buy accutane 10mg uk
buy accutane europe
link accutane acne
ਪਰਛਾਵੇਂ ਕਾਫੀ ਢਲ ਚੁੱਕੇ ਸਨ । ਸੜਕ ਉਪਰ ਦੌੜ ਰਹੀ ਟੈਕਸੀ ਅੰਦਰ ਚਾਰ ਆਦਮੀ ਬੈਠੇ ਸਨ । ਮੁਹਰਲੀ ਸੀਟ ਤੇ ਡਰਾਈਵਰ ਦੇ ਨਾਲ ਬੈਠਾ ਰੂਪ ਬਾਹਰ ਵੱਲ ਦੇਖ ਰਿਹਾ ਸੀ । ਫਿਰ ਉਹ ਪਿੱਛੇ ਵੱਲ ਸਿਰ ਘੁਮਾ ਕੇ ਪਿਛਲੀ ਸੀਟ ਤੇ ਬੈਠੇ ਮਦਨ ਹੁਰਾਂ ਵੱਲ ਦੇਖਣ ਲੱਗਾ । ਮਦਨ ਨੇ ਰੂਪ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਤੇ ਨਾਲ ਹੀ ਉਸਨੂੰ ਛੇੜਦੇ ਹੋਏ ਬੋਲਿਆ, "ਯਾਰ ਰੂਪ ! ਮੈਂ ਸੁਣਿਆ ਹੈ ਕੈਰੀਬੀਅਨ ਟਾਪੂਆਂ ਵੱਲ ਅਜੇ ਵੀ ਕਿਤੇ-ਕਿਤੇ ਜਲਪਰੀਆਂ ਰਹਿੰਦੀਆਂ ਹਨ । ਇਹ ਨਸਲ ਅਜੇ ਬਿਲਕੁਲ ਖਤਮ ਨੀ ਹੋਈ ।" ਇਹ ਗੱਲ ਉਸਨੇ ਆਪਣੇ ਮੂਡ ਨੂੰ ਹੁਲਾਰਾ ਦੇਣ ਲਈ ਕਹੀ ਸੀ ਜਾਂ ਰੂਪ ਦੇ ਮੂਡ ਨੂੰ ਹੁਲਾਰਾ ਦੇਣ ਲਈ, ਇਹ ਉਸਦੇ ਚਿਹਰੇ ਤੋਂ ਸਪਸ਼ਟ ਨਹੀਂ ਸੀ ।
"ਓਏ ਛੱਡ ਯਾਰ ! ਸਾਡੇ ਕਰਮਾਂ ਵਿੱਚ ਤਾਂ ਜਲ ਹੀ ਜਲ ਹੈ। ਸਾਰੇ ਸਮੁੰਦਰ ਛਾਣ ਮਾਰੇ ਨੇ । ਛੇ ਮਹੀਨੇ ਤੋਂ ਉਪਰ ਹੋ ਗਿਆ ਜ਼ਹਾਜ ਚੜ੍ਹਿਆਂ ਨੂੰ । ਔਰਤ ਦੀ ਸ਼ਕਲ ਦੇਖਣ ਨੂੰ ਤਰਸੇ ਪਏ ਹਾਂ । ਕਾਸ਼ ! ਕਿਧਰੇ ਸਾਨੂੰ ਵੀ ਸੱਚੀਂ-ਮੁਚੀਂ ਕੋਈ ਜਲਪਰੀ ਮਿਲ ਜਾਂਦੀ ।" ਰੂਪ ਨੇ ਹਾਉਂਕਾ ਜਿਹਾ ਲਿਆ ।
ਟੈਕਸੀ ਪੋਮਾਂ ਬੀਚ ਵੱਲ ਦੌੜੀ ਜਾ ਰਹੀ ਸੀ । ਟੈਕਸੀ ਡਰਾਈਵਰ ਨੇ ਹੀ ਦੱਸਿਆ ਸੀ ਕਿ ਵੈਸੇ ਤਾਂ ਟਾਪੂ ਦੇ ਚਾਰ-ਚੁਫੇਰੇ ਕਈ ਬੀਚ ਹਨ, ਪਰ ਪੋਮਾ ਬੀਚ ਸਭ ਤੋ ਸੁੰਦਰ ਜਗ੍ਹਾ ਹੈ। ਏਥੇ ਹੀ ਸਭ ਤੋਂ ਵੱਧ ਰੋਣਕ ਹੁੰਦੀ ਹੈ ।
ਪੰਦਰਾਂ ਕੁ ਮਿੰਟਾਂ ਵਿੱਚ ਹੀ ਟੈਕਸੀ ਬੀਚ ਤੇ ਪਹੁੰਚ ਗਈ । ਜਗ੍ਹਾਂ ਸੱਚ-ਮੁੱਚ ਹੀ ਬਹੁਤ ਸੁੰਦਰ ਸੀ । ਟੈਕਸੀ ਡਰਾਈਵਰ ਦੇ ਦੱਸਣ ਨਾਲੋਂ ਵੀ ਵੱਧ ਸੁੰਦਰ । ਰੌਣਕ ਵੀ ਬਹੁਤ ਸੀ । ਜਿਆਦਾ ਤਰ ਗੋਰੇ ਤੇ ਗੋਰੀਆ ਸਨ । ਪਰ ਕੋਈ-ਕੋਈ ਕਾਲਾ ਤੇ ਏਸ਼ੀਅਨ, ਵੀ ਨਜ਼ਰ ਪੈ ਰਹੇ ਸਨ । ਜਿੱਥੇ ਆ ਕੇ ਰੂਪ ਹੁਰੀਂ ਉਤਰੇ ਸਨ ਇਹ ਬੀਚ ਦੀ ਮੇਨ ਜਗ੍ਹਾ ਸੀ । ਰੰਗ- ਬਰੰਗੀਆਂ ਛਤਰੀਆਂ ਨਾਲ ਸਜੀ ਹੋਈ । ਖਾਣ-ਪੀਣ ਲਈ ਬਹੁਤ ਸਾਰੇ ਸਟਾਲ ਬਣੇ ਹੋਏ ਸਨ । ਪਰ ਇਹ ਸਭ ਕੁਝ ਉਥੇ ਥੋੜੀ ਜਗ੍ਹਾਂ ਵਿੱਚ ਹੀ ਸੀ । ਵੈਸੇ ਬੀਚ ਬਹੁਤ ਲੰਬਾ ਚੌੜਾ ਸੀ ਤੇ ਸਾਰਾ ਬੀਚ ਸੈਲਾਨੀਆ ਨਾਲ ਭਰਿਆ ਪਿਆ ਸੀ । ਇੱਕ ਪਾਸੇ ਵੱਲ ਨੂੰ ਦੂਰ ਪਥਰੀਲੇ ਚਟਾਨ ਨਜ਼ਰ ਪੈ ਰਹੇ ਸਨ ।
ਕੁਝ ਲੋਕ ਸਮੁੰਦਰ ਵਿੱਚ ਨਹ੍ਹਾ ਰਹੇ ਸਨ । ਕੁਝ ਤੈਰ ਵੀ ਰਹੇ ਸਨ । ਕਈ ਜੋੜੇ ਇੱਕ ਦੂਸਰੇ ਦੇ ਸਰੀਰ ਉਪਰ ਗਿੱਲੀ ਰੇਤ ਮਲ-ਮਲ ਖੁਸ਼ ਹੋ ਰਹੇ ਸਨ । ਕਿਧਰੇ ਇੱਕ ਦੂਸਰੇ ਉਪਰ ਸੁੱਕੀ-ਗਿੱਲੀ ਰੇਤ ਦੀਆਂ ਮੁੱਠੀਆਂ ਭਰ-ਭਰ ਸੁੱਟ ਰਹੇ ਸਨ । ਕਈ ਗੋਰੇ-ਗੋਰੀਆਂ ਰੇਤ ਉਪਰ ਵੱਡਾ ਤੋਲੀਆਂ ਵਿੱਛਾਈ ਜਾਂ ਚਾਦਰ ਵਿਛਾਈ ਲੇਟੇ ਪਏ ਸਨ । ਕੁਝ ਅਜਿਹੇ ਸਨ ਜੋ ਖਾਣ-ਪੀਣ ਵਿੱਚ ਮਸਤ ਸਨ । ਕਿਸੇ ਦੇ ਹੱਥ ਵਿੱਚ ਆਈਸ-ਕਰੀਮ, ਕਿਸੇ ਦੇ ਸੈਂਡ-ਵਿਚ, ਕਿਸੇ ਦੇ ਕੋਕ, ਤੇ ਕਿਸੇ ਦੇ ਹੱਥ ਵਿੱਚ ਬੀਅਰ ਵਗੈਰਾ… । ਛੋਟੇ ਬੱਚੇ ਵੀ ਰੇਤ ਜਾਂ ਗੁਬਾਰਿਆਂ ਨਾਲ ਖੇਡ ਰਹੇ ਸਨ ।
ਬੀਚ ਤੇ ਪਹੁੰਚਦੇ ਹੀ ਰੂਪ ਹੁਰਾਂ ਨੂੰ ਜਹਾਜ਼ ਦੀ ਔਖੀ ਜ਼ਿੰਦਗੀ ਇਕਦਮ ਹੀ ਭੁਲ ਗਈ । ਲੰਬੀ ਸੇਲਿੰਗ (ਇਕ ਬੰਦਰਗਾਹ ਤੋ ਦੂਜੀ ਤੱਕ ਦਾ ਸਫਰ) ਦਾ ਅਕੇਵਾਂ ਪਲਾਂ 'ਚ ਗਇਬ । ਥੋੜੀ ਦੇਰ ਪਹਿਲਾਂ ਜਦ ਜਹਾਜ਼ ਬੰਦਰਗਾਹ 'ਚ ਦਾਖਲ ਹੋ ਰਿਹਾ ਸੀ ਤਾਂ ਉਹਨਾਂ ਦੇਖਿਆ ਸੀ, ਕਿ ਟਾਪੂ ਕੋਈ ਬਹੁਤ ਵੱਡਾ ਨਹੀਂ । ਮੱਧਮ ਜਿਹੀ ਉਚਾਈ ਦੀਆਂ ਪਹਾੜੀਆਂ ਸਨ । ਹਰਿਆਲੀ ਬਹੁਤ ਸੀ । ਸਾਰਾ ਟਾਪੂ ਹਰਾ-ਭਰਾ ਦਿਸਦਾ ਸੀ । ਇਕੋ-ਇਕ ਛੋਟੀ ਜਿਹੀ ਬੰਦਰਗਾਹ ਸੀ । ਦੋ ਜਹਾਜ਼ ਇੱਥੇ ਪਹਿਲਾ ਹੀ ਖੜ੍ਹੇ ਸਨ । ਇਕ ਜਹਾਜ਼ ਉਸ ਟਾਇਮ ਬਾਹਰ ਨਿੱਕਲ ਰਿਹਾ ਸੀ । ਖੱਬੇ ਪਾਸੇ ਇੱਕ ਫੈਕਟਰੀ ਸੀ ਜਿਸਦੀ ਚਿਮਨੀ ਵਿੱਚੋਂ ਧੂੰਆਂ ਨਿਕਲ ਰਿਹਾ ਸੀ । ਬੰਦਰਗਾਹ ਤੋਂ ਸੱਜੇ ਪਾਸੇ ਵੱਲ ਇੱਕ ਲੰਬਾ ਚੌੜਾ ਬੀਚ ਦਿਖਾਈ ਦਿੱਤਾ ਸੀ । ਪਰ ਹੁਣ ਉਹ ਚਾਰੋਂ ਉਸ ਬੀਚ ਉਪਰ ਪਹੁੰਚ ਚੁੱਕੇ ਸਨ । ਤੇ ਬੀਚ ਉਪਰਲੀ ਭੀੜ ਦਾ ਹੀ ਹਿੱਸਾ ਬਣਕੇ ਸੈਲਾਨੀ ਬਣ ਗਏ ਸਨ ।
ਪਾਣੀ 'ਚ ਨਹਾਉਂਦੀਆਂ ਤੇ ਜਾਂ ਫੇਰ ਕੱਪੜੇ ਲਾਹੀ ਫਿਰਦੀਆਂ ਏਧਰ-ਓਧਰ ਘੁੰਮ ਰਹੀਆਂ ਮੁਟਿਆਰਾਂ ਨੂੰ ਵੇਖ-ਵੇਖ ਕੇ ਅਜ਼ੀਬ ਜਿਹਾ ਸਕੂਨ ਮਿਲ ਰਿਹਾ ਸੀ । ਗੋਰੇ ਚਿੱਟੇ ਲਿਸ਼ਕਾ ਮਾਰਦੇ ਸਰੀਰ, ਗੋਲ-ਮਟੋਲ ਵੇਲਣੀਆਂ ਵਰਗੇ ਪੱਟ, ਹੰਸੂ-ਹੰਸੂ ਕਰਦੇ ਚਿਹਰੇ । ਕੋਈ ਪਰੀਆਂ ਦਾ ਝੁੰਡ ਹੀ ਤਾਂ ਲਗਦਾ ਸੀ ਇਹ ਸਾਰਾ । "ਯਾਰ ਮਦਨ ! ਇੱਕ ਜਲਪਰੀ ਕੀ, ਇਹ ਤਾਂ ਪਰੀਆਂ ਦਾ ਮੇਲਾ ਲਗਦਾ ਹੈ ।" ਰੂਪ ਨੇ ਦਿਲ ਦੀ ਗੱਲ ਕਹੀ ।
ਫਿਰ ਉਹ ਚਾਰੋਂ ਹੀ ਬੀਚ ਉਪਰ ਘੁੰਮਣ ਲੱਗੇ । ਅਚਾਨਕ ਰੂਪ ਨੂੰ ਆਪਣੇ ਪਿੰਡ ਦਾ ਖਿਆਲ ਆਇਆ । ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਦੀ ਯਾਦ ਆਈ । ਸਲਵਾਰ ਕਮੀਜ਼ ਨਾਲ ਪੂਰੇ ਕੱਜੇ ਹੋਏ ਸਰੀਰ । ਸਿਰਾਂ ਤੇ ਚੁੰਨੀਆਂ । ਸਲਵਾਰਾਂ ਦੇ ਪਹੁੰਚੇ ਵੀ ਏਨੇ ਕੁ ਨੀਵੇਂ ਕਿ ਕਿਧਰੇ ਗਿੱਟਾ ਵੀ ਨੰਗਾ ਦਿਖਾਈ ਨਾ ਦੇ ਜਾਵੇ । ਤੇ ਏਥੇ ! ਵਾਹ ਓ ਮੇਰਿਆ ਰੱਬਾ ! ਏਥੋਂ ਦੀ ਤਾਂ ਦੁਨੀਆਂ ਈ ਹੋਰ ਐ । ਏਥੇ ਤਾਂ ਸਾਰੇ ਲਗਭਗ ਨੰਗੇ ਹੀ ਤੁਰੇ ਫਿਰਦੇ ਨੇ ਜਿਹੋ ਜੇ ਪੈਦਾ ਹੋਣ ਵੇਲੇ ਸੀ । ਪਰ ਉਮਰ ਅਨੁਸਾਰ ਲੰਬੇ ਚੌੜੇ ਤੇ ਕੱਦਾਵਰ ਜਰੂਰ ਨੇ । ਫਿਰ ਉਸਨੇ ਉਪਰ ਤੋਂ ਥੱਲੇ ਤੱਕ ਆਪਣੇ-ਆਪ ਨੂੰ ਦੇਖਿਆ । ਪੂਰੀਆਂ ਬਾਹਾਂ ਦਾ ਕਮੀਜ਼, ਪੈਂਟ, ਜ਼ੁਰਾਬਾ ਤੇ ਬੂਟ ਆਦਿ । ਉਸਨੂੰ ਆਪਣਾ-ਆਪ aਪਰਾ ਜਿਹਾ ਲੱਗਿਆ । ਉਹ ਗਲਤ ਆਦਮੀ ਏਥੇ ਆ ਗਿਆ ਹੈ । ਉਹਦਾ ਇਸ ਬੀਚ ਤੇ ਕੀ ਕੰਮ । ਕੀ ਸਾਡਾ ਪਿੰਡ ਇਸ ਹਾਲਤ 'ਚ ਤੁਰੇ ਫਿਰਦੇ ਇਨ੍ਹਾਂ ਲੋਕਾਂ ਨੂੰ ਸਵੀਕਾਰ ਕਰੇਗਾ ? ਬਿਲਕੁਲ ਨਹੀਂ । ਫਿਰ ਇਹ ਲੋਕ ਮੈਨੂੰ ਏਥੇ ਕਿਵੇਂ ਸਵੀਕਾਰ ਕਰਨਗੇ ।
ਉਹ ਆਪਣੇ ਪਿੰਡ ਪਹੁੰਚ ਗਿਆ । ਕੀ ਦੇਖਦਾ ਹੈ ਕਿ ਇਕ ਆਦਮੀ ਤੇ ਉਸਦੇ ਨਾਲ ਇਕ ਔਰਤ ਪਿੰਡ ਵਾਲੇ ਛੱਪੜ ਦੇ ਕਿਨਾਰੇ-ਕਿਨਾਰੇ ਘੁੰਮ ਰਹੇ ਹਨ । ਦੋਵੇ ਨੰਗੇ ਘੁੰਮ ਰਹੇ ਹਨ । ਆਦਮੀ ਗਿੱਲੀ ਮਿੱਟੀ ਦੀ ਮੁੱਠ ਭਰਦਾ ਹੈ ਤੇ ਔਰਤ ਦੀ ਗੋਰੀ-ਗੋਰੀ ਪਿੱਠ ਤੇ ਮਲਣ ਲੱਗਦਾ ਹੈ । ਫਿਰ ਔਰਤ ਵੀ ਇੱਕ ਮੁੱਠ ਭਰਦੀ ਹੈ, ਤੇ ਵਾਲਾਂ ਨਾਲ ਭਰੀ ਉਸ ਆਦਮੀ ਦੀ ਛਾਤੀ ਉਪਰ ਮਲਣ ਲੱਗਦੀ ਹੈ । ਦੋਂਵੇ ਬਹੁਤ ਖੁਸ਼ ਹਨ । ਖੁਸ਼ੀ-ਖੁਸ਼ੀ ਚੋਹਲ-ਮੋਹਲ ਕਰੀ ਜਾ ਰਹੇ ਹਨ । ਫਿਰ ਉਹ ਅੋਰਤ ਇੱਕ ਰੋੜੀ ਚੁੱਕਦੀ ਹੈ ਤੇ ਛੱਪੜ ਵਿੱਚ ਵਗਾਹ ਮਾਰਦੀ ਹੈ । ਸ਼ਾਤ ਪਾਣੀ ਦੀ ਸਤਹ ਉਪਰ ਹਲਚਲ ਜਿਹੀ ਹੁੰਦੀ ਹੈ । ਅਚਾਨਕ ਪਿੰਡ 'ਚ ਰੋਲਾ ਪੈ ਜਾਂਦਾ ਹੈ । ਸ਼ਾਇਦ ਕਿਸੇ ਨੇ ਉਹਨਾਂ ਨੂੰ ਇੱਥੇ ਦੇਖ ਲਿਆ ਸੀ । ਸਾਰੇ ਲੋਕ ਡਾਂਗਾ ਚੁੱਕੀ ਛੱਪੜ ਵੱਲ ਭੱਜੇ ਆ ਰਹੇ ਹਨ । ਉਚੀ-ਉਚੀ ਅਵਾਜ਼ਾਂ ਆ ਰਹੀਆਂ ਹਨ, "ਬਾਹਰਲੇ ਆਗੇ ਓਏ ਲੋਕੋ……ਬਾਹਰਲੇ । ਪਿੰਡ ਤੇ ਹੱਲਾ ਬੋਲਤਾ । ਆਪਣੇ ਛੱਪੜ ਤੇ ਆਗੇ । ਛੱਪੜ ਭ੍ਰਿਸ਼ਟ ਕਰਤਾ । ਹੁਣ ਪਿੰਡ 'ਚ ਵੜਨਗੇ । ਫੇਰ ਬੁੜੀਆਂ-ਕੁੜੀਆਂ ਨੂੰ ਭ੍ਰਿਸ਼ਟ ਕਰਨਗੇ । ਬਚ ਕੇ ਨਾ ਨਿਕਲ ਜਾਣ । ਉਥੇ ਈ ਫੜ ਲਓ । ਟੁਕੜੇ ਕਰ ਦਿਆਂਗੇ । ਚੱਕ ਦਿਆਂਗੇ । ਵੱਡ ਦਿਆਂਗੇ । ਹਰ ਕੋਈ ਇਕ-ਦੂਜੇ ਤੋਂ ਉਚੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ । ਕਈਆਂ ਨੂੰ ਤਾਂ ਇਹ ਵੀ ਨਹੀ ਪਤਾ ਕਿ ਉਹ ਡਾਗਾਂ ਚੁੱਕੀ ਕਿਉਂ ਭੱਜੇ ਜਾ ਰਹੇ ਹਨ । ਕਿਉਂਕੇ ਪਿੰਡ ਦੇ ਹੋਰ ਲੋਕ ਡਾਗਾਂ-ਗਡਾਸੇ ਚੁੱਕੀ ਜਾ ਰਹੇ ਹਨ ਬਸ ਉਹ ਵੀ ਨਾਲ ਰਲ ਗਏ ਤੇ ਭੱਜੇ ਜਾ ਰਹੇ ਹਨ । ਸ਼ੋਰ ਉਚਾ ਹੀ ਉਚਾ ਹੋਈ ਜਾ ਰਿਹਾ ਹੈ । ਵੱਡ ਦਿਓ ਉਏ…ਬਚਕੇ ਨਾ ਜਾਣ… । ਤੇ ਫਿਰ ਕਈ ਡਾਗਾਂ ਤੇ ਗਡਾਸੇ ਇਕੋ ਸਾਥ ਉਪਰ ਉਠਦੇ ਹਨ, ਹਵਾ 'ਚ ਲਹਿਰਾਉਂਦੇ ਹਨ, ਤੇ ਉਹਨਾਂ ਦੋਵਾਂ ਦੇ ਸਿਰਾਂ ਉਪਰ ਆ ਵੱਜਦੇ ਹਨ । ਲਹੂ ਦੀਆਂ ਤਤੀਰੀਆਂ ਫੁਟਦੀਆਂ ਹਨ ।……… ਉਹ ਇਕਦਮ ਚੋਂਕ ਗਿਆ । ਬੱਸ ਉਸਦੀ ਇੱਕ ਚੀਕ ਹੀ ਨਹੀ ਨਿਕਲੀ ਵੇਸੈ ਉਹ ਧੁਰ ਅੰਦਰ ਤੱਕ ਕੰਬ ਗਿਆ । ਉਸਨੂੰ ਧੁੜਧੁੜੀ ਜਿਹੀ ਆਈ । ਡੈਂਬਰੇ ਜਿਹੇ ਨੇ ਆਪਣੇ ਆਲੇ-ਦੁਆਲੇ ਦੇਖਿਆ । ਸਭ ਲੋਕ ਆਪਣੇ-ਆਪ 'ਚ ਮਸਤ, ਬੀਚ ਉਪਰ ਘੁੰਮੀ ਜਾ ਰਹੇ ਸਨ । ਦੂਰ-ਦੂਰ ਤੱਕ ਫੈਲਿਆ ਸਮੁੰਦਰ । ਕੋਈ ਲਹਿਰ ਕਿਨਾਰੇ ਤੱਕ ਆਉਂਦੀ, ਤੇ ਬੀਚ ਉਪਰਲੀ ਰੇਤ ਅੰਦਰ ਸਮਾ ਜਾਂਦੀ । ਉਹ ਖੁਦ ਭਾਵੇ ਏਥੋ ਦੀ ਫਿਜ਼ਾ ਤੋ ਬਿਲਕੁਲ ਅਲੱਗ ਜਿਹਾ ਲੱਗ ਰਿਹਾ ਸੀ, ਪਰ ਕੋਈ ਵੀ ਉਸਨੂੰ ਘੁਰ ਨਹੀਂ ਸੀ ਰਿਹਾ ।ਕਿਸੇ ਨੇ ਉਸਦਾ ਕੋਈ ਨੋਟਿਸ ਹੀ ਨਹੀਂ ਸੀ ਲਿਆ । ਉਹ ਤਾਂ ਬੜੇ ਅਰਾਮ ਨਾਲ ਅਜ਼ਾਦ ਤੇ ਸ਼ਾਂਤ ਘੁਮੀਂ ਜਾ ਰਿਹਾ ਸੀ । ਲੱਗਦਾ ਸੀ ਏਥੇ ਕੋਈ ਇਕ ਦੂਸਰੇ ਨੂੰ ਦੇਖ ਹੀ ਨਹੀਂ ਰਿਹਾ । ਕੀ ਇਹ ਛੱਪੜ ਤੇ ਸਮੁੰਦਰ ਵਿਚਲਾ ਫਰਕ ਹੈ ? ਕੀ ਏਥੋਂ ਦੀ ਫਿਜ਼ਾ ਨੂੰ ਸਭ ਕੁਝ ਜ਼ਜ਼ਬ ਕਰ ਲੈਣ ਦੀ ਆਦਤ ਪੈ ਚੁਕੀ ਹੈ ? ਕੀ ਏਥੋਂ ਦੀ ਸੋਚ ਵਿਚ ਤੇ ਸਾਡੀ ਸੋਚ ਵਿਚ ਕੋਈ ਫਰਕ ਹੈ ? ਕਿੱਥੇ ਫਰਕ ਪੈ ਗਿਆ ? ਕੀ ਅਸੀਂ ਸਾਰੇ ਲੋਕ ਇੱਕ ਹੀ ਨਹੀਂ ਹਾਂ ? ਬੇਬੇ ਵੀ ਇਕ ਸਲੋਕ ਜਿਹਾ ਪੜਦੀ ਹੁੰਦੀ ਸੀ, "ਏਕ ਪਿਤਾ ਏਕਸ ਕਿ ਹਮ ਬਾਰਕ………" ਇਸ ਤਰਾਂ ਹੀ ਪੜਦੀ ਹੁੰਦੀ ਸੀ ਸਾਇਦ, ਪੂਰਾ ਹੁਣ ਯਾਦ ਨੀ ਆ ਰਿਹਾ ।
ਉਹ ਥੋੜਾ ਸੰਭਲਿਆ । ਆਪਣੇ-ਆਪ ਨੁੰ ਸ਼ਾਂਤ ਚਿਤ ਕਰਨ ਦੀ ਕੋਸ਼ਿਸ਼ ਕੀਤੀ । ਆਪਣੇ ਸਾਥੀਆਂ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਨ ਲੱਗਾ । ਫਿਰ ਹੌਲੀ-ਹੌਲੀ ਏਧਰ ਓਧਰ ਘੁੰਮਦੇ ਫਿਰਦੇ ਚਾਰੋਂ ਕਦ ਅਲੱਗ-ਅਲੱਗ ਹੋ ਗਏ ਉਸਨੂੰ ਕੋਈ ਪਤਾ ਹੀ ਨਾ ਲੱਗਾ । ਨਾਲੇ ਚਾਰਾਂ ਨੇ ਇਕੱਠੇ ਕਰਨਾ ਵੀ ਕੀ ਸੀ । ਜਹਾਜ਼ ਵਿੱਚ ਜਾ ਕੇ ਤਾਂ ਫਿਰ ਇੱਕ ਦੂਜੇ ਦੇ ਚਿਹਰੇ ਹੀ ਵੇਖਣੇ ਸਨ । ਨਵੇਂ-ਨਵੇਂ ਚਿਹਰੇ ਵੇਖਣ ਦਾ, ਨਵੇਂ-ਨਵੇਂ ਲੋਕਾਂ ਨੂੰ ਮਿਲਣ ਦਾ ਤੇ ਦਿਲ ਦੇ ਕਈ ਸ਼ੌਕ ਪੂਰੇ ਕਰਨ ਦਾ ਟਾਈਮ ਤਾਂ ਕਦੀ ਕਦਾਈ ਸਬੱਬ ਨਾਲ ਹੀ ਮਿਲਦਾ ਹੈ।
ਹੁਣ ਰੂਪ ਆਪਣੀ ਹੀ ਮਸਤੀ ਵਿੱਚ ਏਧਰ-ਓਧਰ ਘੁੰਮਣ ਲੱਗਾ । ਫੇਰ ਹੌਲੀ-ਹੌਲੀ ਤੁਰੇ ਜਾਂਦੇ ਰੂਪ ਨੂੰ ਇਹ ਪਤਾ ਹੀ ਨਾ ਲੱਗਾ ਕਿ ਉਹ ਤਾਂ ਇਕ ਪਾਸੇ ਵੱਲ ਹੀ ਤੁਰਦਾ ਆਇਆ ਸੀ । ਸਾਹਮਣੇ ਪਥਰੀਲੇ ਚਟਾਨਾਂ ਤੇ ਨਜ਼ਰ ਪਈ ਤਾਂ ਜਾ ਕੇ ਉਸ ਨੂੰ ਹੋਸ਼ ਆਈ ਕਿ ਉਹ ਤਾਂ ਮੇਨ ਜਗ੍ਹਾਂ ਤੋਂ ਬਹੁਤ ਦੂਰ ਨਿਕਲ ਆਇਆ ਸੀ ।
ਇਸ ਪਾਸੇ ਵੱਲ ਨੂੰ ਭੀੜ ਘਟਦੀ ਗਈ ਸੀ । ਅੱਗੇ ਚਟਾਨਾਂ ਵੱਲ ਤਾਂ ਹੁਣ ਕੋਈ ਵਿਖਾਈ ਨਹੀਂ ਸੀ ਦੇ ਰਿਹਾ । ਉਸਨੇ ਇਕ ਗੱਲ ਹੋਰ ਵੀ ਮਹਿਸੂਸ ਕੀਤੀ । ਜਿਵੇਂ-ਜਿਵੇਂ ਉਹ ਇਸ ਪਾਸੇ ਨੂੰ ਤੁਰਦਾ ਆਇਆ ਸੀ, ਤਾਂ ਭੀੜ ਘਟਦੀ ਗਈ ਸੀ, ਪਰ ਪ੍ਰੇਮੀ ਜੋੜਿਆਂ ਦਾ ਇੱਕ ਦੂਜੇ ਨੂੰ ਚਿਪਕਣਾ ਵੱਧਦਾ ਗਿਆ ਸੀ । ਕੋਈ-ਕੋਈ ਜੋੜਾ ਤਾਂ ਇਸ ਤਰ੍ਹਾਂ ਚਿਪਕਿਆਂ ਖੜ੍ਹਾ ਸੀ ਕਿ ਬਿਲਕੁਲ ਨਜ਼ਦੀਕ ਆ ਕੇ ਹੀ ਪਤਾ ਚਲਦਾ ਸੀ, ਕਿ ਇਹ ਦੋ ਸਰੀਰ ਹਨ ।
ਰੂਪ ਦੇ ਦਿਲ ਵਿੱਚ ਪਤਾ ਨਹੀਂ ਕੀ ਖਿਆਲ ਆਇਆ, ਕਿ ਪਿੱਛੇ ਮੁੜ੍ਹਨ ਦੀ ਬਜਾਏ ਉਹ ਹੋਰ ਅੱਗੇ ਤੁਰਦਾ ਗਿਆ । ਅੱਗੇ ਪਥਰੀਲੇ ਚਟਾਨ ਆ ਗਏ । ਉਹ ਪਥਰੀਲੇ ਚਟਾਨਾਂ ਦੇ ਉਤੇ ਚੜ੍ਹ ਗਿਆ । ਉਪਰ ਖੜ੍ਹਾ ਕੀ ਵੇਖਦਾ ਹੈ ਕਿ ਅੱਗੇ ਵੀ ਬੀਚ ਹੈ । ਪਰ ਬਿਲਕੁਲ ਸੁੰਨ-ਸਾਨ । ਰੇਤ ਦੀ ਪੱਟੀ ਵੀ ਬਹੁਤ ਘੱਟ ਚੌੜੀ ਹੈ । ਪਰ ਹੈ ਬਹੁਤ ਦੂਰ ਤੱਕ । ਜਿਥੋ ਤੱਕ ਵੀ ਨਜ਼ਰ ਜਾਂਦੀ ਹੈ । ਕਿਨਾਰੇ-ਕਿਨਾਰੇ ਸੰਘਣਾ ਜੰਗਲ ਹੈ । ਉਚੇ ਲੰਬੇ ਦਰਖਤ ਹਨ ।
ਉਥੇ ਖੜ੍ਹੇ-ਖੜ੍ਹੇ ਰੂਪ ਨੇ, ਦੂਰ-ਦੂਰ ਤਕ ਫੈਲੇ ਸਮੁੰਦਰ ਤੇ ਨਜ਼ਰ ਮਾਰੀ । ਫੇਰ ਪਤਾ ਨਹੀਂ ਕੀ ਸੋਚ ਕੇ ਪਥਰੀਲੇ ਚਟਾਨਾਂ ਤੋਂ ਪਾਰ ਦੂਸਰੇ ਪਾਸੇ ਚਲਾ ਗਿਆ, ਤੇ ਤੰਗ ਜਿਹੀ ਰੇਤ ਦੀ ਪੱਟੀ ਦੇ ਕਿਨਾਰੇ-ਕਿਨਾਰੇ ਤੁਰਨ ਲੱਗਾ । ਇਕ ਪਾਸੇ ਜੰਗਲ ਦੀ ਸਾਂ…ਸਾਂ…ਦੀ ਆਵਾਜ਼ । ਦੂਸਰੇ ਪਾਸੇ ਹਲਕੀਆਂ ਜਿਹੀਆਂ ਸਮੁੰਦਰੀ ਲਹਿਰਾਂ ਦਾ ਮਿੱਠਾ ਜਿਹਾ ਸੰਗੀਤ । ਇਸ ਤੋ ਬਿਨਾਂ ਅੱਗੇ ਤੇ ਪਿੱਛੇ ਪੂਰੀ ਸੁੰਨ-ਸਾਨ ।
ਰੂਪ ਕਾਫੀ ਦੂਰ ਤੱਕ ਤੁਰਦਾ ਗਿਆ । ਉਸਨੂੰ ਲੱਗਾ ਕਿ ਉਹ ਆਪਣੇ ਪਿੰਡ ਦੀ ਰੋਹੀ 'ਚ ਤੁਰਿਆ ਜਾ ਰਿਹਾ ਹੈ । ਹੁਣੇ ਕੋਈ ਰੋਹੀ ਦਾ ਜਾਨਵਰ ਕਿਸੇ ਪਾਸਿਉਂ ਅਚਾਨਕ ਨਿਕਲੇਗਾ, ਉਸ ਵੱਲ ਦੇਖੇਗਾ ਤੇ ਡਰ ਕੇ ਦੂਰ ਭੱਜ ਜਾਏਗਾ । ਰੋਹੀ 'ਚ ਕੋਈ ਵੀ ਖੂੰਖਾਰ ਜਾਨਵਰ ਨਹੀਂ ਰਹਿੰਦਾ । ਸਿਰਫ ਮੂੰਂਨਾਂ, ਰੋਜ਼, ਗਿਦੜ, ਖਰਗੋਸ਼ ਆਦਿ ਨੇ ਜੋ ਅਕਸਰ ਡਰ ਕੇ ਦੂਰ ਭੱਜ ਜਾਂਦੇ ਹਨ । ਅਚਾਨਕ ਕੀ ਵੇਖਦਾ ਹੈ ਕਿ ਤੀਹ ਕੁ ਗਜ਼ ਦੇ ਫਾਸਲੇ ਤੇ ਸਾਹਮਣੇ ਵਾਲੇ ਪਾਸੇ ਤੋਂ, ਦਰੱਖਤਾਂ ਦੇ ਝੁੰਡ 'ਚੌਂ ਇਕ ਔਰਤ ਨਿਕਲੀ ਤੇ ਰੇਤ ਉਪਰ ਆ ਕੇ, ਇਕ-ਦਮ ਖੜ੍ਹੀ ਹੋ ਗਈ ।
ਇਸ ਤਰ੍ਹਾਂ ਅਚਾਨਕ ਕਿਸੇ ਨੂੰ ਸਾਹਮਣੇ ਦੇਖ ਕੇ ਉਹ ਇਕ-ਦਮ ਘਬਰਾ ਗਿਆ। ਉਹ ਥਾਂ ਤੇ ਹੀ ਖੜ੍ਹਾ ਹੋ ਗਿਆ । ਉਧਰ ਉਸ ਔਰਤ ਨਾਲ ਵੀ ਸ਼ਾਇਦ ਇਹੀ ਕੁੱਝ ਵਾਪਰਿਆ ਸੀ। ਕਿਉਂਕਿ ਉਹ ਵੀ ਇਕ-ਦਮ ਡੌਰ-ਭੌਰ ਜਿਹੀ ਹੋਈ, ਬੁੱਤ ਬਣੀ ਖੜ੍ਹੀ ਸੀ ।
ਉਸ ਔਰਤ ਦੇ ਬਦਨ ਉਪਰ ਕੋਈ ਕੱਪੜਾ ਨਹੀਂ ਸੀ । ਸਿਰ ਤੋਂ ਪੈਰਾਂ ਤਕ ਅਲਫ ਨੰਗਾ ਬਦਨ । ਚਮੜੀ ਇਕ ਦਮ ਗੋਰੀ ਤੇ ਚਿੱਟੀ । ਕੱਦ ਕਾਠ ਦੀ ਪੂਰੀ ਲੰਮੀ-ਲੰਝੀ । ਉਹ ਇੰਨ-ਬਿੰਨ ਇੰਦਰ ਦੇ ਅਖਾੜ੍ਹੇ ਦੀ ਕੋਈ ਸੁੰਦਰੀ (ਅਪਸਰਾ) ਲੱਗਦੀ ਸੀ ।
ਰੂਪ ਦੇ ਹੋਸ਼ ਉਡੇ ਪਏ ਸਨ । ਉਹ ਬੁੱਤ ਬਣਿਆ ਖੜ੍ਹਾ ਸੀ । ਟੱਡੀਆਂ ਅੱਖਾਂ ਨਾਲ ਇਕ ਟੱਕ ਉਸ ਵੱਲ ਵੇਖੀ ਜਾ ਰਿਹਾ ਸੀ ।
ਥੋੜ੍ਹੀ ਦੇਰ ਤੱਕ ਦੋਵੇਂ ਹੀ ਅਹਿੱਲ ਖੜ੍ਹੇ ਰਹੇ । ਫਿਰ ਉਹ ਔਰਤ, ਔਰਤ ਨਹੀਂ, ਸੁੰਦਰੀ ਕਹਿਣਾ ਹੀ ਬਿਹਤਰ ਹੋਵੇਗਾ, ਦੇ ਸਰੀਰ ਵਿੱਚ ਕੁਝ ਹਰਕਤ ਹੋਈ । ਉਸ ਨੇ ਬੁੱਤ ਬਣੇ ਖੜ੍ਹੇ ਰੂਪ ਵੱਲ ਨੂੰ ਹੌਲੀ-ਹੌਲੀ ਤੁਰਨਾ ਸ਼ੁਰੂ ਕਰ ਦਿੱਤਾ ।
ਰੂਪ ਹੋਰ ਵੀ ਘਬਰਾ ਗਿਆ । ਉਸ ਨੂੰ ਜਾਪਿਆ ਉਸਦਾ ਸਰੀਰ ਬੇ-ਜਾਨ ਹੁੰਦਾ ਜਾ ਰਿਹਾ ਹੈ । ਪੱਥਰ ਹੁੰਦਾ ਜਾ ਰਿਹਾ ਹੈ । ਉਹ ਸੁੰਨ ਹੋ ਗਿਆ ਜਾਂ ਨੀਮ-ਬੇਹੋਸ਼, ਤੇ ਕਦੋਂ ਉਸ ਦੀਆਂ ਅੱਖਾਂ ਬੰਦ ਹੋ ਗਈਆਂ, ਉਸ ਨੂੰ ਕੋਈ ਖਬਰ ਨਾ ਸੀ ।
ਹੌਲੀ-ਹੌਲੀ ਤੁਰਦੀ ਉਹ ਸੁੰਦਰੀ ਉਸਦੇ ਬਿਲਕੁਲ ਨਜ਼ਦੀਕ ਆ ਚੁੱਕੀ ਸੀ । ਫਿਰ ਦੋ ਕੁ ਗਜ਼ ਦੇ ਫਾਸਲੇ ਤੇ ਆ ਕੇ ਉਹ ਰੁਕ ਗਈ । ਅੱਖਾਂ ਬੰਦ ਕਰੀ, ਬੁੱਤ ਬਣੇ ਖੜ੍ਹੇ ਰੂਪ ਨੂੰ ਉਪਰ ਤੋਂ ਥੱਲੇ ਤੱਕ ਗੌਰ ਨਾਲ ਵੇਖਿਆ ।ਉਹ ਇਕ ਦਮ ਅਹਿੱਲ ਖੜ੍ਹਾ ਸੀ ।
ਉਸ ਸੁੰਦਰੀ ਨੇ ਆਪਣੇ ਮੂੰਹ ਵਿੱਚੋ ਕੋਈ ਆਵਾਜ਼ ਕੱਢੀ, ਸ਼ੀ- ਸ਼ੀ- ਅ- ਅ- ਅ- ਅ - - - - ।
ਕੰਨਾਂ ਵਿੱਚ ਆਵਾਜ਼ ਪੈਂਦੇ ਹੀ ਰੂਪ ਨੂੰ ਝਟਕਾ ਜਿਹਾ ਲੱਗਾ ।ਉਸ ਦੀਆਂ ਅੱਖਾਂ ਇਕ-ਦਮ ਖੁੱਲ੍ਹ ਗਈਆਂ, ਤੇ ਫਿਰ ਖੁਲ੍ਹੀਆਂ ਹੀ ਰਹਿ ਗਈਆਂ ।
ਉਹ ਸੁੰਦਰੀ ਬਿਲਕੁਲ ਉਸਦੇ ਸਾਹਮਣੇ ਖੜ੍ਹੀ ਸੀ । ਹਲਕੇ ਸੋਨੇ ਰੰਗੇ ਲੰਬੇ ਵਾਲ, ਨੀਲੀਆਂ ਤੇ ਸਾਗਰ ਵਾਂਗ ਗਹਿਰੀਆਂ ਅੱਖਾਂ, ਪਤਲੇ-ਪਤਲੇ ਸੁੰਦਰ ਜਿਹੇ ਗੁਲਾਬੀ ਹੋਂਠ, ਜਿੰਨ੍ਹਾਂ ਵਿੱਚ ਮਾਮੂਲੀ ਜਿਹੀ ਨੀਲੀ ਭਾਅ ਵੀ ਸੀ, ਮੁੱਖੜਾ ਐਨਾ ਸੋਹਣਾ-ਮੋਹਣਾ ਜਿਹਾ, ਕਿ ਨਜ਼ਰਾਂ ਹਟਾਉਣ ਨੂੰ ਜੀਅ ਹੀ ਨਾ ਕਰੇ। ਲੰਬੀ ਗਰਦਨ, ਗੋਲਾਈਦਾਰ ਮਜ਼ਬੂਤ ਛਾਤੀਆਂ, ਪਤਲੀ ਜਿਹੀ ਕਮਰ, ਮੂੰਗਲੀਆਂ ਵਰਗੇ ਲਿਸ਼ਕਾਂ ਮਾਰਦੇ ਪੱਟ। ਗੱਲ ਕੀ ਧੁਰ ਪੈਰਾਂ ਦੀਆਂ ਉਗਲਾਂ ਤਕ ਉਸ ਸੁੰਦਰੀ ਦੇ ਸਰੀਰ ਦਾ ਇੱਕ-ਇੱਕ ਅੰਗ ਵੇਖਣ ਵਾਲੇ ਦੀਆਂ ਨਜ਼ਰਾਂ ਨੂੰ ਕੋਈ ਜਾਦੂਮਈ ਖਿੱਚ ਪਾ ਰਿਹਾ ਸੀ ।ਉਸਦਾ ਸਾਰਾ ਬਦਨ ਖੂਬਸੂਰਤੀ, ਸੁੰਦਰਤਾ ਤੇ ਹੁਸਨ ਦਾ ਕੋਈ ਅਨਮੋਲ ਖਜ਼ਾਨਾ ਜਾਪਦਾ ਸੀ । ਰਚਨਹਾਰੇ ਦਾ ਕੋਈ ਦਿਲਪਸੰਦ ਅਜ਼ੂਬਾ ।
ਸੁੰਦਰੀ ਨੇ ਵੇਖਿਆ ਕਿ ਇਸ ਦੀਆਂ ਅੱਖਾਂ ਦੀਆਂ ਪਲਕਾਂ ਖੁਲ੍ਹ ਤਾਂ ਪਈਆਂ ਹਨ, ਪਰ ਹੋਰ ਕੋਈ ਹਰਕਤ ਨਹੀਂ ਹੋਈ ।
ਸੁੰਦਰੀ ਦੇ ਹੋਠਾਂ 'ਚੋਂ ਫਿਰ ਆਵਾਜ਼ ਆਈ । ਉਹੀ ਪਹਿਲਾਂ ਵਾਲੀ ਆਵਾਜ਼ । ਰੂਪ ਨੇ ਆਵਾਜ਼ ਸੁਣੀ, ਪਰ ਉਸ ਨੂੰ ਸਮਝ ਇਸ ਵਾਰ ਵੀ ਕੁਝ ਨਾ ਆਇਆ । ਇਹ ਕਿਹੜੀ ਭਾਸ਼ਾ ਸੀ । ਉਹ ਕੀ ਬੋਲੀ ਸੀ । ਉਸਨੂੰ ਕੁਝ ਪਤਾ ਨਾ ਲੱਗਾ ।
ਹੁਣ ਤੱਕ ਕੁਝ ਵੀ ਬੁਰਾ ਨਹੀਂ ਸੀ ਵਾਪਰਿਆ । ਸੁੰਦਰੀ ਵੀ ਦੋ ਕੁ ਗਜ਼ ਦੇ ਫਾਸਲੇ ਤੇ ਖੜੀ ਸੀ । ਉਹ ਚੁਪ-ਚਾਪ ਰੂਪ ਨੂੰ ਦੇਖੀ ਜਾ ਰਹੀ ਸੀ । ਇਸ ਲਈ ਰੂਪ ਹੁਣ ਪਹਿਲਾਂ ਜਿੰਨ੍ਹਾ ਡਰਿਆ ਹੋਇਆ ਤੇ ਘਬਰਾਇਆ ਨਹੀਂ ਸੀ । ਆਪਣੇ ਆਪ ਨੂੰ ਥੋੜ੍ਹਾ ਸੰਭਾਲ ਚੁੱਕਾ ਸੀ ।ਉਸ ਨੇ ਥੋੜ੍ਹਾ ਜਿਹਾ ਮੁਸਕਰਾਉਣ ਦੀ ਕੋਸ਼ਿਸ਼ ਕੀਤੀ । ਉਸਨੇ ਖੁੱਦ ਮਹਿਸੂਸ ਕੀਤਾ, ਕਿ ਉਹ ਸੱਚ-ਮੁੱਚ ਮੁਸਕਰਾ ਰਿਹਾ ਹੈ । ਉਸ ਨੇ ਸੁੰਦਰੀ ਨਾਲ ਕੋਈ ਗੱਲ ਕਰਨੀ ਚਾਹੀ । ਪਰ ਕੁਝ ਔੜਿਆ ਨਾ, ਕਿ ਕੀ ਕਹੇ । ਅਖੀਰ ਉਸ ਨੇ ਹਿੰਮਤ ਕਰਕੇ ਹੌਲੀ ਜਿਹੀ ਕਿਹਾ - "ਹੈ…ਲੋ " ।
ਰੂਪ ਦੇ ਮੂੰਹੋਂ ਕੁਝ ਆਵਾਜ਼ ਸੁਣ ਕੇ ਸੁੰਦਰੀ ਖੁਸ਼ ਹੋਈ । ਉਹ ਰੂਪ ਦੇ ਥੋੜ੍ਹਾ ਹੋਰ ਨਜ਼ਦੀਕ ਆ ਗਈ । ਉਹ ਐਨੀ ਕੁ ਨਜ਼ਦੀਕ ਆ ਚੁੱਕੀ ਸੀ ਕਿ ਰੂਪ ਉਸਦੇ ਸਾਹ ਲੈਣ ਦੀ ਆਵਾਜ਼ ਵੀ ਸਾਫ ਸੁਣ ਰਿਹਾ ਸੀ । ਫਿਰ ਉਹ ਸੁੰਦਰੀ ਥੋੜ੍ਹਾ ਜਿਹਾ ਅੱਗੇ ਨੂੰ ਝੁਕੀ । ਹੌਲੀ-ਹੌਲੀ ਆਪਣਾ ਮੂੰਹ ਇਕਦਮ ਰੂਪ ਦੇ ਮੂੰਹ ਦੇ ਕਰੀਬ ਲੈ ਆਈ, ਤੇ ਅਖੀਰ ਆਪਣੇ ਹੋਠਾਂ ਨਾਲ ਰੂਪ ਦੇ ਹੋਠਾਂ ਨੂੰ ਚੁੰਮਿਆ । ਜਿਵੇਂ ਕਈ ਵਾਰ ਜ਼ਾਨਵਰ ਕਿਸੇ ਅਜ਼ੀਬ ਚੀਜ਼ ਨੂੰ ਦੇਖ, ਆਪਣੀਆਂ ਨਾਸਾਂ ਬਿਲਕੁਲ ਨਜ਼ਦੀਕ ਲਿਜ਼ਾ ਕੇ ਉਸਨੂੰ ਸੁੰਘ ਕੇ ਸਮਝਣ ਦੀ ਕੋਸ਼ਿਸ਼ ਕਰਦਾ ਹੋਵੇ ।
ਰੂਪ ਦੇ ਸਰੀਰ ਅੰਦਰ ਇਕ ਕਰੰਟ ਜਿਹਾ ਦੌੜਿਆ । ਉਸ ਨੂੰ ਇਹ ਸਭ ਕੁਝ ਚੰਗਾ-ਚੰਗਾ ਲੱਗਾ ।
ਫਿਰ ਉਹ ਸੁੰਦਰੀ ਤਿੰਨ-ਚਾਰ ਕਦਮ ਪਿੱਛੇ ਨੂੰ ਹਟੀ । ਤਿੰਨ-ਚਾਰ ਵਾਰ ਨੀਲੀਆਂ ਚਮਕਦੀਆਂ ਅੱਖਾਂ ਦੀਆਂ ਪਲਕਾਂ ਨੂੰ ਝਮਕਿਆ । ਆਪਣਾ ਸਿਰ ਹੌਲੀ-ਹੌਲੀ, ਥੋੜਾ ਖੱਬ- ਸੱਜੇ ਘੁਮਾਇਆ । ਫਿਰ ਉਹ ਜ਼ੋਰ ਦੀ ਹੱਸ ਪਈ । ਕੋਈ ਜੇਤੂ ਹਸੀਂ …… ਤੇ ਪਿੱਛੇ ਮੁੜਕੇ ਦੂਰ ਦੌੜ ਗਈ ।
ਦੌੜੀ ਜਾ ਰਹੀ ਸੁੰਦਰੀ ਨੂੰ ਰੂਪ, ਹੁਣ ਖੁਸ਼ੀ-ਖੁਸ਼ੀ ਵੇਖ ਵੀ ਰਿਹਾ ਸੀ, ਤੇ ਮੁਸਕਰਾ ਵੀ ਰਿਹਾ ਸੀ । ਉਸਦਾ ਮਨ ਹੁਣ ਬਿਲਕੁਲ ਸ਼ਾਂਤ ਸੀ । ਉਸ ਨੂੰ ਕੋਈ ਨਸ਼ਾ ਜਿਹਾ ਚੜ੍ਹਦਾ ਜਾ ਰਿਹਾ ਸੀ । ਉਸ ਨੂੰ ਲੱਗਾ ਜਿਵੇ ਉਹ ਕਿਸੇ ਸੁਪਨ-ਮਈ ਸੰਸਾਰ ਵਿੱਚ ਹੋਵੇ । ਕਿਸੇ ਪਰੀ ਲੋਕ ਵਿੱਚ । ਜਿੱਥੇ ਉਹ ਇੱਕ ਪਰੀ ਨਾਲ ਖੇਡ ਰਿਹਾ ਹੈ ।
ਥੋੜ੍ਹਾ ਦੌੜਨ ਤੋਂ ਬਾਦ, ਕੁਝ ਦੂਰ ਜਾ ਕੇ ਉਹ ਸੁੰਦਰੀ ਰੁਕ ਗਈ । ਹਵਾ ਵਿੱਚ ਬਾਹਾਂ ਫੈਲਾ ਕੇ ਉਹ ਇੰਞ ਘੁੰਮ ਰਹੀ ਸੀ ਜਿਵੇਂ ਖੁਸ਼ੀਆ ਤੇ ਨਸ਼ੇ ਵਿੱਚ ਝੂਮ ਰਹੀ ਹੋਵੇ ।
ਰੂਪ ਵੀ ਹੌਲੀ-ਹੌਲੀ ਤੁਰਨ ਲੱਗਾ । ਉਹ ਸੁੰਦਰੀ ਵੱਲ ਹੀ ਜਾ ਰਿਹਾ ਸੀ । ਉਸੇ ਤਰ੍ਹਾਂ ਖੁਸ਼ੀ 'ਚ ਝੁਮਦੀ-ਝੂਮਦੀ ਉਹ ਵਾਪਸ ਦੌੜੀ-ਦੌੜੀ ਆਈ ਤੇ ਰੂਪ ਦੇ ਗਲ ਵਿੱਚ ਬਾਹਾਂ ਪਾ ਕੇ ਉਸਨੂੰ ਜੱਫੀ ਪਾ ਲਈ । ਰੂਪ ਨੇ ਉਸ ਨੂੰ ਆਪਣੀਆ ਬਾਹਾਂ ਦੇ ਕਲਾਵੇ ਵਿੱਚ ਲੈ ਲਿਆ, ਤੇ ਫਿਰ ਜ਼ੋਰ ਦੀ ਛਾਤੀ ਨਾਲ ਘੁੱਟ ਕੇ ਉਸਨੂੰ ਦੋ-ਤਿੰਨ ਚੱਕਰ ਹਵਾ ਵਿੱਚ ਹੀ ਘੁਮਾ ਦਿੱਤਾ । ਸੁੰਦਰੀ ਬਹੁਤ ਹੀ ਖੁਸ਼ ਸੀ ।
ਫਿਰ ਬਹੁਤ ਦੇਰ ਤਕ ਦੋਵੇਂ, ਇਕ-ਦੂਜੇ ਦੀਆਂ ਬਾਹਾਂ ਵਿੱਚ ਸਿਮਟੇ, ਦੋ ਜਿਸਮ ਇੱਕ ਜਾਨ ਹੋਏ ਖੜੇ ਰਹੇ । ਰੂਪ ਸੋਚ ਰਿਹਾ ਸੀ ਇਹ ਜਲਪਰੀ ਹੈ ਜਾਂ ਕੋਈ ਪਰੀ, ਜੋ ਵੀ ਹੈ, ਪਰ ਹੈ ਜ਼ਰੂਰ ਕੋਈ ਪਰੀ । ਇਹ ਇਸ ਲੋਕ ਦੀ ਔਰਤ ਨਹੀਂ ਹੋ ਸਕਦੀ । ਉਸ ਨੂੰ ਸੱਚ-ਮੁੱਚ ਕਿਸੇ ਪਰੀ ਦੇ ਦਰਸ਼ਨ ਹੋਏ ਹਨ । ਦਰਸ਼ਨ ਨਹੀਂ, ਸਗੋਂ ਸਾਖਸ਼ਾਤ ਉਹ ਪਰੀ ਉਸ ਦੀਆਂ ਬਾਹਾਂ ਵਿੱਚ ਸਿਮਟੀ ਖੜੀ ਸੀ ।ਉਸ ਦੇ ਜਿਸਮ ਦੇ ਹਰ ਅੰਗ ਦਾ ਨਿੱਘ ਉਸ ਨੂੰ ਪ੍ਰਾਪਤ ਹੋ ਰਿਹਾ ਸੀ ।
ਥੋੜ੍ਹੀ ਦੇਰ ਬਾਦ ਦੋਵੇਂ ਇੱਕ ਦੂਜੇ ਦੇ ਕਲਾਵੇ ਵਿੱਚੋਂ ਬਾਹਰ ਆਏ । ਦੋਵਾਂ ਦੇ ਮਨ ਸ਼ਾਂਤ ਸਨ । ਕੋਈ ਅਚੰਬਾ ਨਹੀ । ਕੋਈ ਘਬਰਾਹਟ ਨਹੀ । ਫਿਰ ਉਹ ਸੁੰਦਰੀ ਰੂਪ ਦੇ ਪਹਿਨੇ ਹੋਏ ਕੱਪੜਿਆਂ ਨੂੰ ਉਤਸੁਕਤਾ ਨਾਲ ਵੇਖਣ ਲੱਗੀ । ਕਦੀ ਕਮੀਜ਼ ਨੂੰ, ਤੇ ਕਦੀ ਪੈਂਟ ਨੂੰ, ਹੱਥ ਲਾ ਕੇ ਟੋਹ-ਟੋਹ ਕੇ ਵੇਖਦੀ । ਕਦੀ ਪਹਿਨੇ ਹੋਏ ਬੂਟਾਂ ਵੱਲ ਵੇਖਦੀ ।ਰੂਪ ਅੱਗੋਂ ਸਿਰਫ ਮੁਸਕਰਾਉਂਦਾ ਰਿਹਾ ।
ਇੱਕ ਵਾਰ ਤਾਂ ਰੂਪ ਦੇ ਮਨ ਵਿੱਚ ਵੀ ਸ਼ਰਾਰਤ ਸੁੱਝੀ । ਉਸਨੇ ਸੋਚਿਆ ਉਹ ਵੀ ਸੁੰਦਰੀ ਦੇ ਬਦਨ, ਜਿਸਦੀ ਸੁੰਦਰਤਾ ਨੇ ਉਸਨੂੰ ਪਾਗਲ ਕਰ ਛੱਡਿਆਂ ਸੀ, ਉਪਰ ਪੋਲਾ-ਪੋਲਾ ਹੱਥ ਫੇਰ ਕੇ ਉਸਦੇ ਇੱਕ-ਇੱਕ ਅੰਗ ਨੂੰ ਪਲੋਸੇ । ਪਰ ਅਗਲੇ ਹੀ ਪਲ ਉਸ ਨੇ ਆਪਣੇ ਮਨ ਵਿੱਚ ਉਠੀ ਅਜਿਹੀ ਸ਼ਰਾਰਤ ਨੂੰ ਉਥੇ ਹੀ ਵਰਜ਼ ਦਿੱਤਾ । ਪਰ ਘੱਟੋ-ਘੱਟ ਉਹ ਆਪਣੀਆਂ ਨਜ਼ਰਾਂ ਨੂੰ ਨਾ ਰੋਕ ਸਕਿਆ, ਤੇ ਉਸ ਨੇ ਸਿਰ ਤੋਂ ਪੈਰਾਂ ਤੱਕ ਉਸ ਸੁੰਦਰੀ ਦੇ ਬਦਨ ਨੂੰ ਪੂਰੀ ਰੀਝ ਨਾਲ ਵੇਖਿਆ ।
ਫੇਰ ਦੋਵੇਂ ਕਿਨਾਰੇ-ਕਿਨਾਰੇ ਘੁੱਮਣ ਲੱਗੇ । ਇੱਕ ਦੋ ਵਾਰ ਸੁੰਦਰੀ ਫਿਰ ਕੁਝ ਬੋਲੀ । ਉਹੀ ਅਜ਼ੀਬ ਜਿਹੀ ਆਵਾਜ਼ ।ਰੂਪ ਨੂੰ ਕੁਝ ਸਮਝ ਨਾ ਪਈ । ਥੋੜ੍ਹੀ ਦੇਰ ਬਾਦ ਰੂਪ ਨੇ ਪੁੱਛਿਆ, " ਵਟ ਇਜ਼ ਯੂਅਰ ਨੇਮ ।" ਸੁੰਦਰੀ ਅੱਗੋਂ ਸਿਰਫ ਮੁਸਕਰਾ ਪਈ । ਦੋਵੇਂ ਸਮਝ ਗਏ ਕਿ ਉਹ ਇੱਕ ਦੂਸਰੇ ਦੀ ਭਾਸ਼ਾ ਨਹੀਂ ਸਮਝ ਸਕਦੇ ।
ਪਰ ਪਿਆਰ ਦੀ ਕੋਈ ਭਾਸ਼ਾ ਨਹੀ ਹੁੰਦੀ ।ਪਿਆਰ ਖੁਦ ਹੀ ਇੱਕ ਭਾਸ਼ਾ ਹੈ । ਉਹ ਭਾਵੇਂ ਇੱਕ ਦੂਜੇ ਦੀ ਬੋਲੀ ਨਹੀਂ ਸਨ ਸਮਝਦੇ । ਪਰ ਫਿਰ ਵੀ ਇੱਕ ਦੂਜੇ ਦੀ ਗੱਲ ਸਮਝੀ ਜਾ ਰਹੇ ਸਨ । ਗੱਲਾਂ ਕਰੀ ਜਾ ਰਹੇ ਸਨ । ਕੀਤੀਆਂ ਗੱਲਾਂ ਦਾ ਆਨੰਦ ਲੈ ਰਹੇ ਸਨ । ਇਸ ਪਿਆਰ ਭਾਸ਼ਾ ਵਿੱਚ ਉਹਨਾਂ ਨੇ ਐਨੀਆਂ ਗੱਲਾਂ ਕੀਤੀਆਂ, ਕਿ ਕਦ ਸ਼ਾਮ ਢਲੀ ਤੇ ਕਦ ਹਨੇਰਾ ਪਸਰਿਆ ਦੋਵਾਂ ਨੂੰ ਪਤਾ ਨਾ ਲੱਗਾ ।
ਉਸ ਸੁੰਦਰੀ ਨੇ ਰੂਪ ਦੀ ਬਾਹ ਫੜੀ ਤੇ ਜੰਗਲ ਦੇ ਅੰਦਰ ਨੂੰ ਚੱਲਣ ਦਾ ਇਸ਼ਾਰਾ ਕੀਤਾ । ਸੁੰਦਰੀ ਦੀਆਂ ਅੱਖਾਂ 'ਚ ਅਜ਼ੀਬ ਜਿਹੀ ਚਮਕ ਸੀ । ਰੂਪ ਮੁਸਕਰਾਇਆ । ਉਸਦਾ ਵੀ ਦਿਲ ਮਚਲ ਉਠਿਆ । ਉਸ ਤੋਂ ਰਿਹਾ ਨਾ ਗਿਆ, ਤੇ ਉਸਨੇ ਸੁੰਦਰੀ ਦੇ ਹੌਂਠਾਂ ਨੂੰ, ਗੱਲ੍ਹਾਂ ਨੂੰ ਤੇ ਗਰਦਨ ਨੂੰ ਕਈ ਥਾਵਾਂ ਤੇ ਚੁੰਮਿਆਂ । ਉਸ ਸੁੰਦਰੀ ਨੇ ਕੋਈ ਵਿਰੋਧ ਨਾ ਕੀਤਾ, ਸਗੌਂ ਹਲਕਾ-ਹਲਕਾ ਮੁਸਕਰਾਂਉਦੀ ਰਹੀ । ਉਸ ਨੇ ਫਿਰ ਰੂਪ ਦੀ ਬਾਂਹ ਨੂੰ ਥੋੜਾ ਖਿਚਿਆ, ਤੇ ਜੰਗਲ ਦੇ ਅੰਦਰ ਜਾਣ ਦਾ ਇਸ਼ਾਰਾ ਕੀਤਾ । ਉਹ ਬੀਚ ਉਪਰੋ ਹੋਲੀ-ਹੋਲੀ ਤੁਰਦੇ ਹੋਏ ਸੰਘਣੇ ਦਰਖਤਾਂ ਵੱਲ ਹੋ ਗਏ । ਜਿਉਂ ਹੀ ਉਹ ਜੰਗਲ ਵਿਚ ਦਾਖਲ ਹੋ ਕੇ ਅੱਗੇ ਵਧਣ ਲੱਗੇ ਤਾਂ ਰੂਪ ਇਕਦਮ ਘਬਰਾ ਗਿਆ । ਉਸਨੂੰ ਡਰ ਜਿਹਾ ਲੱਗਣ ਲੱਗਾ । ਕਿਧਰੇ ਜੰਗਲ ਅੰਦਰ ਕੋਈ ਜੰਗਲੀ ਕਬੀਲਾ ਹੀ ਨਾ ਰਹਿੰਦਾ ਹੋਵੇ, ਤੇ ਇਹ ਅੋਰਤ ਉਸ ਕਬੀਲੇ ਦੀ ਹੋਵੇ । ਹੋਰ ਇਹ ਕੋਈ ਰੱਬ ਉਪਰੋ ਤਾਂ ਏਥੇ ਅਚਾਨਕ ਡਿੱਗ ਨਹੀ ਪਈ । ਜਰੂਰ ਕਬੀਲੇ ਦੀ ਅੋਰਤ ਹੀ ਹੋਵੇਗੀ । ਪਤਾ ਨਹੀ ਕਬੀਲੇ ਦੇ ਲੋਕ ਕਿਸ ਤਰਾਂ ਦੇ ਹੋਣ । ਉਸਦਾ ਮੁਖੀਆ ਕਿਸ ਤਰਾਂ ਦਾ ਹੋਵੇ । ਉਸਨੂੰ ਲੱਗਾ ਕੋਈ ਦਿa-ਕੱਦ ਮੁਖੀਆ ਉਸਦੇ ਸਾਮ੍ਹਣੇ ਖੜਾ ਹੈ । ਉਸਦੀਆਂ ਅੱਖਾਂ ਅੰਗਿਆਰ ਵਾਂਗ ਦਗ ਰਹੀਆਂ ਹਨ । ਫਿਰ ਉਸਨੂੰ ਲੱਗਿਆ ਕਿ ਕਬੀਲੇ ਦੇ ਲੋਕ ਭੱਜੇ ਆ ਰਹੇ ਹਨ । ਉਹ ਸਾਰੇ ਉਸੇ ਵੱਲ ਆ ਰਹੇ ਹਨ । ਕਿਸੇ ਦੇ ਹੱਥ 'ਚ ਸੋਟੀ, ਕਿਸੇ ਦੇ ਤੀਰ ਕਮਾਨ, ਕਿਸੇ ਦੇ ਪੱਥਰ, ਕਿਸੇ ਦੇ ਕੁਝ ਤੇ ਕਿਸੇ ਦੇ ਕੁਝ । ਅਜ਼ੀਬੋ-ਗਰੀਬ ਅਵਾਜ਼ਾਂ ਵਿਚ ਉਹ ਸਾਰੇ ਰੌਲਾ ਪਾ ਰਹੇ ਹਨ । ਉਹਨਾਂ ਦੇ ਚਿਹਰੇ ਬੜੇ ਭਿਆਨਕ ਤੇ ਡਰਾਵਣੇ ਹਨ । ਉਹ ਕਾਹਲੀ ਜਿਹੀ ਨਾਲ ਪਿੱਛੇ ਨੂੰ ਮੁੜਿਆਂ ਤੇ ਤੇਜ਼ ਕਦਮਾਂ ਨਾਲ ਤੁਰਦਾ ਹੋਇਆ ਦਰੱਖਤਾਂ ਦੇ ਝੁੰਡ ਚੋਂ ਨਿਕਲ ਕੇ ਬੀਚ ਤੇ ਆ ਗਿਆ । ਉਹ ਕਾਫੀ ਘਬਰਾਇਆ ਹੋਇਆ ਸੀ । ਪਰ ਬੀਚ ਉਪਰ ਪਹੁੰਚਦੇ ਹੀ ਉਹ ਥੋੜਾ ਸ਼ਾਂਤ ਹੋ ਗਿਆ । ਜਿਵੇਂ ਕਿਸੇ ਬਿਗਾਨੀ ਧਰਤੀ ਤੋਂ ਬਚ ਕੇ ਠੀਕ-ਠਾਕ ਆਪਣੀ ਧਰਤੀ ਉਪਰ ਪਹੁੰਚ ਗਿਆ ਹੋਵੇ । ਉਸਨੇ ਚਾਰ-ਚੁਫੇਰੇ ਦੇਖਿਆ । ਕਿਧਰੇ ਕੋਈ ਵੀ ਨਹੀਂ ਸੀ । ਨਾ ਕੋਈ ਹਿਲਜੁੱਲ ਤੇ ਨਾ ਹੀ ਕੋਈ ਅਵਾਜ਼ । ਜੰਗਲ ਤੇ ਸਮੁੰਦਰ ਪਹਿਲਾਂ ਦੀ ਤਰਾਂ ਹੀ ਸ਼ਾਂਤ ਸਨ ।
ਬੇ-ਵਸੀ ਜਿਹੀ 'ਚ ਉਸਨੇ ਆਪਣਾ ਸਿਰ ਹਿਲਾਇਆ । ਜਿਵੇਂ ਆਪਣੇ-ਆਪ ਨੂੰ ਕੋਈ ਲਾਅਨਤ ਪਾਈ ਹੋਵੇ । ਸੁੰਦਰੀ ਉਸਦੇ ਪਾਸ ਖੜੀ ਸੀ । ਉਹ ਲਗਾਤਾਰ ਉਸ ਵੱਲ ਵੇਖੀ ਜਾ ਰਹੀ ਸੀ । ਉਸ ਨੂੰ ਰੂਪ ਦੀ ਪ੍ਰੇਸ਼ਾਨੀ ਸਮਝ ਨਹੀਂ ਆ ਰਹੀ ਸੀ । ਉਸਨੇ ਇਸ਼ਾਰਿਆਂ ਨਾਲ ਰੂਪ ਨੂੰ ਪੁੱਛਣ ਦਾ ਯਤਨ ਕੀਤਾ । ਪਰ ਰੂਪ ਦੇ ਗਲ ਵਿਚ ਜਿਵੇਂ ਕੁਝ ਅਟਕਿਆ ਪਿਆ ਸੀ । ਉਸ ਤੋਂ ਬੋਲ ਨਹੀਂ ਸੀ ਹੋ ਰਿਹਾ । ਉਸਦੀਆਂ ਅੱਖਾਂ ਭਰ ਆਈਆਂ । ਉਸਨੇ ਸੁੰਦਰੀ ਨੂੰ ਕਲਾਵੇ ਵਿਚ ਲੈ ਲਿਆ ਤੇ ਆਪਣਾ ਸਿਰ ਉਸਦੇ ਮੋਢੇ ਉੱਪਰ ਰੱਖ ਦਿੱਤਾ । ਸੁੰਦਰੀ ਹੌਲੀ-ਹੌਲੀ ਰੂਪ ਦੇ ਵਾਲਾਂ ਵਿਚ ਹੱਥ ਫੇਰਨ ਲੱਗੀ ।
ਰੂਪ ਸਹਿਜ ਹੋ ਗਿਆ । ਉਸਨੂੰ ਮਦਨ ਹੁਰਾਂ ਦਾ ਖਿਆਲ ਆਇਆ । ਉਹ ਸੋਂਚਾ ਵਿੱਚ ਪੈ ਗਿਆ । ਸੁੰਦਰੀ ਰੂਪ ਦੇ ਚਿਹਰੇ ਵੱਲ ਵੇਖਦੀ ਰਹੀ । ਰੂਪ ਨੇ ਬੰਦਰਗਾਹ ਵਿੱਚ ਖੜੇ ਜਹਾਜ਼ ਵੱਲ ਇਸ਼ਾਰਾ ਕੀਤਾ । ਸੁੰਦਰੀ ਸਮਝ ਗਈ ਕਿ ਉਹ ਵਾਪਸ ਜਾਣਾ ਚਾਹੁੰਦਾ ਹੈ । ਸੁੰਦਰੀ ਨੇ ਥੋੜ੍ਹਾ ਜਿਹਾ ਸਿਰ ਹਿਲਾਇਆ ਤੇ ਮੁਸਕਰਾਈ । ਪਿਆਰ ਭਰੀਆਂ ਨਜ਼ਰਾ ਨਾਲ ਰੂਪ ਨੂੰ ਦੇਖਿਆ, ਤੇ ਫਿਰ ਥੋੜਾ ਜਿਹਾ ਪਿਛੇ ਨੂੰ ਹਟੀ । ਉਸਦੇ ਹੋਂਠ ਹਿੱਲਣ ਲੱਗੇ । ਫੇਰ ਹੱਥ ਹਿਲਾaੁਂਦੀ-ਹਿਲਾaੁਂਦੀ ਹੀ, ਉਹ ਪਾਣੀ ਵਿੱਚ ਜਾ ਵੜੀ ਤੇ ਤੈਰਨ ਲੱਗੀ ।
ਬੀਚ ਲੱਗਭਗ ਖਾਲ੍ਹੀ ਹੋ ਚੁੱਕਾ ਸੀ । ਪਰ ਸਟਾਲਾਂ ਦੇ ਆਲੇ-ਦੁਆਲੇ ਅਜੇ ਵੀ ਕਾਫੀ ਰੌਣਕ ਸੀ । ਬੀਚ ਦੀ ਮੇਨ ਜਗ੍ਹਾਂ ਰੰਗ-ਬਿਰੰਗੇ ਬੱਲਬਾਂ ਦੀ ਰੌਸ਼ਨੀ ਨਾਲ ਜਗਮਗਾ ਉਠੀ ਸੀ ।
ਰੂਪ ਨੇ ਵੇਖਿਆ ਇੱਕ ਮੇਜ਼ ਦੇ ਦੁਆਲੇ ਮਦਨ ਹੁਰੀ ਬੈਠੇ ਸਨ । ਉਹ ਤਿੰਨੇ ਹੀ ਬੀਅਰ ਪੀ ਰਹੇ ਸਨ । ਇੱਕ ਕੁਰਸੀ ਉਥੇ ਖਾਲੀ ਸੀ । ਮੇਜ਼ ਉਪਰ ਬੀਅਰ ਦਾ ਇੱਕ ਬੰਦ ਕੇਨ ਵੀ ਵਾਧੂ ਪਿਆ ਸੀ ।
ਰੂਪ ਚੁੱਪ-ਚਾਪ ਆ ਕੇ ਖਾਲੀ ਕੁਰਸੀ ਤੇ ਬੈਠ ਗਿਆ । ਉਸ ਨੇ ਬੀਅਰ ਦਾ ਬੰਦ ਪਿਆ ਕੇਨ ਚੁਕਿਆ, ਉਗਲ ਪਾ ਕੇ ਟਕ… ਕਰਕੇ ਖੋਲਿਆ, ਕੇਨ ਮੂੰਹ ਨਾਲ ਲਾਇਆ ਤੇ ਅੱਧਾ ਸਾਰਾ ਪੀਕੇ, ਕੇਨ ਮੇਜ਼ ਤੇ ਵਾਪਸ ਰੱਖ ਦਿੱਤਾ । ਮਦਨ ਹੁਰੀਂ ਚੁੱਪ-ਚਾਪ ਉਸ ਵੱਲ ਵੇਖੀ ਜਾ ਰਹੇ ਸਨ । ਸਾਰੇ ਚੁੱਪ ਸਨ ਤੇ ਹੈਰਾਨ ਵੀ ।
ਮਦਨ ਨੇ ਆਪਣੇ ਹੱਥ ਵਿਚਲਾ ਬੀਅਰ ਕੇਨ ਮੇਜ਼ ਤੇ ਰੱਖਦਿਆ ਕਿਹਾ, "ਰੂਪ ! ਯਾਰ ਹੱਦ ਕਰ ਦਿੱਤੀ । ਅਸੀ ਕਿੰਨੇ ਚਿਰ ਤੋ ਪ੍ਰੇਸ਼ਾਨ ਬੈਠੇ ਹਾਂ । ਦੂਰ ਤਕ ਤੈਨੂੰ ਵੇਖ ਕੇ ਵੀ ਆਏ । ਹਾਰ ਕੇ ਏਥੇ ਆ ਕੇ ਬੈਠ ਗਏ ।"
ਰੂਪ ਫਿਰ ਵੀ ਕੁਝ ਨਾ ਬੋਲਿਆ । ਇੰਝ ਬੈਠਾ ਸੀ ਜਿਵੇਂ ਕਿਸੇ ਗਹਿਰੀ ਸੋਚ ਵਿੱਚ ਹੋਵੇ ।
"ਯਾਰ ਮੈਨੂੰ ਤਾਂ ਇੰਝ ਲੱਗਦੈ, ਜਿਵੇ ਇਹ ਕਿਸੇ ਗੋਰੀ ਨਾਲ ਕੁੰਡੀ ਫਸਾ ਕੇ ਆਇਆ ਹੋਵੇ ।" ਦੂਸਰੇ ਸਾਥੀ ਨੇ ਥੋੜ੍ਹਾ ਮਜ਼ਾਕ ਕੀਤਾ ।
ਰੂਪ ਨੇ ਆਪਣਾ ਬੀਅਰ ਦਾ ਕੇਨ ਫੇਰ ਚੁੱਕਿਆ, ਮੂੰਹ ਨੂੰ ਲਾਇਆ ਤੇ ਪੂਰਾ ਖਤਮ ਕਰਕੇ ਖਾਲੀ ਕੇਨ ਮੇਜ਼ ਤੇ ਵਾਪਸ ਰੱਖ ਦਿੱਤਾ । ਪੋਲਾ ਜਿਹਾ ਸੱਜਾ ਹੱਥ ਬੁੱਲ੍ਹਾਂ 'ਤੇ ਫੇਰਿਆ ਤੇ ਥੋੜ੍ਹਾ ਜਿਹਾ ਮੁਸਕਰਾਇਆ । ਪਰ ਬੋਲਿਆ ਫਿਰ ਵੀ ਕੁਝ ਨਾ ।
ਏਨੇ ਨੂੰ ਤੀਸਰੇ ਸਾਥੀ ਤੋਂ ਵੀ ਰਿਹਾ ਨਾ ਗਿਆ । ਉਹ ਬੋਲਿਆ, "ਉਏ ਪਤੰਦਰਾ ਏਨਾ ਹੀ ਦੱਸ ਦੇ ਕਿ ਹੁਣ ਇਸ ਧਰਤੀ 'ਤੇ ਹੈ, ਕਿ ਕਿਧਰੇ ਕਿਸੇ ਪਰੀ ਲੋਕ ਵਿਚ ਘੁੰਮ ਰਿਹਾ ਹੈ । ਕਮਾਲ ਹੋਗੀ । ਸਾਡੀ ਕੋਈ ਪ੍ਰਵਾਹ ਹੀ ਨਹੀਂ ।"
ਬੈਰਾ, ਬੀਅਰ ਦੇ ਚਾਰ ਹੋਰ ਕੇਨ ਮੇਜ਼ ਤੇ ਰੱਖ ਕੇ ਵਾਪਸ ਜਾ ਚੁੱਕਾ ਸੀ । ਰੂਪ ਨੇ ਮੂੰਹ ਉਪਰ ਨੂੰ ਚੁੱਕਿਆ, ਸਭਨਾ ਦੀ ਤਰਫ ਵੇਖਿਆ ਤੇ ਫਿਰ ਥੋੜ੍ਹਾ ਮੁਸਕਰਾਕੇ, ਪਰ ਉਦਾਸ ਜਿਹੇ ਲਹਿਜੇ ਵਿੱਚ ਸਿਰਫ ਏਨਾ ਹੀ ਕਿਹਾ, "ਯਾਰ ਮਦਨ - ਅੱਜ ਤਾਂ ਸੱਚਮੁੱਚ ਹੀ ਇੱਕ ਪਰੀ ਮਿਲ ਪਈ ।"
ਜਹਾਜ਼ ਵਿੱਚ ਵਾਪਸ ਆ ਕੇ ਰੂਪ ਸਿਰਫ ਤੇ ਸਿਰਫ ਉਸ ਸੁੰਦਰੀ ਬਾਰੇ ਹੀ ਸੋਚਦਾ ਰਿਹਾ । ਉਸਦੇ ਦਿਲ ਦਿਮਾਗ ਤੇ ਉਹ ਸੁੰਦਰੀ ਪੂਰੀ ਤਰ੍ਹਾਂ ਛਾਈ ਹੋਈ ਸੀ ।
ਵੈਸੇ ਤਾਂ ਦੂਸਰੇ ਦਿਨ ਜਹਾਜ਼ ਨੇ ਚਲੇ ਜਾਣਾ ਸੀ । ਪਰ ਰਾਤੀਂ ਬਾਰਸ਼ ਪੈਣ ਕਰਕੇ ਪੂਰਾ ਮਾਲ ਨਹੀ ਸੀ ਲਾਹਿਆ ਜਾ ਸਕਿਆ । ਇਸ ਲਈ ਜਹਾਜ਼ ਨੂੰ ਇੱਕ ਦਿਨ ਹੋਰ ਰੁਕਣਾ ਪੈ ਗਿਆ ।
ਦੂਸਰੇ ਦਿਨ ਸਵੇਰੇ ਵੀ ਬਾਰਸ਼ ਹੁੰਦੀ ਰਹੀ । ਪਰ ਦੁਪਹਿਰ ਤਕ ਆਸਮਾਨ ਸਾਫ ਹੋ ਚੁੱਕਾ ਸੀ । ਸਵੇਰ ਤੋਂ ਸ਼ਾਮ ਤਕ ਚੁੱਪ-ਚਾਪ ਤੇ ਡੌਰ-ਭੋਰ ਜਿਹਾ ਹੋਇਆ, ਰੂਪ ਇੰਜਨ-ਰੂਮ ਵਿੱਚ ਕੰਮ ਕਰਦਾ ਰਿਹਾ । ਉਸਦਾ ਮਨ ਉਖੜਿਆ ਪਿਆ ਸੀ । ਸਾਰਾ ਦਿਨ ਮਦਨ ਨਾਲ ਵੀ ਉਸਨੇ ਕੋਈ ਗੱਲ ਨਾ ਕੀਤੀ । ਪਰ ਜਿਉਂ ਹੀ ਸ਼ਾਮ ਢਲਣ ਲੱਗੀ, ਉਸਦਾ ਮਨ ਬੇ-ਕਾਬੂ ਹੋ ਗਿਆ । ਅਖੀਰ ਉਸਨੇ ਮਦਨ ਕੋਲ ਆਪਣੇ ਦਿਲ ਦੀ ਸਾਰੀ ਗੱਲ ਖੁੱਲ੍ਹ ਕੇ ਦੱਸ ਦਿੱਤੀ ।
ਮਦਨ ਨੂੰ ਆਪਣੇ ਯਾਰ ਦੀ ਹਾਲਤ ਉਪਰ ਤਰਸ ਵੀ ਆਇਆ ਤੇ ਹਾਸਾ ਵੀ । ਅਖੀਰ ਉਹ ਮੁਸਕਰਾ ਕੇ ਕਹਿਣ ਲੱਗਾ, " ਚੰਗਾ ਫਿਰ, ਅੱਜ ਫੇਰ ਜਾ ਕੇ ਵੇਖ ਲੈ । ਤੇਰੀ ਡਿਊਟੀ ਮੈਂ ਸਾਂਭ ਲਂੈਦਾ ਹਾਂ । ਪਰ ਆਪਣਾ ਖਿਆਲ ਰੱਖੀ ।"
ਬੱਸ ਫੇਰ ਕੀ ਸੀ । ਰੂਪ ਝੱਟ ਪੱਟ ਤਿਆਰ ਹੋ ਕੇ ਜਹਾਜ਼ ਤੋਂ ਬਾਹਰ ।
ਬੀਚ ਉਪਰ ਪਹੁੰਚਣ ਤਕ ਤਾਂ ਰੂਪ ਨੂੰ ਚਾਅ ਚੜ੍ਹਿਆ ਰਿਹਾ । ਪਰ ਜਿਉਂ ਹੀ ਬੀਚ ਤੇ ਪਹੁੰਚ, ਉਸ ਨੇ ਪਥਰੀਲੇ ਚਟਾਨਾਂ ਵੱਲ ਨੂੰ ਰੁੱਖ ਕੀਤਾ, ਤਾਂ ਕਈ ਤਰ੍ਹਾਂ ਦੇ ਖਿਆਲ ਉਸ ਦੇ ਮਨ ਵਿੱਚ ਉਠਣ ਲੱਗੇ ।
ਅਗਰ ਉਹ ਸੁੰਦਰੀ ਅੱਜ ਨਾ ਮਿਲ਼ੀ ਤਾਂ…………………?
ਅਗਰ ਕੋਈ ਹੋਰ ਆਦਮੀ ਉਸ ਪਾਸੇ ਮਿਲ ਪਏ ਤਾਂ……..…?
ਅਗਰ ਉਹ ਵੇਖ ਕੇ ਨਜ਼ਦੀਕ ਨਾ ਆਈ ਤਾਂ………………?
ਅਗਰ ਕਿਧਰੇ ਗੁੰਡੇ ਜਾਂ ਸਮਗਲਰ ਵਗੈਰਾ ਮਿਲ ਪਏ ਤਾਂ….…?
ਅਗਰ…………? ਅਗ…ਰ………………?
ਲ਼ੰਬੇ-ਲੰਬੇ ਕਦਮ ਪੁੱਟਦਾ ਰੂਪ ਲਗਪਗ ਦੌੜਿਆ ਹੀ ਜਾ ਰਿਹਾ ਸੀ । ਉਹ ਝੱਟ ਹੀ ਪਥਰੀਲੇ ਚਟਾਨਾਂ ਕੋਲ ਪਹੁੰਚ ਗਿਆ । ਫਿਰ ਚਟਾਨਾਂ ਦੇ ਉਪਰ ਚੜ੍ਹ ਕੇ ਪਹਿਲਾਂ ਤਾ ਉਹ ਸੋਚਾਂ ਵਿੱਚ ਪੈ ਗਿਆ । ਇਹ ਕਿਹੜੀ ਖਿੱਚ ਹੈ ਜੋ ਅੱਜ ਫਿਰ ਮੈਨੂੰ ਇੱਥੇ ਲੈ ਆਈ ਹੈ । ਮੇਰਾ ਇੱਥੇ ਕੀ ਹੈ । ਉਹ ਮੇਰੀ ਕੀ ਲਗਦੀ ਹੈ । ਪਿੱਛੇ ਮੇਰੇ ਮਾਂ-ਬਾਪ ਹਨ । ਭੈਣ-ਭਰਾ ਤੇ ਹੋਰ ਪਰਵਾਰ ਹੈ । ਸਭਨਾਂ ਨੂੰ ਮੇਰੇ ਤੋ ਬੜੀਆਂ ਆਸਾਂ ਹਨ । ਬਾਪੂ ਤਾਂ ਅਕਸਰ ਹੀ ਸਭ ਕੋਲ ਇਹੋ ਕਹਿੰਦਾ ਰਹਿੰਦਾ ਹੈ ਕਿ ਸਾਡਾ ਤਾਂ ਸਭ ਕੁਝ ਰੂਪ ਹੀ ਹੈ । ਇਹੀ ਸਾਡੇ ਘਰ ਦੇ ਦਿਨ ਬਦਲੂ । ਘਰ ਦਾ ਕੋਈ ਮੂੰਹ-ਮੱਥਾ ਸੰਵਾਰੂ । ਮੈਨੂੰ ਨੌਕਰੀ ਮਿਲਣ ਤੇ ਸਭ ਨੂੰ ਕਿੰਨੀ ਖੁਸ਼ੀ ਹੋਈ ਸੀ । ਛੋਟੀ ਭੈਣ ਤੇ ਵੀਰ ਨੂੰ ਕਿੰਨਾ ਚਾਅ ਚੜਿਆ ਸੀ । ਉਹਨਾ ਦੀਆਂ ਅੱਖਾਂ ਵਿੱਚ ਉਮੜਦੇ ਕਈ ਸੁਪਨੇ ਉਸਨੇ ਖੁਦ ਵੇਖੇ ਸਨ । ਅਗਰ ਅੱਜ ਮੇਰੇ ਨਾਲ ਇੱਥੇ ਕੋਈ ਮਾੜੀ ਘਟਨਾ ਵਾਪਰ ਗਈ ਤਾਂ ਉਹਨਾ ਸੁਪਨਿਆਂ ਦਾ ਕੀ ਬਣੂ । ਪਿੱਛੇ ਪਰਿਵਾਰ ਦਾ ਕੀ ਬਣੂ । ਮੈਨੂੰ ਜਹਾਜ਼ ਵਿੱਚ ਵਾਪਿਸ ਚਲੇ ਜਾਣਾ ਚਾਹੀਦਾ ਹੈ ।
ਪਰ ਨਾਲ ਹੀ ਉਸਦੇ ਮਨ ਅੰਦਰੋ ਇੱਕ ਆਵਾਜ਼ ਹੋਰ ਉਠੀ । ਹਮੇਸ਼ਾ ਤੂੰ ਕਿਸੇ ਖੁਬਸੂਰਤ ਅੋਰਤ ਦੇ ਸੁਪਨੇ ਲੈਂਦਾ ਰਿਹਾ ਹੈ । ਤੇਰੀਆਂ ਅੱਖਾਂ 'ਚ ਕਿਸੇ ਹਸੀਨਾਂ ਨੂੰ ਦੇਖਣ ਦੀ ਤਾਂਘ ਸੀ । ਤੇਰੀਆਂ ਬਾਹਾਂ 'ਚ ਉਸਨੂੰ ਕਲਾਵੇ ਵਿੱਚ ਲੈਣ ਦੀ ਤਮੰਨਾ ਸੀ । ਤੇਰੇ ਮਨ ਅੰਦਰ ਉਸ ਨਾਲ ਗੱਲਾਂ ਕਰਨ ਦੀ ਚਾਹਤ ਸੀ । ਤੇਰੇ ਹੋਠਾਂ ਉਪਰ ਉਸ ਨੂੰ ਚੁੰਮਣ ਦੀ ਇੱਕ ਪਿਆਸ ਸੀ । ਤੇਰੇ ਹੱਥਾਂ ਦੀਆਂ ਉਗਲੀਆਂ ਦੇ ਪੋਟਿਆਂ ਅੰਦਰ ਉਸ ਨੂੰ ਛੁਹਣ ਦੀ ਤੜਫ ਸੀ । ਤੇਰੀ ਇਹ ਸਾਰੀ ਤਮੰਨਾ/ਚਾਹਤ/ਪਿਆਸ/ਤਾਂਘ ਕੱਲ ਪੂਰੀ ਹੋਈ ਹੈ । ਕੱਲ ਤੂੰ ਉਹ ਸਕੁਨ ਤੇ ਨਿੱਘ ਮਾਣਿਆਂ ਜਿਸ ਦੀ ਤੂੰ ਲੰਮੇ ਸਮੇ ਤੋਂ ਚਾਹਣਾ ਕਰ ਰਿਹਾ ਸੀ । ਇਹ ਸਭ ਉਸ ਸੁੰਦਰੀ ਦੀ ਵਜ੍ਹਾਂ ਕਰਕੇ ਹੋਇਆ । ਸਭ ਕੁਝ ਉਸ ਸੁੰਦਰੀ ਦੀ ਹੋਂਦ ਨੇ ਪੂਰਾ ਕੀਤਾ । ਤੇਰੇ ਬਾਰੇ ਕੁਝ ਨਾ ਜਾਣਦੇ ਹੋਏ ਵੀ ਤੈਨੂੰ ਆਪਣਾ ਸਮਝਿਆ । ਆਪਣੇ-ਆਪ ਨੂੰ ਖੁਸ਼ੀ-ਖੁਸ਼ੀ ਤੇਰੀਆਂ ਬਾਹਾਂ ਵਿੱਚ ਅਰਪਣ ਕੀਤਾ । ਤੇਰੀ ਕਿਸੇ ਹਰਕਤ ਤੇ ਕੋਈ ਗਿਲਾ ਨਹੀ ਕੀਤਾ । ਤੇਰੇ ਸੰਗ ਹੋਰ ਵੀ ਬੁਹਤ ਸਾਰੀਆਂ ਰੰਗ-ਰਲੀਆਂ ਮਨਾਉਣਾ ਚਾਹੁਦੀ ਸੀ ਉਹ । ਪਰ ਕੱਲ ਤੂੰ ਖੁਦ ਹੀ ਜੰਗਲ ਦੇ ਅੰਦਰ ਜਾਣ ਤੋ ਡਰ ਗਿਆ ਸੈਂ । ਤੇ ਹੁਣ ਤੂੰ ਸੋਚ ਰਿਹਾ ਹੈ ਕਿ ਉਹ ਮੇਰੀ ਕੀ ਲੱਗਦੀ ਹੈ । ਕੀ ਉਹ ਤੇਰੀ ਕੁਝ ਨਹੀ ਲੱਗਦੀ । ਅਗਰ ਨਹੀ ਲੱਗਦੀ ਫਿਰ ਤੂੰ ਕਿਉ ਇੱਥੇ ਤੱਕ ਚੱਲ ਕੇ ਆਇਆ । ਕਿਸ ਨੂੰ ਧੋਖਾ ਦੇਣ ਦੀ ਕੋਸ਼ਿਸ ਕਰ ਰਿਹਾ ਹੈ । ਆਪਣੇ-ਆਪ ਨੂੰ, ਜਾ ਫਿਰ ਕਿਸੇ ਹੋਰ ਨੂੰ । ਅਗਰ ਕਿਸੇ ਹੋਰ ਨੂੰ ਤਾਂ ਕਿਸਨੂੰ ।
ਉਹ ਥੋੜੀ ਦੇਰ ਖੜਾ ਸੋਚਦਾ ਰਿਹਾ । ਉਸਦੇ ਮਨ ਅੰਦਰ ਵਿਚਾਰਾਂ ਦਾ ਆਪਸੀ ਤਕਰਾਰ ਚਲ ਰਿਹਾ ਸੀ । ਫਿਰ ਉਹ ਚਟਾਨਾਂ ਦੇ ਉਪਰ ਚੜ ਗਿਆ, ਦਿਲ ਨੂੰ ਥੋੜਾ ਕਰੜਾ ਕਰਕੇ ਆਪਣੇ ਆਪ ਨੂੰ ਹੀ ਕਿਹਾ, "ਜੋ ਜੋ ਜਬ ਜਬ ਹੋਨਾ ਹੈ, ਸੋ ਸੋ ਤਬ ਤਬ ਹੋਤਾ ਹੈ । ਚੱਲ ਰੂਪ, ਹੁਣ ਜੋ ਵੀ ਹੋਊ ਵੇਖੀ ਜਾਉ ।" ਤੇ ਹੌਸਲਾ ਕਰਕੇ ਉਹ ਪਥਰੀਲੇ ਚਟਾਨਾਂ ਤੋਂ ਪਾਰ ਦੂਸਰੇ ਪਾਸੇ ਚਲਾ ਗਿਆ ।
ਕੱਲ ਦੀ ਤਰ੍ਹਾਂ ਹੀ ਅੱਜ ਵੀ, ਇਸ ਪਾਸੇ ਸਾਰਾ ਬੀਚ ਖਾਲੀ ਸੀ । ਉਹ ਹੌਲੀ-ਹੌਲੀ ਅੱਗੇ ਤੁਰਨ ਲੱਗਾ । ਥੋੜ੍ਹੀ ਦੂਰ ਜਾ ਕੇ ਉਹ ਰੁੱਕ ਗਿਆ । ਦੂਰ ਤੱਕ ਕੋਈ ਵੀ ਨਜ਼ਰ ਨਹੀਂ ਸੀ ਆ ਰਿਹਾ । ਉਸਨੇ ਪਿੱਛੇ ਮੁੜਕੇ ਵੇਖਿਆ । ਆਪਣੇ ਹੀ ਪੈਰਾਂ ਦੇ ਨਿਸ਼ਾਨਾਂ ਤੋਂ ਸਿਵਾ ਉਸਨੂੰ ਕੁਝ ਵੀ ਨਜ਼ਰ ਨਾ ਪਿਆ । ਉਸਨੂੰ ਥੋੜ੍ਹੀ ਨਿਰਾਸ਼ਾ ਹੋਈ । ਉਹ ਇੱਕ ਜਗ੍ਹਾਂ ਤੇ ਪਿੱਛੇ ਜਿਹੇ ਹਟਕੇ ਬੈਠ ਗਿਆ ।
ਪਿਛਲੇ ਪਾਸੇ ਸੰਘਣਾ ਜੰਗਲ । ਸਾਹਮਣੇ ਸਮੁੰਦਰ । ਖੱਬੇ ਤੇ ਸੱਜੇ ਰੇਤ ਦੀ ਘੱਟ ਚੌੜੀ ਪੱਟੀ । ਬੈਠਾ-ਬੈਠਾ ਉਹ ਸੋਚਣ ਲੱਗਾ ਕਿ ਆਖ਼ਰ ਉਹ ਸੁੰਦਰੀ ਹੈ ਕੌਣ ? ਇੱਕ ਦਮ ਅਲ਼ਫ ਨੰਗੀ ਘੁੰਮ ਰਹੀ ਸੀ । ਨਾਲ ਵੀ ਕੋਈ ਨਹੀਂ ਸੀ । ਇੱਕਦਮ ਇੱਕਲੀ । ਮੇਰੇ ਕੱਪੜਿਆਂ ਨੂੰ ਵੀ ਬੜੀ ਹੈਰਾਨੀ ਨਾਲ ਵੇਖ ਰਹੀ ਸੀ ।
ਕੀ ਉਹ ਸੱਚਮੁੱਚ ਇਸ ਲੋਕ ਦੀ ਔਰਤ ਹੈ । ਅਗਰ ਹੈ ਤਾਂ ਸੱਭਿਅਤਾ ਤੋਂ ਇਤਨੀ ਦੂਰ ਤੇ ਅਭਿੱਜ ਕਿਵੇਂ ਰਹਿ ਸਕਦੀ ਹੈ । ਹੋ ਸਕਦਾ ਹੈ ਇਸ ਜੰਗਲ ਵਿੱਚ ਕੋਈ ਕਬੀਲਾ ਇਸ ਤਰ੍ਹਾਂ ਰਹਿੰਦਾ ਹੋਵੇ । ਪਰ ਨਹੀਂ । ਇਹ ਨਹੀ ਹੋ ਸਕਦਾ । ਘੱਟੋ-ਘੱਟ ਕੋਈ ਪੱਤੇ ਵਗੈਰਾ ਹੀ ਬੰਨ ਕੇ ਰੱਖਦੀ । ਸ਼ਾਇਦ ਸੱਚਮੁੱਚ ਹੀ ਕੋਈ ਜਲਪਰੀ ਹੋਵੇ । ਸੁਣਿਆ ਹੈ ਪਾਣੀ ਤੋਂ ਬਾਹਰ ਆ ਕੇ ਜਲਪਰੀ, ਬਿਲਕੁਲ ਔਰਤ ਹੀ ਲੱਗਦੀ ਹੈ । ਪਰ ਕੀ ਸੱਚਮੁੱਚ ਐਸਾ ਸੰਭਵ ਹੈ ? ਕੁਝ ਸਮਝ ਨਹੀ ਸੀ ਆ ਰਿਹਾ …… ।
ਅਚਾਨਕ ਕੀ ਵੇਖਦਾ ਹੈ, ਕਿ ਕਾਫੀ ਦੂਰ ਤੇ ਕੋਈ ਆ ਰਿਹਾ ਹੈ । ਉਹ ਥੋੜ੍ਹਾਂ ਹੋਰ ਪਿੱਛੇ ਹਟ ਗਿਆ । ਇੱਕ ਦਰੱਖਤ ਦੇ ਉਹਲੇ ਵਿੱਚ ਹੋ ਗਿਆ । ਆਉਣ ਵਾਲਾ ਇਸੇ ਪਾਸੇ ਵੱਲ ਆ ਰਿਹਾ ਸੀ ।
ਉਹ ਅਜੇ ਵੀ ਕਾਫੀ ਦੂਰ ਹੀ ਸੀ, ਕਿ ਰੂਪ ਨੇ ਝੱਟ ਪਛਾਣ ਲਿਆ । ਇਹ ਤਾਂ ਕੱਲ ਵਾਲੀ ਸੁੰਦਰੀ ਹੀ ਹੈ । ਉਹ ਦਰੱਖਤ ਦੇ ਉਹਲੇ ਤੋਂ ਬਾਹਰ ਆ ਕੇ, ਰੇਤ ਉਪਰ ਖੜਾ ਹੋ ਗਿਆ । ਰੂਪ ਨੂੰ ਵੇਖਦੇ ਹੀ ਉਹ ਸੁੰਦਰੀ ਦੌੜਨ ਲੱਗੀ ਤੇ ਆ ਕੇ ਰੂਪ ਦੇ ਗਲ ਨਾਲ ਚਿੰਬੜ ਗਈ । ਉਹ ਖੁਸ਼ੀ ਵਿੱਚ ਪਾਗਲ ਹੋਈ ਲਗਦੀ ਸੀ । ਦੋਵੇਂ ਇੱਕ ਦੂਸਰੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਜੁਗਾਂ-ਜੁਗਾਂ ਤੋ ਇੱਕ ਦੂਸਰੇ ਨੂੰ ਜਾਣਦੇ ਹੋਣ ।
ਘੜੀ ਦੀਆਂ ਸੁਈਆਂ ਘੁੰਮਦੀਆਂ ਰਹੀਆਂ । ਦੋਵੇਂ ਜਣੇ, ਦੁਨੀਆਂ ਤੋ ਬੇਖਬਰ, ਕਿਨਾਰੇ-ਕਿਨਾਰੇ ਘੁੰਮਦੇ ਰਹੇ । ਪ੍ਰੇਮ ਕਲੋਲਾਂ ਵਿੱਚ ਵਕਤ ਕਿਵੇਂ ਗੁਜ਼ਰ ਗਿਆ ਪਤਾ ਹੀ ਨਾ ਲੱਗਾ ।
ਦੋਵੇਂ ਇੱਕ ਦੁਜੇ ਦੇ ਗਲ ਦੁਆਲੇ ਬਾਹਾਂ ਪਾਈ ਖੜੇ ਸਨ । ਸੁੰਦਰੀ ਨੇ ਆਪਣੇ ਕੰਨ ਵਿੱਚ ਟਕ..ਟਕ..ਟਕ.. ਦੀ ਆਵਾਜ਼ ਸੁਣੀ । ਉਹ ਕੁਝ ਹੈਰਾਨ ਹੋਈ । ਰੂਪ ਦੁਆਲਿਓ ਆਪਣੀਆਂ ਬਾਹਾਂ ਹਟਾਕੇ ਰੂਪ ਦੇ ਚਿਹਰੇ ਵੱਲ ਦੇਖਣ ਲੱਗੀ । ਫਿਰ ਰੂਪ ਦਾ ਗੁੱਟ ਫੜਿਆ, ਕਮੀਜ਼ ਦਾ ਕਫ ਥੋੜਾ ਪਿੱਛੇ ਨੂੰ ਹਟਾਇਆ ਤੇ ਗੁੱਟ ਤੇ ਬੰਨੀ ਘੜੀ ਨੂੰ ਗੁਹ ਨਾਲ ਵੇਖਣ ਲੱਗੀ । ਫਿਰ ਗੁੱਟ ਨੂੰ ਆਪਣੇ ਕੰਨ ਦੇ ਨਜ਼ਦੀਕ ਲੈ ਗਈ । ਫਿਰ ਉਹੀ ਟਕ..ਟਕ..ਟਕ..ਟਕ.. । ਸਵਾਲੀਆ ਨਜ਼ਰਾਂ ਨਾਲ ਉਸਨੇ ਰੂਪ ਦੀਆਂ ਅੱਖਾਂ ਵਿੱਚ ਵੇਖਿਆਂ । ਰੂਪ ਅੱਗੋਂ ਸਿਰਫ ਮੁਸਕਰਾਇਆਂ ਤੇ ਇਸ਼ਾਰੇ ਨਾਲ ਹੀ ਸਮਝਾਇਆ ਕਿ ਕੋਈ ਗੱਲ ਨਹੀ । ਸਭ ਕੁਝ ਠੀਕ-ਠਾਕ ਹੈ ।
ਏਨੇ ਨਾਲ ਸੁੰਦਰੀ ਦਾ ਮਨ ਤਾਂ ਸ਼ਾਂਤ ਹੋ ਗਿਆ । ਪਰ ਰੂਪ ਉਦਾਸ ਹੋ ਗਿਆ । ਘੜੀ ਦੀ ਟਕ..ਟਕ.. ਉਸਨੂੰ ਸੁਪਨਿਆਂ ਦੀ ਦੁਨੀਆਂ ਚੋਂ ਕੱਢ ਕੇ ਅਸਲੀਅਤ ਦੀ ਦੁਨੀਆਂ ਵਿੱਚ ਲੈ ਆਈ । ਘੜੀ ਦੀਆਂ ਸੂਈਆਂ ਦੱਸ ਰਹੀਆਂ ਸਨ ਕਿ ਰੂਪ ਨੂੰ ਜਹਾਜ਼ ਵਿੱਚ ਵਾਪਸ ਮੁੜਨਾ ਚਾਹੀਦਾ ਹੈ ।
ਉਹ ਪਥਰੀਲੇ ਚਟਾਨਾਂ ਕੋਲ ਵਾਪਸ ਪਹੁੰਚੇ । ਇੱਕ ਦੂਸਰੇ ਨੂੰ ਘੁੱਟਕੇ ਜੱਫੀ ਪਾਈ । ਅੱਜ ਸੁੰਦਰੀ ਦੇ ਚਿਹਰੇ ਉਪਰ ਵੀ ਘੋਰ ਉਦਾਸੀ ਝਲਕ ਰਹੀ ਸੀ । ਉਹ ਪਿਛੇ ਨੂੰ ਹਟੀ । ਫਿਰ ਕੱਲ ਦੀ ਤਰ੍ਹਾਂ ਹੀ ਉਹ ਅਲਵਿਦਾ ਵਿੱਚ ਹੱਥ ਹਿਲਾaੁਂਦੀ-ਹਿਲਾਉਂਦੀ ਪਾਣੀ ਵਿੱਚ ਜਾ ਵੜੀ । ਰੂਪ ਜਹਾਜ਼ ਨੂੰ ਵਾਪਸ ਮੁੜ ਪਿਆ ।
ਅਗਲੇ ਦਿਨ ਸਵੇਰੇ ਜਹਾਜ਼ ਬੰਦਰਗਾਹ ਤੋਂ ਬਾਹਰ ਨਿਕਲਿਆ ।ਜਹਾਜ਼ ਡੂੰਘੇ ਸਮੁੰਦਰ ਵੱਲ ਵਧ ਰਿਹਾ ਸੀ । ਜਹਾਜ਼ ਦੀ ਰੇਲਿੰਗ ਨੂੰ ਹੱਥ ਪਾਈ, ਡੈਂਕ ਤੇ ਖੜਾ ਰੂਪ, ਡੂੰਘੀਆਂ ਸੋਚਾਂ ਵਿੱਚ ਡੁੱਬਦਾ ਜਾ ਰਿਹਾ ਸੀ । ਉਦਾਸ ਨਜਰਾਂ ਨਾਲ ਪਲ-ਪਲ ਦੂਰ ਹੁੰਦੇ ਜਾ ਰਹੇ ਟਾਪੂ ਵੱਲ ਦੇਖੀ ਜਾ ਰਿਹਾ ਸੀ ।
ਇੱਕ ਡਾਲਫਿਨ, ਥੋੜਾ ਫਾਸਲੇ ਤੇ ਜਹਾਜ਼ ਦੇ ਨਾਲ-ਨਾਲ ਤੈਰ ਸੀ । ਰੂਪ ਉਸ ਨੂੰ ਵੇਖੀ ਜਾ ਰਿਹਾ ਸੀ । ਉਸਦੀ ਨਜ਼ਰ ਡਾਲਫਿਨ ਉਪਰ ਟਿਕੀ ਹੋਈ ਸੀ । ਉਸ ਨੂੰ ਕੋਈ ਖਬਰ ਨਹੀ ਕਿ ਇਹ ਕਦੋਂ ਆ ਕੇ ਜਹਾਜ਼ ਦੇ ਨਾਲ-ਨਾਲ ਤੈਰਨ ਲੱਗ ਪਈ ਸੀ । ਆਪਣੇ ਆਲੇ-ਦੁਆਲੇ ਦੀ ਉਸਨੂੰ ਕੋਈ ਹੋਸ਼ ਹੀ ਨਹੀਂ ਸੀ । ਉਹ ਖੜਾ ਤਾਂ ਜਹਾਜ਼ ਦੇ ਡੱੈਕ ਉਪਰ ਸੀ, ਪਰ ਮਾਨਸਿਕ ਤੌਰ ਤੇ ਉਹ ਬੀਚ ਉਪਰ ਉਸ ਸੁੰਦਰੀ ਨਾਲ ਘੁੰਮ ਰਿਹਾ ਸੀ । ਉਸਨੂੰ ਸਿਰਫ ਉਹ ਸੁੰਦਰੀ ਹੀ ਨਜ਼ਰ ਆ ਰਹੀ ਸੀ । ਕਦੇ ਉਸ ਵੱਲ ਭੱਜੀ ਆਉਦੀ…ਕਦੇ ਕੋਈ ਪ੍ਰੇਮ ਕਲੋਲ ਕਰ ਰਹੀ… ਕਦੇ ਹੱਥ ਹਿਲਾ ਰਹੀ … ਕਦੇ ਪਾਣੀ ਵਿੱਚ ਤੈਰ ਰਹੀ… । ਹੌਲੀ-ਹੌਲੀ ਉਸ ਨੂੰ ਯਕੀਨ ਜਿਹਾ ਹੋਣ ਲੱਗਾ ਕਿ ਉਹ ਸੁੰਦਰੀ ਕੋਈ ਜਲਪਰੀ ਹੈ । ਫਿਰ ਇੰਝ ਮਹਿਸੂਸ ਹੋਣ ਲੱਗਾ ਕਿ ਉਹ ਜਲਪਰੀ ਉਸਦੇ ਜਹਾਜ਼ ਦੇ ਨਾਲ-ਨਾਲ ਤੈਰ ਰਹੀ ਹੈ । ਜਹਾਜ਼ ਦੇ ਨਾਲ-ਨਾਲ ਤੈਰ ਰਹੀ ਡਾਲਫਿਨ, ਜਿਸ ਨੂੰ ਉਹ ਬੇਧਿਆਨੇ ਹੀ ਵੇਖ ਰਿਹਾ ਸੀ, ਮੱਛੀ ਦੀ ਬਜਾਏ, ਉਸਨੂੰ ਆਪਣੀ ਪ੍ਰੇਮਿਕਾ ਜਲਪਰੀ ਲੱਗਣ ਲੱਗੀ ।
ਉਸੇ ਟਾਈਮ ਮਦਨ ਵੀ ਜ਼ਹਾਜ ਦੇ ਡੈਕ ਉਪਰ ਆ ਗਿਆ। ਉਸਨੇ ਦੇਖਿਆ ਕਿ ਰੂਪ ਬੁੱਤ ਜਿਹਾ ਬਣਿਆ ਖੜਾ ਹੈ । ਲਗਾਤਾਰ ਸਮੁੰਦਰ ਵਿਚ ਇਕੋ ਸਥਾਨ ਤੇ ਵੇਖੀ ਜਾ ਰਿਹਾ ਹੈ । ਮਦਨ ਨੇ ਉਸ ਪਾਸੇ ਵੱਲ ਵੇਖਿਆ । ਉਸਨੂੰ ਜਹਾਜ਼ ਦੇ ਨਾਲ-ਨਾਲ ਤੈਰ ਰਹੀ ਇਕ ਡਾਲਫਿਨ ਨਜ਼ਰ ਪਈ । ਮਦਨ ਐਨਾ ਤਾਂ ਸਮਝ ਗਿਆ ਕਿ ਰੂਪ ਉਸ ਡਾਲਫਿਨ ਨੂੰ ਵੇਖ ਰਿਹਾ ਹੈ, ਪਰ ਇਹ ਸਮਝ ਨਾ ਆਈ ਕਿ ਇਸ ਤਰਾਂ ਮੰਤਰ ਮੁਗਧ ਖੜ੍ਹਾ, ਉਸ ਵਿਚ ਕੀ ਖਾਸੀਅਤ ਵੇਖ ਰਿਹਾ ਹੈ । ਕਿਸੇ ਜਹਾਜ਼ੀ ਲਈ ਡਾਲਫਿਨ ਇੱਕ ਆਮ ਜਿਹੀ ਗੱਲ ਹੈ ।
ਉਧਰ ਰੂਪ ਨੂੰ ਪੂਰਨ ਯਕੀਨ ਹੋਣ ਲੱਗਾ ਕਿ ਉਸਦੀ ਪ੍ਰੇਮਿਕਾ ਉਹ ਸੂੰਦਰੀ, ਜਰੂਰ ਜਲਪਰੀ ਹੀ ਹੈ । ਉਹ ਉਸਦੇ ਸਾਹਮਣੇ ਪਾਣੀ ਅੰਦਰ ਤੈਰ ਰਹੀ ਹੈ । ਉਹ ਉਸ ਨੂੰ ਬੁਲਾ ਰਹੀ ਹੈ । ਉਹ ਇਕੱਲੀ ਹੁਣ ਉਸ ਬਿਨਾਂ ਜੀਅ ਨਹੀ ਸਕੇਗੀ । ਉਹ ਆਪਣੇ ਪਿਆਰ ਦਾ ਵਾਸਤਾ ਪਾ ਰਹੀ ਹੈ । ਡਾਲਫਿਨ ਇੱਕ ਵਾਰ ਪਾਣੀ ਚੋ ਉਪਰ ਹਵਾ ਵਿੱਚ ਉਛਲੀ । ਉਸਨੂੰ ਲੱਗਾ ਕਿ ਉਹ ਜਲਪਰੀ, ਆਪਣੀਆਂ ਬਾਹਾਂ ਉਸਦੇ ਗਲ ਵਿੱਚ ਪਾਕੇ, ਉਸਦੀ ਛਾਤੀ ਨਾਲ ਚਿਬੜਨਾ ਚਾਹੁੰਦੀ ਹੈ ।
ਰੂਪ ਦੇ ਮਨ ਅੰਦਰ ਪਿਆਰ ਦਾ ਇੱਕ ਤੂਫਾਨ ਜਿਹਾ ਉਠਿਆ । ਅੱਗੇ ਸਭ ਕੁਝ ਅਚਾਨਕ ਹੀ ਵਾਪਰਿਆ । ਰੂਪ ਨੂੰ ਆਪਣੇ ਆਪ ਤੇ ਹੁਣ ਕੋਈ ਕੰਟਰੋਲ ਨਹੀਂ ਸੀ । ਉਹ ਪੂਰੀ ਤਰਾਂ ਇੱਕ ਰੀਬੋਟ ਬਣ ਚੁੱਕਾ ਸੀ । ਉਸਦੇ ਜ਼ਿਹਨ ਅੰਦਰ ਤੈਰ ਰਹੀ ਜਲਪਰੀ ਹੀ ਉਸਨੂੰ ਕੰਟਰੋਲ ਕਰ ਰਹੀ ਸੀ ।
ਰੂਪ ਆਪਣੀ ਜਗ੍ਹਾ ਤੋਂ ਝਟਕੇ ਜਿਹੇ ਨਾਲ ਹਿਲਿਆ । ਥੋੜਾ ਅੱਗੇ ਨੂੰ ਝੁਕਿਆ । ਸਰੀਰ ਦਾ ਭਾਰ ਦੋਵਾਂ ਬਾਹਾਂ ਤੇ ਦਿੱਤਾ । ਫਿਰ ਆਪਣੀ ਸੱਜੀ ਲੱਤ ਜਹਾਜ਼ ਦੀ ਰੇਲਿੰਗ ਦੇ ਉਤੋਂ ਦੀ ਘੁੰਮਾ ਕੇ, ਰੇਲਿੰਗ ਦੇ ਬਾਹਰ ਲੈ ਗਿਆ ।
ਜਿਉਂ ਹੀ ਮਦਨ ਦੀ ਨਜ਼ਰ ਰੂਪ ਦੀ ਇਸ ਹਰਕਤ ਤੇ ਪਈ, ਤਾਂ ਉਹ ਇਕਦਮ ਹੀ ਘਬਰਾ ਗਿਆ । ਉਹ ਤੇਜੀ ਨਾਲ ਰੂਪ ਦੀ ਤਰਫ ਵਧਿਆ ਤੇ ਨਾਲ ਹੀ ਜ਼ੋਰ ਦੀ ਚਿਲਾਇਆ…ਰੂ…ਪ…ਪ।
ਇਸ ਵਕਤ ਰੂਪ ਦੀ ਦੂਸਰੀ ਲੱਤ ਵੀ ਰੇਲਿੰਗ ਤੋਂ ਬਾਹਰ ਵੱਲ ਜਾ ਰਹੀ ਸੀ । ਮਦਨ ਨੇ ਰੂਪ ਨੂੰ ਫੜਨ ਦੀ ਕੋਸ਼ਿਸ ਕੀਤੀ । ਪਰ ਰੂਪ ਰੇਲਿੰਗ ਦੇ ਬਾਹਰਲੇ ਪਾਸੇ ਜਾ ਚੁੱਕਾ ਸੀ । ਜਿਉਂ ਹੀ ਮਦਨ ਨੇ ਲਪਕ ਕੇ ਬਾਂਹ ਵਧਾਈ ਤੇ ਰੂਪ ਦਾ ਰੇਲਿੰਗ ਵਾਲਾ ਹੱਥ ਫੜਨ ਦੀ ਕੋਸ਼ਿਸ ਕੀਤੀ, ਠੀਕ ਉਸੇ ਸਮੇਂ ਰੂਪ ਨੇ ਰੇਲਿੰਗ ਛੱਡ ਦਿੱਤੀ ਤੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ ।
ਮਦਨ ਦੇ ਹੋਸ਼ ਹੀ ਉਡ ਗਏ । ਉਹ ਜ਼ੋਰ-ਜ਼ੋਰ ਦੀ ਚੀਕਣਾ ਚਾਹੁੰਦਾ ਸੀ ਕਿ ਉਸਨੂੰ ਇੱਕ ਝਟਕਾ ਹੋਰ ਲੱਗਾ । ਰੇਲਿੰਗ ਕੋਲ ਡੌਰ ਭੌਰ ਹੋਇਆ ਖੜਾ ਮਦਨ ਕੀ ਦੇਖਦਾ ਹੈ ਕਿ ਦੂਰੋਂ ਕੋਈ ਔਰਤ ਰੂਪੀ ਸਰੀਰ, ਪਾਣੀ ਨੂੰ ਚੀਰਦਾ ਹੋਇਆ ਰੂਪ ਵੱਲ ਵਧ ਰਿਹਾ ਹੈ । ਰੂਪ ਨੇ ਵੀ ਉਸ ਪਾਸੇ ਵੱਲ ਤੈਰਨਾ ਸ਼ੁਰੂ ਕਰ ਦਿੱਤਾ ਹੈ । ਉਸ ਦੀਆਂ ਅੱਖਾਂ ਹੋਰ ਵੀ ਟੱਡੀਆਂ ਗਈਆਂ ਤੇ ਟੱਡੀਆਂ ਹੀ ਰਹਿ ਗਈਆਂ । ਉਸ ਅੰਦਰਲੀ ਜੋ ਆਵਾਜ਼ ਚੀਕ ਬਣਨ ਲੱਗੀ ਸੀ, ਉਹ ਇੱਕ ਦਮ ਗੰਭੀਰ ਹੋ ਗਈ । ਹੁਣ ਮਦਨ ਸ਼ਾਇਦ ਹਵਾ ਨਾਲ ਗੱਲਾਂ ਕਰ ਰਿਹਾ ਸੀ । ਹੈਂਅ……ਅੋਰਤ……ਜਾ……ਜਲਪਰੀ ? ……ਕੀ……ਸੱਚ……ਮੁੱਚ ਹੀ,……ਇਹ……ਜਲ…ਪਰੀ……ਹੈ……ਜਾਂ,……ਫਿਰ……ਕੋਣ……?