ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 23
(ਨਾਵਲ )
42
ਚੌਧਰੀਆਂ ਦੇ ਬਾਈਕਾਟ ਦੇ ਪਹਿਲੇ ਕੁੱਝ ਦਿਨ ਚਮਾਰਾਂ ਦਾ ਵਤੀਰਾ ਇਸ ਤਰ੍ਹਾਂ ਰਿਹਾ ਜਿਵੇਂ ਉਹ ਛੁੱਟੀ 'ਤੇ ਹੋਣ। ਚਮਾਰੀਆਂ ਚਗਾਨ ਵਿੱਚ ਬੇਰੀ ਦੇ ਹੇਠਾਂ ਬੈਠੀਆਂ ਸੂਤ ਦੀਆਂ ਅੱਟੀਆਂ ਅਟੇਰਦੀਆਂ ਆਪਸ ਵਿੱਚ ਗੱਪਾਂ-ਸੱ।ਪਾਂ ਮਾਰਦੀਆਂ ਅਤੇ ਚੌਧਰੀਆਂ ਨੂੰ ਗਾਲ੍ਹਾਂ ਕੱਢਦੀਆਂ। ਮਰਦ ਛਕੜੀ, ਚੌਪਟ ਅਤੇ ਤਾਸ਼ ਖੇਡ ਕੇ ਦਿਨ ਗੁਜਾਰਦੇ। ਜੀਤੂ ਅਤੇ ਬੰਤੂ ਇਸ ਦੌਰਾਨ ਸ਼ਹਿਰ ਦਾ ਚੱਕਰ ਵੀ ਲਾ ਆਏ ਸਨ।
ਚੌਥੇ ਦਿਨ ਚਮ੍ਹਾਰਲੀ 'ਤੇ ਬਾਈਕਾਟ ਦਾ ਅਸਰ ਮਹਿਸੂਸ ਹੋਣ ਲੱਗਾ। ਅੰਨ ਦੇ ਨਾਲ ਨਾਲ ਬਾਲਣ ਅਤੇ ਪਾਥੀਆਂ ਵੀ ਖਤਮ ਹੋਣ ਲੱਗੀਆਂ ਅਤੇ ਉਹਨਾਂ ਨੂੰ ਚਿੰਤਾ ਹੋਣ ਲੱਗੀ ਕਿ ਜੇ ਬਾਈਕਾਟ ਖਤਮ ਨਾ ਹੋਇਆ ਤਾਂ ਸ਼ਾਇਦ ਫਾਕਿਆਂ ਤੱਕ ਨੌਬਤ ਆ ਜਾਏਗੀ। ਪਰ ਉਹ ਇਕ-ਦੂਸਰੇ ਦਾ ਹੌਂਸਲਾ ਵਧਾਉਂਦੇ ਰਹੇ। ਇਸ ਹਾਲਤ ਨੇ ਉਹਨਾਂ ਨੂੰ ਆਪਸ ਵਿੱਚ ਬਹੁਤ ਨੇੜ੍ਹੇ ਕਰ ਦਿੱਤਾ। ਔਰਤਾਂ ਆਪਸ ਵਿੱਚ ਬਹੁਤ ਘੱਟ ਲੜਦੀਆਂ ਝਗੜਦੀਆਂ। ਉਹ ਸਾਰੇ ਕਿਸੇ ਕਿਲੇ ਵਿੱਚ ਘਿਰੀ ਫੌਜ ਵਾਂਗ ਚੌਕਸ ਰਹਿੰਦੇ ਹੋਏ ਇਕ-ਦੂਜੇ ਦਾ ਹੱਥ ਵਟਾਉਂਦੇ।
ਪੰਜਵੇਂ ਦਿਨ ਪ੍ਰੀਤੋ ਦੇ ਘਰ ਵਿੱਚ ਖਾਣ ਨੂੰ ਕੁੱਝ ਨਹੀਂ ਸੀ। ਉਹ ਚੋਰੀ-ਛਿੱਪੀਂ ਮੰਗੂ ਕੋਲ ਗਈ ਅਤੇ ਰੋਂਦੀ ਹੋਈ ਫਰਿਆਦ ਕਰਨ ਲੱਗੀ ਕਿ ਨਿੱਕੂ ਅਤੇ ਅਮਰੂ ਨੂੰ ਚੌਧਰੀ ਦੀ ਹਵੇਲੀ ਕੰਮ ਦਿਵਾ ਦੇਵੇ। ਮੰਗੂ ਨੇ ਮੁਹੱਲੇ ਦੇ ਲੋਕਾਂ ਵੱਲੋਂ ਰੌਲਾ ਪਾਉਣ ਦੀ ਗੱਲ ਕੀਤੀ ਤਾਂ ਉਹ ਭੜਕ ਪਈ:
"ਅੱਗ ਲੱਗੇ ਮੁਹੱਲੇ ਨੂੰ। ਮੇਰੇ ਬੱਚੇ ਭੁੱਖ ਨਾਲ ਵਿਲਕ ਰਹੇ ਹਨ। ਉਹ ਮੈਨੂੰ ਕਿਹੜੇ ਪਕਵਾਨ ਪਕਾ ਕੇ ਭੇਜਦੇ ਹਨ। ਤੂੰ ਉਹਨਾਂ ਨੂੰ ਕੰਮ ਦਿਵਾ ਦੇ, ਮੁਹੱਲੇ ਨੂੰ ਮੈਂ ਆਪਣੇ ਆਪ ਸੰਭਾਲ ਲਊਂਗੀ।"
ਮੰਗੂ ਘਰੋਂ ਨਿਕਲਿਆ ਹੀ ਸੀ ਕਿ ਗਿਆਨੋ ਨੇ ਕਾਲੀ ਨੂੰ ਖਬਰ ਦਿੱਤੀ ਕਿ ਪ੍ਰੀਤੋ ਨੇ ਨਿੱਕੂ ਅਤੇ ਅਮਰੂ ਨੂੰ ਚੌਧਰੀ ਦੀ ਹਵੇਲੀ ਵਿੱਚ ਕੰਮ ਦਿਵਾਉਣ ਲਈ ਮੰਗੂ ਨੂੰ ਕਿਹਾ ਹੈ। ਕਾਲੀ ਝੱਟ ਹੀ ਪ੍ਰੀਤੋ ਦੇ ਘਰ ਗਿਆ ਅਤੇ ਉਹਦੇ ਭੁੱਖ ਨਾਲ ਵਿਲਕ ਰਹੇ ਬੱਚਿਆਂ ਨੂੰ ਦੇਖ ਕੇ ਉਲਟੇ ਪੈਰੀਂ ਵਾਪਸ ਆ ਗਿਆ। ਉਹਨੇ ਆਪਣੇ ਅਨਾਜ ਦਾ ਘੜਾ ਚੁੱਕਿਆ ਅਤੇ ਪ੍ਰੀਤੋ ਦੇ ਕੋਲ ਜਾ ਕੇ ਬੋਲਿਆ:
"ਚਾਚੀ, ਲੈ ਨਿਆਣਿਆਂ ਨੂੰ ਰੋਟੀ ਪਕਾ ਕੇ ਖਿਲਾ। ਇਹ ਮੁਸੀਬਤ ਅਸੀਂ ਮੰਗੀ ਨਹੀਂ ਹੈ, ਸਾਡੇ 'ਤੇ ਜ਼ਬਰਦਸਤੀ ਠੋਸੀ ਗਈ ਹੈ। ਹੌਂਸਲਾ ਰੱਖ਼ ਜੇ ਰੋਟੀ ਖਾਵਾਂਗੇ ਤਾਂ ਸਾਰੇ ਖਾਵਾਂਗੇ, ਭੁੱਖੇ ਰਹਾਂਗੇ ਤਾਂ ਸਾਰੇ ਰਹਾਂਗੇ।"
ਕਾਲੀ ਦੀ ਗੱਲ ਸੁਣਕੇ ਪ੍ਰੀਤੋ ਦਾ ਮਨ ਖੁਸ਼ ਹੋ ਗਿਆ ਅਤੇ ਉਹ ਆਪਣੀ ਹਰਕਤ 'ਤੇ ਸ਼ਰਮਿੰਦੀ-ਜਿਹੀ ਹੋਈ ਬੋਲੀ:
"ਦੇਖ ਨਾ, ਮੈਂ ਆਟਾ ਮੰਗਣ ਮੰਗੂ ਦੇ ਘਰ ਗਈ ਸੀ। ਉਹ ਹੋਇਆ ਚੌਧਰੀ ਦਾ ਪਿੱਠੂ ।।। ਕਹਿਣ ਲੱਗਾ, ਫਾਕੇ ਕਿਉਂ ਕੱਟ ਰਹੀ ਹੈਂ - ਚੌਧਰੀ ਨੂੰ ਕਹਿ ਕੇ ਅਮਰੂ ਨੂੰ ਕੰਮ ਦਿਵਾ ਦਿੰਦਾ ਹਾਂ। ਮੈਂ ਨਾਂਹ ਕਰ ਦਿੱਤੀ।।। ਮੈਂ ਸਾਫ ਕਹਿ ਦਿੱਤਾ ਕਿ ਫਾਕੇ ਕੱਟ ਲਵਾਂਗੇ ਪਰ ਮੁਹੱਲੇ ਦਾ ਸਾਥ ਨਹੀਂ ਛੱਡਾਂਗੇ।"
ਕਾਲੀ ਚੁੱਪਚਾਪ ਉਹਦੀਆਂ ਗੱਲਾਂ ਸੁਣਦਾ ਰਿਹਾ ਅਤੇ ਉਹਨੂੰ ਹੌਂਸਲਾ ਦੇ ਕੇ ਬਾਬੇ ਫੱਤੇ ਦੇ ਘਰ ਚਲਾ ਗਿਆ। ਬਾਬੇ ਦੇ ਘਰ ਵੀ ਖਾਣ ਲਈ ਕੁੱਝ ਨਹੀਂ ਸੀ ਅਤੇ ਕਮਜ਼ੋਰੀ ਨਾਲ ਉਹਦੇ ਗਲ ਵਿੱਚੋਂ ਅਵਾਜ਼ ਨਹੀਂ ਨਿਕਲ ਰਹੀ ਸੀ। ਉੱਥੋਂ ਉਹ ਤਾਈ ਨਿਹਾਲੀ ਦੇ ਘਰ ਗਿਆ ਤਾਂ ਉਹ ਵੀ ਇਸ ਤਰ੍ਹਾਂ ਦਾ ਦੁੱਖ ਹੀ ਲੈ ਕੇ ਬੈਠ ਗਈ। ਬੰਤੂ ਦਾ ਜੋਸ਼ ਵੀ ਬਹੁਤ ਠੰਢਾ ਪੈ ਗਿਆ ਸੀ। ਤਾਏ ਬਸੰਤੇ ਦੇ ਕੋਲ ਗਿਆ ਤਾਂ ਉਹ ਵੀ ਉਦਾਸ ਜਿਹਾ ਮੰਜੇ 'ਤੇ ਲੰਮਾ ਪਿਆ ਸੀ। ਕਾਲੀ ਨੇ ਹਾਲ ਪੁੱਛਿਆ ਤਾਂ ਉੱਠਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ:
"ਪਹਿਲਾਂ ਦੋ ਰੋਟੀਆਂ ਖਾਂਦਾ ਸੀ, ਫਿਰ ਇਕ 'ਤੇ ਆ ਗਿਆਂ, ਹੁਣ ਅੱਧੀ 'ਤੇ, ਕੱਲ੍ਹ ਚੱਪਾ ਰਹਿ ਜਾਊਗੀ ਅਤੇ ਪਰਸੋਂ ਸ਼ਾਇਦ ਫਾਕਾ ਕੱਟਣਾ ਪਵੇ।"
ਕਾਲੀ ਫਿਕਰ ਵਿੱਚ ਡੁੱਬਿਆ ਆਪਣੇ ਘਰ ਆ ਗਿਆ ਅਤੇ ਕੁੱਝ ਦੇਰ ਤੱਕ ਬੈਠਾ ਰਿਹਾ। ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਮੁਹੱਲੇ ਦੇ ਲੋਕਾਂ ਦਾ ਹੌਂਸਲਾ ਟੁੱਟ ਰਿਹਾ ਸੀ। ਕੁੱਝ ਮਿਲਣਾ-ਮਿਲਾਉਣਾ ਵੀ ਨਹੀਂ ਅਤੇ ਬੇਇੱਜ਼ਤੀ ਅਲੱਗ ਹੋਵੇਗੀ।
ਖੇਤਾਂ ਵਿੱਚ ਹੜਾਂ ਦਾ ਪਾਣੀ ਸੁੱਕ ਗਿਆ ਸੀ ਅਤੇ ਚਿਕਨੀ ਜ਼ਮੀਨ ਉੱਤੇ ਪੇਪੜੀਆਂ ਜਿਹੀਆਂ ਬਣ ਗਈਆਂ ਸਨ। ਮੱਕੀ ਦੇ ਡੰਡਲਾਂ ਦੀਆਂ ਜੜ੍ਹਾਂ ਜਿਵੇਂ ਕਿਵੇਂ ਉਸ ਵਿੱਚ ਫਸੀਆਂ ਹੋਈਆਂ ਸਨ ਅਤੇ ਉਹ ਕੁਮਲਾਉਣ ਲੱਗੇ ਸਨ। ਚੌਧਰੀਆਂ ਨੇ ਆਪਣੇ ਸਕੂਲ ਵਿੱਚ ਪੜ੍ਹਦੇ ਨਿਆਣਿਆਂ ਨੂੰ ਵੀ ਗੋਡੀ ਦੇ ਕੰਮ ਉੱਤੇ ਲਾ ਲਿਆ ਸੀ। ਚੌਧਰਾਣੀਆਂ ਨੇ ਢੋਰ-ਡੰਗਰ ਸਾਂਭ ਲਏ ਸਨ। ਪਰ ਉਹਨਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਮੱਕੀ ਦੀ ਬਚੀ-ਖੁਚੀ ਫਸਲ ਬਰਬਾਦ ਹੋ ਰਹੀ ਸੀ।
ਹਰ ਚੌਧਰੀ ਬਾਜੀਗਰਾਂ ਦੇ ਕੋਠਿਆਂ ਤੱਕ ਜਾ ਆਇਆ ਸੀ। ਬਹੁਤੇ ਬਾਜੀਗਰ ਗੁਡ-ਗੁਡਾਈ ਦਾ ਕੰਮ ਕਰਨਾ ਹੀ ਨਹੀਂ ਚਾਹੁੰਦੇ ਸਨ। ਹਜ਼ਾਰ ਹਜ਼ਾਰ ਨਖਰੇ ਕਰਨ ਬਾਅਦ ਜੇ ਕੋਈ ਮੰਨਦਾ ਸੀ ਤਾਂ ਉਹ ਦੁੱਗਣੀ ਦਿਹਾੜੀ ਮੰਗਦਾ ਸੀ। ਬਾਹਰ ਤੋਂ ਕੰਮ ਕਰਨ ਲਈ ਕੋਈ ਚਮਾਰ ਤਿਆਰ ਨਹੀਂ ਸੀ ਕਿਉਂਕਿ ਇਕ ਤਾਂ ਉਹਨਾਂ ਲਈ ਆਪਣੇ ਪਿੰਡ ਵਿੱਚ ਹੀ ਬਹੁਤ ਕੰਮ ਸੀ, ਦੂਜਾ ਆਪਣੀ ਬਰਾਦਰੀ ਦਾ ਵੀ ਲਿਹਾਜ਼ ਸੀ। ਗਰਮੀ ਦੇ ਸਤਾਏ ਹੋਏ ਅਤੇ ਥਕਾਵਟ ਨਾਲ ਚੂਰ ਚੌਧਰੀ ਚਮਾਰਾਂ ਨੂੰ ਗਾਲ੍ਹਾਂ ਕੱਢਦੇ ਉਹਨਾਂ ਦੀ ਹਠਧਰਮੀ ਅਤੇ ਮੂਰਖਤਾ ਨੂੰ ਕੋਸਦੇ ਰਹਿੰਦੇ ਅਤੇ ਮਨ ਹੀ ਮਨ ਚਾਹੁੰਦੇ ਕਿ ਝਗੜੇ ਦਾ ਜਲਦੀ ਤੋਂ ਜਲਦੀ ਨਿਪਟਾਰਾ ਹੋ ਜਾਵੇ। ਚਮਾਰ ਸੁੱਕ ਰਹੀ ਮੱਕੀ ਨੂੰ ਦੇਖ ਕੇ ਦਿਲ ਹੀ ਦਿਲ ਵਿੱਚ ਕੁੜਦੇ ਅਤੇ ਚੌਧਰੀਆਂ ਨੂੰ ਬੁਰਾ-ਭਲਾ ਕਹਿੰਦੇ ਕਿ ਆਪਣੇ ਹੱਠ ਨਾਲ ਫਸਲ ਬਰਬਾਦ ਕਰ ਰਹੇ ਹਨ।
ਇਸ ਝਗੜੇ ਦੇ ਸ਼ੁਰੂ ਦੇ ਦਿਨਾਂ ਵਿੱਚ ਛੱਜੂ ਸ਼ਾਹ ਅਤੇ ਮਹਾਸ਼ਾ ਦੋਨੋਂ ਖੁਸ਼ ਸਨ। ਉਹਨਾਂ ਨੂੰ ਖੁਸ਼ੀ ਇਸ ਗੱਲ ਦੀ ਸੀ ਕਿ ਘਰ ਬੈਠਿਆਂ-ਬਿਠਾਇਆਂ ਹੀ ਮੁਫਤ ਪੱਠੇ ਮਿਲ ਰਹੇ ਸਨ। ਤਿੰਨ ਦਿਨ ਤੱਕ ਤਾਂ ਚੌਧਰੀ ਉਹਨਾਂ ਦੇ ਘਰ ਪੱਠੇ ਪਹੁੰਚਾਉਂਦੇ ਰਹੇ ਪਰ ਬਾਅਦ ਵਿੱਚ ਉਹਨਾਂ ਨੇ ਬੰਦ ਕਰ ਦਿੱਤਾ। ਛੱਜੂ ਸ਼ਾਹ ਨੇ ਚੌਥੇ ਦਿਨ ਬੇਲਾ ਸਿੰਘ ਕੋਲ ਸ਼ਿਕਾਇਤ ਕੀਤੀ ਤਾਂ ਉਹ ਭੜਕ ਪਿਆ ਅਤੇ ਛੱਜੂ ਸ਼ਾਹ ਨਾਲ ਤਲਖ ਅਵਾਜ਼ ਵਿੱਚ ਬੋਲਿਆ ਕਿ ਉਹ ਉਹਦੀ ਮੱਝ ਲਈ ਪੱਠੇ ਲਿਆਵੇ ਤਾਂ ਆਪਣਾ ਡੰਗਰ-ਬੱਛਾ ਸਾਂਭੇ। ਜ਼ਰੂਰਤ ਹੈ ਤਾਂ ਆਪ ਜਾ ਕੇ ਉਹਦੇ ਖੇਤ 'ਚੋਂ ਪੱਠੇ ਵੱਢ ਲਿਆਵੇ। ਉਹ ਉਹਦਾ ਨੌਕਰ ਨਹੀਂ।
ਛੱਜੂ ਸ਼ਾਹ ਨੂੰ ਦੂਸਰਾ ਨੁਕਸਾਨ ਇਹ ਹੋਇਆ ਕਿ ਉਹਦੀ ਦੁਕਾਨ 'ਤੇ ਵਿੱਕਰੀ ਬੰਦ ਹੋ ਗਈ। ਚੌਧਰੀ ਲੋਕ ਲੂਣ ਤੇਲ ਤੋਂ ਬਿਨਾਂ ਘੱਟ ਹੀ ਚੀਜ਼ਾਂ ਖ੍ਰੀਦਦੇ ਸਨ। ਉਹਦੇ ਜ਼ਿਆਦਾ ਗਾਹਕ ਚਮਾਰ ਹੀ ਸਨ ਜਿਹਨਾਂ ਨੂੰ ਆਪਣੀ ਹਰ ਜ਼ਰੂਰਤ ਲਈ ਉਹਦੇ ਕੋਲ ਆਉਣਾ ਪੈਂਦਾ ਸੀ।
ਪੰਜਵੇਂ ਦਿਨ ਚੌਧਰੀ ਹਰਨਾਮ ਸਿੰਘ ਦੇ ਖੇਤ ਵਿੱਚ ਪੱਠੇ ਲਿਆਉਂਦਿਆਂ ਰਾਹ ਵਿੱਚ ਮਹਾਸ਼ੇ ਤੀਰਥ ਰਾਮ ਦੀ ਗਰਦਨ ਵਿੱਚ ਵਲ ਪੈ ਗਿਆ। ਉਹ ਬਹੁਤ ਮੁਸ਼ਕਿਲ ਨਾਲ ਪਿੰਡ ਤੱਕ ਪਹੁੰਚਿਆ ਅਤੇ ਆਪਣੀ ਦੁਕਾਨ ਤੋਂ ਥੋੜ੍ਹਾ ਪਰ੍ਹੇ ਹੀ ਪੱਠਿਆਂ ਦੀ ਭਰੀ ਸੁੱਟ ਕੇ ਬੈਠ ਗਿਆ। ਉਹਨੂੰ ਨਿਢਾਲ ਦੇਖ ਕੇ ਘੜੰਮ ਚੌਧਰੀ ਥੜ੍ਹੇ ਤੋਂ ਹੇਠਾਂ ਉਤਰ ਆਇਆ ਅਤੇ ਹਸਦਾ ਹੋਇਆ ਬੋਲਿਆ:
"ਰੰਡੀਆਂ ਨੂੰ ਵੀ ਚਰਖਾ ਕੱਤਣਾ ਪੈ ਗਿਆ ਹੈ। ਮਹਾਸ਼ੇ, ਪੱਠੇ ਢੋਣੇ ਡੰਡੀਮਾਰਾਂ ਅਤੇ ਸੂਦਖੋਰਾਂ ਦੇ ਵੱਸ ਦੀ ਗੱਲ ਨਹੀਂ।"
ਮਹਾਸ਼ੇ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਗੱਲ ਨੂੰ ਟਾਲਦਾ ਹੋਇਆ ਬੋਲਿਆ:
"ਇਹਨਾਂ ਚਮਾਰਾਂ ਨੇ ਨੱਕ ਵਿੱਚ ਦਮ ਕਰ ਦਿੱਤਾ ਹੈ। ਸਾਲੇ ਫਾਕੇ ਕੱਟ ਰਹੇ ਹਨ ਪਰ ਸੀਸ ਨਹੀਂ ਨਿਵਾਉਂਦੇ।"
ਡਾਕਟਰ ਵਿਸ਼ਨਦਾਸ ਚਹਿਕਦਾ ਹੋਇਆ ਬੋਲਿਆ:
"ਚਾਚਾ ਤੀਰਥ ਰਾਮਾ, ਪ੍ਰੋਲੇਤਾਰੀ ਦੁਨੀਆ ਦੀ ਸਭ ਤੋਂ ਵੱਡੀ ਇਨਕਲਾਬੀ ਤਾਕਤ ਹੈ। ਉਹਨਾਂ ਦੇ ਅੱਗੇ ਕੋਈ ਨਹੀਂ ਠਹਿਰ ਸਕਦਾ। ਉਹਨਾਂ ਦਾ ਮੁਕਾਬਲਾ ਲੱਖਾਂ ਕ੍ਰੋੜਾਂ ਫੌਜਾਂ ਦਾ ਮਾਲਕ ਰੂਸ ਦਾ ਮਹਾਰਾਜਾ, ਜ਼ਾਰ ਨਾ ਕਰ ਸੱਕਿਆ ਤਾਂ ਇਸ ਪਿੰਡ ਦੇ ਚੌਧਰੀ ਕਿਸ ਬਾਗ ਦੀ ਮੂਲੀ ਹਨ।"
ਮਹਾਸ਼ੇ ਨੇ ਘੂਰ ਕੇ ਡਾਕਟਰ ਵੱਲ ਦੇਖਿਆ ਅਤੇ ਤਲਖ ਅਵਾਜ਼ ਵਿੱਚ ਬੋਲਿਆ:
"ਵਿਸ਼ਨਦਾਸਾ, ਇਸ ਵੇਲੇ ਦੌੜ ਜਾ ਇੱਥੋਂ। ਸਾਰੀ ਉਮਰ ਦੀ ਰੱਖੀ-ਰਖਾਈ ਵਿਗੜ ਜਾਊਗੀ।"
"ਇੰਪੀਰੀਅਲਿਸਟ ਅਤੇ ਕੈਪਟਲਿਸਟ ਤਬਕੇ ਆਪਣੀ ਹਾਰ ਤੋਂ ਪਹਿਲਾਂ ਬੁਖਲਾਹਟ ਦਾ ਸ਼ਿਕਾਰ ਹੋ ਹੀ ਜਾਂਦੇ ਹਨ। ਉਸ ਵੇਲੇ ਉਹਨਾਂ ਨੂੰ ਆਪਣੇ-ਪਰਾਏ ਦਾ ਹੋਸ਼ ਨਹੀਂ ਰਹਿੰਦਾ।"
ਡਾਕਟਰ ਮਹਾਸ਼ੇ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਹੀ ਤੇਜ਼-ਤੇਜ਼ ਕਦਮ ਚੁੱਕਦਾ ਗਲੀ ਵਿੱਚ ਵੜ ਗਿਆ ਤਾਂ ਕਿ ਕਾਮਰੇਡ ਟਹਿਲ ਸਿੰਘ ਨਾਲ ਨਵੀਂ ਸਥਿਤੀ ਬਾਰੇ ਗੱਲਬਾਤ ਕਰ ਸਕੇ।
ਚਮ੍ਹਾਰਲੀ ਦੇ ਖੂਹ ਉੱਤੇ ਬੈਠਾ ਕਾਲੀ, ਡਾਕਟਰ ਨੂੰ ਦੇਖਦਿਆਂ ਹੀ ਉੱਠ ਕੇ ਉਹਦੇ ਵੱਲ ਵਧਿਆ।
"ਡਾਕਟਰ ਜੀ, ਮੈਂ ਤੁਹਾਡਾ ਹੀ ਰਸਤਾ ਦੇਖ ਰਿਹਾ ਸੀ।"
"ਤੂੰ ਮੇਰੇ ਨਾਲ ਨਾ ਆ। ਚੋਅ ਦੇ ਰਸਤੇ ਟਾਹਲੀਆਂ ਦੀ ਝਿੜੀ ਵਿੱਚ ਪਹੁੰਚ ਜਾ। ਮੈਂ ਕਾਮਰੇਡ ਟਹਿਲ ਸਿੰਘ ਨੂੰ ਲੈ ਕੇ ਉੱਥੇ ਆਉਂਦਾ। ਉੱਥੇ ਮੀਟਿੰਗ ਕਰਾਂਗੇ।" ਡਾਕਟਰ ਅੱਗੇ ਵੱਧ ਗਿਆ।
ਕਾਲੀ ਨੂੰ ਡਾਕਟਰ ਦੇ ਰਵੱਈਏ 'ਤੇ ਕੁੱਝ ਹੈਰਾਨੀ ਵੀ ਹੋਈ ਅਤੇ ਕੁੱਝ ਗੁੱਸਾ ਵੀ ਆਇਆ। ਪਰ ਉਹ ਉੱਥੇ ਹੀ ਰੁਕ ਗਿਆ। ਪਰ ਇਸ ਆਸ ਨਾਲ ਉਹ ਟਾਹਲੀਆਂ ਦੀ ਝਿੜੀ ਵੱਲ ਤੁਰ ਪਿਆ ਕਿ ਸ਼ਾਇਦ ਉਹ ਕੁਝ ਮਦਦ ਕਰ ਸਕਣ ਅਤੇ ਫਾਕਿਆਂ ਤੱਕ ਨੌਬਤ ਨਾ ਆਵੇ।
ਦਿਨ ਕਾਫੀ ਢਲ ਗਿਆ ਸੀ ਜਦੋਂ ਕਾਲੀ ਨੂੰ ਡਾਕਟਰ ਅਤੇ ਕਾਮਰੇਡ ਟਹਿਲ ਸਿੰਘ ਝਿੜੀ ਵੱਲ ਆਉਂਦੇ ਦਿਖਾਈ ਦਿੱਤੇ। ਉਹ ਉਤਸੁਕਤਾ ਨਾਲ ਉਹਨਾਂ ਦੀ ਉਡੀਕ ਕਰਨ ਲੱਗਾ ਅਤੇ ਉਹਨਾਂ ਦੀ ਰਫਤਾਰ ਸੁਸਤ ਦੇਖ ਉਹ ਉਹਨਾਂ ਵੱਲ ਵੱਧ ਗਿਆ। ਉਹ ਉਹਨਾਂ ਦੇ ਕੋਲ ਪਹੁੰਚਿਆ ਤਾਂ ਟਹਿਲ ਸਿੰਘ ਨੇ ਲਾਲ ਸਲਾਮ ਕਰਕੇ ਕਾਲੀ ਦੇ ਨਾਲ ਹੱਥ ਮਿਲਾਇਆ। ਉਹਨੂੰ ਟਹਿਲ ਸਿੰਘ ਦੇ ਨਾਲ ਹੱਥ ਮਿਲਾ ਕੇ ਖੁਸ਼ੀ ਹੋਈ ਕਿਉਂਕਿ ਗਰੀਬ ਤੋਂ ਗਰੀਬ ਜੱਟ ਵੀ ਚਮਾਰ ਦੇ ਨਾਲ ਹੱਥ ਨਹੀਂ ਮਿਲਾਉਂਦਾ ਸੀ।
ਝਿੜੀ ਦੇ ਕੋਲ ਪਹੁੰਚ ਕੇ ਉਹ ਘੁੰਮ ਕੇ ਚੋਅ ਵਿੱਚ ਡੂੰਘੇ ਟੋਏ ਦੀ ਢਲਾਨ ਵਿੱਚ ਜਾ ਬੈਠੇ। ਕਾਮਰੇਡ ਟਹਿਲ ਸਿੰਘ ਨੇ ਡਾਕਟਰ ਅਤੇ ਕਾਲੀ ਨੂੰ ਸਿਗਰਟ ਦੇ ਕੇ ਆਪ ਵੀ ਸਿਗਰਟ ਸੁਲਗਾ ਲਈ ਅਤੇ ਦੋ ਚਾਰ ਕਸ਼ ਖਿੱਚ ਕੇ ਬੋਲਿਆ:
"ਕਾਮਰੇਡ, ਕੀ ਪੁਜੀਸ਼ਨ ਹੈ। ਡਾਕਟਰ ਪਹਿਲਾਂ ਤੂੰ ਦੱਸ ਕਿ ਕੈਪਟਲਿਸਟ ਕੈਂਪ ਦਾ ਕੀ ਹਾਲ ਹੈ?"
"ਉਹਨਾਂ ਦੇ ਕਦਮ ਡਗਮਗਾ ਗਏ ਹਨ। ਆਪਣੀ ਹਾਰ ਤੋਂ ਪਹਿਲਾਂ ਉਹ ਬੁਖਲਾਹਟ ਦਾ ਸ਼ਿਕਾਰ ਹੋ ਗਏ ਹਨ। ਉਹਨਾਂ ਵਿੱਚ ਆਪਸੀ ਫੁੱਟ ਪੈਣ ਲੱਗੀ ਹੈ।" ਡਾਕਟਰ ਜੋਸ਼ ਵਿੱਚ ਆ ਗਿਆ। "ਉਹਨਾਂ ਉੱਤੇ ਥੋੜ੍ਹਾ-ਜਿਹਾ ਦਬਾਅ ਹੋਰ ਪਾਇਆ ਜਾਏ ਤਾਂ ਉਹ ਮੈਦਾਨ ਛੱਡ ਦੇਣਗੇ।"
ਕਾਮਰੇਡ ਟਹਿਲ ਸਿੰਘ ਡਾਕਟਰ ਦੀ ਹਰ ਗੱਲ 'ਤੇ ਸਿਰ ਹਿਲਾਉਂਦਾ ਰਿਹਾ ਅਤੇ ਪਹਿਲੀ ਸਿਗਰਟ ਖਤਮ ਹੋ ਗਈ ਤਾਂ ਉਹਦੇ ਨਾਲ ਹੀ ਨਵੀਂ ਸਿਗਰਟ ਸੁਲਗਾ ਕੇ ਕਾਲੀ ਵੱਲ ਦੇਖਦਾ ਹੋਇਆ ਬੋਲਿਆ:
"ਕਾਮਰੇਡ, ਤੇਰੇ ਮੁਹੱਲੇ 'ਚ ਕੀ ਪੁਜੀਸ਼ਨ ਹੈ?"
"ਬਹੁਤ ਬੁਰੀ ਹੈ।" ਕਾਲੀ ਨੇ ਝੱਟ ਜੁਆਬ ਦਿੱਤਾ ਅਤੇ ਫਿਰ ਆਪਣੀ ਗੱਲ ਦੀ ਵਿਆਖਿਆ ਕਰਦਾ ਹੋਇਆ ਬੋਲਿਆ:
"ਕੁੱਛ ਲੋਕਾਂ ਕੋਲ ਚੁੱਲ੍ਹਿਆਂ ਵਿੱਚ ਬਾਲਣ ਲਈ ਬਾਲਣ ਅਤੇ ਪਕਾਉਣ ਲਈ ਅੰਨ ਨਹੀਂ ਹੈ। ਉਹਨਾਂ ਦੇ ਹੌਂਸਲੇ ਟੁੱਟ ਰਹੇ ਹਨ। ਇਕ ਔਰਤ ਤਾਂ ਚੌਧਰੀ ਹਰਨਾਮ ਸਿੰਘ ਦੇ ਕਾਮੇ ਮੰਗੂ ਦੇ ਘਰ ਗਈ ਸੀ ਕਿ ਉਹ ਉਹਦੇ ਘਰ ਵਾਲੇ ਅਤੇ ਪੁੱਤ ਨੂੰ ਕੰਮ ਦਿਵਾ ਦੇਵੇ। ਮੈਂ ਉਹਨੂੰ ਆਪਣਾ ਸਾਰਾ ਅੰਨ ਦਿੱਤਾ ਤਾਂ ਫਿਰ ਕਿਤੇ ਜਾ ਕੇ ਉਹਨੇ ਆਪਣਾ ਇਰਾਦਾ ਬਦਲਿਆ।"
"ਕਾਮਰਡੇ, ਤੇਰੀ ਅਪਰੋਚ ਰਿਫਾਰਮਿਸਟ (ਸੁਧਾਰਵਾਦੀ) ਹੈ। ਏਦਾਂ ਦੀਆਂ ਗੱਲਾਂ ਨਾਲ ਪ੍ਰੋਲੇਤਾਰੀ ਤਬਕੇ ਦੀ ਇਨਕਲਾਬੀ ਸਪਿਰਟ ਕਮਜ਼ੋਰ ਹੋ ਜਾਂਦੀ ਹੈ। ਉਹਨਾਂ ਨੂੰ ਸਮਝਾਉ ਕਿ ਕੁਰਬਾਨੀ ਲਈ ਤਿਆਰ ਰਹਿਣ ।।। ਅੱਛਾ ਅੱਗੇ ਦੱਸ਼"
ਕਾਲੀ ਹੈਰਾਨੀ ਨਾਲ ਉਹਦੇ ਵੱਲ ਦੇਖਦਾ ਹੋਇਆ ਬੋਲਿਆ:
"ਜੇ ਇਹ ਹਾਲਤ ਰਹੀ ਤਾਂ ਲੋਕ ਜ਼ਿਆਦਾ ਤੋਂ ਜ਼ਿਆਦਾ ਇਕ ਦੋ ਦਿਨ ਹੋਰ ਕੱਢ ਸਕਣਗੇ। ਕੰਮ ਧੰਦਾ ਮਿਲਦਾ ਨਹੀਂ, ਪਹਿਲਾਂ ਪੈਸਾ ਨਹੀਂ ਹੈ ।।। ਏਦਾਂ ਦੀ ਹਾਲਤ ਵਿੱਚ ਉਹ ਕਿੰਨੇ ਦਿਨ ਮੁਕਾਬਲਾ ਕਰਨਗੇ। ਇਕ ਦਿਨ ਫਾਕਾ ਕੱਟਣਾ ਪਿਆ ਤਾਂ ਉਹ ਚੌਧਰੀਆਂ ਦੇ ਪੈਰਾਂ 'ਚ ਜਾ ਡਿਗਣਗੇ।"
ਕਾਮਰੇਡ ਟਹਿਲ ਸਿੰਘ ਸੋਚ ਵਿੱਚ ਪੈ ਗਿਆ ਅਤੇ ਡਾਕਟਰ ਨੂੰ ਸੰਬੋਧਿਤ ਹੁੰਦਾ ਬੋਲਿਆ:
"ਕਾਮਰੇਡ, ਏਦਾਂ ਲੱਗਦਾ ਹੈ ਕਿ ਤੇਰੇ ਪਿੰਡ ਵਿੱਚ ਪ੍ਰੋਲੇਤਾਰੀ ਤਬਕੇ ਦੀ ਜਥੇਬੰਦੀ ਕਮਜ਼ੋਰ ਹੈ ਅਤੇ ਇਹਨਾਂ ਦੀ ਜਥੇਬੰਦੀ ਉਦੋਂ ਹੀ ਕਮਜ਼ੋਰ ਹੁੰਦੀ ਹੈ ਜਦੋਂ ਉਹਨਾਂ ਦੇ ਜ਼ਿਹਨ ਸਾਫ ਨਾ ਹੋਣ ਅਤੇ ਉਹ ਆਈਡਿਲੌਜੀਕਲੀ ਅਜੇ ਕੱਚੇ ਹੋਣ।।।। ਮੇਰੇ ਖਿਆਲ ਵਿੱਚ ਤੂੰ ਸਮੇਂ ਤੋਂ ਪਹਿਲਾਂ ਹੀ ਸਟ੍ਰਗਲ ਸ਼ੁਰੂ ਕਰਾ ਦਿੱਤੀ ਹੈ।"
"ਕਾਮਰੇਡ, ਮੇਰਾ ਖਿਆਲ ਹੈ ਕਿ ਪ੍ਰੋਲੇਤਾਰੀ ਤਬਕੇ ਦਾ ਜ਼ਿਹਨ ਸਟ੍ਰਗਲ ਦੇ ਦੌਰਾਨ ਹੀ ਪੱਕਾ ਹੁੰਦਾ ਹੈ। ਇਹ ਗੱਲ ਇਤਿਹਾਸਕ ਹਵਾਲਿਆਂ ਨਾਲ ਵੀ ਸਿੱਧ ਹੋ ਜਾਂਦੀ ਹੈ। ਰੂਸ ਵਿੱਚ ਪਹਿਲਾ ਇਨਕਲਾਬ ਇਸ ਲਈ ਕਾਮਯਾਬ ਨਹੀਂ ਹੋਇਆ ਸੀ ਕਿਉਂਕਿ ਜਨਤਾ ਨੇ ਪਹਿਲਾਂ ਕੋਈ ਸਟ੍ਰਗਲ ਨਹੀਂ ਕੀਤੀ ਸੀ।"
"ਪਰ ਦੂਸਰੇ ਕਾਮਯਾਬ ਇਨਕਲਾਬ ਨਾਲ ਇਹ ਗੱਲ ਵੀ ਸਿੱਧ ਹੁੰਦੀ ਹੈ ਕਿ ਪ੍ਰੋਲੇਤਾਰੀ ਤਬਕੇ ਦੇ ਜ਼ਿਹਨ ਜਦੋਂ ਸਾਫ ਹੋਣ ਅਤੇ ਉਹ ਆਈਡਿਲੌਜੀਕਲੀ ਪੱਕੇ ਹੋਣ ਤਾਂ ਕਾਮਯਾਬੀ ਯਕੀਨੀ ਹੈ।" ਕਾਮਰੇਡ ਟਹਿਲ ਸਿੰਘ ਨੇ ਜੁਆਬ ਦਿੱਤਾ।
ਹਨ੍ਹੇਰਾ ਵੱਧ ਗਿਆ ਸੀ ਅਤੇ ਉਹਨਾਂ ਦੀ ਬਹਿਸ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ ਸੀ। ਕਾਲੀ ਬੇਚੈਨੀ ਨਾਲ ਪਾਸਾ ਬਦਲਦਾ ਹੋਇਆ ਬੋਲਿਆ:
"ਜੇ ਤੁਸੀਂ ਅੰਨ ਦਾ ਬੰਦੋਬਸਤ ਕਰ ਦਿਉ ਤਾਂ ਬਾਈਕਾਟ ਜਾਰੀ ਰੱਖਿਆ ਜਾ ਸਕਦਾ ਹੈ।"
"ਕਾਮਰੇਡ, ਮੈਂ ਤੈਨੂੰ ਪਹਿਲਾਂ ਵੀ ਸਮਝਾ ਚੁੱਕਿਆ ਹਾਂ ਕਿ ਇਹ ਗੱਲ ਇਨਕਲਾਬੀ ਸਪਿਰਟ ਦੇ ਖਿਲਾਫ ਹੈ। ।।। ਮੇਰੇ ਖਿਆਲ ਵਿੱਚ ਇਸ ਬਾਰੇ ਪ੍ਰਾਪੇਗੰਢੇ ਦੀ ਰਫਤਾਰ ਤੇਜ਼ ਕਰ ਦੇਣੀ ਚਾਹੀਦੀ ਹੈ। ਇਸ ਮੁਕਾਮੀ (ਸਥਾਨਕ) ਸਟ੍ਰਗਲ ਨੂੰ 'ਮਾਸ ਮੂਵਮੈਂਟ' ਬਣਾਉਣਾ ਜ਼ਰੂਰੀ ਹੈ।।।। ਕਾਮਰੇਡ ਸਮਾਂ ਆ ਗਿਆ ਹੈ ਕਿ ਅਸੀਂ ਖੁਲ੍ਹ ਕੇ ਮੈਦਾਨ ਵਿੱਚ ਆ ਜਾਈਏ ਅਤੇ ਜਲਸਿਆਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ। ਪਹਿਲਾ ਜਲਸਾ ਤੁਹਾਡੇ ਪਿੰਡ ਵਿੱਚ ਹੀ ਕੀਤਾ ਜਾਵੇਗਾ।" ਟਹਿਲ ਸਿੰਘ ਨੇ ਡਾਕਟਰ ਨੂੰ ਸੰਬੋਧਿਤ ਹੁੰਦਿਆਂ ਕਿਹਾ।
"ਕਿਸ ਦਿਨ?" ਡਾਕਟਰ ਨੇ ਉਤਸੁਕਤਾ ਨਾਲ ਪੁੱਛਿਆ।
"ਪਰਸੋਂ ਸ਼ਾਮ ਨੂੰ ਰੱਖ ਲਉ। ਪਿੰਡ ਵਿੱਚ ਜਲਸੇ ਲਈ ਲੰਮੀ-ਚੌੜੀ ਤਿਆਰੀ ਦੀ ਜ਼ਰੂਰਤ ਨਹੀਂ ।"
"ਠੀਕ ਹੈ।" ਡਾਕਟਰ ਨੇ ਖੁਸ਼ ਹੋ ਕੇ ਜੁਆਬ ਦਿੱਤਾ ਅਤੇ ਉਹ ਕੱਪੜੇ ਝਾੜਦੇ ਹੋਏ ਉੱਠ ਖੜ੍ਹੇ ਹੋਏ ਅਤੇ ਲਾਲ-ਸਲਾਮ ਕਹਿ ਕੇ ਆਪਣੇ-ਆਪਣੇ ਪਿੰਡ ਵੱਲ ਹੋ ਤੁਰੇ।
ਘੋੜੇਵਾਹੇ ਦੀ ਡੰਡੀ ਤੱਕ ਕਾਲੀ ਅਤੇ ਡਾਕਟਰ ਨਾਲ ਨਾਲ ਆਏ। ਡਾਕਟਰ ਉਹਨੂੰ ਸਮਝਾਉਂਦਾ ਰਿਹਾ ਕਿ ਪਿੰਡ ਦੀ ਇਸ ਛੋਟੀ-ਜਿਹੀ ਸਟ੍ਰਗਲ ਨੂੰ ਕਿਵੇਂ ਜਨਤਾ ਦੇ ਸੰਘਰਸ਼ ਵਿੱਚ ਬਦਲ ਦਿੱਤਾ ਜਾਏਗਾ। ਪਰ ਕਾਲੀ ਦਾ ਇਹ ਸੋਚ ਕੇ ਦਿਲ ਬੈਠਦਾ ਜਾ ਰਿਹਾ ਸੀ ਕਿ ਲੋਕ ਕੱਲ੍ਹ ਨੂੰ ਖਾਣ-ਪੀਣ ਦਾ ਬੰਦੋਬਸਤ ਨਾ ਕਰ ਸਕੇ ਤਾਂ ਉਹ ਚੌਧਰੀਆਂ ਦੇ ਪੈਰਾਂ ਉੱਤੇ ਜਾ ਡਿਗਣਗੇ। ਡੰਡੀ ਦੇ ਕੋਲ ਆ ਕੇ ਕਾਲੀ ਚੋਅ ਦੇ ਰਸਤੇ ਰਾਹੀਂ ਅਤੇ ਡਾਕਟਰ ਖੇਤਾਂ ਵਿੱਚ ਦੀ ਹੁੰਦਾ ਹੋਇਆ ਪਿੰਡ ਵੱਲ ਨੂੰ ਹੋ ਤੁਰਿਆ।
ਕਾਲੀ ਦੇ ਘਰ ਪਹੁੰਚਦਿਆਂ ਹੀ ਗਿਆਨੋ ਆ ਗਈ ਅਤੇ ਉਹਦੇ ਕੰਨ ਵਿੱਚ ਬੋਲੀ:
"ਤੂੰ ਆਪਣਾ ਸਾਰਾ ਅੰਨ ਪ੍ਰੀਤੋ ਨੂੰ ਦੇ ਦਿੱਤਾ?"
"ਤੈਨੂੰ ਕਿਹਨੇ ਦੱਸਿਆ?"
"ਮੈਨੂੰ ਪਤਾ।" ਉਹ ਚਹਿਕਦੀ ਹੋਈ ਬੋਲੀ:
"ਪਰ ਇਹ ਦੱਸ ਤੂੰ ਹੁਣ ਕਿੱਥੋਂ ਖਾਊਂਗਾ? ਕੀ ਭੁੱਖਾ ਰਹੂੰਗਾ?"
"ਮੈਂ ਵੀ ਬਾਕੀ ਮੁਹੱਲੇ ਦੇ ਨਾਲ ਹਾਂ।"
"ਇਹ ਲੈ ਰੋਟੀ।" ਗਿਆਨੋ ਨੇ ਝੋਲੀ ਵਿੱਚੋਂ ਰੋਟੀਆਂ ਕੱਢ ਕੇ ਉਹਦੇ ਹੱਥਾਂ 'ਤੇ ਰੱਖ ਦਿੱਤੀਆਂ। ਕਾਲੀ ਹੈਰਾਨੀ ਨਾਲ ਉਹਦੀ ਵੱਲ ਦੇਖਣ ਲੱਗਾ।
ਗਿਆਨੋ ਦੇ ਜਾਣ ਬਾਅਦ ਛੇਤੀਂ ਹੀ ਪ੍ਰੀਤੋ ਅੰਦਰ ਆਈ ਤਾਂ ਕਾਲੀ ਦਾ ਰੰਗ ਫਕ ਹੋ ਗਿਆ। ਪ੍ਰੀਤੋ ਸੁੰਘਦੀ ਹੋਈ ਬੋਲੀ:
"ਵੇ ਕਾਲੀ, ਅੰਬ ਦੇ ਅਚਾਰ ਦੀ ਖੁਸ਼ਬੂ ਆ ਰਹੀ ਹੈ।।। ਕੀ ਤੇਰੇ ਘਰ ਵਿੱਚ ਅਚਾਰ ਹੈਗਾ?"
ਰੋਟੀਆਂ ਬਿਲਕੁਲ ਸਾਹਮਣੇ ਪਈਆਂ ਸਨ। ਇਸ ਲਈ ਕਾਲੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਲੁਕਾ ਨਾ ਸਕਿਆ ਅਤੇ ਅਚਾਰ ਚੁੱਕ ਕੇ ਪ੍ਰੀਤੋ ਦੀ ਤਲੀ 'ਤੇ ਰੱਖ ਦਿੱਤਾ।
"ਰੋਟੀ ਕਿੱਥੋਂ ਲਿਆਇਆਂ ।।। ਕੀ ਤੂੰ ਆਪ ਪਕਾਈ ਸੀ?" ਸਭ-ਕੁੱਝ ਦਾ ਪਤਾ ਹੁੰਦਿਆਂ ਵੀ ਪ੍ਰੀਤੋ ਨੇ ਪੁੱਛਿਆ।
"ਚਾਚੀ, ਤੈਨੂੰ ਅਚਾਰ ਚਾਹੀਦਾ ਸੀ, ਉਹ ਮਿਲ ਗਿਆ।" ਕਾਲੀ ਨੇ ਤਲਖ ਅਵਾਜ਼ ਵਿੱਚ ਕਿਹਾ।
"ਮੈਂ ਤਾਂ ਪੁੱਛਣ ਆਈ ਸੀ ਕਿ ਰੋਟੀ ਪਕਾਉਣੀ ਹੈ ਤਾਂ ਆਟਾ ਦੇ ਦੇ।" ਉਹ ਹੱਸਦੀ ਹੱਸਦੀ ਬਾਹਰ ਨਿਕਲ ਗਈ।
ਕਾਲੀ ਡਿਉਢੀ ਨੂੰ ਤਾਲਾ ਲਾ ਕੇ ਚਗਾਨ ਵਿੱਚ ਆ ਗਿਆ। ਉੱਥੇ ਤਾਇਆ ਬਸੰਤਾ, ਜੀਤੂ, ਬੰਤੂ, ਸੰਤੂ, ਬਾਬਾ ਫੱਤਾ ਅਤੇ ਮੁਹੱਲੇ ਦੇ ਕਈ ਹੋਰ ਮਰਦ ਬੈਠੇ ਆਪਸ ਵਿੱਚ ਸਲਾਹ-ਮਸ਼ਵਰਾ ਕਰ ਰਹੇ ਸਨ। ਕੁੱਝ ਦੂਰੀ 'ਤੇ ਮੁਹੱਲੇ ਦੀਆਂ ਤੀਵੀਂਆਂ ਖੁਸਰ-ਫੁਸਰ ਵਿੱਚ ਲੱਗੀਆਂ ਹੋਈਆਂ ਸਨ। ਦੋਨਾਂ ਦੇ ਸਾਹਮਣੇ ਇਕ ਹੀ ਸਮੱਸਿਆ ਸੀ ਕਿ ਫਾਕਿਆਂ ਤੋਂ ਕਿਵੇਂ ਬਚਿਆ ਜਾਵੇ। ਤੀਵੀਂਆਂ ਬੱਚਿਆਂ ਦੀ ਸੰਹੁ ਖਾ ਰਹੀਆਂ ਸਨ ਕਿ ਉਹਨਾਂ ਕੋਲ ਖਾਣ ਪੀਣ ਨੂੰ ਕੁੱਛ ਨਹੀਂ ਹੈ। ਇਕ ਡੰਗ ਇਕ-ਅੱਧੀ ਰੋਟੀ ਖਾਧੀ ਹੈ ਅਤੇ ਬਾਕੀ ਦਿਨ ਪਾਣੀ ਪੀ-ਪੀ ਕੇ ਢਿੱਡ ਭਰਿਆ ਹੈ।
ਮਰਦ ਵੀ ਇਹ ਰੋਣਾ ਰੋ ਰਹੇ ਸਨ। ਉਹਨਾਂ ਦੇ ਫਿਕਰਾਂ ਭਰੇ, ਗੰਭੀਰ ਅਤੇ ਡਰੇ ਹੋਏ ਚਿਹਰੇ ਖਲਾਅ ਵਿੱਚ ਇਸ ਤਰ੍ਹਾਂ ਘੂਰ ਰਹੇ ਸਨ ਜਿਵੇਂ ਅਸਮਾਨ ਤੋਂ ਮੀਂਹ ਦੀ ਆਸ ਹੋਵੇ। ਜਿਹਨਾਂ ਲੋਕਾਂ ਦੇ ਘਰਾਂ ਵਿੱਚ ਅੰਨ ਸੱਚਮੁੱਚ ਖਤਮ ਹੋ ਗਿਆ ਸੀ ਉਹ ਬਹੁਤ ਉਦਾਸ ਸਨ।
"ਤਾਇਆ, ਹੁਣ ਕੀ ਬਣੂਗਾ?" ਜੀਤੂ ਨੇ ਗੰਭੀਰ ਅਵਾਜ਼ 'ਚ ਪੁੱਛਿਆ।
"ਮੈਂ ਕੀ ਦੱਸਾਂ।"
"ਉਸ ਵੇਲੇ ਤਾਂ ਤੂੰ ਚੌਧਰੀ ਬਣਿਆ ਹੋਇਆ ਸੀ ਹੁਣ ਕਹਿੰਦਾ ਕਿ ਕੀ ਦੱਸਾਂ।"
ਕੁੱਝ ਲੋਕਾਂ ਨੇ ਜੀਤੂ ਦਾ ਸਮਰਥਨ ਕੀਤਾ ਅਤੇ ਕੁੱਝ ਲੋਕ ਤਾਏ ਬਸੰਤੇ ਦਾ ਪੱਖ ਲੈਣ ਲੱਗੇ। ਬਹਿਸ-ਮੁਬਾਸੇ ਤੋਂ ਲੰਘ ਕੇ ਜਦੋਂ ਉਹ ਗਾਲੀ-ਗਲੋਚ ਅਤੇ ਹੱਥਾ-ਪਾਈ ਤੱਕ ਪਹੁੰਚ ਗਏ ਤਾਂ ਬਾਬਾ ਫੱਤਾ ਉਹਨਾਂ ਨੂੰ ਸਮਝਾਉਂਦਾ ਹੋਇਆ ਬੋਲਿਆ:
"ਦੇਖੋ, ਆਪਸ 'ਚ ਨਾ ਲੜੋ। ਭੁੱਖ ਨਾਲ ਅੰਤੜੀਆਂ ਪਹਿਲਾਂ ਹੀ ਕਮਜ਼ੋਰ ਹੋ ਗਈਆਂ ਹਨ। ਜ਼ਿਆਦਾ ਬੋਲੋਗੇ ਤਾਂ ਦਿਨਾਂ 'ਤੇ ਜਾ ਪਉਗੇ।।। ਇਕੱਠ ਵਿੱਚ ਬੜੀ ਤਾਕਤ ਹੈ।।।। ਹੌਂਸਲਾ ਰੱਖੋ।।। ਜੋ ਕੁੱਛ ਵੀ ਕਰਨਾ ਹੈ ਇਕ ਮੁੱਠ ਹੋ ਕੇ ਕਰੋ।" ਕਾਲੀ ਬਾਬੇ ਫੱਤੇ ਦੀ ਗੱਲ ਦਾ ਸਮਰਥਨ ਕਰਦਾ ਹੋਇਆ ਕਹਿਣ ਲੱਗਾ:
"ਜ਼ਿਆਦਾ ਬੋਲਣ ਨਾਲ ਭੁੱਖ ਘੱਟ ਨਹੀਂ ਹੋਊਗੀ, ਵਧੇਗੀ ਹੀ। ਤਾਏ ਬਸੰਤੇ ਨਾਲ ਕਿਉਂ ਲੜਦੇ ਹੋ। ਬਾਈਕਾਟ ਦਾ ਫੈਸਲਾ ਸਾਰਿਆਂ ਨੇ ਰੱਲ ਕੇ ਕੀਤਾ ਸੀ, ਇਕੱਲੇ ਤਾਏ ਬਸੰਤੇ ਨੇ ਨਹੀਂ ਕੀਤਾ ਸੀ।"
"ਕਾਲੀ ਤੂੰ ਦਿਨ ਕੱਟ ਸਕਦਾਂ, ਤੇਰੇ ਕੋਲ ਅੰਨ ਵੀ ਹੈ ਅਤੇ ਪੈਸੇ ਵੀ।।। ਪਰ ਉਹਨਾਂ ਲੋਕਾਂ ਦਾ ਕੀ ਬਣੂਗਾ ਜਿਹਨਾਂ ਦੇ ਢਿੱਡਾਂ ਦੇ ਨਾਲ ਨਾਲ ਘਰ ਵੀ ਖਾਲੀ ਹਨ।" ਸੰਤੂ ਨੇ ਕਿਹਾ।
"ਮੇਰੇ ਕੋਲ ਜਿੰਨਾ ਅੰਨ ਸੀ ਮੈਂ ਚਾਚੀ ਪ੍ਰੀਤੋ ਨੂੰ ਦੇ ਦਿੱਤਾ ਹੈ। ਜੇ ਯਕੀਨ ਨਹੀਂ ਤਾਂ ਉਹਤੋਂ ਪੁੱਛ ਲਉ।" ਕਾਲੀ ਨੇ ਉਤੇਜ਼ਿਤ ਅਵਾਜ਼ ਵਿੱਚ ਜਵਾਬ ਦਿੱਤਾ।
"ਪ੍ਰੀਤੋ ਨੂੰ ਅੰਨ ਦੇ ਦਿੱਤਾ ਤਾਂ ਕੀ ਹੋ ਗਿਆ। ਤੈਨੂੰ ਪੱਕੇ-ਪਕਾਏ ਪਕਵਾਨ ਆ ਜਾਂਦੇ ਹਨ।" ਬੰਤੂ ਨੇ ਕਿਹਾ। ਕਾਲੀ ਜਵਾਬ ਵਿੱਚ ਕੁੱਝ ਨਾ ਕਹਿ ਸਕਿਆ। ਬਾਕੀ ਲੋਕਾਂ ਨੇ ਸਿਰਫ ਉਹਦੀ ਵੱਲ ਧਿਆਨ ਨਾਲ ਦੇਖਿਆ ਅਤੇ ਆਪਣਾ ਸਾਰਾ ਦੁੱਖ-ਦਰਦ ਭੁੱਲ ਕੇ ਮੁਸਕਰਾ ਪਏ।
ਸੰਤੂ ਅਤੇ ਜੀਤੂ ਬਾਈਕਾਟ ਖਤਮ ਕਰਨ ਅਤੇ ਚੌਧਰੀਆਂ ਤੋਂ ਮਾਫੀ ਮੰਗ ਲੈਣ ਲਈ ਜ਼ੋਰ ਪਾ ਰਹੇ ਸਨ ਕਿ ਕਾਲੀ ਉੱਥੋਂ ਉੱਠ ਕੇ ਚਲਾ ਗਿਆ। ਉਹ ਥੋੜ੍ਹੀ ਦੂਰ ਹੀ ਗਿਆ ਸੀ ਕਿ ਬੰਤੂ ਵੱਲ ਝੁੱਕਦਾ ਹੋਇਆ ਸੰਤੂ ਬੋਲਿਆ:
"ਕੌਣ ਲਿਆ ਕੇ ਦਿੰਦਾ, ਇਹਦੇ ਲਈ ਪਕਵਾਨ?"
"ਗਿਆਨੋ।।।।" ਉਹਨੇ ਸੰਤੂ ਦੇ ਕੰਨ ਵਿੱਚ ਕਿਹਾ।
"ਮੈਂ ਇਹ ਤਾਂ ਸੁਣਿਆ ਸੀ ਦੋਨਾਂ ਦਾ ਆਪਸ ਵਿੱਚ ਅੱਖ-ਮਟੱਕਾ ਚੱਲ ਰਿਹਾ ਹੈ।" ਸੰਤੂ ਬੋਲਿਆ।
"ਅੱਖ-ਮਟੱਕਾ ਤਾਂ ਪੁਰਾਣੀ ਗੱਲ ਹੋ ਗਈ ਹੈ।।। ਪ੍ਰੀਤੋਂ ਤੋਂ ਕਦੇ ਪੁੱਛੀਂ, ਉਹ ਤੈਨੂੰ ਪੂਰੀ ਕਹਾਣੀ ਦੱਸੂਗੀ।"
ਕਾਲੀ ਚੋਅ ਥਾਣੀਂ ਹੁੰਦਾ ਹੋਇਆ ਲਾਲੂ ਭਲਵਾਨ ਦੀ ਹਵੇਲੀ ਚਲਾ ਗਿਆ। ਲੋਹੇ ਦੀਆਂ ਚਾਦਰਾਂ ਵਾਲਾ ਫਾਟਕ ਬੰਦ ਸੀ। ਕਾਲੀ ਨੇ ਹੌਲੀ ਦੇਣੀ ਉਹਦਾ ਇਕ ਪੱਟ ਖੋਲ੍ਹ ਦਿੱਤਾ। ਭਲਵਾਨ ਵਰਾਂਢੇ ਤੋਂ ਬਾਹਰ ਇਕੱਲਾ ਲੰਮਾ ਪਿਆ ਸੀ। ਕਾਲੀ ਨੂੰ ਆਪਣੀ ਵੱਲ ਆਉਂਦਾ ਦੇਖ ਕੇ ਉਹ ਉੱਠ ਪਿਆ ਅਤੇ ਉੱਚੀ ਅਵਾਜ਼ ਵਿੱਚ ਲਲਕਾਰਦਾ ਹੋਇਆ ਬੋਲਿਆ:
"ਕੌਣ ਹੈ?"
"ਮੈਂ ਹਾਂ ।।। ਕਾਲੀ, ਮਾਖੇ ਦਾ ਪੁੱਤ।" ਕਾਲੀ ਨੇ ਉਹਦੇ ਵੱਲ ਤੇਜ਼ ਕਦਮ ਪੁੱਟਦਿਆਂ ਕਿਹਾ। ਲਾਲੂ ਭਲਵਾਨ ਦਾ ਲਹਿਜਾ ਇਕਦਮ ਨਰਮ ਹੋ ਗਿਆ। ਕਾਲੀ ਜਦੋਂ ਉਹਦੇ ਮੰਜੇ ਕੋਲ ਪਹੁੰਚਿਆ ਤਾਂ ਲਾਲੂ ਭਲਵਾਨ ਨੇ ਪੁੱਛਿਆ:
"ਸੁਣਾ, ਕਿਵੇਂ ਆਇਆਂ?"
"ਬਹੁਤ ਜ਼ਰੂਰੀ ਕੰਮ ਆਇਆਂ।" ਕਹਿ ਕੇ ਕਾਲੀ ਰੁਕ ਗਿਆ।
ਕਾਲੀ ਨੇ ਕੁੱਝ ਪਲਾਂ ਲਈ ਕੋਈ ਜਵਾਬ ਨਾ ਦਿੱਤਾ ਤਾਂ ਭਲਵਾਨ ਦੇ ਫਿਰ ਪੁੱਛਿਆ। ਕਾਲੀ ਰੁੱਕ-ਰੁੱਕ ਕੇ ਬੋਲਿਆ:
"ਚਮ੍ਹਾਰਲੀ ਦੇ ਕਈ ਘਰਾਂ ਵਿੱਚ ਅੰਨ ਦਾ ਇਕ ਦਾਣਾ ਨਹੀਂ ਹੈ। ਕਿਸੇ ਨੇ ਅੱਧੀ ਰੋਟੀ ਖਾਧੀ ਹੈ ਅਤੇ ਕਿਸੇ ਨੇ ਚੱਪਾ; ਕੁਛ ਲੋਕਾਂ ਨੇ ਤਾਂ ਪਾਣੀ ਪੀ-ਪੀ ਕੇ ਢਿੱਡ ਭਰਿਆ।"
ਲਾਲੂ ਭਲਵਾਨ ਸੋਚ ਵਿੱਚ ਪੈ ਗਿਆ ਅਤੇ ਕੁੱਝ ਪਲਾਂ ਬਾਅਦ ਬੋਲਿਆ:
"ਤਾਂ ਫਿਰ ਮੇਰੇ ਕੋਲੋਂ ਕੀ ਚਾਹੁੰਦੇ ਹੋ?"
"ਜੇ ਤੁਸੀਂ ਦੋ ਮਨ ਅੰਨ ਦੇ ਦਿਉਂ ਤਾਂ ਸਾਡੇ ਲੋਕਾਂ ਦੇ ਦੋ-ਚਾਰ ਦਿਨ ਨਿਕਲ ਜਾਣਗੇ।"
ਲਾਲੂ ਭਲਵਾਨ ਫਿਰ ਸੋਚ ਵਿੱਚ ਪੈ ਗਿਆ ਅਤੇ ਬਹੁਤ ਉਦਾਸ ਅਵਾਜ਼ ਵਿੱਚ ਬੋਲਿਆ:
"ਕਾਲੀ ਦਾਸ, ਮੈਂ ਤੈਨੂੰ ਦੋ ਦੀ ਬਜਾਏ ਚਾਰ ਮਨ ਅਨਾਜ ਦੇ ਦਿੰਦਾ ਪਰ ਮੈਂ ਬਚਨ ਦਾ ਬੱਝਿਆ ਹੋਇਆ ਹਾਂ। ਜਦੋਂ ਤੱਕ ਬਾਈਕਾਟ ਜਾਰੀ ਹੈ ਮੈਂ ਤੈਨੂੰ ਪਾਈਆ ਅੰਨ ਨਹੀਂ ਦੇ ਸਕਦਾ। ਬਾਈਕਾਟ ਖਤਮ ਹੋ ਜਾਵੇ ਤਾਂ ਚਾਹੇ ਦਸ ਮਨ ਲੈ ਜਾਈਂ।"
ਲਾਲੂ ਭਲਵਾਨ ਦਾ ਜਵਾਬ ਸੁਣ ਕੇ ਕਾਲੀ ਚੁੱਪ ਹੋ ਗਿਆ ਅਤੇ ਕੁੱਝ ਪਲਾਂ ਬਾਅਦ ਉਹਨੂੰ ਬੰਦਗੀ ਕਰਕੇ ਚਮ੍ਹਾਰਲੀ ਵੱਲ ਵਾਪਸ ਆ ਗਿਆ। ਉਹ ਸੋਚ ਰਿਹਾ ਸੀ ਕਿ ਮੁਹੱਲੇ ਦੇ ਲੋਕਾਂ ਕੋਲ ਜੇ ਖਾਣ ਲਈ ਅਨਾਜ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਗਿਆਨੋ ਵੱਲੋਂ ਰੋਟੀ ਲਿਆਉਣ ਦੀ ਗੱਲ ਏਨੀ ਨਾ ਚੁੱਭਦੀ। ਜੇ ਕਿਸੇ ਨੂੰ ਪਤਾ ਵੀ ਹੁੰਦਾ ਤਾਂ ਭਰੀ ਮਹਿਫਲ ਵਿੱਚ ਇਸ ਦੀ ਚਰਚਾ ਨਾ ਕੀਤੀ ਜਾਂਦੀ। ਜੇ ਉਹਨੂੰ ਭਲਵਾਨ ਕੋਲੋਂ ਮਨ-ਦੋ-ਮਨ ਅਨਾਜ ਮਿਲ ਜਾਂਦਾ ਅਤੇ ਉਹ ਸਾਰਿਆਂ ਵਿੱਚ ਵੰਡ ਦਿੰਦਾ ਤਾਂ ਉੱਠੀ ਹੋਈ ਗੱਲ ਵੀ ਦੱਬ ਜਾਂਦੀ। ਉਹਦਾ ਮਨ ਘਿਰਨਾ ਨਾਲ ਭਰ ਗਿਆ ਅਤੇ ਉਹ ਤਾਏ ਬਸੰਤੇ ਦੇ ਸ਼ਬਦਾਂ "ਜੱਟਾਂ ਦੇ ਜੱਟ ਯਾਰ ਯਾਰ, ਚੋਰਾਂ ਦੇ ਚੋਰ ਯਾਰ" ਨੂੰ ਦੁਹਰਾਉਂਦਾ ਹੋਇਆ ਸਾਰੀ ਰਾਤ ਪਾਸੇ ਬਦਲਦਾ ਰਿਹਾ।
43
ਮੂੰਹ-ਹਨ੍ਹੇਰੇ ਗਿਆਨੋ ਕਾਲੀ ਨੂੰ ਰੋਟੀ ਦੇਣ ਆਈ ਪਰ ਉਹਨੇ ਉਹਨੂੰ ਰੋਟੀ ਸਮੇਤ ਵਾਪਸ ਜਾਣ ਲਈ ਕਿਹਾ। ਗਿਆਨੋ ਨੇ ਉਹਦੇ ਨਾਲ ਗੱਲ ਕਰਨੀ ਚਾਹੀ ਪਰ ਕਾਲੀ ਨੇ ਉਹਨੂੰ ਬੂਹਿਓਂ ਬਾਹਰ ਕੱਢ ਕੇ ਅੰਦਰੋਂ ਕੁੰਡੀ ਲਾ ਲਈ।
ਕਾਲੀ ਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ। ਦੁਪਹਿਰ ਤੱਕ ਉਹ ਘਰ ਵਿੱਚ ਲੰਮਾ ਪਿਆ ਰਿਹਾ। ਜਦੋਂ ਭੁੱਖ ਦਾ ਅਹਿਸਾਸ ਜ਼ੋਰ ਫੜਦਾ ਤਾਂ ਉਹ ਉੱਠ ਕੇ ਪਾਣੀ ਪੀ ਲੈਂਦਾ ਅਤੇ ਫਿਰ ਲੰਮਾ ਪੈ ਜਾਂਦਾ। ਸ਼ਾਇਦ ਉਹ ਸ਼ਾਮ ਤੱਕ ਇਸ ਤਰ੍ਹਾਂ ਹੀ ਲੰਮਾ ਪਿਆ ਰਹਿੰਦਾ ਪਰ ਉਹਨੂੰ ਨੰਦ ਸਿੰਘ ਦਾ ਸੱਦਾ ਆਉਣ 'ਤੇ ਘਰ ਤੋਂ ਬਾਹਰ ਨਿਕਲਣਾ ਪਿਆ।
ਨੰਦ ਸਿੰਘ ਦਾ ਸੁਨੇਹਾ ਮਿਲਣ 'ਤੇ ਉਹਨੂੰ ਝੱਟ ਹੀ ਪਾਦਰੀ ਦਾ ਖਿਆਲ ਆ ਗਿਆ। ਉਹ ਆਪਣੇ ਆਪ ਨੂੰ ਲਾਹਣਤਾਂ ਪਾਉਣ ਲੱਗਾ ਕਿ ਡਾਕਟਰ ਦੇ ਪਿੱਛੇ ਭੱਜਣ ਅਤੇ ਲਾਲੂ ਭਲਵਾਨ ਅੱਗੇ ਹੱਥ ਅੱਡਣ ਤੋਂ ਚੰਗਾ ਤਾਂ ਸੀ ਕਿ ਉਹ ਪਾਦਰੀ ਦੇ ਕੋਲ ਜਾਂਦਾ, ਉਹਦੇ ਕੋਲੋਂ ਮਦਦ ਮੰਗਦਾ ਅਤੇ ਸ਼ਾਇਦ ਕੁੱਝ-ਨਾ-ਕੁੱਝ ਹਾਸਲ ਕਰ ਹੀ ਲੈਂਦਾ।
ਉਹ ਇਹਨਾਂ ਹੀ ਵਿਚਾਰਾਂ ਵਿੱਚ ਮਗਨ ਨੰਦ ਸਿੰਘ ਦੀ ਦੁਕਾਨ 'ਤੇ ਪਹੁੰਚ ਗਿਆ। ਪਾਦਰੀ ਵੀ ਉੱਥੇ ਹੀ ਹਾਜ਼ਰ ਸੀ। ਕਾਲੀ ਦਾ ਉੱਤਰਿਆ ਹੋਇਆ ਚਿਹਰਾ ਦੇਖ ਕੇ ਉਹ ਨਰਮ ਅਵਾਜ਼ ਵਿੱਚ ਬੋਲਿਆ:
"ਕੀ ਹਾਲ ਹੈ ਕਾਲੀ ਦਾਸ, ਠੀਕ ਤਾਂ ਹੈ ਨਾ?"
"ਠੀਕ ਹਾਂ ਪਾਦਰੀ ਜੀ।" ਕਾਲੀ ਨੇ ਉਹਨੂੰ ਬੰਦਗੀ ਕਰਦਿਆਂ ਜੁਆਬ ਦਿੱਤਾ। ਪਾਦਰੀ ਨੇ ਉਹਦੇ ਵੱਲ ਮੂੜ੍ਹਾ ਖਿਸਕਾ ਦਿੱਤਾ ਅਤੇ ਉਹਨੂੰ ਬੈਠਣ ਦਾ ਇਸ਼ਾਰਾ ਕਰਦਾ ਬੋਲਿਆ:
"ਕਿਵੇਂ, ਚੌਧਰੀਆਂ ਨਾਲ ਕੋਈ ਫੈਸਲਾ ਹੋਇਆ ਜਾਂ ਨਹੀਂ।"
"ਅਜੇ ਤਾਂ ਕੋਈ ਨਹੀਂ ਹੋਇਆ। ਪਰ ਜੇ ਇਹ ਹੀ ਹਾਲ ਰਿਹਾ ਤਾਂ ਅੱਜ ਕੱਲ੍ਹ ਵਿੱਚ ਹੋ ਜਾਊਗਾ।"
"ਮੈਂ ਤੇਰੀ ਗੱਲ ਸਮਝਿਆ ਨਹੀਂ।" ਪਾਦਰੀ ਨੇ ਚੌਂਕ ਕੇ ਕਿਹਾ।
"ਇਹ ਹੀ ਕਿ ਕੁੱਝ ਲੋਕ ਫਾਕੇ ਕੱਟ ਰਹੇ ਹਨ ਅਤੇ ਕੁੱਝ ਅੱਧੀ ਰੋਟੀ ਖਾ ਕੇ ਗੁਜ਼ਾਰਾ ਕਰ ਰਹੇ ਹਨ। ਮੁਹੱਲੇ 'ਚ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਘਰ ਹੋਊਗਾ ਜੋ ਅੱਜਕੱਲ੍ਹ ਪੂਰੀ ਰੋਟੀ ਖਾਂਦਾ ਹੋਵੇ।"
"ਯੀਸੂ ਮਸੀਹ ਰਹਿਮ ਕਰੇ। ਆਪਣੇ ਬੰਦਿਆਂ ਦੀਆਂ ਮੁਸੀਬਤਾਂ ਦੂਰ ਕਰੇ।" ਪਾਦਰੀ ਨੇ ਛਾਤੀ ਉੱਤੇ ਕਰਾਸ ਦਾ ਨਿਸ਼ਾਨ ਬਣਾਉਂਦਿਆਂ ਕਿਹਾ ਅਤੇ ਫਿਰ ਕਾਲੀ ਵੱਲ ਝੁੱਕਦਾ ਹੋਇਆ ਬੋਲਿਆ:
"ਗਰੀਬ ਆਦਮੀ ਨੂੰ ਭੁੱਖਾ ਮਾਰਨਾ ਸਭ ਤੋਂ ਵੱਡਾ ਪਾਪ ਹੈ। ਇਸ ਤਰ੍ਹਾਂ ਦੇ ਆਦਮੀ ਨੂੰ ਸਵਰਗ ਵਿੱਚ ਕਦੇ ਵੀ ਥਾਂ ਨਹੀਂ ਮਿਲ ਸਕਦੀ।।। ਚੌਧਰੀਆਂ ਦੀ ਜ਼ਿਆਦਤੀ ਹੈ।" ਇਹ ਸੁਣ ਕੇ ਨੰਦ ਸਿੰਘ ਨੇ ਵੀ ਕੁੱਝ ਕਹਿਣਾ ਚਾਹਿਆ ਪਰ ਪਾਦਰੀ ਨੇ ਉਹਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ ਅਤੇ ਇਕ-ਇਕ ਸ਼ਬਦ ਉੱਤੇ ਜ਼ੋਰ ਦਿੰਦਿਆਂ ਬੋਲਿਆ:
"ਜੇ ਚਮਾਰ ਇਸਾਈ ਬਰਾਦਰੀ ਵਿੱਚ ਸ਼ਾਮਲ ਹੋ ਗਏ ਹੁੰਦੇ ਤਾਂ ਸਾਡਾ ਮਿਸ਼ਨ ਇਹਨਾਂ 'ਤੇ ਕਦੀ ਵੀ ਫਾਕਿਆਂ ਦੀ ਨੌਬਤ ਨਾ ਆਉਣ ਦਿੰਦਾ। ਅਸੀਂ ਬੰਦੇ ਨੂੰ ਬੰਦੇ ਦਾ ਰਾਜ਼ਕ ਨਹੀਂ ਮੰਨਦੇ। ਪਰ ਸਾਡੇ ਲਈ ਮਜ਼ਬੂਰੀ ਹੈ। ਮੈਂ ਕਿਸ ਰਿਸ਼ਤੇ ਨਾਲ ਤੁਹਾਡੇ ਮੁਹੱਲੇ ਦੀ ਮਦਦ ਕਰਾਂ।"
ਕਾਲੀ ਕੋਲ ਪਾਦਰੀ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਪਰ ਉਹ ਫਿਰ ਵੀ ਬੋਲਿਆ:
"ਪਾਦਰੀ ਜੀ, ਜੇ ਤੁਸੀਂ ਕੁੱਛ ਅੰਨ ਦੇ ਸਕਦੇ ਹੋ ਤਾਂ ਜ਼ਰੂਰ ਦਿਉ।"
"ਅੰਨ ਦੀਆਂ ਤਾਂ ਬੋਰੀਆਂ ਭਿਜਵਾ ਦਿਆਂ ਪਰ ਸਵਾਲ ਹੈ ਕਿਸ ਰਿਸ਼ਤੇ ਨਾਲ ।।। ਪਿੰਡ ਵਾਲੇ ਕਹਿਣ ਤਾਂ ਲਿਆ ਸਕਦਾ ਹਾਂ।।। ਉਹ ਕਹਿਣਗੇ ਨਹੀਂ।"
ਕਾਲੀ ਚੁੱਪ ਰਿਹਾ ਤਾਂ ਪਾਦਰੀ ਫਿਰ ਬੋਲਿਆ:
"ਤੇਰੀ ਗੱਲ ਹੋਰ ਹੈ, ਤੂੰ ਕਹੇਂ ਤਾਂ ਦਸ-ਵੀਹ ਸੇਰ ਅਨਾਜ ਤੈਨੂੰ ਦੇ ਸਕਦਾ ਹਾਂ।"
ਕਾਲੀ ਨੇ ਕੋਈ ਜਵਾਬ ਨਾ ਦਿੱਤਾ। ਉਹਦੇ ਮਨ ਵਿੱਚ ਵਾਰ-ਵਾਰ ਖਿਆਲ ਆ ਰਿਹਾ ਸੀ ਕਿ ਪਾਦਰੀ ਤੋਂ ਅਨਾਜ ਲੈ ਕੇ ਮੁਹੱਲੇ ਵਿੱਚ ਵੰਡ ਦੇਵੇ। ਸਾਰਿਆਂ ਦਾ ਘੱਟ-ਤੋਂ-ਘੱਟ ਇਕ ਡੰਗ ਤਾਂ ਨਿਕਲ ਜਾਊਗਾ। ਪਾਦਰੀ ਨੇ ਜਦੋਂ ਆਪਣੀ ਗੱਲ ਫਿਰ ਦੁਹਰਾਈ ਤਾਂ ਕਾਲੀ ਨੇ ਹੱਥ ਜੋੜ ਦਿੱਤੇ ਅਤੇ ਉੱਠਦਾ ਹੋਇਆ ਬੋਲਿਆ:
"ਤੁਹਾਡੀ ਮਿਹਰਬਾਨੀ ਹੈ। ਮੈਨੂੰ ਹਾਲੇ ਜ਼ਰੂਰਤ ਨਹੀਂ।"
ਕਾਲੀ ਨੰਦ ਸਿੰਘ ਦੇ ਘਰ ਤੋਂ ਨਿਕਲ ਕੇ ਚਗਾਨ ਵਿੱਚ ਆ ਗਿਆ। ਉੱਥੇ ਭੁੱਖ ਦੇ ਸਤਾਏ ਲੋਕ ਆਪਸ ਵਿੱਚ ਲੜ ਰਹੇ ਸਨ। ਕਾਲੀ ਹੌਲੀ ਦੇਣੀ ਇਕ ਪਾਸੇ ਜਾ ਬੈਠਾ। ਉਹ ਬਹੁਤ ਹੀ ਉਦਾਸ ਸੀ। ਮੁਹੱਲੇ ਦੇ ਸਾਰੇ ਲੋਕ ਬਾਬੇ ਫੱਤੇ ਅਤੇ ਤਾਏ ਬਸੰਤੇ ਨੂੰ ਘੇਰ ਕੇ ਬੈਠੇ ਸਨ ਅਤੇ ਉਹਨਾਂ ਤੋਂ ਆਪਣੀ ਸਮੱਸਿਆ ਦਾ ਹੱਲ ਚਾਹੁੰਦੇ ਸਨ।
ਤਾਇਆ ਬਸੰਤਾ ਉਹਨਾਂ ਦੇ ਵਾਰ ਵਾਰ ਪੁੱਛਣ 'ਤੇ ਰੁਆਂਸਾ ਹੋ ਕੇ ਬੋਲਿਆ:
"ਹੋਰ ਕੀ ਕੀਤਾ ਜਾ ਸਕਦਾ ਹੈ। ਮੈਂ ਅਤੇ ਚਾਚਾ ਫੱਤਾ ਜਾਂਦੇ ਹਾਂ ਅਤੇ ਚੌਧਰੀਆਂ ਦੇ ਪੈਰ ਆਪਣੇ ਸਿਰ ਉੱਤੇ ਰੱਖ ਕੇ ਮਾਫੀ ਮੰਗ ਲੈਂਦੇ ਹਾਂ।"
"ਕੁਛ ਵੀ ਕਰੋ, ਸਾਥੋਂ ਭੁੱਖ ਨਾਲ ਵਿਲਕਦੇ ਬੱਚੇ ਨਹੀਂ ਦੇਖੇ ਜਾਂਦੇ।" ਨੇੜੇ ਬੈਠੀਆਂ ਤੀਵੀਂਆਂ ਵਿੱਚੋਂ ਇਕ ਨੇ ਕਿਹਾ।
"ਜੇ ਬੁਢਾਪੇ ਵਿੱਚ ਸਾਡੀ ਨੱਕ ਵਢਾਉਣੀ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ।।। ਪਰ ਇਕ ਗੱਲ ਸੋਚੋ।।। ਜੇ ਸੋਕਾ ਪੈ ਜਾਂਦਾ।।। ਤਾਂ ਫਿਰ ਕੀ ਕਰਦੇ।।। ਪੁੱਤਰੋ ਤੁਸੀਂ ਉਹ ਦਿਨ ਨਹੀਂ ਦੇਖੇ।।। ਜਦੋਂ ਅਸੀਂ ਦਰੱਖਤਾਂ ਦੇ ਪੱਤੇ, ਸੁੱਕੇ ਘਾਹ ਦੀਆਂ ਜੜ੍ਹਾਂ ਅਤੇ ਅੰਬਾਂ ਦੀਆਂ ਗਿਟਕਾਂ ਖਾ ਕੇ ਦਿਨ ਕੱਟੇ ਸਨ।" ਤਾਇਆ ਬਸੰਤਾ ਚੁੱਪ ਹੋ ਗਿਆ। ਉਹਦੀ ਕਾਲੀ 'ਤੇ ਨਿਗ੍ਹਾ ਪਈ ਤਾਂ ਉਹ ਉਹਦੀ ਵੱਲ ਮੁੜਦਾ ਹੋਇਆ ਬੋਲਿਆ:
"ਕਾਲੀ ਪੁੱਤਰਾ, ਤੂੰ ਪੜ੍ਹਿਆ-ਲਿਖਿਆ ਹੈਂ, ਦੇਸ-ਪ੍ਰਦੇਸ ਘੁੰਮ ਕੇ ਆਇਆਂ, ਤੂੰ ਹੀ ਕੁੱਝ ਦੱਸ਼"
ਤਾਏ ਬਸੰਤੇ ਦੀ ਗੱਲ ਸੁਣ ਕੇ ਸਾਰੇ ਲੋਕ ਗੰਭੀਰ ਹੋ ਗਏ। ਇਸ ਲਈ ਕਿਸੇ ਨੂੰ ਵੀ ਕਾਲੀ ਉੱਤੇ ਵਿਅੰਗ ਕੱਸਣ ਦਾ ਖਿਆਲ ਨਾ ਆਇਆ। ਕਾਲੀ ਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ। ਉਹ ਜ਼ਮੀਨ ਨੂੰ ਘੂਰਦਾ ਹੋਇਆ ਬਹੁਤ ਹੌਲੀ ਅਵਾਜ਼ ਵਿੱਚ ਬੋਲਿਆ:
"ਮੈਂ ਕੀ ਦੱਸ ਸਕਦਾਂ। ਮੇਰੀ ਸਮਝ 'ਚ ਕੁੱਛ ਨਹੀਂ ਆਉਂਦਾ। ਮੈਨੂੰ ਉਮੀਦ ਸੀ ਕਿ ਡਾਕਟਰ ਸਾਡੀ ਕੁੱਝ ਮਦਦ ਕਰੇਗਾ। ਉਹ ਰੋਜ਼ ਕਹਿੰਦਾ ਹੈ ਕਿ ਉਹ ਗਰੀਬਾਂ ਦੇ ਪੱਖ 'ਚ ਹੈ। ਉਹਤੋਂ ਅੰਨ ਮੰਗਿਆ ਤਾਂ ਉਹਨੇ ਜੁਆਬ ਦਿੱਤਾ ਕਿ ਉਹ ਸਾਡੇ ਹੱਕ ਵਿੱਚ ਜਲਸਾ ਕਰੂਗਾ। ਉਹ ਬਹੁਤ ਲੰਮੀਆਂ ਚੌੜੀਆਂ ਗੱਲਾਂ ਕਰਦਾ ਹੈ ਜੋ ਮੇਰੀ ਸਮਝ 'ਚ ਨਹੀਂ ਆਉਂਦੀਆਂ।" ਕਾਲੀ ਰੁੱਕ ਕੇ ਫਿਰ ਬੋਲਿਆ।
"ਮੈਂ ਲਾਲੂ ਭਲਵਾਨ ਕੋਲ ਵੀ ਜਾ ਆਇਆ ਹਾਂ। ਸੋਚਿਆ ਸੀ ਕਿ ਉਹ ਦਿਆਲੂ ਆਦਮੀ ਹੈ, ਮਨ-ਦੋ-ਮਨ ਅੰਨ ਦੇ ਦਊਗਾ ਪਰ ਉਹ ਵਚਨਬੱਧ ਹੈ। ਉਹ ਕਹਿੰਦਾ ਹੈ ਕਿ ਜਦੋਂ ਤੱਕ ਬਾਈਕਾਟ ਜਾਰੀ ਹੈ ਉਹ ਇਕ ਪਾਈਆ ਅੰਨ ਨਹੀਂ ਦੇ ਸਕਦਾ। ਬਾਈਕਾਟ ਖਤਮ ਹੋ ਜਾਵੇ ਤਾਂ ਮਨ ਅਨਾਜ ਲੈ ਜਾਇਓ।"
ਕਾਲੀ ਦੀਆਂ ਗੱਲਾਂ ਸੁਣਨ ਲਈ ਔਰਤਾਂ ਨੇੜੇ ਖਿਸਕ ਆਈਆਂ। ਮਰਦਾਂ ਉੱਤੇ ਡੂੰਘੀ ਖਾਮੋਸ਼ੀ ਛਾ ਗਈ। ਕਾਲੀ ਸਾਰਿਆਂ 'ਤੇ ਸਰਸਰੀ ਨਜ਼ਰ ਸੁੱਟਦਾ ਬੋਲਿਆ:
"ਉਸ ਤੋਂ ਬਾਅਦ ਮੈਂ ਪਾਦਰੀ ਨੂੰ ਵੀ ਮਿਲਿਆ। ਇੱਥੇ ਆਉਣ ਤੋਂ ਪਹਿਲਾਂ ਉਹਨੇ ਆਪਣੇ-ਆਪ ਹੀ ਮੈਨੂੰ ਨੰਦ ਸਿੰਘ ਦੇ ਘਰ ਸੱਦਿਆ ਸੀ। ਉਹਤੋਂ ਮਦਦ ਮੰਗੀ ਤਾਂ ਉਹ ਬਰਾਦਰੀ ਦੀਆਂ ਗੱਲਾਂ ਕਰਨ ਲੱਗਾ। ਉਹ ਕਹਿੰਦਾ ਹੈ ਕਿ ਤੁਹਾਡੀ ਕਿਸ ਰਿਸ਼ਤੇ ਨਾਲ ਮਦਦ ਕਰਾਂ।"
"ਉਹ ਤਾਂ ਚਾਹੁੰਦਾ ਹੈ ਕਿ ਅਸੀਂ ਇਸਾਈ ਬਣ ਜਾਈਏ।।।।" ਤਾਏ ਬਸੰਤੇ ਨੇ ਗੁੱਸੇ ਭਰੀ ਅਵਾਜ਼ ਵਿੱਚ ਕਿਹਾ। ਕਾਲੀ ਕੁਛ ਦੇਰ ਚੁੱਪ ਰਹਿ ਕੇ ਕਹਿਣ ਲੱਗਾ:
"ਮੇਰੀ ਸਮਝ 'ਚ ਤਾਂ ਕੁਛ ਨਹੀਂ ਆਉਂਦਾ। ਚੌਧਰੀ ਵੀ ਸੁਖੀ ਨਹੀਂ, ਉਹ ਵੀ ਬਹੁਤ ਤੰਗ ਹਨ। ਜੇ ਮੈਂ ਇਹ ਕਹਾਂ ਕਿ ਸਾਨੂੰ ਚੌਧਰੀਆਂ ਦੇ ਕੋਲ ਨਹੀਂ ਜਾਣਾ ਚਾਹੀਦਾ ਤਾਂ ਬਹੁਤ-ਸਾਰੇ ਲੋਕਾਂ ਨੂੰ ਮੇਰੀ ਗੱਲ ਬੁਰੀ ਲੱਗੂਗੀ। ਇਹ ਕਹਿਣ ਨੂੰ ਮੇਰਾ ਮਨ ਨਹੀਂ ਮੰਨਦਾ ਕਿ ਅਸੀਂ ਚੌਧਰੀਆਂ ਦੇ ਪੈਰ ਫੜ ਕੇ ਮਾਫੀ ਮੰਗ ਲਈਏ। ਪਿੰਡ ਵਿੱਚ ਪਹਿਲਾਂ ਹੀ ਸਾਡੀ ਕੋਈ ਇੱਜ਼ਤ ਨਹੀਂ, ਏਦਾਂ ਕਰਨ ਨਾਲ ਸਾਰੀ ਉਮਰ ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ। ਅਸੀਂ ਕਦੇ ਵੀ ਆਪਣਾ ਹੱਕ ਨਹੀਂ ਮੰਗ ਸਕਾਂਗੇ। ਲੋਕਾਂ ਨੂੰ ਫਾਕੇ ਕੱਟਦੇ ਅਤੇ ਬੱਚਿਆਂ ਨੂੰ ਭੁੱਖ ਨਾਲ ਵਿਲਕਦੇ ਦੇਖਦਾ ਹਾਂ ਤਾਂ ਜੀ ਚਾਹੁੰਦਾ ਹੈ ਕਿ ਹੁਣੇ ਜਾ ਕੇ ਮਾਫੀ ਮੰਗ ਲਈਏ।।।।" ਕਾਲੀ ਨੇ ਲੰਮੀ ਸਾਹ ਛੱਡੀ ਅਤੇ ਤਾਏ ਬਸੰਤੇ ਦੀਆਂ ਅੱਖਾਂ ਵਿੱਚ ਝਾਕਦਾ ਬੋਲਿਆ:
"ਤੁਸੀਂ ਸਾਰੇ ਮੇਰੇ ਘਰ ਚੱਲੋ। ਇਕ-ਇਕ ਚੀਜ਼ ਦੀ ਤਲਾਸ਼ੀ ਲੈ ਲਉ। ਜੋ ਕੁੱਛ ਮਿਲੇ ਆਪਸ 'ਚ ਵੰਡ ਕੇ ਖਾ ਲਵੋ।।।। ਮੇਰੇ ਕੋਲ ਪੈਸੇ ਸਨ।।। ਕੁੱਛ ਡਿਓਢੀ ਬਣਾਉਣ 'ਤੇ ਲੱਗ ਗਏ, ਕੁਛ ਚਾਚੀ ਦੇ ਦਵਾ-ਦਾਰੂ 'ਤੇ ਖਰਚ ਹੋ ਗਏ। ਬਾਕੀ ਚੋਰੀ ਹੋ ਗਏ ਅਤੇ ਜੋ ਬਚੇ ਸਨ ਉਹ ਚਾਚੀ ਦੇ ਮਰਨੇ 'ਤੇ ਲੱਗ ਗਏ।"
ਕਾਲੀ ਵੱਲੋਂ ਗੱਲ ਖਤਮ ਕਰਨ ਬਾਅਦ ਬਹੁਤ ਚਿਰ ਤੱਕ ਸਾਰੇ ਲੋਕ ਚੁੱਪ ਬੈਠੇ ਰਹੇ। ਔਰਤਾਂ ਵਿੱਚ ਬੈਠੀ ਮੰਗੂ ਦੀ ਮਾਂ ਹੰਝੂ ਪੂੰਝਦੀ ਬੋਲੀ:
"ਇਹਨਾਂ ਚਾਰ ਦਿਨਾਂ ਵਿੱਚ ਮੇਰਾ ਮੰਗੂ ਸੁੱਕ ਕੇ ਅੱਧਾ ਰਹਿ ਗਿਆ ਹੈ। ਅੱਵਲ ਤਾਂ ਰਾਤ ਨੂੰ ਘਰ ਆਉਂਦਾ ਹੀ ਨਹੀਂ। ਜੇ ਆਉਂਦਾ ਵੀ ਹੈ ਤਾਂ ਸਾਰੀ ਰਾਤ ਹਾਇ-ਹਾਇ ਕਰਦਾ ਹੈ।"
ਫਿਰ ਉਹ ਪ੍ਰੀਤੋ ਦੇ ਕੰਨ ਦੇ ਕੋਲ ਮੂੰਹ ਲੈ ਜਾ ਕੇ ਬੋਲੀ:
"ਮੰਗੂ ਕਹਿੰਦਾ ਸੀ ਕਿ ਅਮਰੂ ਨੂੰ ਭੇਜ ਦੇ।।।।"
"ਨਾ ਨਾ ।।।।" ਪ੍ਰੀਤੋ ਨੇ ਉਹਦੀ ਗੱਲ ਕੱਟਦਿਆਂ ਕਿਹਾ। "ਜਦੋਂ ਸਾਰਾ ਮੁਹੱਲਾ ਜਾਊਗਾ।"
ਦਿਨ ਢਲ ਗਿਆ ਤਾਂ ਲੋਕ ਉੱਠ ਖੜ੍ਹੇ ਹੋਏ। ਤੀਵੀਂਆਂ ਘਰਾਂ ਨੂੰ ਚਲੀਆਂ ਗਈਆਂ। ਉਹ ਖੂਹ ਤੋਂ ਪਾਣੀ ਭਰ ਲਿਆਈਆਂ ਤਾਂ ਮਰਦ ਨਹਾਉਣ ਲਈ ਉੱਥੇ ਪਹੁੰਚ ਗਏ। ਇੱਕਾ-ਦੁੱਕਾ ਚੌਧਰੀ ਸਿਰ ਉੱਤੇ ਪੱਠਿਆਂ ਦੀ ਭਰੀ ਲਈ ਵੱਡੇ ਰਾਹ ਉੱਤੋਂ ਦੀ ਲੰਘ ਰਿਹਾ ਸੀ। ਖੂਹ 'ਤੇ ਨਹਾਉਂਦੇ ਚਮਾਰ ਉਹਨਾਂ ਨੂੰ ਅੱਖਾਂ ਭਰ ਕੇ ਦੇਖਦੇ ਅਤੇ ਫਿਰ ਨਹਾਉਣ ਵਿੱਚ ਰੁਝ ਜਾਂਦੇ।
ਸੂਰਜ ਦੀਆਂ ਕਿਰਨਾਂ ਦਰੱਖਤਾਂ ਦੀਆਂ ਛਤਰੀਆਂ 'ਤੇ ਸਨ ਜਦੋਂ ਚੌਧਰੀ ਮੁਨਸ਼ੀ ਅਤੇ ਉਹਦੇ ਪਿੱਛੇ ਉਹਦਾ ਸਕੂਲ ਪੜ੍ਹਦਾ ਮੁੰਡਾ ਨਿਰੰਜਨ ਸਿਰ 'ਤੇ ਪੱਠਿਆਂ ਦੀਆਂ ਭਰੀਆਂ ਚੁੱਕੀ ਖੂਹ ਦੇ ਨੇੜੇ ਪਹੁੰਚੇ। ਉਹਨਾਂ ਦੇ ਪਿੱਛੇ ਬੇਲਾ ਸਿੰਘ, ਦਿਲਦਾਰ ਅਤੇ ਉਜਾਗਰ ਆ ਰਹੇ ਸਨ। ਖੂਹ ਦੇ ਬਰਾਬਰ ਆ ਕੇ ਨਿਰੰਜਨ ਨੇ ਪੱਠਿਆਂ ਦੀ ਭਰੀ ਸਿਰ ਤੋਂ ਹੇਠਾਂ ਸੁੱਟ ਦਿੱਤੀ। ਚੌਧਰੀ ਮੁਨਸ਼ੀ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਉਹਨੂੰ ਗਾਲ੍ਹ ਕੱਢ ਕੇ ਬੋਲਿਆ:
"ਸਕੂਲ ਵਿੱਚ ਕੀ ਪੜ੍ਹਦੈਂ ਕਿ ਘਰ ਦੇ ਕੰਮ-ਕਾਜ ਤੋਂ ਬਿਲਕੁਲ ਰਹਿ ਗਿਆਂ। ਦਸ ਸੇਰ ਭਾਰ ਚੁੱਕਣ 'ਤੇ ਹੀ ਇਹਦੀ ਗਰਦਨ ਟੁੱਟਣ ਲੱਗਦੀ ਹੈ।"
"ਚੌਧਰੀ, ਮੁੰਡਾ ਇਕ ਕੰਮ ਹੀ ਕਰੂਗਾ। ਜਾਂ ਪੱਠੇ ਚੁੱਕੂਗਾ ਜਾਂ ਅੱਖਰ ਉਠਾਲੂਗਾ।" ਬੇਲਾ ਸਿੰਘ ਨੇ ਵੀ ਆਪਣੀ ਭਰੀ ਸੁੱਟਦਿਆਂ ਕਿਹਾ:
"ਤਿੰਨ-ਤਿੰਨ ਫੇਰੇ ਲਾਉਣੇ ਪੈਂਦੇ ਹਨ, ਗਰਦਨ ਤਾਂ ਟੁੱਟੂਗੀ ਹੀ।"
"ਪਰ ਤੂੰ ਇਹਨਾਂ ਚਮਾਰਾਂ ਦਾ ਹਾਲ ਦੇਖ਼ ਆਪਣੀ ਮਾਂ ਦੇ ਖਸਮ ਫਾਕੇ ਕੱਟਣ ਡਹੇ ਆ ਪਰ ਕੰਮ 'ਤੇ ਨਹੀਂ ਆਉਂਦੇ।" ਚੌਧਰੀ ਮੁਨਸ਼ੀ ਨੇ ਖੂਹ ਵੱਲ ਦੇਖਦਿਆਂ ਕਿਹਾ ਅਤੇ ਫਿਰ ਉਨੀ ਹੀ ਉੱਚੀ ਅਵਾਜ਼ ਵਿੱਚ ਬੋਲਿਆ:
"ਉਏ ਬਸੰਤਿਆ, ਤੂੰ ਇਹ ਦੱਸ ਤੁਹਾਡਾ ਸਾਡੇ ਬਿਨਾਂ ਗੁਜ਼ਾਰਾ ਹੈਗਾ?" ਚੌਧਰੀ ਮੁਨਸ਼ੀ ਨੇ ਦੋ ਤਿੰਨ ਗਾਲ੍ਹਾਂ ਹੋਰ ਕੱਢ ਦਿੱਤੀਆਂ।
"ਚੌਧਰੀ, ਅਸੀਂ ਕਦੋਂ ਕਿਹਾ ਕਿ ਸਾਡਾ ਤੁਹਾਡੇ ਬਿਨਾਂ ਗੁਜ਼ਾਰਾ ਹੈ। ਅਸੀਂ ਤਾਂ ਸਦਾ ਇਹ ਹੀ ਕਹਿੰਦੇ ਆਏ ਹਾਂ ਕਿ ਤੁਸੀਂ ਸਾਡੇ ਮਾਲਕ ਹੋ ਅਤੇ ਅਸੀਂ ਤੁਹਾਡੇ ਕਾਮੇ। ਅਸੀਂ ਤਾਂ ਏਨੀ ਹੀ ਫਰਿਆਦ ਕੀਤੀ ਸੀ ਕਿ ਕੰਮ ਕਰਵਾ ਕੇ ਮਜ਼ਦੂਰੀ ਨਹੀਂ ਦਿਉਗੇ ਤਾਂ ਅਸੀਂ ਖਾਵਾਂਗੇ ਕਿੱਥੋਂ।।। ਤੁਸੀਂ ਬਾਈਕਾਟ ਕਰ ਦਿੱਤਾ।"
"ਬਸੰਤਿਆ, ਤੂੰ ਉਸ ਵੇਲੇ ਏਦਾਂ ਗੱਲਾਂ ਕਰਦਾ ਸੀ ਜਿਵੇਂ ਫੌਜ ਦਾ ਸੂਬੇਦਾਰ ਹੋਵੇਂ।"
"ਚੌਧਰੀ, ਤੂੰ ਵੀ ਤਾਂ ਕਪਤਾਨ ਬਣਿਆ ਹੋਇਆ ਸੀ।"
ਚਮਾਰ ਖੂਹ ਤੋਂ ਉੱਤਰ ਕੇ ਚੌਧਰੀਆਂ ਦੇ ਨਜ਼ਦੀਕ ਆ ਗਏ। ਚੌਧਰੀ ਮੁਨਸ਼ੀ ਅਤੇ ਬੇਲਾ ਸਿੰਘ ਆਦਿ ਵੀ ਕੁੱਝ ਅੱਗੇ ਆ ਗਏ। ਬੇਲਾ ਸਿੰਘ ਗਾਲ੍ਹਾਂ ਕੱਢਦਾ ਬੋਲਿਆ:
"ਓਏ ਕੁੱਤਿਓ ਚਮਾਰੋ, ਕੁੱਝ ਸ਼ਰਮ ਕਰੋ, ਕੁੱਝ ਫਸਲ ਹੜਾਂ ਨੇ ਬਰਬਾਦ ਕਰ ਦਿੱਤੀ ਹੈ ਅਤੇ ਬਾਕੀ ਗੁਡਾਈ ਨਾ ਹੋਣ ਕਾਰਨ ਸੁੱਕ ਰਹੀ ਹੈ। ਜੇ ਪ੍ਰਾਣ ਦੇਣ ਨੂੰ ਤਿਆਰ ਹੋ ਤਾਂ ਗੱਡੀ ਦੇ ਹੇਠਾਂ ਜਾ ਕੇ ਸਿਰ ਦੇ ਦਿਓ।"
"ਤੁਸੀਂ ਸਾਨੂੰ ਫਸਲ ਦੀ ਗੁਡਾਈ ਲਈ ਸੱਦਿਆ ਹੈ?" ਤਾਏ ਬਸੰਤੇ ਨੇ ਕਿਹਾ।
"ਅੱਛਾ, ਇਹ ਦੱਸੋ ਹੁਣ ਤੁਹਾਡੀ ਕੀ ਮਨਸ਼ਾ ਹੈ?"
"ਸਾਡੀ ਕੀ ਮਨਸ਼ਾ ਹੋਊਗੀ। ਮਨਸ਼ਾ ਮਾਲਕਾਂ ਦੀ ਹੁੰਦੀ ਹੈ। ਜੋ ਤੁਹਾਡੀ ਮਨਸ਼ਾ ਹੈ ਦੱਸ ਦਿਉ।"
ਤਾਏ ਬਸੰਤੇ ਦਾ ਜਵਾਬ ਸੁਣ ਕੇ ਚੌਧਰੀ ਮੁਨਸ਼ੀ ਨੇ ਨਿਰੰਜਨ ਨੂੰ ਬੰਨ ਵੱਲ ਦੌੜਾ ਦਿੱਤਾ ਕਿ ਉੱਥੋਂ ਚੌਧਰੀ ਹਰਨਾਮ ਸਿੰਘ ਨੂੰ ਸੱਦ ਕੇ ਲਿਆਵੇ। ਦਿਲਦਾਰ ਨੂੰ ਲਾਲੂ ਭਲਵਾਨ ਨੂੰ ਸੱਦਣ ਲਈ ਭੇਜ ਦਿੱਤਾ ਅਤੇ ਆਪ ਪੱਠਿਆਂ ਦੀ ਭਰੀ ਉੱਤੇ ਬੈਠ ਕੇ ਗੋਡਿਆਂ ਨੂੰ ਘੁੱਟਣ ਲੱਗਾ। ਉਹ ਲਗਾਤਾਰ ਗਾਲ੍ਹਾਂ ਕੱਢ ਰਿਹਾ ਸੀ ਅਤੇ ਆਲੇ ਦੁਆਲੇ ਖੜ੍ਹੇ ਲੋਕ ਹੱਸ ਰਹੇ ਸਨ।
ਥੋੜ੍ਹੀ ਦੇਰ ਬਾਅਦ ਪਿੰਡ ਦੇ ਸਾਰੇ ਚੌਧਰੀ ਉੱਥੇ ਇਕੱਠੇ ਹੋ ਗਏ ਅਤੇ ਇਕ ਵਾਰ ਫਿਰ ਗਾਲ੍ਹੀ-ਗਲੋਚ ਸ਼ੁਰੂ ਹੋ ਗਿਆ। ਲਾਲੂ ਭਲਵਾਨ ਚੌਧਰੀ ਹਰਨਾਮ ਸਿੰਘ ਅਤੇ ਚੌਧਰੀ ਮੁਨਸ਼ੀ ਨੂੰ ਇਕ ਪਾਸੇ ਲੈ ਗਿਆ ਅਤੇ ਧੀਮੀ ਅਵਾਜ਼ ਵਿੱਚ ਬੋਲਿਆ:
"ਇੱਥੇ ਹੀ ਫੈਸਲਾ ਕਰ ਲਵੋ। ਇਸ ਲੜਾਈ ਵਿੱਚ ਨਾ ਉਹਨਾਂ ਨੂੰ ਕੁੱਛ ਮਿਲਿਆ ਅਤੇ ਨਾ ਸਾਨੂੰ ਕੋਈ ਫਾਇਦਾ ਹੋਇਆ ਹੈ।"
"ਡੇਢ ਦਿਨ ਦੇ ਪੈਸੇ ਦੇ ਦਿਉ ਤਾਂ ਉਹ ਖੁਸ਼ ਹੋ ਜਾਣਗੇ। ਵਿਚਾਰੇ ਗਰੀਬ ਲੋਕ ਹਨ। ਕੋਈ ਪਰਾਏ ਨਹੀਂ ਆਪਣੇ ਹੀ ਚਮਾਰ ਹਨ।" ਚੌਧਰੀ ਹਰਨਾਮ ਸਿੰਘ ਨੇ ਕਿਹਾ।
"ਹਰ ਘਰ ਆਪਣੇ-ਆਪਣੇ ਚਮਾਰ ਨੂੰ ਪੈਸੇ ਦੇ ਦੇਵੇ।" ਲਾਲੂ ਭਲਵਾਨ ਦੇ ਇਸ ਸੁਝਾਅ ਦਾ ਸਾਰਿਆਂ ਨੇ ਸਮਰਥਨ ਕੀਤਾ ਅਤੇ ਚਮਾਰਾਂ ਦੇ ਕੋਲ ਆ ਕੇ ਚੌਧਰੀ ਹਰਨਾਮ ਸਿੰਘ ਨੇ ਫੈਸਲਾ ਸੁਣਾ ਦਿੱਤਾ। ਤਾਏ ਬਸੰਤੇ ਨੇ ਵਾਰੀ ਵਾਰੀ ਸਾਰੇ ਚਮਾਰਾਂ ਵੱਲ ਦੇਖਿਆ ਅਤੇ ਉਹਨਾਂ ਦੀ ਸਹਿਮਤੀ ਦੇਖ ਕੇ ਸਿਰ ਝੁਕਾ ਕੇ ਬੋਲਿਆ:
"ਅਸੀਂ ਤੁਹਾਡੇ ਦਾਸ ਹਾਂ।"
"ਫਿਰ ਕੱਲ੍ਹ ਸਵੇਰੇ ਤੋਂ ਕੰਮ ਤੇ ਆ ਜਾਉ।"
"ਕੱਲ੍ਹ ਨੂੰ ਕੀ, ਹੁਣ ਤੋਂ ਹੀ।" ਚੌਧਰੀ ਮੁਨਸ਼ੀ ਨੇ ਕਿਹਾ ਅਤੇ ਜੀਤੂ ਨੂੰ ਗਾਲ੍ਹ ਕੱਢ ਕੇ ਬੋਲਿਆ:
"ਲੈ, ਇਹ ਭਰੀ ਹਵੇਲੀ 'ਚ ਸੁੱਟ ਆ।"
ਇਹ ਖਬਰ ਹਨ੍ਹੇਰੀ ਵਿੱਚ ਉੱਡਦੀ ਧੂੜ ਵਾਂਗ ਝੱਟ ਹੀ ਸਾਰੇ ਪਿੰਡ ਵਿੱਚ ਫੈਲ ਗਈ। ਚਮ੍ਹਾਰਲੀ ਦੀਆਂ ਤੀਵੀਂਆਂ ਚੌਧਰਾਣੀਆਂ ਦੇ ਘਰਾਂ ਵੱਲ ਦੌੜ ਗਈਆਂ। ਮਰਦ ਸੌਦਾ ਲੈਣ ਲਈ ਦੁਕਾਨਾਂ 'ਤੇ ਚਲੇ ਗਏ। ਗਲੀਆਂ ਵਿੱਚ ਚਮਾਰ ਅਤੇ ਚੌਧਰੀ ਆਪਸ ਵਿੱਚ ਇਸ ਤਰ੍ਹਾਂ ਮਿਲਦੇ ਜਿਵੇਂ ਮੁੱਦਤ ਤੋਂ ਵਿਛੜੇ ਹੋਏ ਹੋਣ। ਚੌਧਰਾਣੀਆਂ ਆਪਣੀਆਂ ਚਮਾਰੀਆਂ ਨੂੰ ਦੇਖ ਕੇ ਖੁਸ਼ੀ ਵਿੱਚ ਕਹਿੰਦੀਆਂ:
"ਨੀ ਤੂੰ ਪੰਜ-ਛੇ ਦਿਨ ਨਹੀਂ ਆਈ ਤਾਂ ਮਨ ਉਦਾਸ ਹੋਣ ਲੱਗਾ ਸੀ।"
ਸ਼ਾਮ ਹੁੰਦਿਆਂ ਹੀ ਪਿੰਡ 'ਤੇ ਧੂੰਏਂ ਦੀ ਚਾਦਰ ਡੂੰਘੀ ਹੁੰਦੀ ਗਈ। ਚਮ੍ਹਾਰਲੀ ਦੇ ਹਰ ਘਰ ਵਿੱਚ ਅੱਜ ਦੋ-ਤਿੰਨ ਦਿਨਾਂ ਬਾਅਦ ਚੁੱਲ੍ਹੇ ਬਲੇ ਸਨ। ਪਿੰਡ ਵਿੱਚੋਂ ਖੁਲ੍ਹੇ ਹਾਸੇ, ਖਿਲਵਾੜ ਅਤੇ ਗਾਲ੍ਹਾਂ ਦੀਆਂ ਅਵਾਜ਼ਾਂ ਆ ਰਹੀਆਂ ਸਨ।
ਡਾਕਟਰ ਵਿਸ਼ਨਦਾਸ ਚੋਅ ਵਿੱਚ ਖੜ੍ਹਾ ਸੋਚ ਰਿਹਾ ਸੀ ਕਿ ਇਸ ਪਿੰਡ ਦੇ ਚਮਾਰਾਂ ਦੀ ਜ਼ਹਨੀਅਤ ਵੀ ਸੁਧਾਰਵਾਦੀ ਹੈ ਜੋ ਸੰਘਰਸ਼ ਕਰਨ ਦੀ ਥਾਂ ਸਮਝੌਤੇ 'ਤੇ ਉਤਾਰੂ ਹੋ ਗਏ ਹਨ।
--------ਚਲਦਾ--------
|