ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 25 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


46

ਪ੍ਰੀਤੋ ਨੂੰ ਜਦੋਂ ਪਤਾ ਲੱਗਾ ਕਿ ਜੱਸੋ, ਗਿਆਨੋ ਦੀ ਮੰਗਨੀ ਕਰਨ ਲਈ ਕਾਹਲੀ ਹੈ ਤਾਂ ਉਹ ਉਹਦੇ ਘਰ ਗਈ ਅਤੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਬਾਅਦ ਜੱਸੋ ਦੇ ਕੰਨ ਵਿੱਚ ਬਹੁਤ ਹੌਲੀ ਅਵਾਜ਼ ਵਿੱਚ ਬੋਲੀ:
"ਸੁਣਿਆ ਤੂੰ ਗਿਆਨੋ ਦੀ ਕੁੜਮਾਈ ਕਰ ਰਹੀ ਹੈਂ?"
ਜੱਸੋ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਪ੍ਰੀਤੋ ਕੁੱਝ ਉੱਚੀ ਅਵਾਜ਼ ਵਿੱਚ ਬੋਲੀ:
"ਮੈਂ ਤੈਨੂੰ ਪਹਿਲਾਂ ਵੀ ਕਈ ਵਾਰ ਕਿਹਾ ਸੀ ਪਰ ਤੂੰ ਮੇਰੀ ਗੱਲ ਵੱਲ ਧਿਆਨ  ਨਹੀਂ ਦਿੰਦੀ ਸੀ।"
"ਪ੍ਰੀਤੋ, ਇਹ ਕੰਮ ਮਰਦਾਂ ਦੇ ਹਨ। ਮੈਂ ਮੰਗੂ ਨੂੰ ਪਿਛਲੇ ਛੇ ਮਹੀਨਿਆਂ ਤੋਂ ਕਹਿ ਰਹੀ ਹਾਂ ਕਿ ਗਿਆਨੋ ਵੱਡੀ ਹੋ ਗਈ ਹੈ। ਇਹਦਾ ਕਿਤੇ ਕੋਈ ਟਿਕਾਣਾ ਕਰ।" ਜੱਸੋ ਨੇ ਦ੍ਰਿੜ ਅਵਾਜ਼ ਵਿੱਚ ਕਿਹਾ।
"ਸੱਚ ਤਾਂ ਇਹ ਹੈ ਕਿ ਜਵਾਨ ਭੈਣਾਂ ਅਤੇ ਧੀਆਂ ਸਹੁਰੀਂ ਚੰਗੀਆਂ ਲੱਗਦੀਆਂ ਹਨ।।।। ਜਦੋਂ ਤੱਕ  ਵਿਆਹ ਨਾ ਹੋ ਜਾਵੇ ਹਰ ਵੇਲੇ ਧੁੜਕੂ ਲੱਗਾ ਰਹਿੰਦਾ। ਮੈਂ ਇਹ ਨਹੀਂ ਕਹਿੰਦੀ ਕਿ ਹਰ ਜਵਾਨ ਕੁੜੀ ਬਦਮਾਸ਼ ਹੁੰਦੀ ਹੈ। ਪਰ ਇਕ ਕੱਚੀ ਉਮਰ, ਦੂਜਾ ਪਰਾਏ ਘਰਾਂ ਅਤੇ ਖੇਤਾਂ ਵਿੱਚ ਆਉਣਾ ਜਾਣਾ। ਏਦਾਂ ਦੀ ਹਾਲਤ ਵਿੱਚ ਕਈ ਕੁੜੀਆਂ ਆਪਣਾ ਹਾਨ-ਲਾਭ ਭੁੱਲ ਜਾਂਦੀਆਂ ਹਨ।।।।"
"ਸੱਚ ਕਹਿੰਦੀ ਹੈਂ।" ਜੱਸੋ ਨੇ ਬੁੱਝੀ ਹੋਈ ਅਵਾਜ਼ ਵਿੱਚ ਕਿਹਾ।
"ਤੂੰ ਗਿਆਨੋ ਨੂੰ ਛੁੱਟੀ ਵੀ ਬਹੁਤ ਦੇ ਰੱਖੀ ਸੀ। ਫਸਲ ਦੁਆਲੇ ਵਾੜ ਨਾ ਹੋਵੇ ਤਾਂ ਰਾਹ ਜਾਂਦੇ ਜਾਨਵਰ ਵੀ ਮੂੰਹ ਮਾਰਦੇ ਹਨ। ਜਿਹਨੂੰ ਆਦਤ ਪੈ ਜਾਵੇ ਉਹ ਤਾਂ ਸੌ ਕੋਹ ਦਾ ਵਲ ਪਾ ਕੇ ਵੀ ਉੱਥੇ ਪਹੁੰਚੂਗਾ। ਮਾਰ ਕੇ ਪਰ੍ਹਾਂ ਕਰੋ ਤਾਂ ਮੌਕਾ ਮਿਲਦਿਆਂ ਹੀ ਫਿਰ ਆ ਜਾਊਗਾ।"
ਪ੍ਰੀਤੋ ਦੀ ਗੱਲ ਸੁਣ ਕੇ ਜੱਸੋ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਉਹਨੂੰ ਪੀ ਗਈ ਅਤੇ ਲੰਮਾ ਸਾਹ ਖਿੱਚਦੀ ਹੋਈ ਬੋਲੀ:
"ਕੋਈ ਚੰਗਾ-ਜਿਹਾ ਮੁੰਡਾ ਮਿਲ ਜਾਵੇ ਤਾਂ ਅੱਜ ਹੀ ਕੁੜਮਾਈ ਕਰ ਦੇਵਾਂ।"
"ਮੁੰਡਾ ਤਾਂ ਹੈਗਾ।।।।।"
"ਕਿਹੜਾ?" ਜੱਸੋ ਨੇ ਚੌਂਕ ਕੇ ਕਿਹਾ।
"ਘਰ ਵੀ ਚੰਗਾ। ਉਹ ਆਪਣਾ ਹੀ ਕੰਮ ਕਰਦੇ ਹਨ। ਮੁੰਡੇ ਦਾ ਪੇ ਖੱਡੀ ਚਲਾਉਂਦਾ ਅਤੇ ਮੁੰਡਾ ਜੁੱਤੀਆਂ ਸਿਉਂਦਾ। ਉਹ ਗਿਆਰਾਂ ਭਰਾ ਭੈਣ ਸੀਗੇ ਪਰ ਹੁਣ ਸੱਤ ਰਹਿ ਗਏ ਹਨ।" ਪ੍ਰੀਤੋ ਬੋਲੀ।
"ਕਿੱਥੋਂ ਦੇ ਹਨ, ਉਹਨਾਂ ਦਾ ਕੋਈ ਅਤਾ ਪਤਾ ਤਾਂ ਹੋਊ।" ਜੱਸੋ ਦੀ ਜਗਿਆਸਾ ਜਾਗ ਉੱਠੀ।  
"ਇੱਥੋਂ ਬਹੁਤ ਦੂਰ ਨਹੀਂ ਰਹਿੰਦੇ। ਨੈਨੋਵਾਲ ਇੱਥੇ ਦੋ ਕੋਹ ਹੈ। ।।। ਨੈਨੋਵਾਲ ਤੋਂ ਸੀਕਰੀ ਇਕ ਕੋਹ।।। ਸੀਕਰੀ ਤੋਂ ਡੇਢ ਕੋਹ 'ਤੇ ਸ਼ੇਰ ਪੁਰ ਹੈ। ਉੱਥੇ ਰਹਿੰਦੇ ਹਨ ਉਹ।" ਪ੍ਰੀਤੋ ਨੇ ਕਿਹਾ।
"ਤੇਰੀ ਉਹਨਾਂ ਨਾਲ ਜਾਣ ਪਛਾਣ ਹੈ?"
"ਜਾਣ-ਪਛਾਣ? ।।। ਮੇਰੇ ਤਾਂ ਨਜ਼ਦੀਕੀ ਰਿਸ਼ਤੇਦਾਰ ਹਨ। ।।। ਮੁੰਡਾ ਹੈ ਕਮਾਊ।।। ਪਹਿਲਾਂ ਦੇਸੀ ਜੁੱਤੀਆਂ ਬਣਾਉਂਦਾ ਸੀ ਹੁਣ ਵਿਲਾਇਤੀ ਜੁੱਤੀਆਂ ਬਣਾਉਣ ਲੱਗ ਪਿਆ।" ਪ੍ਰੀਤੋ ਗੱਲ ਨੂੰ ਲਮਕਾਉਂਦੀ ਬੋਲੀ।
ਜੱਸੋ ਉਸ ਮੁੰਡੇ ਬਾਰੇ ਇਕ ਹੀ ਵਾਰ ਸਭ ਕੁੱਝ ਜਾਣ ਲੈਣਾ ਚਾਹੁੰਦੀ ਸੀ ਪਰ ਪ੍ਰੀਤੋ ਇੱਧਰ-ਉੱਧਰ ਦੀਆਂ ਉੱਪਰਲੀਆਂ ਗੱਲਾਂ ਜ਼ਿਆਦਾ ਦੱਸ ਰਹੀ ਸੀ।
"ਮੁੰਡੇ ਦੀ ਉਮਰ ਕਿੰਨੀ ਹੈ?"
"ਪੱਕਾ ਤਾਂ ਮੈਨੂੰ ਯਾਦ ਨਹੀਂ।।। ਗਿਆਨੋ ਦੇ ਹਾਣ-ਪ੍ਰਵਾਣ ਦਾ ਹੀ ਹੋਣਾ। ਦੋ ਚਾਰ ਸਾਲ ਵੱਡਾ ਹੋਊਗਾ। ਜਦੋਂ ਮੇਰਾ ਵਿਆਹ ਹੋਇਆ ਤਾਂ ਉਹ ਮੇਰੇ ਛੋਟੇ ਅਮਰੂ ਜਿੱਡਾ ਸੀ। ਅਮਰੂ ਨੇ ਅਗਲੇ ਵਿਸਾਖ ਬਾਰਾਂ ਸਾਲਾਂ ਦਾ ਹੋ ਜਾਣਾ।।।। ਅੱਗੇ ਤੂੰ ਹਿਸਾਬ ਲਾ ਲੈ।" ਪ੍ਰੀਤੋ ਨੇ ਸੋਚਦਿਆਂ ਜੁਆਬ ਦਿੱਤਾ।
"ਏਨਾ ਵੱਡਾ ਹੋ ਗਿਆ ਹੈ ਅਜੇ ਤੱਕ ਉਹਦਾ ਵਿਆਹ ਨਹੀਂ ਹੋਇਆ? ਕੀ ਅੰਗ-ਰੰਗ ਤਾਂ ਠੀਕ ਹੈ?"
"ਜੋ ਏਨਾ ਕਮਾਊ ਹੈ ਉਹਦਾ ਅੰਗ-ਰੰਗ ਠੀਕ ਨਹੀਂ ਹੋਊ। ਹੁਣ ਤਾਂ ਉਹਨੇ ਆਪਣੇ ਨਾਲ ਕੰਮ ਸਿਖਾਉਣ ਲਈ ਦੋ ਮੁੰਡੇ ਸ਼ਗਿਰਦ ਵੀ ਰੱਖ ਲਏ ਹਨ।"
ਜੱਸੋ ਵਾਰ ਵਾਰ ਅੰਗ-ਰੰਗ ਬਾਰੇ ਪੁੱਛਦੀ ਅਤੇ ਪ੍ਰੀਤੋ ਉਹਦੀ ਕਮਾਈ ਬਾਰੇ ਦੱਸਣਾ ਸ਼ੁਰੂ ਕਰ ਦਿੰਦੀ। ਜਦੋਂ ਜੱਸੋ ਜ਼ੋਰ ਦੇ ਕੇ ਪੁੱਛਣ ਲੱਗੀ ਤਾਂ ਪ੍ਰੀਤੋ ਕੁੱਝ ਖਿੱਝ ਕੇ ਬੋਲੀ:
"ਦੇਖ, ਗਿਆਨੋ ਲਈ ਠੀਕ ਰਹੂ।"
"ਕੀ ਮਤਲਬ?" ਜੱਸੋ ਨੇ ਵੀ ਸਖਤ ਅਵਾਜ਼ ਵਿੱਚ ਪੁੱਛਿਆ।
"ਮਤਲਬ ਇਹ ਹੈ ਕਿ ਬਚਪਨ 'ਚ ਉਹਨੂੰ ਵੱਡੀ ਮਾਤਾ ਨਿਕਲੀ ਸੀ। ਉਸ ਨਾਲ ਉਹਦੀ ਇਕ ਅੱਖ ਚਲੀ ਗਈ ਸੀ। ਪਰ ਦੂਸਰੀ ਅੱਖ ਬਿਲੌਰ ਦੀ ਤਰ੍ਹਾਂ ਸਾਫ ਹੈ।" ਪ੍ਰੀਤੋ ਨੇ ਕਿਹਾ।
"ਸਿੱਧੀ ਤਰ੍ਹਾਂ ਕਿਉਂ ਨਹੀਂ ਕਹਿੰਦੀ ਕਿ ਮੁੰਡਾ ਕਾਣਾ ਹੈ।।।।" ਜੱਸੋ ਨੇ ਗੁੱਸੇ ਵਿੱਚ ਕਿਹਾ।
"ਆਪਣੀ ਕੁੜੀ ਕਾਣੇ ਨੂੰ ਦੇ ਦੇਵਾਂ।।। ਵੱਡਾ ਰਿਸ਼ਤਾ ਦਸ ਰਹੀ ਹੈ।।।।" ਜੱਸੋ ਜਿਵੇਂ ਫੁੱਟ ਪਈ।
"ਤੇਰੀ ਕੁੜੀ ਵੀ ਕੋਈ ਸੁੱਚਾ ਮੋਤੀ ਨਹੀਂ ਹੈ। ਖੋਟੇ ਮਾਲ ਨੂੰ ਕੋਈ ਕਾਣਾ, ਲੰਗੜਾ-ਲੂਲਾ ਹੀ ਕਬੂਲ ਕਰੂਗਾ।" ਪ੍ਰੀਤੋ ਨੇ ਵੀ ਤਲਖ ਅਵਾਜ਼ ਵਿੱਚ ਜਵਾਬ ਦਿੱਤਾ ਅਤੇ ਬਾਹਰ ਚਲੇ ਗਈ।
ਮੁਹੱਲੇ ਦੀਆਂ ਕੁਛ ਹੋਰ ਬੁੜੀਆਂ ਨੇ ਵੀ ਮੁੰਡਿਆਂ ਦੀ ਦਸ ਪਾਈ ਪਰ ਉਹਨਾਂ ਵਿੱਚੋਂ ਕੋਈ ਚੇਚਕ ਦਾ ਖਾਧਾ ਹੋਇਆ ਸੀ ਅਤੇ ਕੋਈ ਟਾਈਫਾਈਡ ਦਾ ਮਾਰਿਆ ਹੋਇਆ। ਜੱਸੋ ਪਰੇਸ਼ਾਨ ਹੋ ਕੇ ਰੋ ਪੈਂਦੀ ਅਤੇ ਗਿਆਨੋ ਨੂੰ ਬੁਰਾ ਭਲਾ ਕਹਿੰਦੀ। ਪਰ ਆਸ ਦਾ ਕਿਨਾਰਾ ਫੜ੍ਹ ਕੇ ਫਿਰ ਕੋਸ਼ਿਸ਼ ਸ਼ੁਰੂ ਕਰ ਦਿੰਦੀ।
ਇਕ ਦਿਨ ਉਹ ਘਰ ਵਿੱਚ ਇਕੱਲੀ ਬੈਠੀ ਸੀ ਕਿ ਪ੍ਰਸਿੰਨੀ ਆ ਗਈ। ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਬਾਅਦ ਜੱਸੋ ਨੂੰ ਕਹਿਣ ਲੱਗੀ:
"ਚਾਚੀ ਮੈਂ ਤੇਰੇ ਨਾਲ ਇਕ ਗੱਲ ਕਰਨ ਆਈ ਹਾਂ।"
ਜੱਸੋ ਹੈਰਾਨੀ ਅਤੇ ਡਰ ਨਾਲ ਉਹ ਮੂੰਹ ਵੱਲ ਦੇਖਣ ਲੱਗੀ ਤਾਂ ਉਹ ਮੁਸਕਰਾਉਂਦੀ ਹੋਈ ਬੋਲੀ:
"ਮੈਂ ਕਿਸੇ ਤੇ ਤੁਹਮਤ ਲਾਉਣ ਲਈ ਨਹੀਂ ਆਈ। ਏਦਾਂ ਦੀਆਂ ਗੱਲਾਂ ਤਾਂ ਉਹ ਰੰਡੀਆਂ ਕਰਦੀਆਂ ਹਨ ਜਿਹਨਾਂ ਦੇ ਆਪਣੇ ਕਰਮ ਖੋਟੇ ਹੋਣ।"
ਜੱਸੋ ਦੇ ਚਿਹਰੇ 'ਤੇ ਸਕੂਨ ਦਿਸਣ ਲੱਗਾ ਤਾਂ ਪ੍ਰਸਿੰਨੀ ਬੋਲੀ:
"ਮੇਰੀ ਪੰਡੋਰੀ ਵਾਲੀ ਮਾਸੀ ਦਾ ਮੁੰਡਾ ਹੈ। ਉਮਰ ਕੋਈ ਵੀਹ ਸਾਲ ਹੋਊਗੀ। ਅੰਗ-ਰੰਗ ਸਭ ਠੀਕ ਹੈ। ਸਾਲ ਵਿੱਚ ਛੇ ਮਹੀਨੇ ਹਮੀਰੇ ਦੀ ਗੰਨਾ ਮਿੱਲ ਵਿੱਚ ਕੰਮ ਕਰਦਾ ਹੈ ਅਤੇ ਛੇ ਮਹੀਨੇ ਪਿੰਡ ਵਿੱਚ ਮਿਹਨਤ ਮਜ਼ਦੂਰੀ। ਛੇ ਭੈਣ ਭਰਾ ਹਨ। ਉਹ ਸਾਰਿਆਂ ਤੋਂ ਵੱਡਾ ਹੈ। ਕਹੇਂ ਤਾਂ ਗਿਆਨੋ ਬਾਰੇ ਗੱਲ ਕਰਾਂ।"
ਜੱਸੋ ਸੋਚ ਵਿੱਚ ਪੈ ਗਈ। ਪ੍ਰਸਿੰਨੀ ਉਹਦੇ ਮਨ ਦਾ ਡਰ ਭਾਂਪਦੀ ਹੋਈ ਬੋਲੀ:
"ਮੁੰਡੇ ਦਾ ਅੰਗ-ਰੰਗ ਸਭ ਠੀਕ ਹੈ। ਮੇਰੇ 'ਤੇ ਯਕੀਨ ਨਹੀਂ ਤਾਂ ਆਪ ਜਾ ਕੇ ਦੇਖ ਆ ਜਾਂ ਮੰਗੂ ਨੂੰ ਭੇਜ ਦੇ। ਅੱਜਕੱਲ੍ਹ ਉਹ ਪਿੰਡ ਹੀ ਹੈ।"
ਪ੍ਰਸਿੰਨੀ ਨੂੰ ਵਿਸ਼ਵਾਸ ਨਾਲ ਗੱਲ ਕਰਦਿਆਂ ਦੇਖ ਜੱਸੋ ਦੀ ਸ਼ੱਕ ਦੂਰ ਹੋ ਗਈ ਅਤੇ ਉਹ ਫੈਸਲਾਕੁਨ ਅਵਾਜ਼ ਵਿੱਚ ਕਹਿਣ ਲੱਗੀ, "ਤੇਰੀ ਤਸੱਲੀ ਹੈ ਤਾਂ ਮੇਰੀ ਵੀ ਤਸੱਲੀ ਹੈ। ਤੂੰ ਮੁੰਡੇ ਨੂੰ ਚੰਗੀ ਤਰ੍ਹਾਂ ਦੇਖਿਆ ਹੋਇਆ ਹੈ ਨਾ?"
"ਮੈਂ ਤਾਂ ਪਿਛਲੇ ਸਾਲ ਮਾਸੀ ਦੇ ਘਰ ਮਹੀਨਾ-ਭਰ ਰਹਿ ਕੇ ਆਈ ਸੀ। ਇਹ ਕੰਮ ਹੋ ਜਾਵੇ ਤਾਂ ਗਿਆਨੋ ਸੁਖੀ ਰਹੂਗੀ ।।। ਕੱਚੀ ਉਮਰ ਵਿੱਚ ਕੌਣ ਗਲਤੀ ਨਹੀਂ ਕਰਦਾ। ਇਹ ਜੋ ਵਧਾ ਵਧਾ ਕੇ ਗੱਲਾਂ ਕਰਦੀਆਂ ਹਨ, ਇਹਨਾਂ ਨੂੰ ਆਪਣੇ ਦਿਨ ਯਾਦ ਨਹੀਂ ਰਹੇ। ਚਲੋ ਉਹ ਨਾ ਸਹੀ, ਆਪਣੀ ਔਲਾਦ ਦੀਆਂ ਕਰਤੂਤਾਂ ਕਿਉਂ ਨਹੀਂ ਦੇਖਦੀਆਂ?"
ਜੱਸੋ 'ਤੇ ਫਿਰ ਉਦਾਸੀ ਛਾਉਣ ਲੱਗੀ ਤਾਂ ਪ੍ਰਸਿੰਨੀ ਨੇ ਗੱਲ ਦਾ ਰੁਖ ਬਦਲ ਦਿੱਤਾ ਅਤੇ ਲੜਕੇ ਅਤੇ ਉਹਦੇ ਮਾਂ-ਬਾਪ ਬਾਰੇ ਵਿਸਥਾਰ ਨਾਲ ਦੱਸਣ ਲੱਗੀ। ਜੱਸੋ ਨੇ ਆਪਣੀ ਤਸੱਲੀ ਕਰਨ ਬਾਅਦ ਸਹਿਮਤੀ ਦੇ ਦਿੱਤੀ ਤਾਂ ਪ੍ਰਸਿੰਨੀ ਸਿਰ ਹਿਲਾਉਂਦੀ ਹੋਈ ਬੋਲੀ:
"ਪਰ ਇਕ ਸ਼ਰਤ ਹੈ?"
"ਕੀ?" ਜੱਸੋ ਚੌਂਕ ਗਈ।
"ਮੇਰੇ ਤਾਏ ਦੀ ਕੁੜੀ ਦਾ ਰਿਸ਼ਤਾ ਮੰਗੂ ਲਈ ਲੈਣਾ ਪਊਗਾ।।।।"
ਪ੍ਰਸਿੰਨੀ ਜੱਸੋ ਦੇ ਜੁਆਬ ਦੀ ਉਡੀਕ ਕੀਤੇ ਬਿਨਾਂ ਹੀ ਤੇਜ਼ ਅਵਾਜ਼ ਵਿੱਚ ਬੋਲੀ:
"ਕੁੜੀ ਸੋਲ੍ਹਵੇਂ ਸਾਲ ਵਿੱਚ ਹੈ। ਰੰਗ ਮੇਰੇ ਰੰਗ ਤੋਂ ਸਾਫ ਹੈ। ਪਰ ਅੱਖਾਂ 'ਚ ਕੁਕਰੇ ਹਨ। ਵੱਡੀ ਹੋਊਗੀ ਤਾਂ ਆਪਣੇ ਆਪ ਠੀਕ ਹੋ ਜਾਣਗੇ। ਸੁਰਮਾ ਪਾ ਲਵੇ ਤਾਂ ਉਹਨਾਂ ਦਾ ਹੁਣ ਵੀ ਪਤਾ ਨਹੀਂ ਚਲਦਾ। ਦੇਖਣ ਨੂੰ ਪਤਲੀ ਜਿਹੀ ਹੈ ਪਰ ਕੰਮ ਨੂੰ ਗੱਡਾ ਹੈ। ਤੇਰੇ ਘਰੋਂ ਇਕ ਗਿਆਨੋ ਜਾਊਗੀ ਅਤੇ ਦੂਜੀ ਆਊਗੀ। ਉਹਦਾ ਨਾਂ ਵੀ ਗਿਆਨੋ ਹੈ।"
ਜੱਸੋ ਉਹਦੀ ਵੱਲ ਦੇਖਦੀ ਹੋਈ ਬੋਲੀ, "ਇਹ ਤਾਂ ਵੱਟਾ-ਸੱਟਾ ਹੋ ਗਿਆ।"
"ਵੱਟਾ-ਸੱਟਾ ਕਿਵੇਂ? ਗਿਆਨੋ ਮੇਰੀ ਮਾਸੀ ਦੇ ਘਰ ਜਾਊਗੀ ਅਤੇ ਮੇਰੇ ਤਾਏ ਦੀ ਕੁੜੀ ਤੇਰੇ ਘਰ ਆਊਗੀ।"
"ਅੱਛਾ, ਤੇਰੇ ਤਾਏ ਦੀ ਕੁੜੀ ਹੈ। ਮੈਂ ਸਮਝੀ ਸੀ ਮਾਮੇ ਦੀ ਹੈ।" ਜੱਸੋ ਨੇ ਖੁਸ਼ ਹੁੰਦਿਆਂ ਕਿਹਾ ਅਤੇ ਪ੍ਰਸਿੰਨੀ ਨੂੰ ਕਹਿਣ ਲੱਗੀ:
"ਮੁਹੱਲੇ ਵਿੱਚ ਅਜੇ ਕਿਸੇ ਨਾਲ ਗੱਲ ਨਾ ਕਰੀਂ। ਸ਼ਗਨ ਚਲਾ ਗਿਆ ਤਾਂ ਲੋਕਾਂ ਨੂੰ ਆਪਣੇ-ਆਪ ਹੀ ਪਤਾ ਲੱਗ ਜਾਊਗਾ।"
"ਚਾਚੀ, ਮੈਂ ਇਸ ਮੁਹੱਲੇ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਤੂੰ ਚਿੰਤਾ ਨਾ ਕਰ।"
"ਤੂੰ ਅੱਜਕੱਲ੍ਹ ਵਿੱਚ ਹੀ ਪੰਡੋਰੀ ਚਲੀ ਜਾ। ਉੱਧਰ ਗੱਲ ਪੱਕੀ ਕਰਕੇ ਗਿਆਨੋ ਦਾ ਸ਼ਗਨ ਲੈ ਜਾ ਅਤੇ ਫਿਰ ਆਪਣੇ ਪੇਕੀਂ ਜਾ ਕੇ ਮੰਗੂ ਲਈ ਸ਼ਗਨ ਲੈ ਆ। ਤੂੰ ਇਹ ਕੰਮ ਪੱਕਾ ਕਰ ਦੇ ਤਾਂ ਮੈਂ ਸਾਰੀ ਉਮਰ ਤੇਰੇ ਗੁਣ ਗਾਊਂਗੀ।"
ਸੱਤਾਂ ਦਿਨਾਂ ਬਾਅਦ ਤਾਇਆ ਬਸੰਤਾ ਅਤੇ ਮੰਗੂ ਗਿਆਨੋ ਦਾ ਸ਼ਗਨ ਪਾ ਆਏ। ਦੋਨਾਂ ਨੂੰ ਮੁੰਡਾ ਪਸੰਦ ਆਇਆ ਸੀ ਅਤੇ ਉਹ ਉਹਦੀਆਂ ਬਹੁਤ ਸਿਫਤਾਂ ਕਰ ਰਹੇ ਸਨ। ਕੁੱਝ ਦਿਨਾਂ ਬਾਅਦ ਪ੍ਰਸਿੰਨੀ ਦਾ ਭਰਾ ਮੰਗੂ ਨੂੰ ਸ਼ਗਨ ਪਾ ਗਿਆ।
ਗਿਆਨੋ ਦੀ ਮੰਗਣੀ ਤੋਂ ਬਾਅਦ ਪ੍ਰਸਿੰਨੀ ਦਾ ਉਹਨਾਂ ਦੇ ਘਰ ਆਉਣਾ-ਜਾਣਾ ਬਹੁਤ ਵਧ ਗਿਆ।  ਪ੍ਰਸਿੰਨੀ ਗਿਆਨੋ ਦੇ ਕੋਲ ਬੈਠਦੀ ਤਾਂ ਹਮੇਸ਼ਾਂ ਉਹਦੇ ਮੰਗੇਤਰ ਦੀਆਂ ਗੱਲਾਂ ਕਰਦੀ। ਉਹਦੇ ਗੁਣ ਗਾਉਂਦੀ ਅਤੇ ਉਹਨੂੰ ਵਿਸ਼ਵਾਸ ਦਿਵਾਉਂਦੀ ਕਿ ਉਹ ਉਹਨੂੰ ਉਂਗਲੀ ਦੇ ਛੱਲੇ ਵਾਂਗ ਰੱਖੇਗਾ। ਗਿਆਨੋ ਆਪਣੇ ਹੀ ਖਿਆਲਾਂ ਵਿੱਚ ਗੁਆਚੀ ਸਿਰ ਹਿਲਾਉਂਦੀ ਰਹਿੰਦੀ।
ਕਾਲੀ ਜ਼ਿਆਦਾਤਰ ਲਾਲੂ ਭਲਵਾਨ ਦੀ ਹਵੇਲੀ ਵਿੱਚ ਹੀ ਰਹਿੰਦਾ। ਉੱਥੇ ਹੀ ਖਾਂਦਾ ਪੀਂਦਾ ਅਤੇ ਉੱਥੇ ਹੀ ਸੌਂ ਜਾਂਦਾ। ਮੁਹੱਲੇ ਵਿੱਚ ਜਦੋਂ ਕਦੇ ਵੀ ਆਉਂਦਾ ਤਾਂ ਕੋਈ-ਨਾ-ਕੋਈ ਉਹਨੂੰ ਇਹ ਖਬਰ ਜ਼ਰੂਰ ਸੁਣਾਉਂਦਾ ਕਿ ਗਿਆਨੋ ਦੀ ਮੰਗਨੀ ਹੋ ਗਈ ਹੈ। ਗੱਲ ਕਰਨ ਦਾ ਢੰਗ ਏਦਾਂ ਦਾ ਹੁੰਦਾ ਜਿਵੇਂ ਪੁੱਛ ਰਿਹਾ ਹੋਵੇ ਕਿ ਹੁਣ ਉਹਦਾ ਕੀ ਬਣੂਗਾ। ਜੱਟਾਂ ਦੇ ਮੁੰਡੇ ਉਹਨੂੰ ਅਵਾਜ਼ ਮਾਰ ਕੇ ਸੱਦਦੇ ਅਤੇ ਮਖੌਲ ਉਡਾਉਂਦੇ ਹੋਏ ਕਹਿੰਦੇ:
"ਚਮਾਰਾ, ਤੂੰ ਮੋਰਨੀ ਦੇ ਜਿਉਂਦੇ ਜੀਅ ਰੰਡਾ ਹੋ ਜਾਣਾ।"
ਦੂਜਾ ਪੁਚਕਾਰ ਕੇ ਕਹਿੰਦਾ, "ਤੂੰ ਇਹਨੂੰ ਨਹੀਂ ਜਾਣਦਾ, ਇਹ ਚਮ੍ਹਾਰਲੀ ਦਾ ਰਾਂਝਾ ਹੈ। ਇਹ  ਕੋਈ ਹੋਰ ਹੀਰ ਲੱਭ ਲਊਗਾ।"
ਲੋਕਾਂ ਦੀਆਂ ਗੱਲਾਂ ਸੁਣ ਕੇ ਕਾਲੀ ਨੂੰ ਸ਼ੱਕ ਹੋਣ ਲੱਗਾ ਕਿ ਗਿਆਨੋ ਆਪਣੀ ਮੰਗਨੀ ਤੋਂ ਸੰਤੁਸ਼ਟ ਹੈ। ਉਹ ਰਾਤ ਨੂੰ ਉੱਠ ਕੇ ਹਰ ਉਸ ਜਗ੍ਹਾ ਜਾਂਦਾ ਜਿੱਥੇ ਉਹ ਮਿਲਿਆ ਕਰਦੇ ਸਨ। ਮੁਹੱਲੇ ਵਿੱਚ ਜਾਂਦਾ ਤਾਂ ਵੀ ਗਿਆਨੋ ਗਲੀ ਵਿੱਚ ਦਿਖਾਈ ਨਾ ਦਿੰਦੀ। ਇਹ ਸਾਰਾ ਕੁਝ ਦੇਖ ਕੇ ਉਹਦਾ ਸ਼ੱਕ ਵਿਸ਼ਵਾਸ ਵਿੱਚ ਬਦਲਣ ਲੱਗਾ। ਕਦੇ ਕਦੇ ਇਹ ਸੋਚ ਕੇ ਉਹਦੇ ਦਿਲ ਵਿੱਚ ਹੂਕ ਜਿਹੀ ਉੱਠਦੀ ਕਿ ਗਿਆਨੋ ਨੇ ਮੰਗਨੀ ਤੋਂ ਬਾਅਦ ਉਹਤੋਂ ਮੂੰਹ ਮੋੜ ਲਿਆ ਹੈ। ਉਹਦਾ ਦਿਲ ਕਰਦਾ ਕਿ ਉਹ ਘੱਟੋ ਘੱਟ ਇਕ ਵਾਰ ਮਿਲ ਪਵੇ ਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਸਕੇ, ਆਪਣੇ ਕੰਨਾਂ ਰਾਹੀਂ ਸੁਣ ਸਕੇ ਕਿ ਉਹ ਖੁਸ਼ ਹੈ।
ਗਲੀਆਂ ਵਿੱਚ ਹਨ੍ਹੇਰਾ ਛਾ ਗਿਆ ਸੀ ਅਤੇ ਘਰਾਂ ਵਿੱਚ ਦੀਵੇ ਬਲ ਚੁੱਕੇ ਸਨ। ਕਾਲੀ ਲਾਲੂ ਭਲਵਾਨ ਦੀ ਹਵੇਲੀ ਵਿੱਚੋਂ ਆਪਣੇ ਘਰ ਨੂੰ ਆ ਰਿਹਾ ਸੀ। ਜੀਤੂ ਦੇ ਘਰ ਦੇ ਸਾਹਮਣਿਉਂ ਲੰਘ ਕੇ ਉਹ ਮੋੜ 'ਤੇ ਪਹੁੰਚਿਆ ਤਾਂ ਉਹਦੇ ਪੈਰ ਰੁਕ ਗਏ।।। ਥੋੜ੍ਹੀ ਦੂਰ 'ਤੇ ਹੀ ਗਿਆਨੋ ਦਾ ਘਰ ਸੀ। ਪਰ ਉਹ ਸਿਰ ਝੁਕਾਈ ਅੱਗੇ ਵਧਣ ਲੱਗਾ। ਗਿਆਨੋ ਦੇ ਘਰ ਦੇ ਬੂਹੇ ਦੇ ਦੋਨੋਂ ਦਰ ਖੁਲ੍ਹੇ ਸਨ। ਵਿਹੜੇ ਵਿੱਚ ਇਕ ਪਾਸੇ ਮਿੱਟੀ ਦੇ ਤੇਲ ਦਾ ਦੀਵਾ ਜਗ ਰਿਹਾ ਸੀ ਅਤੇ ਉਹ ਚੁੱਲ੍ਹੇ ਦੇ ਨੇੜੇ ਦੋਨੋਂ ਗੋਡਿਆਂ ਉੱਤੇ ਠੋਡੀ ਟਿਕਾਈ ਬੈਠੀ ਸੀ। ਉਹਦੇ ਚਿਹਰੇ ਦੇ ਇਕ ਹਿੱਸੇ 'ਤੇ ਚੁੱਲ੍ਹੇ ਵਿੱਚ ਬਲ ਰਹੀ ਮੱਧਮ ਅੱਗ ਦੀ ਰੌਸ਼ਨੀ ਪੈ ਰਹੀ ਸੀ ਅਤੇ ਵਾਲਾਂ ਦੀਆਂ ਲਟਾਂ ਚਿਹਰੇ ਉੱਤੇ ਝੁਕੀਆਂ ਹੋਈਆਂ ਸਨ।
ਕਾਲੀ ਉਹਨੂੰ ਦੇਖ ਕੇ ਰੁਕ ਗਿਆ ਅਤੇ ਫਿਰ ਉਹਦੀ ਦਹਿਲੀਜ਼ ਵੱਲ ਵੱਧਦਾ ਹੋਇਆ ਬਹੁਤ ਹੀ ਧੀਮੀ ਅਵਾਜ਼ ਵਿੱਚ ਬੋਲਿਆ:
"ਗਿਆਨੋ।"
ਉਹ ਉਸ ਹੀ ਤਰ੍ਹਾਂ ਚੁੱਪਚਾਪ ਅਤੇ ਗੁੰਮ-ਸੁੰਮ ਬੈਠੀ ਰਹੀ ਤਾਂ ਉਹਨੇ ਇਕ ਵਾਰ ਅੱਗੇ ਵੱਧ ਕੇ ਉਹਨੂੰ ਫਿਰ ਅਵਾਜ਼ ਮਾਰੀ। ਗਿਆਨੋ ਨੇ ਚੌਂਕ ਕੇ ਉਸ ਵੱਲ ਦੇਖਿਆ ਅਤੇ ਇਕਦਮ ਉੱਠ ਖੜ੍ਹੀ ਹੋਈ ਅਤੇ ਤੇਜ਼ੀ ਨਾਲ ਉਹਦੇ ਕੋਲ ਆ ਗਈ। ਉਹਦੀਆਂ ਅੱਖਾਂ ਫੈਲ ਕੇ ਬਹੁਤ ਵੱਡੀਆਂ ਲੱਗ ਰਹੀਆਂ ਸਨ। ਬੁੱਲ੍ਹ ਕੰਬ ਰਹੇ ਸਨ। ਉਹ ਇਕਟਕ ਉਹਦੀ ਵੱਲ ਦੇਖਦੀ ਰਹੀ।
ਕਾਲੀ ਕੁੱਝ ਪਲ ਉੱਥੇ ਖੜ੍ਹਾ ਉਹਨੂੰ ਦੇਖਦਾ ਰਿਹਾ ਅਤੇ ਲੰਮਾ ਸਾਹ ਛੱਡਦਾ ਹੋਇਆ ਸਿਰ ਝੁਕਾਈ ਦਰਵਾਜ਼ੇ ਵੱਲ ਮੁੜਿਆ। ਗਿਆਨੋ ਨੇ ਅੱਗੇ ਵੱਧ ਕੇ ਉਹਦਾ ਹੱਥ ਫੜ ਲਿਆ।
ਉਹ ਅਜੇ ਕੋਈ ਗੱਲ ਨਹੀਂ ਕਰ ਸਕੇ ਸਨ ਕਿ ਤਾਈ ਨਿਹਾਲੀ ਆ ਗਈ ਅਤੇ ਕਾਲੀ ਨੂੰ ਉੱਥੇ ਖੜਾ ਦੇਖ ਕੇ ਤਿੱਖੀ ਅਵਾਜ਼ ਵਿੱਚ ਬੋਲੀ:
"ਵੇ, ਤੂੰ ਇੱਥੇ ਖੜ੍ਹਾ ਕੀ ਕਰ ਰਿਹਾ ਹੈਂ?" ਫਿਰ ਉਹ ਜੱਸੋ ਨੂੰ ਅਵਾਜ਼ਾਂ ਮਾਰਦੀ ਉੱਚੀ ਅਵਾਜ਼ ਵਿੱਚ ਬੋਲੀ:
"ਜੱਸੋ ਰੰਡੀ ਦਾ ਵੀ ਕੋਈ ਟਿਕਾਣਾ ਨਹੀਂ। ਕੁੜੀ ਪਹਿਲਾਂ ਹੀ ਮੁਸ਼ਟੰਡੀ ਹੈ ਅਤੇ ਉੱਪਰੋਂ ਇਹ ਉਹਨੂੰ ਇਕੱਲੀ ਛੱਡ ਕੇ ਚਲੀ ਜਾਂਦੀ ਹੈ। ਤਾਂ ਕਿ ਉਹ ਯਰਾਨੇ ਪਾਲ ਸਕੇ।"
ਤਾਈ ਨਿਹਾਲੀ ਦੀ ਅਵਾਜ਼ ਸੁਣ ਕੇ ਮੁਹੱਲੇ ਦੇ ਕਈ ਲੋਕ ਇਕੱਠੇ ਹੋ ਗਏ। ਕਾਲੀ ਦਾ ਤਨ ਅਤੇ ਮਨ ਕੰਬਣ ਲੱਗਾ। ਉਹ ਜਿੱਥੇ ਖੜ੍ਹਾ ਸੀ ਉੱਥੇ ਹੀ ਖੜ੍ਹਾ ਰਿਹਾ। ਗਿਆਨੋ ਉਹਦਾ ਹੱਥ ਛੱਡ ਕੇ ਪਿੱਛੇ ਹੱਟ ਗਈ। ਜੱਸੋ ਆਉਂਦੀ ਹੀ ਕਾਲੀ ਦੇ ਦੁਹੱਥੜਾਂ ਮਾਰਨ ਲੱਗੀ ਅਤੇ ਉਹਨੂੰ ਗਾਹਲਾਂ ਕੱਢਣ ਲੱਗੀ। ਕਾਲੀ ਚੁੱਪਚਾਪ ਖੜ੍ਹਾ ਰਿਹਾ। ਮੰਗੂ ਨੇ ਕਾਲੀ ਨੂੰ ਗਲੋਂ ਫੜ ਲਿਆ ਅਤੇ ਉਹਨੂੰ ਜ਼ੋਰ-ਜ਼ੋਰ ਨਾਲ ਕੁੱਟਣ ਲੱਗਾ। ਇਹ ਦੇਖ ਕੇ ਗਿਆਨੋ ਤੜਪ ਉੱਠੀ ਅਤੇ ਉਹਨੂੰ ਛੁਡਾਉਣ ਲਈ ਅੱਗੇ ਵਧੀ ਪਰ ਜੱਸੋ ਨੇ ਧੱਕਾ ਦੇ ਉਹਨੂੰ ਪਿੱਛੇ ਹਟਾ ਦਿੱਤਾ।
ਮੰਗੂ ਦੀ ਦੇਖਾ-ਦੇਖੀ ਜੀਤੂ, ਬੰਤੂ, ਸੰਤੂ ਅਤੇ ਬੱਗੇ ਨੇ ਵੀ ਕਾਲੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਉਹ ਜੋਸ਼ ਵਿੱਚ ਆ ਗਿਆ। ਉਹਨੇ ਬੰਤੂ ਦਾ ਗੁੱਟ ਮਰੋੜ ਦਿੱਤਾ। ਜੀਤੂ ਦੀ ਪੁੜਪੁੜੀ ਵਿੱਚ ਮੁੱਕਾ ਮਾਰਿਆ ਅਤੇ ਸੰਤੂ ਨੂੰ ਧੱਕਾ ਦੇ ਕੇ ਪਿੱਛੇ ਸੁੱਟ ਦਿੱਤਾ ਪਰ ਮੰਗੂ ਤੋਂ ਚੁੱਪਚਾਪ ਕੁੱਟ ਖਾਂਦਾ ਰਿਹਾ।
ਤਾਏ ਬਸੰਤੇ ਨੇ ਮੰਗੂ ਨੂੰ ਰੋਕ ਦਿੱਤਾ ਅਤੇ ਕਾਲੀ ਨੂੰ ਵਾਲਾਂ ਤੋਂ ਫੜ ਕੇ ਝੰਜੋੜਦਾ ਹੋਇਆ ਬੋਲਿਆ:
"ਕੁੱਤੇ ਦਿਆ ਪੁੱਤਾਂ, ਇੱਥੇ ਕੀ ਲੈਣ ਆਇਆ ਸੀ?"
ਕਾਲੀ ਨੇ ਕੋਈ ਜੁਆਬ ਨਾ ਦਿੱਤਾ ਤਾਂ ਤਾਏ ਬਸੰਤੇ ਨੇ ਉਹਨੂੰ ਖੂਬ ਝੰਜੋੜਿਆ ਅਤੇ ਉਹਦੇ ਮੂੰਹ 'ਤੇ ਦੋ ਤਿੰਨ ਥੱਪੜ ਜੜ੍ਹ ਦਿੱਤੇ। ਤੀਵੀਂਆਂ ਗਲੀ ਵਿੱਚ ਖੜੀਆਂ ਕਾਲੀ ਨੂੰ ਤਰ੍ਹਾਂ ਤਰ੍ਹਾਂ ਦੀਆਂ  ਗਾਲ੍ਹਾਂ ਕੱਢਦੀਆਂ ਹੋਈਆਂ ਰੌਲਾ ਪਾ ਰਹੀਆਂ ਸਨ। ਮੰਗੂ ਲੋਕਾਂ ਦੀ ਸ਼ਹਿ ਪਾ ਕੇ ਕਾਲੀ ਦਾ ਖੂਨ ਕਰਨ ਲਈ ਤਿਆਰ ਸੀ।
ਬਾਬਾ ਫੱਤਾ ਆ ਗਿਆ ਤਾਂ ਤਾਇਆ ਬਸੰਤਾ ਪਿੱਛੇ ਹੱਟਦਾ ਹੋਇਆ ਬੋਲਿਆ:
"ਚਾਚਾ, ਮਾਖੇ ਦਾ ਪੁੱਤ ਤਾਂ ਅਨਰਥ ਕਰ ਰਿਹਾ ਹੈ। ਨਾ ਸ਼ਰਮ ਨਾ ਹਿਆ।।। ਦੇਖੋ ਹਨ੍ਹੇਰ ਸਾਈ ਦਾ।।।।"
ਬਾਬੇ ਫੱਤੇ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਅਤੇ ਸ਼ਾਂਤ ਅਵਾਜ਼ ਵਿੱਚ ਬੋਲਿਆ:
"ਤੂੰ ਇੱਥੇ ਕਿਸ ਲਈ ਆਇਆ ਸੀ?।।। ਕੀ ਮੰਗੂ ਨਾਲ ਕੋਈ ਕੰਮ ਸੀ?"
ਕਾਲੀ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ ਤਾਂ ਉਹ ਬੋਲਿਆ:
"ਕੀ ਕੁੱਛ ਮੰਗਣ ਆਇਆ ਸੀ?"
"ਨਹੀਂ।"
"ਕੀ ਚੋਰੀ ਕਰਨ ਆਇਆ ਸੀ?"
"ਨਹੀਂ।" 
"ਤਾਂ ਫਿਰ ਇਹ ਆਪਣੀ ਮਾਂ।।।।" ਤਾਏ ਬਸੰਤੇ ਨੇ ਗੁੱਸੇ ਵਿੱਚ ਕਿਹਾ। ਬਾਬੇ ਫੱਤੇ ਨੇ ਉਹਨੂੰ ਚੁੱਪ ਕਰਾਉਂਦਿਆਂ ਕਾਲੀ ਨੂੰ ਪੁੱਛਿਆ:
"ਕੀ ਬਦਮਾਸ਼ੀ ਕਰਨ ਆਇਆ ਸੀ?"
"ਨਹੀਂ।"
"ਤਾਂ ਫਿਰ ਆਪ ਹੀ ਦੱਸ ਦੇ ਕਿਸ ਲਈ ਆਇਆ ਸੀ।" ਕਾਲੀ ਦਾ ਜਵਾਬ ਸੁਣਨ ਲਈ ਲੋਕਾਂ ਨੇ ਸਾਹ ਰੋਕ ਲਏ ਅਤੇ ਅੱਗੇ ਵੱਧ ਕੇ ਇਕ ਦੂਜੇ ਨਾਲ ਫਸ ਕੇ ਖੜ੍ਹੇ ਹੋ ਗਏ।
ਕਾਲੀ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਹ ਉਹਨੂੰ ਸਮਝਾਉਂਦਾ ਹੋਇਆ ਬੋਲਿਆ:
"ਦੇਖ, ਜਿਸ ਵੇਲੇ ਤੂੰ ਮੰਗੂ ਦੇ ਘਰ ਆਇਆ ਸੀ ਤਾਂ ਉਸ ਸਮੇਂ ਉੱਥੇ ਗਿਆਨੋ ਇਕੱਲੀ ਬੈਠੀ ਸੀ। ਜੇ ਤੇਰੇ ਮਨ ਵਿੱਚ  ਕੋਈ ਪਾਪ ਨਹੀਂ ਸੀ ਤਾਂ ਤੂੰ ਇਹ ਕਹਿ ਦੇ ਕਿ ਗਿਆਨੋ ਤੇਰੀ ਭੈਣ ਲੱਗਦੀ ਹੈ। ਸਾਡੀ ਸਾਰਿਆਂ ਦੀ ਤਸੱਲੀ ਹੋ ਜਾਊਗੀ ਅਤੇ ਮਾਮਲਾ ਰਫਾ-ਦਫਾ ਹੋ ਜਾਊਗਾ।"
ਬਾਬੇ ਫੱਤੇ ਨੇ ਆਪਣਾ ਸਵਾਲ ਕਈ ਵਾਰ ਦੁਹਰਾਇਆ ਤਾਂ ਕਾਲੀ ਧੀਮੀ ਅਵਾਜ਼ ਵਿੱਚ ਬੋਲਿਆ:
"ਪਹਿਲਾਂ ਗਿਆਨੋ ਤੋਂ ਪੁੱਛ ਲਉ।"
"ਉਹਦੇ ਕੋਲੋਂ ਪੁੱਛ ਲੈਂਦੇ ਹਾਂ।" ਬਾਬਾ ਫੱਤਾ ਗਿਆਨੋ ਨੂੰ ਅਵਾਜ਼ ਦੇ ਕੇ ਬੋਲਿਆ। "ਪੁੱਤ ਪਹਿਲਾਂ ਤੂੰ ਕਹਿ ਦੇ ਕਿ ਇਹ ਤੇਰਾ ਭਰਾ ਲੱਗਦਾ ਹੈ।"
ਗਿਆਨੋ ਚੁੱਪ ਰਹੀ ਤਾਂ ਜੱਸੋ ਚੀਕ ਕੇ ਬੋਲੀ:
"ਸਿਰਮੁੰਨੀਏ, ਬੋਲਦੀ ਕਿਉਂ ਨਹੀਂ।"
ਗਿਆਨੋ ਨੇ ਸਾਰਿਆਂ ਉੱਤੇ ਨਿਗ੍ਹਾ ਮਾਰੀ ਅਤੇ ਕਾਲੀ ਵੱਲ ਇਸ਼ਾਰਾ ਕਰਦੀ ਹੋਈ ਬੋਲੀ:
"ਜੇ ਇਹ ਆਪਣੀ ਛਾਤੀ 'ਤੇ ਹੱਥ ਰੱਖ ਕੇ ਕਹਿ ਦੇਵੇ ਕਿ ਇਹ ਮੈਨੂੰ ਆਪਣੀ ਭੈਣ ਸਮਝਦਾ ਹੈ ਤਾਂ ਮੈਂ ਮੰਨ ਲਊਂਗੀ।"
ਕਾਲੀ ਨੇ ਚੌਂਕ ਕੇ ਗਿਆਨੋ ਵੱਲ ਦੇਖਿਆ ਅਤੇ ਤਾਏ ਬਸੰਤੇ ਦੀ ਗ੍ਰਿਫਤ ਤੋਂ ਆਪਣਾ ਹੱਥ ਛੁਡਾਉਂਦਾ ਹੋਇਆ ਬੋਲਿਆ:
"ਨਹੀਂ, ਮੈਂ ਨਹੀਂ ਕਹੁੰਗਾ।"
ਲੋਕ ਇਕ ਵਾਰ ਫਿਰ ਰੌਲਾ ਪਾਉਣ ਲੱਗੇ। ਕਾਲੀ ਭੀੜ ਨੂੰ ਚੀਰਦਾ ਹੋਇਆ ਤੇਜ਼ ਤੇਜ਼ ਕਦਮਾਂ ਨਾਲ ਅੱਗੇ ਵੱਧ ਗਿਆ।


47

ਅਗਲੇ ਹੀ ਦਿਨ ਲਾਲੂ ਭਲਵਾਨ ਨੇ ਕਾਲੀ ਨੂੰ ਕੱਢ ਦਿੱਤਾ। ਤਿੰਨ ਦਿਨਾਂ ਬਾਅਦ ਪ੍ਰਸਿੰਨੀ ਨੇ ਗਿਆਨੋ ਅਤੇ ਮੰਗੂ ਦੋਹਾਂ ਦੀਆਂ ਮੰਗਣੀਆਂ ਤੋੜ ਦਿੱਤੀਆਂ। ਕੁਛ ਦਿਨਾਂ ਲਈ ਗਿਆਨੋ ਅਤੇ ਕਾਲੀ ਦੋਹਾਂ ਨੂੰ ਬਹੁਤ ਦੁੱਖ ਝੱਲਣੇ ਪਏ। ਕਾਲੀ ਨੂੰ ਪਿੰਡ ਦਾ ਕੋਈ ਵੀ ਚੌਧਰੀ ਅਤੇ ਦੁਕਾਨਦਾਰ ਕੰਮ ਦੇਣ ਲਈ ਤਾਂ ਕੀ ਮੂੰਹ ਲਾਉਣ ਲਈ ਵੀ ਤਿਆਰ ਨਹੀਂ ਸੀ। ਮੁਹੱਲੇ ਦਾ ਕੋਈ ਵੀ ਆਦਮੀ ਉਹਦੀ ਸ਼ਕਲ ਨਹੀਂ ਸੀ ਦੇਖਣੀ ਚਾਹੁੰਦਾ ਸੀ। ਉਹ ਸਾਰਾ ਦਿਨ ਘਰ ਦੇ ਅੰਦਰ ਬੰਦ ਰਹਿੰਦਾ ਅਤੇ ਗਲੀ ਵਿੱਚ ਆਉਂਦੇ-ਜਾਂਦੇ ਲੋਕਾਂ ਦੀਆਂ ਗਾਹਲਾਂ ਅਤੇ ਅਵਾਜ਼ਾਂ ਸੁਣਦਾ ਰਹਿੰਦਾ।
ਮੰਗੂ, ਜੱਸੋ ਅਤੇ ਮੁਹੱਲੇ ਦੇ ਲੋਕ ਗਿਆਨੋ 'ਤੇ ਸਖਤ ਨਿਗਰਾਨੀ ਰੱਖਣ ਲੱਗੇ। ਉਹ ਬਾਹਰ ਜਾਂਦੀ ਤਾਂ ਜੱਸੋ ਉਹਦਾ ਪਿੱਛਾ ਕਰਦੀ। ਰਾਤ ਨੂੰ ਮੰਜੇ ਤੇ ਪੈਂਦੀ ਤਾਂ ਉਹਦੇ ਹੱਥ ਪੈਰ ਰੱਸੀ ਨਾਲ ਬੰਨ ਦਿੱਤੇ ਜਾਂਦੇ।
ਪਰ ਹੌਲੀ-ਹੌਲੀ ਤਾਜ਼ਾ ਘਟਨਾ ਦੀ ਚਰਚਾ ਘਟਣ ਲੱਗੀ। ਲੋਕਾਂ ਦੇ ਅੰਦਰ ਗਿਆਨੋ ਅਤੇ ਕਾਲੀ ਬਾਰੇ ਨਫਰਤ ਦੀ ਥਾਂ ਬੇਰੁਖੀ ਨੇ ਲੈਣੀ ਸ਼ੁਰੂ ਕਰ ਦਿੱਤੀ। ਕਾਲੀ ਟਾਂਡਾ ਉੜਮੁੜ ਦੇ ਅੱਡੇ 'ਤੇ ਮਿਹਨਤ ਮਜ਼ਦੂਰੀ ਕਰਨ ਲੱਗਾ। ਉਹ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਿੰਡੋਂ ਚਲਾ ਜਾਂਦਾ ਅਤੇ ਰਾਤ ਪਈ ਵਾਪਸ ਆਉਂਦਾ। ਗਿਆਨੋ ਵੀ ਕੰਮ-ਕਾਰ ਲਈ ਗਲੀ-ਮੁਹੱਲੇ ਵਿੱਚ ਆਉਣ ਲੱਗੀ।
ਕੁੱਝ ਦਿਨ ਲੰਘਣ ਬਾਅਦ ਜੱਸੋ ਨੇ ਗਿਆਨੋ ਦੀ ਮੰਗਣੀ ਦੀ ਗੱਲ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੀ। ਉਹ ਪ੍ਰੀਤੋ ਦੇ ਘਰ ਉਹਦੇ ਉਸ ਹੀ ਰਿਸ਼ਤੇਦਾਰ ਮੁੰਡੇ ਦਾ ਰਿਸ਼ਤਾ ਮੰਗਣ ਗਈ ਜੋ ਕਾਣਾ ਸੀ। ਪਰ ਪ੍ਰੀਤੋ ਨੇ ਉਹਨਾਂ ਠੁਕਰਾ ਦਿੱਤਾ। ਉਹ ਨੱਕ ਸਿਕੋੜਦੀ ਬੋਲੀ:
"ਅਣਜਾਣੇ ਵਿੱਚ  ਤਾਂ ਮੱਖੀ ਨਿਗਲੀ ਜਾ ਸਕਦੀ ਹੈ ਪਰ ਅੱਖੀਂ ਦੇਖ ਕੇ ਕੌਣ ਨਿਗਲੇਗਾ। ਜਿਹੜੀ ਕੁੜੀ ਅੱਜ ਕੁੜਮਾਈ ਛੱਡ ਸਕਦੀ ਹੈ ਉਹ ਕੱਲ੍ਹ ਵਿਆਹ ਵੀ ਤੋੜ ਸਕਦੀ ਹੈ।"
ਪ੍ਰੀਤੋ ਦੀਆਂ ਸੜੀਆਂ-ਬਲੀਆਂ ਗੱਲਾਂ ਸੁਣ ਕੇ ਜੱਸੋ ਘਰ ਵਾਪਸ ਆ ਗਈ ਅਤੇ ਉਹਨੇ ਗਿਆਨੋ ਨੁੰ ਬਹੁਤ ਕੁੱਟਿਆ ਅਤੇ ਆਪ ਵੀ ਬਹੁਤ ਰੋਈ। ਉਹ ਉਹਦੇ ਲਈ ਸਿਰਫ ਵਰ ਚਾਹੁੰਦੀ ਸੀ। ਹੁਣ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਉਹ ਕਾਣਾ ਹੈ ਜਾਂ ਲੰਗੜਾ, ਲੂਲਾ ਹੈ ਜਾਂ ਅਪਾਹਿਜ਼ ਆਖਿਰਕਾਰ ਉਹਨੂੰ ਇਕ ਤਿੰਨ ਬੱਚਿਆਂ ਦਾ ਰੰਡਾ ਬਾਪ ਮਿਲ ਗਿਆ ਜਿਸ ਨੂੰ ਗਿਆਨੋ ਦੇ ਨਾਲ ਵਿਆਹ ਨੂੰ ਮਨਾਇਆ ਜਾ ਸਕਦਾ ਸੀ।
ਜੱਸੋ ਉਹਦੇ ਬਾਰੇ ਵਿੱਚ ਗੱਲਬਾਤ ਚਲਾ ਰਹੀ ਸੀ ਕਿ ਇਕ ਦਿਨ ਚੌਧਰੀ ਮੁਨਸ਼ੀ ਦੀ ਪਤਨੀ ਨੇ ਉਹਨੂੰ ਆਪਣੇ ਕੋਲ ਸੱਦਿਆ। ਚੌਧਰਾਣੀ ਉਹਨੂੰ ਇਕ ਪਾਸੇ ਲਿਜਾ ਕੇ ਭੇਤਭਰੀ ਅਵਾਜ਼ ਵਿੱਚ ਬੋਲੀ:
"ਨੀ ਜੱਸੋ, ਤੇਰੀ ਕੁੜੀ ਦੇ ਕਿਤੇ ਪੈਰ ਤਾਂ ਨਹੀਂ ਭਾਰੇ?"
"ਕਿਉਂ?" ਜੱਸੋ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ।
"ਕੱਲ੍ਹ ਜਦੋਂ ਉਹ ਇੱਥੇ ਕੰਮ ਕਰਨ ਆਈ ਤਾਂ ਇਸ ਤਰ੍ਹਾਂ ਉਲਟੀਆਂ ਕਰਨ ਲੱਗੀ ਜਿਵੇਂ ਕੁੜੀਆਂ ਪਹਿਲੀ ਵਾਰ ਗਰਭਵਤੀ ਹੋਣ 'ਤੇ ਕਰਦੀਆਂ ਹਨ। ਮੈਂ ਪੁੱਛਿਆ ਤਾਂ ਕਹਿਣ ਲੱਗੀ ਕਿ ਉਹਦਾ ਜੀਅ ਖਰਾਬ ਹੈ ਅਤੇ ਢਿੱਡ ਵਿੱਚ ਗੜਬੜ ਦੀ ਵਜਹ ਕਾਰਨ ਉਹਨੂੰ ਕਈ ਵਾਰ ਉਲਟੀ ਆ ਜਾਂਦੀ ਹੈ।।। ਮੈਨੂੰ  ਸ਼ੱਕ ਹੈ, ਤੂੰ ਉਹਤੋਂ ਪਤਾ ਕਰੀਂ।" ਚੌਧਰਾਣੀ ਸਮਝਾਉਂਦੀ ਹੋਈ ਬੋਲੀ:
"ਕੁੜੀ ਪਰਾਇਆ ਧਨ ਹੁੰਦੀ ਹੈ। ਜੇ ਮੇਰਾ ਸ਼ੱਕ ਠੀਕ ਨਿਕਲਿਆ ਤਾਂ ਬਹੁਤ ਬੁਰੀ ਗੱਲ ਹੋਊਗੀ। ਕੁੜੀ ਸਾਰੀ ਉਮਰ ਲਈ ਦਾਗੀ ਹੋ ਜਾਊਗੀ।"
ਚੌਧਰਾਣੀ ਜ਼ਿਆਦਾ ਪੁੱਛ-ਗਿੱਛ ਕਰਨ ਲੱਗੀ ਤਾਂ ਜੱਸੋ ਵਾਪਸ ਆ ਗਈ। ਗੁੱਸੇ ਅਤੇ ਡਰ ਨਾਲ ਉਹਦਾ ਸਾਰਾ ਸਰੀਰ ਕੰਬ ਰਿਹਾ ਸੀ। ਉਹ ਡਿੱਗਦੀ ਢਹਿੰਦੀ ਆਪਣੇ ਘਰ ਪਹੁੰਚੀ ਅਤੇ ਸਿਰ ਫੜ ਕੇ ਬੈਠ ਗਈ। ਉਹ ਗਿਆਨੋ ਨੂੰ ਘਰ ਦਾ ਕੰਮ-ਕਾਰ ਕਰਦੀ ਨੂੰ ਬਹੁਤ ਧਿਆਨ ਨਾਲ ਦੇਖਦੀ ਰਹੀ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਬਾਰੇ ਵਿੱਚ ਗਿਆਨੋ ਤੋਂ ਕਿਵੇਂ ਪੁੱਚੇ। ਉਹ ਚੌਵ੍ਹੀ ਘੰਟੇ ਇਸ ਫਿਕਰ ਵਿੱਚ ਹੀ ਘੁਲਦੀ ਰਹਿੰਦੀ। ਜੇ ਗਿਆਨੋ ਸੱਚਮੁੱਚ ਹੀ ਗਰਭਵਤੀ ਹੋਈ ਤਾਂ ਇਹਦਾ ਕੀ ਬਣੂਗਾ। ਇਹਦੇ ਨਾਲ ਕੋਈ ਵਿਆਹ ਨਹੀਂ ਕਰੂਗਾ ਅਤੇ ਉਹ ਗਲੀ -ਮੁਹੱਲੇ ਵਿੱਚ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਿਣਗੇ। ਮੰਗੂ ਨੂੰ ਵੀ ਕੋਈ ਕੁੜੀ ਦੇਣ ਲਈ ਤਿਆਰ ਨਹੀਂ ਹੋਵੇਗਾ।
ਰਾਤ ਨੂੰ ਗਿਆਨੋ ਸੌਂ ਗਈ ਤਾਂ ਜੱਸੋ ਉੱਠ ਕੇ ਉਹਦੇ ਪੁਆਂਦੀ ਬਹਿ ਗਈ ਅਤੇ ਉਹਦਾ ਢਿੱਡ ਟੋਹਣਾ ਸ਼ੁਰੂ ਕਰ ਦਿੱਤਾ। ਗਿਆਨੋ ਦੀ ਅੱਖ ਖੁੱਲ੍ਹ ਗਈ ਅਤੇ ਉਹ ਹੈਰਾਨੀ ਨਾਲ ਆਪਣੀ ਮਾਂ ਨੂੰ ਘੂਰਦੀ ਹੋਈ ਬੋਲੀ:
"ਮਾਂ, ਕੀ ਹੈ?"
ਜੱਸੋ ਨੇ ਪਹਿਲਾਂ ਤਾਂ ਘੁਮਾ-ਫਿਰਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗਿਆਨੋ ਦੀ ਸਮਝ ਵਿੱਚ ਗੱਲ ਨਹੀਂ ਆਈ ਤਾਂ ਉਹਨੇ ਸਿੱਧੀ ਤਰ੍ਹਾਂ ਪੁੱਛ ਲਿਆ।
ਗਿਆਨੋ ਦਾ ਰੰਗ ਉੱਡ ਗਿਆ ਅਤੇ ਉਹ ਡੂੰਘੀ ਚਿੰਤਾ ਨਾਲ ਬੋਲੀ:
"ਮਾਂ, ਮੈਨੂੰ ਪਤਾ ਨਹੀਂ ਹੈ।"
ਜੱਸੋ ਉਹਨੂੰ ਦੁਲਾਰਦੀ ਹੋਈ ਬੋਲੀ:
"ਪੁੱਤ, ਇਹਦੇ ਵਿੱਚ ਸਾਰਿਆਂ ਦੀ ਭਲਾਈ ਹੈ। ਇਸ ਵਿੱਚ ਹੀ ਸਾਰਿਆਂ ਦੀ ਇੱਜ਼ਤ ਹੈ ਕਿ ਤੂੰ ਸਾਫ ਸਾਫ ਦੱਸ ਦੇਵੇਂ।" ਜੱਸੋ ਨਾਲ ਨਾਲ ਹੀ ਰੱਬ ਅੱਗੇ ਅਰਦਾਸ ਕਰ ਰਹੀ ਸੀ ਕਿ ਚੌਧਰਾਣੀ ਦਾ ਸ਼ੱਕ ਨਿਰਆਧਾਰ ਸਿੱਧ ਹੋਵੇ।
ਗਿਆਨੋ ਕੁੱਝ ਦੱਸਣ ਵਿੱਚ ਅਸਫਲ ਰਹੀ ਤਾਂ ਜੱਸੋ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣ ਲੱਗੀ ਤਾਂ ਕਿ ਉਹਨਾਂ ਦੇ ਜਵਾਬਾਂ ਤੋਂ ਕਿਸੇ ਨਤੀਜੇ 'ਤੇ ਪਹੁੰਚ ਸਕੇ। ਹੌਲੀ-ਹੌਲੀ ਜੱਸੋ ਨੇ ਉਹਦੀ ਮਾਂਹਵਾਰੀ ਬਾਰੇ ਪੁੱਛਿਆ ਅਤੇ ਗਿਆਨੋ ਦਾ ਜਵਾਬ ਸੁਣ  ਕੇ ਕਈ ਸਾਲਾਂ ਦੇ ਉਹਦੇ ਤਜਰਬੇ ਨੇ ਦੱਸ ਦਿੱਤਾ ਕਿ ਚੌਧਰਾਣੀ ਦਾ ਸ਼ੱਕ ਸਹੀ ਹੈ। ਉਹ ਚੀਕ ਕੇ ਬੋਲੀ:
"ਸਿਰਮੁੰਨੀਏ, ਤੂੰ ਅਨਰਥ ਕਰ ਦਿੱਤਾ ਹੈ। ਤੂੰ ਜੰਮਦਿਆਂ ਹੀ ਮਰ ਜਾਂਦੀ ਤਾਂ ਚੰਗਾ ਸੀ।"
ਜੱਸੋ ਰੋਂਦੀ ਹੋਈ ਕਦੇ ਗਿਆਨੋ ਨੂੰ ਦੁਹੱਥੜਾਂ ਮਾਰਦੀ ਅਤੇ ਕਦੇ ਆਪਣਾ ਸਿਰ ਪਿੱਟਣਾ ਸ਼ੁਰੂ ਕਰ ਦਿੰਦੀ।
ਉਹ ਇਸ ਮਾਮਲੇ ਬਾਰੇ ਜਿੰਨਾ ਜ਼ਿਆਦਾ ਸੋਚਦੀ ਉਹਨੂੰ ਉਨਾ ਜ਼ਿਆਦਾ ਹੀ ਡਰ ਮਹਿਸੂਸ ਹੋਣ ਲੱਗਦਾ। ਕਈ ਵਾਰ ਉਹਦੇ ਮਨ ਵਿੱਚ ਵਿਚਾਰ ਆਉਂਦਾ ਕਿ ਉਹਦਾ ਵਿਆਹ ਕਾਲੀ ਨਾਲ ਕਰ ਦੇਵੇ ਪਰ ਇਹ ਸੋਚ ਕੇ ਕੰਬ ਜਾਂਦੀ ਕਿ ਆਪਣੇ  ਹੀ ਪਿੰਡ, ਆਪਣੇ ਹੀ ਮੁਹੱਲੇ, ਆਪਣੀ ਹੀ ਗਲੀ ਅਤੇ ਆਪਣੇ ਹੀ ਗੋਤ ਦੇ ਮੁੰਡੇ ਨਾਲ ਕਿਵੇਂ ਵਿਆਹ ਕਰ ਸਕਦੀ  ਹੈ। ਇਸ ਤਰ੍ਹਾਂ ਅੱਜ ਤੱਕ ਕਦੇ ਨਹੀਂ ਹੋਇਆ। ਮੁਹੱਲੇ ਵਾਲੇ ਇਹ ਸੁਣਦਿਆਂ ਹੀ ਖਾ ਜਾਣਗੇ ਅਤੇ ਉਹਨਾਂ ਨੂੰ ਇਲਾਕੇ ਵਿੱਚ ਤਾਂ ਕੀ ਕਬਰਾਂ ਵਿੱਚ ਵੀ ਥਾਂ ਨਹੀਂ ਲੱਭੇਗੀ।
ਜੱਸੋ ਦੇ ਸਾਹਮਣੇ ਦੂਜੀ ਵੱਡੀ ਸਮੱਸਿਆ ਇਹ ਸੀ ਕਿ ਉਹ ਮੰਗੂ ਨੂੰ ਦੱਸ ਦੇਵੇ ਜਾਂ ਇਸ ਗੱਲ ਨੂੰ ਆਪਣੇ ਤੱਕ ਹੀ ਰੱਖੇ। ਗਿਆਨੋ ਨੂੰ ਉੱਠਦਿਆਂ-ਬੈਠਦਿਆਂ ਦੇਖ ਕੇ ਉਹ ਰੋ ਪੈਂਦੀ। ਜੇ ਵਿਆਹ ਤੋਂ ਬਾਅਦ ਗਰਭਵਤੀ ਹੁੰਦੀ ਤਾਂ ਲੋਕ ਉਹਦੇ ਘਰ ਵਧਾਈ ਦੇਣ ਆਉਂਦੇ। ਉਹ ਆਪ ਲੋਕਾਂ ਨੂੰ ਦੱਸਦੀ ਕਿ ਉਹਦੀ ਧੀ ਮਾਂ ਬਣਨ ਵਾਲੀ ਹੈ। ਗਲੀ-ਮੁਹੱਲੇ ਦੀਆਂ ਤੀਵੀਂਆ ਉਹਦਾ ਦਿਲ ਪਰਚਾਉਂਦੀਆਂ ਅਤੇ ਉਹਦੇ ਨਾਲ ਛੇੜ-ਛਾੜ ਕਰਦੀਆਂ। ਇਹਦੇ ਸਹੁਰੇ ਕੱਪੜੇ ਭੇਜਦੇ।
ਗਿਆਨੋ ਆਪਣੀ ਜਗਹ ਪਰ ਬਹੁਤ ਜ਼ਿਆਦਾ ਫਿਕਰਮੰਦ ਸੀ। ਉਹਨੂੰ  ਪਤਾ ਸੀ ਕਿ ਇਸ ਪਿੰਡ ਵਿੱਚ ਰਹਿੰਦਿਆਂ ਕਾਲੀ ਦੇ ਨਾਲ ਉਹਦਾ ਵਿਆਹ ਨਹੀਂ ਹੋ ਸਕਣਾ। ਉਸ ਲਈ ਤਾਂ ਕਾਲੀ ਨਾਲ ਮਿਲਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ। ਉਹ ਬਹੁਤ ਰਾਤ ਗਈ ਆਉਂਦਾ ਅਤੇ ਸਵੇਰੇ-ਸਵੇਰੇ ਹੀ ਨਿਕਲ ਜਾਂਦਾ। ਉਹਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕਿਸ ਤਰ੍ਹਾਂ ਉਹਨੂੰ ਇਹ ਖਬਰ ਪਹੁੰਚਾਵੇ ਕਿ ਉਹ ਬਹੁਤ ਮੁਸ਼ਕਿਲ ਵਿੱਚ ਫਸ ਗਈ ਹੈ।
ਜੱਸੋ ਨੇ ਫੈਸਲਾ ਕੀਤਾ ਕਿ ਅਜੇ ਉਹ ਮੰਗੂ ਨੂੰ ਕੁੱਝ ਨਹੀਂ ਦੱਸੇਗੀ। ਉਹਨੂੰ ਚੌਧਰਾਣੀ ਨੇ ਫਿਰ ਸੱਦਿਆ ਤਾਂ ਉਹ ਉਹਨੂੰ ਕਹਿ ਆਈ ਕਿ ਉਹਦਾ ਸ਼ੱਕ ਨਿਰਆਧਾਰ ਹੈ। ਪਰ ਇਹ ਕਹਿੰਦਿਆਂ ਉਹਦੀ ਜ਼ਬਾਨ ਕੰਬ ਗਈ ਅਤੇ ਚੌਧਰਾਣੀ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ। ਉਹਨੇ ਚਮ੍ਹਾਰਲੀ ਦੀਆਂ ਹੋਰ ਔਰਤਾਂ ਨਾਲ ਗੱਲ ਕਰ ਦਿੱਤੀ। ਉਹਨਾਂ ਦੀ ਵੀ ਜਗਿਆਸਾ ਜਾਗ ਉੱਠੀ ਅਤੇ ਉਹ ਗਿਆਨੋ ਨੂੰ ਆਉਂਦਿਆਂ-ਜਾਂਦਿਆਂ ਬਹੁਤ ਧਿਆਨ ਨਾਲ ਦੇਖਦੀਆਂ।
ਉਹਨੇ ਗਿਆਨੋ ਨੂੰ ਗਰਮ ਚੀਜ਼ਾਂ ਦਾ ਉਹ ਕਾੜ੍ਹਾ ਪਿਲਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਪਸ਼ੂਆਂ ਨੂੰ ਠੰਢ ਲੱਗਣ 'ਤੇ ਦਿੱਤਾ ਜਾਂਦਾ ਹੈ। ਗਿਆਨੋ ਕੌੜਾ ਅਤੇ ਕਸੈਲਾ ਕਾੜ੍ਹਾ ਵੀ ਚਾਅ ਨਾਲ ਪੀਂਦੀ ਰਹੀ। ਜੱਸੋ ਨੇ ਉਹਨੂੰ ਸਖਤ ਹਿਦਾਇਤ ਕਰ ਦਿੱਤੀ ਕਿ ਉਹ ਘਰ ਤੋਂ ਬਾਹਰ ਅਤੇ ਕਿਸੇ ਦੇ ਸਾਹਮਣੇ ਪਿਸ਼ਾਬ ਨਾ ਕਰੇ। ਉਹ ਜਿੰਨੀ ਵਾਰ ਪਿਸ਼ਾਬ ਕਰਦੀ ਜੱਸੋ ਧਿਆਨ ਨਾਲ ਉਹਦਾ ਨਿਰੀਖਣ ਕਰਦੀ ਅਤੇ ਉਸ ਵਿੱਚ ਖੂਨ ਦੇ ਧੱਬੇ ਨਾ ਦੇਖ  ਕੇ ਨਿਰਾਸ਼ ਹੋ ਜਾਂਦੀ।
ਤਿੰਨ ਦਿਨ ਤੱਕ ਕਾੜ੍ਹਾ ਪੀਣ ਤੋਂ ਬਾਅਦ ਗਿਆਨੋ ਦਾ ਪੇਟ ਸਖਤ ਖਰਾਬ ਹੋ ਗਿਆ ਅਤੇ ਉਹਨੂੰ ਦਸਤ ਲੱਗ ਗਏ। ਜੱਸੋ ਦੀ ਨਿਰਾਸ਼ਾ ਆਸ ਵਿੱਚ ਬਦਲ ਗਈ। ਗਿਆਨੋ ਨੂੰ ਕਈ ਵਾਰ ਰਾਤ ਨੂੰ ਵੀ ਬਾਹਰ ਜਾਣਾ ਪੈਂਦਾ। ਜੱਸੋ ਦੋ-ਚਾਰ ਵਾਰ ਉਹਦੇ ਨਾਲ ਗਈ ਪਰ ਬਾਅਦ ਵਿੱਚ ਗਿਆਨੋ ਇਕੱਲੀ ਜਾਣ ਲੱਗ ਪਈ।
ਗਿਆਨੋ ਰਾਤ ਨੂੰ ਖੇਤਾਂ ਵਿੱਚੋਂ ਵਾਪਸ ਆ ਰਹੀ ਸੀ ਕਿ ਕਾਲੀ ਦੇ ਘਰ ਵਿੱਚ ਉਹਨੂੰ ਰੌਸ਼ਨੀ ਦਿਖਾਈ  ਦਿੱਤੀ। ਉਹ ਬੇ-ਝਿਜਕ Aਹਦੇ ਦਰਵਾਜ਼ੇ ਵੱਲ ਵੱਧ ਗਈ। ਪਹਿਲੀ ਦਸਤਕ 'ਤੇ ਉਹਨੇ ਬੂਹਾ ਖੋਲ੍ਹ ਦਿੱਤਾ। ਗਿਆਨੋ ਨੂੰ ਬਹੁਤ ਹੀ ਕਮਜ਼ੋਰ, ਪਰੇਸ਼ਾਨ ਅਤੇ ਹਤਾਸ਼ ਦੇਖ ਕੇ ਕਾਲੀ ਦੇ ਕਾਲਜੇ ਵਿੱਚ ਖੋਹ ਪਈ। ਉਹਦਾ ਉੱਡਿਆ ਹੋਇਆ ਜੋਬਨ ਅਤੇ ਰੰਗਰੂਪ ਦੇਖ ਕੇ ਗਿਆਨੋ ਨੂੰ ਵੀ ਬਹੁਤ ਦੁੱਖ ਪਹੁੰਚਿਆ।
ਗਿਆਨੋ ਉਹਦੇ ਨੇੜੇ ਆ ਗਈ ਅਤੇ ਕੁੱਝ ਦੇਰ ਤੱਕ ਦੋਵੇਂ ਖਾਮੋਸ਼ ਬੈਠੇ ਰਹੇ। ਪਹਿਲਾਂ ਉਹ ਮਿਲਦੇ ਤਾਂ ਆਪਣੇ ਸਾਰੇ ਦੁੱਖ-ਦਰਦ ਭੁੱਲ ਕੇ ਖੁਸ਼ੀ ਵਿੱਚ ਡੁੱਬ ਜਾਂਦੇ ਸੀ ਪਰ ਅੱਜ ਦੋਨਾਂ ਦੇ ਦੁੱਖ ਪਹਿਲਾਂ ਨਾਲੋ ਬਹੁਤ ਜ਼ਿਆਦਾ ਵੱਧ ਚੁੱਕੇ ਸਨ। ਗਿਆਨੋ ਨਜ਼ਰਾਂ ਝੁਕਾਈ ਬੈਠੀ ਸੀ। ਕਾਲੀ ਨੇ ਹੌਂਸਲਾ ਕਰਕੇ ਉਹਦਾ ਚਿਹਰਾ ਉੱਪਰ ਚੁੱਕਿਆ ਤਾਂ ਉਹਦੀਆਂ ਅੱਖਾਂ ਵਿੱਚ ਛਲਕ ਰਹੇ ਹੰਝੂ ਗੱਲਾਂ 'ਤੇ ਵਗਣ ਲੱਗੇ। ਉਹ ਹੰਝੂ ਪੂੰਝਦੀ ਬਹੁਤ ਹੀ ਤਰਲੇ ਭਰੀ ਅਵਾਜ਼ ਵਿੱਚ ਬੋਲੀ:
"ਮੈਨੂੰ ਇੱਥੋਂ ਕਿਤੇ ਲੈ ਜਾ। ਗੱਲ ਬਹੁਤ ਵਿਗੜ ਗਈ ਹੈ।"
ਗਿਆਨੋ ਨੇ ਕਾਲੀ ਨੂੰ ਆਪਣੇ ਗਰਭ ਬਾਰੇ ਦੱਸਿਆ ਤਾਂ ਉਹਦੀਆਂ ਅੱਖਾਂ ਫੈਲ ਗਈਆਂ। ਉਹ ਡਰ ਨਾਲ ਕੰਬਣ ਲੱਗੀ। ਹੌਲੀ-ਹੌਲੀ ਉਹਨੇ ਆਪਣੇ-ਆਪ 'ਤੇ ਕਾਬੂ ਪਾ ਲਿਆ ਅਤੇ ਆਪਣੀ ਅਵਾਜ਼ ਵਿੱਚ ਠਰੰਮਾ ਲਿਆਉਣ ਦੀ ਕੋਸ਼ਿਸ਼ ਕਰਦਾ ਬੋਲਿਆ, "ਮੈਂ ਇਕ-ਦੋ ਦਿਨ ਵਿੱਚ ਕੁੱਛ ਨਾ ਕੁੱਛ ਕਰੂੰਗਾ।" ਕਹਿ ਕੇ ਕਾਲੀ ਸੋਚ ਵਿੱਚ ਪੈ ਗਿਆ ਅਤੇ ਫਿਰ ਗਿਆਨੋ ਦਾ ਸਿਰ ਸਹਿਲਾਉਂਦਾ ਹੋਇਆ ਬੋਲਿਆ:
"ਤੂੰ ਇਸਾਈ ਬਣਨ ਨੂੰ ਤਿਆਰ ਹੈਂ ਨਾ?"
"ਤੇਰੇ ਨਾਲ ਤੂੰ ਜੋ ਕਹੇਂਗਾ ਬਣ ਜਾਊਂਗੀ ਪਰ ਮੈਨੂੰ ਇੱਥੋਂ ਕੱਢ ਲੈ।"
"ਅੱਛਾ, ਕੱਲ੍ਹ ਦੱਸੂੰਗਾ, ਤੂੰ ਪਹਿਰਾ ਸ਼ੁਰੂ ਹੋਣ ਵੇਲੇ ਤਕੀਏ ਤੋਂ ਪਰ੍ਹੇ ਮਿਲੀਂ। ਮੈਂ ਉੱਥੇ ਤੇਰੀ ਉਡੀਕ ਕਰੂੰਗਾ।"
ਕਾਲੀ ਸਵੇਰੇ ਉੱਠਦੇ ਸਾਰ ਹੀ ਪਾਦਰੀ ਦੇ ਕੋਲ ਗਿਆ। ਉਹ ਹਮੇਸ਼ਾਂ ਦੀ ਤਰ੍ਹਾਂ ਖੁਸ਼ੀ ਨਾਲ ਮਿਲਿਆ ਅਤੇ ਇੱਧਰ-ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਕਾਲੀ ਨੂੰ ਉਦਾਸ ਅਵਾਜ਼ ਵਿੱਚ ਕਹਿਣ ਲੱਗਾ:
"ਇਹ ਪਿੰਡ ਬਹੁਤ ਖਰਾਬ ਹੈ। ਇੱਥੋਂ ਦੇ ਲੋਕਾਂ ਦੇ ਖਿਆਲਾਤ ਬਹੁਤ ਗੰਦੇ ਹਨ। ਚੰਗੇ ਭਲੇ ਬੰਦੇ ਵਿੱਚ ਕੀੜੇ ਕੱਢਦੇ ਹਨ। ਯੀਸੂ ਮਸੀਹ ਇਹਨਾਂ 'ਤੇ ਰਹਿਮ ਕਰੇ।" ਪਾਦਰੀ ਨੇ ਛਾਤੀ 'ਤੇ ਹੱਥ ਨਾਲ ਕਰਾਸ ਬਣਾ ਕੇ ਕਿਹਾ।
ਕਾਲੀ ਪਾਦਰੀ ਦੇ ਮੂੰਹ ਤੋਂ ਧੀਰਜ ਬਣਾਉਣ ਵਾਲੇ ਸ਼ਬਦ ਸੁਣ ਕੇ ਧੀਮੀ ਅਵਾਜ਼ ਵਿੱਚ ਆਪਣੇ ਮਨ ਦੀ ਗੱਲ ਦੱਸਣ ਲੱਗਾ। ਪਾਦਰੀ ਦੀ ਹਮਦਰਦੀ ਲਗਾਤਾਰ ਉਹਦੇ ਨਾਲ ਵੱਧਦੀ ਜਾ ਰਹੀ ਸੀ। ਕਾਲੀ ਨੇ ਜਦੋਂ ਇਸਾਈ ਧਰਮ ਗ੍ਰਹਿਣ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਪਾਦਰੀ ਦਾ ਚਿਹਰਾ ਖਿੜ ਉੱਠਿਆ ਅਤੇ ਉਹ ਖੁਸ਼ ਹੋ ਕੇ ਬੋਲਿਆ:
"ਮੈਨੂੰ ਯਕੀਨ ਸੀ ਕਿ ਇਕ-ਨਾ-ਇਕ ਦਿਨ ਤੇਰੇ ਅੰਦਰ ਯੀਸੂ ਮਸੀਹ ਦਾ ਪ੍ਰੇਮ ਜਾਗੂਗਾ ਅਤੇ ਤੂੰ ਉਸ ਮੁਕੱਦਸ ਬਾਪ ਦੇ ਪੈਰਾਂ ਵਿੱਚ ਆ ਡਿੱਗੇਗਾਂ।"
"ਮੈਂ ਇਕੱਲਾ ਹੀ ਇਸਾਈ ਨਹੀਂ ਬਣੂੰਗਾ, ਮੇਰੇ ਸਾਥ ਗਿਆਨੋ ਵੀ  ਇਸਾਈ ਬਣੂਗੀ।"
"ਉਹਦੀ ਮਾਂ ਅਤੇ ਭਰਾ ਵੀ?" ਪਾਦਰੀ ਨੇ ਉਤਸੁਕਤਾ ਨਾਲ ਪੁੱਛਿਆ।
"ਉਹ ਨੀਂ ਬਣਨਗੇ। ਇਸਾਈ ਬਣਨ ਤੋਂ ਬਾਅਦ ਮੈਂ ਅਤੇ ਗਿਆਨੋ ਵਿਆਹ ਕਰਾਂਗੇ।।। ਇਸਾਈ ਧਰਮ 'ਚ ਇਸ ਤਰ੍ਹਾਂ ਦੇ ਵਿਆਹ ਦੀ ਮਨਾਹੀ ਤਾਂ ਨਹੀਂ?"
"ਨਹੀਂ, ਮਨਾਹੀ ਤਾਂ ਨਹੀਂ ਹੈ।।। ਪਰ ਗਿਆਨੋ ਦੀ ਉਮਰ ਛੋਟੀ ਹੈ, ਉਹ ਨਾਬਾਲਿਗ ਹੈ।।। ਉਹ ਆਪਣੀ ਮਾਂ ਦੀ ਇਜਾਜ਼ਤ ਬਿਨਾਂ ਆਪਣਾ ਧਰਮ ਨਹੀਂ ਬਦਲ ਸਕਦੀ।"
ਪਾਦਰੀ ਦੀ ਗੱਲ ਸੁਣ ਕੇ ਕਾਲੀ ਬਹੁਤ ਉਦਾਸ ਹੋ ਗਿਆ ਅਤੇ ਉਹਦੇ ਗੋਡਿਆਂ ਵੱਲ ਝੁਕਦਾ ਹੋਇਆ ਤਰਲੇ ਭਰੇ ਅਵਾਜ਼ ਵਿੱਚ ਬੋਲਿਆ:
"ਪਾਦਰੀ ਜੀ, ਸਾਡੀ ਮਦਦ ਕਰੋ।।। ਸਾਨੂੰ ਕੋਈ ਰਸਤਾ ਦੱਸੋ।।। ਘਰ ਤੋਂ ਭੱਜਦੇ ਹਾਂ ਤਾਂ ਪੁਲਿਸ ਪਿੱਛਾ ਕਰੂਗੀ।।। ਫਿਰ ਭੱਜ ਕੇ ਜਾਵਾਂਗੇ ਕਿੱਥੇ?" ਕਾਲੀ ਦੀਆਂ ਅੱਖਾਂ ਵਿੱਚ ਹੰਝੂ ਛਲਕਣ ਲੱਗੇ। ਪਾਦਰੀ ਉਹਦੇ ਸਿਰ ਉੱਤੇ ਹੱਥ ਰੱਖਦਾ ਹੋਇਆ ਬੋਲਿਆ:
"ਮੈਂ ਇਸ ਮਾਮਲੇ ਵਿੱਚ ਤੇਰੀ ਕੋਈ ਮਦਦ ਨਹੀਂ ਕਰ ਸਕਦਾ।।। ਤੁਹਾਡੇ ਲਈ ਸਿਰਫ ਦੁਆ ਹੀ ਮੰਗ ਸਕਦਾ ਹਾਂ।"
ਕਾਲੀ ਪਾਦਰੀ ਦੇ ਘਰੋਂ ਸਿੱਧਾ ਟਾਂਡਾ ਉੜਮੁੜ ਚਲਾ ਗਿਆ। ਉਹ ਸਾਰਾ ਦਿਨ ਅੱਡੇ  ਦੇ ਨਾਲ ਅੰਬਾਂ ਦੇ ਬਾਗ ਵਿੱਚ ਲੰਮਾ ਪਿਆ ਸੋਚ ਵਿੱਚ ਡੁੱਬਿਆ ਰਿਹਾ। ਗਿਆਨੋ ਨੂੰ ਨਾਲ ਲੈ ਕੇ ਭੱਜਣ ਦੀ ਗੱਲ ਸੋਚਦਾ ਤਾਂ ਉਹਦੀਆਂ ਅੱਖਾਂ ਅੱਗੇ ਪੁਲਿਸ ਦੇ ਸਿਪਾਹੀਆਂ ਦੀਆਂ ਸਖਤ ਸ਼ਕਲਾਂ ਘੁੰਮ ਜਾਂਦੀਆਂ ਅਤੇ ਕੰਨਾਂ ਵਿੱਚ ਉਹਨਾਂ ਦੀਆਂ ਗਾਲ੍ਹਾਂ ਅਤੇ ਕੁੱਟ ਗੂੰਜਣ ਲੱਗਦੀ ਅਤੇ ਉਹਦਾ ਹੌਂਸਲਾ ਟੁੱਟ ਜਾਂਦਾ। ਕਦੇ ਉਹ ਸੋਚਦਾ ਕਿ ਉਹ ਇਕੱਲਾ ਹੀ ਪਿੰਡ ਛੱਡ ਕੇ ਚਲਾ ਜਾਵੇ ਪਰ ਇਸ ਗੱਲ ਲਈ ਵੀ ਉਹਦਾ ਮਨ ਨਾ ਮੰਨਦਾ।
ਰਾਤ ਨੂੰ ਉਹ ਅਣਮੰਨਿਆ ਜਿਹਾ ਤਕੀਏ ਤੋਂ ਪਰ੍ਹਾਂ ਫਸਲ ਵਿੱਚ ਬੈਠਾ ਗਿਆਨੋ ਦੀ ਉਡੀਕ ਕਰਦਾ ਰਿਹਾ। ਉਹਦਾ ਦਿਲ ਧੱਕ-ਧੱਕ ਕਰ ਰਿਹਾ ਸੀ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹਨੂੰ ਕੀ ਜਵਾਬ ਦੇਵੇਗਾ। ਇਸ ਸਖਤ ਮੁਸ਼ਕਿਲ ਦਾ ਕਿਸ ਤਰ੍ਹਾਂ ਹੱਲ ਕੱਢੇਗਾ। ਪੱਤਾ ਵੀ ਹਿੱਲਦਾ ਤਾਂ ਉਹਦੇ ਕੰਨ ਖੜ੍ਹੇ ਹੋ ਜਾਂਦੇ ਅਤੇ ਸਾਹ ਰੁਕਣ ਲੱਗਦਾ। ਪਿੰਡ ਵਿੱਚ ਪਹਿਰਾ ਸ਼ੁਰੂ ਹੋ ਗਿਆ ਪਰ ਗਿਆਨੋ ਨਾ ਆਈ। ਉਹ ਕੁਛ ਸਮੇਂ ਤੱਕ ਲੁਕ ਕੇ ਬੈਠਾ ਰਿਹਾ। ਪਹਿਰੇਦਾਰ ਪਿੰਡ ਦੇ ਦੂਸਰੇ ਪਾਸੇ ਪਹੁੰਚ ਗਿਆ ਸੀ ਪਰ ਗਿਆਨੋ ਅਜੇ ਤੱਕ ਨਹੀਂ ਸੀ ਆਈ। ਉਹ ਫਸਲ ਤੋਂ ਬਾਹਰ ਆ ਗਿਆ ਅਤੇ ਦੱਬੇ ਪੈਰੀਂ ਪਿੰਡ ਵੱਲ ਤੁਰ ਪਿਆ। ਉਹ ਗਿਆਨੋ ਦੇ ਦਰਵਾਜ਼ੇ ਦੇ ਸਾਹਮਣੇ ਕੁੱਝ ਪਲਾਂ ਲਈ ਰੁਕ ਗਿਆ ਅਤੇ ਉੱਥੇ ਬਿਲਕੁਲ ਖਾਮੋਸ਼ੀ ਦੇਖ ਕੇ ਅੱਗੇ ਵੱਧ ਗਿਆ। ਮੰਜੇ 'ਤੇ ਪੈਂਦਿਆਂ ਹੀ ਉਹਨੂੰ ਫਿਕਰ ਨੇ ਘੇਰ ਲਿਆ ਕਿ ਪਤਾ ਨਹੀਂ ਗਿਆਨੋ ਕਿਉਂ ਨਹੀਂ ਆਈ। ਉਹ ਵਚਨ ਦੇ ਕੇ ਪਿੱਛੇ ਹਟਣ ਵਾਲੀ ਤਾਂ ਨਹੀਂ ਹੈ। ਉਹ ਸਾਰੀ ਰਾਤ ਸੁੱਤਾ-ਅੱਧਸੁੱਤਾ ਇਸ ਹੀ ਸੋਚ ਵਿੱਚ ਡੁੱਬਿਆ ਰਿਹਾ।
ਸੱਤ ਦਿਨਾਂ ਤੱਕ ਕਾੜ੍ਹਾ ਪਿਲਾਉਣ ਤੋਂ ਬਾਅਦ ਵੀ ਗਿਆਨੋ ਨੂੰ ਕੋਈ ਫਾਇਦਾ ਨਾ ਹੋਇਆ ਤਾਂ ਜੱਸੋ ਬੁਖਲਾ ਗਈ। ਉਹਨੇ ਗਿਆਨੋ ਨੂੰ ਬਹੁਤ ਕੁੱਟਿਆ ਅਤੇ ਆਪ ਵੀ ਬਹੁਤ ਰੋਈ। ਉਹ ਕੋਠੜੀ ਵਿੱਚ ਪਈ ਇਸ ਤਰ੍ਹਾਂ ਵਿਰਲਾਪ ਕਰਦੀ ਰਹੀ ਜਿਵੇਂ ਉਹਦਾ ਨੌਜਵਾਨ ਪੁੱਤ ਮਰ ਗਿਆ ਹੋਵੇ। ਉਹਨੇ ਮੰਗੂ ਨੂੰ ਚੌਧਰੀ ਦੀ ਹਵੇਲੀਓਂ ਸੱਦ ਲਿਆ ਅਤੇ ਉਹਨੂੰ ਕੋਠੜੀ ਵਿੱਚ ਲਿਜਾ ਕੇ ਦਰਵਾਜ਼ਾ ਬੰਦ ਕਰ ਲਿਆ ਅਤੇ ਆਪਣੀ ਛਾਤੀ ਪਿੱਟਦੀ ਬੋਲੀ, "ਪੁੱਤਰਾ ਅਨਰਥ ਹੋ ਗਿਆ ਹੈ।" ਫਿਰ ਉਹ ਮੰਗੂ ਦੇ ਕੰਨ ਵਿੱਚ ਖੁਸਰ-ਫੁਸਰ ਕਰਨ ਲੱਗੀ।
ਮੰਗੂ ਉਹਦੀ ਗੱਲ ਸੁਣ ਕੇ ਭੜਕ ਪਿਆ ਅਤੇ ਦੰਦ ਪੀਂਹਦਾ ਹੋਇਆ ਬੋਲਿਆ, "ਮੈਂ ਦੋਨਾਂ ਨੂੰ ਮਾਰ ਦਿਆਂਗਾ।" ਜੱਸੋ ਉਹਦੇ ਮੂੰਹ 'ਤੇ ਹੱਥ ਰੱਖਦੀ ਹੋਈ ਦੱਬੀ ਅਵਾਜ਼ ਵਿੱਚ ਬੋਲੀ:
"ਰੌਲਾ ਕਿਉਂ ਪਾਉਂਦੇ ਹੋ। ਇੱਜ਼ਤ ਪਹਿਲਾਂ ਹੀ ਰੁਲ ਗਈ ਹੈ ਹੁਣ ਮਿੱਟੀ ਵੀ ਰੋਲਣੀ ਚਾਹੁੰਦਾ ਹੈਂ।।। ਆਪਣੀ ਚੀਜ਼ ਖੋਟੀ ਸੀ। ਦੂਜੇ ਨੂੰ ਦੋਸ਼ ਕਿਸ ਗੱਲ ਦਾ।"
ਮੰਗੂ ਕੁੱਝ ਸ਼ਾਂਤ ਹੋ ਗਿਆ ਤਾਂ ਜੱਸੋ ਉਦਾਸ ਅਵਾਜ਼ ਵਿੱਚ ਬੋਲੀ:
"ਮੈਂ ਸਭ ਓੜ੍ਹ-ਪੋੜ੍ਹ ਕਰਕੇ ਦੇਖ ਲਏ ਹਨ। ਉਹਨਾਂ ਨਾਲ ਕੁਛ ਨਹੀਂ ਬਣਿਆ। ਮੁਹੱਲੇ ਵਿੱਚ ਵੀ ਲੋਕਾਂ ਨੂੰ ਸ਼ੱਕ ਹੋ ਗਿਆ ਹੈ। ਹਾਲੇ ਤੱਕ ਮੈਨੂੰ ਕਿਸੇ ਨੇ ਕੁੱਛ ਕਿਹਾ ਤਾਂ ਨਹੀਂ ਪਰ ਆਪਸ ਵਿੱਚ ਖੁਸਰ-ਫੁਸਰ ਜ਼ਰੂਰ ਕਰਦੀਆਂ ਹਨ।।।। ਤੂੰ ਕਿਤਿਓਂ ਮੈਨੂੰ ਸੰਖੀਆ ਲਿਆ ਦੇ, ਮੈਂ ਇਹਨੂੰ ਦੇ ਦਊਂਗੀ। ਇਹ ਮਰ ਗਈ ਤਾਂ ਸਾਰੀ ਗੱਲ ਖਤਮ ਹੋ ਜਾਊਗੀ। ਜੇ ਇਸ ਹਾਲ ਵਿੱਚ ਜਿਉਂਦੀ ਰਹੀ ਤਾਂ ਤੈਨੂੰ ਵੀ ਕਿਸੇ ਨੇ ਕੁੜੀ ਨਹੀਂ ਦੇਣੀ।"
ਇਹ ਸੁਝਾਅ ਦੇ ਕੇ ਜੱਸੋ ਰੋਣ ਲੱਗੀ। ਮੰਗੂ ਸੋਚ ਵਿੱਚ ਪੈ ਗਿਆ ਅਤੇ ਫਿਰ ਉੱਠ ਕੇ ਬਾਹਰ ਚਲਾ ਗਿਆ।
ਤਿੰਨ ਦਿਨਾਂ ਬਾਅਦ ਮੰਗੂ ਨੇ ਆਪਣੀ ਮਾਂ ਨੂੰ ਸੰਖੀਏ ਦੀਆਂ ਡਲੀਆਂ ਲਿਆ ਦਿੱਤੀਆਂ। ਜੱਸੋ ਉਸ ਪੁੜੀ ਨੂੰ ਹੱਥ ਵਿੱਚ ਫੜੀ ਬਹੁਤ ਦੇਰ ਤੱਕ ਬੈਠੀ ਰੋਂਦੀ ਰਹੀ। ਕਈ ਵਾਰ ਉਹਦੇ ਜੀ ਵਿੱਚ ਆਇਆ ਕਿ ਉਹ ਪੁੜੀ ਨੂੰ ਨਾਲੀ ਵਿੱਚ ਸੁੱਟ ਦੇਵੇ ਪਰ ਜਦੋਂ ਇਹ ਸੋਚਦੀ ਕਿ ਸੱਤ-ਅੱਠ ਮਹੀਨਆਂ ਬਾਅਦ ਉਹਦੀ ਕੁਆਰੀ ਕੁੜੀ ਦੇ ਬੱਚਾ ਹੋਏਗਾ ਤਾਂ ਉਹ ਕੰਬ ਜਾਂਦੀ।
ਉਹਨੇ ਗਿਆਨੋ ਨੂੰ ਤਿੰਨ ਦਿਨ ਹੋਰ ਵੀ ਸਖਤ ਕਾੜ੍ਹਾ ਦਿੱਤਾ। ਉਹ ਦਿਨ ਰਾਤ ਰੱਬ ਅੱਗੇ ਅਰਦਾਸ ਕਰਦੀ ਕਿ ਗਿਆਨੋ ਦਾ ਗਰਭ ਡਿੱਗ ਜਾਏ। ਉਹਨੂੰ ਪੂਰੀ ਆਸ ਸੀ ਕਿ ਤੀਜੇ ਦਿਨ ਕਾੜ੍ਹਾ ਜ਼ਰੂਰ ਅਸਰ ਕਰੂਗਾ ਪਰ ਉਹ ਦਿਨ ਲੰਘਣ ਬਾਅਦ ਵੀ ਗਿਆਨੋ ਚੰਗੀ ਭਲੀ ਰਹੀ ਤਾਂ ਜੱਸੋ ਨੇ ਸੰਖੀਆ ਦੇਣ ਦਾ ਫੈਸਲਾ ਕਰ ਲਿਆ। ਉਹਨੇ ਮੰਗੂ ਨੂੰ ਦੱਸ ਦਿੱਤਾ। ਜੱਸੋ ਖਾਮੋਸ਼ੀ ਨਾਲ ਰੋਂਦੀ ਹੋਈ ਸੰਖੀਏ ਦੀਆਂ ਡਲੀਆਂ ਨੂੰ ਗੁੜ ਵਿੱਚ ਲਪੇਟ ਕੇ ਉਹਨਾਂ ਦੀਆਂ ਗੋਲੀਆਂ ਵੱਟਦੀ ਰਹੀ।
ਸ਼ਾਮ ਨੂੰ ਮੰਗੂ ਘਰ ਆਇਆ ਅਤੇ ਗਿਆਨੋ ਨੂੰ ਰੋਟੀ ਪਕਾਉਂਦਿਆਂ ਦੇਖ ਕੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਦੀਵੇ ਦੀ ਲੋਅ ਵਿੱਚੋਂ ਉੱਠ ਕੇ ਹਨ੍ਹੇਰੇ ਵਿੱਚ ਜਾ ਬੈਠਾ ਅਤੇ ਇਕਟੱਕ ਉਹਦੀ ਵੱਲ ਦੇਖਦਾ ਰਿਹਾ। ਉਹਨੇ ਗਿਆਨੋ ਦੇ ਹੱਥੋਂ ਰੋਟੀ ਲੈ ਕੇ ਖਾਧੀ। ਅੱਜ ਸ਼ਾਇਦ ਮੰਗੂ ਦੀ ਜ਼ਿੰਦਗੀ ਵਿੱਚ ਪਹਿਲਾ ਦਿਨ ਸੀ ਕਿ ਉਹਨੇ ਗਿਆਨੋ ਨਾਲ ਗਾਲ੍ਹੀ ਗਲੋਚ ਨਹੀਂ ਕੀਤਾ ਸੀ। ਉਹਨੇ ਸੋਚਿਆ ਕਿ ਉਹ ਘਰ ਹੀ ਸੌਂਵੇਗਾ ਪਰ ਬਾਅਦ ਵਿੱਚ ਇਰਾਦਾ ਬਦਲ ਦਿੱਤਾ।
ਜੱਸੋ ਗਿਆਨੋ ਨਾਲ ਬਹੁਤ ਚਾਅ ਅਤੇ ਲਾਡ ਕਰ ਰਹੀ ਸੀ। ਉਹਨੂੰ ਪੁੱਤ ਪੁੱਤ ਕਹਿਕੇ ਬੁਲਾ ਰਹੀ ਸੀ। ਗਿਆਨੋ ਦੀ ਸਮਝ ਵਿੱਚ ਕੁੱਛ ਨਹੀਂ ਆ ਰਿਹਾ ਸੀ ਕਿ ਅੱਜ ਮਾਂ ਦੇ ਵਤੀਰੇ ਵਿੱਚ ਤਬਦੀਲੀ ਕਿਉਂ ਆ ਗਈ ਹੈ। ਉਹ ਖੁਸ਼ ਸੀ ਕਿ ਉਹਦੀ ਮਾਂ ਅਤੇ ਭਰਾ ਦੋਵੇਂ ਗੁੱਸੇ ਵਿੱਚ ਨਹੀਂ ਹਨ।
ਜੱਸੋ ਨੇ ਆਪਣੇ-ਆਪ ਗਿਆਨੋ ਦੀ ਮੰਜੀ ਵਿਹੜੇ ਵਿੱਚ ਵਿਛਾਈ ਅਤੇ ਜਦੋਂ ਉਹ ਸੌਣ ਲੱਗੀ ਤਾਂ ਉਹਦੇ ਹੱਥ ਉੱਤੇ ਗੋਲੀ ਰੱਖ ਕੇ ਪਾਣੀ ਦਾ ਗਿਲਾਸ ਦੇ ਕੇ ਕੰਬਦੀ ਅਵਾਜ਼ ਵਿੱਚ ਬੋਲੀ:
"ਲੈ ਪੁੱਤ, ਖਾ ਲੈ, ਇਸ ਨਾਲ ਅਰਾਮ।।।।" ਜੱਸੋ ਅੱਗੇ ਕੁੱਝ ਨਾ ਬੋਲ ਸਕੀ ਅਤੇ ਮੂੰਹ ਵਿੱਚ ਪੱਲਾ ਲੈ ਕੇ ਰੋਣ ਲੱਗੀ।
ਗਿਆਨੋ ਨੇ ਚੁੱਪਚਾਪ ਗੋਲੀ ਖਾ ਲਈ। ਕੁੱਝ ਸਮੇਂ ਤੱਕ ਉਹ ਆਰਾਮ ਨਾਲ ਲੰਮੀ ਪਈ ਰਹੀ। ਫਿਰ ਉਹਨੂੰ ਮਹਿਸੂਸ ਹੋਇਆ ਜਿਵੇਂ ਉਹਦੇ ਢਿੱਡ ਨੂੰ ਕੋਈ ਤੇਜ਼ ਚੀਜ਼ ਵੱਢ ਰਹੀ ਹੋਵੇ। ਉਹਦਾ ਸਾਰਾ ਸਰੀਰ ਆਕੜਨ ਲੱਗਾ। ਉਹ ਮੰਜੀ 'ਤੇ ਪਈ ਤੜਫਨ ਲੱਗੀ ਅਤੇ ਜੱਸੋ ਉਹਦੇ ਆਲੇ ਦੁਆਲੇ ਘੁੰਮਦੀ ਹੋਈ ਹੰਝੂ ਵਹਾਉਂਦੀ ਰਹੀ।
ਗਲੀ ਦੇ ਬਾਹਰ ਪਹਿਰੇਦਾਰ ਚੌਥੀ ਵਾਰ ਆਇਆ ਤਾਂ ਗਿਆਨੋ ਨੂੰ ਜ਼ੋਰ ਦੀ ਉਲਟੀ ਆਈ। ਜੱਸੋ ਆਪਣਾ ਰੋਣਾ-ਧੋਣਾ ਭੁੱਲ ਗਈ ਅਤੇ ਦੀਵਾ ਜਗਾ ਕੇ ਗਿਆਨੋ 'ਤੇ ਝੁੱਕ ਗਈ। ਉਹ ਬਿਲਕੁਲ ਬੇਹੋਸ਼ ਪਈ ਸੀ ਅਤੇ ਉਹਦਾ ਸਾਹ ਉੱਖੜ ਰਿਹਾ ਸੀ। ਥੋੜ੍ਹੀ ਹੀ ਦੇਰ ਬਾਅਦ ਉਹਨੂੰ ਇਕ ਹੋਰ ਉਲਟੀ ਆਈ ਅਤੇ ਉਹ ਮੰਜੀ ਉੱਤੇ ਲੁੜਕ ਗਈ।
ਜੱਸੋ ਨੇ ਆਪਣਾ ਸਿਰ ਪਿੱਟ ਲਿਆ ਅਤੇ ਉਹਦੇ ਨਾਲ ਲਿਪਟੀ ਵਿਰਲਾਪ ਕਰਦੀ ਰਹੀ। ਆਖਰੀ ਪਹਿਰ ਤੋਂ ਪਹਿਲਾਂ ਮੰਗੂ ਵੀ ਘਰ ਆ ਗਿਆ ਅਤੇ ਮਾਂ ਨੂੰ ਰੋਂਦਾ ਦੇਖ ਕੇ ਸਮਝ ਗਿਆ ਕਿ ਗਿਆਨੋ ਆਪਣੀ ਜ਼ਿੰਦਗੀ ਦਾ ਦਾਗ ਨਾਲ ਲੈ ਕੇ ਹਮੇਸ਼ਾਂ ਲਈ ਇਸ ਸੰਸਾਰ ਤੋਂ ਚਲੀ ਗਈ ਹੈ। ਉਹਨੂੰ ਦੇਖਦਿਆਂ ਹੀ ਜੱਸੋ ਫੁੱਟ ਪਈ। ਹੁਣ ਤੱਕ ਉਹਨੇ ਥੋੜ੍ਹਾ ਜਿਹਾ ਕਾਬੂ ਰੱਖਿਆ ਹੋਇਆ ਸੀ ਪਰ ਮੰਗੂ ਦੇ ਆਉਣ ਨਾਲ ਜਿਵੇਂ ਉਹਨੂੰ ਛੁੱਟੀ ਮਿਲ ਗਈ ਅਤੇ ਉਹ ਆਪਣੀ ਚੀਕ ਨੂੰ ਦਬਾਉਂਦੀ ਹੋਈ ਨਿਢਾਲ ਹੋ ਗਈ। ਮੰਗੂ ਗਿਆਨੋ ਉੱਪਰ ਝੁੱਕ ਗਿਆ ਅਤੇ ਉਹਦਾ ਚਿਹਰਾ ਆਪਣੇ ਹੰਝੂਆਂ ਨਾਲ ਧੋ ਦਿੱਤਾ। ਜਦੋਂ ਉਹਨੂੰ ਯਾਦ ਆਇਆ ਕਿ ਇਹ ਸਭ ਕਾਲੀ ਕਾਰਨ ਹੋਇਆ ਹੈ ਤਾਂ ਉਹਦੇ ਅੰਦਰ ਬਦਲਾ ਲੈਣ ਦੀ ਤੀਬਰ ਭਾਵਨਾ ਜਾਗ ਉੱਠੀ। ਉਹ ਡਾਂਗ ਚੁੱਕ ਕੇ ਗਲੀ ਵਿੱਚ ਆ ਗਿਆ। ਪਰ ਜੱਸੋ ਨੇ ਡਿਗਦਿਆਂ-ਢਹਿੰਦਿਆਂ ਉਹਨੂੰ ਆ ਫੜਿਆ ਅਤੇ ਬਹੁਤ ਹੀ ਧੀਮੀ ਅਵਾਜ਼ ਵਿੱਚ ਬੋਲੀ:
"ਪੁੱਤ, ਪਹਿਲਾਂ ਇਸ ਕੰਮ ਨੂੰ ਸਾਂਭ ਲੈ। ਉਹਨੂੰ ਬਾਅਦ ਵਿੱਚ ਦੇਖ ਲਵਾਂਗੇ। ਉਹ ਇਸ ਗਲੀ ਵਿੱਚ ਜ਼ਿੰਦਾ ਨਹੀਂ ਰਹਿ ਸਕਦਾ। ਜਿਹੜੀ ਮਾਂ ਆਪਣੀ ਕੁੱਖੋਂ ਜੰਮੀ ਧੀ ਨੂੰ ਜ਼ਹਿਰ ਦੇ ਸਕਦੀ ਹੈ, ਉਹ ਉਹਨੂੰ ਜਿਉਂਦਾ-ਜਾਗਦਾ ਨਹੀਂ ਰਹਿਣ ਦਊਗੀ।"
ਮਾਂ-ਬੇਟਾ ਅੰਦਰ ਆ ਗਏ। ਜੱਸੋ ਨੇ ਖੂਨ ਦੇ ਸਾਰੇ ਨਿਸ਼ਾਨ ਮਿਟਾ ਦਿੱਤੇ ਅਤੇ ਫਰਸ਼ ਉੱਤੇ ਲੇਪ ਕਰ ਦਿੱਤਾ। ਜਦੋਂ ਪਹੁ ਫੱਟ ਗਈ ਤਾਂ ਉਹਨੇ ਵਿਹੜੇ ਵਿੱਚ ਖੜੀ ਹੋ ਕੇ ਦਹਾੜ ਮਾਰੀ:
"ਹਾਇ ਵੇ ਲੋਕੋ ਮੈਂ ਲੁੱਟੀ ਗਈ।" ਫਿਰ ਉਹਦੀਆਂ ਚੀਕਾਂ ਸਾਰੇ ਪਿੰਡ ਵਿੱਚ ਛਾ ਗਈਆਂ।
ਲੋਕਾਂ ਨੂੰ ਪਤਾ ਸੀ ਕਿ ਇਹ ਚੀਕਾਂ ਜੱਸੋ ਦੀਆਂ ਹਨ ਅਤੇ ਇਹ ਵੀ ਪਤਾ ਸੀ ਕਿ ਉਹ ਕਿਉਂ ਰੋ ਰਹੀ ਹੈ। ਪਿੰਡ ਵਿੱਚ ਹਰ ਪਿਆਰ ਦੀ ਮਾਰੀ ਮੁਟਿਆਰ ਦਾ ਗਰਭਵਤੀ ਹੋਣ ਬਾਅਦ ਇਹ ਹੀ ਹਾਲ ਹੁੰਦਾ ਸੀ ਅਤੇ ਇਸ ਤਰ੍ਹਾਂ ਦੀ ਮੁਟਿਆਰ ਦੀ ਮਾਂ ਦੀਆਂ ਚੀਕਾਂ ਬਹੁਤ ਹੀ ਦਰਦਭਰੀਆਂ ਹੁੰਦੀਆਂ ਸਨ ਕਿਉਂਕਿ ਉਹਨਾਂ ਵਿੱਚ ਉਸ ਦੇ ਆਪਣੇ ਪਾਪ ਦਾ ਪਛਤਾਵਾ ਵੀ ਸ਼ਾਮਿਲ ਹੁੰਦਾ ਸੀ।
ਥੋੜ੍ਹੀ ਦੇਰ ਵਿੱਚ ਮੁਹੱਲੇ ਦੀਆਂ ਸਾਰੀਆਂ ਤੀਵੀਂਆਂ ਜੱਸੋ ਦੇ ਘਰ ਪਹੁੰਚ ਗਈਆਂ। ਮਰਦ ਸ਼ਮਸ਼ਾਨ ਘਾਟ ਵਿੱਚ ਲੱਕੜੀਆਂ ਪਹੁੰਚਾਉਣ ਲੱਗੇ। ਤਾਇਆ ਬਸੰਤਾ ਮੰਗੂ ਨੂੰ ਜਲਦੀ ਤੋਂ ਜਲਦੀ ਅਰਥੀ ਕੱਢਣ ਲਈ ਜ਼ੋਰ ਦੇ ਰਿਹਾ ਸੀ। ਸਿਰਫ ਜੱਸੋ ਰੋ ਰਹੀ ਸੀ। ਬਾਕੀ ਤੀਵੀਂਆਂ ਉਹਨੂੰ ਚੁੱਪ ਕਰਾ ਰਹੀਆਂ ਸਨ। ਉਹ ਕੰਨਾਂ ਨੂੰ ਛੁਹਦੀਆਂ ਹੋਈਆਂ ਇਕ  ਦੂਸਰੀ ਨੂੰ ਅੱਖਾਂ ਨਾਲ ਸਮਝਾ ਰਹੀਆਂ ਸਨ ਕਿ ਗਿਆਨੋ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਪਰ ਕਿਸੇ ਨੇ ਵੀ ਇਹ ਗੱਲ ਆਪਣੇ ਬੁੱਲਾਂ 'ਤੇ ਨਹੀਂ ਆਉਣ ਦਿੱਤੀ। ਗਿਆਨੋ ਦੀ ਮੌਤ ਦਾ ਕਾਰਨ ਨਾ ਤਾਂ ਕਿਸੇ ਨੇ ਪੁੱਛਿਆ ਅਤੇ ਨਾ ਹੀ ਕਿਸੇ ਨੇ ਦੱਸਿਆ।
ਸੂਰਜ ਚੜ੍ਹਨ ਤੋਂ ਥੋੜ੍ਹੀ ਦੇਰ ਬਾਅਦ ਹੀ ਗਿਆਨੋ ਦੀ ਅਰਥੀ ਸ਼ਮਸ਼ਾਨ ਘਾਟ ਵਿੱਚ ਪਹੁੰਚਾ ਦਿੱਤੀ ਗਈ। ਕੋਈ ਰਸਮ-ਰਿਵਾਜ਼ ਨਹੀਂ ਕੀਤੇ ਗਏ ਪਰ ਮੁਹੱਲੇ ਦੇ ਹਰ ਵਿਅਕਤੀ ਨੇ ਉਹਦੀ ਅਰਥੀ ਨੂੰ ਮੋਢਾ ਦਿੱਤਾ ਤਾਂ ਕਿ ਉਹ ਚੁੜੇਲ ਬਣਨ ਤੋਂ ਬਾਅਦ ਉਹਨਾਂ ਨੂੰ ਪਰੇਸ਼ਾਨ ਅਤੇ ਤੰਗ ਨਾ ਕਰੇ।
ਉਹਦੀ ਅਰਥੀ ਨੂੰ ਅੱਗ ਲਾ ਕੇ ਸਾਰੇ ਲੋਕ ਆਪਣੇ-ਆਪਣੇ ਕੰਮ-ਕਾਰ 'ਤੇ ਚਲੇ ਗਏ। ਕੋਈ ਸਫ ਨਹੀਂ ਵਿਛੀ। ਕਿਸੇ ਨੇ ਗਿਆਨੋ ਦੇ ਗੁਣਾਂ ਦੀ ਗੱਲ ਨਾ ਕੀਤੀ। ਸਾਰੇ ਡਰੇ ਹੋਏ ਅਤੇ ਉਦਾਸ ਸਨ। ਜੱਸੋ ਦੇ ਕੋਲ ਸਿਰਫ ਬੇਬੇ ਹੁਕਮੀ ਬੈਠੀ ਸੀ ਅਤੇ ਉਹ ਵੀ ਦਿਲਾਸਾ ਦੇਣ ਦੀ ਬਜਾਏ ਰੱਬ ਨੂੰ ਯਾਦ ਕਰਦੀ ਹੋਈ ਸਾਰਿਆਂ ਲਈ ਚੰਗੀ ਮੱਤ ਦੀ ਕਾਮਨਾ ਕਰ ਰਹੀ ਸੀ।
ਕਾਲੀ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਜੱਸੋ ਦੀ ਪਹਿਲੀ ਚੀਕ ਸੁਣਨ ਬਾਅਦ ਲੋਕਾਂ ਨੇ ਕਾਲੀ ਨੂੰ ਨਹੀਂ ਦੇਖਿਆ ਸੀ, ਨਾ ਘਰ ਵਿੱਚ, ਨਾ ਗਲੀ ਵਿੱਚ ਨਾ ਖੇਤਾਂ ਵਿੱਚ। ਉਹ ਇਸ ਤਰ੍ਹਾਂ ਛਿਪਣ ਹੋ ਗਿਆ ਸੀ ਜਿਵੇਂ ਉਹਨੂੰ ਜ਼ਮੀਨ ਨਿਗਲ ਗਈ ਹੋਵੇ।
ਕੁੱਝ ਲੋਕਾਂ ਨੇ ਰਾਤ ਨੂੰ ਇਹ ਖਬਰ ਫੈਲਾਈ ਕਿ ਉਹਨਾਂ ਨੇ ਕਾਲੀ ਨੂੰ ਸੂਰਜ ਛਿਪਣ ਸਮੇਂ ਗਿਆਨੋ ਦੀ ਚਿਤਾ ਦੇ ਕੋਲ ਬੈਠਿਆਂ ਦੇਖਿਆ ਸੀ। ਉਹ ਉਹਦੀ ਗਰਮ ਸੁਆਹ ਉੱਤੇ ਝੁੱਕਿਆ ਹੋਇਆ ਸੀ ਅਤੇ ਜਦੋਂ ਉਹ ਉਹਦੀ ਵੱਲ ਵਧੇ ਤਾਂ ਉਹ ਖੜ੍ਹੀ ਫਸਲ ਵਿੱਚ ਲੁਕ ਗਿਆ ਅਤੇ ਫਿਰ ਉਹਦਾ ਕੁੱਝ ਪਤਾ ਨਹੀਂ ਲੱਗਿਆ।


48

ਤਿੰਨ ਮਹੀਨੇ ਤੱਕ ਪ੍ਰੀਤੋ ਹਰ ਰੋਜ਼ ਸਵੇਰੇ ਸਵੇਰੇ ਖਬਰ ਸੁਣਾਉਂਦੀ ਰਹੀ ਕਿ ਕਾਲੀ ਰਾਤ ਨੂੰ ਵੀ ਨਹੀਂ ਆਇਆ। ਲੋਕ ਕੁੱਝ ਦਿਨ ਤੱਕ ਤਾਂ ਇਸ ਖਬਰ ਨੂੰ ਦਿਲਚਸਪੀ ਨਾਲ ਸੁਣਦੇ ਰਹੇ ਪਰ ਗਿਆਨੋ ਦੀ ਯਾਦ ਭੁੱਲਣ ਦੇ ਨਾਲ ਨਾਲ ਕਾਲੀ ਬਾਰੇ ਵੀ ਉਹਨਾਂ ਦੀ ਜਗਿਆਸਾ ਘੱਟਦੀ ਗਈ।
ਇਕ ਵਾਰ ਕੋਈ ਖਬਰ ਲਿਆਇਆ ਕਿ ਭੋਗਪੁਰ ਅਤੇ ਚਲਾਂਗ ਦੇ ਸਟੇਸ਼ਨਾਂ ਦੇ ਵਿੱਚ ਰੇਲ ਦੇ ਫਾਟਕ ਤੋਂ ਥੋੜ੍ਹੀ ਦੂਰ ਪਰ੍ਹੇ ਰੇਲ ਗੱਡੀ ਦੇ ਪਹੀਏ ਕਿਸੇ ਨੌਜਵਾਨ ਦੇ ਸਿਰ ਅਤੇ ਚਿਹਰੇ ਦੇ ਉੱਪਰੋਂ ਗੁਜ਼ਰੇ ਹਨ ਅਤੇ ਮਿਰਤਕ ਨੂੰ ਪਛਾਣਨਾ ਮੁਸ਼ਕਿਲ ਹੈ ਪਰ ਸੁਣਿਆ ਹੈ ਕਿ ਮਿਰਤਕ ਦਾ ਧੜ ਕਾਲੀ ਨਾਲ ਮਿਲਦਾ-ਜੁਲਦਾ ਹੈ।
ਇਹਤੋਂ ਬਾਅਦ ਖਬਰ ਫੈਲੀ ਕਿ ਤਿੰਨ ਕੋਹ ਦੂਰ ਇਕ ਅੰਨੇ ਖੂਹ ਵਿੱਚੋਂ ਸੜੀ ਹੋਈ ਲਾਸ਼ ਲੱਭੀ ਹੈ। ਕਹਿੰਦੇ ਹਨ ਕਿ ਉਹਦਾ ਹੁਲੀਆ ਕਾਲੀ ਵਰਗਾ ਸੀ। ਲੋਕਾਂ ਨੇ ਦੋਨੋਂ ਖਬਰਾਂ ਸੁਣੀਆਂ ਪਰ ਕਿਸੇ ਨੇ ਵੀ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਸਮਝੀ।
ਖੇਤਾਂ ਵਿੱਚ ਸਰੋਂ ਖਿੜ੍ਹ ਪਈ ਸੀ ਅਤੇ ਕਣਕ ਦੀ ਫਸਲ ਜ਼ਮੀਨ ਤੋਂ ਇਕ ਹੱਥ ਉੱਚੀ ਹੋ ਗਈ ਸੀ। ਗੰਨੇ ਦੇ ਵੇਲਣੇ ਚੱਲਣ ਲੱਗੇ ਸਨ। ਖੜ੍ਹੇ ਪਾਣੀ 'ਤੇ ਕੁਹਰਾ ਜੰਮਣਾ ਸ਼ੁਰੂ ਹੋ ਗਿਆ ਸੀ। ਲੋਕ ਧੂਣੀਆਂ ਦੇ ਦੁਆਲੇ ਬੈਠੇ ਸਰਦੀਆਂ ਦੇ ਮੌਸਮ ਨੂੰ ਕੋਸਦੇ ਹੋਏ ਗਰਮੀਆਂ ਦੇ ਮੌਸਮ ਦੀਆਂ ਸਿਫਤਾਂ ਕਰਦੇ।
ਮੰਗੂ ਦੀ ਮੱਝ ਰਾਤ ਨੂੰ ਠੰਢ ਨਾਲ ਠਰਦੀ ਸੀ। ਇਕ ਦਿਨ ਅਸਮਾਨ ਉੱਤੇ ਬੱਦਲ ਛਾ ਗਏ ਅਤੇ ਹਲਕੀ ਹਲਕੀ ਬੂੰਦਾਬਾਂਦੀ ਹੋਣ ਲੱਗੀ। ਮੰਗੂ ਹੱਥ ਵਿੱਚ ਡਾਂਗ ਫੜ੍ਹੀ ਕਾਲੀ ਦੀ ਡਿਓਢੀ ਦੇ ਸਾਹਮਣੇ ਆ ਖੜ੍ਹਾ ਹੋਇਆ। ਉਹਨੇ ਅੱਗੇ ਵੱਧ ਕੇ ਤਾਲੇ ਨੂੰ ਹਿਲਾਇਆ। ਉਹਨੂੰ ਜੰਗਾਲ ਲੱਗ ਗਿਆ ਸੀ। ਉਹਨੇ ਗਾਲ੍ਹ ਕੱਢਦਿਆਂ ਡਾਂਗ ਦੇ ਸੁੰਮ ਨਾਲ ਤਾਲਾ ਤੋੜ ਦਿੱਤਾ ਅਤੇ ਕੁੰਡੀ ਖੋਲ੍ਹ ਕੇ ਮੱਝ ਦਾ ਰੱਸਾ ਖੂੰਜੇ ਵਿੱਚ ਪਈ ਚੱਕੀ ਦੇ ਹੱਥੇ ਨਾਲ ਬੰਨ ਕੇ ਦਰਵਾਜ਼ਾ ਫਿਰ ਬੰਦ ਕਰ ਲਿਆ।  

 

....ਸਮਾਪਤ...