44
ਚਮ੍ਹਾਰਲੀ ਦੇ ਸਾਰੇ ਮਰਦ ਕੰਮ 'ਤੇ ਚਲੇ ਗਏ ਸਨ, ਔਰਤਾਂ ਗੋਹਾ-ਕੂੜਾ ਕਰਨ ਚੌਧਰੀਆਂ ਦੀਆਂ ਹਵੇਲੀਆਂ ਵਿੱਚ ਪਹੁੰਚ ਗਈਆਂ ਸਨ। ਛੋਟੇ ਬੱਚੇ ਆਪਣੀਆਂ ਮਾਵਾਂ ਜਾਂ ਭੈਣਾ ਦੇ ਨਾਲ ਸਨ ਅਤੇ ਵੱਡੇ ਬੱਚੇ ਚਗਾਨ ਵਿੱਚ ਰੌਲਾ ਪਾਉਂਦੇ ਹੋਏ ਗੁੱਲੀ-ਡੰਡਾ ਖੇਡ ਰਹੇ ਸਨ।
ਕਾਲੀ ਡਿਓਢੀ ਦਾ ਦਰਵਾਜ਼ਾ ਬੰਦ ਕਰੀ ਮੰਜੇ 'ਤੇ ਪਿਆ ਪਾਸੇ ਬਦਲ ਰਿਹਾ ਸੀ। ਉਹਦਾ ਪੂਰਾ ਸ਼ਰੀਰ ਟੁੱਟ ਰਿਹਾ ਸੀ ਅਤੇ ਉਹਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਬੁਖਾਰ ਹੋਵੇ। ਪਿਛਲੇ ਇਕ ਹਫਤੇ ਵਿੱਚ ਘਟੀਆਂ ਘਟਨਾਵਾਂ ਉਹਦੇ ਦਿਮਾਗ ਉੱਪਰ ਛਾਈਆਂ ਹੋਈਆਂ ਸਨ। ਉਹਨਾਂ ਸੱਤਾਂ ਦਿਨਾਂ ਦਾ ਇਕ ਇਕ ਪੱਲ ਉਹਦੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ ਪਰ ਜਦੋਂ ਉਹਨੂੰ ਸੰਤੂ ਦੇ ਸ਼ਬਦ ਯਾਦ ਆਏ ਕਿ ਉਹਨੂੰ ਪੱਕੇ ਪਕਾਏ ਪਕਵਾਨ ਮਿਲ ਰਹੇ ਹਨ ਤਾਂ ਉਸ ਦਾ ਦਿਮਾਗ ਉੱਥੇ ਹੀ ਰੁਕ ਗਿਆ। ਗਿਆਨੋ ਦੇ ਪ੍ਰੇਮ ਅਤੇ ਮੋਹ ਬਾਰੇ ਸੋਚ ਕੇ ਕਦੇ ਉਹ ਡਰ ਨਾਲ ਕੰਬਣ ਲੱਗਦਾ ਅਤੇ ਕਦੇ ਏਨਾ ਖੁਸ਼ ਹੁੰਦਾ ਕਿ ਉਹਦਾ ਜੀ ਚਾਹੁੰਦਾ ਕਿ ਉਹ ਛਾਲ ਮਾਰ ਕੇ ਛੱਤ ਨੂੰ ਛੋਹ ਲਵੇ।
ਉਹ ਪਾਣੀ ਪੀ-ਪੀ ਕੇ ਭੁੱਖ ਮਿਟਾਉਣ ਦਾ ਯਤਨ ਕਰਦਾ ਰਿਹਾ ਪਰ ਜਦੋਂ ਪਾਣੀ ਢਿੱਡ ਵਿੱਚ ਘਰ-ਘਰ ਕਰਦਾ ਹੋਇਆ ਢੋਲ ਵਾਂਗੂ ਬੋਲਣ ਲੱਗਦਾ ਤਾਂ ਉਹ ਉੱਠ ਬੈਠਦਾ। ਉਹਦੇ ਘਰ ਵਿੱਚ ਆਟੇ ਦੀ ਇਕ ਚੁਟਕੀ ਵੀ ਨਹੀਂ ਸੀ। ਉਹਨੂੰ ਪਛਤਾਵਾ ਹੋਣ ਲੱਗਾ ਕਿ ਉਹਨੇ ਪ੍ਰੀਤੋ ਨੂੰ ਖਾਹ-ਮਖਾਹ ਆਪਣਾ ਸਾਰਾ ਆਟਾ ਦੇ ਦਿੱਤਾ ਪਰ ਇਹ ਸੋਚ ਕੇ ਆਪਣੇ-ਆਪ ਨੂੰ ਤਸੱਲੀ ਦੇ ਲਈ ਕਿ ਉਹ ਮੌਕਾ ਹੀ ਅਜਿਹਾ ਸੀ। ਇਹ ਯਾਦ ਕਰਕੇ ਉਹ ਹੈਰਾਨ ਰਹਿ ਗਿਆ ਕਿ ਕੱਲ੍ਹ ਸਵੇਰ ਤੋਂ ਉਹਨੇ ਕੁਛ ਨਹੀਂ ਖਾਧਾ, ਸਿਰਫ ਪਾਣੀ ਪੀ-ਪੀ ਕੇ ਢਿੱਡ ਭਰਿਆ ਹੈ। ਉਹਨੇ ਸੋਚਿਆ ਕਿ ਲਾਲੂ ਭਲਵਾਨ ਦੀ ਹਵੇਲੀ ਚਲਾ ਜਾਵੇ ਪਰ ਉਹਦਾ ਮਨ ਨਹੀਂ ਮੰਨਿਆ। ਲਾਲੂ ਭਲਵਾਨ ਨੇ ਉਹਦੇ ਨਾਲ ਕਿਹੜੀ ਨੇਕੀ ਕੀਤੀ ਹੈ। ਮੁਸ਼ਕਿਲ ਵਿੱਚ ਜਿਹੜਾ ਕੰਮ ਨਾ ਆਵੇ ਉਹ ਆਦਮੀ ਕਿਸ ਕੰਮ ਦਾ। ਜੇ ਉਹ ਬੁਲਾਊਗਾ ਤਾਂ ਸੋਚਾਂਗਾ।
ਉਹ ਪਾਸਾ ਬਦਲਦਾ ਤਾਂ ਉਹਦੇ ਸਰੀਰ ਦੇ ਕਈ ਹਿੱਸਿਆਂ ਵਿੱਚ ਟੀਸਾਂ-ਜਿਹੀਆਂ ਉਭਰਦੀਆਂ ਅਤੇ ਉਹ ਸਿੱਧਾ ਲੰਮਾ ਪੈ ਜਾਂਦਾ। ਉਹਨੂੰ ਖਿਆਲ ਆਇਆ ਕਿ ਸ਼ਾਇਦ ਬੁਖਾਰ ਨਾ ਹੋਵੇ, ਭੁੱਖ ਦੇ ਕਾਰਨ ਹੀ ਸਰੀਰ ਟੁੱਟ ਰਿਹਾ ਹੈ, ਇਹ ਸੋਚ ਕੇ ਉਹਦੀ ਭੁੱਖ ਇਕਦਮ ਚਮਕ ਪਈ। ਉਹ ਉੱਠ ਕੇ ਬੈਠ ਗਿਆ ਅਤੇ ਸੋਚਣ ਲੱਗਾ ਕਿ ਜੇ ਨੰਦ ਸਿੰਘ ਦੇ ਘਰ ਚਲਾ ਜਾਵੇ ਤਾਂ ਸ਼ਾਇਦ ਉਹ ਰੋਟੀ ਖਿਲਾ ਦੇਵੇ। ਪਰੰਤੂ ਮਨ ਵਿੱਚ ਇਹ ਵਿਚਾਰ ਆਉਂਦਿਆਂ ਹੀ ਉਹ ਉਦਾਸ ਹੋ ਗਿਆ ਕਿ ਨੰਦ ਸਿੰਘ ਕਿਉਂ ਰੋਟੀ ਖਿਲਾਊਗਾ, ਉਹ ਇਸਾਈ ਹੋਇਆ, ਉਹਦੇ ਨਾਲ ਕੀ ਰਿਸ਼ਤਾ ਹੈ। ਪਿੰਡ ਵਿੱਚ ਉਹਦਾ ਕਿਸੇ ਦੇ ਨਾਲ ਕੋਈ ਰਿਸ਼ਤਾ ਨਹੀਂ। ਇਹ ਸੋਚ ਕੇ ਉਹ ਫਿਰ ਉਦਾਸ ਹੋ ਗਿਆ। ਗਿਆਨੋ ਦੇ ਨਾਲ ਰਿਸ਼ਤਾ ਹੈ ਪਰ ਉਹਨੂੰ ਕੌਣ ਮੰਨਦਾ ਹੈ। ਉਹਨੇ ਇਕ ਡੰਗ ਰੋਟੀ ਦਿੱਤੀ ਤਾਂ ਲੋਕ ਤੁਹਮਤਾਂ ਲਾਉਣ ਲੱਗੇ।
ਕਾਲੀ ਸੋਚ-ਸੋਚ ਕੇ ਤੰਗ ਆ ਗਿਆ। ਇਹਦੇ ਨਾਲ ਭੁੱਖ ਘੱਟਣ ਦੀ ਬਜਾਏ ਵੱਧਦੀ ਗਈ। ਉਹ ਆਪਣੇ ਆਪ ਨੂੰ ਘੜੀਸਦਾ ਹੋਇਆ ਉੱਠਿਆ ਅਤੇ ਬੂਹੇ ਦੇ ਦੋਨੋਂ ਪਟ ਖੋਲ੍ਹ ਕੇ ਸਰਦਲ ਵਿੱਚ ਖੜ੍ਹ ਗਿਆ। ਤੇਜ਼ ਧੁੱਪ ਵਿੱਚ ਉਹਦੀਆਂ ਅੱਖਾਂ ਪੂਰੀ ਤਰ੍ਹਾਂ ਨਹੀਂ ਖੁਲ੍ਹ ਰਹੀਆਂ ਸਨ। ਉਹਨੇ ਗਲੀ ਵਿੱਚ ਝਾਕ ਕੇ ਦੇਖਿਆ।।। ਉਹ ਬਿਲਕੁਲ ਖਾਲੀ ਸੀ। ਇਹਦੇ ਇਕ ਸਿਰੇ ਤੋਂ ਨੰਦ ਸਿੰਘ ਦੇ ਚਮੜਾ ਕੁੱਟਣ ਅਤੇ ਦੂਜੇ ਸਿਰੇ ਤੋਂ ਬੱਚਿਆਂ ਦੇ ਗੁੱਲੀ-ਡੰਡਾ ਖੇਡਣ ਦੀ ਅਵਾਜ਼ ਆ ਰਹੀ ਸੀ।
ਉਹ ਸਰਦਲ ਤੋਂ ਉਤਰ ਕੇ ਗਲੀ ਵਿੱਚ ਆ ਗਿਆ। ਉਹਨੇ ਪ੍ਰੀਤੋ ਦੇ ਦਰਵਾਜ਼ੇ 'ਤੇ ਨਿਗਾਹ ਮਾਰੀ। ਬੂਹਾ ਖੁਲ੍ਹਾ ਸੀ ਪਰ ਅੰਦਰ ਕੋਈ ਨਹੀਂ ਸੀ। ਉਹਦਾ ਜੀਅ ਕੀਤਾ ਕਿ ਅੰਦਰ ਜਾ ਕੇ ਦੇਖੇ ਕਿ ਕਿਤੇ ਕੋਈ ਰੋਟੀ ਪਈ ਹੋਵੇ। ਆਪਣੇ ਇਸ ਖਿਆਲ 'ਤੇ ਉਹ ਹੱਸ ਪਿਆ। ਉਹ ਗਲੀ ਵਿੱਚੋਂ ਫਿਰ ਸਰਦਲ 'ਤੇ ਆ ਗਿਆ।
ਕੁੱਝ ਸਮੇਂ ਬਾਅਦ ਉਹਨੂੰ ਖੂਹ ਵੱਲੋਂ ਗਿਆਨੋ ਆਉਂਦੀ ਦਿਖਾਈ ਦਿੱਤੀ। ਕਾਲੀ ਨੇ ਗਲੀ ਦੇ ਦੂਸਰੇ ਪਾਸੇ ਇਕਦਮ ਨਜ਼ਰ ਮਾਰੀ ਅਤੇ ਮੁਸਕਰਾਉਂਦਾ ਹੋਇਆ ਗਿਆਨੋ ਵੱਲ ਦੇਖਣ ਲੱਗਾ। ਉਹ ਸਿਰ 'ਤੇ ਟੋਕਰਾ ਚੁੱਕੀ ਬਹੁਤ ਗੰਭੀਰ ਭਾਵ ਨਾਲ ਤੁਰ ਰਹੀ ਸੀ ਅਤੇ ਉਹਦੀ ਝੋਲੀ ਵਿੱਚ ਪਈਆਂ ਰੋਟੀਆਂ ਇਸ ਤਰ੍ਹਾਂ ਹਿਲਦੀਆਂ ਸਨ ਜਿਵੇਂ ਸਾਹ ਲੈ ਰਹੀਆਂ ਹੋਣ। ਕਾਲੀ ਬਹੁਤ ਪਿਆਰ ਅਤੇ ਦਿਲਚਸਪੀ ਨਾਲ ਉਹਦੀ ਵੱਲ ਦੇਖਦਾ ਰਿਹਾ ਪਰ ਜਦੋਂ ਗਿਆਨੋ ਦਾ ਚਿਹਰਾ ਹੋਰ ਵੀ ਗੰਭੀਰ ਹੋ ਗਿਆ ਅਤੇ ਉਹ ਉਹਦੀ ਵੱਲ ਦੇਖੇ ਬਿਨਾਂ ਹੀ ਲੰਘਣ ਲੱਗੀ ਤਾਂ ਉਹ ਗਲੀ ਦੇ ਦੋਨੋਂ ਪਾਸੀਂ ਇਕ ਵਾਰ ਫਿਰ ਦੇਖ ਕੇ ਬਹੁਤ ਹੌਲੀ ਅਵਾਜ਼ ਵਿੱਚ ਬੋਲਿਆ:
"ਗਿਆਨੋ।"
ਗਿਆਨੋ ਨੇ ਉਹਦੀ ਵੱਲ ਅੱਖ ਤੱਕ ਚੁੱਕ ਕੇ ਨਾ ਦੇਖਿਆ ਪਰ ਇਕ ਪਲ ਲਈ ਉਹਦੇ ਪੈਰ ਰੁਕ ਗਏ। ਕਾਲੀ ਨੇ ਫਿਰ ਉਹਦਾ ਨਾਂ ਲਿਆ ਤਾਂ ਉਹ ਚੌਂਕ ਕੇ ਰੁਕ ਗਈ।
"ਬੋਲਦੀ ਕਿਉਂ ਨਹੀਂ।"
ਕਾਲੀ ਨੇ ਥੋੜ੍ਹੀ ਉੱਚੀ ਅਵਾਜ਼ ਵਿੱਚ ਕਿਹਾ। ਗਿਆਨੋ ਅੱਗੇ ਵਧਣ ਲੱਗੀ ਤਾਂ ਕਾਲੀ ਨੇ ਸਰਦਲ ਤੋਂ ਉੱਤਰ ਕੇ ਉਹਦਾ ਰਾਹ ਰੋਕ ਲਿਆ। ਉਹ ਇਕ ਪਾਸੇ ਹੱਟਦੀ ਹੋਈ ਬੋਲੀ:
"ਤੂੰ ਸਮਝਦਾ ਹੈਂ ਕਿ ਜਦੋਂ ਤੇਰਾ ਜੀ ਚਾਹੇ ਮੈਨੂੰ ਬੁਲਾ ਲਵੇਂ ਅਤੇ ਜਦੋਂ ਜੀਅ ਚਾਹੇ ਦੁਤਕਾਰ ਦੇਵੇਂ।"
ਉਹਦੀ ਇਹ ਗੱਲ ਸੁਣ ਕੇ ਕਾਲੀ ਕੁਛ ਸ਼ਰਮਿੰਦਾ-ਜਿਹਾ ਹੋ ਗਿਆ ਅਤੇ ਕੋਈ ਜਵਾਬ ਦਿੱਤੇ ਬਿਨਾਂ ਹੀ ਆਪਣੇ ਦਰਵਾਜ਼ੇ ਵੱਲ ਮੁੜ ਆਇਆ। ਗਿਆਨੋ ਦੋ ਚਾਰ ਕਦਮ ਅੱਗੇ ਵੱਧ ਕੇ ਰੁਕ ਗਈ ਅਤੇ ਫਿਰ ਉਹਦੀ ਵੱਲ ਮੁੜ ਕੇ ਝੋਲੀ ਵਿੱਚ ਪਈਆਂ ਰੋਟੀਆਂ ਉਹਦੇ ਹੱਥ ਫੜਾ ਤੇਜ਼ੀ ਨਾਲ ਅੱਗੇ ਵੱਧ ਗਈ।
ਕਾਲੀ ਸਰਦਲ ਵਿੱਚ ਖੜ੍ਹਾ ਉਹਨੂੰ ਦੇਖਦਾ ਰਿਹਾ ਅਤੇ ਜਦੋਂ ਉਹ ਆਪਣੇ ਘਰ ਵਿੱਚ ਦਾਖਲ ਹੋ ਗਈ ਤਾਂ ਅੰਦਰ ਆ ਕੇ ਮੰਜੇ ਉੱਤੇ ਬੈਠ ਗਿਆ ਅਤੇ ਰੋਟੀਆਂ ਦੀ ਤਹਿਆਂ ਖੋਲ੍ਹਣ ਲੱਗਾ। ਰੋਟੀਆਂ ਵਿੱਚ ਗੁੜ ਦੀ ਢੇਲੀ ਲਪੇਟੀ ਹੋਈ ਸੀ। ਗੁੜ ਦੇਖ ਕੇ ਉਹਦਾ ਮਨ ਲਲਚਾ ਗਿਆ ਅਤੇ ਉਹਨੇ ਉਹਨੇ ਗੁੜ ਮੂੰਹ ਵੱਲ ਵਧਾਇਆ ਪਰ ਰੁਕ ਗਿਆ। ਉਹ ਸੋਚ ਵਿੱਚ ਡੁੱਬਿਆ ਹੋਇਆ ਰੋਟੀਆਂ ਨੂੰ ਘੂਰਦਾ ਰਿਹਾ ਅਤੇ ਉਹਦੇ ਅੰਦਰ ਭੁੱਖ ਦਾ ਅਹਿਸਾਸ ਇਕਦਮ ਮਿਟ ਟਿਆ।
ਗਿਆਨੋ ਘਰ ਵਿੱਚ ਟੋਕਰਾ ਸੁੱਟ ਕੇ ਮੁੜਦੇ ਪੈਰੀਂ ਕਾਲੀ ਦੇ ਕੋਲ ਆ ਗਈ ਅਤੇ ਦਰਵਾਜ਼ੇ ਦੇ ਦੋਨੋਂ ਦਰ ਬੰਦ ਕਰਕੇ ਉਹਦੇ ਸਾਹਮਣੇ ਆ ਖੜ੍ਹੀ ਹੋਈ। ਕਾਲੀ ਉਦਾਸ-ਜਿਹਾ ਬੈਠਾ ਰਿਹਾ। ਗਿਆਨੋ ਉਹਦੇ ਹੱਥ ਵਿੱਚ ਰੋਟੀ ਦੇਖ ਕੇ ਕੁਛ ਤਲਖ ਅਵਾਜ਼ ਵਿੱਚ ਬੋਲੀ:
"ਇਹਨੂੰ ਖਾ ਲੈ।"
ਕਾਲੀ ਚੁੱਪ ਰਿਹਾ ਤਾਂ ਗਿਆਨੋ ਨੇ ਉਹਦੇ ਹੱਥ ਵਿੱਚੋਂ ਰੋਟੀ ਲੈ ਕੇ ਇਕ ਬੁਰਕੀ ਤੋੜੀ ਅਤੇ ਉਹਦੇ ਮੂੰਹ ਵਿੱਚ ਪਾਉਂਦੀ ਬੋਲੀ:
"ਅੰਨ ਨੂੰ ਨਾ ਦੁਰਕਾਰ। ਸੱਤ ਦਿਨ ਸਿਰਫ ਇਸ ਲਈ ਫਾਕੇ ਕੱਟਦੇ ਰਹੇ ਹਾਂ ਤਾਂ ਕਿ ਢਿੱਡ ਭਰ ਕੇ ਰੋਟੀ ਮਿਲ ਸਕੇ।" ਕਾਲੀ ਹੱਸ ਪਿਆ ਅਤੇ ਬੁਰਕੀ ਜਲਦੀ-ਜਲਦੀ ਚਿੱਥਣ ਲੱਗਾ। ਗਿਆਨੋ ਕੋਲ ਬੈਠ ਕੇ ਉਹਨੂੰ ਪੱਖਾ ਝੱਲਣ ਲੱਗੀ। ਕਾਲੀ ਉਹਦੀ ਵੱਲ ਮੁਸਕਰਾਉਂਦਾ ਹੋਇਆ ਬੋਲਿਆ:
"ਘੜੀ ਭਰ ਪਹਿਲਾਂ ਤਾਂ ਮੈਨੂੰ ਇਸ ਤਰ੍ਹਾਂ ਦੁਰਕਾਰ ਕੇ ਗਈ ਸੀ ਜਿਵੇਂ ਮੇਰੀ ਸ਼ਕਲ ਤੋਂ ਨਫਰਤ ਹੋਵੇ।"
ਗਿਆਨੋ ਚੁੱਪਚਾਪ ਪੱਖਾ ਝਲਦੀ ਰਹੀ ਅਤੇ ਫਿਰ ਤਿੱਖੀ ਅਵਾਜ਼ ਵਿੱਚ ਬੋਲੀ:
"ਮੈਂ ਕਦੇ ਤੈਨੂੰ ਧੱਕੇ ਨਹੀਂ ਦਿੱਤੇ, ਕੁੱਤਿਆਂ ਦੀ ਤਰ੍ਹਾਂ ਨਹੀਂ ਝਿੜਕਿਆ।"
ਕਾਲੀ ਦੇ ਮੂੰਹ ਦੀ ਬੁਰਕੀ ਗਲ ਵਿੱਚ ਹੀ ਰੁਕ ਗਈ ਅਤੇ ਉਹ ਉਹਨੂੰ ਮੁਸ਼ਕਿਲ ਨਾਲ ਥੱਲੇ ਕਰਦਾ ਹੋਇਆ ਬੋਲਿਆ:
"ਤੈਨੂੰ ਕੀ ਪਤਾ ਮੇਰਾ ਕਦੇ-ਕਦੇ ਕੀ ਹਾਲ ਹੁੰਦਾ ਹੈ। ਲੋਕ ਮੇਰੇ 'ਤੇ ਤੁਹਮਤਾਂ ਲਗਾਉਂਦੇ ਹਨ, ਮਖੌਲ ਕਰਦੇ ਹਨ।।। ਕੱਲ੍ਹ ਤੂੰ ਮੈਨੂੰ ਰੋਟੀ ਦੇ ਕੇ ਗਈ ਤਾਂ ਸ਼ਾਇਦ ਤੈਨੂੰ ਪ੍ਰੀਤੋ ਨੇ ਦੇਖ ਲਿਆ ਸੀ।।। ਜਾਂ ਸੰਤੂ ਨੇ ਦੇਖਿਆ ਸੀ।।। ਚਗਾਨ ਵਿੱਚ ਸਾਰਿਆਂ ਦੇ ਸਾਹਮਣੇ ਮੇਰਾ ਮੂੰਹ ਚਿੜਾ ਕੇ ਕਿਹਾ ਕਿ ਤੂੰ ਬਾਈਕਾਟ ਰੱਖਣਾ ਚਾਹੂੰਗਾ ਕਿਉਂਕਿ ਤੈਨੂੰ ਪੱਕੇ-ਪਕਾਏ ਪਕਵਾਨ ਮਿਲਦੇ ਹਨ।"
ਗਿਆਨੋ ਉਹਦੀ ਵੱਲ ਹੋਰ ਧਿਆਨ ਨਾਲ ਦੇਖਦੀ ਹੋਈ ਬੋਲੀ:
"ਤੁਹਮਤਾਂ ਦੂਜੇ ਲਾਉਂਦੇ ਹਨ ਤੇ ਤੂੰ ਗੁੱਸਾ ਮੇਰੇ 'ਤੇ ਕੱਢਦਾ ਹੈਂ।।।।"
ਕਾਲੀ ਉਹਨੂੰ ਸਮਝਾਉਂਦਾ ਹੋਇਆ ਬੋਲਿਆ:
"ਮੈਂ ਨਹੀਂ ਚਾਹੁੰਦਾ ਤੇਰੇ ਖਿਲਾਫ ਕੋਈ ਬੁਰੀ ਗੱਲ ਕਹੇ।।। ਮੈਥੋਂ ਬਰਦਾਸ਼ਤ ਨਹੀਂ ਹੁੰਦਾ।"
"ਅਤੇ ਉਹਨਾਂ ਦੇ ਸਾਹਮਣੇ ਚੁੱਪ ਰਹਿੰਦਾ ਹੈਂ ਅਤੇ ਮੇਰੇ 'ਤੇ ਰੋਅਬ ਪਾਉਂਦਾ।।। ਮੈਨੂੰ ਵੀ ਮੁਹੱਲੇ ਦੀਆ ਤੀਵੀਂਆ ਬਹੁਤ ਕੁਛ ਕਹਿੰਦੀਆਂ ਹਨ। ਇਹ ਰੰਡੀ ਪ੍ਰੀਤੋ ਤਾਂ ਰੋਜ਼ ਮੇਰੀ ਮਾਂ ਦੇ ਕੰਨਾਂ ਵਿੱਚ ਫੁਸਫੁਸਾਉਂਦੀ ਹੈ। ਚੌਧਰੀਆਂ ਦੇ ਮੁੰਡੇ ਬੋਲੀਆਂ ਮਾਰਦੇ ਹਨ। ਆਪਣੇ ਮੁਹੱਲੇ ਦੇ ਮੁੰਡੇ ਮੈਨੂੰ ਦੇਖ ਕੇ ਖੰਘਦੇ ਹਨ। ਮੈਨੂੰ ਵੀ ਗੁੱਸਾ ਆਉਂਦਾ ਹੈ ਪਰ ਮੈਂ ਤੇਰੇ 'ਤੇ ਨਹੀਂ ਕੱਢਦੀ। ਜੋ ਹੱਦ ਤੋਂ ਵਧੇ ਤਾਂ ਉਹਦਾ ਉੱਥੇ ਹੀ ਦਾਦਾ-ਦਾੜੀ ਇਕ ਕਰ ਦਿੰਦੀ ਹਾਂ।"
ਕਾਲੀ ਕੋਲ ਉਹਦੀਆਂ ਗੱਲਾਂ ਦਾ ਕੋਈ ਜੁਆਬ ਨਹੀਂ ਸੀ। ਉਹ ਸ਼ਰਮਿੰਦਾ ਅਤੇ ਉਦਾਸ-ਜਿਹਾ ਹੱਥ ਵਿੱਚ ਰੋਟੀ ਫੜ ਕੇ ਬੈਠਾ ਰਿਹਾ।
"ਰੋਟੀ ਤਾਂ ਖਾ ਲੈ ਜਾਂ ਹੁਣ ਇਹਦੇ ਨਾਲ ਵੀ ਨਰਾਜ਼ ਹੋ ਗਿਆ ਹੈਂ?" ਗਿਆਨੋ ਨੇ ਮੁਸਕਰਾਉਂਦਿਆਂ ਕਿਹਾ।
ਕਾਲੀ ਡੂੰਘੀ ਸੋਚ ਵਿੱਚ ਡੁੱਬਿਆ ਹੋਇਆ ਅਨਮੰਨਿਆ-ਜਿਹਾ ਰੋਟੀ ਖਾਣ ਲੱਗਾ।
ਉਹਨੇ ਰੋਟੀ ਖਾ ਲਈ ਤਾਂ ਗਿਆਨੋ ਉੱਠਦੀ ਹੋਈ ਬੋਲੀ:
"ਮੈਂ ਜਾਦੀ ਹਾਂ ਨਹੀਂ ਤਾਂ ਥੋੜ੍ਹੇ ਚਿਰ ਬਾਅਦ ਫਿਰ ਧੱਕੇ ਦੇ ਕੇ ਕੱਢੇਗਾਂ।" ਗਿਆਨੋ ਦਰਵਾਜ਼ੇ ਵੱਲ ਵਧਣ ਲੱਗੀ ਪਰ ਕਾਲੀ ਨੇ ਬਾਂਹ ਫੜ ਕੇ ਉਹਨੂੰ ਆਪਣੀ ਵੱਲ ਖਿੱਚ ਲਿਆ ਅਤੇ ਆਪਣੀਆਂ ਬਾਂਹਾਂ ਵਿੱਚ ਘੁੱਟ ਕੇ ਲੰਮੇ ਲੰਮੇ ਸਾਹ ਲੈਂਦਾ ਹੋਇਆ ਉਹਦੇ ਸਰੀਰ ਦੀ ਗਰਮੀ ਨੂੰ ਆਪਣੇ ਅੰਦਰ ਸਮਾਉਂਦਾ ਰਿਹਾ।
ਕੁੱਝ ਸਮੇਂ ਬਾਅਦ ਕਾਲੀ ਦੇ ਹੱਥ ਗਿਆਨੋ ਦੇ ਸਰੀਰ ਦੇ ਕਈ ਹਿੱਸਿਆਂ ਉੱਤੇ ਰੀਂਗਣ ਲੱਗੇ। ਉਹ ਉਹਨੂੰ ਪਿੱਛੇ ਧੱਕਦੀ ਹੋਈ ਬੋਲੀ:
"ਬਸ, ਇਸ ਹੀ ਕੰਮ ਲਈ ਤੈਨੂੰ ਮੈਂ ਚੰਗੀ ਲੱਗਦੀ ਹਾਂ।" ਕਾਲੀ ਉਹਦੇ ਵੱਲ ਵੱਧਿਆ ਤਾਂ ਗਿਆਨੋ ਇਕ ਖੂੰਜੇ ਵਿੱਚ ਜਾ ਖੜ੍ਹੀ ਹੋਈ। ਕਾਲੀ ਉਹਦੇ ਵੱਲ ਲਪਕਿਆ ਤਾਂ ਉਹ ਟੱਪ ਕੇ ਦੂਜੇ ਖੂੰਜੇ ਵਿੱਚ ਚਲੀ ਗਈ। ਉਹ ਉਸ ਤਰਫ ਵੱਧਿਆ ਤਾਂ ਗਿਆਨੋ ਉੱਥੋਂ ਵੀ ਦੌੜ ਪਈ ਪਰ ਉਹਦੀ ਗੁੱਤ ਕਾਲੀ ਦੇ ਹੱਥ ਵਿੱਚ ਆ ਗਈ। ਗਿਆਨੋ ਦੱਬੀ ਅਵਾਜ਼ ਵਿੱਚ ਹੱਸਦੀ ਹੋਈ ਆਪਣੇ-ਆਪ ਨੂੰ ਛੁਡਾਉਣ ਲੱਗੀ ਪਰ ਕਾਲੀ ਨੇ ਉਹਦਾ ਸਰੀਰ ਸਿੱਧਾ ਕਰਕੇ ਉਹਨੂੰ ਆਪਣੀ ਛਾਤੀ ਨਾਲ ਲਾ ਲਿਆ ਅਤੇ ਪੂਰੇ ਜ਼ੋਰ ਨਾਲ ਜੱਫੀ ਪਾਉਂਦਾ ਹੋਇਆ ਬੋਲਿਆ:
"ਕੀ ਤੁੰ ਆਪਣੇ-ਆਪ ਨੂੰ ਮੇਰੇ ਨਾਲੋਂ ਜ਼ਿਆਦਾ ਜ਼ੋਰ ਵਾਲੀ ਸਮਝਦੀ ਹੈਂ?"
"ਜੇ ਏਦਾਂ ਸਮਝਦੀ ਤਾਂ ਵਾਰ-ਵਾਰ ਦੁਰਕਾਰਨ 'ਤੇ ਵੀ ਤੇਰੇ ਕੋਲ ਨਾ ਆਉਂਦੀ।" ਗਿਆਨੋ ਨੇ ਹਾਰੀ ਹੋਈ ਅਵਾਜ਼ ਵਿੱਚ ਕਿਹਾ।
ਕਾਲੀ ਹੱਸਦਾ ਹੋਇਆ ਮੰਜੇ 'ਤੇ ਬੈਠ ਗਿਆ ਅਤੇ ਗਿਆਨੋ ਇਕ ਘੜਾ ਮੂਧਾ ਮਾਰ ਕੇ ਉਸ ਉੱਤੇ ਬੈਠ ਗਈ। ਕਾਲੀ ਬਹੁਤ ਪਿਆਰ ਨਾਲ ਉਹਨੂੰ ਨਿਹਾਰਦਾ ਹੋਇਆ ਬੋਲਿਆ:
"ਲੋਕਾਂ ਦੀਆਂ ਤੁਹਮਤਾਂ ਸੁਣ ਕੇ ਮੈਂ ਕਦੇ ਫੈਸਲਾ ਕਰਦਾ ਹਾਂ ਕਿ ਤੇਰੇ ਨਾਲ ਕੋਈ ਮੇਲ-ਜੋਲ ਨਹੀਂ ਰੱਖੂੰਗਾ। ਮੈਂ ਨਹੀਂ ਚਾਹੁੰਦਾ ਕਿ ਮੇਰੀ ਵਜਹ ਨਾਲ ਤੇਰੀ ਬੇਇੱਜ਼ਤੀ ਹੋਵੇ।"
"ਅਤੇ ਤੂੰ ਮੇਰੀ ਬੇਇੱਜ਼ਤੀ, ਜਦੋਂ ਮੌਕਾ ਮਿਲੇ ਕਰ ਲਵੇਂ।"
"ਮੈਂ ਤੇਰੀ ਬੇਇੱਜ਼ਤੀ ਕਦੋਂ ਕੀਤੀ ਹੈ?"
"ਹੁਣੇ ਕੀ ਕਰਨ ਲੱਗਾ ਸੀ। ਤੂੰ ਕੀ ਸਮਝਦਾਂ ਕਿ ਇਸ ਕੰਮ ਨਾਲ ਮੇਰੀ ਇੱਜ਼ਤ ਵੱਧਦੀ ਹੈ।"
ਕਾਲੀ ਅਤੇ ਗਿਆਨੋ ਗੱਲਾਂ ਵਿੱਚ ਗੁਆਚੇ ਹੋਏ ਸਨ ਕਿ ਗਲੀ ਵਿੱਚ ਲਾਠੀ ਖੜਕਣ ਅਤੇ ਖੰਘਣ ਦੀ ਅਵਾਜ਼ ਸੁਣਾਈ ਦਿੱਤੀ। ਉਹ ਦੋਨੋਂ ਚੌਂਕ ਗਏ। ਕਾਲੀ ਦੇ ਚਿਹਰੇ ਦਾ ਰੰਗ ਬਦਲਣ ਲੱਗਾ ਅਤੇ ਉਹ ਕੁੱਝ ਕਹਿਣ ਹੀ ਲੱਗਾ ਸੀ ਕਿ ਗਿਆਨੋ ਨੇ ਬੁੱਲਾਂ 'ਤੇ ਹੱਥ ਰੱਖ ਕੇ ਉਹਨੂੰ ਮਨ੍ਹਾਂ ਕਰ ਦਿੱਤਾ। ਮੰਗੂ ਚਲੇ ਗਿਆ ਤਾਂ ਕਾਲੀ ਨੇ ਸਹਿਮੀ ਹੋਈ ਅਵਾਜ਼ ਵਿੱਚ ਕਿਹਾ"
"ਮੰਗੂ ਗਿਆ।"
ਗਿਆਨੋ ਉਹਦਾ ਡਰਿਆ ਅਤੇ ਸਹਿਮਿਆ ਚਿਹਰਾ ਦੇਖ ਕੇ ਬੋਲੀ:
"ਡਰ ਗਿਆਂ।।।?"
"ਨਹੀਂ, ਤੂੰ ਚਾਹੇ ਤਾਂ ਮੈਂ ਦਰਵਾਜ਼ਾ ਖੋਲ੍ਹ ਕੇ ਵੀ ਤੈਨੂੰ ਇੱਥੇ ਬਿਠਾ ਸਕਦਾ ਹਾਂ।"
ਗਿਆਨੋ ਮੁਸਕਰਾਉਂਦੀ ਹੋਈ ਦਰਵਾਜ਼ੇ ਵੱਲ ਵਧੀ ਪਰ ਕਾਲੀ ਨੇ ਉਹਨੂੰ ਅਗਾਂਹ ਵੱਧ ਕੇ ਫੜ ਲਿਆ ਅਤੇ ਬਾਹਾਂ 'ਚ ਲੈ ਕੇ ਉਹਦੀਆਂ ਗੱਲਾਂ ਨੂੰ ਚੁੰਮ ਕੇ ਬੋਲਿਆ:
"ਰਾਤ ਨੂੰ ਆਈਂ।"
ਗਿਆਨੋ ਆਪਣੀਆਂ ਗੱਲਾਂ ਨੂੰ ਹੱਥ ਨਾਲ ਪੂੰਝਦੀ ਹੋਈ 'ਹਾਂ' ਕਹਿ ਕੇ ਗਲੀ ਵਿੱਚ ਚਲੀ ਗਈ।
45
ਮੱਕੀ ਅਤੇ ਬਾਜਰੇ ਦੀ ਫਸਲ ਵਧਣ ਦੇ ਨਾਲ-ਨਾਲ ਗਿਆਨੋ ਅਤੇ ਕਾਲੀ ਦੇ ਪਿਆਰ ਦੇ ਚਰਚੇ ਵੀ ਫੈਲਦੇ ਗਏ। ਫਸਲ ਦੀ ਗੁਡਾਈ ਦੌਰਾਨ ਘਾਹ ਕੱਢ ਦਿੱਤਾ ਜਾਂਦਾ ਹੈ ਤਾਂ ਕਿ ਉਹਨੂੰ ਕੋਈ ਨੁਕਸਾਨ ਨਾ ਪਹੁੰਚੇ। ਘਾਹ-ਫੂਸ ਫਿਰ ਉੱਗ ਆਉਂਦਾ ਤਾਂ ਦੁਬਾਰਾ ਗੁਡਾਈ ਕਰ ਦਿੱਤੀ ਜਾਂਦੀ। ਗਿਆਨੋ ਅਤੇ ਕਾਲੀ ਦੇ ਪਿਆਰ ਦੀਆਂ ਕਹਾਣੀਆਂ ਫੈਲਣ ਲੱਗਦੀਆਂ ਤਾਂ ਗਿਆਨੋ ਦੀ ਮਾਰ-ਕੁੱਟ ਅਤੇ ਫਿਟਕਾਰ ਨਾਲ ਉਹਨਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਦੋਨਾਂ ਦੀਆਂ ਮੁਲਾਕਾਤਾਂ ਬੰਦ ਹੋ ਜਾਂਦੀਆਂ ਪਰ ਕੁਝ ਦਿਨਾਂ ਬਾਅਦ ਇਹ ਸਿਲਸਿਲਾ ਫਿਰ ਸ਼ੁਰੂ ਹੋ ਜਾਂਦਾ।
ਦੋਨਾਂ ਦੀ ਮੁਹੱਬਤ ਦੇ ਚਰਚੇ ਚਮ੍ਹਾਰਲੀ ਤੋਂ ਬਾਹਰ ਖੇਤਾਂ, ਹਵੇਲੀਆਂ ਅਤੇ ਦੁਕਾਨਾਂ ਉੱਤੇ ਵੀ ਹੋਣ ਲੱਗੇ। ਪਿੰਡ ਦੇ ਨੌਜਵਾਨਾਂ ਨੇ ਗਿਆਨੋ ਦੇ ਰੰਗ-ਰੂਪ ਅਤੇ ਚਾਲ-ਢਾਲ ਦੇ ਅਨੁਸਾਰ ਉਹਨੂੰ ਮੋਰਨੀ ਦਾ ਨਾਂ ਦੇ ਦਿੱਤਾ। ਅਤੇ ਜਦੋਂ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਮਾਰ-ਕੁੱਟ ਅਤੇ ਬੰਦਸ਼ਾਂ ਦੇ ਬਾਵਜੂਦ ਵੀ ਉਹਨਾਂ ਦਾ ਪਿਆਰ ਨਹੀਂ ਟੁੱਟਿਆ ਅਤੇ ਉਹ ਚੋਰੀ-ਛਿੱਪੀਂ, ਹਨ੍ਹੇਰੇ-ਸਵੇਰੇ, ਗਲਿਆਂ ਵਿੱਚ, ਖੇਤਾਂ ਵਿੱਚ, ਤਕੀਏ ਦੀਆਂ ਝਾੜੀਆਂ ਵਿੱਚ ਅਤੇ ਕੋਠਿਆਂ ਦੀਆਂ ਛੱਤਾਂ 'ਤੇ ਮਿਲਦੇ ਰਹਿੰਦੇ ਹਨ ਤਾਂ ਉਹਨਾਂ ਨੇ ਗਿਆਨੋ ਦੇ ਨਵੇਂ ਨਾਂ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰਕੇ ਉਹਨੂੰ 'ਕਾਲੀ ਦੀ ਮੋਰਨੀ' ਕਹਿਣਾ ਸ਼ੁਰੂ ਕਰ ਦਿੱਤਾ।
ਚਮ੍ਹਾਰਲੀ ਦੇ ਨੌਜਵਾਨਾਂ ਦੇ ਨਾਲ ਜੱਟਾਂ ਦੇ ਮੁੰਡਿਆਂ ਨੇ ਵੀ ਇਹਨਾਂ ਚਰਚਿਆਂ ਤੋਂ ਫਾਇਦਾ ਲੈਣਾ ਚਾਹਾ। ਉਹਨਾਂ ਨੇ ਗਿਆਨੋ ਨਾਲ ਛੇੜ-ਛਾੜ ਸ਼ੁਰੂ ਕਰ ਦਿੱਤੀ, ਉਹਨੂੰ ਧਮਕੀਆਂ ਦਿੱਤੀਆਂ ਪਰ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਮੂੰਹ-ਫੱਟ ਅਤੇ ਨਿਡਰ ਬਣ ਗਈ। ਗਲੀ ਹੋਵੇ ਜਾਂ ਡੰਡੀ, ਖੇਤ ਹੋਵੇ ਜਾਂ ਹਵੇਲੀ, ਜਿੱਥੇ ਵੀ ਉਹਨੂੰ ਕੋਈ ਛੇੜਦਾ, ਉਹ ਗਾਲ੍ਹਾਂ ਕੱਢ ਦਿੰਦੀ ਅਤੇ ਕਈ ਵਾਰ ਤਾਂ ਹੱਥੋਪਾਈ ਲਈ ਵੀ ਤਿਆਰ ਹੋ ਜਾਂਦੀ।
ਚਮਾਰਾਂ ਦੇ ਮੁੰਡੇ ਕਾਲੀ ਦੇ ਸਾਹਮਣੇ ਤਾਂ ਚੁੱਪ ਰਹਿੰਦੇ ਪਰ ਉਹਦੀ ਗੈਰ-ਹਾਜ਼ਰੀ ਵਿੱਚ ਬਹੁਤ ਚਸਕੇ ਲੈ-ਲੈ ਕੇ ਦੋਨਾਂ ਬਾਰੇ ਗੱਲਾਂ ਕਰਦੇ। ਇਹ ਗੱਲਾਂ ਕਾਲੀ ਤੱਕ ਵੀ ਪਹੁੰਚਦੀਆਂ ਅਤੇ ਉਹ ਆਪਣਾ ਗੁੱਸਾ ਕੱਢਣ ਲਈ ਕਿਸੇ ਨਾ ਕਿਸੇ ਬਹਾਨੇ ਸਾਰਿਆਂ ਨਾਲ ਲੜ ਚੁੱਕਿਆ ਸੀ। ਜੱਟਾਂ ਦੇ ਮੁੰਡੇ ਉਹਨੂੰ ਘੇਰ ਕੇ ਪੁੱਛਦੇ ਕਿ ਉਹਦੇ ਕੋਲ ਕਿਹੜੀ ਗਿੱਦੜਸਿੰਗੀ ਹੈ ਜਿਸ ਨਾਲ ਉਹਨੇ ਗਿਆਨੋ ਨੂੰ ਵਸ ਵਿੱਚ ਕੀਤਾ ਹੋਇਆ ਹੈ, ਕਿਹੜਾ ਜਾਦੂ, ਟੂਣਾ, ਯੰਤਰ ਜਾਂ ਤਵੀਤ ਹੈ ਜਿਸ ਨਾਲ ਉਹਨੇ ਗਿਆਨੋ ਦੇ ਤਨ-ਮਨ ਉੱਤੇ ਆਪਣਾ ਅਧਿਕਾਰ ਕਰ ਲਿਆ ਹੈ। ਕਾਲੀ ਕਦੇ ਹਾਸੇ ਵਿੱਚ ਗੱਲ ਟਾਲ ਦਿੰਦਾ ਅਤੇ ਜੇ ਕੋਈ ਗਿਆਨੋ ਦੇ ਸੰੰਬੰਧ ਵਿੱਚ ਗਲਤ ਗੱਲ ਕਹਿੰਦਾ ਤਾਂ ਉਹ ਮਰਨ-ਮਾਰਨ ਨੂੰ ਵੀ ਤਿਆਰ ਹੋ ਜਾਂਦਾ।
ਚਮਾਰਾਂ ਦੇ ਮੁੰਡੇ ਡਰ ਦੇ ਮਾਰੇ ਮੰਗੂ ਨੂੰ ਤਾਂ ਕੁੱਝ ਨਾ ਕਹਿੰਦੇ ਪਰ ਜੱਟਾਂ ਦੇ ਮੁੰਡੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਤਾਉਂਦੇ ਰਹਿੰਦੇ ਕਿ ਉਹਦੀ ਭੈਣ ਕਾਲੀ ਨਾਲ ਫਸੀ ਹੋਈ ਹੈ। ਮੰਗੂ ਉਹਨਾਂ ਨੂੰ ਤਾਂ ਕੋਈ ਜਵਾਬ ਨਾ ਦਿੰਦਾ ਪਰ ਗਿਆਨੋ ਨੂੰ ਕੁੱਟਦਾ ਅਤੇ ਮਾਂ ਨੂੰ ਝਿੜਕਦਾ। ਕਾਲੀ ਨੂੰ ਉਹਨੂੰ ਦੇਖ ਕੇ ਬਹੁਤ ਗੁੱਸਾ ਆਉਂਦਾ ਪਰ ਉਹ ਇਸ ਖਿਆਲ ਨਾਲ ਚੁੱਪ ਰਹਿੰਦਾ ਕਿ ਜੇ ਗੱਲ ਵੱਧ ਗਈ ਤਾਂ ਪਿੰਡ ਦੇ ਵੱਡੇ ਬਜ਼ੁਰਗਾਂ ਤੱਕ ਵੀ ਜਾ ਪਹੁੰਚੇਗੀ।
ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਗਿਆਨੋ ਅਤੇ ਕਾਲੀ ਆਪਸ ਵਿੱਚ ਮਿਲਦੇ ਰਹਿੰਦੇ ਹਨ ਪਰ ਅੱਜ ਤੱਕ ਉਹਨਾਂ ਨੂੰ ਕਿਸੇ ਨੇ ਦੇਖਿਆ ਨਹੀਂ ਸੀ। ਚਮਾਰਾਂ ਅਤੇ ਜੱਟਾਂ ਦੇ ਮੁੰਡਿਆਂ ਨੂੰ ਖੇਤਾਂ ਵਿੱਚ ਘੁੰਮਦਿਆਂ ਕਿਤੇ ਬਾਜਰੇ ਜਾਂ ਮੱਕੀ ਦੇ ਪੰਜ-ਦਸ ਡੰਡਲ ਢੱਠੇ ਹੋਏ ਦਿਸ ਪੈਂਦੇ ਤਾਂ ਉਹ ਇਕ-ਦੂਸਰੇ ਨੂੰ ਅੱਖ ਮਾਰ ਕੇ ਮੁਸਕਰਾਉਂਦੇ ਹੋਏ ਕਹਿੰਦੇ ਕਿ 'ਕਾਲੀ ਦੀ ਮੋਰਨੀ' ਸ਼ਾਇਦ ਇੱਥੇ ਪੈਲ ਪਾ ਕੇ ਗਈ ਹੈ।
ਲੋਕਾਂ ਦੀ ਤਾਂਕ-ਝਾਕ ਵਧਣ ਲੱਗੀ ਤਾਂ ਉਹਨਾਂ ਨੇ ਮੁਲਾਕਾਤ ਦੇ ਤਰੀਕੇ ਅਤੇ ਥਾਂ ਬਦਲ ਦਿੱਤੇ। ਕਾਲੀ ਬਹੁਤਾ ਚਿਰ ਲਾਲੂ ਭਲਵਾਨ ਦੀ ਹਵੇਲੀ ਵਿੱਚ ਰਹਿਣ ਲੱਗਾ। ਉਹ ਰਾਤ ਟਿਕ ਜਾਣ ਬਾਅਦ ਦੱਬੇ ਪੈਰੀਂ ਮੁਹੱਲੇ ਵਿੱਚ ਆਉਂਦਾ ਅਤੇ ਬਾਬੇ ਫੱਤੇ ਦੇ ਕੋਠੇ ਦੇ ਉੱਤੋਂ ਦੀ ਮੰਗੂ ਦੇ ਘਰ ਪਹੁੰਚ ਜਾਂਦਾ।
ਜਦੋਂ ਲੋਕਾਂ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਤਾਂ ਉਹ ਬਹੁਤ ਸਵੇਰੇ ਖੇਤਾਂ ਵਿੱਚ ਮਿਲਣ ਲੱਗੇ। ਉਹ ਦੋਵੇਂ ਅਲੱਗ-ਅਲੱਗ ਰਾਹਾਂ ਥਾਣੀਂ ਆਉਂਦੇ ਅਤੇ ਮਿੱਥੀ ਜਗਹ 'ਤੇ ਮਿਲ ਪੈਂਦੇ। ਦੋਨਾਂ ਨੇ ਕਈ ਵਾਰ ਇਕ-ਦੂਜੇ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਅਤੇ ਕਦੇ ਨਾ ਮਿਲਣ ਦਾ ਇਰਾਦਾ ਕੀਤਾ ਪਰ ਇਹ ਇਰਾਦਾ ਦੋ-ਚਾਰ ਦਿਨਾਂ ਬਾਅਦ ਹੀ ਟੁੱਟ ਜਾਂਦਾ।
ਇਕ ਦਿਨ ਕਾਲੀ ਅਤੇ ਗਿਆਨੋ ਸਵੇਰੇ ਸਵੇਰੇ ਤਕੀਏ ਦੇ ਕੋਲ ਝਾੜੀਆਂ ਵਿੱਚ ਬੈਠੇ ਸਨ। ਉਹਨਾਂ ਨੂੰ ਨਾ ਤਾਂ ਭੂਤਾਂ-ਪ੍ਰੇਤਾਂ ਦਾ ਡਰ ਸੀ ਅਤੇ ਨਾ ਹੀ ਸੱਪ-ਸਪੋਲੀਏ ਦਾ। ਉਹਨਾਂ ਨੂੰ ਇਹ ਵੀ ਯਾਦ ਨਹੀਂ ਸੀ ਕਿ ਪਹੁ ਪਾਟ ਚੁੱਕੀ ਹੈ। ਪਰ ਕੁੱਝ ਫਾਸਲੇ 'ਤੇ ਉਹਨਾਂ ਨੂੰ ਕਿਸੇ ਦੇ ਖੰਘਣ ਦੀ ਅਵਾਜ਼ ਸੁਣਾਈ ਦਿੱਤੀ ਅਤੇ ਉਹ ਚੌਂਕ ਗਏ। ਜਦੋਂ ਉਹਨਾਂ ਨੇ ਦੇਖਿਆ ਕਿ ਉਹ ਆਦਮੀ ਉਸ ਹੀ ਪਾਸੇ ਆ ਰਿਹਾ ਹੈ ਤਾਂ ਉਹ ਉੱਠ ਖੜ੍ਹੇ ਹੋਏ। ਕਾਲੀ ਤਕੀਏ ਦੇ ਪਿੱਛੇ ਖੇਤਾਂ ਵੱਲ ਨਿਕਲ ਗਿਆ ਅਤੇ ਗਿਆਨੋ ਝਾੜੀਆਂ ਤੋਂ ਬੱਚਦੀ ਬਚਾਉਂਦੀ ਚੋਅ ਵੱਲ ਆ ਗਈ। ਉਹ ਆਦਮੀ ਝਾੜੀਆਂ ਤੋਂ ਬਾਹਰ ਖੜਾ ਸੀ। ਗਿਆਨੋ ਉਹਨੂੰ ਆਪਣੇ ਸਾਹਮਣੇ ਦੇਖ ਕੇ ਰੁਕ ਗਈ ਤਾਂ ਉਹਨੇ ਅੱਗੇ ਵੱਧ ਕੇ ਗਿਆਨੋ ਦਾ ਹੱਥ ਫੜ ਲਿਆ ਅਤੇ ਉੱਚੀ ਅਵਾਜ਼ ਵਿੱਚ ਬੋਲਿਆ:
"ਹੋ ਗਈ ਤਸੱਲੀ, ਆਪਣੇ ਯਾਰ ਨੂੰ ਕਿੱਥੇ ਨਠਾ ਦਿੱਤਾ?" ਘੜੰਮ ਚੌਧਰੀ ਖੀ ਖੀ ਕਰਕੇ ਹਸਦਾ ਬੋਲਿਆ:
"ਮੋਰਨੀਏ, ਤੇਰੇ ਅੰਦਰ ਕਿੰਨੀ ਅੱਗ ਹੈ ਜੋ ਬੁਝਣ ਵਿੱਚ ਨਹੀਂ ਆਉਂਦੀ।"
ਗਿਆਨੋ ਹੱਥ ਛੁਡਾ ਕੇ ਕੁੱਝ ਕਹੇ ਬਿਨਾਂ ਪਿੰਡ ਵੱਲ ਦੌੜ ਗਈ ਅਤੇ ਘੜੰਮ ਚੌਧਰੀ ਸਾਰੇ ਪਿੰਡ ਨੂੰ ਗਾਲ੍ਹਾਂ ਕੱਢਦਾ ਅੱਗੇ ਵੱਧ ਗਿਆ।
ਦਿਨ ਚੜ੍ਹਨ ਤੱਕ ਘੜੰਮ ਚੌਧਰੀ ਨੇ ਇਸ ਗੱਲ ਨੂੰ ਸਾਰੇ ਪਿੰਡ ਵਿੱਚ ਫੈਲਾ ਦਿੱਤਾ। ਮੰਗੂ ਦੇ ਘਰ ਆ ਕੇ ਘੜੰਮ ਚੌਧਰੀ ਨੇ ਉਹਨੂੰ ਅਤੇ ਉਹਦੀ ਮਾਂ ਜੱਸੋ ਨੂੰ ਬਹੁਤ ਗਾਲ੍ਹਾਂ ਕੱਢੀਆਂ। ਉਹਦੇ ਜਾਣ ਬਾਅਦ ਮੰਗੂ ਬੂਹਾ ਬੰਦ ਕਰਕੇ ਗਿਆਨੋ ਨੂੰ ਡਾਂਗ ਨਾਲ ਕੁੱਟਣ ਲੱਗਾ। ਉਹਦੀਆਂ ਚੀਕਾਂ ਸਾਰੇ ਮੁਹੱਲੇ ਵਿੱਚ ਛਾਈਆਂ ਹੋਈਆਂ ਸਨ ਅਤੇ ਨੌਜਵਾਨਾਂ ਨੂੰ ਇਹ ਚੀਕਾਂ ਸੁਣ ਕੇ ਅਜੀਬ ਜਿਹਾ ਸਕੂਨ ਮਹਿਸੂਸ ਹੋ ਰਿਹਾ ਸੀ।
ਬਾਬਾ ਫੱਤਾ ਅਤੇ ਤਾਇਆ ਬਸੰਤਾ ਜ਼ਮਾਨੇ ਨੂੰ ਬੁਰਾ-ਭਲਾ ਕਹਿ ਰਹੇ ਸਨ। ਗਿਆਨੋ ਦੀਆਂ ਚੀਕਾਂ ਸੁਣ ਕੇ ਬਾਬੇ ਫੱਤੇ ਨੇ ਪੁੱਛਿਆ:
"ਇਹ ਕੌਣ ਰੋ ਰਹੀ ਹੈ?"
ਤਾਇਆ ਬਸੰਤਾ ਅਫਸੋਸ ਭਰੀ ਅਵਾਜ਼ ਵਿੱਚ ਬੋਲਿਆ:
"ਇਹ ਖੁਸ਼ੀਏ ਦੀ ਘਰ ਵਾਲੀ ਪੁੰਨੋ ਹੋਣੀ ਹੈ ਜਾਂ ਫਿਰ ਮੰਗੂ ਦੀ ਭੈਣ ਗਿਆਨੋ। ਏਦਾਂ ਦੀਆਂ ਚੀਕਾਂ ਜਾਂ ਤਾਂ ਬਾਂਝ ਔਰਤਾਂ ਦੀਆਂ ਹੁੰਦੀਆਂ ਹਨ ਜਾਂ ਪਿਆਰ ਦੀਆਂ ਮਾਰੀਆਂ ਮੁਟਿਆਰਾਂ ਦੀਆਂ। ਬੰਜਰ ਜ਼ਮੀਨ, ਬਾਂਝ ਔਰਤ ਅਤੇ ਪਿਆਰ ਦੀ ਮਾਰੀ ਮੁਟਿਆਰ ਨੂੰ ਕੋਈ ਵੀ ਪਸੰਦ ਨਹੀਂ ਕਰਦਾ।"
"ਮੁਹੱਲੇ ਵਿੱਚ ਬਹੁਤ ਗੰਦ ਪੈਣ ਲੱਗਾ ਹੈ। ਮੰਗੂ ਨੂੰ ਸਮਝਾਉ ਕਿ ਕੁੜੀ ਦਾ ਕਿਤੇ ਟਿਕਾਣਾ ਕਰੇ।" ਬਾਬੇ ਫੱਤੇ ਨੇ ਕਿਹਾ।
"ਉਹਨੂੰ ਤਾਂ ਸਮਝਾਵਾਂ ਜੇ ਉਹਨੂੰ ਪਤਾ ਨਾ ਹੋਵੇ।" ਤਾਏ ਬਸੰਤੇ ਨੇ ਜਵਾਬ ਦਿੱਤਾ ਅਤੇ ਜਦੋਂ ਗਿਆਨੋ ਦੀਆਂ ਚੀਕਾਂ ਦਹਾੜਾਂ ਵਿੱਚ ਬਦਲ ਗਈਆਂ ਤਾਂ ਉਹ ਗਾਲ੍ਹਾਂ ਕੱਢਦਾ ਮੰਗੂ ਦੇ ਘਰ ਵੱਲ ਤੁਰ ਪਿਆ।
ਉੱਥੇ ਤੀਵੀਂਆਂ ਅਤੇ ਬੱਚਿਆਂ ਦੀ ਭੀੜ ਇਕੱਠੀ ਹੋ ਗਈ ਸੀ। ਤਾਏ ਬਸੰਤੇ ਨੂੰ ਦੇਖ ਕੇ ਤੀਵੀਂਆਂ ਪਿੱਛੇ ਹੱਟ ਗਈਆਂ ਅਤੇ ਬੱਿਚਆਂ ਨੂੰ ਉਹਨੇ ਝਿੜਕ ਕੇ ਦੌੜਾ ਦਿੱਤਾ। ਉਹ ਦਰਵਾਜ਼ਾ ਖੜਕਾਉਂਦਾ ਮੰਗੂ ਨੂੰ ਅਵਾਜ਼ਾਂ ਮਾਰਨ ਲੱਗਾ।
ਗਿਆਨੋ ਦੇ ਨਾਲ-ਨਾਲ ਜੱਸੋ ਵੀ ਵਿਰਲਾਪ ਕਰ ਰਹੀ ਸੀ। ਉਹ ਗਿਆਨੋ ਦੀ ਬਜਾਏ ਮੰਗੂ ਨੂੰ ਗਾਲ੍ਹਾਂ ਕੱਢਦੀ ਕਹਿਣ ਲੱਗੀ:
"ਮੋਇਆ, ਬਸ ਕਰ, ਕੀ ਇਹਦੀ ਜਾਨ ਲੈ ਕੇ ਹਟੂੰਗਾ।।। ਮੋਇਆ ਘੜੰਮ ਚੌਧਰੀ ਤਾਂ ਸਿਆਪੇ ਦੀ ਨੈਣ ਹੈ।"
ਤਾਏ ਬਸੰਤੇ ਨੇ ਦਰਵਾਜ਼ੇ ਵਿੱਚ ਬਹੁਤ ਜ਼ੋਰ ਨਾਲ ਪੈਰ ਮਾਰਿਆ ਅਤੇ ਮੰਗੂ ਨੂੰ ਬਹੁਤ ਉੱਚੀ ਦੇਣੀ ਅਵਾਜ਼ ਮਾਰਦਾ ਬੋਲਿਆ:
"ਉਏ ਚਮ੍ਹਾਰਲੀ ਦਿਆ ਸੂਰਮਿਆਂ, ਦਰਵਾਜ਼ਾ ਤਾਂ ਖੋਲ੍ਹ।" ਮੰਗੂ ਨੇ ਫਿਰ ਵੀ ਕੋਈ ਜੁਆਬ ਨਾ ਦਿੱਤਾ ਤਾਂ ਉਹ ਉਹਨੂੰ ਗਾਹਲਾਂ ਕੱਢਦਾ ਹੋਇਆ ਬਾਬੇ ਫੱਤੇ ਦੀ ਛੱਤ ਉੱਤੇ ਜਾ ਚੜ੍ਹਿਆ ਅਤੇ ਉੱਥੋਂ ਮੰਗੂ ਦੀ ਛੱਤ ਉੱਤੇ ਆ ਗਿਆ।
ਕੁੱਝ ਸਮਾਂ ਉਹ ਬਨੇਰੇ ਤੋਂ ਹੇਠਾਂ ਦੇਖਦਾ ਰਿਹਾ। ਗਿਆਨੋ ਫਰਸ਼ 'ਤੇ ਅਧਮੋਈ ਜਿਹੀ ਲੰਮੀ ਪਈ ਸੀ। ਜੱਸੋ ਨੇ ਮੰਗੂ ਨੂੰ ਫੜਿਆ ਹੋਇਆ ਸੀ ਅਤੇ ਉਹ ਹਫਦਾ ਹੋਇਆ ਦੰਦ ਪੀਹ ਰਿਹਾ ਸੀ। ਮੰਗੂ ਦਾ ਸਾਹ ਥੋੜ੍ਹਾ ਦਰੁਸਤ ਹੋ ਗਿਆ ਤਾਂ ਉਹਨੇ ਜੱਸੋ ਨੂੰ ਧੱਕਾ ਦੇ ਕੇ ਪਰ੍ਹੇ ਸੁੱਟ ਦਿੱਤਾ ਅਤੇ ਗਿਆਨੋ ਦਾ ਗਲ ਦੋਨਾਂ ਹੱਥਾਂ ਵਿੱਚ ਫੜ ਕੇ ਘੁੱਟਣ ਲੱਗਾ।
ਤਾਇਆ ਬਸੰਤਾ ਲੱਕੜੀ ਦੀ ਪੌੜੀ ਦੇ ਤਿੰਨ ਡੰਡੇ ਇਕ ਵਾਰੀ ਹੀ ਉਤਰਦਾ ਹੇਠਾਂ ਆ ਗਿਆ। ਉਹਨੂੰ ਦੇਖ ਕੇ ਜੱਸੋ ਨੇ ਛੋਟਾ ਜਿਹਾ ਘੁੰਡ ਕੱਢ ਲਿਆ ਅਤੇ ਫਫਕ ਫਫਕ ਕੇ ਰੋਣ ਲੱਗੀ। ਤਾਇਆ ਬਸੰਤਾ ਮੰਗੂ ਦਾ ਹੱਥ ਫੜਦਾ ਹੋਇਆ ਗੁੱਸੇ ਭਰੀ ਅਵਾਜ਼ ਵਿੱਚ ਬੋਲਿਆ:
"ਪਾਗਲ ਹੋ ਗਿਆ ਹੈਂ? ਬਰਾਬਰ ਦੀ ਭੈਣ 'ਤੇ ਹੱਥ ਚੁੱਕਦਾ ਹੈਂ? ਤੇਰੇ ਸਾਹਮਣੇ ਖੜ੍ਹੀ ਹੋ ਜਾਵੇ ਤਾਂ ਤੇਰੀ ਕੀ ਇੱਜ਼ਤ ਰਹੂਗੀ?"
ਮੰਗੂ ਨੇ ਤਾਏ ਬਸੰਤੇ ਨੂੰ ਧੱਕਾ ਦੇ ਕੇ ਪਰ੍ਹੇ ਕਰ ਦਿੱਤਾ। ਉਹ ਬੜੀ ਮੁਸ਼ਕਿਲ ਨਾਲ ਆਪਣੇ-ਆਪ ਨੂੰ ਸੰਭਾਲ ਸਕਿਆ ਅਤੇ ਮੰਗੂ ਦੇ ਮੋਢਿਆਂ 'ਤੇ ਦੋਨੋਂ ਹੱਥਾਂ ਦਾ ਦੁਹੱਥੜ ਮਾਰਦਾ ਹੋਇਆ ਬੋਲਿਆ:
"ਤੈਨੂੰ ਆਪਣੇ ਤੋਂ ਵੱਡਿਆਂ ਦਾ ਵੀ ਲਿਹਾਜ਼ ਨਹੀਂ।।।। ਇਹਨੂੰ ਤੂੰ ਮਾਰ ਦਊਂਗਾ।।। ਤੈਨੂੰ ਪੁਲਿਸ ਫਾਂਸੀ ਲਾ ਦਊਗੀ।।। ਇਸ ਵਿਚਾਰੀ ਦਾ ਕੀ ਬਣੂਗਾ?" ਤਾਏ ਬਸੰਤੇ ਨੇ ਜੱਸੋ ਵੱਲ ਇਸ਼ਾਰਾ ਕਰਦਿਆਂ ਕਿਹਾ।
ਇਹ ਸੁਣ ਕੇ ਜੱਸੋ ਹੋਰ ਵੀ ਫਫਕ ਕੇ ਰੋਣ ਲੱਗੀ।
"ਮੋਇਆ ਲੋਕਾਂ ਦੇ ਸਿਖਾਏ-ਪੜ੍ਹਾਏ ਭੈਣ ਦੀ ਜਾਨ ਦਾ ਦੁਸ਼ਮਣ ਹੋ ਗਿਆ ਹੈ।।।।"
ਤਾਏ ਬਸੰਤੇ ਨੇ ਬਹੁਤ ਮੁਸ਼ਕਿਲ ਨਾਲ ਮੰਗੂ ਨੂੰ ਚੁੱਕਿਆ ਅਤੇ ਉਹਨੂੰ ਪਰ੍ਹੇ ਧੱਕਦਾ ਹੋਇਆ ਗਿਆਨੋ ਦੇ ਸਿਰ 'ਤੇ ਝੁੱਕ ਗਿਆ ਅਤੇ ਉਹਨੂੰ ਚੰਗੀ ਤਰ੍ਹਾਂ ਦੇਖ-ਭਾਲ ਕੇ ਜੱਸੋ ਨੂੰ ਕਹਿਣ ਲੱਗਾ:
"ਪੁੱਤਰਾ, ਇਹਨੂੰ ਪਾਣੀ ਪਿਲਾ। ਰੋ-ਰੋ ਕੇ ਇਹਦਾ ਗਲ ਸੁੱਕ ਗਿਆ ਹੈ।"
ਤਾਇਆ ਬਸੰਤਾ ਮੰਗੂ ਨੂੰ ਕੋਠੜੀ ਵਿੱਚ ਲੈ ਗਿਆ ਅਤੇ ਉਹਨੂੰ ਸਮਝਾਉਂਦਾ ਹੋਇਆ ਬੋਲਿਆ:
"ਬਰਾਬਰ ਦੀ ਭੈਣ 'ਤੇ ਹੱਥ ਨਹੀਂ ਚੁੱਕਣਾ ਚਾਹੀਦਾ।"
"ਤਾਇਆ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੰਗ ਆ ਗਿਆ ਹਾਂ। ਇਹਨੇ ਮੇਰੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਹੈ। ਜਿੱਥੇ ਵੀ ਜਾਂਦਾ ਹਾਂ ਇਕ ਹੀ ਗੱਲ ਕੰਨਾਂ ਵਿੱਚ ਪੈਂਦੀ ਹੈ।।।। ਮੈਂ ਉਸ ਆਪਣੀ ਮਾਂ ਦੇ ਖਸਮ ਦੀਆਂ ਵੀ ਬੋਟੀਆਂ ਕਰ ਦਊਂਗਾ।" ਮੰਗੂ ਡਾਂਗ ਚੁੱਕਣ ਲਈ ਵਧਿਆ।
"ਪਹਿਲਾਂ ਮੇਰੀ ਗੱਲ ਸੁਣ ਲੈ ਫਿਰ ਜਿਸ ਮਾਂ ਦੇ ਖਸਮ ਦੀਆਂ ਜੀਅ ਕਰਦਾ, ਬੋਟੀਆਂ ਕਰ ਦਈਂ।"
ਮੰਗੂ ਹਫਦਾ ਹੋਇਆ ਤਾਏ ਬਸੰਤੇ ਵੱਲ ਦੇਖਣ ਲੱਗਾ।
"ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਹਾਂ ਇਹ ਤਰੀਕਾ ਠੀਕ ਨਹੀਂ ਹੈ। ਤੂੰ ਸਾਰੀ ਦੁਨੀਆ ਨੂੰ ਤਮਾਸ਼ਾ ਦਿਖਾ ਰਿਹੈਂ। ਏਦਾਂ ਦੇ ਮਾਮਲਿਆਂ ਵਿੱਚ ਪਰਦੇ ਨਾਲ ਕੰਮ ਕਰੀਦਾ, ਰੌਲਾ ਨਹੀਂ ਪਾਈਦਾ। ਇਸ ਨਾਲ ਤੇਰੀ ਹੋਰ ਵੀ ਜ਼ਿਆਦਾ ਬੇਇੱਜ਼ਤੀ ਹੋਊਗੀ। ਜ਼ਰਾ ਦਰਵਾਜ਼ਾ ਖੋਲ੍ਹ ਦੇਖ ਕੇ, ਸਾਰਾ ਮੁਹੱਲਾ ਉੱਥੇ ਖੜ੍ਹਾ ਹੈ।।।।। ਮੈਂ ਤੇਰੀ ਗੱਲ ਸਮਝਦਾ ਹਾਂ, ਪਰ ਇਹਦਾ ਇਹ ਇਲਾਜ਼ ਨਹੀਂ ਜੋ ਤੂੰ ਕਰ ਰਿਹਾ ਹੈਂ।"
ਤਾਇਆ ਬਸੰਤਾ ਕੁੱਝ ਚਿਰ ਚੁੱਪ ਰਿਹਾ ਅਤੇ ਫਿਰ ਜੱਸੋ ਨੂੰ ਅੰਦਰ ਸੱਦ ਹੌਲੀ ਅਵਾਜ਼ ਵਿੱਚ ਬੋਲਿਆ:
"ਕੋਈ ਮੁੰਡਾ ਲੱਭ ਕੇ ਇਹਨੂੰ ਟਿਕਾਣੇ ਲਾਉ। ਕੁੰਵਾਰਾ ਨਹੀਂ ਮਿਲਦਾ ਤਾਂ ਦੁਹਾਜੂ ਦੇਖ ਲਉ। ਭਟਕੇ ਹੋਏ ਆਦਮੀ ਨੂੰ ਸਿੱਧਾ ਰਾਹ ਦਿਖਾਉਣਾ ਚਾਹੀਦਾ, ਉਹਨੂੰ ਕੁੱਟਣਾ ਨਹੀਂ ਚਾਹੀਦਾ। ।।।। ਤੂੰ ਕੁੜੀ 'ਤੇ ਨਿਗ੍ਹਾ ਰੱਖ਼ ਬਗੈਰ ਮਤਲਬ ਦੇ ਬਾਹਰ ਨਾ ਜਾਣ ਦੇ।।।ਇਸ ਤਰ੍ਹਾਂ ਰੌਲਾ ਪਾਉਗੇ ਤਾਂ ਨੁਕਸਾਨ ਕਰਾਉਗੇ।"
ਤਾਏ ਬਸੰਤੇ ਦੀਆਂ ਗੱਲਾਂ ਸੁਣ ਕੇ ਮੰਗੂ ਕੁਛ ਨਰਮ ਪੈ ਗਿਆ। ਜੱਸੋ ਨੇ ਗਿਆਨੋ ਨੂੰ ਉਠਾ ਕੇ ਮੰਜੇ 'ਤੇ ਪਾ ਦਿੱਤਾ। ਤਾਇਆ ਬਸੰਤਾ ਉਹਦੇ ਕੋਲ ਆ ਕੇ ਬਹੁਤ ਸਖਤ ਅਵਾਜ਼ ਵਿੱਚ ਬੋਲਿਆ:
"ਦੇਖ, ਹਰ ਆਦਮੀ ਦੀ ਇੱਜ਼ਤ ਉਹਦੇ ਆਪਣੇ ਹੱਥ ਹੁੰਦੀ ਹੈ। ਜੇ ਮੈਂ ਫਿਰ ਕਦੇ ਤੇਰੇ ਬਾਰੇ ਬੁਰੀ ਗੱਲ ਸੁਣੀ ਤਾਂ ਮੈਤੋਂ ਬੁਰਾ ਕੋਈ ਨਹੀਂ ਹੋਊਗਾ। ਜਿਹਨੂੰ ਮਾਂ-ਬਾਪ ਅਤੇ ਭਰਾ ਭੈਣ ਦੀ ਇੱਜ਼ਤ ਦਾ ਖਿਆਲ ਨਾ ਹੋਵੇ ਉਹ ਔਲਾਦ ਕਿਸ ਕੰਮ ਦੀ।"
ਤਾਇਆ ਬਸੰਤਾ, ਮੰਗੂ, ਜੱਸੋ, ਅਤੇ ਗਿਆਨੋ ਨੂੰ ਇਕ ਵਾਰ ਫਿਰ ਆਪਣੇ ਆਪਣੇ ਫਰਜ਼ ਦੇ ਪਾਲਣ ਦਾ ਸੁਨੇਹਾ ਦੇ ਕੇ ਕਾਲੀ ਦੇ ਘਰ ਵੱਲ ਆ ਗਿਆ। ਉੱਥੇ ਤਾਲਾ ਲੱਗਿਆ ਦੇਖ ਕੇ ਉਹ ਲਾਲੂ ਭਲਵਾਨ ਦੀ ਹਵੇਲੀ ਵੱਲ ਤੁਰ ਪਿਆ। ਕਾਲੀ ਉੱਥੇ ਵੀ ਨਹੀਂ ਸੀ। ਲਾਲੂ ਭਲਵਾਨ ਤੋਂ ਪੁੱਛਿਆ ਤਾਂ ਉਹ ਸਿਰਫ ਏਨਾ ਹੀ ਦੱਸ ਸਕਿਆ ਕਿ ਸ਼ਾਇਦ ਟਾਹਲੀ ਵਾਲੀ ਖੇਤ ਵਿੱਚ ਹੋਵੇਗਾ, ਜੇ ਉੱਥੇ ਨਾ ਹੋਇਆ ਤਾਂ ਕਿੱਕਰ ਵਾਲੇ ਖੇਤ ਗਿਆ ਹੋਵੇਗਾ।
ਤਾਇਆ ਬਸੰਤਾ ਹਵੇਲੀ ਤੋਂ ਬਾਹਰ ਜਾਣ ਲਈ ਮੁੜਿਆ ਤਾਂ ਲਾਲੂ ਭਲਵਾਨ ਨੇ ਉਹਨੂੰ ਰੋਕ ਲਿਆ ਅਤੇ ਬਹੁਤ ਹੀ ਗੰਭੀਰ ਅਵਾਜ਼ ਵਿੱਚ ਬੋਲਿਆ:
"ਬਸੰਤਿਆ, ਤੂੰ ਸਿਆਣਾ ਆਦਮੀ ਹੈ, ਸ਼ਾਇਦ ਕੁੱਛ ਦੱਸ ਸਕੇਂ।।।। ਕਾਲੀ ਵਿੱਚ ਮੈਂ ਕੁਛ ਦਿਨਾਂ ਤੋਂ ਇਕ ਗੱਲ ਦੇਖ ਰਿਹਾ ਹਾਂ।।। ਕਦੇ-ਕਦੇ ਉਹ ਸਾਰਾ ਦਿਨ ਕੰਮ ਨੂੰ ਹੱਥ ਨਹੀਂ ਲਾਉਂਦਾ ਜਾਂ ਫਿਰ ਏਨਾ ਕੰਮ ਕਰਦਾ ਹੈ ਕਿ ਉਹਨੂੰ ਰੋਟੀ-ਪਾਣੀ ਦੀ ਸੁਧ-ਬੁੱਧ ਨਹੀਂ ਰਹਿੰਦੀ।।। ਮੈਂ ਪਹਿਲਾਂ ਸਮਝਦਾ ਸੀ ਕਿ ਸ਼ਾਇਦ ਉਹਨੂੰ ਆਪਣੀ ਚਾਚੀ ਯਾਦ ਆਉਂਦੀ ਹੋਵੇਗੀ ਪਰ ਅੱਜ ਸਵੇਰੇ ਨੱਥਾ ਸਿੰਘ (ਘੜੰਮ ਚੌਧਰੀ) ਮੈਨੂੰ ਕੁੱਝ ਹੋਰ ਹੀ ਦੱਸ ਗਿਆ ਹੈ।"
ਲਾਲੂ ਭਲਵਾਨ ਦਿਲਚਸਪੀ ਨਾਲ ਉਹਦੀ ਵੱਲ ਦੇਖਣ ਲੱਗਾ। ਤਾਇਆ ਬਸੰਤਾ ਉਹਦੀ ਆਦਤ ਤੋਂ ਵਾਕਫ਼ ਸੀ। ਭਲਵਾਨ ਦੀ ਸਾਰੀ ਖੇਤੀ ਬਰਬਾਦ ਹੋ ਜਾਵੇ, ਉਹਦੀ ਉਹ ਪਰਵਾਹ ਨਹੀਂ ਕਰੇਗਾ ਪਰ ਉਸ ਆਦਮੀ ਨੂੰ ਨਹੀਂ ਰੱਖੇਗਾ ਜੋ ਲੰਗੋਟ ਦਾ ਢਿੱਲਾ ਹੋਵੇ। ਉਹ ਬਹੁਤ ਸ਼ਾਂਤੀ ਨਾਲ ਬੋਲਿਆ:
"ਭਲਵਾਨ ਜੀ, ਤੁਸੀਂ ਨੱਥਾ ਸਿੰਘ ਨੂੰ ਤਾਂ ਜਾਣਦੇ ਹੀ ਹੋ, ਕੋਈ ਬੱਚਾ ਕੁੱਤੀ ਦੇ ਮਗਰ ਦੌੜਿਆ ਜਾ ਰਿਹਾ ਹੋਵੇ ਤਾਂ ਉਹਨੂੰ ਸ਼ੱਕ ਪੈ ਜਾਂਦਾ। ਤੁਸੀਂ ਸੋਚੋ, ਤੀਵੀਂਆਂ ਜੰਗਲ ਪਾਣੀ ਲਈ ਝਾੜੀਆਂ ਜਾਂ ਫਸਲ ਵਿੱਚ ਨਹੀਂ ਜਾਣਗੀਆਂ ਤਾਂ ਕੀ ਖੁਲ੍ਹੇ ਚੋਅ 'ਚ ਬੈਠਣਗੀਆਂ।"
"ਮੈਂ ਸਮਝ ਗਿਆ।।। ਮੈਂ ਪਹਿਲਾਂ ਹੀ ਜਾਣਦਾ ਸੀ ਕਿ ਸਾਰੀ ਗੱਲ ਨੱਥਾ ਸਿੰਘ ਦੇ ਦਿਮਾਗ ਦੀ ਕਾਢ ਹੈ।"
ਸਭ ਤੋਂ ਪਹਿਲਾਂ ਤਾਇਆ ਬਸੰਤਾ, ਲਾਲੂ ਭਲਵਾਨ ਦੇ ਟਾਹਲੀ ਵਾਲੇ ਖੇਤ ਵੱਲ ਗਿਆ। ਉੱਥੋਂ ਕਿੱਕਰ ਵਾਲੇ ਖੇਤ ਵਿੱਚ ਅਤੇ ਫਿਰ ਅੰਬ ਵਾਲੇ ਖੇਤ ਵਿੱਚ। ਅਵਾਜ਼ ਮਾਰਨ 'ਤੇ ਕਾਲੀ ਬਾਹਰ ਆ ਗਿਆ ਅਤੇ ਤਾਏ ਬਸੰਤੇ ਨੂੰ ਦੇਖਦਿਆਂ ਹੀ ਉਹਦਾ ਰੰਗ ਫਕ ਹੋ ਗਿਆ।
"ਦੁਪਹਿਰ ਹੋ ਗਈ ਹੈ, ਕੀ ਪਿੰਡ ਨਹੀਂ ਜਾਣਾ।"
"ਮਰਲੇ-ਡੇਢ ਮਰਲੇ ਦੀ ਗੁਡਾਈ ਰਹਿੰਦੀ ਹੈ।" ਕਾਲੀ ਨੇ ਪਸੀਨਾ ਪੂੰਝਦਿਆਂ ਕਿਹਾ।
ਕਾਲੀ ਮਨ-ਹੀ-ਮਨ ਕੰਬ ਰਿਹਾ ਸੀ ਕਿ ਤਾਇਆ ਬਸੰਤਾ ਹੁਣੇ ਹੀ ਸਵੇਰ ਦੀ ਘਟਨਾ ਦਾ ਜ਼ਿਕਰ ਛੇੜ ਦੇਵੇਗਾ। ਉਹਦੇ ਚਿਹਰੇ 'ਤੇ ਇਕ ਰੰਗ ਆ ਰਿਹਾ ਸੀ ਅਤੇ ਇਕ ਰੰਗ ਜਾ ਰਿਹਾ ਸੀ। ਜੇ ਤਾਇਆ ਬਸੰਤਾ ਉਹਤੋਂ ਸਿੱਧਾ ਸਵਾਲ ਪੁੱਛਦਾ ਕਿ ਸਵੇਰੇ ਕੀ ਹੋਇਆ ਸੀ ਤਾਂ ਸ਼ਾਇਦ ਕਾਲੀ ਉਹਦੇ ਪੈਰ ਫੜ੍ਹ ਕੇ ਮਾਫੀ ਮੰਗ ਲੈਂਦਾ ਪਰ ਉਸ ਵੱਲੋਂ ਘੁੰਮਾ-ਫਿਰਾ ਕੇ ਗੱਲ ਕਰਨ ਨਾਲ ਕਾਲੀ ਨੂੰ ਸੰਭਲਣ ਦਾ ਮੌਕਾ ਮਿਲ ਗਿਆ। ਉਹ ਘੜੰਮ ਚੌਧਰੀ ਦੀ ਫੈਲਾਈ ਹੋਈ ਗੱਲ ਅਤੇ ਗਿਆਨੋ ਦੀ ਕੁੱਟ-ਮਾਰ ਦੀ ਕਹਾਣੀ ਨੂੰ ਇਸ ਤਰ੍ਹਾਂ ਸ਼ਾਂਤੀ ਨਾਲ ਸੁਣਦਾ ਰਿਹਾ ਜਿਵੇਂ ਉਹਦੇ ਨਾਲ ਉਹਦਾ ਕੋਈ ਸੰਬੰਧ ਨਾ ਹੋਵੇ।
ਉਸ ਵੱਲੋਂ ਇਕ ਹੀ ਵਾਰ ਕਹਿਣ 'ਤੇ ਕਾਲੀ ਪਿੰਡ ਜਾਣ ਨੂੰ ਰਾਜ਼ੀ ਹੋ ਗਿਆ ਤਾਂ ਤਾਏ ਬਸੰਤੇ ਨੂੰ ਵਿਸ਼ਵਾਸ-ਜਿਹਾ ਹੋਣ ਲੱਗਾ ਕਿ ਉਹਦੀ ਜਗਹ ਸ਼ਾਇਦ ਕੋਈ ਹੋਰ ਮੁੰਡਾ ਹੋਵੇਗਾ। ਪਰ ਫਿਰ ਵੀ ਉਹਨੇ ਕਾਲੀ ਨੂੰ ਸ਼ਰਾਫਤ ਨਾਲ ਰਹਿਣ ਅਤੇ ਮੁਹੱਲੇ ਵਿੱਚ ਹਰ ਇਕ ਕੰਵਾਰੀ ਮੁਟਿਆਰ ਨੂੰ ਭੈਣ ਸਮਝਣ ਦਾ ਸੁਨੇਹਾ ਦਿੱਤਾ। ਕਾਲੀ ਉਹਦੀ ਗੱਲ ਅੱਗੇ ਸਿਰ ਝੁਕਾਉਂਦਾ ਹੋਇਆ ਗਿਆਨੋ ਨੂੰ ਮਿਲਣ ਦੀ ਤਰਕੀਬ ਸੋਚਦਾ ਰਿਹਾ।
ਸ਼ਾਮ ਹੁੰਦਿਆਂ ਹੀ ਕਾਲੀ ਸਾਰਿਆਂ ਦੇ ਸਾਹਮਣੇ ਗਲੀ ਥਾਣੀ ਹੁੰਦਾ ਹੋਇਆ ਲਾਲੂ ਭਲਵਾਨ ਦੀ ਹਵੇਲੀ ਚਲਾ ਗਿਆ। ਲੋਕਾਂ ਨੂੰ ਹੁਣ ਗਿਆਨੋ ਨਾਲ ਹਮਦਰਦੀ ਅਤੇ ਕਾਲੀ ਨਾਲ ਨਫਰਤ ਹੋਣ ਲੱਗੀ ਸੀ। ਗਿਆਨੋ ਨੇ ਲਗਭਗ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ ਹੁਣ ਕਦੇ ਵੀ ਕਾਲੀ ਨੂੰ ਨਹੀਂ ਮਿਲੇਗੀ। ਪਰ ਜਦੋਂ ਉਹਨੇ ਰਾਤ ਗਈ ਆਪਣੀ ਪੌੜੀ ਰਾਹੀਂ ਹੇਠਾਂ ਉਤਰਦਾ ਇਕ ਪ੍ਰਛਾਵਾਂ ਦੇਖਿਆ ਤਾਂ ਉਹਦਾ ਪੱਕਾ ਇਰਾਦਾ ਇਕ ਪਲ ਵਿੱਚ ਟੁੱਟ ਗਿਆ ਅਤੇ ਉਹ ਕਾਲੀ ਦੀਆਂ ਬਾਹਾਂ ਵਿੱਚ ਲਿਪਟੀ ਖਾਮੋਸ਼ੀ ਵਿੱਚ ਰੋਂਦੀ ਹੋਈ ਆਪਣੇ ਸਾਰੇ ਦੁੱਖ ਧੋਂਦੀ ਰਹੀ।
--------ਚਲਦਾ--------