ਜਸਮੇਲ ਦੀ ਨਜ਼ਰ ਜਿਉਂ ਹੀ ਬੇਹੋਸ਼ ਹੋ ਕੇ ਡਿੱਗੇ ਆਪਣੇ ਛੇ ਕੁ ਸਾਲ ਦੇ ਬੇਟੇ ਨਵਦੀਪ ਤੇ ਪਈ ਤਾਂ ਜਿਵੇਂ ਉਸਦੀ ਚੀਕ ਹੀ ਨਿਕਲ ਗਈ। ਅਜੇ ਹੁਣੇ ਤਾਂ ਉਹ ਬੈਠਾ ਪੜ੍ਹ ਰਿਹਾ ਸੀ। ਅਚਾਨਕ ਉਸਨੂੰ ਕੀ ਹੋ ਗਿਆ? ਉਹ ਦੌੜ ਕੇ ਆਪਣੇ ਬੇਟੇ ਕੋਲ ਗਈ ਪਰ ਉਸਨੂੰ ਕੁਝ ਸੁਝ ਨਹੀਂ ਸੀ ਰਿਹਾ ਕਿ ਉਹ ਕੀ ਕਰੇ। ਉਸਦੀ ਚੀਕਵੀਂ ਆਵਾਜ਼ ਸੁਣ ਕੇ ਅੰਦਰੋਂ ਪਾਠ ਕਰਦੀ ਉਸਦੀ ਸੱਸ ਵੀ ਘਬਰਾ ਕੇ ਬਾਹਰ ਆ ਗਈ। ਉਸਨੇ ਨਵਦੀਪ ਨੂੰ ਹਿਲਾਇਆ ਤਾਂ ਉਹ ਉਠ ਕੇ ਬੈਠ ਗਿਆ। ਨਵਦੀਪ ਡਰਿਆ ਡਰਿਆ ਇਧਰ ਉਧਰ ਦੇਖ ਰਿਹਾ ਸੀ।
'ਪੁੱਤ ਕੀ ਹੋ ਗਿਆ ਸੀ ? ਮਾਂ ਸਦਕੇ!' ਆਪਣੇ ਪੋਤੇ ਨੂੰ ਗੋਦ ਵਿਚ ਲੈਂਦੀ ਉਸਦੀ ਸੱਸ ਪਿਆਰ ਨਾਲ ਬੋਲੀ। ਨਵਦੀਪ ਕੁਝ ਨਾ ਬੋਲਿਆ ਜਿਵੇਂ ਉਸਨੂੰ ਸਮਝ ਨਾ ਲੱਗੀ ਹੋਵੇ। ਜਸਮੇਲ ਦਾ ਪਤੀ ਪ੍ਰੋਫ਼ੈਸਰ ਰਾਜਦੀਪ ਕਾਲਜ ਤੋਂ ਆ ਕੇ ਖੇਤਾਂ ਵੱਲ ਗੇੜਾ ਮਾਰਨ ਗਿਆ ਹੋਇਆ ਸੀ। ਸੁਨੇਹਾ ਭੇਜ ਕੇ ਉਸਨੂੰ ਬੁਲਾਇਆ ਗਿਆ। ਭਾਵੇਂ ਨਵਦੀਪ ਹੁਣ ਠੀਕ ਸੀ ਪਰ ਪਰਿਵਾਰ ਦੇ ਦਿਲ ਨੂੰ ਜਿਵੇਂ ਚੈਨ ਨਹੀਂ ਸੀ। ਉਹ ਉਸਨੂੰ ਨਾਲ ਲਗਦੇ ਸ਼ਹਿਰ ਦੇ ਡਾਕਟਰ ਕੋਲ ਲੈ ਗਏ। ਡਾਕਟਰ ਨੇ ਪੂਰੀ ਪੜਤਾਲ ਕੀਤੀ ਪਰ ਕਿਸੇ ਰੋਗ ਦੇ ਲੱਛਣ ਉਸਨੂੰ ਨਜ਼ਰ ਨਾ ਆਏ। ਡਾਕਟਰ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ,'ਡਰਨ ਵਾਲੀ ਕੋਈ ਗੱਲ ਨਹੀਂ । ਬੱਚੇ ਨੂੰ ਕੋਈ ਰੋਗ ਨਹੀਂ। ਹੋ ਸਕਦਾ ਹੈ ਬੈਠੇ ਨੂੰ ਨੀਂਦ ਦੀ ਝਪਕੀ ਆ ਗਈ ਹੋਵੇ ਜਾਂ ਪੜ੍ਹਾਈ ਕਾਰਣ ਕੁਝ ਪਲਾਂ ਲਈ ਦਿਮਾਗ ਸੁੰਨ ਹੋ ਗਿਆ ਹੋਵੇ। ਬਚਪਨ ਵਿਚ ਇਸ ਤਰਾਂ੍ਹ ਹੋ ਈ ਜਾਂਦੈ।'ਡਾਕਟਰ ਦੇ ਬੋਲਾਂ ਨਾਲ ਉਨ੍ਹਾਂ ਨੂੰ ਧਰਵਾਸ ਤਾਂ ਮਿਲਿਆ ਪਰ ਜਸਮੇਲ ਦੀ ਨਜ਼ਰ ਬਾਰ ਬਾਰ ਆਪਣੇ ਬੇਟੇ ਦੇ ਮਾਸੂਮ ਚਿਹਰੇ ਵੱਲ ਜਾਂਦੀ।
ਦੋ ਦਿਨ ਹੋ ਗਏ ਸਨ ਇਸ ਘਟਨਾ ਵਾਪਰੀ ਨੂੰ । ਨਵਦੀਪ ਹੁਣ ਬਿਲਕੁਲ ਠੀਕ ਠਾਕ ਸੀ। ਉਸਦੀ ਖੁਰਾਕ ਵੀ ਠੀਕ ਸੀ ਤੇ ਖੇਡਣ ਵਿਚ ਵੀ ਦਿਲਚਸਪੀ ਸੀ ਪਰ ਜਸਮੇਲ ਦੀ ਨਜ਼ਰ ਹਰ ਵੇਲੇ ਉਸਦਾ ਪਿੱਛਾ ਕਰਦੀ। ਅੱਗੇ ਉਹ ਉਸਨੂੰ ਹਰ ਵੇਲੇ ਪੜ੍ਹਨ ਲਈ ਪ੍ਰੇਰਦੀ ਪਰ ਹੁਣ ਦੋ ਦਿਨ ਤੋਂ ਉਸਨੇ ਨਵਦੀਪ ਨੂੰ ਪੜ੍ਹਨ ਲਈ ਵੀ ਨਾ ਬੈਠਣ ਦਿੱਤਾ। ਉਸਦੇ ਦਿਮਾਗ ਵਿਚ ਇਕੋ ਗੱਲ ਚੱਕਰ ਕਟਦੀ ਕਿ ਜੇ ਇਸਨੂੰ ਕੋਈ ਬਿਮਾਰੀ ਨਹੀਂ ਤਾਂ ਇਹ ਬੇਹੋਸ਼ ਕਿਉਂ ਹੋਇਆ? ਕਿਤੇ ਕੋਈ ਓਪਰੀ ਕਸਰ…? ਇਹ ਸੋਚ ਆਉਂਦਿਆਂ ਹੀ ਜਿਵੇਂ ਉਸਦਾ ਮਨ ਕੰਬਿਆ। ਉਸਦੀ ਸੱਸ ਨੇ ਵੀ ਤਾਂ ਇਹੀ ਸਲਾਹ ਦਿੱਤੀ ਸੀ ਕਿ ਡੇਰੇ ਵਾਲੇ ਸਾਧ ਤੋਂ ਹਥੌਲਾ ਕਰਵਾ ਲਵੋ। ਸੌ ਓਪਰੀ ਚੀਜ਼ ਬੱਚੇ ਦਾ ਪਿੱਛਾ ਕਰਦੀ ਐ। ਪਰ ਉਸਦਾ ਪਤੀ ਇਕ ਵਿਗਿਆਨਕ ਸੋਚ ਦਾ ਪ੍ਰੋਫ਼ੈਸਰ ਹੋਣ ਕਾਰਣ ਇਨਾਂ੍ਹ ਗੱਲਾਂ ਵਿਚ ਕੋਈ ਵਿਸ਼ਵਾਸ਼ ਨਹੀਂ ਸੀ ਕਰਦਾ। ਜਦੋਂ ਦਾ ਉਸਦਾ ਵਿਆਹ ਹੋਇਆ ਸੀ ਉਦੋਂ ਦੀ ਉਹ ਵੀ ਵਹਿਮਾਂ ਭਰਮਾਂ ਤੋਂ ਜਿਵੇਂ ਮੁਕਤ ਹੋ ਗਈ ਸੀ। ਉਸਨੂੰ ਯਾਦ ਆਇਆ ਜਦੋਂ ਉਹ ਵਿਆਹੀ ਆਈ ਸੀ ਤਾਂ ਉਸਨੇ ਵੀ ਤਾਂਬੇ ਦਾ ਛੱਲਾ ਪਾਇਆ ਹੋਇਆ ਸੀ ਜੋ ਉਸਦੇ ਪਤੀ ਨੇ ਲੁਹਾ ਦਿੱਤਾ।ਪਤੀ ਦੀਆਂ ਗੱਲਾਂ ਨੇ ਉਸਦੀ ਸੋਚ ਨੂੰ ਅੰਧ ਵਿਸ਼ਵਾਸ਼ ਤੋਂ ਦੂਰ ਕੀਤਾ ਸੀ। ਪਰ ਨਵਦੀਪ ਦਾ ਮਾਸੂਮ ਚਿਹਰਾ ਉਸਦੀਆਂ ਅੱਖਾਂ ਅੱਗੇ ਆਉਂਦਾ ਤਾਂ ਉਸਦਾ ਦਿਲ ਜਿਵੇਂ ਘੇਰਨੀ ਖਾ ਜਾਂਦਾ। ਉਸਦਾ ਦਿਲ ਕਰਦਾ ਕਿ ਆਪਣੀ ਸੱਸ ਨੂੰ ਨਾਲ ਲੈ ਕੇ ਡੇਰੇ ਵਾਲੇ ਸਾਧ ਤੋਂ ਹੱਥ-ਹੌਲਾ ਕਰਵਾ ਲਿਆਵੇ ਪਰ ਆਪਣੇ ਪਤੀ ਦਾ ਖਿਆਲ ਆਉਂਦਿਆਂ ਹੀ ਉਹ ਇਨਾਂ੍ਹ ਸੋਚਾਂ ਨੂੰ ਤਿਆਗ ਦਿੰਦੀ। ਉਸਦਾ ਮਨ ਦਵੰਦ ਵਿਚ ਫਸ ਗਿਆ ਸੀ। ਉਸਨੂੰ ਖਿਆਲ ਆਇਆ ਕਿ ਜਿਹੜਾ ਛੱਲਾ ਉਸਦੇ ਪਤੀ ਨੇ ਲੁਹਾਇਆ ਸੀ ਉਹ ਤਾਂ ਸ਼ਾਇਦ ਪੇਟੀ ਵਿਚ ਹੀ ਪਿਆ ਹੈ। ਉਸਨੂੰ ਬੱਚੇ ਦੇ ਪਾਉਣ ਵਿਚ ਕੀ ਹਰਜ਼ ਹੈ? ਜੇ ਕੁਝ ਚੰਗਾ ਨਾ ਹੋਊ ਤਾਂ ਬੁਰਾ ਵੀ ਕੀ ਹੈ ? ਆਖਰ ਇਕ ਧਾਤ ਹੀ ਤਾਂ ਹੈ। ਇਹ ਸੋਚ ਆਉਂਦਿਆਂ ਹੀ ਉਸਨੇ ਉਠ ਕੇ ਆਪਣੀ ਪੇਟੀ ਖੋਲ੍ਹ ਲਈ। ਉਸਨੇ ਦੇਖਿਆ ਉਹ ਤਾਂਬੇ ਦੀ ਬਰੀਕ ਮੁੰਦਰੀ ਅਜੇ ਵੀ ਉਵੇਂ ਹੀ ਪਈ ਸੀ। ਉਸਨੇ ਗਹੁ ਨਾਲ ਉਸਨੂੰ ਦੇਖਿਆ। ਉਸਨੂੰ ਯਾਦ ਆਇਆ ਜਦੋਂ ਇਹ ਛੱਲਾ ਝਿੜੀ ਵਾਲੇ ਸੰਤਾਂ ਨੇ ਦਿੱਤਾ ਸੀ ਤੇ ਨਾਲ ਹੀ ਕਿਹਾ ਸੀ ਕਿ ਇਸਨੂੰ ਚੀਚੀ ਨਾਲ ਦੀ ਉਂਗਲ ਵਿਚ ਪਾ ਲਾ, ਕੋਈ ਭੈੜੀ ਰੂਹ ਤੇਰੇ ਨੇੜੇ ਨੀਂ ਆਊ। ਤੇ ਫਿਰ ਉਸਨੂੰ ਉਸ ਵਿਚੋਂ ਦੋ ਖੂਬਸੂਰਤ ਅੱਖਾਂ ਨਜ਼ਰ ਆਉਣ ਲੱਗੀਆਂ ਤੇ ਉਹ ਜਿਵੇਂ ਇਨਾਂ੍ਹ ਅੱਖਾਂ ਵਿਚ ਡੁਬਦੀ ਜਾ ਰਹੀ ਸੀ। ਉਸਦਾ ਅਤੀਤ ਸਾਰੇ ਦਾ ਸਾਰਾ ਉਸਦੀਆਂ ਅੱਖਾਂ ਅੱਗੇ ਆ ਖੜ੍ਹਾ ਹੋਇਆ।
ਦੋ ਭਰਾਵਾਂ ਦੀ ਇਕੱਲੀ ਭੈਣ ਸੀ ਜਸਮੇਲ। ਸਾਊ ਅੇਨੀ ਕਿ ਸਾਰੀ ਰਿਸ਼ਤੇਦਾਰੀ ਵਿਚ ਸਿਫਤਾਂ ਹੁੰਦੀਆਂ। ਬਾਪ ਉਸਦਾ ਖੇਤੀ ਕਰਦਾ ਪਰ ਜ਼ਮੀਨ ਥੋੜ੍ਹੀ ਹੋਣ ਕਾਰਣ ਗੁਜ਼ਾਰਾ ਹੀ ਮਸਾਂ ਚਲਦਾ ਸੀ। ਜਸਮੇਲ ਦੋਵਾਂ ਭਰਾਵਾਂ ਤੋਂ ਛੋਟੀ ਸੀ। ਪੜ੍ਹਾਈ ਵਿਚ ਹੁਸ਼ਿਆਰ ਹੋਣ ਕਾਰਣ ਉਹ ਹਰ ਜਮਾਤ ਚੰਗੇ ਨੰਬਰਾਂ ਨਾਲ ਪਾਸ ਕਰਦੀ। ਉਸਦੀ ਮਾਂ ਦੇ ਗੋਡਿਆਂ ਵਿਚ ਦਰਦ ਰਹਿੰਦਾ ਸੀ ਜਿਸ ਕਾਰਣ ਘਰ ਦਾ ਕੰਮ ਵੀ ਉਸਨੂੰ ਹੀ ਕਰਨਾ ਪੈਂਦਾ। ਜਸਮੇਲ ਬੀ. ਏ. ਦੇ ਆਖਰੀ ਸਾਲ ਵਿਚ ਪੜ੍ਹਦੀ ਸੀ। ਉਸਦੇ ਦੋਵੇਂ ਭਰਾ ਤਾਂ ਦਸ ਦਸ ਪਾਸ ਕਰਕੇ ਹੀ ਸਕੂਲੋਂ ਹਟ ਗਏ ਤੇ ਹੁਣ ਬਾਪ ਦੇ ਨਾਲ ਹੀ ਖੇਤੀ ਦੇ ਕੰਮ ਵਿਚ ਹੱਥ ਵਟਾਉਂਦੇ ਸਨ। ਧੀ ਜਵਾਨ ਹੋਈ ਦੇਖ ਕੇ ਮਾਂ-ਬਾਪ ਨੂੰ ਉਸਦੇ ਵਿਆਹ ਦਾ ਫਿਕਰ ਹੁੰਦਾ। ਉਸ ਲਈ ਕਈ ਥਾਵਾਂ ਤੋਂ ਰਿਸ਼ਤੇ ਵੀ ਆ ਰਹੇ ਸਨ ਪਰ ਮਾਂ ਬਾਪ ਚਾਹੁੰਦੇ ਸਨ ਕਿ ਵਡੇ ਮੁੰਡੇ ਦਾ ਵਿਆਹ ਪਹਿਲਾਂ ਹੋ ਜਾਵੇ ਤਾਂ ਕਿ ਘਰ ਵਿਚ ਕੰਮ ਕਰਨ ਵਾਸਤੇ ਕੋਈ ਅੋਰਤ ਆ ਜਾਵੇ। ਪਰ ਉਨਾਂ੍ਹ ਦੀ ਥੋੜੀ੍ਹ ਜ਼ਮੀਨ ਇਸ ਕੰਮ ਵਿਚ ਅੜਿੱਕਾ ਬਣਦੀ।ਸਿਰਫ ਪੰਜ ਏਕੜਾਂ ਦੇ ਮਾਲਕ ਜੱਟ ਲਈ ਪੁੱਤਾਂ ਦਾ ਵਿਆਹ ਇਕ ਸਮੱਸਿਆ ਹੀ ਤਾਂ ਬਣ ਜਾਂਦੀ ਹੈ। ਜਿਥੋਂ ਵੀ ਗੱਲ ਤੁਰਦੀ ਬੱਸ ਕਿੱਲਿਆਂ ਤੇ ਆ ਕੇ ਖਤਮ ਹੋ ਜਾਂਦੀ।
ਜਸਮੇਲ ਘਰ ਦਾ ਕੰਮ ਕਰਦੀ ਤੇ ਪੜ੍ਹਨ ਲਈ ਕਾਲਜ ਵੀ ਜਾਂਦੀ। ਪਿੰਡੋਂ ਪੜ੍ਹਨ ਲਈ ਜਾਂਦੀਆਂ ਕੁੜੀਆਂ ਲਈ ਲੋਕ ਖੰਭਾਂ ਦੀਆਂ ਡਾਰਾਂ ਬਣਾਉਂਦੇ ਹੀ ਰਹਿੰਦੇ ਹਨ।ਪਰ ਜਸਮੇਲ ਐਨੀ ਸੰਗਾਊ ਤੇ ਸ਼ਰੀਫ ਸੀ ਉਸ ਬਾਰੇ ਕੋਈ ਵੀ ਮਾੜੀ ਗੱਲ ਨਾ ਬੋਲਦਾ। ਉਹ ਹਰ ਇਕ ਦਾ ਸਤਿਕਾਰ ਕਰਦੀ। ਉਸਦੀ ਬੋਲੀ ਵਿਚ ਅਪਣੱਤ ਤੇ ਨਿੱਘ ਹੁੰਦਾ। ਉਹ ਘਰੋਂ ਸਿੱਧਾ ਕਾਲਜ ਤੇ ਕਾਲਜੋਂ ਸਿੱਧਾ ਘਰ ਆਉਂਦੀ। ਭਾਵੇਂ ਉਸਦੀਆਂ ਵੀ ਜਵਾਨ ਸੱਧਰਾਂ ਮਚਲਦੀਆਂ ਪਰ ਉਹ ਕਦੇ ਵੀ ਕਿਸੇ ਵੱਲ ਅੱਖ ਭਰ ਕੇ ਨਾ ਵੇਖਦੀ।
ਅਚਾਨਕ ਇਕ ਦਿਨ ਉਸਦਾ ਚੈਨ ਜਿਵੇਂ ਲੁੱਟਿਆ ਗਿਆ। ਉਹ ਵਿਹੜੇ ਵਿਚ ਝਾੜੂ ਫੇਰ ਰਹੀ ਸੀ ਜਦੋਂ ਨੰਬਰਦਾਰ ਦਾ ਚੰਡੀਗੜ੍ਹ ਪੜ੍ਹਦਾ ਤੇ ਹੋਸਟਲ ਵਿਚ ਰਹਿੰਦਾ ਪੋਤਾ ਉਨ੍ਹਾਂ ਦੇ ਘਰ ਖਾਦ ਆਈ ਦਾ ਸੁਨੇਹਾ ਦੇਣ ਆਇਆ। ਮੱਸਿਆ ਦੀ ਰਾਤ ਨੂੰ ਜਿਵੇਂ ਚੰਦ ਨਿਕਲ ਆਇਆ ਹੋਵੇ। ਜਸਮੇਲ ਦੀ ਨਜ਼ਰ ਉਸ ਉਪਰ ਪਈ ਤਾਂ ਜਿਵੇਂ ਉਹ ਅੱਖ ਝਪਕਣਾ ਹੀ ਭੁੱਲ ਗਈ। ਉਸਦੀਆਂ ਮੋਟੀਆਂ ਅੱਖਾਂ ਜਿਵੇਂ ਕਟਾਰ ਬਣ ਕੇ ਜਸਮੇਲ ਦੇ ਕਾਲਜੇ ਖੁੱਭ ਗਈਆਂ। ਨੰਬਰਦਾਰ ਦਾ ਪੋਤਾ ਤਾਂ ਸੁਨੇਹਾ ਦੇ ਕੇ ਚਲਾ ਗਿਆ ਪਰ ਜਸਮੇਲ ਨੂੰ ਇਕ ਅਚਵੀ ਦੇ ਗਿਆ।ਉਸਦਾ ਸਾਰਾ ਸਰੀਰ ਜਿਵੇਂ ਝੂਠਾ ਪੈ ਗਿਆ। ਝਾੜੂ ਵਾਲਾ ਹੱਥ ਜਿਥੇ ਸੀ ਉਥੇ ਹੀ ਰਹਿ ਗਿਆ। ਸਰੀਰ ਪਸੀਨੇ ਨਾਲ ਤਰ ਹੋ ਗਿਆ।ਉਸਨੂੰ ਘਰ ਵਿਚ ਪਿਆ ਸਮਾਨ ਧੁੰਦਲਾ ਹੁੰਦਾ ਨਜ਼ਰ ਆਇਆ। ਸਾਹ ਉਸਦਾ ਜਿਵੇਂ ਹੌਂਕਣੀ ਵਿਚ ਬਦਲ ਗਿਆ। ਉਸਨੇ ਝਾੜੂ ਛੱਡ ਕੇ ਉਠਣ ਦੀ ਕੋਸ਼ਿਸ਼ ਕੀਤੀ ਪਰ ਉਹ ਇਕ ਚੱਕਰ ਖਾ ਕੇ ਡਿੱਗ ਪਈ।
ਜਦ ਉਸਨੂੰ ਹੋਸ਼ ਆਈ ਤਾਂ ਸਾਰਾ ਪਰਿਵਾਰ ਉਸ ਦੁਆਲੇ ਇਕੱਠਾ ਹੋਇਆ ਖੜ੍ਹਾ ਸੀ। ਪਿੰਡ ਦਾ ਲੰਙਾ ਡਾਕਟਰ ਉਸਨੂੰ ਟੀਕਾ ਲਾ ਰਿਹਾ ਸੀ। ਉਸਨੂੰ ਠੀਕ ਦੇਖ ਕੇ ਸਾਰਿਆਂ ਦੇ ਫਿਕਰਮੰਦ ਚਿਹਰਿਆਂ ਤੇ ਕੁਝ ਸਕੂਨ ਆਇਆ। ਧੀ ਦੀ ਤਕਲੀਫ ਦੇਖ ਕੇ ਮਾਂ ਆਪਣੇ ਗੋਡਿਆਂ ਦਾ ਦਰਦ ਭੁੱਲ ਗਈ।ਉਹ ਆਪਣੀਆਂ ਹੰਝੂਆਂ ਭਰੀਆਂ ਅੱਖਾਂ ਨਾਲ ਉਸਦੇ ਬਲਿਹਾਰੇ ਜਾ ਰਹੀ ਸੀ।
'ਮੇਲੋ! ਕੀ ਹੋ ਗਿਆ ਸੀ ਤੈਨੂੰ ?' ਉਸਦੀ ਮਾਂ ਨੇ ਚਿੰਤਾਤੁਰ ਹੋ ਕੇ ਪੁਛਿਆ।
'ਕੁਛ ਨੀਂ ਬੀਬੀ! ਬੱਸ ਜਦੋਂ ਉਠਣ ਲੱਗੀ ਤਾਂ ਘੇਰ ਜਿਹੀ ਆਈ ਸੀ।' ਮੇਲੋ ਨੂੰ ਆਪ ਸਮਝ ਨਹੀਂ ਸੀ ਲੱਗੀ ਕਿ ਉਸਨੂੰ ਕੀ ਹੋ ਗਿਆ ? ਉਸ ਦਾ ਤਾਂ ਕਦੇ ਸਿਰ ਵੀ ਨਹੀਂ ਸੀ ਦੁਖਿਆ।
'ਹੇ ਵਾਹਿਗੁਰੂ! ਸਵੱਲੀ ਨਜ਼ਰ ਰੱਖੀਂ। ਐਸ ਉਮਰੇ ਤਾਂ ਆਂਹਦੇ ਐ ਫਿੱਟ ਆਉਣੇ ਮਾੜੇ ਹੁੰਦੇ ਐ।' ਉਸਦੀ ਮਾਂ ਨੇ ਆਪਣੇ ਦੋਵੇਂ ਹੱਥ ਜੋੜ ਲਏ। ਆਪਣੀ ਧੀ ਦੀ ਜਵਾਨੀ ਵੱਲ ਵੇਖਦਿਆਂ ਜਿਵੇਂ ਉਸਨੂੰ ਕਿਸੇ ਭੈੜੀ ਰੂਹ ਦਾ ਖਿਆਲ ਆ ਗਿਆ।
ਦੋ ਦਿਨ ਤਾਂ ਠੀਕ ਲੰਘ ਗਏ ਪਰ ਤੀਜੇ ਦਿਨ ਜਸਮੇਲ ਨੂੰ ਫਿਰ ਦੌਰਾ ਪੈ ਗਿਆ। ਲੰਙਾ ਡਾਕਟਰ ਆਇਆ ਤੇ ਟੀਕਾ ਲਾ ਕੇ ਮਮੂਲੀ ਬਿਮਾਰੀ ਦੱਸ ਕੇ ਤੁਰ ਗਿਆ। ਜਦੋਂ ਦੌਰਿਆਂ ਦਾ ਸਿਲਸਿਲਾ ਹੀ ਤੁਰ ਪਿਆ ਤਾਂ ਪਰਿਵਾਰ ਦੀ ਚਿੰਤਾ ਵੀ ਵਧਦੀ ਗਈ। ਪਿੰਡ ਦੇ ਡਾਕਟਰ ਕੋਲੋਂ ਫਰਕ ਨਾ ਪੈਂਦਾ ਦੇਖ ਕੇ ਉਹ ਸ਼ਹਿਰ ਦੇ ਵੱਡੇ ਡਾਕਟਰ ਕੋਲ ਲੈ ਗਏ। ਡਾਕਟਰ ਨੇ ਪੜਤਾਲ ਕਰ ਕੇ ਦੱਸਿਆ ਕਿ ਇਸਨੂੰ ਹਿਸਟੀਰੀਆ ਨਾਮਕ ਬਿਮਾਰੀ ਹੈ। ਨਾਲ ਹੀ ਉਸਨੇ ਜਸਮੇਲ ਦਾ ਵਿਆਹ ਕਰਨ ਦੀ ਸਿਫਾਰਸ਼ ਵੀ ਕੀਤੀ।
ਭਾਵੇਂ ਡਾਕਟਰ ਨੇ ਬਹੁਤਾ ਫਿਕਰ ਨਾ ਕਰਨ ਲਈ ਕਿਹਾ ਸੀ ਪਰ ਉਸਦੀ ਮਾਂ ਦਾ ਫਿਕਰ ਤਾਂ ਜਿਵੇਂ ਹੋਰ ਵਧਦਾ ਜਾ ਰਿਹਾ ਸੀ।ਉਸਨੇ ਜਸਮੇਲ ਦਾ ਪਤਾ ਲੈਣ ਆਈ ਆਪਣੀ ਸੱਸ ਦੇ ਥਾਂ ਲਗਦੀ ਨੰਦੀ ਬੁੜ੍ਹੀ ਕੋਲ ਆਪਣਾ ਫਿਕਰ ਜਾਹਰ ਕਰਦਿਆਂ ਕਿਹਾ,'ਬੇਬੇ! ਡਾਕਟਰ ਤਾਂ ਆਹਦਾ ਸੀ ਠੀਕ ਹੋ ਜੂ ਪਰ ਮੇਰਾ ਦਿਲ ਨੀਂ ਟਿਕਦਾ, ਆਖਰ ਮਾਂ ਜੂ ਹੋਈ।' ਨੰਦ ਕੌਰ ਪਿੰਡ ਦੀ ਸਭ ਤੋਂ ਵੱਧ ਉਮਰ ਦੀ ਅੋਰਤ ਸੀ।ਉਸਨੂੰ ਪਿੰਡ ਦੀ ਸਿਆਣੀ ਮੰਨਿਆਂ ਜਾਂਦਾ ਸੀ।ਪਿੰਡ ਵਾਲੇ ਉਸਨੂੰ ਪਿੱਠ ਪਿੱਛੇ ਨੰਦੀ ਬੁੜ੍ਹੀ ਕਹਿ ਕੇ ਹੀ ਸਦਦੇ ਸਨ।
'ਨੂੰਹੇਂ ਮੇਰੀ ਗੱਲ ਸੁਣ ਕੰਨ ਲਾ ਕੇ। ਇਹ ਸਿੱਟਣ ਆਲੀ ਗੱਲ ਨੀਂ। ਐਸ ਉਮਰੇ ਸੌ ਬਦਰੂਹਾਂ ਮਗਰ ਲਗਦੀਐਂ। ਐਵੇਂ ਨਾ ਡਾਕਟਰਾਂ ਦੇ ਚੱਕਰ 'ਚ ਪੈ ਕੇ ਬਮਾਰੀ ਵਧਾ ਲੀਂ। ਮੇਰੀ ਮੰਨ, ਝਿੜੀ ਆਲੇ ਸੰਤਾਂ ਕੋਲ ਲੈ ਜਾ ਕੁੜੀ ਨੂੰ। ਹਥੌਲਾ ਕਰ ਦਿਊਗਾ। ਦੂਰੋਂ ਦੂਰੋਂ ਲੋਕੀਂ ਔਂਦੇ ਐ ਸੰਤਾਂ ਕੋਲ ਤੇ ਆਪਣੇ ਤਾਂ ਘਰ 'ਚ ਗੰਗਾ ਵਗਦੀ ਐ। ਢਿੱਲ ਨਾ ਕਰ।' ਜਸਮੇਲ ਦੀ ਮਾਂ ਨੂੰ ਉਸਨੇ ਸਲਾਹ ਦਿੱਤੀ।
ਨੰਦੀ ਬੁੜ੍ਹੀ ਦੀ ਗੱਲ ਮੰਨ ਕੇ ਆਥਣ ਵੇਲੇ ਇਕ ਗੜਵੀ ਦੁੱਧ ਦੀ ਭਰ ਕੇ ਉਹ ਜਸਮੇਲ ਨੂੰ ਨਾਲ ਲੈ ਕੇ ਝਿੜੀ ਵੱਲ ਤੁਰ ਪਈ। ਸੰਤਾਂ ਨੂੰ ਮੱਥਾ ਟੇਕ ਕੇ ਉਸਨੇ ਸਾਰੀ ਗੱਲ ਦੱਸੀ।ਸੰਤ ਨੇ ਇਕ ਤਾਂਬੇ ਦਾ ਛੱਲਾ ਦੇ ਕੇ ਜਸਮੇਲ ਨੂੰ ਚਿਤਾਵਨੀ ਦਿੱਤੀ,'ਇਸਨੂੰ ਆਪਣੀ ਚੀਚੀ ਨਾਲ ਦੀ ਉਂਗਲੀ ਵਿਚ ਪਾ ਲੈ। ਦੇਖੀਂ ਕਿਤੇ ਭੁੱਲ ਕੇ ਵੀ ਨਾ ਲਾਹੀਂ। ਕੋਈ ਬਦਰੂਹ ਤੇਰੇ ਨੇੜੇ ਨੀਂ ਆਊ।' ਸੰਤ ਦੀ ਗੱਲ ਸੁਣ ਕੇ ਦੋਵੇਂ ਮਾਵਾਂ ਧੀਆਂ ਜਿਵੇਂ ਕਿਸੇ ਭਾਰ ਤੋਂ ਮੁਕਤ ਹੋ ਗਈਆਂ ਹੋਣ।
ਇਸ ਤੋਂ ਪਹਿਲਾਂ ਕਿ ਕੁੜੀ ਨੂੰ ਦੌਰੇ ਪੈਣ ਦੀ ਗੱਲ ਫੈਲੇ, ਮਾਂ ਬਾਪ ਨੇ ਉਸਦਾ ਵਿਆਹ ਕਰ ਦੇਣ ਦਾ ਫੈਸਲਾ ਕੀਤਾ। ਉਸਦੇ ਰਿਸ਼ਤੇ ਦੀ ਗੱਲ ਤਾਂ ਪਹਿਲਾਂ ਵੀ ਕਈਆਂ ਨੇ ਤੋਰੀ ਸੀ ਪਰ ਮਾਂ ਬਾਪ ਨੇ ਆਪਣੀ ਮਜਬੂਰੀ ਕਰ ਕੇ ਗੌਲਿਆ ਨਹੀਂ ਸੀ। ਜਸਮੇਲ ਦੀ ਭੂਆ ਨੇ ਇਕ ਮੁੰਡੇ ਦੀ ਦੱਸ ਪਾਈ ਸੀ ਜੋ ਸਾਰਿਆਂ ਦੇ ਮਨ ਲਗਦਾ ਸੀ। ਇਕੱਲਾ ਮੁੰਡਾ ਪੱਚੀ ਏਕੜਾਂ ਦਾ ਮਾਲਕ ਸੀ।ਉਸਦਾ ਬਾਪ ਗੁਜਰ ਚੁਕਿੱਆ ਸੀ ਤੇ ਉਹ ਆਪਣੀ ਮਾਂ ਨਾਲ ਇਕੱਲਾ ਹੀ ਰਹਿੰਦਾ ਸੀ। ਹੋਰ ਕੋਈ ਭੈਣ ਭਰਾ ਨਹੀਂ ਸੀ। ਪਿੰਡ ਵਿਚ ਹੀ ਪੱਕਾ ਮਕਾਨ ਸੀ। ਮੁੰਡਾ ਸੋਹਣਾ ਤੇ ਸ਼ਹਿਰ ਵਿਚ ਪ੍ਰੋਫੈਸਰ ਲੱਗਿਆ ਹੋਇਆ ਸੀ। ਭਾਵੇਂ ਉਸਨੂੰ ਹੋਰ ਵੀ ਤਕੜੇ ਘਰਾਂ ਦੇ ਰਿਸ਼ਤੇ ਆ ਰਹੇ ਸਨ ਪਰ ਆਪਣੇ ਆਦਰਸ਼ਕ ਸੁਭਾਅ ਕਾਰਣ ਉਹ ਦਰਮਿਆਨੇ ਘਰ ਦੀ ਪੜ੍ਹੀ ਲਿਖੀ ਕੁੜੀ ਚਾਹੁੰਦਾ ਸੀ। ਭੂਆ ਨੇ ਗੱਲ ਤੋਰੀ ਤਾਂ ਮੁੰਡੇ ਦੇ ਕੁੜੀ ਪਸੰਦ ਆ ਗਈ ਜਿਸ ਕਾਰਣ ਵਿਆਹ ਦਾ ਦਿਨ ਪੱਕਾ ਕਰ ਦਿੱਤਾ ਗਿਆ।
ਡੋਲੀ ਤੁਰਨ ਤੋਂ ਪਹਿਲਾਂ ਨੰਦੀ ਬੁੜ੍ਹੀ ਉਸਨੂੰ ਸਿੱਖਿਆ ਦੇਣ ਪਹੁੰਚੀ ਸੀ।'ਦੇਖ ਧੀਏ! ਸਿਆਣੇ ਆਂਹਦੇ ਐ ਕੁੜੀ ਦੀ ਡੋਲੀ ਮਾਪਿਆਂ ਘਰੋਂ ਤੁਰਦੀ ਐ ਤੇ ਅਰਥੀ ਸਹੁਰਿਆਂ ਦੇ ਘਰੋਂ। ਅੱਜ ਤੋਂ ਮਗਰੋਂ ਪੇਕਿਆਂ ਦੀ ਮੋਹ ਤੋੜ ਹੋ ਜੀਂ। ਐਥੋਂ ਗੁਣ ਜਿੰਨੇ ਮਰਜ਼ੀ ਲੈ ਜੀਂ ਪਰ ਕੋਈ ਅੋਗਣ ਨਾ ਲੈ ਕੇ ਜਾਈਂ। ਐਥੋਂ ਦੀ ਤਾਂ ਕੋਈ ਮਾੜੀ ਸੋਚ ਵੀ ਨਾ ਲੈ ਕੇ ਜਾਈਂ।' ਇਨਾਂ੍ਹ ਗੱਲਾਂ ਤੇ ਜਸਮੇਲ ਨੇ ਪੂਰਾ ਅਮਲ ਕੀਤਾ ਸੀ। ਉਹ ਆਪ ਵੀ ਸਿਆਣੀ ਸੀ ਜਿਸ ਕਾਰਣ ਸਹੁਰੇ ਘਰੋਂ ਪੂਰਾ ਮਾਣ ਤੇ ਪਿਆਰ ਮਿਲਿਆ। ਐਥੋਂ ਤੱਕ ਕਿ ਉਸਨੂੰ ਕਦੇ ਪੇਕਿਆਂ ਦੀ ਯਾਦ ਨੇ ਸਤਾਇਆ ਵੀ ਨਹੀਂ ਸੀ। ਉਹ ਆਪਣੇ ਘਰ ਨੂੰ ਪੂਰੀ ਤਰਾਂ੍ਹ ਸਮਰਪਿਤ ਸੀ।
ਪਰ ਅੱਜ ਛੋਟੇ ਜਿਹੇ ਛੱਲੇ ਨੇ ਉਸਦਾ ਚੈਨ ਲੁੱਟ ਲਿਆ ਸੀ। ਉਸਨੂੰ ਪਤਾ ਵੀ ਨਾ ਲੱਗਿਆ ਕਦੋਂ ਉਹ ਜ਼ਮੀਨ ਤੇ ਢੇਰੀ ਹੋ ਗਈ। ਜਦ ਉਸਨੂੰ ਹੋਸ਼ ਆਈ ਤਾਂ ਉਸਨੂੰ ਆਪਣਾ ਸਰੀਰ ਭਾਰਾ ਭਾਰਾ ਜਾਪਿਆ।ਆਪਣੇ ਪਤੀ ਦਾ ਫਿਕਰਮੰਦ ਚਿਹਰਾ ਦੇਖ ਕੇ ਉਹ ਘਬਰਾ ਗਈ।ਇਕ ਗੁਨਾਹ ਦਾ ਅਹਿਸਾਸ ਜਿਵੇਂ ਉਸ ਉਪਰ ਤਾਰੀ ਹੋ ਰਿਹਾ ਸੀ। ਆਪਣੇ ਪਤੀ ਨਾਲ ਅੱਖ ਮਿਲਾਉਣ ਦੀ ਜਿਵੇਂ ਉਸ ਵਿਚ ਹਿੰਮਤ ਹੀ ਨਹੀਂ ਸੀ। ਉਸਦੀ ਸੱਸ ਉਸਦਾ ਹਾਲ ਪੁੱਛ ਰਹੀ ਸੀ ਪਰ ਉਸਦੀ ਜੁਬਾਨ ਜਿਵੇਂ ਹਰਕਤ ਕਰਨੋਂ ਬੰਦ ਹੋ ਗਈ ਹੋਵੇ। ਉਸਦੀ ਸੱਸ ਪਰੇਸ਼ਾਨ ਸੀ। ਪਹਿਲਾਂ ਪੋਤਾ ਤੇ ਹੁਣ ਨੂੰਹ। ਆਖਰ ਕੀ ਹੋ ਗਿਆ ਸੀ ਇਸ ਘਰ ਨੂੰ ? ਉਸਨੂੰ ਕੁਝ ਸਮਝ ਨਾ ਲਗਦੀ।
ਭਾਵੇਂ ਜਸਮੇਲ ਦੀ ਤਬੀਅਤ ਹੁਣ ਸਾਵੀਂ ਹੋ ਗਈ ਸੀ ਪਰ ਉਸਦੀ ਸੋਚ ਕਈ ਸਾਲ ਪਿੱਛੇ ਘੁੰਮਦੀ। ਅੱਜ ਉਸਨੂੰ ਆਪਣੇ ਪੇਕਿਆਂ ਦੀ ਯਾਦ ਸਤਾ ਰਹੀ ਸੀ।ਬੀਤੇ ਦਿਨ ਬੜੇ ਪਿਆਰੇ ਲੱਗ ਰਹੇ ਸਨ।ਉਸਦਾ ਦਿਲ ਕਰਦਾ ਸੀ ਕਿ ਉਹੀ ਦਿਨ ਵਾਪਸ ਆ ਜਾਣ। ਜਦੋਂ ਵੀ ਉਸਦਾ ਦਿਲ ਉਦਾਸ ਹੁੰਦਾ ਤਾਂ ਉਹ ਤਾਂਬੇ ਦਾ ਛੱਲਾ ਜਿਵੇਂ ਉਸਨੂੰ ਧਰਵਾਸ ਦਿੰਦਾ। ਉਹ ਆਪਣੀ ਪੇਟੀ ਖੋਲ੍ਹਦੀ ਤੇ ਉਸਨੂੰ ਗਹੁ ਨਾਲ ਵੇਖਦੀ। ਤੇ ਫਿਰ ਉਹ ਛੱਲਾ ਜਿਵੇਂ ਦੋ ਅੱਖਾਂ ਵਿਚ ਬਦਲ ਜਾਂਦਾ ਜੋ ਕਦੇ ਝੀਲ ਬਣ ਜਾਂਦੀਆਂ ਜਿਸ ਵਿਚ ਉਹ ਡੁਬਦੀ ਤੇ ਕਦੇ ਕਟਾਰਾਂ ਜੋ ਉਸਦੇ ਸੀਨੇ ਖੁਭਦੀਆਂ। ਫਿਰ ਪਤਾ ਵੀ ਨਾ ਲਗਦਾ ਕਦੋਂ ਉਸਦੀ ਚੇਤਨਾ ਗੁਆਚ ਜਾਂਦੀ।
ਇਸ ਬਿਮਾਰੀ ਤੋਂ ਪਰਿਵਾਰ ਚਿੰਤਤ ਸੀ। ਡਾਕਟਰਾਂ ਨੂੰ ਬਿਮਾਰੀ ਦੀ ਕੋਈ ਸਮਝ ਨਹੀਂ ਸੀ ਪੈ ਰਹੀ। ਉਸਦੀ ਸੱਸ ਉਸਨੂੰ ਸਮਝਾ ਰਹੀ ਸੀ,' ਜਸਮੇਲ ਕੁਰੇ! ਮੇਰੀ ਗੱਲ ਮੰਨ। ਆਪਣੇ ਘਰ ਤੇ ਜ਼ਰੂਰ ਕਿਸੇ ਬਦਰੂਹ ਦਾ ਵਾਸ ਹੋ ਗਿਆ। ਪਹਿਲਾਂ ਨਵਦੀਪ ਦੇ ਮਗਰ ਲੱਗੀ ਤੇ ਹੁਣ ਤੇਰੇ। ਅੱਜ ਕੱਲ ਦੇ ਨਿਆਣੇ ਚਾਰ ਅੱਖਰ ਕੀ ਪੜ੍ਹ ਜਾਂਦੇ ਐ ਕਿਸੇ ਸਿਆਣੇ ਦੀ ਕਹੀ ਗੱਲ ਨੂੰ ਕੰਧਾਂ ਨਾਲ ਮਲ ਦਿੰਦੇ ਐ। ਤੂੰ ਸਿਆਣੀ ਬਣ, ਮੇਰੇ ਨਾਲ ਚੱਲੀਂ ਡੇਰੇ। ਸੰਤ ਕੋਈ ਹਥੌਲਾ ਕਰ ਦੇਣਗੇ।'
ਜਸਮੇਲ ਆਪਣੀ ਸੱਸ ਦੀ ਗੱਲ ਸੁਣਦੀ ਪਰ ਕੋਈ ਜਵਾਬ ਨਾ ਦਿੰਦੀ। ਉਹ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਸੋਚਦੀ ਤਾਂ ਉਸਨੂੰ ਵੀ ਬਿਮਾਰੀ ਦਾ ਕੋਈ ਕਾਰਣ ਨਾ ਲਭਦਾ। ਉਸਨੂੰ ਸਮਝ ਨਾ ਲਗਦੀ ਉਸਦਾ ਮਨ ਪਿੱਛੇ ਵੱਲ ਕਿਉਂ ਭਜਦਾ ਹੈ? ਉਸਨੇ ਤਾਂ ਕਦੇ ਕਿਸੇ ਨਾਲ ਕੋਈ ਵਾਅਦਾ ਨਹੀਂ ਸੀ ਕੀਤਾ। ਕਿਸੇ ਨਾਲ ਕਦੇ ਜ਼ੁਬਾਨ ਸਾਂਝੀ ਨਹੀਂ ਸੀ ਕੀਤੀ। ਫਿਰ ਉਸਨੂੰ ਇਹ ਤੜਫਣੀ ਕਿਉਂ ਲੱਗ ਗਈ ? ਉਹ ਤਾਂ ਆਪਣੇ ਪਤੀ ਨੂੰ ਸਾਰੇ ਤੀਰਥਾਂ ਤੋਂ ਉਪਰ ਮੰਨਦੀ ਸੀ।ਸੋਚਾਂ ਸੋਚਦਿਆਂ ਜਿਵੇਂ ਉਸਨੂੰ ਆਪਣੀ ਬਿਮਾਰੀ ਲੱਭ ਗਈ। ਉਸਨੂੰ ਆਪਣੀ ਡੋਲੀ ਤੁਰਨ ਤੋਂ ਪਹਿਲਾਂ ਨੰਦੀ ਬੁੜ੍ਹੀ ਵੱਲੋਂ ਦਿੱਤੀ ਸਿਖਿਆ ਯਾਦ ਆ ਗਈ ਕਿ ਇਥੋਂ ਤਾਂ ਕੋਈ ਮਾੜੀ ਸੋਚ ਵੀ ਨਾ ਲੈ ਕੇ ਜਾਈਂ। ਇਸ ਖਿਆਲ ਨਾਲ ਉਸਨੂੰ ਜਿਵੇਂ ਧਰਵਾਸ ਮਿਲਿਆ। ਉਸਨੂੰ ਆਪਣਾ ਵਰਤਮਾਨ ਸਵਰਗ ਸਮਾਨ ਜਾਪਿਆ ਤੇ ਆਪਣੀਆਂ ਸੋਚਾਂ ਨਰਕ ਵੱਲ ਨੂੰ ਜਾਂਦਾ ਹੋਇਆ ਰਾਹ। ਉਸਨੇ ਉਠ ਕੇ ਆਪਣੀ ਪੇਟੀ ਖੋਲੀ੍ਹ ਤੇ ਉਸ ਵਿਚੋਂ ਤਾਂਬੇ ਦਾ ਛੱਲਾ ਕਢ ਕੇ ਆਪਣੀ ਮੁੱਠੀ ਵਿਚ ਘੁੱਟ ਲਿਆ। ਉਹ ਬੋੜ੍ਹ ਵਾਲੇ ਖੂਹ ਤੇ ਗਈ ਅਤੇ ਅੱਖਾਂ ਬੰਦ ਕਰ ਕੇ ਉਹ ਛੱਲਾ ਖੂਹ ਦੀ ਭੇਟ ਕਰ ਦਿੱਤਾ।