ਨਾਵਲ 'ਤੀਜੀ ਅਲਵਿਦਾ' - ਨਿਰੰਤਰ ਸੰਘਰਸ਼ ਦੀ ਗਾਥਾ (ਪੁਸਤਕ ਪੜਚੋਲ )

ਕਰਮਜੀਤ ਸਿੰਘ ਔਜਲਾ   

Email: sewalehar@yahoo.co.in
Phone: +91 161 2311473
Cell: +91 92165-05850
Address: 9516 ਜੋਸ਼ੀ ਨਗਰ, ਹੈਬੋਵਾਲ ਰੋਡ
ਲੁਧਿਆਣਾ India 141001
ਕਰਮਜੀਤ ਸਿੰਘ ਔਜਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


where to buy naltrexone

buy naltrexone
ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਨਿਰੰਤਰ ਅਤੇ ਆਦਿ-ਜੁਗਾਦੋਂ ਹਰ ਜੀਵ ਵੱਲੋਂ ਲੜੇ ਜਾ ਰਹੇ ਯੁੱਧ ਨੂੰ ਲੋਕਾਂ ਅਤੇ ਵਿਦਵਾਨਾਂ ਨੇ 'ਯੁੱਧ' ਕਹਿਣਾ ਬੰਦ ਕਰ ਕੇ ਸੰਘਰਸ਼ ਕਹਿਣਾ ਸ਼ੁਰੂ ਕਰ ਦਿੱਤਾ।ਸੰਘਰਸ਼ ਨਾਂ ਕਿਉਂ ਵੱਖਰਾ ਲੱਗਾ ਨਾਂ ਪ੍ਰੀਵਰਤਨ ਕਰਨ ਵਾਲਿਆਂ ਨੂੰ ? ਸ਼ਾਇਦ ਇਸ ਲਈ ਕਿ ਆਪਣਾ ਆਪ ਅਤੇ ਆਪਣਿਆਂ ਨੂੰ ਘਰ ਦੀ ਚਾਰ ਦੀਵਾਰੀ ਵਿਚ ਮਿਟ ਜਾਣ ਅਤੇ ਮਿਟਾਉਣ ਲਈ ਰਵਾਇਤੀ ਸ਼ਸਤਰ ਨਹੀਂ ਵਰਤੇ ਜਾਂਦੇ ਅਤੇ ਅਕਸਰ ਖੂਨ ਖਰਾਬਾ ਟਾਲਿਆ ਜਾ ਸਕਦਾ ਹੈ।ਪਰ ਫਿਰ ਵੀ ਕੀ ਹੋਇਆ ਜੇ ਯੁੱਧ ਦਾ ਖੇਤਰ ਘਰ ਦੀ ਚਾਰ ਦੀਵਾਰੀ ਵਿਚ ਸਾਹਮਣਿਉਂ ਲੜਨ ਵਾਲੇ ਆਪਣੇ ਹੀ ਹੁੰਦੇ ਹਨ ਪਰ ਆਪਣੇ ਹੀ ਖੂਨ ਦੇ ਰਿਸ਼ਤਿਆਂ ਵਾਲਿਆਂ ਦੇ ਮਨ ਵਿਚ ਦਇਆ ਕਿਥੇ ਰਹਿ ਗਈ ਹੁੰਦੀ ਹੈ ? ਉਹ ਕੁਝ ਖੋਹਣ ਵਾਸਤੇ ਭਰਪੂਰ ਵਾਰ ਤੇ ਵਾਰ ਕਰੀ ਜਾਂਦੇ ਹਨ।ਆਖਰ ਖੋਹਣ ਵਿਚ ਸਫ਼ਲ ਹੋ ਜਾਂਦੇ ਹਨ ਤੇ ਇਹ ਖੋਹਿਆ ਗਿਆ 'ਕੁਝ' ਹੀ 'ਤੀਜੀ ਅਲਵਿਦਾ' ਦੀ ਕੁਲਦੀਪ ਕੌਰ ਲਈ 'ਸਭ ਕੁਝ' ਹੁੰਦਾ ਹੈ।ਸਭ ਕੁਝ ਖੋਹੇ ਜਾਣ ਉਪਰੰਤ ਜਦ 'ਕੁਝ ਵੀ ਨਹੀਂ' ਰਿਹਾ ਦਾ ਸੰਤਾਪ ਬਜਰ ਬਣ ਕੇ ਪੈਂਦਾ ਹੈ ਤਾਂ ਸੰਘਰਸ਼-ਰੱਤੀ, ਨਿਰੰਤਰ ਜੀਵਨ ਦੇ ਯੁੱਧ ਵਿਚ ਜੂਝਣ ਵਾਲੀ ਕੁਲਦੀਪ ਕੌਰ ਕਿਸੇ ਯੁੱਧ ਵਿਚ ਜੂਝਣ ਵਾਲੇ ਯੋਧੇ ਵਾਂਗ ਹੀ ਧਰਾਸ਼ਾਹੀ ਹੋ ਕੇ ਯੁੱਧ ਦੇ ਮੈਦਾਨ ਵਿਚ ਹੀ ਡਿਗਦੀ ਹੈ।ਉਸਦੇ ਆਸ ਪਾਸ ਲਾਸ਼ਾਂ ਦਾ ਢੇਰ ਅਤੇ ਖੂਨ ਦੀਆਂ ਵਗਦੀਆਂ ਨਦੀਆਂ ਨਹੀਂ ਹੁੰਦੀਆਂ ਬਲਕਿ ਘਰ ਛੁੱਟਣ ਪਿੱਛੋਂ ਰੇਹੜੇ ਉੱਤੇ ਲੱਦਿਆ ਭਾਂਡਾ ਟੀਂਡਾ ਅਤੇ ਲੀੜਾ ਲੱਤਾ ਹੁੰਦਾ ਹੈ।ਕੋਲ ਖੜਾ੍ਹ ਹੁੰਦਾ ਹੈ ਚਿੜੀ ਦੇ ਬੋਟ ਵਰਗਾ ਪੁੱਤ ਸੁਰਿੰਦਰ ਅਤੇ ਦਿਨ ਰਾਤ ਚੋਗਾ ਇਕੱਠਾ ਕਰਦਾ ਰਿਹਾ ਕੁਲਵੰਤ ਸਿੰਘ।ਜਿਸ ਦੇ ਅਣਬੋਲੇ ਸ਼ਬਦਾਂ ਦਾ ਅਰਥ ਕੇਵਲ ਇਹੋ ਹੈ ਕਿ 'ਕੁਲਦੀਪ ਕੁਰੇ! ਮੈਂ ਤਾਂ ਦਿਨੇ ਰਾਤ ਆਪਣੇ ਜੰਮਿਆਂ ਲਈ ਚੋਗਾ ਇਕੱਠਾ ਕਰਦਾ ਰਿਹਾ ਪਰ ਜਿੰਨਾਂ੍ਹ ਦੇ ਮੂੰਹਾਂ ਵਿਚ ਤੂੰ ਚੋਗਾ ਪਾਉਂਦੀ ਰਹੀ ਉਹ ਜਗਦੀਸ਼ ਤੇ ਦਰਸ਼ਨ ਨੂੰ ਤੇਰੇ ਲਹੂ ਦਾ ਵੀ ਸਵਾਦ ਪੈ ਗਿਆ।ਤੂੰ ਤਾਂ ਜੱਗੇ ਪੁੱਤਰ ਉੱਤੇ ਮਾਣ ਕੀਤਾ ਸੀ ਜਦ ਉਹ ਤਕੜਾ ਹੋ ਕੇ ਕਮਾਊ ਹੋ ਗਿਆ ਸੀ ਪਰ ਉਸਦੀ ਕਮਾਈ ਤਾਂ ਤੈਨੂੰ ਨਾ ਮਿਲੀ ਪਰ ਉਸਦੀਆਂ ਤਕੜੀਆਂ ਬਾਹਾਂ ਆਪਣੇ ਹਿੱਸੇ ਦੀ ਲੁੱਟ ਕਰ ਕੇ ਜ਼ਰੂਰ ਲੈ ਗਈਆਂ ਤੇ ਮੈਂ---ਮੈਂ ਨਿੱਤ ਵਾਪਰਦੇ ਦੁਖਾਂਤਾਂ ਨੂੰ ਇਕ ਤੋਂ ਬਾਅਦ ਦੂਸਰਾ ਦੁਖਾਂਤ ਆਪ ਸਹਾਰਦਾ ਗਿਆ ਤੇ ਤੈਨੂੰ ਸਹਾਰਨ ਲਈ ਪ੍ਰੇਰਦਾ ਰਿਹਾ ---।
ਦਵਿੰਦਰ ਸਿੰਘ ਸੇਖਾ ਦਾ ਨਾਵਲ 'ਤੀਜੀ ਅਲਵਿਦਾ' ਅਸਲ ਵਿਚ ਤੀਜਾ ਦੇਸ ਨਿਕਾਲਾ ਸੀ ਜਿਹੜਾ ਘੱਟ ਦੁੱਖਾਂ ਵਾਲੇ ਦੇਸ ਤੋਂ ਵੱਧ ਦੁਖਾਂ ਵਾਲੇ ਦੇਸ ਵਿਚ ਧੱਕਣ ਲਈ ਕੁਲਦੀਪ ਕੌਰ ਅਤੇ ਕੁਲਵੰਤ ਸਿੰਘ ਨੂੰ ਮਿਲਿਆ।ਇਨਕਾਰ, ਵਿਰੋਧ ਜਾਂ ਜਵਾਬੀ ਕਾਰਵਾਈ ਅਸਮਰੱਥਾ ਸਦਕਾ ਕੋਈ ਗੁੰਜਾਇਸ਼ ਨਹੀਂ ਸੋ ਬੋਰੀਆ ਬਿਸਤਰਾ ਰੇਹੜੇ ਉੱਤੇ ਲੱਦ ਕੇ ਅਲਵਿਦਾ। ਅਤੇ ਸਵਾਗਤ ਲਈ ਅਗਲੇ ਪਾਸੇ ਦੁੱਖ ਮੁਸੀਬਤਾਂ ਅਤੇ ਜ਼ਲਾਲਤ।ਬਲੀ ਚੜ੍ਹ ਕੇ ਪਰ ਫਿਰ ਵੀ ਸ਼ਹੀਦੀ ਦੇ ਰੁਤਬੇ ਤੋਂ ਵਿਹੀਨ ਕੁਲਦੀਪ ਕੌਰ ਕਿੰਨਾ ਅਤੇ ਕਿਸ ਕਿਸ ਨਾਲ ਜੂਝੀ ਹੈ? ਉਹਦੇ ਜੂਝਣ ਦਾ ਅਰਥ ਅਸਲ ਵਿਚ ਸਹਾਰਨਾ ਹੀ ਸੀ । ਸੱਸ ਰਾਮ ਕੌਰ, ਸਹੁਰਾ ਜ਼ੋਰਾ ਸਿੰਘ, ਭਰਾ ਕੁਲਦੀਪ ਸਿੰਘ , ਪੁੱਤਰ ਜਗਦੀਸ਼ ਜੱਗਾ ,ਦਰਸ਼ਨ ਅਤੇ ਅਖੀਰ ਵਿਚ ਸਕੀ ਮਾਂ ਵਰਗੀ ਮਾਸੀ ਮਤਰੇਈ ਮਾਂ ਨੇ ਫਰਜ਼ ਸਮਝ ਕੇ ਦੁੱਖਾਂ, ਤਕਲੀਫਾਂ ਅਤੇ ਰੁਕਾਵਟਾਂ ਦੀਆਂ ਭਰਵੀਆਂ ਸੁਗਾਤਾਂ ਦਿੱਤੀਆਂ ।ਤੀਲਾ ਤੀਲਾ ਜੋੜ ਕੇ ਬਣਾਇਆ ਆਲ੍ਹਣਾ , ਜਿਹੜਾ ਇਕ ਚਿੜੀ ਦੀ ਸੱਧਰ ਸੀ, ਫਿਰ ਤੀਲਾ ਤੀਲਾ ਹੋ ਗਿਆ ਤੇ ਚੰਬੇ ਦੀ ਚਿੜੀ ਦੀ ਮੌਤ ਭਰੇ ਬਜ਼ਾਰ ਹੋਈ ਤੇ ਇਕੱਠੀ ਹੋ ਕੇ ਤਮਾਸ਼ਾ ਵੇਖਣ ਵਾਲੀ ਭੀੜ ਗਵਾਰਾਂ ਦਾ ਹਾਸਾ ਤੇ ਕਿਸਮਤ ਦਾ ਅਮਿੱਟ ਲੇਖ ਹੀ ਬਣਦਾ ਹੈ।ਲਿਖਣ ਵਾਲਾ ਕੌਣ? ਢਿੱਡੋਂ ਜਾਇਆ ਜੱਗਾ ਤੇ ਰੋਣ ਵਾਲਾ ਕੌਣ, ਇਕ ਬੇ-ਸਹਾਰਾ ਬੋਟ ਸੁਰਿੰਦਰ ਜਿਸਦੀ ਚਿੜੀ ਮਾਂ ਦਾ ਆਲ੍ਹਣਾ ਤੀਲਾ ਤੀਲਾ ਤੇ ਉਹ ਆਪ ਫੁੜਕ ਕੇ ਧਰਤੀ ਉੱਤੇ---। ਸੁਰਿੰਦਰ ਦੇ ਅੱਥਰੂਆਂ ਦਾ ਇਕੋ ਹੀ ਸਵਾਲ ' ਮਾਂ ਹੁਣ ਮੇਰਾ ਕੌਣ?'
 ਦਵਿੰਦਰ ਸਿੰਘ ਸੇਖਾ ਨੇ ਇਸ ਨਾਵਲ ਵਿਚ ਦੁੱਖਾਂ ਦੀ ਹਰ ਇਕ ਚੋਭ ਨੂੰ ਕਲਮ ਦੀ ਨੋਕ ਤੇ ਲਿਆਂਦਾ ਹੈ। ਦੁੱਖਾਂ ਦਾ ਅੱਮੁਕ ਲੇਖਾ ਜੋਖਾ ਤਿੰਨ ਪਾਤਰਾਂ ਕੁਲਵੰਤ,ਕੁਲਦੀਪ ਅਤੇ ਸੁਰਿੰਦਰ ਦੇ ਭਾਗਾਂ ਦੀ ਅਮਿੱਟ ਲਿਖਤ ਹੈ। ਪਾਠਕ ਬਲਿਹਾਰ ਜਾਵੇਗਾ ਪੜ੍ਹ ਕੇ ਕਿ ਦੁੱਖਾਂ ਦੇ ਇਸ ਅਥਾਹ ਪਸਾਰੇ ਵਿਚ ਵੀ ਇਹ ਤਿੰਨੇ ਪਾਤਰ ਕਿਸੇ ਨਾ ਕਿਸੇ ਉਮੀਦ ਦੀ ਕੰਨੀ ਫੜ੍ਹ ਕੇ ਵਾਰ ਵਾਰ ਜੀਵਨ ਦੇ ਯੁੱਧ ਵਿਚ ਉੱਤਰਦੇ ਰਹਿੰਦੇ ਹਨ ਤਾਂ ਕਿ ਰੋਟੀ ਕਪੜਾ ਤੇ ਮਕਾਨ ਨਸੀਬ ਹੋ ਕੇ ਉਨਾਂ੍ਹ ਦਾ ਬਣਿਆ ਵੀ ਰਹੇ। ਪਰ ਖੋਹਣ ਵਾਲੀਆਂ ਤਾਕਤਾਂ ਵੀ ਉਸ ਕਾਂ ਵਾਂਗ ਚੁਕੰਨੀਆਂ ਹਨ ਜਿਹੜੇ ਕਿਸੇ ਨਿਆਣੇ ਦੇ ਹੱਥ ਦੀ ਰੋਟੀ ਵੇਖ ਕੇ ਬਨੇਰੇ ਉੱਤੇ ਆ ਬੈਠਦਾ ਹੈ।
ਦੁੱਖਾਂ ਦੀ ਨਿਰੰਤਰਤਾ ਵਿਚ ਆਯਾਸ਼ੀ ਦੀ ਵੰਨਗੀ ਵੀ ਇਸ ਨਾਵਲ ਵਿਚ ਕੇਹੀ ਅਦਭੁਤ ਤੇ ਦਿਲ ਟੁੰਬਵੀਂ ਹੈ। ਸਵੇਰ ਤੋਂ ਤਕਾਲਾਂ ਤੱਕ ਕਪਾਹ ਚੁਗ ਕੇ ਥੱਕ ਕੇ ਚੂਰ ਹੋਣ ਵਾਲੀਆਂ ਚੋਣੀਆਂ ਜਿਨਾਂ੍ਹ ਵਿਚ ਕੁਲਦੀਪ ਤੇ ਉਸਦੀਆਂ ਨਨਾਣਾਂ ਸ਼ਾਮਿਲ ਹਨ, ਦੁਪਹਿਰ ਵੇਲੇ ਖੇਤ ਵਿਚ ਗੰਢੇ ਨਾਲ ਰੋਟੀ ਖਾਂਦੀਆਂ ਹਨ। ਗੁੜ ਤਕ ਨੂੰ ਜਿੰਦਾ ਮਾਰ ਕੇ ਰੱਖਣ ਵਾਲੀ ਰਾਮ ਕੌਰ ਤੱਕ ਚੁਗਲੀ ਪਹੁੰਚਣ ਤੇ ਉਹ ਕੋਈ ਕਸਰ ਨਹੀਂ ਛਡਦੀ ਗੰਢਾ ਖਾਣ ਵਾਲੇ ਕਸੂਰਵਾਰਾਂ ਦੀ ਕੁਪੱਤ ਕਰਨ ਦੀ। ਦੂਜੀ ਸੁਖਾਵੀਂ ਘੜੀ ਵੀ ਆਉਂਦੀ ਹੈ ਕਦੀ ਕਦੀ ਜਦੋਂ ਨਨਾਣਾ ਤੇ ਭਰਜਾਈਆਂ ਸੂਏ ਉੱਤੇ ਕੱਪੜੇ ਧੋਣ ਜਾਂਦੀਆਂ ਹਨ। ਰਾਮ ਕੌਰ ਦਾ ਸ਼ੋਕ ਤਾਂ ਗੱਲ ਗੱਲ ਤੇ ਸੱਥਰ ਵਿਛਾ ਕੇ ਵੈਣ ਪਾਉਣ ਲੱਗ ਜਾਣਾ ਹੈ। ਗਰੀਬੀ ਦੇ ਘੁੱਪ ਹਨੇਰੇ ਵਿਚ ਬਾਜਰੇ ਦੀ ਖਿਚੜੀ ਖਾ ਕੇ ਢਿੱਡ ਭਰਨ ਵਾਲੇ ਦਾਤੀ ਅਤੇ ਸਿੱਟੇ ਦੇ ਚੋਣ ਨਿਸ਼ਾਨ ਤੋਂ ਉਮੀਦਾਂ ਰਖਦੇ ਹਨ ਪਰ ਉਮੀਦਾਂ ਕਦੇ ਸਿਰੇ ਚੜ੍ਹੀਆਂ ? ਰੀਠੇ ਅਤੇ ਸਵਾਹ ਨਾਲ ਕਪੜਿਆਂ ਦੀ ਮੈਲ ਤਾਂ ਪਿੰਡ ਕੋਲ ਵਗਦੇ ਸੂਏ ਦੇ ਪਾਣੀ ਵਿਚ ਧੋਤੀ ਜਾਂਦੀ ਹੈ ਪਰ ਥੁੜਾਂ ਕਾਰਣ ਉਮੀਦਾਂ ਦੇ ਬੁਝ ਚੁੱਕੇ ਦੀਵੇ ਵਿਚ ਤੇਲ ਨਹੀਂ ਪੈ ਸਕਦਾ। ਜੇ ਥੁੜਾਂ ਕਾਰਣ ਕਹਿਰ ਟੁੱਟਦੇ ਹਨ ਮਨੁੱਖੀ ਮਨ ਵਿਚ ਭਰੀ ਆਦਿ ਜੁਗਾਦੀ ਨਿਰਦੈਤਾ ਵੀ ਤਾਂ ਮਨਜੀਤ ਕੌਰ ਨੂੰ ਕੁੱਟ ਮਾਰ ਅਤੇ ਟੀ.ਬੀ. ਦਾ ਸ਼ਿਕਾਰ ਕਰਵਾਉਂਦੀ ਹੈ। ਰਿਸ਼ਤੇਦਾਰਾਂ ਦੀਆਂ ਸਾਜਸ਼ਾਂ ਕਰ ਕੇ ਹੀ ਗੁਰਚਰਨ ਠੀਕ ਤੋਂ ਗਲਤ ਤੱਕ ਦੇ ਰਾਹੇ ਪਾ ਦਿੱਤਾ ਜਾਂਦਾ ਹੈ ਜਿਸ ਨਾਲ ਕੁਲਦੀਪ ਦੀ ਜਾਨ ਦਾ ਇਕ ਜੰਜਾਲ ਹੋਰ ਬਣਦਾ ਹੈ।
ਨਾਵਲ 'ਤੀਜੀ ਅਲਵਿਦਾ' ਕਈ ਪੰਜਾਬੀ ਨਾਵਲਾਂ ਵਾਂਗ ਪੇਂਡੂ ਕਿਰਸਾਨੀ ਦੀ ਤਰਾਸਦੀ ਤੱਕ ਹੀ ਸੀਮਤ ਨਹੀਂ ਹੁੰਦਾ ਬਲਕਿ ਇਸ ਦੇ ਕਾਰਜਸ਼ੀਲ ਪਾਤਰ ਪੇਂਡੂ ਕਿਰਸਾਣੀ ਤੇ ਹਟਵਾਣੀ ਨੂੰ ਅਲਵਿਦਾ ਆਖ ਸ਼ਹਿਰੀ ਉਦਯੋਗ ਆਸਰੇ ਵੀ ਆਪਣੇ ਭਾਗਾਂ ਦੀ ਪੁਨਰ ਲ਼ਿਖਤ ਲਈ ਜੂਝ ਕੇ ਆਪਣੀ ਕਿਸਮਤ ਵਿਚ ਸਾਫ ਸੁਥਰੇ ਕਪੜੇ, ਰੋਟੀ ਨਾਲ ਗੰਢੇ, ਖੰਡ ਆਦਿ ਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਸਾਰੇ ਦੁਖਾਂਤ ਦਾ ਕੇਂਦਰ ਬਿੰਦੂ ਇਹੋ ਹੀ ਹੈ ਕਿ ਜੋ ਪ੍ਰਾਪਤ ਕੀਤਾ ਗਿਆ ਸੀ ਉਹ ਆਪਣਿਆਂ ਦੀ ਖੋਹਣ ਪ੍ਰਵਿਰਤੀ ਅਤੇ ਈਰਖਾ ਕਾਰਣ ਬਚਾਇਆ ਨਾ ਜਾ ਸਕਿਆ। ਸਕੇ ਭਰਾ ਅਤੇ ਸਾਲਾ ਜਦੋਂ ਪੰਚੈਤੀ ਬਣ ਕੇ ਫੈਸਲਾ ਕਰਨਾ ਚਾਹੁੰਦੇ ਹਨ ਤਾਂ ਉਨਾਂ੍ਹ ਦਾ ਉਦੇਸ਼ ਇਨਸਾਫ ਨਾ ਹੋ ਕੇ ਕੁਲਦੀਪ ਅਤੇ ਕੁਲਵੰਤ ਲਈ ਲਾਚਾਰੀ ਨਿਸ਼ਚਿਤ ਕਰਨਾ ਹੁੰਦਾ ਹੈ।ਪਰਿਵਾਰ ਦਾ ਤਾਣਾ-ਬਾਣਾ ਅਤੇ ਪਾਤਰਾਂ ਦਾ ਸੁਭਾਅ ਕੁਝ ਇਸ ਤਰਾਂ੍ਹ ਵਿਕਸਤ ਹੋਏ ਹਨ ਕਿ ਹਰ ਦੁੱਖ ਉੱਤੇ ਸਰਨਾਵਾਂ ਸਿਰਫ ਕੁਲਦੀਪ ਕੌਰ ਮਾਰਫਤ ਕੁਲਵੰਤ ਸਿੰਘ ਹੀ ਲਿਖਿਆ ਹੋਇਆ ਹੈ। ਇਸ ਸਭ ਕੁਝ ਵਿਚ ਕਿਤੇ ਵੀ ਬਨਾਵਟ ਨਹੀਂ ਲਗਦੀ। ਇਸ ਲਈ ਪਾਠਕ ਨੂੰ ਸਹਿਮਤ ਹੀ ਹੋਣਾ ਪੈਂਦਾ ਹੈ। ਨਾਵਲ ਦੇ ਪਹਿਲੇ ਹਿੱਸੇ ਵਿਚ ਪਾਤਰਾਂ ਦੀ ਭਰਮਾਰ ਹੈ ਪਰ ਅਗਲੇ ਦੋ ਹਿੱਸਿਆਂ ਵਿਚ ਲੇਖਕ ਆਪਣੀ ਨਿਪੁੰਨ ਕਾਰਗੁਜ਼ਾਰੀ ਸਦਕਾ ਕਹਾਣੀ ਦੀ ਮੰਗ ਅਨੁਸਾਰ ਲੁੜੀਂਦੇ ਪਾਤਰ ਉਭਾਰ ਕੇ ਮੈਦਾਨ ਵਿਚ ਲਿਆਉਂਦਾ ਹੈ। ਇਥੇ ਰਵਾਨਗੀ ਅਤੇ ਰੌਚਕਤਾ ਸਿਖਰ ਤੇ ਪਹੁੰਚ ਕੇ ਪਾਠਕ ਨੂੰ ਆਪਣੇ ਨਾਲ ਹੀ ਲੈ ਤੁਰਦੀ ਹੈ। ਇਹ ਕਿਸੇ ਟੂਰਨਾਮੈਂਟ ਦੇ ਸੈਮੀ ਫਾਈਨਲ ਅਤੇ ਫਾਈਨਲ ਵਾਂਗ ਹੈ ਪਰ ਉਚਿਤਤਾ ਉੱਤੇ ਕਿੰਤੂ ਨਹੀਂ ਕੀਤਾ ਜਾ ਸਕਦਾ।
ਮਾਲਵੇ ਦੇ ਵਿਚਕਾਰਲੇ ਖਿੱਤੇ ਦੀ ਭਾਸ਼ਾ ਅਤੇ ਸਭਿਆਚਾਰ ਦਾ ਸਹੀ ਚਿਤਰਣ ਪੰਜਾਹ ਸਾਲਾਂ ਦੌਰਾਨ ਸਮਾਜ ਵਿਚ ਹੋਈ ਸੋਚ-ਵਿਕਾਸ ਨੂੰ ਭਲੀ ਭਾਂਤ ਸਪੱਸ਼ਟ ਕਰਦਾ ਹੈ।ਕਿਸੇ ਪਰਿਵਾਰ ਅਤੇ ਰਿਸ਼ਤੇਦਾਰੀ ਦੇ ਸਮੂੰਹ ਵਿੱਚ ਬਾਹਰਲੀਆ ਸ਼ਕਤੀਆ ਦੇ ਥਾਂ ਅੰਦਰੂਨੀ ਸ਼ਕਤੀਆਂ ਵਧੇਰੇ ਅਸਰਦਾਰ ਸਾਬਤ ਹੋਈਆਂ ਹਨ ਤੀਜੀ ਅਲਵਿਦਾ ਵਿਚ। ਇਸੇ ਕਰਕੇ ਹੀ ਤਾਂ ਪ੍ਰਮੁਖ ਇਸਤਰੀ ਪਾਤਰ ਕੁਲਦੀਪ ਕੌਰ ਨੇ "ਥਫਾਕ"ਅਰਥਾਤ ਪਰਵਾਰਿਕ ਇਤਫਾਕ ਨੂੰ ਸਦਾ ਚਾਹਿਆ ਹੈ ਤੇ ਪਿਛਲੀ ਪੀੜ੍ਹੀ ਦੀ ਮਿਸਾਲ ਵੀ ਦਿੱਤੀ ਹੈ। ਦਾਦੇ ਨੇ ਵੀ ਪੋਤੇ ਨੂੰ ਦਿਉ ਦੀ ਕਹਾਣੀ ਸੁਣਾਈ ਹੈ ਪਰ ਜੇ ਚਾਹਿਆ ਹੀ ਹੋਈ ਜਾਂਦਾ ਤਾਂ ਨਾਨਕ ਦੁਖੀਆ ਸਭ ਸੰਸਾਰ ਕਿਸ ਤਰਾਂ੍ਹ ਹੁੰਦਾ? ਨਿੱਜੀ ਸਵਾਰਥਾਂ ਨੇ ਇਤਫਾਕ ਲੀਰੋ ਲੀਰ ਕਰ ਦਿੱਤਾ ਤੇ ਹਿੱਸਾ ਵੰਡਾਉਣ ਵਾਲੇ ਪੁੱਤ ਦੇ ਕਲੇਸ਼ ਕਰ ਕੇ ਮਕਾਨ ਵੇਚਣਾ ਪਿਆ। ਸਮਾਨ ਰੇਹੜੇ ਉੱਤੇ ਰੱਖ ਕੇ ਬਜ਼ਾਰ ਵਿਚ ਦੀ ਲੰਘਣਾ ਪਿਆ,ਜਾਂਦੀ ਹੋਈ ਕੁਲਦੀਪ ਚੁਬਾਰੇ ਦੀਆਂ ਲੱਗੀਆਂ ਇੱਟਾਂ ਨੂੰ ਵੇਖਦੀ ਹੋਈ ਗਸ਼ ਖਾ ਕੇ ਡਿੱਗ ਪੈਂਦੀ ਹੈ।ਇਸੇ ਹੀ ਕੁਲਦੀਪ ਕੌਰ ਨੇ ਜੱਗੇ ਨੂੰ ਕਿਹਾ ਸੀ ' ਕਿਤੇ ਮੈਂ ਤੈਨੂੰ ਨਾ ਜੰਮਿਆਂ ਹੁੰਦਾ--- ।
ਪਾਤਰਾਂ ਦਾ ਸਮਾਜ ਵਿਚ ਪ੍ਰਵਾਨਿਤ ਬੋਲ ਚਾਲ ਆਰਥਿਕਤਾ ਆਧਾਰਿਤ ਆਦਰ ਜਾਂ ਅਨਾਦਰ ਦੀ ਤਸਵੀਰ ਵੀ ਖਿਚਦਾ ਹੈ। ਕੁਲਦੀਪ ਅਤੇ ਮਨਜੀਤ ਦੀ ਦਾਣੇ ਭੁਨਾਉਣ ਦੀ 'ਆਯਾਸ਼ੀ' ਦੀ ਪੂਰਤੀ ਵਿਚ ਪਿਉ ਬਚਿੱਤਰ ਸਿੰਘ ਰੁਕਾਵਟ ਬਣ ਸਕਦਾ ਹੈ ਤੇ ਮਾਂ ਕਹਿੰਦੀ ਹੈ 'ਜੇ ਬੁੱਚੜ ਆ ਗਿਆ ਤਾਂ---'। ਇਕ ਇਕ ਦਾਣਾ ਬਚਾਉਣ ਵਾਲਾ ਪਿਉ ਹੀ ਬੁੱਚੜ ਹੈ ਤੇ ਜਦੋਂ ਕੁੜੀਆਂ ਦੀ ਮਾਸੀ ਨੂੰ ਕੁੜੀਆਂ ਦਾ ਸਹੁਰਾ ਪਰਿਵਾਰ ਠੀਕ ਨਹੀਂ ਲਗਦਾ ਤਾਂ ਉਹ ਵੀ ਕਹਿੰਦੀ ਹੈ ' ਤੁਹਾਡੇ ਪਿਉ ਕੰਜਰ ਨੇ ਇਹ ਕੀ ਲੋਹੜਾ ਮਾਰਿਆ?' ਭੁੱਖੇ ਢਿੱਡਾਂ ਦੀ ਭੁੱਖ ਸਭਿਆਚਾਰਕ ਕਦਰਾਂ ਅਤੇ ਸਤਿਕਾਰ ਸੂਚਕ ਸ਼ਬਦਾਵਲੀ ਨੂੰ ਕੋਲ ਨਹੀਂ ਫਟਕਣ ਦਿੰਦੀ ਇਸ ਨਾਵਲ ਵਿਚ। ਇਹ ਵੀ ਤਾਂ ਯਥਾਰਥਕਤਾ ਹੈ।
ਇਹੋ ਜਿਹੀਆਂ ਰਚਨਾਵਾਂ ਨਾਲ ਪੰਜਾਬੀ ਭਾਸ਼ਾ ਖੁਸ਼ਹਾਲ ਤਾਂ ਜ਼ਰੂਰ ਹੋਵੇਗੀ ਨਾਲ ਹੀ ਅਲੋਪ ਹੋ ਰਿਹਾ ਪੇਂਡੂ ਸਭਿਆਚਾਰ ਅਤੇ ਸ਼ਬਦਾਵਲੀ ਵੀ ਸੰਭਾਲੀ ਜਾਵੇਗੀ। ਪਰਿਵਾਰ ਦੇ ਸੁਖ ਲਈ ਸਦਾ ਹੀ ਮਰ ਮਿਟਣ ਵਾਲੀਆਂ ਕੁਲਦੀਪ ਕੌਰ ਵਰਗੀਆਂ ਆਪਣਿਆਂ ਦੀ ਦੁਸ਼ਮਣੀ ਨੂੰ ਜੇ ਪਹਿਚਾਣ ਸਕਣ ਤਾਂ ਇਸ ਨਾਵਲ ਦੀ ਸਮਾਜਿਕ ਸਾਰਥਿਕਤਾ ਹੋਰ ਵੀ ਵਧੇਗੀ।
ਇਹੋ ਜਿਹੀਆਂ ਰਚਨਾਵਾਂ ਦੀ ਸਦਾ ਹੀ ਉਡੀਕ ਰਹੇਗੀ। ਕਹਾਣੀ ਵਿਚ ਮਨੋਰੰਜਨ ਅਤੇ ਉਦੇਸ਼ ਦੋਵੇਂ ਹੀ ਹਨ।ਅੱਧੀ ਸਦੀ ਦਾ ਭੂਤਕਾਲ ਵੀ ਇਸ ਨਾਵਲ ਨੇ ਵਰਤਮਾਨ ਦੀ ਅਲਮਾਰੀ ਵਿਚ ਸਾਂਭ ਦਿੱਤਾ ਹੈ। ਤੀਜੀ ਅਲਵਿਦਾ ਦਾ ਸਵਾਗਤ ਹੈ।