ਬਾਅ ਉਡੀਕ ਰੱਖੀ ਅਸੀਂ ਜ਼ਰੂਰ ਆਵਾਂਗੇ
(ਪਿਛਲ ਝਾਤ )
ਜਦੋਂ ਮੈਂ ਸਾਰੇ ਘਰਦਿਆਂ ਦੀ ਮਰਜ਼ੀ ਦੇ ਖ਼ਿਲਾਫ਼ ਵਿਦੇਸ਼ ਆਉਣ ਦਾ ਫ਼ੈਸਲਾ ਕੀਤਾ ਤਾਂ ਸਭ ਉਦਾਸ ਹੋ ਗਏ ਬਈ ਇਹਨੂੰ ਚੰਗੇ ਭਲੇ ਖਾਂਦੇ ਪੀਂਦੇ ਨੂੰ ਕੀ ਝੱਲ ਉੱਠਿਆ ਬਾਹਰ ਜਾਣ ਦਾ ਜੋ ਆਪਣੀ ਮਿੱਟੀ ਆਪਣੇ ਲੋਕਾਂ ਨੂੰ ਐਂਨਾ ਮੋਹ ਕਰਦਾ ਜੋ ਹਮੇਸ਼ਾ ਦੇਸ਼ ਪੰਜਾਬ ਲਈ ਤਾਂਘਦਾ ਭਲਾਂ ਉਹ ਕਿਵੇਂ ਆਪਣੇ ਦੋਸਤਾਂ ਮਿੱਤਰਾਂ ਘਰਦਿਆਂ ਦਾ ਮੋਹ ਮੁਹੱਬਤ ਛੱਡ ਕੇ ਸੱਤ ਸਮੁੰਦਰ ਪਾਰ ਤੁਰ ਜਾਵੇਗਾ। ਘਰਦਿਆਂ ਵੀ ਸਮਝਾਇਆ ਸਾਕ ਸਕੀਰੀਆਂ ਵੀ ਇਕੱਠੀਆਂ ਕੀਤੀਆਂ ਪਰ ਸਭ ਵਿਅਰਥ ਅਖੀਰ ਘਰਦਿਆਂ ਸਭ ਪਾਸਿਓਂ ਹਾਰ ਕੇ ਹਾਮੀ ਭਰ ਦਿੱਤੀ ਉੱਤੋਂ ਪਤਾ ਨੀ ਰੱਬ ਵੱਲੋਂ ਚੰਗੀ ਜਾਂ ਮਾੜੀ ਕਿਸਮਤ ਨੂੰ ਵੀਜ਼ਾ ਵੀ ਝੱਟ ਪੱਟ ਹੀ ਆ ਗਿਆ। ਜਦੋ ਵੀਜ਼ਾ ਲੱਗੇ ਦੀ ਖ਼ਬਰ ਆਈ ਤਾਂ ਘਰੇ ਖ਼ੁਸ਼ੀਆਂ ਦੀ ਬਜਾਏ ਸੋਗ ਪੈ ਗਿਆ ਬੇਬੇ ਬਾਪੂ ਕੰਧ ਬਣ ਗਏ, ਇਹ ਗੱਲ ਜਦੋ ਮੈਂ ਦਾਦੇ ਨੂੰ ਝੋਨਾ ਵੱਢਦਿਆਂ ਖੇਤ ਦੱਸੀ ਤਾਂ ਉਹ ਕਾਲਜਾ ਫੜਦਾ ਹੌਂਕਾ ਭਰਦਾ ਖਾਲ ਦੀ ਵੱਟ ਤੇ ਬੈਠ ਗਿਆ ਉਸ ਤੇ ਜਾਣੀ ਉਸੇ ਵੇਲੇ ਬੁਢਾਪਾ ਉੱਤਰ ਆਇਆ ਹੋਵੇ ਜਿਵੇਂ ਉਹ ਚਿਰਾਂ ਦਾ ਬਿਮਾਰ ਹੋਵੇ ਕੁਝ ਨੀ ਬੋਲਿਆ ਬੱਸ ਅੱਖਾਂ ਚੋਂ ਹੰਝੂ ਡਿੱਗੇ ਤੇ ਚਿੱਟੀ ਦਾੜ੍ਹੀ 'ਚ ਗਵਾਚ ਗਏ ਮੈਲੀ ਪੱਗ ਦੇ ਲੜ ਨਾਲ ਅੱਖਾਂ ਪੂੰਝਦਾ ਕਿਤੇ ਗਵਾਚ ਜੇ ਗਿਆ। ਉਸ ਦਿਨ ਪਹਿਲੀ ਵਾਰ ਅਹਿਸਾਸ ਹੋਇਆ ਜਿਵੇਂ ਮੈਂ ਕੋਈ ਗੁਨਹੇਗਾਰ ਹੋਵਾਂ ਜਿਵੇਂ ਮੈਥੋਂ ਕੋਈ ਪਾਪ ਹੋ ਗਿਆ ਹੋਵੇ ਪਰ ਹੁਣ ਵਕਤ ਲੰਘ ਚੁੱਕਾ ਸੀ ਬਹੁਤ ਦੇਰ ਹੋ ਚੁੱਕੀ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਘਟਦਾ ਘਟਦਾ ਬੱਸ ਹੱਡੀਆਂ ਦੀ ਮੁੱਠ ਰਹਿ ਗਿਆ ਉਦੋਂ ਦੀ ਉਸ ਨੂੰ ਨਿੱਤ ਨਵੀਂ ਤੋਂ ਨਵੀਂ ਬਿਮਾਰੀ ਦੂਰੋਂ ਹੀ ਚਿੰਬੜ ਰਹੀ ਹੈ ਤੇ ਉਹ ਮੈਨੂੰ ਉਡੀਕਦਾ ਉਡੀਕਦਾ ਪੱਥਰ ਹੋ ਗਿਆ ਸ਼ਾਇਦ ਇਸਦਾ ਕਾਰਨ ਉਸਦਾ ਸਾਰੇ ਸਾਂਝੇ ਪਰਿਵਾਰ ਵਿਚੋਂ ਮੇਰੇ ਤੇ ਮੇਰੇ ਬਾਪੂ ਨਾਲ ਡਾਢਾ ਮੋਹ ਹੋਵੇ।
ਹੁਣ ਤਾਂ ਐਨੇ ਸਾਲ ਪਰਦੇਸਾਂ ਵਿਚ ਬੀਤਣ ਤੋਂ ਬਾਅਦ ਮੈਨੂੰ ਕਿਸੇ ਚੰਗੇ ਖ਼ੁਆਬ ਵਰਗੀ ਆਸ ਹੈ ਕਿ ਮੇਰਾ ਪੁੱਤ ਪਿੰਡ ਵਾਪਸ ਮੁੜ ਕੇ ਦਾਦੇ ਦੇ ਕਾਲਜੇ ਠੰਢ ਪਾਊਗਾ ਤੇ ਮੇਰੇ ਸਾਰੇ ਉਲਾਂਭੇ ਲਾਊਗਾ ਜਿੱਥੇ ਸਾਡਾ ਅੱਧਾ ਪਰਿਵਾਰ ਅੱਧੇ ਪਰਿਵਾਰ ਨੂੰ ਉਦਾਸ ਅੱਖਾਂ ਨਾਲ ਉਡੀਕ ਰਿਹਾ। 'ਤੇ ਮੈਂ ਉਸੇ ਖੇਤ ਦੀਆਂ ਵੱਟਾਂ ਤੇ ਤੁਰੇ ਫਿਰਦੇ ਦਾਦੇ ਦੇ ਪੈਰੀਂ ਹੱਥ ਲਾ ਕੇ ਕਹੂੰ ਲੈ ਬਾਅ ਤੂੰ ਇੱਕ ਪੋਤਰਾ ਤੋਰਿਆ ਸੀ ਮੈਂ ਤੇਰਾ ਵਿਆਜ ਵੀ ਨਾਲ ਲਿਆਇਆਂ ਲੈ ਆਵਦੇ ਪੜੋਤੇ ਨੂੰ ਮੋਢਿਆਂ ਤੇ ਬਿਠਾ ਕੇ ਦਿਖਾ ਆਪਣੇ ਖੇਤ ਬੰਨੇ ਜਿੱਥੇ ਰੱਬ ਵਸਦਾ।
ਜਦੋਂ ਪਰਦੇਸ ਤੁਰਨ ਵੇਲੇ ਮੈਂ ਗੱਡੀ 'ਚ ਬੈਠਣ ਲੱਗਾ ਤਾਂ ਦਾਦੇ ਨੇ ਹੰਝੂ ਭਰੀਆਂ ਅੱਖਾਂ ਨਾਲ ਮੈਨੂੰ ਤੱਕਿਆ ਤਾਂ ਜਾਨ ਨਿੱਕਲ ਗਈ ਉਸਨੇ ਮੈਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਤੇ ਜੇਬ 'ਚ ਪਾਏ ਰੁਮਾਲ ਵਿਚ ਵਲੇਟੇ ਦੋ ਸੌ ਰੁਪੈ ਕੱਢ ਕੇ ਮੇਰੀ ਮੁੱਠੀ 'ਚ ਦਿੰਦਿਆਂ ਕਿਹਾ ਕਿ ਲੈ ਪੁੱਤ ਰਾਹ 'ਚ ਕੁਝ ਖ਼ਾਹ ਪੀ ਲਈ ਸੁਣਦੇ ਸਾਰ ਕਾਲਜਾ ਮੂੰਹ ਨੂੰ ਆ ਗਿਆ। ਉਹ ਦੋ ਸੌ ਰੁਪਏ ਮੈਂ ਅੱਜ ਵੀ ਸੰਭਾਲ ਕੇ ਰੱਖੇ ਨੇ ਅੱਜ ਵੀ ਉਨ੍ਹਾਂ ਚੋਂ ਜੋ ਮਹਿਕ ਅਤੇ ਆਪਣਾਪਨ ਮਹਿਸੂਸ ਹੁੰਦਾ ਉਹ ਹਜ਼ਾਰਾਂ ਡਾਲਰਾਂ ਵਿੱਚੋਂ ਵੀ ਨਹੀਂ ਮਿਲਦਾ ਜਦੋਂ ਵੀ ਉਹ ਨੋਟ ਦੇਖ ਕੇ ਹਿੱਕ ਨਾਲ ਲਾਉਂਦਾ ਤਾਂ ਭਾਵੁਕ ਹੋ ਕੇ ਅੰਦਰ ਪਾਟਨ ਲੱਗ ਜਾਂਦਾ। ਬਾਅ ਦੀਆਂ ਗੱਲਾਂ ਕੰਨਾਂ 'ਚ ਗੂੰਜਦੀਆਂ ਲੱਗਦੀਆਂ ਨੇ ਕਿ ਪੁੱਤਰਾ ਅਸੀਂ ਮਿਹਨਤਾਂ ਕਰ ਕਰ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਐਨੀ ਜ਼ਮੀਨ ਜਾਇਦਾਦ ਕਿਸ ਲਈ ਬਣਾਈ ਸੀ ਜੋ ਤੁਸੀਂ ਹੁਣ ਬਾਹਰ ਤੁਰ ਚੱਲੇ ਜਿਸਦਾ ਅੱਗੋਂ ਕਦੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਔੜਦਾ। ਆਪਣੇ ਆਪ ਨੂੰ ਸਹੀ ਸਾਬਤ ਕਰਦਿਆਂ ਕਦੇ ਕਹਿ ਦੇਈਦਾ ਆਪਣਾ ਮੁਲਖ ਨੀ ਚੰਗਾ ਕਦੇ ਕਹਿ ਦੇਈਦਾ ਇੱਥੇ ਭਵਿੱਖ ਤੇ ਪੈਸਾ ਹੈ ਨੀ ਕਦੇ ਕਹਿ ਦੇਈਦਾ ਜਿੱਥੇ ਦਾਣਾ ਪਾਣੀ ਲਿਖਿਆ ਪਰ ਸੱਚ ਤਾਂ ਇਹ ਹੈ ਕਿ ਰੂਹ ਦੀਆਂ ਜਿੰਦਾਂ ਦੇ ਸਵਾਲ ਅਸੀਂ ਦੁਨਿਆਵੀ ਗੱਲਾਂ ਨਾਲ ਸੁਲਝਾ ਨਹੀਂ ਸਕਦੇ। ਬਾਅ ਉਡੀਕ ਰੱਖੀ ਅਸੀਂ ਜ਼ਰੂਰ ਆਵਾਂਗੇ।