ਸੰਘਰਸ਼
ਤੇਰੇ ਰਾਜ ਵਿੱਚ
ਮੇਰਾ ਹਸ਼ਰ
ਇਹੀ ਹੋ ਸਕਦਾ ਹੈ ....
ਤੜਫ ਤੜਫ ਮਰ ਜਾਣਾ
ਜਾਂ ਗਰਜ ਨਾਲ.......
ਤੂੰ
ਮੇਰੇ ਇਨਸਾਨ ਬਣਨ ਤੋਂ ਡਰਦੈਂ
'ਤੇ ਮੈਨੂੰ ਤੇਰਾ
ਸ਼ੈਤਾਨ ਬਣਨਾ
ਭਾਉਂਦਾ ਨਹੀਂ.....
2.
ਮੈਂ ਤੇ ਤੂੰ
ਜੇ ਮੈਂ
ਤੈਨੂੰ ਪੱਥਰ ਲਗਦਾ ਹਾਂ,
ਤਾਂ
ਤੂੰ ਵੀਂ ਮੇਰੇ ਲਈ
ਅਜੇ ਹਵਾ ਐਂ,
ਕੋਈ ਫ਼ਰਕ ਨਹੀਂ ਪੈਣਾ
ਸੀਤ ਲਹਿਰ ਬਣਕੇ ਲੰਘ
ਜਾਂ ਲੋ ਬਣਕੇ,
ਹਵਾਵਾਂ ਨੂੰ
ਪੱਥਰ ਨਹੀਂ ਮਹਿਸੂਸ ਸਕਦਾ
ਪੱਥਰ ਨੂੰ ਤਾਂ
ਪਾਣੀ ਹੀ ਖੋਰ ਸਕਦੈ....
ਮੈਨੂੰ ਤਾਂ ਐਨਾ ਪਤਾ ਹੈ
'ਜਿੰਦਗੀ'
ਤਰਲ
ਜਾਂ
ਠੋਸ ਬਣਕੇ ਨਹੀਂ ਗੁਜ਼ਾਰੀ ਦੀ,
ਮੈਂ ਤਾਂ
ਇਸ ਤਰਾਂ ਜੀਣਾ ਚਾਹੁੰਦਾ ਹਾਂ
ਜੇ
ਮੈਂ ਸਮੁੰਦਰ ਹੋਵਾਂ
ਤਾਂ
ਤੂੰ ਲਹਿਰ ਹੋਵੇਂ.........
ਜੇ
ਮੈਂ ਸੂਰਜ ਹੋਵਾਂ
ਤਾਂ
ਤੂੰ ਰੌਸ਼ਨੀ ਹੋਵੇਂ........
ਜੇ
ਮੈਂ ਫੁੱਲ ਹੋਵਾਂ
ਤਾਂ
ਤੂੰ ਸੁਗੰਧ ਹੋਵੇਂ.........
ਜੇ
ਮੈਂ ਦੀਵਾ ਹੋਵਾਂ
ਤਾਂ
ਤੂੰ ਲੋਅ ਹੋਵੇਂ.........
ਜੇ
ਮੈਂ ਸ਼ੀਸ਼ਾ ਹੋਵਾਂ
ਤਾਂ
ਤੂੰ ਪਾਣੀ ਹੋਵੇਂ.........
ਜੇ
ਮੈਂ ਗਜ਼ਲ ਹੋਵਾਂ
ਤਾਂ
ਤੂੰ ਬਹਿਰ ਹੋਵੇਂ.........
ਜੇ
ਤੂੰ ਮਨਫੀ ਹੋ ਜਾਵੇਂ
ਤਾਂ
ਮੇਰਾ ਵਜੂਦ ਨਾ ਰਹੇ......
ਬਸ ਮੈਂ ਤੇ ਤੂੰ
ਕੁਝ ਇਸ ਤਰਾਂ ਹੋਈਏ.......!