"ਮੈਂ ਕਿਉਂ ਜੀ ਰਿਹਾਂ" ਦੀ ਸਮਾਜ ਨੂੰ ਜ਼ਰੂਰਤ
(ਪੁਸਤਕ ਪੜਚੋਲ )
ਅੱਜ ਕਲ੍ਹ ਲੋਕਾਂ ਨੇ ਸਾਹਿਤਕ ਪੁਸਤਕਾਂ ਤਾਂ ਕੀ ਪੜ੍ਹਨੀਆਂ,ਉਨ੍ਹਾਂ ਕੋਲ ਤਾਂ ਅਖ਼ਬਾਰ ਦੀਆਂ ਖ਼ਬਰਾਂ ਪੜ੍ਹਨ ਦਾ ਵੀ ਸਮਾਂ ਨਹੀਂ। ਅੱਜ ਦੇ ਯੁੱਗ ਵਿੱਚ ਪੁਸਤਕਾਂ ਤਿਆਰ ਕਰਾਉਣੀਆਂ ਉਨ੍ਹਾਂ ਨੂੰ ਪ੍ਰਕਾਸ਼ਤ ਕਰਵਾਉਣਾ ਅਤੇ ਲੋਕਾਂ ਤੱਕ ਪਹੁੰਚਾਉਣਾ ਤਲਵਾਰ ਦੀ ਧਾਰ ਤੇ ਤੁਰਨ ਦੇ ਬਰਾਬਰ ਹੈ, ਸ਼ਾਇਦ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ "ਘਰ ਫੂਕ ਤਮਾਸ਼ ਵੇਖ" ਵਾਲੀ ਗੱਲ ਹੈ।
ਅੱਜ ਦੇ ਸਮੇਂ 'ਚ ਸਾਹਿਤ ਮੱਧ ਵਰਗ ਦੇ ਕੁਝ ਲੋਕਾਂ ਦੇ ਹਿੱਸੇ ਆਇਆ ਹੈ। ਬਹੁਤ ਅਮੀਰ ਲੋਕਾਂ ਕੋਲ ਪੁਸਤਕਾਂ ਪੜ੍ਹਨ ਦਾ ਸਮਾਂ ਕਿੱਥੋਂ ਅਤੇ ਬਹੁਤ ਗਰੀਬ ਆਦਮੀ ਤਾਂ ਬੱਸ ਉਹ ਆਪਣੀ ਰੋਜ਼ੀ ਰੋਟੀ ਦੇ ਚੱਕਰਵਿਊ 'ਚ ਬੁਰੀ ਤਰ੍ਹਾਂ ਦੀ ਫਸਿਆ ਹੋਇਆ ਹੈ।
ਸਾਹਿਤ ਨਾਲ ਜੁੜੇ ਲੋਕ ਵੀ ਕਿਹੜੇ ਸਾਹਿਤ ਪ੍ਰਤੀ ਗੰਭੀਰ ਹੁੰਦੇ ਹਨ ਪੁਸਤਕਾਂ ਪੜ੍ਹਨ 'ਚ ਰੁਝਾਨ ਨਾ ਮਾਤਰ, ਪਰ ਛੇਤੀ ਤੋਂ ਛੇਤੀ ਮਸ਼ਹੂਰ ਹੋਣ ਦੀ ਹੋੜ ਲੱਗੀ ਹੋਈ ਹੈ, ਲੋਕ ਤਾਂ ਸਾਹਿਤ ਪ੍ਰਤੀ ਬੇ ਮੁੱਖ ਹਨ ਹੀ ਪਰ ਸਾਹਿਤਕਾਰ ਦਾ ਸਾਹਿਤ ਪ੍ਰਤੀ ਬੇਮੁੱਖ ਹੋਣਾ ਸਾਹਿਤ ਲਈ ਘਾਤਕ ਹੈ। ਜਿਸ ਵਿਧਾ ਦੀਆਂ ਜੜ੍ਹਾਂ ਲੋਕਾਂ 'ਚ ਨਹੀਂ ਹੁੰਦੀਆਂ ਉਸ ਵਿਧਾ ਦਾ ਅੰਤ ਨਿਸ਼ਚਤ ਹੁੰਦਾ ਹੈ, ਅਗਰ ਇਹੋ ਹਾਲ ਰਿਹਾ ਤਾਂ ਚਾਹੇ ਜੋ ਮਰਜ਼ੀ ਬਣੇ ਸੱਚ ਟਾਲਿਆ ਨਹੀਂ ਜਾ ਸਕਦਾ, ਸੱਚਾਈ ਤਾਂ ਸੱਚਾਈ ਹੀ ਹੈ।
ਕਹਾਣੀ ਸਾਹਿਤ ਦਾ ਵਰਗ ਗੰਭੀਰ ਅੰਗ ਹੈ, ਸਮੇਂ ਸਮੇਂ ਅਨੁਸਾਰ ਅਨੇਕ ਕਹਾਣੀਕਾਰ ਨੇ ਆਪਣੀਆਂ ਕਹਾਣੀਆਂ ਰਾਹੀਂ ਸਮਾਜ ਨੂੰ ਸੁਚੇਤ ਕੀਤਾ ਹੈ। ਜਿਨ੍ਹਾਂ ਦੀਆਂ ਰਚਨਾਵਾਂ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾ ਰਹੀਆਂ ਹਨ।
ਗੱਲ ਕਰਦੇ ਹਾਂ ਕਹਾਣੀ ਖੇਤਰ ਦੇ ਗੰਭਰੀ ਹਸ਼ਤਾਖਸ਼ਰ ਡਾਕਟਰ ਕਰਮਜੀਤ ਸਿੰਘ ਨਡਾਲਾ ਦੀ, ਕਿਸੇ ਰਚਨਾਂਕਾਰ ਦੀ ਰਚਨਾਂ ਦੀ ਚਰਚਾ ਕਰਨ ਤੋਂ ਪਹਿਲਾਂ ਉਸ ਦੇ ਜੀਵਨ ਪਹਿਲੂਆਂ ਵੱਲ ਝਾਤ ਮਾਰਨੀ ਅਤੀ ਜ਼ਰੂਰੀ ਹੁੰਦੀ ਹੈ। ਡਾਕਟਰ ਨਡਾਲਾ ਪਿਛਲੇ ਕਾਫੀ ਸਮੇਂ ਤੋਂ ਸਾਹਿਤਕ ਖੇਤਰ 'ਚ ਸਰਗਰਮ ਹੈ, ਅਨੇਕ ਸਾਹਿਤਕ ਸਮਾਗਮਾਂ ਦੀ ਰੌਣਕ ਬਣਨ ਤੋਂ ਬਾਅਦ ਕਈ ਸਾਹਿਤਕ ਸਨਮਾਨ ਵੀ ਹਾਸਲ ਕਰ ਚੁੱਕਿਆ ਹੈ ਅਤੇ ਅਖ਼ਬਾਰ ਅਤੇ ਰਸਾਲਿਆ 'ਚ ਇਨ੍ਹਾਂ ਦੀਆਂ ਰਚਨਾਵਾਂ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ।
ਹੱਥਲਾ ਕਹਾਣੀ ਸੰਗ੍ਰਹਿ "ਮੈਂ ਕਿਉਂ ਜੀ ਰਿਹਾਂ" ਇਸ ਵਿੱਚ ਦੱਸ ਕਹਾਣੀਆਂ, ਰੰਗਦਾਰ ਟਾਈਟਲ, ਵਧੀਆ ਛਪਾਈ, ਅਤੇ ੧੪੪ ਪੇਜ਼ ਹਨ। ਇਸ ਸੰਗ੍ਰਹਿ ਦਾ ਮੁੱਖ ਬੰਦ ਬਹੁਤ ਸੁਲਝੇ ਤਰੀਕੇ ਨਾਲ ਲਿਖਿਆ ਗਿਆ। ਮੁੱਖ ਬੰਦ ਲਿਖਣ ਵਾਲੇ ਲੇਖਕ ਨੇ ਇਸ ਕਾਫੀ ਗੰਭੀਰਤਾ ਨਾਲ ਪੜ੍ਹਿਆ ਹੈ ਅਤੇ ਫਿਰ ਇਸ ਦੀਆਂ ਬਰੀਕੀਆਂ ਖੋਲ੍ਹੀਆਂ ਅਤੇ ਫਿਰ ਇਸ ਵਿੱਚ ਆਪਣੇ ਵਿਚਾਰ ਲਿਖੇ ਜੋ ਇਸ ਸੰਗ੍ਰਹਿ ਨਾਲ ਇਨਸਾਫ ਕਰਦੇ ਹਨ।
ਇਸ ਸੰਗ੍ਰਹਿ ਦੀਆਂ ੧੦ ਕਹਾਣੀਆਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਹਨ ਜੋ ਕਹਾਣੀਆਂ ਦਾ ਵਿਸ਼ਾ ਜ਼ਰੁਰ ਰਲਦਾ ਮਿਲਦਾ ਹੈ, ਦੀਨ ਦੇ ਰਾਖੇ ਅਤੇ ਲਹੂ ਦਾ ਛੱਪੜ। ਇਸ ਦੀ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਕਿਸੇ ਵਾਦ ਨਾਲ ਨਹੀਂ ਜੁੜਿਆ। ਉਸ ਨੇ ਸਿਰਫ ਮਨੁਖਤਾ ਦੀ ਗੱਲ ਕੀਤੀ ਹੈ। ਸਾਡੀ ਖੁਸ਼ ਕਿਸਮਤ ਹੀ ਮੰਨੀ ਜਾਵੇਗੀ ਕਿ ਸਾਡੇ 'ਚ ਡਾਕਟਰ ਨਡਾਲਾ ਵਰਗੇ ਮਾਨਵਤਾਵਾਦੀ ਲੇਖਕ ਹਨ। ਬਹੁਤ ਘੱਟ ਇਹੋ ਜਿਹੇ ਲੇਖਕ ਪੱਤਰਕਾਰ ਹੁੰਦੇ ਹਨ। ਅਕਸਰ ਸਾਡੇ ਸਾਹਿਤਕਾਰ, ਬੁੱਧੀਜੀਵੀ ਪੱਤਰਕਾਰ ਕਿਸੇ ਨਾ ਕਿਸੇ ਵਾਦ ਨਾਲ ਜੁੜੇ ਹੁੰਦੇ ਹਨ। ਵਾਦ ਕੋਈ ਵੀ ਹੋ ਸਕਦਾ ਹੈ ਜਿਵੇਂ ਧਾਰਮਿਕ, ਕੌਮੀ ਜਾਤੀ ਤੋਂ ਇਲਾਵਾ ਹੋਰ ਕੋਈ ਵੀ ਵਾਦ ਜਦ ਕੋਈ ਵਿਅਕਤੀ ਕਿਸੇ ਵੀ ਵਾਦ ਨਾਲ ਜੁੜ ਜਾਂਦਾ ਹੈ ਉਹ ਇਨਸਾਫ਼ ਨਹੀਂ ਕਰ ਸਕਦਾ। ਜ਼ਿਆਦਾ ਤਰ ਵਾਦਾਂ ਨਾਲ ਜੁੜਨ ਦਾ ਲਾਭ ਤਾਂ ਘੱਟ ਪਹੁੰਚਦਾ ਹੈ ਪਰ ਨੁਕਸਾਨ ਜਿਆਦਾ ਹੁੰਦਾ ਹੈ।
ਡਾਕਟਰ ਕਰਮਜੀਤ ਸਿੰਘ ਨਡਾਲਾ ਚਾਹੇ ਮੈਡੀਕਲ ਡਾਕਟਰ ਹੈ ਲੇਕਿਨ ਇਸ ਪੁਸਤਕ 'ਚ ਮਨੋਵਿਗਿਆਨਕ ਦੀ ਭੂਮਿਕਾ ਨਿਭਾਈ ਹੈ ਉਸ ਨੇ ਇਨਸਾਨੀ ਮਨਸਿਕਤਾ ਦੀ ਤਸਵੀਰ ਨੂੰ ਬੜੀ ਗੰਭੀਰਤਾ ਅਤੇ ਖੁਬਸੁਰਤੀ ਨਾਲ ਚਿਤਰਿਆ ਹੈ। ਹਰ ਇੱਕ ਰਚਨਾ ਆਪਣੇ ਆਪ ਇੱਕ ਮਿਸਾਲ ਹੈ।
ਚੱਕਰਵਿਊ:- ਇਨਸਾਨ ਦੀ ਦੁੱਖਦੀ ਰਗ ਹੈ, ਪਤੀ ਪਤਨੀ ਦਾ ਪਿਆਰ ਵਿਚਾਰਾਂ ਦੀ ਸਾਂਝ ਇਹ ਸਭ ਸੰਯੋਗ ਨਾਲ ਹੁੰਦਾ ਹੈ ਇਹ ਪਿਆਰ ਕਿਸੇ ਸਵਰਗ ਨਾਲੋਂ ਘੱਟ ਨਹੀਂ। ਜੋ ਵਿਅਕਤੀ ਘਰੋਂ ਸਤੁੰਸ਼ਟ ਹੋਵੇਗਾ, ਉਹ ਸਮਾਜ ਦੇ ਹਰ ਖੇਤਰ 'ਚ ਸਫ਼ਲਤਾ ਪੂਰਕ ਅੱਗੇ ਨਿਕਲ ਜਾਂਦਾ ਹੈ। ਜੋ ਵਿਅਕਤੀ ਘਰੋਂ ਸਤੁੰਸ਼ਟ ਨਾ ਹੋਵੇ ਅਤੇ ਘਰੋਂ ਟੁੱਟਿਆ ਭੱਜਿਆ ਬੰਦਾ ਸਮਾਜ 'ਚ ਅਸਫਲ ਮਨੁਖ ਸਾਬਤ ਹੁੰਦਾ ਹੈ ਅਤੇ ਮਜਾਕ ਦਾ ਪਾਤਰ ਬਣਦਾ ਹੈ।
ਤਲਾਕ ਵਰਗੀ ਨੌਬਤ ਕਿਉਂ ਆਉਂਦੀ ਹੈ, ਇਸ ਹਾਲਤ ਦਾ ਕੌਣ ਜੁੰਮੇਵਾਰ ਵਿਚਾਰਾਂ ਦਾ ਟੱਕਰਾਂ ਕਾਰਨ ਰਿਸ਼ਤਿਆਂ ਦਾ ਘਾਣ ਹੁੰਦਾ ਹੈ। ਇਸ ਕਹਾਣੀ ਦਾ ਨਾਇਕ ਬਿਖਰਿਆ ਟੁੱਟਿਆ ਭੱਜਿਆ ਰਿਸ਼ਤਿਆਂ ਨੂੰ ਸਮੇਟਣ ਦੀ ਅਸਫਲ ਕੋਸ਼ਿਸ਼ ਕਰਦਾ ਹੈ ਉਹ ਉਸ 'ਚ ਸਫਲ ਨਹੀਂ ਹੁੰਦਾ। ਉਹ ਮਾਨਸਿਕ ਤੌਰ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ, ਉਸ ਦੀ ਜ਼ਿਦੰਗੀ ਨਰਕ ਨਾਲੋਂ ਵੀ ਬੱਤਰ ਹੋ ਗਈ ਹੈ।
ਮੈਂ ਕਿਉਂ ਜੀ ਰਿਹਾਂ:- ਇਹ ਰਚਨਾਂ ਕਹਾਣੀ ਖੇਤਰ 'ਚ ਬਾਹਰ ਆਉਂਦੀ ਹੈ, ਇਸ 'ਚ ਅਨੇਕ ਘਟਨਾਵਾਂ ਘਟਦੀਆਂ ਹਨ। ਤਕਨੀਕੀ ਪੱਖੋ ਇਸ ਰਚਨਾਂ ਨੂੰ ਨਾਵਲ 'ਚ ਢਾਲਿਆ ਜਾ ਸਕਦਾ ਹੈ, ਇਸ ਰਚਨਾਂ ਦਾ ਨਾਇਕ ਜ਼ਿਦੰਗੀ ਦੇ ਅਨੇਕ ਘਟਨਾਂ ਚੱਕਰਾਂ 'ਚ ਲੰਘਦਾ ਹੈ ਜਿਦੰਗੀ ਦੀ ਘੁੰਮਣ ਘੇਰੀ 'ਚ ਸਿਵਾਏ ਨਿਰਾਸ਼ਾ ਦੇ ਉਸ ਦੇ ਹੱਥ ਕੁਝ ਨਹੀਂ ਆਉਂਦਾ। ਅੰਤ ਇਕੱਲੇ ਦਾ ਇਕੱਲਾ ਹੀ ਰਹਿ ਜਾਂਦਾ ਹੈ।
ਤੀਲ੍ਹੇ:- ਇਹ ਰਚਨਾਂ ਬੜੇ ਮਨੋਵਿਗਿਆਨਿਕ ਢੰਗ ਨਾਲ ਲਿਖੀ ਗਈ ਹੈ ਹਰ ਜਾਨ ਦਾਰ ਪ੍ਰਾਣੀ ਨੂੰ ਆਪਣਾ ਪ੍ਰਵਾਰ ਘਰ ਜਾਨ ਨਾਲੋਂ ਵੱਧ ਪਿਆਰਾ ਹੁੰਦਾ ਹੈ। ਉਸ ਦੀ ਸੁੱਰਖਿਆ ਅਤੇ ਉਸ ਨੂੰ ਕਾਇਮ ਕਰਨ ਲਈ ਸਿਰ ਤੋੜ ਯਤਨ ਕਰਦਾ ਹੈ ਲਾਲੜੀ ਆਪਣੇ ਘਰ ਪ੍ਰਵਾਰ ਨੂੰ ਬਣਾਉਣ ਅਤੇ ਬਚਾਉਣ ਦੀ ਸਿਰ ਤੋੜ ਕੋਸ਼ਿਸ਼ ਕਰਦੀ ਹੈ। ਅੰਤ ਆਪਣੀ ਜਾਨ ਗੁਆ ਬੈਠਦੀ ਹੈ, ਇਨਸਾਨ ਵੀ ਤਾਂ ਆਪਣਾ ਰੈਣ ਬਸੈਰਾ ਤੀਲ੍ਹਾ-ਤੀਲ੍ਹਾ ਇਕੱਠਾ ਕਰ ਬਣਾਉਦਾ ਹੈ ਜਦ ਉਸ ਰਹਿਣ ਬਸੈਰ ਤੇ ਕੋਈ ਸੰਕਟ ਆਉਂਦਾ ਹੈ ਜਾਂ ਘਰ ਬਰਬਾਦ ਹੁੰਦਾ ਹੈ ਤਾਂ ਉਹ ਜਿਉਂਦਾ ਹੀ ਮਰ ਜਾਂਦਾ ਹੈ।
ਦੀਨ ਦੇ ਰਾਖੇ:- ਦੇਸ਼ ਦੀ ਵੰਡ ਦੇ ਦੁਖਾਂਤ ਤੇ ਸਮੇਂ ਸਮੇਂ ਅਨੁਸਾਰ ਅਨੇਕ ਕਹਾਣੀਆਂ ਨਾਟਕ ਫਿਲਮੀ ਬਣੀਆਂ ਹਨ। ਇਸ ਰਚਨਾਂ 'ਚ ਧਰਮ ਨਾਂ ਤੇ ਜਨੂੰਨੀ ਖੇਡ ਖੇਡੀ ਗਈ ਹੈ, ਜਿਸ ਦਾ ਸਫ਼ਲਤਾ ਪੂਰਵਕ ਬਿਆਨ ਕੀਤਾ ਗਿਆ ਹੈ। ਜਨੂੰਨੀ ਲੋਕ ਇਨਸਾਨੀ ਕਦਰਾਂ ਕੀਮਤਾਂ ਨੂੰ ਛਿੰਕ ਟੰਗ ਕੇ ਅਣ ਮਨੁਖੀ ਕਾਰੇ ਕਰਨ ਤੋਂ ਪਿੱਛੇ ਨਹੀਂ ਹੱਟਦੇ, ਬੇਬਸ ਬੇਕਸੂਰ ਨੂੰ ਤਬਾਹ, ਬਰਬਾਦ ਅਤੇ ਜਾਨੋ ਮਾਰਨ ਤੋਂ ਗੁਰੇਜ ਨਹੀਂ ਕਰਦੇ। ਕਹਾਣੀ ਦਾ ਨਾਇਕ ਸ਼ਰੀਫ ਦਾ ਹਮਦਰਦ, ਰੱਬ ਤੋਂ ਡਰਨ ਵਾਲਾ ਆਪਣੀ ਮਿੱਟੀ ਨੂੰ ਮੋਹ ਕਰਨ ਵਾਲਾ, ਦੇਸ਼ਪ੍ਰਤੀ ਵਫਾਦਾਰ ਆਖਰੀ ਦਮ ਤੱਕ ਆਪਣੀ ਜਨਮ ਭੁਮੀ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ, ਜਨੂੰਨੀ ਲੋਕ ਧੋਖੇ ਨਾਲ ਅਤੇ ਕਾਇਰਤਾ ਪੁਰਨ ਵਹਿਸ਼ਤ ਅਤੇ ਬੇਰਹਿਮੀ ਨਾਲ ਮਾਰ ਦਿੰਦੇ ਹਨ।
ਲਹੂ ਦਾ ਛੱਪੜ:- ਧਾਰਮਿਕ ਫਿਰਕਪ੍ਰਸਤੀ ਦੀ ਕਾਲੀ ਬੋਲੀ ਹਨ੍ਹੇਰੀ ਜਦ ਝੁਲਦੀ ਹੈ ਤਾਂ ਉਹ ਨੇਕੀ ਉੱਡਾ ਲੈ ਜਾਂਦੀ ਹੈ ਬਰਬਾਦੀ ਦਾ ਬਿਗੱਲ ਵੱਜਦਾ ਬੇਕਸੂਰ ਲੋਕਾਂ ਦਾ ਲਹੂ ਡੁਲ੍ਹਦਾ ਹੈ। ਏਸੇ ਕਾਲੀ ਬੋਲੀ ਹਨ੍ਹੇਰੀ ਦਾ ਸ਼ਿਕਾਰ ਹੁੰਦਾ ਹੈ ਬੇਕਸੂਰ ਅਜਾਨ ਵਿਆਕਤੀ ਸਰਕਾਰੀ ਅਫਸਰ ਜੋ ਨੇਕ ਅਤੇ ਪਰਮਾਤਮਾ ਤੋਂ ਡਰਨ ਵਾਲਾ ਮਨੁਖੀ ਸੇਵਾ ਵਿੱਚ ਤਤਪਰ ਤੱਤ ਰਹਿੰਦਾ ਹੈ ਉਸ ਦੀ ਦੁਰਗਤੀ ਤਾਂ ਮਰਨ ਤੋਂ ਪਹਿਲਾਂ ਹੁੰਦੀ ਉਸ ਮੌਤ ਤੋਂ ਬਾਅਦ ਵੀ ਉਸ ਦੀ ਲਾਸ਼ ਦੀ ਮਿੱਟੀ ਮਲੀਤ ਕੀਤੀ ਜਾਂਦੀ ਹੈ।
ਛਲੇਡਾ:- ਇਸ ਕਹਾਣੀ ਵਿੱਚ ਸ਼ੋਸ਼ਤ ਇਨਸਾਨ ਦੀ ਬੇਬਸੀ ਦਾ ਜ਼ਿਕਰ ਕੀਤਾ ਗਿਆ ਹੇ। ਸਮਾਜ ਦੇ ਠੇਕੇਦਾਰ ਸੋਚਦੇ ਹੈ ਇਨਸਾਨ ਸਿਰਫ ਅਸੀਂ ਹਾਂ ਬਾਕੀ ਸਾਰੇ ਕੀੜੇ ਮਕੌੜੇ ਕਹਾਣੀ ਦਾ ਖਲਨਾਇਕ ਅੜ੍ਹਤਿਆਂ ਕਿਵੇਂ ਕਹਾਣੀ ਦੇ ਨਾਇਕ ਨਾਲ ਧੱਕੇਸ਼ਾਹੀ ਤੇ ਜ਼ੁਲਮ ਕਰਦਾ ਹੈ, ਲੋਕਾਂ ਦੇ ਰਾਖੇ ਪੁਲਿਸ ਵਾਲੇ ਵੀ ਇਨ੍ਹਾਂ ਚੌਧਰੀਆਂ ਦੇ ਝੋਲੀ ਚੁੱਕ ਸਿੱਧ ਹੁੰਦੇ ਹਨ। ਇਹ ਲੋਕ ਕਹਿੰਦੇ ਹਨ ਕਿ ਗਰੀਬ ਵਿਅਕਤੀ ਨੂੰ ਸੁਪਨਾ ਦੇਖ ਦਾ ਕੋਈ ਅਧਿਕਾਰ ਨਹੀਂ ਉਹ ਧੁਰੋਂ ਹੀ ਗੁਲਾਮੀ ਲਿਖ ਕੇ ਆਇਆ ਹੁੰਦਾ ਹੈ। ਅੰਤ ਕਹਾਣੀ ਦਾ ਨਾਇਕ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਹੋ ਜਾਂਦਾ ਹੈ।
ਖਰੂਦੀ ਕਿਣਮਿਣ:- ਇਹ ਕਹਾਣੀ ਬੜੇ ਮਨੋਵਿਗਿਆਨਿਕ ਢੰਗ ਨਾਲ ਲਿਖੀ ਗਈ ਹੈ। ਇਨਸਾਨ ਹੀ ਆਪਣੇ ਅਧਿਕਾਰਾਂ ਦੀ ਮੰਗ ਕਰਦੇ ਹਨ, ਸੰਘਰਸ਼ ਕਰਦੇ, ਇੱਕਠੇ ਰਹਿੰਦੇ ਤੇ ਆਪਣੇ ਕਿਸੇ ਸਾਥੀ ਦੀ ਸੰਘਰਸ਼ ਵਿੱਚ ਮੌਤ ਹੋ ਜਾਣ ਤੇ ਬਗਾਵਤ ਕਰਦੇ ਤੇ ਡੱਟ ਕੇ ਵਿਰੋਧ ਕਰਦੇ। ਜਦ ਉਨ੍ਹਾਂ ਦੀ ਮੰਗ ਪੂਰੀ ਹੁੰਦੀ ਹੈ ਤੱਦ ਉਹ ਸ਼ਾਂਤ ਹੁੰਦੇ ਹਨ।
ਗੜ੍ਹੇ ਮਾਰ:- ਇਸ ਵਿੱਚ ਲੋਕਾਂ ਵਿੱਚ ਆਈ ਚੇਤਨਾ ਦੀ ਗੱਲ ਕੀਤੀ ਗਈ ਹੈ। ਹੁਣ ਸਮਾਂ ਬਦਲ ਚੁੱਕਿਆ ਹੈ। ਲੋਕਾਂ ਨੂੰ ਮੂਰਖ ਨਹੀਂ ਬਣਿਆ ਜਾ ਸਕਦਾ। ਅੱਜ ਦੇ ਲੋਕ ਚਾਹੇ ਗਰੀਬ ਵਰਗ ਨਾਲ ਸਬੰਧਤ ਹੈ, ਅਮੀਰ ਮੱਧ ਵਰਗ ਨਾਲ ਖੁਦਗਰਜ਼ੀ ਤੇ ਚਲਾਕੀ ਕਰਦੇ ਹਨ ਤਾਂ ਕੋਈ ਘੱਟ ਨਹੀਂ ਕਰਦਾ। ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਹੈ ਕਿ ਕੋਈ ਸਿਆਸਤਦਾਨ ਕਿਸੇ ਦਾ ਕੁਝ ਨਹੀਂ ਸਵਾਰਦਾ, ਲੋਕ ਹੀ ਉਸ ਦੀ ਸ਼ੇਲੀ ਵਿੱਚ ਜਵਾਬ ਦਿੰਦੇ ਹਨ। ਹਾਂ ਇਹ ਗੱਲ ਵੱਖਰੀ ਹੈ ਕਿ ਮੌਸਮ ਖਰਾਬ ਹੋਣ ਕਾਰਨ ਇਲੈਕਸ਼ਨ ਨਹੀਂ ਹੁੰਦੇ। ਕਹਾਣੀ ਦੇ ਨਾਇਕ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਦੂਰ ਕਰਨ ਦੀਆਂ ਉਮੀਦਾਂ ਢਾਹ ਢੇਰੀ ਹੋ ਜਾਂਦੀਆਂ ਹਨ, ਸੱਚ ਤਾਂ ਕਹਿੰਦੇ ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹਾਥ। ਭੁੱਖ ਨੂੰ ਭੁੱਖ ਟੱਕਰੇ ਕਰ ਕਰ ਲੰਬੇ ਹਾਥ, ਅਕਸਰ ਰੱਬ ਵੀ ਅਮੀਰ ਬੰਦੇ ਦਾ ਹੀ ਸਾਥ ਦਿੰਦਾ।
ਮਾਨ ਅਪਮਾਨ:- ਅਗਰ ਇਸ ਰਚਨਾਂ ਨੂੰ ਇਸ ਸੰਗ੍ਰਹਿ ਦੀ ਸਭ ਨਾਲੋਂ ਵਧੀਆਂ ਰਚਨਾਂ ਕਹੀ ਜਾਵੇ ਤਾਂ ਇਸ ਕੋਈ ਅਤਕਥਨੀ ਨਹੀਂ ਹੋਵੇਗੀ, ਸਭ ਤੋਂ ਸੁਚੇਤ ਅਤੇ ਮਾਡਨ ਰਚਨਾਂ ਮੰਨੀ ਗਈ ਹੈ। ਆਦਰਸ਼ਵਾਦੀ ਕਹਾਣੀ ਦਾ ਨਾਇਕ ਇੱਕ ਆਦਰਸ਼ ਵਿਅਕਤੀ ਨਾਲ ਜੁੰਮੇਵਾਰ ਟੀਚਰ ਹੈ। ਕਹਾਣੀ ਦਾ ਨਾਇਕ ਜਿੱਥੇ ਆਦਰਸ਼ ਜਿੱਥੇ ਆਦਰਸ਼ਵਾਦੀ ਵਿਅਕਤੀ ਹੈ ਉੱਥੇ ਉਸ ਅੰਦਰ ਖੁਦਦਾਰੀ ਕੁੱਟ ਕੁੱਟ ਕੇ ਭਰੀ ਹੋਈ ਹੈ। ਹਾਂ ਇਹ ਗੱਲ ਵੱਖਰੀ ਹਾਲਤ ਉਸਦੇ ਅਨੁਸਾਰ ਨਹੀਂ, ਕਹਾਣੀ ਦੇ ਖਲਨਾਇਕ ਦਾ ਪਿਤਾ ਜੋ ਵੱਡਾ ਖਲਨਾਇਕ ਹੈ ਉਹ ਮਾਸਟਰ ਨੂੰ ਬਗੈਰ ਕਸੂਰ ਦੇ ਜਲੀਲ ਕਰਦਾ ਹੈ। ਸਾਡੇ ਸਮਾਜ 'ਚ ਅੱਜ ਵੀ ਜਾਤ-ਪਾਤ ਊੱਚ-ਨੀਚ ਦਾ ਬੋਲਬਾਲਾ ਹੈ। ਅਸੀਂ ਚਾਹੇ ਇੱਕਵੀਂ ਸਦੀ ਦੇ ਦਾਅਵੇ ਕਰਦੇ ਹਾਂ ਮਨੋਵਿਗਿਆਨਕ ਤੌਰ ਤੇ ਅੱਜ ਵੀ ਸਾਡੀ ਸੋਚ ਪਿੱਛਾਂਹ ਖਿੱਚੂ ਰਹੀ ਹੈ।
ਸਾਡੀ ਰਾਜਨੀਤੀ ਦਾ ਦੀਵਾਲਾ ਨਿਕਲ ਚੁਕਿਆ ਹੈ, ਸਾਡੇ ਲਈ ਡੁੱਬ ਕੇ ਮਰਨ ਵਾਲੀ ਗੱਲ ਹੈ ਕਾਬਲ ਤੇ ਪੜ੍ਹ ਲਿਖੇ ਲੋਕ ਅਨਪੜ੍ਹ ਸਿੱਖਿਆ ਮੰਤਰੀ ਕੋਲੋਂ ਸਨਮਾਨ ਲੈਣ। ਇਹ ਅਨਪੜ੍ਹ ਲੋਕ ਪਤਾ ਨਹੀਂ ਕਿਹੜੀ ਸਿੱਖਿਆ ਨੀਤੀ ਲਾਗੂ ਕਰਨਗੇ। ਸਮਾਜ ਨੂੰ ਕਿਸ ਦ੍ਰਿਸ਼ ਵੱਲ ਲੈ ਜਾਣਗੇ।
ਇਸ ਕਹਾਣੀ ਦਾ ਅੰਤ ਵੀ ਭਰਮ 'ਚ ਹੁੰਦਾ ਕਹਾਣੀ ਦਾ ਨਾਇਕ ਸਿੱਖਿਆ ਮੰਤਰੀ ਦੀਆਂ ਚਿਕਨੀਆਂ ਚਪੋੜੀਆਂ ਗੱਲਾਂ 'ਚ ਆ ਜਾਂਦਾ ਹੈ। ਉਹ ਸੋਚਦਾ ਇਹ ਪੜ੍ਹ ਲਿਖ ਤਾ ਨਹੀਂ ਸਕਿਆ। ਇੱਕ ਚੱੰਗਾ ਇਨਸਾਨ ਤਾਂ ਜਰੂਰ ਬਣ ਗਿਆ ਹੈ ਜੋ ਮੇਰਾ ਸਨਮਾਨ ਕਰ ਰਿਹਾ ਹੈ। ਉਹ ਪਿਛਲੇ ਗਿੱਲੇ ਸ਼ਿਕੱਵੇਂ ਭੁੱਲ ਜਾਂਦਾ ਹੈ ਤਾਂ ਖੁਸ਼ ਹੋ ਜਾਂਦਾ ਹੈ। ਕਹਾਣੀ ਦਾ ਖਲਨਾਇਕ ਕਾਬਲ ਤੇ ਸ਼ਾਤਰ ਲੀਡਰ ਬਣ ਚੁੱਕਿਆ ਮੌਕੇ ਦੀ ਨਜ਼ਾਕਤ ਨੂੰ ਸਭ ਸਮਝਣ ਵਿੱਚ ਆਪਣੇ ਅਕਲਮੰਦੀ ਹੈ ਅਗਰ ਇਹ ਮਾਸਟਰ ਉਸ ਕੋਲੋਂ ਇਨਾਮ ਨਹੀਂ ਲੇਵੇਗਾ ਤਾਂ ਨੁਕਸਾਨ ਹੀ ਨੁਕਸਾਨ ਹੈ। ਉਹ ਮਾਨਸਿਕ ਤੌਰ ਤੇ ਮਾਸਟਰ ਨੂੰ ਕਾਮਾਂ ਕਮੀਨਾ ਹੀ ਸਮਝਦਾ ਹੈ। ਉਹ ਮਾਸਟਰ ਦਾ ਸਨਮਾਨ ਨਹੀਂ ਭਿਖਾਰੀ ਨੂੰ ਭੀਖ ਦੇ ਰਿਹਾ ਸੀ।
ਇੱਕ ਚੁੰਢੀ ਜਾਨ:- ਬੇਬਸ ਬੇਕਾਰੀ ਅਤੇ ਝੂਠੇ ਸੁਪਨਿਆਂ ਦੀ ਦੁਨੀਆਂ ਦਾ ਬਿਆਨ ਕੀਤਾ ਗਿਆ ਹੈ। ਦਿਨ ਰਾਤ ਮਿਹਨਤ ਕਰਨ ਦੇ ਬਾਅਦ ਵੀ ਕਹਾਣੀ ਦਾ ਨਾਇਕ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਹੀ ਚਲਾਉਂਦਾ ਸੀ। ਆਪਣੀ ਹੀ ਗਲਤੀ ਕਾਰਨ ਮੰਜੀ ਤੇ ਪੇ ਜਾਂਦਾ ਹੈ। ਅੱਡੀਆਂ ਰਗੜਣ ਤੋਂ ਆਪਣੇ ਪ੍ਰਵਾਰ ਨੂੰ ਕਰਜ਼ੇ ਵਿੱਚ ਡੁਬੋ ਕੇ ਆਪ ਇਸ ਦੁਨੀਆਂ ਤੋਂ ਅਲਵੀਦਾ ਲੈ ਗਿਆ। ਉਸ ਦੇ ਪਰਵਾਰ ਦੇ ਦੁੱਖਾਂ ਦਾ ਦਰਦ ਤਾਂ ਕੀ ਘੱਟ ਹੋਣਾ ਉਨ੍ਹਾਂ ਤੇ ਹੋਰ ਦੁਖਾਂ ਦਾ ਪਹਾੜ ਟੁੱਟ ਪੈਂਦਾ ਹੈ। ਉਹ ਦੋਵੇਂ ਮੁੰਡੇ ਸ਼ੇਖਚੀਲੀ ਵਾਂਗ ਸੁਪਨਿਆਂ ਦੀ ਦੁਨੀਆ ਵਿੱਚੋਂ ਬਾਹਰ ਆਉਂਣ ਲਈ ਤਿਆਰ ਨਹੀਂ ਸਨ। ਹਾਲਾਤ ਨਾਲ ਸਮਝੋਤਾ ਕਰਨ ਦੀ ਥਾਂ ਮਾਂ-ਬਾਪ 'ਚ ਕੀੜੇ ਕੱਢਦੇ ਹਨ। ਅੰਤ ਜਦ ਕੁਝ ਹੱਥ ਪੱਲੇ ਨਹੀਂ ਪੈਂਦਾ ਕੋਈ ਚਾਰਾ ਜਦ ਨਜ਼ਰ ਨਹੀਂ ਆਉਂਦਾ, ਦੁੱਖ ਦਾਇਕ ਮਨ ਨਾਲ ਪਿਉ ਦੇ ਵਰਤੇ ਸੰਦ ਚੁਕਦੇ ਹੈ।