54
ਮੁਕੱਦਮੇਬਾਜ਼ੀ ਵਿਚ ਮੈਜਿਸਟਰੇਟ, ਜ਼ਿਲ੍ਹਾ ਅਟਾਰਨੀ ਜਾਂ ਸਿਵਲ ਸਰਜਨ ਵਰਗੇ ਅਫ਼ਸਰਾਂ ਦੀ ਜ਼ਰੂਰਤ ਪੈਂਦੀ ਹੈ, ਇਹ ਬਘੇਲ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਸੀ ।
ਇਨ੍ਹਾਂ ਵਿਚੋਂ ਕਿਸੇ ਵੀ ਅਫ਼ਸਰ ਨਾਲ ਉਸਦੀ ਜਾਣ-ਪਹਿਚਾਣ ਨਹੀਂ ਸੀ ।
ਅਸਲ ਵਿਚ ਉਸਨੂੰ ਅਫ਼ਸਰਾਂ ਨਾਲ ਜਾਣ-ਪਹਿਚਾਣ ਬਣਾਉਣ ਦਾ ਮੌਕਾ ਹੀ ਨਹੀਂ ਸੀ ਮਿਲਿਆ ।
ਉਹ ਪਹਿਲੀ ਵਾਰ ਵਿਧਾਇਕ ਬਣਿਆ ਸੀ । ਟਿਕਟ ਉਸਨੂੰ ਜਥੇਦਾਰ ਦੇ ਕੋਟੇ ਵਿਚੋਂ ਮਿਲੀ ਸੀ । ਜਥੇਦਾਰ ਦੀ ਸਿਫ਼ਾਰਸ਼ 'ਤੇ ਪੰਜ ਵਿਧਾਇਕ ਮੰਤਰੀ ਬਣੇ ਸਨ । ਉਨ੍ਹਾਂ ਵਿਚੋਂ ਤਿੰਨ ਨਵੇਂ ਸਨ ।
ਬਘੇਲ ਸਿੰਘ ਨੂੰ ਨਵੀਂ ਮਿਲੀ ਤਾਕਤ ਦਾ ਨਸ਼ਾ ਸੀ । ਪਹਿਲੇ ਸਾਲ ਉਹ ਹਵਾ ਵਿਚ ਉੱਡਦਾ ਰਿਹਾ । ਉਸਦਾ ਸਾਰਾ ਜ਼ੋਰ ਥਾਣੇ, ਤਹਿਸੀਲੋਂ ਕੰਮ ਕਰਾਉਣ 'ਤੇ ਲੱਗਾ ਰਿਹਾ । ਇਸ ਤੋਂ ਉਪਰ ਵੀ ਅਫ਼ਸਰ ਹਨ । ਜਦੋਂ ਉਸਨੂੰ ਅਹਿਸਾਸ ਹੋਣ ਲੱਗਾ, ਜਥੇਦਾਰ
ਦਾ ਮੁੱਖ-ਮੰਤਰੀ ਨਾਲ ਮੂੰਹ ਮੋਟਾ ਹੋ ਗਿਆ ।
ਮੁੱਖ-ਮੰਤਰੀ ਦੇ ਇਸ਼ਾਰੇ 'ਤੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਪਤਾਨ ਨੇ ਤਾਂ ਮੂੰਹ ਦੂਜੇ ਪਾਸੇ ਕਰਨਾ ਹੀ ਸੀ, ਤਹਿਸੀਲਦਾਰ ਤਕ ਸਲਾਮ ਕਰਨੋਂ ਹਟ ਗਏ ਸਨ । ਮਾਇਆ ਨਗਰ ਦੇ ਲੋਕ ਦੂਰ-ਅੰਦੇਸ਼ ਹਨ । ਝੱਟ ਮੌਕਾ ਤਾੜ ਗਏ । ਬਘੇਲ ਸਿੰਘ ਦੀ ਕੋਠੀ ਕਾਂ
ਪੈਣ ਲਗੇ । ਮਹੀਨੇ ਵਿਚ ਮਸਾਂ ਪੰਜ ਸੱਤ ਦਰਖ਼ਾਸਤਾਂ ਸਿਫਾਰਸ਼ ਲਈ ਆਉਂਦੀਆਂ ਸਨ ।
ਬੇਸ਼ਰਮੀ ਧਾਰ ਕੇ ਉਹ ਤੁਰਿਆ ਫਿਰਦਾ ਸੀ, ਪਰ ਹੱਜ ਕੋਈ ਨਹੀਂ ਸੀ ।
ਅਜਿਹੇ ਹਲਾਤਾਂ ਵਿਚ ਅਫ਼ਸਰਾਂ ਨਾਲ ਬਣੇ ਤਾਂ ਕਿਸ ਤਰ੍ਹਾਂ? ਕੰਮ ਨਾ ਕਰਨ 'ਤੇ ਕਿਸੇ ਅਫ਼ਸਰ ਨੂੰ ਦਬਕਾਇਆ ਜਾਏ ਤਾਂ ਕਿਸ ਕਿੱਲੇ ਦੇ ਜ਼ੋਰ 'ਤੇ ?
ਆਹ ਬਟੇਰਾ ਪਤਾ ਨਹੀਂ ਕਿਥੋਂ ਪੈਰ ਹੇਠ ਆ ਗਿਆ । ਇਸ ਬਟੇਰੇ ਕਾਰਨ ਮੁੱਖ ਮੰਤਰੀ ਉਸ ਉਪਰ ਮਿਹਰਬਾਨ ਹੋ ਗਿਆ ਸੀ । ਕੇਂਦਰ ਤਕ ਦੀਆਂ ਸਿਫਾਰਸ਼ਾਂ ਠੁਕਰਾ ਕੇ ਉਹ ਉਸ ਨਾਲ ਚਟਾਨ ਵਾਂਗ ਅੜਿਆ ਖੜ੍ਹਾ ਸੀ । ਕਦੇ-ਕਦੇ ਬਘੇਲ ਸਿੰਘ ਨੂੰ ੁੱਖਮੰਤਰੀ
ਦੀ ਨੀਅਤ 'ਤੇ ਸ਼ੱਕ ਹੁੰਦਾ ਸੀ । ਕਿਧਰੇ ਉਹ ਬਘੇਲ ਸਿੰਘ ਨੂੰ ਮਾਇਆ ਜਾਲ ਵਿਚ ਤੇ ਨਹੀਂ ਸੀ ਫਸਾ ਰਿਹਾ? ਕਿਧਰੇ ਉਸ ਦੇ ਸਿਆਸੀ ਭਵਿਖ ਨੂੰ ਤਬਾਹ ਕਰਨ ਦੇ ਮਨਸੂਬੇ ਤੇ ਨਹੀਂ ਸੀ ਘੜ ਰਿਹਾ? ਪਰ ਹੁਣ ਉਸਦੀ ਲੜਾਈ ਜਿਸ ਮੋੜ ਉਪਰ ਪੁੱਜ ਚੁੱਕੀ
ਸੀ ਉਥੋਂ ਪਿੱਛੇ ਨਹੀਂ ਸੀ ਹਟਿਆ ਜਾ ਸਕਦਾ । ਜੋ ਹੋਏਗਾ, ਦੇਖਿਆ ਜਾਏਗਾ, ਸੋਚ ਕੇ ਉਹ ਅੱਗੇ ਤੋਂ ਅੱਗੇ ਕਦਮ ਪੁੱਟਦਾ ਜਾ ਰਿਹਾ ਸੀ ।
ਅਮੀਰਜ਼ਾਦਿਆਂ ਦੇ ਖੰਭ ਕੁਤਰਣਾ ਇੰਨਾ ਆਸਾਨ ਨਹੀਂ ਸੀ, ਜਿੰਨਾ ਬਘੇਲ ਸਿੰਘ ਸਮਝ ਰਿਹਾ ਸੀ ।
ਪੰਕਜ ਦੇ ਸਮਰਥਕ ਸਾਰੇ ਮਾਇਆ ਨਗਰ ਵਿਚ ਜਾਲ ਵਾਂਗ ਫੈਲ ਗਏ ਸਨ । ਹਰ ਅਫ਼ਸਰ ਤਕ ਪਹੁੰਚ ਕਰ ਗਏ ਸਨ । ਪਰ ਬਘੇਲ ਸਿੰਘ ਇਨ੍ਹਾਂ ਵਿਚੋਂ ਕਿਸੇ ਵੀ ਅਫ਼ਸਰ ਨਾਲ ਸਿੱਧੀ ਗੱਲ ਨਹੀਂ ਸੀ ਕਰ ਸਕਦਾ । ਉਹ ਉਸਦਾ ਆਖਾ ਮੰਨਣ ਜਾਂ ਨਾ ਮੰਨਣ,
ਕੋਈ ਗਰੰਟੀ ਨਹੀਂ ਸੀ ।
ਉਨ੍ਹਾਂ ਦੇ ਕੰਨ ਮੁੱਖ-ਮੰਤਰੀ ਕੋਲੋਂ ਹੀ ਖਿਚਵਾਏ ਜਾ ਸਕਦੇ ਸਨ ।
ਬਘੇਲ ਸਿੰਘ ਨੇ ਥਾਣਿਉਂ ਪਤਾ ਕੀਤਾ । ਪਤਾ ਲੱਗਾ ਮੁਲਜ਼ਮ ਬਾਅਦ ਦੁਪਹਿਰ ਅਦਾਲਤ ਵਿਚ ਪੇਸ਼ ਕੀਤੇ ਜਾਣੇ ਸਨ ।
ਦੁਪਿਹਰ ਹੋਣ ਤਕ ਬਹੁਤ ਸਮਾਂ ਸੀ । ਚੰਡੀਗੜ੍ਹ ਉਸਨੇ ਡੇਢ ਘੰਟੇ ਵਿਚ ਪੁੱਜ ਜਾਣਾ ਸੀ । ਸਾਰੇ ਕੰਮ ਕਰਵਾ ਕੇ ਮੁਲਜ਼ਮਾਂ ਦੇ ਪੇਸ਼ ਹੋਣ ਤਕ ਉਸਨੇ ਵਾਪਸ ਆ ਜਾਣਾ ਸੀ ।
ਸਿਆਸੀ ਸਕੱਤਰ ਨੂੰ ਦਫ਼ਤਰ ਪੁੱਜਦਿਆਂ ਹੀ ਬਘੇਲ ਸਿੰਘ ਨੇ ਦਬੋਚ ਲਿਆ ।
"ਜੇ ਮੁਲਜ਼ਮਾਂ ਦੀ ਸਕੀਮ ਸਿਰੇ ਚੜ੍ਹ ਗਈ ਤਾਂ ਮੇਰੀ ਇੱਜ਼ਤ ਮਿੱਟੀ ਵਿਚ ਮਿਲ ਜਾਏਗੀ । ਨਾ ਸਾਨੂੰ ਦੁਆਨੀ ਮਿਲੇਗੀ । ਮੁਲਜ਼ਮਾਂ ਦਾ ਇਕ ਦੋ ਦਿਨ ਹਵਾਲਾਤ ਵਿਚ ਸੜਨਾ ਜ਼ਰੂਰੀ ਹੈ ।"
ਬਘੇਲ ਸਿੰਘ ਨੇ ਸਿਆਸੀ ਸਕੱਤਰ ਨੂੰ ਸਮਝਾਇਆ ।
ਬਘੇਲ ਸਿੰਘ ਜਿਸ-ਜਿਸ ਅਫ਼ਸਰ ਦਾ ਨਾਂ ਲੈਂਦਾ ਗਿਆ, ਸਿਆਸੀ ਸਕੱਤਰ ਉਸੇ ਨੂੰ ਫ਼ੋਨ ਕਰਦਾ ਗਿਆ ।
ਅੱਗੋਂ ਹੁੰਗਾਰਾ ਠੀਕ ਮਿਲਣ ਲਗਾ ।
ਸਿਵਲ ਸਰਜਨ ਧੜੱਲੇਦਾਰ ਅਫ਼ਸਰ ਸੀ । ਉਹ ਮੁੱਖ-ਮੰਤਰੀ ਦੇ ਇਲਾਕੇ ਦਾ ਸੀ ।
ਮੁੱਖ-ਮੰਤਰੀ ਦੀ ਕਲਮ ਨਾਲ ਉਹ ਮਾਇਆ ਨਗਰ ਲੱਗਾ ਸੀ । ਸਿਆਸੀ ਸਕੱਤਰ ਨਾਲ ਵੀ ਉਸਦੇ ਨਿਜੀ ਸਬੰਧ ਸਨ ।
ਸਿਵਲ ਸਰਜਨ ਉਪਰ ਜੋ ਦਬਾਅ ਪਿਆ ਸੀ, ਉਸਦਾ ਉਸਨੇ ਖੁਲਾਸਾ ਕੀਤਾ :
"ਪਹਿਲਾਂ ਸਾਡੇ ਡਾਇਰੈਕਟਰ ਦਾ ਫ਼ੋਨ ਆਇਆ ਸੀ । ਫੇਰ ਸਿਹਤ ਮੰਤਰੀ ਦਾ ਆ ਗਿਆ । ਸਿਫਾਰਸ਼ ਚਾਲੂ ਨਹੀਂ ਸੀ । ਮੰਤਰੀ ਜੀ ਨੇ ਖ਼ੁਦ ਗੱਲ ਕੀਤੀ ਸੀ ਅਤੇ ਹੁਕਮ ਦਿੱਤਾ ਸੀ । ਦੋਸ਼ੀ ਉਨ੍ਹਾਂ ਦੇ ਰਿਸ਼ਤੇਦਾਰ ਸਨ । ਹਰ ਹੀਲੇ ਉਨ੍ਹਾਂ ਦੀ ਮਦਦ ਹੋਣੀ ਚਾਹੀਦੀ ਸੀ । ਹੁਣ ਤੁਸੀਂ ਆਪਣੀ ਸਿਫਾਰਸ਼ ਬਾਰੇ ਦੱਧਸੋ । ਜੇ ਹੁਕਮ ਮੁੱਖ-ਮੰਤਰੀ ਵੱਲੋਂ ਹੈ, ਫੇਰ ਮੈਨੂੰ ਮੰਤਰੀ ਦੀ ਕੋਈ ਪਰਵਾਹ ਨਹੀਂ । ਜੇ ਕੰਮ ਤੁਹਾਡਾ ਹੈ ਫੇਰ ਉਸ ਨਜ਼ਰੀਏ ਤੋਂ ਸੋਚੀਏ ।"
"ਮੈਂ ਆਪਣੇ ਤੌਰ 'ਤੇ ਕੁਝ ਨਹੀਂ ਆਖ ਰਿਹਾ । ਮੁੱਖ-ਮੰਤਰੀ ਸਾਹਿਬ ਦਾ ਹੁਕਮ ਸੁਣਾ ਰਿਹਾ ਹਾਂ । ਕੁਝ ਦੇਰ ਇੰਤਜ਼ਾਰ ਕਰੋ । ਮੈਂ ਮੁੱਖ-ਮੰਤਰੀ ਸਾਹਿਬ ਤੋਂ ਸਿਹਤ ਮੰਤਰੀ ਨੂੰ ਫ਼ੋਨ ਕਰਾਉਂਦਾ ਹਾਂ । ਤੁਹਾਨੂੰ ਸਿਹਤ ਮੰਤਰੀ ਦਾ ਫ਼ੋਨ ਆਏਗਾ । ਉਹ ਆਖੇਗਾ ਕਾਰਵਾਈ ਸੱਚ ਦੇ ਆਧਾਰ 'ਤੇ ਹੋਵੇ । ਕਿਸੇ ਧਿਰ ਦਾ ਪੱਖ ਨਾ ਪੂਰਿਆ ਜਾਵੇ । ਫੇਰ ਠੀਕ ਹੈ?"
"ਫੇਰ ਗੋਲੀ ਕਿਸਦੀ ਅਤੇ ਗਹਿਣੇ ਕਿਸਦੇ? ਮੈਂ ਬਿਮਾਰ ਮੁਲਜ਼ਮਾਂ ਨੂੰ ਘੋੜੇ ਚੜ੍ਹੇ ਦਿਖਾ ਦੇਵਾਂਗਾ ।"
ਸਿਵਲ ਸਰਜਨ ਵੱਲੋਂ ਬੇਫ਼ਿਕਰ ਹੋ ਕੇ ਉਹ ਜ਼ਿਲ੍ਹਾ ਅਟਾਰਨੀ ਨੂੰ ਫ਼ੋਨ ਘੁਮਾਉਣ ਲੱਗੇ ।
ਜ਼ਿਲ੍ਹਾ ਅਟਾਰਨੀ ਵਿਚ ਸਿਵਲ ਸਰਜਨ ਵਾਲੀ ਜੁਅਰਤ ਨਹੀਂ ਸੀ । ਉਸਨੂੰ ਫ਼ੋਨ ਹੋਮ ਸੈਕਟਰੀ ਦਾ ਆਇਆ ਸੀ । ਜ਼ਿਲ੍ਹਾ ਅਟਾਰਨੀ ਉਸਦਾ ਮਤਹਿਤ ਸੀ । ਸਿਫਾਰਸ਼ ਠੋਕਵੀਂ ਸੀ । ਉਸ ਨੇ ਆਖਿਆ ਸੀ ਮੁਲਜ਼ਮਾਂ ਦੀ ਪੁਲਿਸ ਹਿਰਾਸਤ ਦਾ ਮਤਲਬ ਹੋਮ ਸੈਕਟਰੀ ਦੀ ਪੁਲਿਸ ਹਿਰਾਸਤ ਸੀ । ਕੰਮ ਕਰਵਾ ਕੇ ਹੋਮ ਸੈਕਟਰੀ ਨੂੰ ਉਸਨੇ ਰਿਪੋਰਟ ਕਰਨੀ ਸੀ ।
ਮੁੱਖ-ਮੰਤਰੀ ਦੇ ਸਿਆਸੀ ਸਕੱਤਰ ਦਾ ਫ਼ੋਨ ਸੁਣ ਕੇ ਜ਼ਿਲ੍ਹਾ ਅਟਾਰਨੀ ਦੀ ਜਾਨ ਦੋ ਪੁੜਾਂ ਵਿਚਕਾਰ ਫਸ ਗਈ । ਇਕ ਪਾਸੇ ਹੋਮ ਸੈਕਟਰੀ । ਜੇ ਉਸਦਾ ਕੰਮ ਨਾ ਹੋਇਆ, ਉਸਨੇ ਜ਼ਿਲ੍ਹਾ ਅਟਾਰਨੀ ਨੂੰ ਗੁਰਦਾਸਪੁਰ ਭੇਜ ਦੇਣਾ ਸੀ । ਮਸਾਂ-ਮਸਾਂ ਉਹ ਮਾਇਆ ਨਗਰ ਆਇਆ ਸੀ । ਇਥੇ ਨੋਟਾਂ ਦੀ ਬਾਰਸ਼ ਹੁੰਦੀ ਸੀ । ਉਥੇ ਖੁਸ਼ਕੀ ਹੀ ਖੁਸ਼ਕੀ ਸੀ ।
ਦੂਜੇ ਪਾਸੇ ਖ਼ੁਦ ਮੁੱਖ-ਮੰਤਰੀ ਸੀ । ਹੋਮ ਸੈਕਟਰੀ ਦੇ ਵੀ ਉਪਰ ਦੀ । ਸਿਫਾਰਸ਼ ਇਥੋਂ ਵੀ ਠੋਕਵੀਂ ਹੋ ਰਹੀ ਸੀ । ਮੁੱਖ-ਮੰਤਰੀ ਦਾ ਅਹੁਦਾ ਤਾਂ ਵੱਡਾ ਸੀ ਹੀ ਇਧਰੋਂ ਸਿਫਾਰਸ਼ ਵੀ ਮੁਦਈ ਧਿਰ ਦੀ ਹੋ ਰਹੀ ਸੀ । ਮੁਦਈ ਧਿਰ ਦਾ ਪੱਖ ਪੂਰਨਾ ਉਸਦੀ ਡਿਊਟੀ ਸੀ ।
ਇਕ ਵਾਰ ਜ਼ਿਲ੍ਹਾ ਅਟਾਰਨੀ ਦੇ ਮਨ ਵਿਚ ਆਇਆ, ਉਹ ਸਿਆਸੀ ਸਕੱਤਰ ਕੋਲ ਸਾਰੀ ਸਥਿਤੀ ਸਪੱਸ਼ਟ ਕਰ ਦੇਵੇ ।
ਮੁੱਖ-ਮੰਤਰੀ ਨੇ ਜੇ ਹੋਮ ਸੈਕਟਰੀ ਨੂੰ ਤਾੜ ਦਿੱਤਾ? ਹੋਮ ਸੈਕਟਰੀ ਨੇ ਵੱਧ ਗੁੱਧਸੇ ਹੋਣ ਸੀ । ਆਖਣਾ ਸੀ ਕੰਮ ਕਰਦਾ ਜਾਂ ਨਾ, ਪਰ ਮੁੱਖ-ਮੰਤਰੀ ਕੋਲ ਉਸਦੀ ਸ਼ਿਕਾਇਤ ਤਾਂ ਨਾ ਕਰਦਾ ।
ਇਹ ਸੋਚ ਕੇ ਉਹ ਦੜ ਵੱਟ ਗਿਆ ।
ਹੁਕਮਾਂ ਦੀ ਤਾਮੀਲ ਕਰਨ ਦਾ ਵਾਅਦਾ ਹੀ ਉਚਿਤ ਹੱਲ ਸੀ । ਇਹੋ ਉਸਨੇ ਕੀਤਾ ।
"ਹਰ ਹਾਲ ਵਿਚ ਦੋਸ਼ੀਆਂ ਦਾ ਰਿਮਾਂਡ ਮਿਲੇਗਾ । ਮੈਂ ਹੁਣੇ ਸੈਸ਼ਨ ਜੱਜ ਸਾਹਿਬ ਨੂੰ ਮਿਲਦਾ ਹਾਂ । ਉਨ੍ਹਾਂ ਤੋਂ ਮੈਜਿਸਟਰੇਟ ਨੂੰ ਅਖਵਾਉਂਦਾ ਹਾਂ ।"
ਇੰਨਾ ਕੁ ਹੋਮ ਵਰਕ ਕਰਕੇ ਬਘੇਲ ਸਿੰਘ ਨਤੀਜਿਆਂ ਦੀ ਉਡੀਕ ਕਰਨ ਲੱਗਾ ।
55
ਜ਼ਿਲ੍ਹਾ ਅਟਾਰਨੀ ਸੋਚਾਂ ਵਿਚ ਪਿਆ ਹੋਇਆ ਸੀ । ਉਹ ਕਿਸ ਮੋਰੀ ਨਿਕਲੇ? ਅੁਸਨੂੰ ਸਮਝ ਨਹੀਂ ਸੀ ਆ ਰਹੀ ।
ਮੁਲਜ਼ਮ ਧਿਰ ਹਰ ਸਬੰਧਤ ਅਫ਼ਸਰ ਤਕ ਪਹੁੰਚ ਕਰ ਚੁੱਕੀ ਸੀ । ਪਹੁੰਚ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਸੀ । ਉਸੇ ਅਫ਼ਸਰ ਕੋਲੋਂ ਅਖਵਾਇਆ ਗਿਆ ਸੀ, ਜਿਸਦੇ ਹੱਥ ਵਿਚ ਉਸਦੀ ਨਬਜ਼ ਸੀ । ਜੱਜਾਂ ਨੂੰ ਕਿਸੇ ਮੰਤਰੀ ਜਾਂ ਸੈਕਟਰੀ ਦੀ ਪਰਵਾਹ ਨਹੀਂ ਸੀ ।
ਉਨ੍ਹਾਂ ਨੇ ਉਹੋ ਕਰਨਾ ਸੀ ਜਿਹੜਾ ਉਨ੍ਹਾਂ ਦੇ ਅਫ਼ਸਰਾਂ ਨੇ ਆਖਣਾ ਸੀ । ਕਿਸੇ ਨੇ ਕਿਸੇ ਜੱਜ ਦੀ ਝੇਪ ਵਿਚ ਆ ਕੇ ਜੇ ਪੁਲਿਸ ਰਿਮਾਂਡ ਦੀ ਮੰਗ ਠੁਕਰਾ ਦਿੱਤੀ ਤਾਂ ਜ਼ਿਲ੍ਹਾ ਅਟਾਰਨੀ ਨੂੰ ਲੈਣੇ ਦੇ ਦੇਣੇ ਪੈ ਜਾਣੇ ਸਨ ।
"ਇਸ ਅਫ਼ਸਰ ਦਾ ਨਿਆਂ-ਪਾਲਿਕਾ ਨਾਲ ਰਾਬਤਾ ਨਹੀਂ ਹੈ" ਇਹ ਦੋਸ਼ ਲਗਾ ਕੇ ਉਸਦੀ ਇਥੋਂ ਛੁੱਟੀ ਹੋ ਜਾਣੀ ਸੀ ।
ਸੋਚਦੇ-ਸੋਚਦੇ ਉਸਨੂੰ ਇਕ ਰਾਹ ਲੱਭਾ । ਉਸਨੂੰ ਸੈਸ਼ਨ ਜੱਜ ਕੋਲ ਜਾ ਕੇ ਮਨ ਦ ਭੜਾਸ ਕੱਢਣੀ ਚਾਹੀਦੀ ਸੀ । ਇੰਝ ਸੱਪ ਵੀ ਮਰ ਜਾਣਾ ਸੀ ਅਤੇ ਲਾਠੀ ਵੀ ਬਚ ਰਹਿਣੀ ਸੀ । ਉਹ ਸਹੁੰ ਖਾ ਕੇ ਆਖਣ ਜੋਗਾ ਹੋ ਜਾਣਾ ਸੀ । ਉਸਨੇ ਸੈਸ਼ਨ ਜੱਜ ਤਕ ਪਹੁੰਚ ਕੀਤੀ ਸੀ । ਮੁਲਜ਼ਮ ਉਸ ਤੋਂ ਉਪਰ ਦੀ ਸਿਫਾਰਸ਼ ਕਰਵਾ ਗਏ ਤਾਂ ਉਹ ਕੀ ਕਰੇ ।
ਫੇਰ ਉਹ ਡਰਿਆ। ਮੁਲਜ਼ਮ ਧਿਰ ਨੇ ਸੈਸ਼ਨ ਜੱਜ ਤਕ ਵੀ ਪਹੁੰਚ ਕੀਤੀ ਸੀ । ਜ਼ਿਲ੍ਹਾ ਅਟਾਰਨੀ ਵਾਂਗ ਸੈਸ਼ਨ ਜੱਜ ਵੀ ਕੜਿਕੀ ਵਿਚ ਫਸਿਆ ਹੋਏਗਾ । ਆਪਣੀ ਜਾਨ ਛੁਡਾਉਣ ਲਈ ਜੇ ਕਿਧਰੇ ਉਸਨੇ ਮੁਲਜ਼ਮ ਧਿਰ ਕੋਲ ਜ਼ਿਲ੍ਹਾ ਅਟਾਰਨੀ ਦੇ ਆਉਣ ਬਾਰੇ ਜ਼ਿਕਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਜੁੱਤੀ ਲਾਹ ਲੈਣੀ ਸੀ । ਨਾਲੇ ਪੈਸੇ ਲੈ ਲਏ, ਨਾਲੇ ਉਲਟ ਸਿਫਾਰਸ਼ਾਂ ਕਰ ਰਿਹਾ ਸੀ ।
"ਸੈਸ਼ਨ ਜੱਜ ਵੱਡਾ ਅਫ਼ਸਰ ਹੈ । ਉਹ ਇੰਨਾ ਕੱਚਾ ਨਹੀਂ ਕਿ ਅਫ਼ਸਰਾਂ ਦੀਆਂ ਚੁਗਲੀਆਂ ਕਰਦਾ ਫਿਰੇ ।"
ਮਨ ਨੂੰ ਸਮਝਾ ਕੇ ਜ਼ਿਲ੍ਹਾ ਅਟਾਰਨੀ ਸੈਸ਼ਨ ਜੱਜ ਦੀ ਕੋਠੀ ਜਾ ਵੜਿਆ ।
ਸੈਸ਼ਨ ਜੱਜ ਵੀ ਇਸੇ ਦੁਬਿਧਾ ਵਿਚ ਸੀ । ਉਸਨੂੰ ਹੁਣ ਤਕ ਹਾਈ ਕੋਰਟ ਦੇ ਦੋ ਜੱਜਾਂ ਦੇ ਫ਼ੋਨ ਆ ਚੁੱਕੇ ਸਨ । ਹੈਰਾਨੀ ਦੀ ਗੱਲ ਇਹ ਸੀ ਕਿ ਉਨ੍ਹਾਂ ਵਿਚੋਂ ਇਕ ਉਹ ਜੱਜ ਸੀ ਜਿਸ ਨੇ ਖ਼ੁਦ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਰੱਦ ਕੀਤੀ ਸੀ । ਜਦੋਂ
ਉਹ ਹਾਥੀ ਜਿਡੀ ਕੁਰਸੀ 'ਤੇ ਬੈਠ ਕੇ ਮੁਲਜ਼ਮਾਂ ਦੀ ਮਦਦ ਨਹੀਂ ਸੀ ਕਰ ਸਕਿਆ ਤਾਂ ਕੀੜੀਆਂ ਤੋਂ ਕੀ ਆਸ ਕਰ ਰਿਹਾ ਸੀ?
ਇਲਾਕਾ ਮੈਜਿਸਟਰੇਟ ਹੁਣੇ-ਹੁਣੇ ਆਪਣਾ ਦੁਖੜਾ ਰੋ ਕੇ ਗਿਆ ਸੀ । ਉਹ ਨਵਾਂ ਭਰਤੀ ਹੋਇਆ ਸੀ । ਉਸਨੂੰ ਲਾਲਚ ਵੀ ਦਿੱਤਾ ਜਾ ਰਿਹਾ ਸੀ ਅਤੇ ਮਲਵੀਂ ਜਿਹੀ ਜੀਭ ਨਾਲ ਧਮਕੀ ਵੀ । ਉਹ ਸੈਸ਼ਨ ਜੱਜ ਤੋਂ ਅਗਵਾਈ ਲੈਣ ਆਇਆ ਸੀ ।
ਸੈਸ਼ਨ ਜੱਜ ਖ਼ੁਦ ਡੋਲਿਆ ਬੈਠਾ ਸੀ । ਉਹ ਜ਼ਿਲ੍ਹਾ ਅਟਾਰਨੀ ਦਾ ਹੌਸਲਾ ਕਿਸ ਤਰ੍ਹਾਂ ਵਧਾਏ?
ਸੋਚ ਸੋਚ ਕੇ ਸੈਸ਼ਨ ਜੱਜ ਨੇ ਜ਼ਿਲ੍ਹਾ ਅਟਾਰਨੀ ਨੂੰ ਸਲਾਹ ਦਿੱਤੀ ।
"ਤੁਸੀਂ ਖ਼ੁਦ ਮਿਸਲ ਦੀ ਘੋਖ ਪੜਤਾਲ ਕਰੋ । ਕਮੀ ਪੇਸ਼ੀ ਨਜ਼ਰ ਆਉਂਦੀ ਹੋਵੇ, ਉਹ ਦੂਰ ਕਰਾਓ । ਪੁਲਿਸ ਰਿਮਾਂਡ ਦੀ ਦਰਖ਼ਾਸਤ ਆਪ ਲਿਖਵਾਓ । ਪੁਲਿਸ ਰਿਮਾਂਡ ਦਾ ਠੋਸ ਆਧਾਰ ਤਿਆਰ ਕਰਾਓ । ਖ਼ੁਦ ਬਹਿਸ ਕਰੋ । ਕੁਝ ਯਤਨ ਮੈਂ ਕਰਾਂਗਾ । ਆਪਾਂ ਸਾਰੇ ਇਸ ਮੁਸੀਬਤ ਵਿਚੋਂ ਨਿਕਲਣ ਦਾ ਯਤਨ ਕਰਾਂਗੇ ।"
ਸੈਸ਼ਨ ਜੱਜ ਦੀਆਂ ਬਾਕੀ ਗੱਲਾਂ ਠੀਕ ਸਨ । ਖ਼ੁਦ ਬਹਿਸ ਕਰਨ ਦੇ ਸੁਝਾਅ ਨੇ ਉਸਨੂੰ ਕੜਿਕੀ ਵਿਚ ਫਸਾ ਦਿੱਤਾ । ਇਸ ਤਰ੍ਹਾਂ ਕਰਨ ਨਾਲ ਜ਼ਿਲ੍ਹਾ ਅਟਾਰਲੀ ਨੂੰ ਹਰ ਹਾਲ ਵਿਚ ਮਾਰ ਪੈਣੀ ਸੀ । ਪੁਲਿਸ ਰਿਮਾਂਡ ਮਿਲਿਆ ਹੋਮ ਸੈਕਟਰੀ ਨੇ ਨਰਾਜ਼ ਹੋਣਾ
ਸੀ । ਅੱਡੀਆਂ ਚੁਕ-ਚੁਕ ਬਹਿਸ ਕਰਨ ਦੀ ਕੀ ਜ਼ਰੂਰਤ ਸੀ?
ਪੁਲਿਸ ਰਿਮਾਂਡ ਨਾ ਮਿਲਿਆ ਤਾਂ ਬਘੇਲ ਸਿੰਘ ਨੇ ਦੁਆਲੇ ਹੋ ਜਾਣਾ ਸੀ ।
ਉਹ ਖ਼ੁਦ ਬਹਿਸ ਕਰਨ ਦਾ ਜੋਖ਼ਮ ਨਹੀਂ ਉਠਾਏਗਾ । ਸੰਬੰਧਤ ਸਰਕਾਰੀ ਵਕੀਲ ਨੂੰ ਹੀ ਕਚਹਿਰੀ ਭੇਜੇਗਾ । ਕੋਈ ਨੀਮ ਖੀਮ ਹੋਈ ਤਾਂ ਉਸੇ ਨੂੰ ਬਲੀ ਦਾ ਬੱਕਰਾ ਬਣਾਏਗਾ ।
ਸੈਸ਼ਨ ਜੱਜ ਕੋਲ ਸਿਫ਼ਾਰਸ਼ ਕਰਨ ਦਾ ਆਪਣਾ ਫਰਜ਼ ਨਿਭਾਅ ਕੇ ਜ਼ਿਲ੍ਹਾ ਅਟਾਰਨ ਆਪਣੇ ਦਫ਼ਤਰ ਆ ਬੈਠਾ ।
ਉਹ ਆਉਣ ਵਾਲੇ ਭੈੜੇ ਸਮੇਂ ਲਈ ਆਪਣੇ ਆਪ ਨੂੰ ਤਿਆਰ ਕਰਨ ਲੱਗਾ ।
56
ਸੂਰਜ ਦੀ ਪਹਿਲੀ ਕਿਰਨ ਦੇ ਨਾਲ ਹੀ ਬਘੇਲ ਸਿੰਘ ਦੀ ਮਿਹਨਤ ਦੇ ਨਤੀਜੇ ਆਉਣ ਲਗੇ ।
ਮੂੰਹ-ਹਨੇਰੇ ਪੁਲਿਸ ਨੇ ਦੋਹਾਂ ਭਰਾਵਾਂ ਨੂੰ ਰੈਸਟ-ਹਾਊਸ ਵਿਚੋਂ ਲਿਆ ਕੇ ਹਵਾਲਾਤ ਵਿਚ ਬੰਦ ਕਰ ਦਿੱਤਾ ।
ਹਵਾਲਾਤ ਦਾ ਸਵਾਦ ਚੰਗੀ ਤਰ੍ਹਾਂ ਚਖਾਉਣ ਲਈ ਪੰਜ ਛੇ ਮੰਗਤਿਆਂ ਅਤੇ ਦੋ ਤਿੰਨ ਚੋਰਾਂ ਨੂੰ ਉਨ੍ਹਾਂ ਨਾਲ ਡੱਕ ਦਿੱਤਾ ।
ਹਵਾਲਾਤੀਆਂ ਦੇ ਮੈਲੇ ਕਪੜਿਆਂ ਅਤੇ ਸਰੀਰਾਂ ਵਿਚੋਂ ਬੂ ਆ ਰਹੀ ਸੀ । ਇੰਝ ਜਾਪਦਾ ਸੀ ਜਿਵੇਂ ਕਾਂ ਖਾਧਾ ਕੋਈ ਕੁੱਤਾ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ ਹੋਵੇ ।
ਮੰਗਤੇ ਵਾਰ-ਵਾਰ ਜ਼ਰਦਾ ਲਾ ਰਹੇ ਸਨ ਅਤੇ ਹਵਾਲਾਤ ਦੇ ਅੰਦਰ ਹੀ ਥੁੱਕ ਰਹੇ ਸਨ ।
ਓਕ ਨਾਲ ਪੀਣ ਕਾਰਨ ਘੜੇ ਦਾ ਪਾਣੀ ਥਾਂ-ਥਾਂ ਡੁੱਧਲ੍ਹਿਆ ਪਿਆ ਸੀ । ਉਸ ਡੁਲ੍ਹੇ ਪਾਣੀ ਉਪਰ ਬੈਠੀਆਂ ਮੱਖੀਆਂ ਨੇ ਮਾਹੌਲ ਹੋਰ ਘਿਣਾਉਣਾ ਬਣਾ ਦਿੱਤਾ ਸੀ ।
ਹਵਾਲਾਤ ਦਾ ਇਕ ਦਰਵਾਜ਼ਾ ਥਾਣੇ ਦੇ ਮੁੱਖ ਦਰਵਾਜ਼ੇ ਵੱਲ ਖੁਲ੍ਹਦਾ ਸੀ । ਥਾਣੇ ਅੰਦਰ ਜਾਂਦੇ ਹਰ ਵਿਅਕਤੀ ਦੀ ਨਜ਼ਰ ਹਵਾਲਾਤੀਆਂ ਉਪਰ ਪੈਂਦੀ ਸੀ । ਹਵਾਲਾਤੀਆਂ ਨੂੰ ਮੂੰਹ ਲੁਕਾਉਣ ਤਕ ਦੀ ਸਹੂਲਤ ਨਹੀਂ ਸੀ । ਕੋਈ ਕਿੰਨਾ ਕੁ ਚਿਰ ਮੂੰਹ 'ਤੇ ਹੱਥ ਰੱਖੀ ਆਪਣੀ ਸ਼ਨਾਖ਼ਤ ਛੁਪਾਈ ਰੱਖੇ !
ਦੋਵੇਂ ਭਰਾ ਤਰਲੇ ਲੈ ਰਹੇ ਸਨ । ਉਨ੍ਹਾਂ ਨੂੰ ਹਵਾਲਾਤ ਵਿਚੋਂ ਕੱਢਿਆ ਜਾਵੇ । ਉਨ੍ਹਾਂ ਨੂੰ ਘਰ ਫ਼ੋਨ ਕਰਨ ਦਿੱਤਾ ਜਾਵੇ ।
ਕੋਈ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ । ਥਾਣੇ ਵਿਚ ਦੋ ਪੁਲਿਸ ਮੁਲਾਜ਼ਮ ਹਾਜ਼ਰ ਸਨ । ਇਕ ਸੀ ਰਾਤ ਦਾ ਮੁਨਸ਼ੀ ਅਤੇ ਦੂਸਰਾ ਸੀ ਸੰਤਰੀ । ਹਵਾਲਾਤ ਦੀ ਚਾਬੀ ਦੋਹਾਂ ਵਿਚੋਂ ਕਿਸੇ ਕੋਲ ਨਹੀਂ ਸੀ । ਉਹ ਦੋਸ਼ੀਆਂ ਦੀ ਕੋਈ ਮਦਦ ਨਹੀਂ ਸਨ ਕਰ ਸਕਦੇ ।
ਸੰਤਰੀ ਨੂੰ ਚਾਹ ਫੜਾਉਣ ਆਏ ਨੌਕਰ ਨੂੰ ਸੇਠਾਂ 'ਤੇ ਰਹਿਮ ਆ ਗਿਆ । ਚੁੱਪਕੇ ਜਿਹੇ ਉਸਨੇ ਉਨ੍ਹਾਂ ਤੋਂ ਫ਼ੋਨ ਨੰਬਰ ਲਿਆ ਅਤੇ ਦੁਕਾਨ 'ਤੇ ਆ ਕੇ ਉਨ੍ਹਾਂ ਦੇ ਘਰ ਫ਼ੋਨ ਖੜਕਾ ਦਿੱਤਾ ।
ਖ਼ਬਰ ਸੁਣਦਿਆਂ ਹੀ ਗੁੱਧਸੇ ਵਿਚ ਭੜਕੇ ਉਨ੍ਹਾਂ ਦੇ ਹਮਾਇਤੀ ਥਾਣੇ ਵੱਲ ਦੌੜ ਪਏ।
ਰਾਤੀਂ ਰਿਸ਼ਤੇਦਾਰ ਸਭ ਤਰ੍ਹਾਂ ਦੇ ਇੰਤਜ਼ਾਮ ਕਰਕੇ ਆਏ ਸਨ । ਹੁਣ ਪੁਲਿਸ ਨੂੰ ਕਿਹੜੀ ਮਾਰ ਪੈ ਗਈ ਸੀ ?
ਸੰਤਰੀ ਨੂੰ ਅਫ਼ਸਰਾਂ ਦੀ ਸਖ਼ਤ ਹਦਾਇਤ ਸੀ । ਬਿਨਾਂ ਮੁੱਖ ਅਫ਼ਸਰ ਦੀ ਇਜਾਜ਼ਤ ਦੇ ਕਿਸੇ ਨੂੰ ਥਾਣੇ ਅੰਦਰ ਨਾ ਜਾਣ ਦਿੱਤਾ ਜਾਵੇ ।
ਕੁਝ ਦੇਰ ਸੰਤਰੀ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾਉਂਦਾ ਰਿਹਾ । ਹਰ ਆਏ ਮੁਲਾਕਾਤੀ ਨੂੰ ਨਿਮਰਤਾ ਸਹਿਤ ਥਾਣੇ ਦੇ ਬਾਹਰ ਇੰਤਜ਼ਾਰ ਕਰਨ ਦੀ ਬੇਨਤੀ ਕਰਦਾ ਰਿਹਾ ।
ਹੌਲੀ-ਹੌਲੀ ਸਥਿਤੀ ਸੰਤਰੀ ਦੇ ਵਸੋਂ ਬਾਹਰ ਹੋਣ ਲੱਗੀ । ਜਿਸ ਰੁਤਬੇ ਦੇ ਲੋਕ ਮੁਲਜ਼ਮਾਂ ਨੂੰ ਮਿਲਣ ਆ ਰਹੇ ਸਨ, ਉਨ੍ਹਾਂ ਨੂੰ ਬਹੁਤੀ ਦੇਰ ਰੋਕਣਾ ਸੰਤਰੀ ਦੇ ਵੱਸ ਵਿਚ ਨਹੀਂ ਸੀ ।
ਸੰਤਰੀ ਨੂੰ ਦੋਹੀਂ ਪਾਸੀਂ ਖ਼ਤਰਾ ਮਹਿਸੂਸ ਹੋਣ ਲੱਗਾ । ਜੇ ਕਿਸੇ ਸਾਬਕਾ ਜੱਜ ਜਾਂ ਚੇਅਰਮੈਨ ਨੂੰ ਉਸਨੇ ਥਾਣੇ ਨਾ ਵੜਨ ਦਿੱਤਾ ਤਾਂ ਉਸ ਨੇ ਸੰਤਰੀ ਨੂੰ ਮੁਅੱਤਲ ਕਰਵਾ ਦੇਣਾ ਸੀ । ਜੇ ਅੰਦਰ ਜਾਣ ਦਿੱਤਾ ਤਾਂ ਅਫ਼ਸਰਾਂ ਨੇ ਉਸਦੀ ਪੇਟੀ ਲਾਹ ਲੈਣੀ ਸੀ ।
ਅਫ਼ਸਰਾਂ ਨੂੰ ਉਹ ਕਈ ਵਾਰ ਸੂਚਿਤ ਕਰ ਚੁੱਕਾ ਸੀ, "ਹਾਲਾਤ ਕਾਬੂ ਕਰੋ ।" "ਬਸ ਆਏ" ਆਖ ਕੇ ਅਫ਼ਸਰ ਜਾਨ ਛੁਡਾਉਂਦੇ ਆ ਰਹੇ ਸਨ ।
ਮਨ ਕਰੜਾ ਕਰਕੇ ਸੰਤਰੀ ਨੇ ਕੰਟਰੋਲ ਰੂਮ ਨੂੰ ਫ਼ੋਨ ਕੀਤਾ । "ਥਾਣੇ ਦੇ ਬਾਹਰ ਵੱਡੀ ਭੀੜ ਜਮ੍ਹਾਂ ਹੋ ਗਈ ਹੈ । ਥਾਣੇ ਉਪਰ ਹਮਲਾ ਹੋਣ ਦਾ ਖ਼ਤਰਾ ਹੈ । ਮੈਂ ਇਕੱਲਾ ਹਾਲਾਤ ਕਾਬੂ ਨਹੀਂ ਕਰ ਸਕਦਾ । ਹੋਰ ਫੋਰਸ ਭੇਜੋ ।"
ਕੰਟਰੋਲ ਰੂਮ ਨੇ ਝੱਟ ਵਾਇਰਲੈਸਾਂ ਖੜਕਾ ਦਿੱਤੀਆਂ ।
ਝੱਟ ਮੁੱਖ ਅਫ਼ਸਰ ਥਾਣੇ ਆ ਬੈਠਾ । ਗੇਟ ਉੱਪਰ ਸੁਰੱਧਖਿਆ ਵਧਾ ਦਿੱਤੀ ਗਈ । ਚਾਰ ਬੰਦੂਕਾਂ ਵਾਲੇ ਸੰਤਰੀ ਥਾਣੇ ਦੇ ਬਾਹਰ ਗਸ਼ਤ ਕਰਨ ਲੱਗੇ ।
ਮੁੱਖ ਅਫ਼ਸਰ ਹਮਾਇਤੀਆਂ ਨੂੰ ਟਾਲਦਾ ਰਿਹਾ । ਕਾਨੂੰਨ ਸਭ ਲਈ ਬਰਾਬਰ ਸੀ ।
ਉਹ ਦੋਸ਼ੀਆਂ ਨੂੰ ਹਵਾਲਾਤ ਵਿਚੋਂ ਬਾਹਰ ਨਹੀਂ ਸੀ ਕੱਢ ਸਕਦਾ ।
ਉਸਨੇ ਇਕ ਰਿਆਇਤ ਕੀਤੀ । ਵਕੀਲ ਨੂੰ ਦੋਸ਼ੀਆਂ ਨਾਲ ਮਿਲਾ ਦਿੱਤਾ ।
ਸਿੰਗਲੇ ਕੋਲ ਮੁਲਜ਼ਮਾਂ ਨਾਲ ਕਰਨ ਲਈ ਕੋਈ ਗੱਲ ਨਹੀਂ ਸੀ । ਉਹ ਕੁਝ ਘਮਟਿਆਂ ਲਈ ਸਬਰ ਕਰਨ ਦੀ ਸਲਾਹ ਦੇ ਕੇ ਬਾਹਰ ਆ ਗਿਆ ।
ਬਾਹਰਲਿਆਂ ਨੂੰ ਦੱਸਣ ਲਈ ਸਿੰਗਲੇ ਕੋਲ ਬਹੁਤਾ ਕੁਝ ਨਹੀਂ ਸੀ ।
"ਹਾਲੇ ਮੁੰਡੇ ਠੀਕ ਹਨ । ਕੁਝ ਘਬਰਾਹਟ ਜ਼ਰੂਰ ਹੈ । ਜੇ ਉਹ ਕਿਵੇਂ ਨਾ ਕਿਵੇਂ ਹਵਾਲਾਤ ਵਿਚੋਂ ਬਾਹਰ ਆ ਜਾਣ, ਫੇਰ ਕੋਈ ਦਿੱਕਤ ਨਹੀਂ ।"
ਉਪਰੋਂ ਕਿਸੇ ਅਫ਼ਸਰ ਨੇ ਮੁੱਖ ਅਫ਼ਸਰ ਨੂੰ ਤਾੜਿਆ :
"ਮੁਲਾਕਾਤੀਆਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ? ਇਕ ਇਕ ਕਰਕੇ ਮਿਲਣ ਦਿੱਤਾ ਜਾਵੇ ।"
ਆਸ ਦੇ ਉਲਟ ਹਮਾਇਤੀਆਂ ਨੂੰ ਮਿਲ ਕੇ ਨੀਰਜ ਹੋਰਾਂ ਨੂੰ ਰਾਹਤ ਘੱਟ ਅਤੇ ਘਬਰਾਹਟ ਵੱਧ ਮਹਿਸੂਸ ਹੋਣ ਲੱਗੀ ।
ਉਨ੍ਹਾਂ ਦੇ ਚਿਹਰੇ ਮੁਰਝਾ ਗਏ। ਉਬਾਸੀਆਂ ਆਉਣ ਲੱਗੀਆਂ । ਉਨ੍ਹਾਂ ਦੇ ਗਲੇ ਸੁੱਕ ਰਹੇ ਸਨ । ਦਿਲ ਜ਼ੋਰ-ਜ਼ੋਰ ਦੀ ਧੜਕ ਰਹੇ ਸਨ । ਲੱਤਾਂ ਬਾਹਾਂ ਦਰਦ ਕਰ ਰਹੀਆਂ ਸਨ ।
ਦੋ ਕੁ ਵਾਰ ਸੁੱਕੇ ਵੱਤ ਆ ਚੁੱਕੇ ਸਨ । ਪੰਕਜ ਦਾ ਸਿਰ ਫਟ ਰਿਹਾ ਸੀ । ਨੀਰਜ ਦਾ ਪਿੰਡਾ ਭਖ ਰਿਹਾ ਸੀ ।
ਉਹ ਮੂੰਹੋਂ ਕੁਝ ਨਹੀਂ ਸਨ ਬੋਲ ਰਹੇ ।
ਪਰ ਉਨ੍ਹਾਂ ਦੀਆਂ ਅੱਖਾਂ ਲੇਲ੍ਹੜੀਆਂ ਕੱਢ-ਕੱਢ ਆਖ ਰਹੀਆਂ ਸਨ :
"ਸਾਨੂੰ ਹਰ ਕੀਮਤ 'ਤੇ ਇਥੋਂ ਕੱਢੋ !"
57
ਤਪਦੇ ਰੇਗਸਥਾਨ ਵਿਚ ਪਹਿਲੀ ਵਾਰ ਠੰਡੀ ਹਵਾ ਦਾ ਬੁੱਲਾ ਆਇਆ ਸੀ ।
ਮਾਤਾ ਜੀ ਨੇ ਆਪਣੇ ਹੱਥੀਂ ਸਹਿਯੋਗ ਸੰਸਥਾ ਵਿਚ ਨੇਹਾ ਦੀ ਪਹਿਲੀ ਥਾਂ ਬਹਾਲ ਕੀਤੀ ਸੀ ।
ਯੁਵਾ ਸ਼ਕਤੀ ਨੇ ਸੰਸਥਾ ਦੇ ਪ੍ਰਬੰਧਕਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਵਾਇਆ ਸੀ । ਮਜਬੂਰਨ ਪ੍ਰਬੰਧਕਾਂ ਨੂੰ ਮਾਮਲਾ ਅਮਰੀਕਾ ਬੈਠੇ ਮਾਤਾ ਜੀ ਦੇ ਧਿਆਨ ਵਿਚ ਲਿਆਉਣਾ ਪਿਆ ਸੀ । ਮਾਤਾ ਜੀ ਨੇ ਪ੍ਰਬੰਧਕਾਂ ਨੂੰ ਝਾੜਾਂ ਪਾਈਆਂ ਸਨ । ਮਾਤਾ
ਜੀ ਦੇ ਆਦੇਸ਼ ਤੇ ਸੰਚਾਲਕ ਨੂੰ ਹਸਪਤਾਲ ਆ ਕੇ ਨੇਹਾ ਤੋਂ ਮੁਆਫ਼ੀ ਮੰਗਣੀ ਪਈ ਸੀ ।
ਪਿਛਲੀ ਬੈਠਕ ਵਿਚ ਨੇਹਾ ਅਤੇ ਉਸਦੇ ਪਰਿਵਾਰ ਲਈ ਸਮੂਹਿਕ ਪ੍ਰਾਰਥਨਾ ਹੋਈ ਸੀ ।
ਅਗਲੀ ਸਮੂਹਿਕ ਬੈਠਕ ਵਿਚ ਸ਼ਾਮਲ ਹੋਣ ਲਈ ਨੇਹਾ ਨੂੰ ਮਾਤਾ ਜੀ ਵੱਲੋਂ ਬੁਲਾਵਾ ਆਇਆ ਸੀ । ਸਾਰੇ ਸਹਿਯੋਗੀਆਂ ਦੇ ਸਾਹਮਣੇ ਮਾਤਾ ਜੀ ਨੇ ਨੇਹਾ ਨਾਲ ਫ਼ੋਨ 'ਤੇ ਗੱਲ ਕਰਨੀ ਸੀ ਅਤੇ ਉਸਨੂੰ ਅਸ਼ੀਰਵਾਦ ਦੇਣਾ ਸੀ ।
ਮਾਤਾ ਜੀ ਕਿਸੇ ਸਹਿਯੋਗੀ ਨਾਲ ਫ਼ੋਨ 'ਤੇ ਗੱਲ ਕਰਨ, ਇਹ ਸੰਸਥਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਣਾ ਸੀ । ਇਸ ਅਨੂਠੇ ਪ੍ਰਸ਼ਾਦ ਨੇ ਨੇਹਾ ਨੂੰ ਫੁੱਲ ਵਾਂਗ ਟਹਿਕਾ ਦਿੱਤਾ । ਨੇਹਾ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ । ਉਸ ਨੂੰ ਮਹਿਸੂਸ ਹੋਇਆ ਜਿਵੇਂ
ਉਸਦੀ ਕੁੰਡਲਣੀ ਮਾਂ ਦਾ ਮੁੜ ਉਥਾਨ ਹੋਣ ਲੱਗਾ ਸੀ । ਪਹਿਲਾਂ ਵਾਲੀ ਅਧਿਆਤਮ ਸ਼ਕਤੀ ਮੁੜ ਉਸ ਅੰਦਰ ਪਰਵਾਹਿਤ ਹੋਣ ਲੱਗੀ ਸੀ ।
ਮਾਤਾ ਜੀ ਨੇ ਨੇਹਾ ਨੂੰ ਫ਼ੋਨ 'ਤੇ ਉਪਦੇਸ਼ ਦਿੱਤਾ । ਉਹ ਰੱਬ ਦੀ ਰਜ਼ਾ ਵਿਚ ਰਹੇ ।
ਵਿਧੀ ਦਾ ਲਿਖਿਆ ਅਵਤਾਰ ਖ਼ੁਦ ਨਹੀਂ ਟਾਲਦੇ । ਇਹ ਭਾਣਾ ਇੰਝ ਹੀ ਵਰਤਣਾ ਸੀ ।
ਨੇਹਾ ਕਮਲ ਲਈ ਹੰਝੂ ਨਾ ਵਹਾਏ । ਉਹ ਮਾਤਾ ਜੀ ਦੇ ਚਰਨਾਂ ਵਿਚ ਸੁਰੱਧਖਿਅਤ ਸੀ ।
ਨੇਹਾ ਧਿਆਨ ਵਿਚ ਮਨ ਲਗਾਏ । ਮਾਤਾ ਪਿਤਾ ਦੀ ਸੇਵਾ ਕਰੇ । ਭਵਿੱਖ ਵਿਚ ਸਭ ਠੀਕ ਹੋਣ ਵਾਲਾ ਸੀ ।
ਨਵੇਂ ਜੋਸ਼ ਨਾਲ ਭਰੀ ਨੇਹਾ ਆਸ਼ਰਮ ਵਿਚੋਂ ਸਿੱਧੀ ਆਪਣੀ ਕੋਠੀ ਗਈ । ਆਪਣੇ ਪੂਜਾ ਸਥਾਨ ਨੂੰ ਉਸਨੇ ਆਪਣੇ ਹੱਥੀਂ ਸਾਫ਼ ਕੀਤਾ । ਮਾਤਾ ਜੀ ਦੀ ਫ਼ੋਟੋ 'ਤੇ ਪਈ ਧੂੜ ਨੂੰ ਝਾੜਿਆ ।
ਅਗਲੇ ਦਿਨ ਮਾਤਾ ਜੀ ਦੇ ਬੋਲ ਸੱਚੇ ਸਿੱਧ ਹੋਣੇ ਸ਼ੁਰੂ ਹੋ ਗਏ ।
ਹਾਈ ਕੋਰਟ ਨੇ ਪੰਕਜ ਅਤੇ ਨੀਰਜ ਦੀ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਰੱਦ ਕਰ ਦਿੱਤੀ ।
ਹੁਣ ਉਹ ਥਾਣੇ ਦੀ ਹਵਾਲਾਤ ਵਿਚ ਸੜ ਰਹੇ ਸਨ ।
58
ਆਮ ਤੌਰ 'ਤੇ ਮੁਲਜ਼ਮਾਂ ਨੂੰ ਬਾਰਾਂ ਸਾਢੇ ਬਾਰਾਂ ਵਜੇ ਹਵਾਲਾਤੋਂ ਕੱਢ ਲਿਆ ਜਾਂਦਾ ਸੀ । ਪਰ ਜਦੋਂ ਨੀਰਜ ਹੋਰਾਂ ਨੂੰ ਢਾਈ ਵਜੇ ਤਕ ਹਵਾਲਾਤੋਂ ਬਾਹਰ ਨਾ ਕੱਧਢਿਆ ਗਿਆ ਤਾਂ ਬਾਹਰ ਖੜ੍ਹੇ ਸਮਰਥਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ । ਇਹ ਦੇਰੀ ਆਉਣ ਵਾਲੇ ਭੈੜੇ
ਸਮੇਂ ਦੀ ਸੂਚਕ ਸੀ ।
ਰਾਤੀਂ ਨੀਰਜ ਹੋਰਾਂ ਦੇ ਸਮਰਥਕਾਂ ਨੂੰ ਕਪਤਾਨ ਨੇ ਭਰੋਸਾ ਦਿਵਾਇਆ ਸੀ । ਮੁਲਜ਼ਮਾਂ ਨੂੰ ਬਾਇੱਜ਼ਤ ਕਚਹਿਰੀ ਲਿਜਾਇਆ ਜਾਏਗਾ ।
ਢਾਈ ਵਜੇ ਮੁਲਾਜ਼ਮਾਂ ਨੂੰ ਥਾਣਿਉਂ ਬਾਹਰ ਆਉਂਦੇ ਦੇਖ ਕੇ ਕੁਝ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਥਾਣੇ ਦੇ ਗੇਟ ਅੱਗੇ ਲੱਗਣ ਦਾ ਯਤਨ ਕਰਨ ਲੱਗੀਆਂ । ਉਨ੍ਹਾਂ ਦੀ ਡਿਊਟੀ ਪੰਕਜ ਹੋਰਾਂ ਨੂੰ ਕਚਹਿਰੀ ਲਿਜਾਣ ਦੀ ਲੱਗੀ ਸੀ ।
ਪਰ ਇਕ ਵੀ ਗੱਡੀ ਨੂੰ ਗੇਟ ਅੱਗੇ ਰੁਕਣ ਦੀ ਇਜਾਜ਼ਤ ਨਾ ਮਿਲੀ । ਕਾਰਾਂ ਦੀ ਥਾਂ ਸਰਕਾਰੀ ਫੋਰ ਵੀਲਰ ਲਿਆਂਦਾ ਗਿਆ । ਮੁਦਈ ਧਿਰ ਜ਼ੋਰ ਪਾ ਰਹੀ ਸੀ । ਮੁਲਜ਼ਮਾਂ ਨੂੰ ਤੋਰ ਕੇ ਕਚਹਿਰੀ ਲਿਜਾਇਆ ਜਾਵੇ । ਪਰ ਪੁਲਿਸ ਨਿਰਪੱਖ ਸੀ । ਨਾ ਉਨ੍ਹਾਂ ਨੂੰ ਤੋਰ ਕੇ ਕਚਹਿਰੀ ਲਿਜਾਇਆ ਜਾਏਗਾ ਨਾ ਕਾਰਾਂ ਵਿੱਚ । ਸਾਧਾਰਨ ਮੁਲਜ਼ਮਾਂ ਵਾਂਗ ਉਹ ਸਰਕਾਰੀ ਗੱਡੀ ਵਿਚ ਕਚਹਿਰੀ ਜਾਣਗੇ ।
ਕਮਾਨੋਂ ਨਿਕਲੇ ਤੀਰ ਵਾਂਗ ਮਿੰਟੀ ਸਕਿੰਟੀ ਮੁਲਜ਼ਮਾਂ ਵਾਲੀ ਗੱਡੀ ਅੱਧਖੋਂ ਓਹਲੇ ਹੋ ਗਈ ।
ਥਾਣੇ ਤੋਂ ਕਚਹਿਰੀ ਦਾ ਰਸਤਾ ਦੋ ਕਿਲੋਮੀਟਰ ਤੋਂ ਵੱਧ ਨਹੀਂ ਸੀ । ਰਸਤੇ ਵਿਚ ਨਾ ਕੋਈ ਬੱਤੀਆਂ ਵਾਲਾ ਚੌਕ ਸੀ, ਨਾ ਭੀੜ-ਭੜੱਕਾ । ਗੱਡੀ ਨੂੰ ਥਾਣਿਉਂ ਨਿਕਲਿਆਂ ਘੰਟਾ ਹੋ ਗਿਆ ਸੀ । ਗੱਡੀ ਰੁਕੀ ਤਾਂ ਕਿਥੇ?
ਕਚਹਿਰੀ ਦੇ ਬਾਹਰ ਖੜ੍ਹੇ ਸਮਰਥਕਾਂ ਨੂੰ ਚਿੰਤਾ ਹੋਣ ਲੱਗੀ ।
ਕੁੱਟ-ਮਾਰ ਕਰਕੇ ਪੁੱਛ-ਗਿੱਛ ਕਰਨ ਲਈ ਪੁਲਿਸ ਕਿਤੇ ਉਨ੍ਹਾਂ ਨੂੰ ਸਟਾਫ਼ ਤਾਂ ਨਹੀਂ ਲੈ ਗਈ ? ਹੈਰਾਨ ਪ੍ਰੇਸ਼ਾਨ ਹੋਏ ਦੋਸਤ ਬੁਰੇ ਦੇ ਘਰ ਤਕ ਸੋਚਣ ਲੱਗੇ ।
ਹਾਲੇ ਪਹਿਲੀ ਪਹੇਲੀ ਹੱਲ ਨਹੀਂ ਸੀ ਹੋਈ । ਸਿੰਗਲੇ ਨੇ ਨਵੀਂ ਮੁਸੀਬਤ ਦਾ ਬਿਗਲ ਵਜਾ ਦਿੱਤਾ ।
ਇਲਾਕਾ ਮੈਜਿਸਟਰੇਟ ਅੱਧੇ ਦਿਨ ਦੀ ਛੁੱਟੀ ਚਲਾ ਗਿਆ ਸੀ । ਡਿਊਟੀ ਮੈਜਿਸਟਰੇਟ ਸਵੇਰ ਤੋਂ ਛੁੱਟੀ 'ਤੇ ਸੀ । ਸੈਸ਼ਨ ਜੱਜ ਕਿਸੇ ਮੈਜਿਸਟਰੇਟ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕਰੇਗਾ । ਫੇਰ ਦੋਸ਼ੀਆਂ ਨੂੰ ਅਦਾਲਤ ਲਿਆਂਦਾ ਜਾਏਗਾ ।
ਮੁਲਜ਼ਮਾਂ ਦੀ ਮਿਹਨਤ 'ਤੇ ਪਾਣੀ ਫਿਰ ਗਿਆ ਸੀ । ਉਨ੍ਹਾਂ ਨੇ ਦੋਹਾਂ ਮੈਜਿਸਟਰੇਟਾਂ ਤਕ ਪਹੁੰਚ ਕੀਤੀ ਸੀ । ਦੋਹੇਂ ਮੈਜਿਸਟਰੇਟ ਪਿੱਠ ਦਿਖਾ ਦੇਣਗੇ, ਇਹ ਕਿਸੇ ਦੇ ਚਿਤਚੇਤੇ ਨਹੀਂ ਸੀ ।
ਪਤਾ ਨਹੀਂ ਕਿਸ ਮੈਜਿਸਟਰੇਟ ਦੀ ਡਿਊਟੀ ਲੱਗੇ? ਪਤਾ ਨਹੀਂ ਕਿਸ ਸਰਕਾਰੀ ਵਕੀਲ ਨਾਲ ਮੱਥਾ ਲਗੇ? ਝੱਟ-ਪੱਟ ਉਨ੍ਹਾਂ ਤੱਕ ਪਹੁੰਚ ਕਿਸ ਤਰ੍ਹਾਂ ਹੋਏਗੀ? ਸਿੰਗਲੇ ਨੂੰ ਇਹੋ ਚਿੰਤਾ ਸਤਾ ਰਹੀ ਸੀ ।
ਲੱਗਦਾ ਸੀ ਇਹ ਡਰਾਮਾ ਕਿਸੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਹੋ ਰਿਹਾ ਸੀ । ਨਵੇਂ ਡਿਊਟੀ ਮੈਜਿਸਟਰੇਟ ਦਾ ਨਾਂ ਜਾਣ-ਬੁਝ ਕੇ ਗੁਪਤ ਰੱਧਖਿਆ ਜਾ ਰਿਹਾ ਸੀ । ਧਿਰਾਂ ਨੂੰ ਨਵੇਂ ਮੈਜਿਸਟਰੇਟ ਦਾ ਨਾਂ ਉਦੋਂ ਹੀ ਪਤਾ ਲੱਗਣਾ ਸੀ, ਜਦੋਂ ਦੋਸ਼ੀ ਕਚਹਿਰੀ ਜਾ ਖੜੇ ।
ਸੈਸ਼ਨ ਜੱਜ ਵੱਲੋਂ ਕੀਤੀ ਜਾ ਰਹੀ ਦੇਰੀ ਦਾ ਪੁਲਿਸ ਨੇ ਫ਼ਾਇਦਾ ਉਠਾ ਲਿਆ ।
ਸੁਪਰੀਮ ਕੋਰਟ ਦੀਆਂ ਨਵੀਆਂ ਹਦਾਇਤਾਂ ਆਈਆਂ ਸਨ । ਗ੍ਰਿਫ਼ਤਾਰੀ ਦੇ ਫੋਰਨ ਬਾਅਦ ਦੋਸ਼ੀਆਂ ਦਾ ਡਾਕਟਰੀ ਮੁਲਾਹਜ਼ਾ ਕਰਵਾਇਆ ਜਾਵੇ । ਇਨ੍ਹਾਂ ਹਦਾਇਤਾਂ ਦੀ ਪਾਲਣਾ ਲਈ ਦੋਸ਼ੀਆਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ । ਸਿਵਲ ਸਰਜਨ
ਦੀ ਦੇਖ-ਰੇਖ ਵਿਚ ਡਾਕਟਰਾਂ ਦਾ ਬੋਰਡ ਬਣਾਇਆ ਗਿਆ । ਦੋਸ਼ੀਆਂ ਦੀ ਹਰ ਪੱਖੋਂ ਜਾਂਚ ਹੋਈ । ਡਾਕਟਰਾਂ ਨੇ ਇਕ ਸੁਰ ਹੋ ਕੇ ਸਰਟੀਫਿਕੇਟ ਜਾਰੀ ਕੀਤਾ । ਦੋਵੇਂ ਦੋਸ਼ੀ ਸਰੀਰਕ ਅਤੇ ਮਾਨਸਿਕ ਦੋਹਾਂ ਪੱਖਾਂ ਤੋਂ ਰਿਸ਼ਟ ਪੁਸ਼ਟ ਸਨ । ਉਨ੍ਹਾਂ ਦੇ ਸਰੀਰਾਂ ਉਪਰ ਕਿਸੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ ।
ਹੁਣ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਵਿਚ ਕੋਈ ਦਿੱਕਤ ਨਹੀਂ ਸੀ ।
ਦੋਸ਼ੀਆਂ ਦੇ ਕਚਹਿਰੀ ਪੁੱਜਦਿਆਂ ਹੀ ਸੈਸ਼ਨ ਜੱਜ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟਾਂ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕਰ ਦਿੱਤਾ । ਉਹ ਮੈਜਿਸਟਰੇਟ ਵਿਚੋਂ ਸਭ ਤੋਂ ਸੀਨੀਅਰ ਸੀ ਅਤੇ ਇਹ ਮਾਮਲਾ ਸੀਨੀਅਰ ਮੈਜਿਸਟਰੇਟ ਦੇ ਵਿਚਾਰਨ ਵਾਲਾ
ਸੀ ।
ਦੋਹਾਂ ਧਿਰਾਂ ਵੱਲੋਂ ਘੰਟਾ ਘੰਟਾ ਬਹਿਸ ਹੋਈ । ਮੈਜਿਸਟਰੇਟ ਕੰਨਾਂ ਵਿਚ ਤੇਲ ਪਾਈ ਬਹਿਸ ਸੁਣਦਾ ਰਿਹਾ ।
ਫੇਰ ਵਾਰੀ ਮੈਜਿਸਟਰੇਟ ਦੀ ਆਈ :
"ਬਹੁਤ ਤਫ਼ਤੀਸ਼ ਹੋਣੀ ਬਾਕੀ ਹੈ । ਸਾਜ਼ਿਸ਼ ਦੀ ਤੈਅ ਤਕ ਜਾਣ ਲਈ ਪੁਲਿਸ ਨੂੰ ਖੁਲ੍ਹਾ ਸਮਾਂ ਚਾਹੀਦਾ ਹੈ । ਪੁਲਿਸ ਸੱਤ ਦਿਨਾਂ ਤਕ ਉਨ੍ਹਾਂ ਕੋਲੋਂ ਪੁੱਛ-ਗਿੱਛ ਕਰ ਸਕਦੀ ਹੈ ।"
ਦੋਸ਼ੀਆਂ ਦਾ ਮੈਡੀਕਲ ਪੁਲਿਸ ਪਹਿਲਾਂ ਹੀ ਕਰਵਾ ਚੁੱਕੀ ਸੀ । ਡਾਕਟਰੀ ਰਿਪੋਰਟ ਅਨੁਸਾਰ ਉਹ ਚੜ੍ਹਦੀ ਕਲਾ ਵਿਚ ਸਨ । ਨਵੇਂ ਮੈਡੀਕਲ ਦੀ ਕੋਈ ਜ਼ਰੂਰਤ ਨਹੀਂ ਸੀ । ਇਨ੍ਹਾਂ ਦਲੀਲਾਂ ਦੇ ਆਧਾਰ 'ਤੇ ਡਾਕਟਰੀ ਮੁਆਇਨੇ ਦੀ ਦਰਖ਼ਾਸਤ ਖਾਰਜ ਕੀਤੀ ਗਈ ।
59
ਸੱਤ ਦਿਨਾਂ ਦੇ ਪੁਲਿਸ ਰਿਮਾਂਡ ਦਾ ਮਤਲਬ ਸੀ, ਪੂਰੇ ਸੱਤ ਦਿਨ ਹਵਾਲਾਤ ਨਾਂ ਦੇ ਇਸ ਨਰਕ ਵਿਚ ਰਹਿਣਾ ।
ਹਵਾਲਾਤ ਵਿਚਲੇ ਸੱਤ ਘੰਟੇ ਉਨ੍ਹਾਂ ਨੂੰ ਸੱਤ ਯੁੱਗਾਂ ਜਿਡੇ ਲੱਗੇ ਸਨ । ਉਸ ਸਮੇਂ ਉਨ੍ਹਾਂ ਦੇ ਮਨਾਂ ਵਿਚ ਆਸ ਦੀ ਜੋਤ ਜੱਗਦੀ ਸੀ । ਬਾਹਰ ਬੈਠੇ ਉਨ੍ਹਾਂ ਦੇ ਰਿਸ਼ਤੇਦਾਰ ਕਿਸੇ ਵੀ ਸਮੇਂ ਉਨ੍ਹਾਂ ਨੂੰ ਆਜ਼ਾਦ ਕਰਵਾ ਸਕਦੇ ਸਨ । ਨੱਕ ਬੰਦ ਕਰਕੇ, ਸਾਹ ਘੁੱਟ ਕੇ
ਉਨ੍ਹਾਂ ਪੀੜ ਸਹਿ ਲਈ ਸੀ । ਹੁਣ ਇਸ ਹਵਾਲਾਤ ਵਿਚ ਉਨ੍ਹਾਂ ਤੋਂ ਸੱਤ ਮਿੰਟ ਨਹੀਂ ਸਨ ਕੱਟੇ ਜਾ ਸਕਦੇ ।
ਅਦਾਲਤੋਂ ਬਾਹਰ ਨਿਕਲਦੇ ਹੀ ਦੋਹਾਂ ਭਰਾਵਾਂ ਦੇ ਸਬਰ ਦੇ ਕੜ ਪਾਟ ਗਏ । ਯਾਰਾਂ ਦੋਸਤਾਂ ਨੂੰ ਉਹ ਬਨਾਉਟੀ ਮੁਸਕਰਾਹਟ ਹੋਠਾਂ 'ਤੇ ਲਿਆ ਕੇ ਮਿਲਦੇ ਰਹੇ । ਪਰ ਜਦੋਂ ਸਹੁਰੇ ਅੱਗੇ ਹੋਏ, ਉਹ ਉਨ੍ਹਾਂ ਦੇ ਗਲ ਲਗ ਕੇ ਭੁਬਾਂ ਮਾਰ ਕੇ ਰੋ ਪਏ ।
ਪਰਮਾ ਨੰਦ ਅਤੇ ਸਰਦਾਰੀ ਲਾਲ ਨੂੰ ਆਪਣੇ ਆਪ ਨੂੰ ਸੰਭਾਲਦਿਆਂ ਕੁਝ ਪਲ ਲੱਗ ਗਏ । ਉਨ੍ਹਾਂ ਨੇ ਆਪਣੇ ਮਨ ਪੱਥਰ ਵਾਂਗ ਕਰੜੇ ਕੀਤੇ । ਜੇ ਉਹ ਹਿੰਮਤ ਹਾਰ ਗਏ ਤਾਂ ਪ੍ਰਾਹੁਣਿਆਂ ਦੀ ਧੀਰ ਕੌਣ ਬੰਨ੍ਹਾਏਗਾ?
ਇਸ ਤੋਂ ਪਹਿਲਾਂ ਕਿ ਫੋਟੋ-ਗ੍ਰਾਫ਼ਰ ਰੋਂਦੇ ਮੁਲਜ਼ਮਾਂ ਦੀਆਂ ਫੋਟੋਆਂ ਖਿੱਚਦੇ, ਕਮਿਸ਼ਨਰ ਨੇ ਦੋਹਾਂ ਦੇ ਚਿਹਰੇ, ਇਸੇ ਮਕਸਦ ਲਈ ਲਿਆਂਦੇ ਤੋਲੀਏ ਨਾਲ ਢੱਕ ਦਿੱਤੇ ।
ਦੂਸਰੇ ਪਾਸਿਉਂ ਦੋਸ਼ੀਆਂ ਨੂੰ ਫਾਹੇ ਲਾਉਣ ਦੇ ਨਾਅਰੇ ਗੂੰਜਣ ਲੱਗੇ ।
ਸਥਿਤੀ ਵਿਗੜਦੀ ਦੇਖ ਕੇ ਪੁਲਿਸ ਨੇ ਮੁਲਜ਼ਮਾਂ ਨੂੰ ਹਮਾਇਤੀਆਂ ਵਿਚੋਂ ਕੱਢਿਆ ਅਤੇ ਜਿਪਸੀ ਵਿਚ ਬਿਠਾ ਕੇ ਤਿੱਤਰ ਹੋ ਗਈ ।
ਕਮਿਸ਼ਨਰ ਨੂੰ ਸਮਝ ਨਹੀਂ ਸੀ ਆ ਰਹੀ । ਕਿਸੇ ਵੀ ਅਫ਼ਸਰ ਨੇ ਉਨ੍ਹਾਂ ਦੀ ਸਿਫਾਰਸ਼ ਕਿਉਂ ਨਹੀਂ ਸੀ ਮੰਨੀ ?
ਵੇਦ ਹੋਰਾਂ ਵਿਚ ਇੰਨਾ ਦਮ ਨਹੀਂ ਸੀ । ਵੇਦ ਹਸਪਤਾਲ ਪਿਆ ਸੀ । ਰਾਮ ਨਾਥ ਬਾਹਰਲਾ ਬੰਦਾ ਸੀ । ਮਾਇਆ ਨਗਰ ਵਿਚੋਂ ਉਹ ਇੰਨਾ ਸਮਰਥਨ ਨਹੀਂ ਸੀ ਜੁਟਾ ਸਕਦਾ ।
ਇਸ ਕਾਰਵਾਈ ਪਿਛੇ ਕੋਈ ਤੀਸਰੀ ਧਿਰ ਕੰਮ ਕਰ ਰਹੀ ਸੀ । ਇਸ ਤੀਸਰੀ ਧਿਰ ਨੂੰ ਜਾਣੇ ਬਿਨਾਂ ਮਸਲਾ ਹੱਲ ਨਹੀਂ ਸੀ ਹੋ ਸਕਦਾ ।
ਕਮਿਸ਼ਨਰ ਅੱਜ ਹੀ ਮਾਇਆ ਨਗਰ ਆਇਆ ਸੀ । ਪਰਮਾ ਨੰਦ ਕੱਲ੍ਹ ਦਾ ਇਥੇ ਬੈਠਾ ਸੀ । ਉਸ ਨੂੰ ਹਲਾਤਾਂ ਦੀ ਵਧੇਰੇ ਜਾਣਕਾਰੀ ਹੋਣੀ ਚਾਹੀਦੀ ਸੀ ।
ਪਰਮਾ ਨੰਦ ਨੂੰ ਲੈ ਕੇ ਕਮਿਸ਼ਨਰ ਅਨੈਕਸੀ ਵਿਚ ਜਾ ਬੈਠਾ ।
ਪਰਮਾ ਨੰਦ ਦੀ ਸਥਿਤੀ ਕਮਿਸ਼ਨਰ ਵਾਲੀ ਹੀ ਸੀ । ਸਾਰੀ ਉਮਰ ਵਿਚ ਉਸਨੂੰ ਇੰਨੀ ਨਮੋਸ਼ੀ ਪਹਿਲਾਂ ਕਦੇ ਨਹੀਂ ਸੀ ਹੋਈ ।
ਦੋਹਾਂ ਰਿਸ਼ਤੇਦਾਰਾਂ ਦੀ ਇਕ ਨੁਕਤੇ 'ਤੇ ਰਾਏ ਸਾਂਝੀ ਸੀ । ਇਸ ਸਾਜ਼ਿਸ਼ ਪਿੱਛੇ ਕੋਈ ਵੱਡੀ ਤਾਕਤ ਕੰਮ ਕਰ ਰਹੀ ਸੀ । ਇਹ ਤਾਕਤ ਕਿਸੇ ਵਿਰੋਧੀ ਵਿਉਪਾਰੀ ਦੀ ਹੋ ਸਕਦੀ ਸੀ ਜਾਂ ਪੈਸੇ ਬਟੋਰਨ ਵਾਲੇ ਕਿਸੇ ਬਲੈਕ-ਮੇਲਰ ਦੀ । ਕੋਈ ਵਿਉਪਾਰੀ ਛੋਟੀ-ਮੋਟੀ ਰੰਜਸ਼ ਕੱਢਣ ਲਈ ਇੱਡਾ ਵੱਡਾ ਹੰਗਾਮਾ ਖੜ੍ਹਾ ਨਹੀਂ ਕਰ ਸਕਦਾ । ਇਹ ਚਾਲ ਕਿਸੇ ਬਲੈਕਮੇਲਰ ਦੀ ਸੀ ।
"ਇਹ ਬਲੈਕ-ਮੇਲਰ ਕੌਣ ਸੀ?"
ਕੁਝ ਦੇਰ ਦੋਵੇਂ ਰਿਸ਼ਤੇਦਾਰ ਸੋਚ ਦੇ ਘੋੜੇ ਦੁੜਾਉਂਦੇ ਰਹੇ । ਜਦੋਂ ਕੁਝ ਹੱਥ ਨਾ ਲੱਗਾ, ਉਹ ਸਿਰ ਸੁੱਟ ਕੇ ਬੈਠ ਗਏ ।
"ਸਿਰ ਸੁੱਟਣ ਵਾਲੀ ਕਿਹੜੀ ਗੱਲ ਹੈ? ਚੱਲ ਕੇ ਪ੍ਰਾਹੁਣਿਆਂ ਨੂੰ ਪੁੱਛ ਲੈਂਦੇ ਹਾਂ । ਉਨ੍ਹਾਂ ਨੂੰ ਸਭ ਪਤਾ ਹੋਏਗਾ ।"
ਮਸਲਾ ਸੁਲਝਾਉਣ ਲਈ ਉਹ ਥਾਣੇ ਨੂੰ ਤੁਰ ਪਏ ।
ਬਘੇਲ ਸਿੰਘ ਵਾਲੀ ਕਹਾਣੀ ਤੋਂ ਬਿਨਾਂ ਪੰਕਜ ਹੋਰਾਂ ਨੂੰ ਕੁਝ ਪਤਾ ਨਹੀਂ ਸੀ । ਹੋਰ ਕਿਸੇ ਨਾਲ ਨਾ ਉਨ੍ਹਾਂ ਦੀ ਕੋਈ ਨਰਾਜ਼ਗੀ ਸੀ, ਨਾ ਕਦੇ ਕਿਸੇ ਨੇ ਉਨ੍ਹਾਂ ਨੂੰ ਕੋਈ ਧਮਕੀ ਦਿੱਤੀ ਸੀ ।
"ਇਹ ਅੱਗ ਬਘੇਲ ਸਿੰਘ ਦੀ ਲਾਈ ਹੋਈ ਹੈ ।"
ਕਹਾਣੀ ਸੁਣਦਿਆਂ ਹੀ ਕਮਿਸ਼ਨਰ ਨੇ ਪਹੇਲੀ ਸੁਲਝਾ ਲਈ ।
ਇਕ ਕਰੋੜ ਦਾ ਮਾਮਲਾ ਸੀ । ਇਹ ਕਿਸ ਤਰ੍ਹਾਂ ਯਕੀਨੀ ਬਣਾਇਆ ਜਾਏ ਕਿ ਬਘੇਲ ਸਿੰਘ ਦੇ ਚੁੱਪ ਹੁੰਦਿਆਂ ਹੀ ਅੱਗ ਮੱਠੀ ਪੈ ਜਾਏਗੀ ।
"ਆਪਾਂ ਆਪਣੇ ਸਿਫਾਰਸ਼ੀਆਂ ਕੋਲ ਚੱਲਦੇ ਹਾਂ । ਕੋਈ ਤਾਂ ਦੱਧਸੇਗਾ ਕਿਸ ਨੇ ਉਸਦੇ ਹੱਥ ਬੰਨ੍ਹੇ ਹਨ?"
ਪਰਮਾ ਨੰਦ ਦੇ ਮੋਟੇ ਦਿਮਾਗ਼ ਨੇ ਬਰੀਕ ਗੱਲ ਕੀਤੀ ।
ਸਭ ਸਿਫਾਰਸ਼ੀਆਂ ਨੇ ਇਕੋ ਨਾਂ ਲਿਆ। ਮੁੱਖ-ਮੰਤਰੀ ।
ਮੁੱਖ-ਮੰਤਰੀ ! ਪਰ ਉਸਨੂੰ ਉਂਗਲ ਕੌਣ ਲਾ ਰਿਹਾ ਸੀ ?
ਇਸ ਸਵਾਲ ਦਾ ਜਵਾਬ ਕਪਤਾਨ ਨੇ ਦਿੱਤਾ ।
"ਬਘੇਲ ਸਿੰਘ ਨੂੰ ਨੱਥ ਪਾਓ । ਬਾਕੀ ਆਪੇ ਗੱਠੇ ਜਾਣਗੇ ।"
ਕਪਤਾਨ ਨੇ ਇਕ ਹੋਰ ਮਦਦ ਕੀਤੀ । ਬਘੇਲ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਤੈਅ ਕਰਵਾ ਦਿੱਤੀ ।
ਦੋਹਾਂ ਸਮਧੀਆਂ ਨੂੰ ਇਸ ਆਈ ਮੁਸੀਬਤ ਦੀ ਖ਼ਬਰ ਅਚਾਨਕ ਮਿਲੀ ਸੀ । ਭੱਜੇ ਆਉਂਦੇ ਉਹ ਘਰ ਵਿਚ ਜਿੰਨੀ ਨਕਦੀ ਪਈ ਸੀ, ਚੁੱਕ ਲਿਆਏ ਸਨ । ਫੇਰ ਵੀ ਕਮਿਸ਼ਨਰ ਦੇ ਬਰੀਫ਼ ਕੇਸ ਵਿਚ ਦਸ ਲੱਖ ਸੀ ਅਤੇ ਪਰਮਾ ਨੰਦ ਕੋਲ ਪੰਦਰਾਂ ।
ਗੱਲ-ਬਾਤ ਸ਼ੁਰੂ ਕਰਨ ਲਈ ਇੰਨੀ ਰਕਮ ਕਾਫ਼ੀ ਸੀ । ਲੋੜ ਪੈਣ 'ਤੇ ਉਹ ਘਮਟੇ ਦੇ ਅੰਦਰ-ਅੰਦਰ ਕਈ ਕਰੋੜ ਇਕੱਠਾ ਕਰ ਸਕਦੇ ਸਨ ।
ਦੋਹਾਂ ਰਿਸ਼ਤੇਦਾਰਾਂ ਨੇ ਹੱਥ ਮਿਲਾਏ, ਆਪਣੀਆਂ ਧੀਆਂ ਦੇ ਸੁਹਾਗਾਂ ਲਈ ਉਹ ਇਕੱਲਾ-ਇਕੱਲਾ ਇਕ ਕਰੋੜ ਖ਼ਰਚ ਸਕਦਾ ਸੀ । ਉਹ ਇਕ ਅਤੇ ਇਕ ਗਿਆਰਾਂ ਹੋ ਗਏ ਸਨ । ਉਹ ਪੈਸਾ ਪਾਣੀ ਵਾਂਗ ਵਹਾ ਸਕਦੇ ਸਨ ।
ਬਘੇਲ ਸਿੰਘ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਕਿਸ਼ੋਰੀ ਲਾਲ ਨੂੰ ਨਾਲ ਲਿਆ ਗਿਆ। ਮਾਮਲਾ ਕਾਨੂੰਨੀ ਸੀ । ਉਨ੍ਹਾਂ ਦੀ ਸਲਾਹ ਦੀ ਜ਼ਰੂਰਤ ਪੈ ਸਕਦੀ ਸੀ ।
ਸੈਸ਼ਨ ਜੱਜ ਦੀ ਰਾਏ ਅਨੁਸਾਰ ਕਾਨੂੰਨੀ ਕਾਰਵਾਈ ਨੇ ਕਈ ਪੜਾਵਾਂ ਥਾਈਂ ਲੰਘਣਾ ਸੀ । ਕੰਮ ਨੂੰ ਤਿੰਨ ਹਿੱਧਸਿਆਂ ਵਿੱਚ ਵੰਡ ਲੈਣਾ ਚਾਹੀਦਾ ਸੀ । ਤੀਹ ਲੱਖ ਦੀ ਪਹਿਲੀ ਕਿਸ਼ਤ ਅੱਜ ਦਿੱਤੀ ਜਾ ਸਕਦੀ ਸੀ । ਇਸ ਕਿਸ਼ਤ ਦੇ ਇਵਜ ਵਿਚ ਬਘੇਲ ਸਿੰਘ ਨੇ
ਕੱਸੀਆਂ ਵਾਗਾਂ ਢਿੱਲੀਆਂ ਕਰਨੀਆਂ ਸਨ । ਨਤੀਜੇ ਵਜੋਂ ਮੁੰਡਿਆਂ ਨੂੰ ਡਾਕਟਰਾਂ ਦੀ ਸਲਾਹ 'ਤੇ ਹਵਾਲਾਤੋਂ ਕੱਢ ਕੇ ਹਸਪਤਾਲ ਪਹੁੰਚਾਇਆ ਜਾਣਾ ਸੀ ।
ਦੂਸਰਾ ਪੜਾਅ ਦੋਹਾਂ ਭਰਾਵਾਂ ਨੂੰ ਉੱਚ-ਪੱਧਰੀ ਪੜਤਾਲ ਬਾਅਦ ਬੇ-ਕਸੂਰ ਸਾਬਤ ਹੋਣ 'ਤੇ ਪੂਰਾ ਹੋਣਾ ਸੀ । ਦੋਸ਼ੀਆਂ ਦੇ ਬੇ-ਕਸੂਰ ਹੋਣ ਦੀ ਰਿਪੋਰਟ ਅਦਾਲਤ ਪੁੱਜਦਿਆਂ ਹੀ ਦੂਜੀ ਕਿਸ਼ਤ ਦਾ ਭੁਗਤਾਣ ਹੋਣਾ ਚਾਹੀਦਾ ਸੀ ।
ਤੀਜੀ ਕਿਸ਼ਤ ਬਾਕੀ ਦੋਸ਼ੀਆਂ ਦੇ ਬਰੀ ਹੋਣ 'ਤੇ ਬਣਦੀ ਸੀ । ਉਨਾ ਚਿਰ ਸਜ਼ਾ ਹੋਣ ਦੀ ਤਲਵਾਰ ਸਦਾ ਉਨ੍ਹਾਂ ਦੇ ਸਿਰ 'ਤੇ ਲਟਕਦੀ ਰਹਿਣੀ ਸੀ ।
ਪਹਿਲੀਆਂ ਦੋ ਸ਼ਰਤਾਂ ਬਘੇਲ ਸਿੰਘ ਨੂੰ ਮਨਜ਼ੂਰ ਸਨ । ਤੀਜੀ ਉਪਰ ਸਖਤ ਇਤਰਾਜ਼ ਸੀ ।
ਉਨ੍ਹਾਂ ਦੀ ਸਰਕਾਰ ਦੇ ਗਿਣਵੇਂ ਮਹੀਨੇ ਬਾਕੀ ਸਨ । ਚੋਣਾਂ ਬਾਅਦ ਪਤਾ ਨਹੀਂ ਕਿਸ ਪਾਰਟੀ ਦੀ ਸਰਕਾਰ ਬਨਣੀ ਸੀ । ਸਰਕਾਰ ਬਦਲਣ ਬਾਅਦ ਕਿਸੇ ਨੇ ਵਾਅਦੇ ਨਹੀਂ ਨਿਭਾਉਣੇ, ਇਹ ਸਭ ਨੂੰ ਪਤਾ ਸੀ । ਅਜਿਹੇ ਮੁਕੱਦਮੇ ਸਾਲਾਂ-ਬੱਧੀ ਚਲਦੇ ਹਨ । ਮੁੱਖਮੰਤਰੀ ਇੰਨੀ ਲੰਬੀ ਉਡੀਕ ਨਹੀਂ ਸੀ ਕਰ ਸਕਦਾ ।
ਸ਼ਰਤਾਂ ਵਿਚ ਥੋੜ੍ਹੀ ਬਹੁਤ ਰੱਦੋ-ਬਦਲ ਹੋਈ ।
ਪਹਿਲੀ ਕਿਸ਼ਤ ਤੀਹ ਦੀ ਥਾਂ ਚਾਲੀ ਦੀ ਹੋਣੀ ਸੀ ।
ਦੂਜੀ ਕਿਸ਼ਤ ਦੋਸ਼ੀਆਂ ਦੀ ਸ਼ਰਤ ਮੁਤਾਬਕ ਉਨ੍ਹਾਂ ਦੇ ਬੇ-ਕਸੂਰ ਸਾਬਤ ਹੁੰਦਿਆਂ ਲਈ ਜਾਣੀ ਸੀ ।
ਵੈਸੇ ਮੁੱਖ-ਮੰਤਰੀ ਦਾ ਕੰਮ ਇਥੇ ਖ਼ਤਮ ਹੋ ਜਾਂਦਾ ਸੀ । ਅਦਾਲਤੀ ਕਾਰਵਾਈ ਦੋਸ਼ੀਆਂ ਨੇ ਆਪ ਦੇਖਣੀ ਸੀ, ਪਰ ਕੋਈ ਸਰਕਾਰੀ ਵਕੀਲ ਜਾਂ ਕੋਈ ਪੁਲਿਸ ਅਫ਼ਸਰ ਅੜਿੱਕਾ ਨਾ ਲਾਵੇ ਇਸ ਲਈ ਤੀਜੀ ਕਿਸ਼ਤ ਦਾ ਭੁਗਤਾਣ ਦੋਸ਼ੀਆਂ ਦੇ ਬਾਹਰ ਆਉਣ ਤਕ
ਰੋਕਿਆ ਗਿਆ ।
ਮਰਦੇ ਕੀ ਨਾ ਕਰਦੇ ! ਕਮਿਸ਼ਨਰ ਨੇ ਸਭ ਸ਼ਰਤਾਂ ਮਨਜ਼ੂਰ ਕਰ ਲਈਆਂ ।
ਉਨ੍ਹਾਂ ਦੇ ਜਵਾਈ ਬਾਹਰ ਆਉਣੇ ਚਾਹੀਦੇ ਸਨ । ਉਹ ਹਰ ਕੀਮਤ ਚੁਕਾਉਣ ਲਈ ਤਿਆਰ ਸਨ ।
60
ਬਘੇਲ ਸਿੰਘ ਚਾਲੀ ਲੱਖ ਦੀ ਪਹਿਲੀ ਕਿਸ਼ਤ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਿਆ ।
ਉਸਦਾ ਇਸ ਤਰ੍ਹਾਂ ਦਾ ਮੁੱਖ-ਮੰਤਰੀ ਨਾਲ ਪਹਿਲਾ ਰਿਸ਼ਤਾ ਸੀ । ਇਸ ਰਿਸ਼ਤੇ ਵਿਚੋਂ ਉਸ ਨੂੰ ਅਜੀਬ ਜਿਹੀ ਖ਼ੁਸ਼ਬੂ ਆਉਂਦੀ ਮਹਿਸੂਸ ਹੋ ਰਹੀ ਸੀ ।
ਛੋਟੇ-ਮੋਟੇ ਕੰਮਾਂ ਵਾਲੀਆਂ ਕੁਝ ਦਰਖ਼ਾਸਤਾਂ ਉਸਨੇ ਨਾਲ ਲੈ ਲਈਆਂ । ਇਕ ਦੋ ਮੁਲਾਜ਼ਮਾਂ ਦੀਆਂ ਬਦਲੀਆਂ ਸਨ । ਕੁਝ ਕਰਜ਼ੇ ਮਨਜ਼ੂਰ ਕਰਵਾ ਕੇ ਦੇਣੇ ਸਨ । ਕੁਝ ਸਾਂਝੇ ਕੰਮਾਂ ਲਈ ਗਰਾਂਟਾਂ ਲੈਣੀਆਂ ਸਨ ।
ਬਘੇਲ ਸਿੰਘ ਨੇ ਸੋਚਿਆ ਸੀ ਕਿ ਤ੍ਰਿਪਤ ਹੋਏ ਮੁੱਖ-ਮੰਤਰੀ ਨੇ ਇਨ੍ਹਾਂ ਦਰਖ਼ਾਸਤਾਂ 'ਤੇ ਝਰੀਟਾਂ ਮਾਰ ਦੇਣੀਆਂ ਸਨ । ਇੰਨੇ ਵਿਚ ਬਘੇਲ ਸਿੰਘ ਦਾ ਮਹੀਨੇ ਦਾ ਖ਼ਰਚਾ ਨਿਕਲ ਜਾਣਾ ਸੀ ।
ਸਿਆਸੀ ਸਕੱਤਰ ਉਸਦਾ ਬੇ-ਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ।
ਬਘੇਲ ਸਿੰਘ ਨੂੰ ਸਿੱਧਾ ਮੁੱਖ-ਮੰਤਰੀ ਦੇ ਨਿੱਜੀ ਡਰਾਇੰਗ-ਰੂਮ ਵਿਚ ਲਿਜਾਇਆ ਗਿਆ ।
ਬਘੇਲ ਸਿੰਘ ਨੂੰ ਬਹੁਤਾ ਇੰਤਜ਼ਾਰ ਵੀ ਨਾ ਕਰਨਾ ਪਿਆ । ਸਾਰੇ ਕੰਮ ਵਿਚੇ ਛੱਡ ਕੇ ਮੁੱਖ-ਮੰਤਰੀ ਬਘੇਲ ਸਿੰਘ ਕੋਲ ਆ ਬੈਠਾ ।
"ਕਿਸ ਤਰ੍ਹਾਂ ਰਿਹਾ ਫੇਰ?" ਮੁੱਖ-ਮੰਤਰੀ ਨੂੰ ਇਸ ਮੁਲਾਕਾਤ ਦੇ ਮਕਸਦ ਦਾ ਪਤਾ ਸੀ । ਜਿੱਤ ਦੇ ਅਹਿਸਾਸ ਨਾਲ ਭਰੇ ਮੁੱਖ-ਮੰਤਰੀ ਨੇ ਕੁਰਸੀ 'ਤੇ ਬੈਠਦਿਆਂ ਹੀ ਆਪਣੀ ਸਿਆਸੀ ਤਾਕਤ ਦਾ ਅਹਿਸਾਸ ਕਰਾਇਆ ।
"ਤੁਸੀਂ ਕਮਾਲ ਕਰ ਦਿੱਤਾ । ਮੇਰੀ ਬੱਲੇ ਬੱਲੇ ਹੋ ਗਈ ।"
ਝੁਕ ਕੇ ਗੋਡੀਂ ਹੱਥ ਲਾਉਂਦੇ ਬਘੇਲ ਸਿੰਘ ਨੇ ਇਲਾਕੇ ਵਿਚ ਆਪਣੀ ਪਈ ਪੈਂਠ ਕਾਰਨ ਮੁੱਖ ਮੰਤਰੀ ਦਾ ਧੰਨਵਾਦ ਕੀਤਾ ।
"ਬਹੁਤ ਸਿਫਾਰਸ਼ਾਂ ਆਈਆਂ । ਕੇਂਦਰ ਤਕ ਹਿੱਲਿਆ ਪਿਆ ਸੀ । ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ । ਸੋਚਿਆ ਮੁੰਡਾ ਐਵੇਂ ਰੱਧੁਸਿਆ ਫਿਰਦਾ ਹੈ । ਪਹਿਲੀ ਵਾਰ ਕੰਮ ਕਿਹੈ । ਮੁੰਡੇ ਦੀ ਇੱਜ਼ਤ ਬਣਾ ਕੇ ਛੱਡੂੰ ।"
"ਸੱਚਮੁੱਚ ਤੁਸੀਂ ਮੇਰਾ ਮਾਣ ਵਧਾਇਐ । ਆਹ ਲਓ ਪਹਿਲੀ ਕਿਸ਼ਤ ।"
ਬਘੇਲ ਸਿੰਘ ਨੇ ਨੋਟਾਂ ਵਾਲਾ ਬਰੀਫ਼-ਕੇਸ ਮੁੱਖ-ਮੰਤਰੀ ਵੱਲ ਵਧਾਉਂਦੇ ਹੋਏ ਆਖਿਆ ।
ਇਹ ਪਹਿਲੀ ਵਾਰ ਸੀ ਜਦੋਂ ਬਰੀਫ਼-ਕੇਸ ਮੁੱਖ-ਮੰਤਰੀ ਤਕ ਆਇਆ ਸੀ । ਪਹਿਲਾਂ ਬਰੀਫ਼-ਕੇਸ ਸਕੱਤਰ ਕੋਲ ਜਮ੍ਹਾਂ ਹੁੰਦੇ ਸਨ । ਉਹ ਆਪਣੀ ਤਸੱਲੀ ਕਰਕੇ, ਪਹੁੰਚੀ ਰਕਮ ਦੀ ਸੂਚਨਾ ਫ਼ੋਨ ਉੱਪਰ ਮੁੱਖ-ਮੰਤਰੀ ਨੂੰ ਦੇ ਦਿੰਦਾ ਸੀ ।
ਇਸ ਬਰੀਫ਼-ਕੇਸ ਨੂੰ ਜਾਣ-ਬੁੱਝ ਕੇ ਅੰਦਰ ਬੁਲਾਇਆ ਗਿਆ ਸੀ। ਇਸ ਪਿੱਛੇ ਇਕ ਰਾਜ਼ ਸੀ ।
"ਇਸ ਵਿਚ ਕੀ ਹੈ?"
"ਚਾਲੀ ਲੱਖ ਹੈ ।"
"ਮੈਂ ਕੀ ਕਰਨੇ ਨੇ? ਰੱਖ ਆਪਣੇ ਕੋਲ। ਦੇਖ ਆਪਣੇ ਬਾਪੂ ਦੀਆਂ ਮਿਹਰਾਂ ।"
ਨਵੀਂ ਪੀੜ੍ਹੀ ਮੁੱਖ-ਮੰਤਰੀ ਨੂੰ ਬਾਪੂ ਆਖ ਕੇ ਬੁਲਾਉਂਦੀ ਸੀ । ਇਕ ਸੁਹਿਰਦ ਬਾਪ ਵਾਲੇ ਫਰਜ਼ ਨਿਭਾਉਂਦਿਆਂ ਮੁੱਖ ਮੰਤਰੀ ਨੇ ਬਘੇਲ ਸਿੰਘ ਦੀ ਪਿੱਠ ਥਾਪੜ ਕੇ ਬਰੀਫ਼ ਕੇਸ ਉਸ ਵੱਲ ਖਿਸਕਾ ਦਿੱਤਾ ।
"ਮੈਂ ਅਗਲੀ ਕਿਸ਼ਤ ਲੈ ਲਵਾਂਗਾ । ਇਹ ਤੁਹਾਡੀ ਅਮਾਨਤ ਹੈ ।"
"ਨਹੀਂ ਬਈ ਨਹੀਂ । ਸਭ ਕਿਸ਼ਤਾਂ ਤੇਰੀਆਂ ਹਨ । ਕੋਈ ਹੋਰ ਹੁਕਮ ਹੈ ਤਾਂ ਦੱਸ ?"
ਮੁੱਖ-ਮੰਤਰੀ ਬਘੇਲ ਸਿੰਘ ਨੂੰ ਖੁਲ੍ਹਾ ਗੱਫ਼ਾ ਲਵਾਉਣਾ ਚਾਹੁੰਦਾ ਸੀ ।
ਹੈਰਾਨੀ ਅਤੇ ਸ਼ਰਧਾ ਕਾਰਨ ਗੱਦਗੱਦ ਹੋਏ ਬਘੇਲ ਸਿੰਘ ਨੂੰ ਸੁੱਝ ਨਹੀਂ ਸੀ ਰਿਹਾ, ਉਹ ਮੁੱਖ ਮੰਤਰੀ ਦਾ ਧੰਨਵਾਦ ਕਿਸ ਤਰ੍ਹਾਂ ਕਰੇ ।
ਫੇਰ ਮੁੱਖ-ਮੰਤਰੀ ਨੇ ਆਪਣੇ ਸਿਆਸੀ ਸਕੱਤਰ ਨੂੰ ਬੁਲਾਇਆ । ਬਰੀਫ਼-ਕੇਸ ਨੂੰ ਬਘੇਲ ਸਿੰਘ ਦੀ ਗੱਡੀ ਵਿਚ ਰੱਖ ਕੇ ਆਉਣ ਦਾ ਹੁਕਮ ਸੁਣਾਇਆ ।
"ਉਸ ਆਪਣੇ ਜਥੇਦਾਰ ਦਾ ਖਹਿੜਾ ਛੱਡ । ਉਸ ਪਿੱਛੇ ਲਗ ਕੇ ਤੈਨੂੰ ਕੁਝ ਨਹੀਂ ਮਿਲਣਾ । ਇਧਰ ਰਹੇਂਗਾ ਤਾਂ ਅਜਿਹੇ ਗੱਫ਼ੇ ਹਰ ਰੋਜ਼ ਮਿਲਣਗੇ ।"
ਵੱਖ ਹੋਣ ਤੋਂ ਪਹਿਲਾਂ ਖਚਰੀ ਹਾਸੀ ਹੱਸ ਕੇ ਮੁੱਖ-ਮੰਤਰੀ ਨੇ ਇਸ ਮਿਹਰਬਾਨੀ ਦ ਕਾਰਨ ਬਘੇਲ ਸਿੰਘ ਨੂੰ ਸਮਝਾਇਆ ।
"ਮੇਰੀ ਭੁੱਲ ਬਖ਼ਸ਼ੋ । ਅੱਜ ਤੋਂ ਮੈਂ ਤੁਹਾਡੇ ਨਾਲ ।"
ਬਘੇਲ ਸਿੰਘ ਇਕ ਵਾਰ ਫੇਰ ਮੁੱਖ-ਮੰਤਰੀ ਦੇ ਗੋਡਿਆਂ ਵੱਲ ਝੁਕਿਆ ।
ਮੁੱਖ-ਮੰਤਰੀ ਨੇ ਉਸਨੂੰ ਰਸਤੇ ਵਿਚ ਬੋਚ ਲਿਆ ।
ਪੈਰੀਂ ਪਵਾਉਣ ਦੀ ਥਾਂ ਉਸ ਨੂੰ ਹਿੱਕ ਨਾਲ ਲਾ ਲਿਆ ।
ਮੁੱਖ-ਮੰਤਰੀ ਦੀ ਇਸ ਜੱਫ਼ੀ ਨੇ ਬਘੇਲ ਸਿੰਘ ਨੂੰ ਪੂਰੀ ਤਰ੍ਹਾਂ ਜਕੜ ਲਿਆ ।
ਹੁਣ ਉਹ ਕਿਧਰੇ ਹੋਰ ਜਾਣ ਜੋਗਾ ਨਹੀਂ ਸੀ ।
....ਚਲਦਾ....