ਦੋ ਭਰਾਵਾਂ ਵਿਚ ਇਕ ਪਲਾਟ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ।ਵਡਾ ਭਰਾ ਅਮੀਰ ਪਰ ਛੋਟਾ ਵਕਤ ਕਟੀ ਕਰਨ ਜੋਗਾ । ਬਰਾਦਰੀ ਵਿਚ ਗੱਲ ਨਾ ਨਿਬੜੀ ਤਾਂ ਦੋਵਂੇ ਕਚਹਿਰੀ ਜਾ ਵੜੇ । ਕਚਹਿਰੀ ਦੇ ਧੱਕਿਆਂ ਨੇ ਦੋਹਾਂ ਦੀ ਬੱਸ ਕਰਵਾ ਦਿੱਤੀ । ਛੋਟਾ ਭਰਾ ਬਿਲਕੁਲ ਹੀ ਰਹਿ ਗਿਆ । ਕਰਜ਼ੇ ਦੇ ਭਾਰ ਹੇਠ ਸਿਰੋਂ ਪੈਰਾਂ ਤਕ ਦਬਿਆ ਗਿਆ । ਆਖਰ ਵੀਹ ਸਾਲ ਦੀ ਮੁਕੱਦਮੇਬਾਜ਼ੀ ਮਗਰੋਂ ਫੈਸਲਾ ਵੱਡੇ ਭਰਾ ਦੇ ਹੱਕ ਵਿਚ ਹੋ ਗਿਆ । ਵੱਡੇ ਭਰਾ ਨੇ ਜਸ਼ਨ ਮਨਾਏ ਤੇ ਛੋਟਾ ਬਿਮਾਰੀ ਸਹੇੜ ਬੈਠਾ ।
ਇਸ ਤੋਂ ਮਗਰੋਂ ਇਕ ਦਿਨ ਦੋਵੇਂ ਭਰਾ ਇਕ ਧਾਰਮਿਕ ਸਮਾਗਮ ਵਿਚ ਇਕੱਠੇ ਹੋਏ । ਛੋਟੇ ਨੂੰ ਦੇਖ ਕੇ ਵੱਡੇ ਭਰਾ ਦੇ ਮੱਥੇ ਵੱਟ ਪੈ ਗਏ । ਕੁਝ ਚਿਰ ਮਗਰੋਂ ਛੋਟੇ ਭਰਾ ਦੇ ਕੰਨਾਂ ਵਿਚ ਸਪੀਕਰ ਦੀ ਆਵਾਜ਼ ਪਈ ਕਿ ਉਸਦੇ ਭਰਾ ਨੇ ਜਿਹੜਾ ਪਲਾਟ ਮੁਕੱਦਮੇ ਵਿਚ ਜਿੱਤਿਆ ਸੀ ਉਹ ਧਾਰਮਿਕ ਸੰਸਥਾ ਨੂੰ ਦਾਨ ਕਰ ਦਿੱਤਾ । ਇਹ ਬੋਲ ਸੁਣਦਿਆਂ ਹੀ ਛੋਟੇ ਭਰਾ ਨੂੰ ਗਸ਼ ਪੈ ਗਈ ।