। ਉਹ ਕਾਲੀ ਨੂੰ ਟੋਕਦਾ ਹੋਇਆ ਬੋਲਿਆ:
"ਮੈਨੂੰ ਸਾਰਾ ਪਤਾ ਹੈ। ਮਹਾਸ਼ੇ ਦੀ ਦੁਕਾਨ 'ਤੇ ਸਾਰੀਆਂ ਗੱਲਾਂ ਮੇਰੇ ਸਾਹਮਣੇ ਹੋਈਆਂ ਹਨ। ਪਿੰਡ ਦੇ ਜ਼ਿਮੀਂਦਾਰਾਂ ਦੇ ਨਾਲ ਪਿੰਡ ਦੇ ਸਰਮਾਏਦਾਰ ਵੀ ਮਿਲ ਗਏ ਹਨ। ਪਰ ਯਕੀਨ ਰੱਖੋ ਜਿੱਤ ਪ੍ਰੋਲੋਤਾਰੀ ਤਬਕੇ ਦੀ ਹੀ ਹੋਊਗੀ। ਬੱਸ ਤੁਹਾਨੂੰ ਚੰਗੀ ਲੀਡਰਸ਼ਿੱਪ ਦੀ ਜ਼ਰੂਰਤ ਹੈ। ਉਹਦਾ ਬੰਦੋਬਸਤ ਮੈਂ ਕਰ ਦਊਂਗਾ।"
ਡਾਕਟਰ ਵਿਸ਼ਨਦਾਸ ਕਾਲੀ ਨੂੰ ਸ਼ਾਮ ਨੂੰ ਮਿਲਣ ਦਾ ਵਚਨ ਦੇ ਕੇ ਤੇਜ਼-ਤੇਜ਼ ਕਦਮ ਪੁੱਟਦਾ ਕੰਧਾਲੇ ਵੱਲ ਨੂੰ ਤੁਰ ਪਿਆ। ਉੱਥੇ ਉਹਦਾ ਦੋਸਤ ਅਤੇ ਇਲਾਕੇ ਦਾ ਸਭ ਤੋਂ ਪੁਰਾਣਾ ਕਾਮਰੇਡ ਟਹਿਲ ਸਿੰਘ ਰਹਿੰਦਾ ਸੀ। ਡਾਕਟਰ ਚਾਹੁੰਦਾ ਸੀ ਕਿ ਘੋੜੇਵਾਹੇ ਦੇ ਚਮਾਰਾਂ ਦੇ ਜਮਾਤੀ ਸੰਘਰਸ਼ ਦੀ ਅਗਵਾਈ ਪਾਰਟੀ ਦੇ ਹੱਥ ਆ ਜਾਵੇ। ਉਹ ਆਪ ਇਸ ਲਈ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੀ ਕਿਉਂਕਿ ਉਹਦੇ ਆਪਣੇ ਪਿੰਡ ਦਾ ਮਾਮਲਾ ਸੀ। ਟਹਿਲ ਸਿੰਘ ਦੂਜੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਦੂਜਾ ਜੱਟ ਸੀ। ਪਿੰਡ ਵਾਲਿਆਂ ਨੂੰ ਪਤਾ ਵੀ ਲੱਗ ਗਿਆ ਤਾਂ ਉਹ ਉਹਦਾ ਕੁੱਝ ਨਹੀਂ ਵਿਗਾੜ ਸਕਣਗੇ।
ਡਾਕਟਰ ਵਿਸ਼ਨਦਾਸ ਨੂੰ ਕਾਮਰੇਡ ਟਹਿਲ ਸਿੰਘ ਘਰ ਹੀ ਮਿਲ ਗਿਆ। ਦੋਵਾਂ ਨੇ ਮੁੱਕਾ ਦਿਖਾ ਕੇ ਇਕ ਦੂਜੇ ਨੂੰ ਲਾਲ ਸਲਾਮ ਕੀਤਾ ਅਤੇ ਹਾਲਚਾਲ ਪੁੱਛ ਕੇ ਮੰਜੇ ਉੱਤੇ ਬਹਿ ਗਏ। ਟਹਿਲ ਸਿੰਘ ਅੱਧਖੜ ਉਮਰ ਦਾ ਤਿਰਛੀ ਦਾੜੀ ਵਾਲਾ ਸਿੱਖ ਸੀ। ਉਹਨੇ ਡਾਕਟਰ ਨੂੰ ਚਾਹ-ਪਾਣੀ ਪੁੱਛਿਆ ਤਾਂ ਉਹ ਉਤੇਜਿਤ ਅਵਾਜ਼ ਵਿੱਚ ਬੋਲਿਆ:
"ਚਾਹ-ਪਾਣੀ ਕਿਹਨੂੰ ਸੁੱਝਦਾ? ਸਾਡੇ ਪਿੰਡ 'ਚ ਅੱਜ ਜ਼ਬਰਦਸਤ ਲੜਾਈ ਹੋ ਗਈ ਹੈ।" 
"ਕੀ ਹੋ ਗਿਆ?" ਟਹਿਲ ਸਿੰਘ ਨੇ ਬੇਚੈਨੀ ਨਾਲ ਪੁੱਛਿਆ।
"ਚਮਾਰਾਂ ਅਤੇ ਚੌਧਰੀਆਂ ਦੀ ਲੜਾਈ ਹੋ ਗਈ।"
"ਇਹ ਤਾਂ ਰੋਜ਼ ਦੀ ਗੱਲ ਹੈ।" ਟਹਿਲ ਸਿੰਘ ਨੇ ਹੱਸਦਿਆਂ ਕਿਹਾ।
"ਇਹ ਉਦਾਂ ਦੀ ਲੜਾਈ ਨਹੀਂ ਹੈ। ਦੋਵੇਂ ਧਿਰਾਂ ਨੇ ਇਕ ਦੂਜੇ ਦਾ ਬਾਈਕਾਟ ਕਰ ਦਿੱਤਾ ਹੈ।" ਡਾਕਟਰ ਦਾ ਜੋਸ਼ ਹੋਰ ਵੀ ਵੱਧ ਗਿਆ।
ਡਾਕਟਰ ਵਿਸ਼ਨਦਾਸ ਝਗੜੇ ਦਾ ਵਿਸਥਾਰ ਨਾਲ ਬਿਆਨ ਕਰਨ ਲੱਗਾ। ਟਹਿਲ ਸਿੰਘ ਬਹੁਤ ਧਿਆਨ ਨਾਲ ਸੁਣਦਾ ਰਿਹਾ। ਜਦੋਂ ਡਾਕਟਰ ਨੇ ਆਪਣਾ ਮਕਸਦ ਦੱਸਿਆ ਤਾਂ ਉਹ ਸੋਚ ਵਿੱਚ ਪੈ ਗਿਆ ਅਤੇ ਗੰਭੀਰ ਅਵਾਜ਼ 'ਚ ਬੋਲਿਆ:
"ਇਹਨਾਂ ਚਮਾਰਾਂ ਦਾ ਕੋਈ ਭਰੋਸਾ ਨਹੀਂ ਹੈ। ਪਹਿਲਾਂ ਆਕੜਦੇ ਹਨ ਅਤੇ ਫਿਰ ਝੱਗ ਵਾਂਗ ਬਹਿ ਜਾਂਦੇ ਹਨ।"
"ਏਦਾਂ ਦੀ ਗੱਲ ਨਹੀਂ। ਮਾਮਲਾ ਬਹੁਤ ਸੰਗੀਨ ਹੈ। ਪਿੰਡ ਦੇ ਦੁਕਾਨਦਾਰ ਵੀ ਚੌਧਰੀਆਂ ਦਾ ਸਾਥ ਦੇ ਰਹੇ ਹਨ। ਪਿੰਡ ਦੇ ਮਿਹਨਤਕਸ਼ਾਂ ਵਿਰੁੱਧ ਜ਼ਿਮੀਂਦਾਰ ਅਤੇ ਬੁਰਜ਼ੂਆ ਦੋਨੋਂ ਮਿਲ ਗਏ ਹਨ।"
ਟਹਿਲ ਸਿੰਘ ਅਤੇ ਡਾਕਟਰ ਵਿਸ਼ਨਦਾਸ ਗੱਲਾਂ ਕਰਦੇ ਕਰਦੇ ਉੱਠ ਖੜ੍ਹੇ ਹੋਏ ਅਤੇ ਦੋਵੇਂ ਪਿੰਡਾਂ ਦੇ ਵਿਚਕਾਰ ਚੋਅ ਦੇ ਕੰਢੇ ਟਾਹਲੀਆਂ ਦੀ ਝਿੜੀ ਵਿੱਚ ਆ ਬੈਠੇ। ਬਹੁਤ ਸੋਚ ਵਿਚਾਰ ਬਾਅਦ ਦੋਵੇਂ ਇਸ ਫੈਸਲੇ 'ਤੇ ਪਹੁੰਚੇ ਕਿ ਉਹਨਾਂ ਦੀ ਸਹਾਇਤਾ ਲਈ ਹਨ੍ਹੇਰਾ ਹੋਣ ਬਾਅਦ ਉਹਦੀ ਦੁਕਾਨ ਵਿੱਚ ਮੀਟਿੰਗ ਕੀਤੀ ਜਾਵੇ। ਕਾਲੀ, ਬੰਤੂ ਅਤੇ ਸੰਤੂ ਨੂੰ ਸੱਦਿਆ ਜਾਵੇ। ਓਮਾ ਅਤੇ ਉੱਚੇ ਮਹੱਲੇ ਵਾਲਾ ਚੰਨਣ ਸਿੰਘ ਵੀ ਆ ਜਾਣਗੇ।
ਡਾਕਟਰ ਵਿਸ਼ਨਦਾਸ ਨੇ ਓਮੇ ਅਤੇ ਚੰਨਣ ਸਿੰਘ ਨੂੰ ਸੂਰਜ ਛਿਪਣ ਤੋਂ ਪਹਿਲਾਂ ਹੀ ਸੱਦ ਲਿਆ। ਉਹ ਕਾਲੀ ਅਤੇ ਟਹਿਲ ਸਿੰਘ ਨੂੰ ਉਡੀਕਦਾ ਓਮੇ ਅਤੇ ਚੰਨਣ ਸਿੰਘ ਨੂੰ ਦੇਸ਼ ਵਿੱਚ ਘਟਣ ਵਾਲੀਆਂ ਇਨਕਲਾਬੀ ਘਟਨਾਵਾਂ ਦੇ ਬਾਰੇ ਸਮਝਾਉਣ ਲੱਗਾ ਕਿ ਕਿਸ ਤਰ੍ਹਾਂ ਦੇਸ਼ ਦੇ ਖੂੰਜੇ-ਖੂੰਜੇ ਵਿੱਚ, ਦੂਰ-ਦੂਰ ਦੇ ਸੂਬਿਆਂ ਵਿੱਚ, ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰੋਲੇਤਾਰੀ ਅਤੇ ਇਨਕਲਾਬੀ ਤਾਕਤਾਂ ਸਰਮਾਏਦਾਰਾਂ ਦੇ ਛੱਡਯੰਤਰ ਨੂੰ ਅਸਫਲ ਬਣਾ ਕੇ ਇਨਕਲਾਬ ਨੂੰ ਨੇੜੇ ਲਿਆ ਰਹੀਆਂ ਹਨ।
ਟਹਿਲ ਸਿੰਘ ਦੇ ਆਉਣ  'ਤੇ ਡਾਕਟਰ ਚੁੱਪ ਹੋ ਗਿਆ। ਟਹਿਲ ਸਿੰਘ ਤਿੰਨਾਂ ਨੂੰ ਜਮਾਤੀ ਸੰਘਰਸੰ ਦਾ ਢੰਗ, ਰੂਸ ਦੇ ਵੱਡੇ ਇਨਕਲਾਬ ਦੀਆਂ ਉਦਾਹਰਨਾਂ ਦੇ ਕੇ ਸਮਝਾਉਣ ਲੱਗਾ। ਟਹਿਲ ਸਿੰਘ ਬੋਲਦਾ ਬੋਲਦਾ ਥੱਕ ਗਿਆ ਅਤੇ ਓਮਾ ਸੁਣਦਾ ਸੁਣਦਾ ਊਂਘਣ ਲੱਗਾ ਤਾਂ ਡਾਕਟਰ ਨੂੰ ਅਹਿਸਾਸ ਹੋਇਆ ਕਿ ਹਨ੍ਹੇਰਾ ਡੂੰਘਾ ਹੋ ਗਿਆ ਹੈ। ਟਹਿਲ ਸਿੰਘ ਤਿਲੀ ਦੇ ਫੁੱਲਾਂ ਵਾਂਗ ਅਸਮਾਨ ਵਿੱਚ ਫੈਲੇ ਹੋਏ ਤਾਰਿਆਂ ਨੂੰ ਦੇਖ ਕੇ ਚਿੰਤਿਤ ਅਵਾਜ਼ ਵਿੱਚ ਬੋਲਿਆ:
"ਕਾਮਰੇਡ, ਤੇਰੇ ਬੰਦੇ ਅਜੇ ਤੱਕ ਨਹੀਂ ਆਏ।।।" ਅਤੇ ਫਿਰ ਉਹ ਫੈਸਲਾਕੁੰਨ ਅਵਾਜ਼ ਵਿੱਚ ਬੋਲਿਆ:
"ਕਾਮਰੇਡ, ਚਮਾਰਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਇਹਨਾਂ ਲੋਕਾਂ ਵਿੱਚ ਜੱਦੋਜਹਿਦ ਕਰਨ ਦਾ ਦਮ ਹੈ ਨਹੀਂ। ਜ਼ੋਰਾਵਰ ਜਮਾਤ ਨਾਲ ਦਸਤ-ਪੰਜਾ ਲੈਣ ਲਈ ਬਹੁਤ ਹੌਂਸਲਾ ਚਾਹੀਦਾ।"
"ਕਾਮਰੇਡ, ਤੇਰੀ ਗੱਲ ਠੀਕ ਹੈ, ਪਰ ਕਾਲੀ ਹੌਂਸਲੇ ਵਾਲਾ ਜਵਾਨ ਹੈ। ਉਹ ਛੇ ਸਾਲ ਸ਼ਹਿਰ ਵਿੱਚ ਵੀ ਰਹਿ ਆਇਆ ਹੈ। ਇਸ ਟੱਕਰ ਵਿੱਚ ਸਾਨੂੰ ਚਮਾਰਾਂ ਵਿੱਚ ਕੇਡਰ ਲੱਭਣ ਅਤੇ ਤਿਆਰ ਕਰਨ ਦਾ ਮੌਕਾ ਮਿਲੂਗਾ। ਸਾਡੇ ਸੈੱਲ ਵਿੱਚ ਜੱਟ, ਖੱਤਰੀ, ਬਾਹਮਣ।।। ਸਾਰੀਆਂ ਜਾਤਾਂ ਦੇ ਕਾਮਰੇਡ ਹਨ ਪਰ ਚਮਾਰ ਇਕ ਵੀ ਨਹੀਂ ਹੈ।" ਡਾਕਟਰ ਨੇ ਕਿਹਾ।
ਕਾਫੀ ਦੇਰ ਤੱਕ ਉਡੀਕ ਕਰਨ ਬਾਅਦ ਵੀ ਜਦੋਂ ਚਮ੍ਹਾਰਲੀ ਵਿੱਚੋਂ ਕੋਈ ਨਾ ਆਇਆ ਤਾਂ ਚੰਨਣ ਸਿੰਘ ਆਪ ਜਾ ਕੇ ਕਾਲੀ ਅਤੇ ਬੰਤੂ ਨੂੰ ਸੱਦ ਲਿਆਇਆ। ਡਾਕਟਰ ਤੋਂ ਇਸ ਮੀਟਿੰਗ ਦਾ ਮਕਸਦ ਸੁਣ ਕੇ ਕਾਲੀ ਨੂੰ ਖੁਸ਼ੀ ਹੋਈ ਕਿ ਉਹਨਾਂ ਦੀ ਸਹਾਇਤਾ ਲਈ ਕੁਝ ਲੋਕ ਤਿਆਰ ਹਨ। 
ਉਹਨਾਂ ਨੇ ਗਰਮੀ ਦੇ ਬਾਵਜੂਦ ਬੂਹਾ ਢੋਅ ਲਿਆ। ਉਹ ਇਕ ਮੈਲੇ ਜਿਹੇ ਦੀਵੇ ਦੇ ਆਲੇ ਦੁਆਲੇ ਬੈਠ ਗਏ। ਡਾਕਟਰ ਨੇ ਟਹਿਲ ਸਿੰਘ ਦੀ ਕਾਲੀ ਅਤੇ ਬੰਤੂ ਨਾਲ ਜਾਣ-ਪਛਾਣ ਕਰਵਾਈ। ਥੋੜ੍ਹਾ ਚਿਰ ਤੱਕ ਏਧਰ-ਉੱਧਰ ਦੀਆਂ ਗੱਲਾਂ ਕਰਨ ਬਾਅਦ ਟਹਿਲ ਸਿੰਘ ਨੇ ਉਹਨਾਂ ਨੂੰ, ਵਿਸ਼ੇਸ਼ ਰੂਪ ਵਿੱਚ ਕਾਲੀ ਅਤੇ ਬੰਤੂ ਨੂੰ ਜਮਾਤੀ ਜੱਦੋਜਹਿਦ ਦਾ ਮਹੱਤਵ ਸਮਝਾਇਆ। ਥੋੜ੍ਹੇ ਹੀ ਚਿਰ ਵਿੱਚ ਡਾਕਟਰ, ਟਹਿਲ ਸਿੰਘ ਅਤੇ ਚੰਨਣ ਸਿੰਘ ਚੰਗੀ ਬਹਿਸ ਵਿੱਚ ਉਲਝ ਗਏ। ਦੋਵੇਂ ਸਿਗਰਟ ਫੂਕਦੇ ਹੋਏ ਮਾਰਕਸ, ਐਂਗਲਜ਼, ਲੈਨਿਨ ਅਤੇ ਦੂਸਰੇ ਵੱਡੇ-ਵੱਡੇ ਕਮਿਊਨਿਸਟ ਨੇਤਾਵਾਂ ਦੇ ਹਵਾਲੇ ਦੇ ਰਹੇ ਸਨ। ਓਮਾ ਫਿਰ ਊਂਘਣ ਲੱਗਾ ਸੀ। ਟਹਿਲ ਸਿੰਘ, ਡਾਕਟਰ ਵੱਲ ਉਂਗਲੀ ਕਰਦਾ ਹੋਇਆ ਜੋਸ਼ ਵਿੱਚ ਬੋਲਿਆ:
"ਕਾਮਰੇਡ ਤੇਰੀ ਪਹੁੰਚ ਟ੍ਰਾਟਸਕੀ ਦੀ ਲਾਇਨ ਨਾਲ ਮਿਲਦੀ-ਜੁਲਦੀ ਹੈ।"
ਡਾਕਟਰ ਨੇ ਜਵਾਬ ਵਿੱਚ ਹੋਰ ਕਈ ਨਾਂ ਗਿਣਾ ਦਿੱਤੇ ਅਤੇ ਉਹ ਆਪਣੇ-ਆਪ ਲਾਗੇ ਬੈਠੇ ਲੋਕਾਂ ਨੂੰ ਭੁੱਲ ਕੇ ਫਿਰ ਬਹਿਸ ਵਿੱਚ ਉਲਝ ਗਏ। 
ਇਸ ਸਾਰੀ ਬਹਿਸ ਦਾ ਕਾਰਨ ਇਹ ਸੀ ਕਿ ਡਾਕਟਰ ਕਾਲੀ ਦੀ ਇਸ ਗੱਲ ਦਾ ਸਮਰਥਕ ਸੀ ਕਿ ਚਮਾਰਾਂ ਨੂੰ ਜੇ ਫਾਕੇ ਨਾ ਕੱਟਣੇ ਪਏ ਤਾਂ ਉਹ ਬਹੁਤ ਦਿਨਾਂ ਤੱਕ ਜੱਟਾਂ ਦੇ ਬਾਈਕਾਟ ਦਾ ਮੁਕਾਬਲਾ ਕਰ ਸਕਣਗੇ। ਪਰ ਟਹਿਲ ਸਿੰਘ ਦਾ ਵਿਚਾਰ ਸੀ ਕਿ ਕਾਲੀ ਦੀ ਇਹ ਸੋਚ ਪ੍ਰੋਲੇਤਾਰੀ ਸਪਿਰਟ ਦੇ ਉਲਟ ਹੈ ਕਿਉਂਕਿ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਲੋਕ ਕੰਮਚੋਰ ਹਨ। ਇਨਕਲਾਬੀ ਸਪਿਰਟ ਦਾ ਭਾਵ ਇਹ ਹੈ ਕਿ ਫਾਕੇ ਕੱਟ ਕੇ, ਗੋਲੀਆਂ ਖਾ ਕੇ ਅਤੇ ਜਾਨ ਨੂੰ ਤਲੀ 'ਤੇ ਰੱਖ ਕੇ ਸੰਘਰਸ਼ ਕੀਤਾ ਜਾਵੇ।
ਬਹੁਤ ਲੰਮੀ-ਚੌੜੀ ਬਹਿਸ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਸਭ ਤੋਂ ਪਹਿਲਾਂ ਪਿੰਡ ਵਿੱਚ ਚਮਾਰਾਂ ਦੇ ਹੱਕ ਵਿੱਚ ਪ੍ਰਾਪੇਗੰਢਾ ਕੀਤਾ ਜਾਵੇ। ਬਾਕੀ ਗੱਲਾਂ ਬਾਅਦ ਵਿੱਚ ਸੋਚੀਆਂ ਜਾਣਗੀਆਂ। ਓਮਾ ਇਸ ਵਕਤ ਡੂੰਘੀ ਨੀਂਦ ਵਿੱਚ ਸੁੱਤਾ ਹੋਇਆ ਘਰਾੜੇ ਮਾਰ ਰਿਹਾ ਸੀ। ਡਾਕਟਰ ਨੇ ਉਹਨੂੰ ਬਹੁਤ ਮੁਸ਼ਕਿਲ ਨਾਲ ਜਗਾ ਕੇ ਘਰ ਭੇਜਿਆ। ਟਹਿਲ ਸਿੰਘ ਅਗਲੇ ਦਿਨ ਮਿਲਣ ਦਾ ਵਾਅਦਾ ਕਰਕੇ ਕਾਹਲੀ ਕਾਹਲੀ ਬਾਹਰ ਨਿਕਲ ਗਿਆ।
ਚਮ੍ਹਾਰਲੀ ਵੱਲ ਆਉਂਦਿਆਂ ਬੰਤੂ ਨੇ ਕਾਲੀ ਨੂੰ ਕਿਹਾ:
"ਇਹ ਤਾਂ ਥੁੱਕ ਨਾਲ ਪਕੌੜੇ ਪਕਾਉਂਦੇ ਰਹੇ ਹਨ।"
"ਦੇਖਦਾ ਜਾ, ਸ਼ਾਇਦ ਕੱਲ੍ਹ ਨੂੰ ਤੇਲ ਵੀ ਆ ਜਾਵੇ।" ਕਾਲੀ ਨੇ ਜੁਆਬ ਦਿੱਤਾ ਅਤੇ ਚਮ੍ਹਾਰਲੀ ਵੱਲ ਮੁੜ ਗਿਆ। 


41

ਚਮਾਰੀਆਂ ਆਪਣੇ ਮਰਦਾਂ ਦੇ ਕਹਿਣ ਅਨੁਸਾਰ ਮੂੰਹ-ਹਨ੍ਹੇਰੇ ਹੀ ਚੌਧਰੀਆਂ ਦੀਆਂ ਹਵੇਲੀਆਂ ਵੱਲ ਤੁਰ ਪਈਆਂ। ਕੁੱਝ ਮਰਦ ਚੌਧਰੀਆਂ ਦਾ ਪ੍ਰਤੀਕਰਮ ਜਾਣਨ ਲਈ ਚਗਾਨ ਵਿੱਚ ਇਕੱਠੇ ਹੋ ਗਏ ਅਤੇ ਬਾਕੀ ਲੋਕ ਘਾਹ ਖੋਤਣ ਲਈ ਆਪਣੀਆਂ ਚਾਦਰਾਂ ਅਤੇ ਰੰਬੇ ਲੈ ਕੇ ਬਾਹਰ ਨਿਕਲ ਗਏ।
ਚਮਾਰੀਆਂ ਮੁੜਦੇ ਪੈਰੀਂ ਮੁੜ ਆਈਆਂ ਅਤੇ ਆਪਣੇ ਮਰਦਾਂ ਨੂੰ ਕੋਸਦੀਆਂ ਚੌਧਰੀਆਂ ਨੂੰ ਗਾਲ੍ਹਾਂ ਕੱਢਣ ਲੱਗੀਆਂ। ਚੌਧਰੀਆਂ ਨੇ ਉਹਨਾਂ ਨੂੰ ਚਮ੍ਹਾਰਲੀ ਦੇ ਬਾਹਰੋਂ ਖੂਹ ਦੇ ਨੇੜਿਉਂ ਹੀ ਮੋੜ ਦਿੱਤਾ ਸੀ ਅਤੇ ਨਾਲ ਹੀ ਉਹਨਾਂ ਨੂੰ ਬਹੁਤ ਬੁਰੀਆਂ ਗੱਲਾਂ ਕਹੀਆਂ ਸਨ। ਪ੍ਰਸਿੰਨੀ ਆਪਣਾ ਟੋਕਰਾ ਸੁੱਟਦੀ ਹੋਈ ਗੁੱਸੇ ਭਰੀ ਅਵਾਜ਼ ਵਿੱਚ ਬੋਲੀ:
"ਸੂਲ ਪਏ ਮੋਏ ਚੌਧਰੀਆਂ ਨੂੰ। ਸਾਥੋਂ ਕੰਮ ਨਹੀਂ ਕਰਾਉਣਾ ਤਾਂ ਨਾ ਸਹੀ, ਅਬਾਤਬਾ ਬੋਲਣ ਦਾ ਕੀ ਹੱਕ ਹੈ।"
"ਮੋਇਆਂ ਦੇ ਆਪਣੇ ਘਰੀਂ ਵੀ ਮਾਵਾਂ ਭੈਣਾਂ ਹੈਗੀਆਂ, ਬੁਰਾ ਕੰਮ ਉਹਨਾਂ ਦੇ ਨਾਲ ਕਰਨ।"
ਚਮਾਰੀਆਂ, ਚੌਧਰੀਆਂ ਨੂੰ ਗਾਲ੍ਹਾਂ ਕੱਢਦੀਆਂ ਆਪਣੀ-ਆਪਣੀ ਆਪ ਬੀਤੀ ਸੁਣਾ ਰਹੀਆਂ ਸਨ ਕਿ ਘਾਹ ਖੋਤਣ ਗਏ ਮਰਦ ਵੀ ਵਾਪਸ ਆ ਗਏ। ਉਹ ਬਹੁਤ ਖਿੱਝੇ ਹੋਏ ਸਨ। ਉਹਨਾਂ ਦੇ ਆਉਣ 'ਤੇ ਔਰਤਾਂ ਦਾ ਰੌਲਾ ਬੰਦ ਹੋ ਗਿਆ। ਤਾਇਆ ਬਸੰਤਾ ਜ਼ਮੀਨ ਉੱਤੇ ਆਪਣੀ ਚਾਦਰ ਸੁੱਟ ਕੇ ਬੈਠ ਗਿਆ ਅਤੇ ਆਪਣੇ ਸਿਰ ਨੂੰ ਦੋਹਾਂ ਹੱਥਾਂ ਵਿੱਚ ਫੜਦਾ ਹੋਇਆ ਬੋਲਿਆ:
"ਕਹਿਰ ਖੁਦਾ ਦਾ, ਆਦਮੀ, ਆਦਮੀ ਦਾ ਰਾਜ਼ਕ ਬਣ ਬੈਠਾ ਹੈ। ਏਨਾ ਹੰਕਾਰ ਤਾਂ ਸ਼ਾਇਦ ਬਾਦਸ਼ਾਹਾਂ ਨੂੰ ਵੀ ਨਹੀਂ ਹੁੰਦਾ ਹੋਣਾ ਜਿੰਨਾ ਇਸ ਪਿੰਡ ਦੇ ਚੌਧਰੀਆਂ ਦਾ ਹੋ ਗਿਆ ਹੈ।"
"ਕੀ ਹੋਇਆ ਤਾਇਆ?" ਸੰਤੂ ਨੇ ਉਤਸੁਕਤਾ ਨਾਲ  ਪੁੱਛਿਆ। ਉਹਦੇ ਵੱਲੋਂ ਜੁਆਬ ਦੇਣ ਤੋਂ ਪਹਿਲਾਂ ਹੀ ਕਾਲੀ ਅਤੇ ਜੀਤੂ ਵੀ ਮੋਢਿਆਂ ਉੱਤੇ ਚਾਦਰਾਂ ਰੱਖੀ ਅਤੇ ਹੱਥਾਂ ਵਿੱਚ ਰੰਬੇ ਲਟਕਾਈ ਆ ਗਏ। ਤਾਏ ਬਸੰਤੇ ਨੇ ਉਹਨਾਂ ਨੂੰ ਦੇਖਦਿਆਂ ਹੀ ਪੁੱਛਿਆ:
"ਤੁਸੀਂ ਕਿੱਧਰ ਗਏ ਸੀ?"
"ਪਿੰਡ ਦੇ ਪੱਛਮ 'ਚ।।। ਗੱਪੀਆਂ ਦੇ ਖੇਤਾਂ ਵੱਲ਼"
"ਕੀ ਹੋਇਆ।।। ਮੁੜ ਕਿਉਂ ਆਏ?"
"ਚੋਅ ਤੱਕ ਤਾਂ ਕਿਸੇ ਨੇ ਕੁਛ ਨਹੀਂ ਕਿਹਾ। ਵੱਡੇ ਰਾਹ ਉੱਤੇ ਤੁਰਿਆ ਜਾਂਦਿਆਂ ਨੂੰ ਵੀ ਕਿਸੇ ਨੇ ਨਹੀਂ ਰੋਕਿਆ ਪਰ ਜਿਉਂ ਹੀ ਖੇਤਾਂ ਵੱਲ ਮੁੜੇ ਤਾਂ ਗੱਪੀਆਂ ਦੇ ਡਾਂਗਾਂ ਵਾਲੇ ਮੁੰਡਿਆਂ ਨੇ ਰੋਕ ਦਿੱਤਾ।" ਕਾਲੀ ਨੇ ਜੁਆਬ ਦਿੱਤਾ।
"ਮੈਂ ਦੱਖਣ ਵੱਲ ਗਿਆ ਸੀ। ਮੇਰੇ ਨਾਲ ਨਿੱਕੂ ਦਾ ਅਮਰੂ ਸੀ। ਅਸੀਂ ਤਕੀਏ ਤੋਂ ਪਰ੍ਹੇ ਜਾ ਕੇ ਡੰਡੀ ਵੱਲ ਮੁੜੇ ਤਾਂ ਚੌਧਰੀ ਮੁਨਸ਼ੀ ਦਾ ਪੁੱਤ ਮੇਰੀ ਵੱਲ ਲਾਠੀ ਉਲਾਰਦਾ ਬੋਲਿਆ ਕਿ ਜੇ ਉਹਦੇ ਖੇਤ ਵਿੱਚ ਗਿਆ ਤਾਂ ਲੱਤਾਂ ਤੋੜ ਦਊਗਾ।"
"ਚਾਰੀਂ ਪਾਸੀਂ ਨਾਕਾਬੰਦੀ ਕੀਤੀ ਹੋਈ ਹੈ। ਸਵੇਰੇ ਮੁਹੱਲੇ ਦੀਆਂ ਕੁਛ ਤੀਵੀਂਆਂ ਜੰਗਲ ਪਾਣੀ ਲਈ ਖੇਤਾਂ ਵਿੱਚ ਜਾ ਕੇ ਬੈਠੀਆਂ ਹੀ ਸਨ ਕਿ ਚੌਧਰੀਆਂ ਦੇ ਮੁੰਡਿਆਂ ਨੇ ਉਹਨਾਂ ਨੂੰ ਉਠਾ ਦਿੱਤਾ ਅਤੇ ਉਹ ਹੱਥਾਂ ਵਿੱਚ ਨਾਲੇ ਫੜੀ ਖੂਹ ਵੱਲ ਦੌੜ ਆਈਆਂ।" 
ਏਨੇ ਚਿਰ ਵਿੱਚ ਗਿਆਨੋ ਨੇ ਸਿਰ ਤੋਂ ਟੋਕਰਾ ਲਾਹ ਕੇ ਦਰਵਾਜ਼ੇ ਵੱਲ ਸੁੱਟ ਦਿੱਤਾ ਅਤੇ ਬਿਫਰੀ ਹੋਈ ਅਵਾਜ਼ ਵਿੱਚ ਬੋਲੀ:
"ਮੈਂ ਮੋਏ ਬੇਲਾ ਸਿੰਘ ਅਤੇ ਮੁਨਸ਼ੀ ਦੇ ਘਰ ਕਦੇ ਨਹੀਂ ਜਾਊਂਗੀ। ਮੋਇਆ ਪਾਲਾ ਲਾਠੀ ਲੈ ਕੇ ਮੇਰੇ ਪਿੱਛੇ ਦੌੜਿਆ ਅਤੇ ਮੇਰੀ ਗੁੱਤ ਫੜ ਲਈ। ਮੈਂ ਵੀ ਮੋਏ ਨੂੰ ਟੋਕਰੇ ਨਾਲ ਕੁੱਟਿਆ।" ਗਿਆਨੋ ਨੂੰ ਇਹ ਕਹਿੰਦਿਆਂ-ਕਹਿੰਦਿਆਂ ਆਪਣੀਆਂ ਛਾਤੀਆਂ ਵਿੱਚ ਕਸਕ ਜਿਹੀ ਮਹਿਸੂਸ ਹੋਈ ਅਤੇ ਉਹਦਾ ਗੁੱਸਾ ਹੋਰ ਵੀ ਵੱਧ ਗਿਆ। "ਮੋਏ ਬੇਇੱਜ਼ਤੀ ਕਰਨ 'ਤੇ ਉੱਤਰ ਆਏ ਹਨ।"
ਸਾਰੇ ਲੋਕ ਗਿਆਨੋ ਵੱਲ ਦੇਖਣ ਲੱਗੇ। ਜਿਹੜੀਆਂ ਤੀਵੀਂਆਂ ਚੌਧਰੀਆਂ ਦੀਆਂ ਹਵੇਲੀਆਂ ਵੱਲ ਗਈਆਂ ਸਨ, ਉਹਨਾਂ ਨੇ ਆਪਣਾ ਆਪਣਾ ਦੁਖਾਂਤ ਸੁਣਾਇਆ ਤਾਂ ਤਾਇਆ ਬਸੰਤਾ ਉੱਚੀ ਅਵਾਜ਼ ਵਿੱਚ ਬੋਲਿਆ:
"ਸਾਡੀਆਂ ਨੋਹਾਂ-ਧੀਆਂ ਦੀ ਬੇਇੱਜ਼ਤੀ ਕਰਨ ਵਾਲੇ ਇਹ ਕੌਣ ਹੁੰਦੇ ਹਨ। ਅਸੀਂ ਇਹਨਾਂ ਦੀਆਂ ਨੋਹਾਂ-ਧੀਆਂ ਦੀ ਬੇਇੱਜ਼ਤੀ ਕਰਾਂਗੇ।"
ਉਹਦੇ ਕੋਲ ਖੜ੍ਹੇ ਨੌਜਵਾਨ ਚਮਾਰਾਂ ਦੀਆਂ ਰਗਾਂ ਫੜਕਣ ਲੱਗੀਆਂ। ਬੰਤੂ ਕਾਲੀ ਦੀ ਬਾਂਹ ਫੜਦਾ ਹੋਇਆ ਬੋਲਿਆ:
"ਕਾਲੀ, ਤੁਰੋ ਲਾਠੀਆਂ ਲੈ ਕੇ ਜਿਹੜਾ ਵੀ ਸਾਲਾ ਰਾਹ 'ਚ ਆਵੇ ਉਹਦਾ ਸਿਰ ਪਾੜ ਦਿਓ। ਅੱਜ ਘਰੋਂ ਮਰਨ ਜਾਂ ਮਾਰਨ ਦਾ ਫੈਸਲਾ ਕਰ ਕੇ ਤੁਰੋ।"
ਕਾਲੀ ਦਾ ਧਿਆਨ ਪਾਲੇ ਵੱਲ ਸੀ ਅਤੇ ਉਹ ਬਹੁਤ ਗੰਭੀਰਤਾ ਨਾਲ ਸੋਚ ਰਿਹਾ ਸੀ ਕਿ ਉਹਦੇ ਕੋਲੋਂ ਗਿਆਨੋ ਦੀ ਬੇਇੱਜ਼ਤੀ ਦਾ ਬਦਲਾ ਲੈ ਕੇ ਰਹੇਗਾ। ਉਹਨੇ ਬੰਤੂ ਵੱਲ ਧਿਆਨ ਨਾਲ ਦੇਖਿਆ ਅਤੇ ਸਾਰੇ ਲੋਕਾਂ ਨੂੰ ਸੰਬੋਧਿਤ ਹੋ ਕੇ ਬੋਲਿਆ:
"ਕੰਮ ਕਰਨਾ ਅਤੇ ਕਰਵਾਉਣਾ ਉਹਨਾਂ ਦੀ ਅਤੇ ਸਾਡੀ ਮਰਜ਼ੀ ਹੈ ਪਰ ਉਹਨਾਂ ਨੂੰ ਸਾਡੇ ਮੁਹੱਲੇ ਦੀਆਂ ਤੀਵੀਂਆਂ ਅਤੇ ਕੁੜੀਆਂ ਦੀ ਬੇਇੱਜ਼ਤੀ ਕਰਨ ਦਾ ਕੋਈ ਹੱਕ ਨਹੀਂ।"
"ਬਾਬੇ ਫੱਤੇ ਅਤੇ ਤੂੰ ਹੀ ਸਲਾਹ ਦਿੱਤੀ ਸੀ ਕਿ ਤੀਵੀਂਆਂ ਨੂੰ ਸਵੇਰੇ ਚੌਧਰੀਆਂ ਦੀ ਹਵੇਲੀ ਵਿੱਚ ਕੰਮ ਕਰਨ ਜਾਣਾ ਚਾਹੀਦਾ।" ਬੰਤੂ ਨੇ ਵਿਅੰਗ ਕਰਦਿਆਂ ਕਿਹਾ।
"ਸਾਨੂੰ ਕੀ ਪਤਾ ਸੀ ਕਿ ਉਹ ਇਹਨਾਂ ਦੀ ਬੇਇੱਜ਼ਤੀ ਕਰਨ 'ਤੇ ਉਤਾਰੂ ਹੋ ਜਾਣਗੇ।" 
ਸਾਰੇ ਲੋਕ ਚੌਧਰੀਆਂ ਦੀ ਜ਼ਿਆਦਤੀ ਦਾ ਸਹੀ ਜੁਆਬ ਦੇਣ ਬਾਰੇ ਸੋਚ ਰਹੇ ਸਨ ਕਿ ਬੱਗਾ ਦੌੜਦਾ ਦੌੜਦਾ ਚਗਾਨ ਵਿੱਚ ਆਇਆ। ਉਹਦਾ ਸਾਹ ਫੁੱਲਿਆ ਹੋਇਆ ਸੀ। ਉਹਦੇ ਪਿੱਛੇ ਪਿੱਛੇ ਗਾਲ੍ਹਾਂ ਕੱਢਦਾ ਹੋਇਆ ਪਾਲਾ ਆ ਰਿਹਾ ਸੀ। ਉਹਨੂੰ ਦੇਖਦਿਆਂ ਹੀ ਕਾਲੀ ਭੜਕ ਪਿਆ ਅਤੇ ਲਪਕ ਕੇ ਉਹਦੀ ਵੱਲ ਵੱਧਦਾ ਹੋਇਆ ਬੋਲਿਆ:
"ਖੜ੍ਹ ਜਾ ਆਪਣੀ ਮਾਂ ਦਿਆ ਯਾਰਾ। ਮੈਂ ਤੇਰੀ ਬਦਮਾਸ਼ੀ ਕੱਢਦਾਂ।"
"ਫੜ੍ਹ ਲਉ ਸਾਲੇ ਨੂੰ। ਜਦੋਂ ਇਹ ਸਾਨੂੰ ਆਪਣੇ ਮੁਹੱਲੇ ਅਤੇ ਖੇਤਾਂ ਵਿੱਚ ਆਉਣ ਤੋਂ ਰੋਕ ਸਕਦੇ ਹਨ ਤਾਂ ਇਹਨਾਂ ਦਾ ਸਾਡੇ ਮੁਹੱਲੇ 'ਚ ਆਉਣ ਦਾ ਕੀ ਕੰਮ।"
ਕਾਲੀ ਨੂੰ ਆਪਣੀ ਵੱਲ ਆਉਂਦਾ ਦੇਖ ਪਾਲਾ ਠਿਠਕ ਗਿਆ ਅਤੇ ਪਿੱਛੇ ਮੁੜ ਪਿਆ ਪਰ ਕਾਲੀ ਨੇ ਦੌੜ ਕੇ ਉਹਨੂੰ ਗਲੀ ਦੇ ਮੋੜ ਦੇ ਨੇੜੇ ਫੜ ਲਿਆ ਅਤੇ  ਸਿਰ ਦੇ ਵਾਲਾਂ ਤੋਂ ਫੜ ਕੇ ਉਹਨੂੰ ਝੰਜੋੜਦਾ ਹੋਇਆ ਬੋਲਿਆ:
"ਤੇਰੇ 'ਤੇ ਕੋਈ ਅਨੋਖੀ ਜਵਾਨੀ ਆਈ ਹੈ। ਉਸ ਆਪਣੀ ਮਾਂ 'ਤੇ ਤੁੰ ਹੱਥ ਚੁੱਕਿਆ। ਮੈਂ ਤੇਰਾ ਖੂਨ ਪੀ ਜਾਊਂਗਾ।"
ਕਾਲੀ ਨੇ ਪਾਲੇ ਨੇ ਚੰਗੀ ਤਰ੍ਹਾਂ ਝੰਜੋੜਿਆ ਅਤੇ ਉਹਦੇ ਚਿੱਤੜਾਂ 'ਤੇ ਲੱਤ ਮਾਰਦਾ ਹੋਇਆ ਬੋਲਿਆ:
"ਜੇ ਫਿਰ ਕਦੀ ਏਦਾਂ ਦੀ ਹਰਕਤ ਕੀਤੀ ਤਾਂ ਕੱਚੇ ਨੂੰ ਖਾ ਜਾਊਂਗਾ।"
ਕਾਲੀ ਜਦੋਂ ਚਗਾਨ  ਵਿੱਚ ਵਾਪਸ ਆਇਆ ਤਾਂ ਬਹੁਤ ਸੰਤੁਸ਼ਟ ਸੀ। ਬੱਗੇ ਦਾ ਸਾਹ ਠੀਕ ਹੋਇਆ ਤਾਂ ਕਈ ਜਣਿਆਂ ਨੇ ਇਕੱਠਿਆਂ ਹੀ ਉਹਦੇ ਉੱਤੇ ਸਵਾਲਾਂ ਦੀ ਵਾਸ਼ੜ ਕਰ ਦਿੱਤੀ। ਉਹ ਹਕਲਾਉਂਦਾ ਬੋਲਿਆ, "ਮੈਂ ਚੋਅ 'ਚ ਬੈਠਾ ਸੀ, ਪਾਲਾ ਪੱਠਿਆਂ ਦੀ ਪੰਡ ਚੁੱਕੀ ਆ ਰਿਹਾ ਸੀ। ਉਹ ਮੇਰੇ ਨਜ਼ਦੀਕ ਪੰਡ ਸੁੱਟ ਕੇ ਦਮ ਲੈਣ ਲੱਗਾ ਅਤੇ ਸਾਹ ਲੈਣ ਤੋਂ ਬਾਅਦ ਮੈਨੂੰ ਪੰਡ ਚੁਕਾਉਣ ਨੂੰ ਕਿਹਾ। ਮੇਰੇ ਨਾਂਹ ਕਰਨ 'ਤੇ ਉਹਨੇ ਮੈਨੂੰ ਗਾਲ੍ਹਾਂ ਕੱਢੀਆਂ। ਮੈਂ ਵੀ ਜੁਆਬ 'ਚ ਗਾਲ੍ਹਾਂ ਕੱਢੀਆਂ ਤਾਂ ਉਹ ਮੈਨੂੰ ਧਮਕੀਆਂ ਦੇਣ ਲੱਗਾ। ਉਹਦੇ ਜਵਾਬ 'ਚ ਮੈਂ ਆਪਣੀ ਧੋਤੀ ਖੋਲ੍ਹ ਦਿੱਤੀ ਤਾਂ ਉਹ ਮੇਰੇ ਪਿੱਛੇ ਦੌੜ ਪਿਆ।"
ਲੋਕ ਖਿੜਖਿੜਾ ਕੇ ਹੱਸ ਪਏ ਅਤੇ ਕੁੱਝ ਪਲਾਂ ਲਈ ਸਭ-ਕੁੱਝ ਭੁੱਲ ਗਏ। ਤਾਇਆ ਬਸੰਤਾ ਪਿਆਰ ਨਾਲ ਗਾਲ੍ਹ ਕੱਢ ਕੇ ਬੱਗੇ ਦੀਆਂ ਸ਼ਰਾਰਤਾਂ ਦਾ ਜ਼ਿਕਰ ਕਰਨ ਲੱਗਾ।
ਚਮਾਰਾਂ ਦਾ ਮਨ ਸਵੇਰ ਦੀਆਂ ਘਟਨਾਵਾਂ ਵਿੱਚ ਫਸਿਆ ਹੋਇਆ ਸੀ ਕਿ ਦਾਸੂ ਚੌਂਕੀਦਾਰ ਢੰਡੋਰਾ ਪਿਟਦਾ ਆ ਗਿਆ ਅਤੇ ਜ਼ਿਆਦਾਤਰ ਚਮਾਰਾਂ ਨੂੰ ਚਗਾਨ ਵਿੱਚ ਇਕੱਠੇ ਦੇਖ ਕੇ ਉੱਚੀ ਅਵਾਜ਼ ਵਿੱਚ ਬੋਲਿਆ:
"ਕੋਈ ਚਮਾਰ ਚੌਧਰੀਆਂ ਦੇ ਖੇਤਾਂ ਵਿੱਚ, ਉਹਨਾਂ ਵਿਚਲੀਆਂ ਡੰਡੀਆਂ 'ਤੇ, ਉਹਨਾਂ ਦੇ ਮੁਹੱਲੇ ਦੀਆਂ ਗਲੀਆਂ ਵਿੱਚ, ਪਿੰਡ ਦੀਆਂ ਦੁਕਾਨਾਂ 'ਤੇ ਨਹੀਂ ਆ ਸਕਦਾ। ਜੋ ਆਊਗਾ, ਆਪਣੇ ਕੀਤੇ ਦੀ ਸਜ਼ਾ ਪਾਊਗਾ।"
"ਉਹਨਾਂ ਨੂੰ ਕਹਿ ਦਈਂ ਆਪਣੇ ਖੇਤਾਂ ਨੂੰ ਆਪਣੀ ਮਾਂ।।।।" ਤਾਏ ਬਸੰਤੇ ਨੇ ਜ਼ੋਰ ਨਾਲ ਥੁੱਕਦਿਆਂ ਕਿਹਾ ਅਤੇ ਉਸ ਦੇ ਨੇੜੇ ਖੜ੍ਹੇ ਲੋਕ ਰੌਲਾ ਪਾਉਣ ਲੱਗੇ।
ਦਾਸੂ ਚਮ੍ਹਾਰਲੀ ਵਿੱਚ ਢੰਡੋਰਾ ਪਿੱਟਣ ਤੋਂ ਬਾਅਦ ਚੌਧਰੀਆਂ ਦੇ ਮੁਹੱਲਿਆਂ ਵੱਲ ਮੁੜ ਗਿਆ। ਉਹ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਉੱਚੀ ਅਵਾਜ਼ ਵਿੱਚ ਕਹਿੰਦਾ:
"ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਕੋਈ ਜ਼ਿਮੀਂਦਾਰ, ਦੁਕਾਨਦਾਰ ਚਮਾਰਾਂ ਨੂੰ ਆਪਣੀ ਹਵੇਲੀ, ਮਕਾਨ, ਖੇਤ ਅਤੇ ਦੁਕਾਨ 'ਤੇ ਨਾ ਆਉਣ ਦੇਵੇ। ਉਹਨਾਂ ਨੂੰ ਕੰਮ 'ਤੇ ਨਾ ਲਾਏ। ਜੋ ਕੋਈ ਏਦਾਂ ਕਰੂਗਾ, ਪਿੰਡ ਵਾਲੇ ਉਸ ਦਾ ਹੁੱਕਾ-ਪਾਣੀ ਬੰਦ ਕਰ ਦੇਣਗੇ।"
ਢੰਡੋਰੇ ਤੋਂ ਬਾਅਦ ਡਾਕਟਰ ਨੇ ਵਿਸ਼ਨਦਾਸ ਨੇ ਹੁੱਕੇ ਦੀ ਨੜੀ ਛੱਡ ਦਿੱਤੀ ਅਤੇ ਚੰਨਣ ਸਿੰਘ ਨੂੰ ਅੱਖ ਮਾਰ ਕੇ ਇਸ਼ਾਰਾ ਕਰਦਾ ਬੋਲਿਆ:
"ਚਾਚਾ ਤੀਰਥ ਰਾਮਾ, ਇਹਨਾਂ ਢੰਡੋਰਿਆਂ ਦਾ ਕੋਈ ਫਾਇਦਾ ਨਹੀਂ। ਪ੍ਰੋਲੇਤਾਰੀ ਤਬਕੇ ਨਾਲ ਜ਼ਿਆਦਤੀ ਹੋ ਰਹੀ ਹੈ।" ਮਹਾਸ਼ੇ ਦੀ ਦੁਕਾਨ ਉੱਤੇ ਬੈਠੇ ਚੌਧਰੀ ਡਾਕਟਰ ਉੱਤੇ ਨਜ਼ਰ ਸੁੱਟ ਇਕ ਦੂਸਰੇ ਵੱਲ ਦੇਖ ਕੇ ਮੁਸਕਰਾ ਪਏ। ਡਾਕਟਰ ਹੁੱਕੇ ਦੇ ਦੋ-ਚਾਰ ਹੋਰ ਕਸ਼ ਖਿੱਚ ਕੇ ਬੋਲਿਆ:
"ਸਾਰੀ ਦੁਨੀਆਂ ਚਮਾਰਾਂ ਦੇ ਨਾਲ ਹੈ। ਕਿਉਂ ਚੰਨਣ ਸਿਹਾਂ?"
ਉਹਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਮਹਾਸ਼ਾ ਹਸਦਾ ਹੋਇਆ ਬੋਲਿਆ:
"ਆਤਮਾ ਅਤੇ ਪਰਮਾਤਮਾ ਵਿੱਚ ਤਾਂ ਸਾਰੀ ਸ੍ਰਿਸ਼ਟੀ ਮੰਨੀ ਜਾਂਦੀ ਸੀ, ਤੂੰ ਤੇ ਚੰਨਣ ਸਿੰਘ ਕਦ ਤੋਂ ਸਾਰਾ ਸੰਸਾਰ ਬਣ ਗਏ ਹੋ।"
ਡਾਕਟਰ ਨੇ ਜੋਸ਼ ਵਿੱਚ ਆ ਕੇ ਕਿਹਾ:
"ਮੈਂ ਗਲਤ ਨਹੀਂ ਕਹਿ ਰਿਹਾ। ਸਾਰੇ ਦੇਸ਼ ਦੇ ਮਿਹਨਤਕਸ਼, ਸਾਰੀ ਦੁਨੀਆਂ ਦੇ ਲੋਕ, ਪਿੰਡ ਦੇ ਚਮਾਰਾਂ ਦੇ ਨਾਲ ਹਨ। ਸਾਡੇ ਪਿੰਡ ਵਿੱਚ ਇਨਕਲਾਬ ਵੱਲ ਇਹ ਪਹਿਲਾ ਕਦਮ ਹੈ। ਜਿੰਨਾ ਜ਼ਿਆਦਾ ਜ਼ੁਲਮ ਵਧੇਗਾ, ਉਨੀ ਹੀ ਕਲਾਸ-ਸਟ੍ਰਗਲ ਤੇਜ਼ ਹੋਊਗੀ ਅਤੇ ਆਖਿਰ ਵਿੱਚ ਪ੍ਰੋਲੇਤਾਰੀ ਜਮਾਤ ਦੀ ਜਿੱਤ ਹੋਊਗੀ ਅਤੇ ਪੈਦਾਵਾਰ ਦੇ ਤਮਾਮ ਸਾਧਨ - ਜ਼ਮੀਨਾਂ, ਮਸ਼ੀਨਾਂ ਜਨਤਾ ਦੀ ਮਲਕੀਅਤ ਬਣ ਜਾਣਗੀਆਂ।" 
ਉੱਥੇ ਬੈਠੇ ਲੋਕ ਡਾਕਟਰ ਦੇ ਮੂੰਹੋਂ ਇਸ ਤਰ੍ਹਾਂ ਦੀਆਂ ਗੱਲਾਂ ਪਹਿਲੀ ਵਾਰ ਨਹੀਂ ਸੁਣ ਰਹੇ ਸਨ। ਪਰ ਜਦੋਂ ਉਹ ਪਿੰਡ ਦੇ ਲੋਕਾਂ ਬਾਰੇ ਬੋਲਣ ਲੱਗਾ ਤਾਂ ਮਹਾਸ਼ਾ ਭੜਕ ਪਿਆ:
"ਜਾ ਤੂੰ ਵੀ ਆਪਣਾ ਡੰਡਾ-ਡੇਰਾ ਚੁੱਕ ਕੇ ਚਮ੍ਹਾਰਲੀ 'ਚ ਚਲਾ ਜਾ। ਤੂੰ ਉਹਨਾਂ ਨੂੰ ਸਕੇ ਸ਼ਰੀਕ ਬਣਾ ਰਿਹਾ ਹੈਂ।"
ਡਾਕਟਰ ਮਹਾਸ਼ੇ ਨੂੰ ਉਤੇਜਿਤ ਹੋਇਆ ਦੇਖ ਕੇ ਹੋਰ ਵੀ ਜ਼ਿਆਦਾ ਜੋਸ਼ ਵਿੱਚ ਆ ਗਿਆ ਅਤੇ ਉਹਨੂੰ ਰੂਸ ਦੇ ਇਨਕਲਾਬ ਵਿੱਚੋਂ ਉਦਾਹਰਨਾਂ ਦੇ ਕੇ ਸਮਝਾਉਣ ਲੱਗਾ। ਜਦੋਂ ਡਾਕਟਰ ਬੋਲਦਾ ਹੀ ਗਿਆ ਤਾਂ ਮਹਾਸ਼ਾ ਉਹਨੂੰ ਝਿੜਕਦਾ ਹੋਇਆ ਬੋਲਿਆ:
"ਦੇਖ ਵਿਸ਼ਨਦਾਸਾ, ਤੂੰ ਆਪਣਾ ਅਜੀਜ਼ ਹੈਂ। ਮੈਨੂੰ ਸਿਰਫ ਏਨਾ ਹੀ ਦੱਸ ਦੇ ਕਿ ਤੂੰ ਚਮਾਰਾਂ ਦੇ ਸਹਾਰੇ ਪਿੰਡ ਵਿੱਚ ਜ਼ਿੰਦਗੀ ਕੱਟ ਸਕਦਾ ਹੈਂ?"
ਡਾਕਟਰ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਮੰਗੂ ਨੇ ਪੱਠਿਆਂ ਦੀ ਪੰਡ ਮਹਾਸ਼ੇ ਦੇ ਥੜ੍ਹੇ ਉੱਤੇ ਸੁੱਟ ਦਿੱਤੀ। ਮਹਾਸ਼ਾ ਹਰੇ ਪੱਠੇ ਦੇਖ ਕੇ ਖੁਸ਼ ਹੋ ਗਿਆ ਅਤੇ ਉਹਦੇ ਵੱਲ ਵੱਧਦਾ ਹੋਇਆ ਬੋਲਿਆ:
"ਚੌਧਰੀ ਹਰਨਾਮ ਸਿੰਘ ਨੂੰ ਕਹੀਂ ਕਿ ਮੌਕਾ ਕੱਢ ਕੇ ਇੱਧਰ ਦਾ ਵੀ ਚੱਕਰ ਲਾ ਜਾਵੇ।"
"ਮਹਾਸ਼ਾ ਜੀ, ਅੱਜ ਬਹੁਤ ਕੰਮ ਹੈ। ਚੌਧਰੀ ਜੀ ਆਪ ਵੀ ਪੱਠੇ-ਦੱਥੇ ਵਿੱਚ ਲੱਗੇ ਹੋਏ ਹਨ।"
ਮੰਗੂ ਦੇ ਜਾਣ ਬਾਅਦ ਡਾਕਟਰ ਬੋਲਿਆ:
"ਇਹ ਚਮਾਰਾਂ ਵਿੱਚ ਕਾਲੀ ਭੇਡ ਹੈ, ਫਿਫਥ ਕਾਲਮਿਸਟ ਹੈ, ਰੀਐਕਸ਼ਨਰੀ ਬੁਰਜ਼ਵਾ ਲੋਕਾਂ ਦਾ ਪਿੱਠੂ ਹੈ। ਏਦਾਂ ਦੇ ਲੋਕ ਹੀ ਪ੍ਰੋਲੇਤਾਰੀ ਇਨਕਲਾਬ ਨੂੰ ਸਾਬੋਤਾਜ਼ ਕਰਦੇ ਹਨ।"
ਮਹਾਸ਼ਾ ਡਾਕਟਰ  ਦੀ ਗੱਲ ਅਣਸੁਣੀ ਕਰਕੇ ਚੌਧਰੀ ਮੁਨਸ਼ੀ ਨੂੰ ਕਹਿਣ ਲੱਗਾ:
"ਚੌਧਰੀ, ਦੇਖ ਲਾ, ਮੰਗੂ ਦੇ ਬਾਪ ਨੇ ਚੌਧਰੀ ਹਰਨਾਮ ਸਿੰਘ ਤੋਂ ਪੰਜ ਸੌ ਰੁਪੱਈਏ ਉਧਾਰ ਲਏ ਸਨ। ਉਹ ਸਾਰੀ ਉਮਰ ਕੰਮ ਕਰਦਾ ਮਰ ਗਿਆ ਪਰ ਕਰਜ਼ਾ ਨਹੀਂ ਲੱਥਾ। ਪੰਜ-ਸੱਤ ਸਾਲ ਤਾਂ ਇਹਨੂੰ ਵੀ ਚੌਧਰੀ ਦਾ ਕੰਮ ਕਰਦੇ ਨੂੰ ਹੋ ਗਏ ਹੋਣਗੇ। ਤੂੰ ਵੀ ਏਦਾਂ ਦਾ ਕਾਮਾ ਰੱਖ ਲੈਂਦਾ ਤਾਂ ਅਰਾਮ ਨਾਲ ਰਹਿੰਦਾ। ਸਾਰੀ ਚਮ੍ਹਾਰਲੀ ਨੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ ਪਰ ਮੰਗੂ ਨਾਂਹ ਨਹੀਂ ਕਰ ਸਕਦਾ।"
"ਇਹ ਸਲੇਵਰੀ (ਗੁਲਾਮੀ) ਦੀ ਨਿਸ਼ਾਨੀ ਹੈ। ਸਲੇਵਰੀ ਤੋਂ ਬਾਅਦ ਜਗੀਰਦਾਰੀ ਸਿਸਟਮ ਆਇਆ। ਇਸ ਤੋਂ ਬਾਅਦ ਪੂੰਜੀਵਾਦ ਅਤੇ ਇਸ ਦਾ ਖਾਤਮਾ ਕਰਕੇ ਹੁਣ ਸਮਾਜਵਾਦ ਆਏਗਾ।" ਡਾਕਟਰ ਨੇ ਕਿਹਾ।
"ਵਿਸ਼ਨਦਾਸਾ, ਸਾਨੂੰ ਵੀ ਗੱਲ ਕਰ ਲੈਣ ਦੇ। ਜਦੋਂ ਦਾ ਤੂੰ ਆਇਆਂ ਟਰ-ਟਰ ਲਾਈ ਹੋਈ ਹੈ। ਜੇ ਤੂੰ ਚਮਾਰਾਂ ਦੇ ਹੱਕ 'ਚ ਜ਼ਿਆਦਾ ਗੱਲਾਂ ਕਰੇਂਗਾ ਤਾਂ ਤੇਰਾ ਹੁੱਕਾ-ਪਾਣੀ ਬੰਦ ਕਰ ਦਿੱਤਾ ਜਾਏਗਾ।" ਚੌਧਰੀ ਮੁਨਸ਼ੀ ਨੇ ਗੁੱਸੇ ਭਰੀ ਅਵਾਜ਼ ਵਿੱਚ ਕਿਹਾ।
"ਅਸੀਂ ਘਰ-ਘਰ ਵਿੱਚ, ਗਲੀ-ਗਲੀ ਵਿੱਚ, ਪਿੰਡ-ਪਿੰਡ ਵਿੱਚ ਇਸ ਸਟ੍ਰਗਲ ਦੀ ਖਬਰ ਪਹੁੰਚਾ ਦੇਵਾਂਗੇ ਅਤੇ ਸਾਰਾ ਇਲਾਕਾ  ਤੁਹਾਡੇ ਖਿਲਾਫ ਖੜਾ ਹੋ ਜਾਊਗਾ।" ਡਾਕਟਰ ਨੇ ਜੋਸ਼ ਵਿੱਚ ਕਿਹਾ।
"ਤੇਰੀ ਗੱਲ ਤੇਰੇ ਘਰ ਵਿੱਚ ਕੋਈ ਨਹੀਂ ਸੁਣਦਾ, ਬਾਹਰ ਕੌਣ ਸੁਣੇਗਾ।" ਮਹਾਸ਼ੇ ਨੇ ਮਜ਼ਾਕ ਕਰਦਿਆਂ ਕਿਹਾ।
ਦੁਪਹਿਰ ਤੋਂ ਬਾਅਦ ਬਹੁਤ ਸਾਰੇ ਚੌਧਰੀ ਕੰਮ-ਕਾਜ ਤੋਂ ਵਿਹਲੇ ਹੋ ਕੇ ਮਹਾਸ਼ੇ ਦੀ ਦੁਕਾਨ 'ਤੇ ਇਕੱਠੇ ਹੋ ਗਏ। ਚੌਧਰੀ ਬੇਲਾ ਸਿੰਘ ਨੇ ਦੱਸਿਆ ਕਿ "ਅੱਜ ਚਮਾਰਾਂ ਦੀ ਪੂਰੀ ਨਾਕਾਬੰਦੀ ਕੀਤੀ ਗਈ। ਚਮਾਰੀਆਂ ਕੰਮ ਕਰਨ ਆਈਆਂ ਤਾਂ ਉਹਨਾਂ ਨੂੰ ਗਾਲ੍ਹਾਂ ਕੱਢ ਕੇ ਮੋੜ ਦਿੱਤਾ ਗਿਆ। ਜਿਹੜੇ ਚਮਾਰ ਘਾਹ ਖੋਤਣ ਆਏ ਉਹਨਾਂ ਨੂੰ ਦੌੜਾ ਦਿੱਤਾ ਗਿਆ। ਸਵੇਰੇ ਚਮਾਰੀਆਂ ਜੰਗਲ-ਪਾਣੀ ਲਈ ਖੇਤਾਂ ਵਿੱਚ ਆਈਆਂ ਤਾਂ ਮੁੰਡਿਆਂ ਨੂੰ ਦੇਖ ਕੇ ਉਹ ਨਾਲੇ ਹੱਥਾਂ ਵਿੱਚ ਫੜੀ ਦੌੜ ਗਈਆਂ। ਸਾਲਿਆਂ ਨੂੰ ਦੋ ਦਿਨਾਂ ਵਿੱਚ ਹੋਸ਼ ਆ ਜਾਊਗਾ।।। ਕੱਲ੍ਹ ਤੱਕ ਕੰਨ ਫੜ ਕੇ ਨੱਕ ਨਾ ਰੱਗੜਣ ਤਾਂ ਨਾਂ ਬਦਲ ਦਿਉ।"
ਡਾਕਟਰ ਉਹਨਾਂ ਦੀਆਂ ਗੱਲਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਵਿੱਚੋਂ ਕੋਈ-ਨਾ-ਕੋਈ ਉਹਨੂੰ ਝਾੜ ਦਿੰਦਾ ਅਤੇ ਉਹ ਉਦਾਸ ਅਤੇ ਖਸਿਆਣਾ ਜਿਹਾ ਹੋ ਕੇ ਹੁੱਕਾ ਗੁੜਗੁੜਾਉਂਦਾ ਹੋਇਆ ਇਹ ਸੋਚ ਕੇ ਆਪਣੇ ਆਪ ਨੂੰ ਤਸੱਲੀ ਦਿੰਦਾ ਕਿ ਇਨਕਲਾਬ ਆਉਣ ਤੋਂ ਬਾਅਦ ਉਹ ਇਕ-ਇਕ ਤੋਂ ਬਦਲਾ ਲਵੇਗਾ।
ਚੰਨਣ ਸਿੰਘ ਚਮਾਰਾਂ ਦੇ ਪੱਖ ਵਿੱਚ  ਬੋਲਣ ਲੱਗਾ ਤਾਂ ਬਹੁਤ ਸਾਰੇ ਚੌਧਰੀ ਇਕੱਠੇ ਹੀ ਉਹਨੂੰ ਗਾਲ੍ਹਾਂ ਕੱਢਣ ਲੱਗੇ ਅਤੇ ਉਹ ਵੀ ਖਸਿਆਣਾ-ਜਿਹਾ ਹੋ ਕੇ ਚੁੱਪ ਹੋ ਗਿਆ। ਡਾਕਟਰ ਉਹਨੂੰ ਉੱਠਣ ਦਾ ਇਸ਼ਾਰਾ ਕਰਦਾ ਹੋਇਆ ਬੋਲਿਆ:
"ਇਸ ਤਬਕੇ  ਦੇ ਹੁਣ ਦਿਨ ਪੂਰੇ ਹੋਣ ਵਾਲੇ ਹਨ। ਰਿਐਕਸ਼ਨਰੀ ਤਬਕਾ ਜਦੋਂ ਖਤਮ ਹੋਣ  'ਤੇ ਆਉਂਦਾ ਤਾਂ ਉਸ ਵਿੱਚ ਫ੍ਰਸਟਰੇਸ਼ਨ ਆ ਜਾਂਦੀ ਹੈ।"
ਡਾਕਟਰ ਲੋਕਾਂ ਦੀ ਦੁਰ-ਦੁਰ ਵਿੱਚ ਚੰਨਣ ਸਿੰਘ ਨੂੰ ਨਾਲ ਲੈ ਕੇ ਆਪਣੀ ਦੁਕਾਨ 'ਤੇ ਆ ਗਿਆ।
ਸ਼ਾਮ ਨੂੰ ਚੌਧਰੀ ਅਤੇ ਚਮਾਰ ਇਕ-ਦੂਸਰੇ ਤੋਂ ਅਲੱਗ ਆਪਣੇ-ਆਪਣੇ ਕੰਮ ਕਾਜ ਵਿੱਚ ਰੁਝ ਗਏ। ਡਾਕਟਰ ਵਿਸ਼ਨਦਾਸ ਆਪਣੀ ਦੁਕਾਨ 'ਤੇ ਬੈਠਾ ਪਿੰਡ ਵਿੱਚ ਚੱਲ ਰਹੇ ਜਮਾਤੀ-ਸੰਘਰਸ਼ ਨੂੰ ਵਿਆਪਕ ਰੂਪ ਦਿੰਦਾ ਹੋਇਆ ਇਨਕਲਾਬ ਦੇ ਕਦਮਾਂ ਦੀ ਚਾਪ ਸੁਣਦਾ ਰਿਹਾ।

--------ਚਲਦਾ--------