ਇਨਕਲਾਬ (ਕਹਾਣੀ)

ਵਰਿੰਦਰ ਅਜ਼ਾਦ   

Email: azad.asr@gmail.com
Cell: +91 98150 21527
Address: 15, ਗੁਰਨਾਮ ਨਗਰ ਸੁਲਤਾਨਵਿੰਡ ਰੋਡ
ਅੰਮ੍ਰਿਤਸਰ India 143001
ਵਰਿੰਦਰ ਅਜ਼ਾਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੇਠ ਹਾੜ ਦੀਆਂ ਧੁੱਪਾਂ ਨੇ ਤਾਂ ਅੱਤ ਹੀ ਕਰ ਦਿੱਤੀ। ਦੁਪਿਹਰ ਵੇਲੇ ਤਾਂ ਜਿਵੇਂ ਲੋਕਾਂ ਨੂੰ ਸੱਪ ਸੁੰਘ ਗਿਆ ਹੋਵੇ। ਘਰੋਂ ਬਾਹਰ ਨਿਕਲਣ ਲਈ ਕੋਈ ਤਿਆਰ ਨਹੀਂ ਸੀ। ਫਿਰ ਵੀ ਟਾਵਾਂ-ਟਾਵਾਂ ਬੰਦਾ ਸੜਕ ਤੇ ਦਿਖਾਈ ਦਿੰਦਾ ਪਿਆ ਸੀ। ਇਸ ਖੁਨ ਨਿਚੋੜਨ ਵਾਲੀ ਗਰਮੀ ਵਿੱਚ ਦੁਪਿਹਰ ਦੇ ਸਮੇਂ ਮੋਹਨ ਸਿੰਘ ਆਪਣੇ ਟੁੱਟੇ ਜਿਹੇ ਸਾਈਕਲ ਦੇ ਪੈਂਡਲ ਮਾਰਨ ਲਈ ਮਜਬੂਰ ਸੀ। ਗਰਮੀ ਅਤੇ ਥਕਾਵਟ ਨਾਲ ਮੋਹਨ ਸਿੰਘ ਹਾਲੋ ਬੇਹਾਲ ਸੀ। ਸਫਰ ਹਾਲੇ ਵੀ ਬਹੁੱਤ ਸੀ। ਮੋਹਨ ਸਿੰਘ ਦਾ ਹੌਂਸਲਾ ਸ਼ੇਰ ਦੀ ਤਰ੍ਹਾਂ ਬੁਲੰਦ ਸੀ। ਜਿਸ ਸੜਕ ਤੇ ਮੋਹਨ ਸਿੰਘ ਸਾਈਕਲ ਚਲਾ ਰਿਹਾ ਸੀ, ਉਥੇ ਨੇੜੇ-ਤੇੜੇ ਚਾਹ ਦੀ ਦੁਕਾਨ ਨਹੀਂ ਸੀ। ਮੋਹਨ ਸਿੰਘ ਜੋਸ਼ ਨਾਲ ਤੇਜ਼ ਤੇਜ਼ ਪੈਂਡਲ ਮਾਰਨ ਲੱਗ ਜਾਂਦਾ, ਜਦ ਥਕਾਵਟ ਹੋ ਜਾਂਦੀ ਤਾਂ ਪੈਂਡਲ ਵੱਜਣੇ ਆਪਣੇ ਆਪ ਹੌਲੀ ਹੋ ਜਾਂਦੇ।
ਕੁੱਝ ਸਮੇਂ ਬਾਅਦ ਮੋਹਨ ਸਿੰਘ ਨੂੰ ਚਾਹ ਦੀ ਦੁਕਾਨ ਦਿਖਾਈ ਦਿੱਤੀ। ਇਹ ਚਾਹ ਵਾਲਾ ਮੋਹਨ ਸਿੰਘ ਦਾ ਮਿੱਤਰ ਬੰਤਾ ਸਿੰਘ ਹੈ। ਬੰਤਾ ਸਿੰਘ ਤੇ ਮੋਹਨ ਸਿੰਘ ਪਿੰਡ ਵਿੱਚ ਇਕੱਠੇ ਖੇਡੇ ਤੇ ਜਵਾਨ ਹੋਏ। ਟੁੱਟਾ ਜਿਹਾ ਸਾਈਕਲ ਮੋਹਨ ਸਿੰਘ ਨੇ ਬੰਤਾ ਸਿੰਘ ਦੀ ਦੁਕਾਨ ਅੱਗੇ ਲਗਾਇਆ ਅਤੇ ਅੰਦਰ ਚਲਾ ਗਿਆ।
"ਵੀਰ ਬੰਤਾ ਸਿੰਹਾਂ ਇੱਕ ਚਾਹ ਤੇ ਦੋ ਮੱਠੀਆਂ ਦੇ ਦੇਵੀਂ, ਪਤਾ ਨਹੀਂ ਅੱਜ ਢਿੱਡ ਵਿੱਚ ਕਿਉ ਖੋ ਜਿਹੀ ਪੈਂਦੀ ਪਈ ਹੈ? ਨਾਲੇ ਧਿਆਨ ਰੱਖੀਂ ਮਿੱਠਾ ਅਤੇ ਪੱਤੀ ਤੇਜ ਹੋਣ ਚਾਹ ਪੀਣ ਦਾ ਮਜ਼ਾ ਆ ਜਾਵੇ, ਥਕਾਵਟ ਵੀ ਤਾਂ ਬਹੁੱਤ ਹੋ ਗਈ ਹੈ।"
"ਭਾਊ ਥੱਕਣਾ ਤਾਂ ਆਪੇ ਹੀ ਹੋਇਆ, ਪੈਂਡਾ ਵੀ ਕਿਹੜਾ ਘੱਟ ਹੈ?" ਕੁੱਝ ਬਦਲ ਕੇ, ਚੰਗਾ ਕੰਮ ਬਾਰੇ ਦੱਸ ਕਿਵੇਂ ਚੱਲਦਾ ਪਿਐ?"
ਕੰਮ ਦਾ ਨਾਮ ਸੁਣਦੇ ਹੀ ਮੋਹਨ ਸਿੰਘ ਨੂੰ ਗੁੱਸਾ ਆ ਗਿਆ, ਗੁੱਸੇ ਨਾਲ ਮੋਹਨ ਸਿੰਘ ਦੀਆਂ ਅੱਖਾਂ ਲਾਲ ਹੋਈਆਂ ਤੇ ਬੋਲਿਆ, 'ਬੇਲੀ ਬੰਤਾ ਸਿੰਹਾਂ, ਕੁੱਤੇ ਦੇ ਪੁੱਤ ਸਾਲੇ ਪੱਲੇ ਕੁੱਝ ਨਹੀਂ ਪਾਂਦੇ ਹਕੂਮਤ ਇਵੇਂ ਕਰਦੇ ਆ ਜਿਵੇਂ ਉਹਨਾਂ ਦੇ ਗੁਲਾਮ ਜਾਂ ਗਏ ਗੁਜਰੇ ਨੌਕਰ ਹੋਣ ਮੈਂ ਅੱਜ ਹਮੇਸ਼ਾਂ-ਹਮੇਸ਼ਾਂ ਲਈ ਨੌਕਰੀ ਛੱਡ ਆਇਆ ਹਾਂ।"
ਮੋਹਨ ਸਿੰਘ ਚਾਹੇ ਗਰੀਬੀ ਭੁੱਖ ਨਾਲ ਲਾਚਾਰ ਹੈ ਫਿਰ ਵੀ ਖੁਦਾਰੀ ਅਤੇ ਇੱਜ਼ਤ ਉਸਨੂੰ ਜਾਨ ਤੋਂ ਪਿਆਰੀ ਹੈ। ਮੋਹਨ ਸਿੰਘ ਆਜ਼ਾਦ ਕਿਸਮ ਦਾ ਬੰਦਾ ਹੈ। ਗੁਲਾਮੀ ਕਰਨੀ ਉਸਦੇ ਵੱਸ ਦਾ ਰੋਗ ਨਹੀਂ। ਮੋਹਨ ਸਿੰਘ ਕੁੱਝ-ਕੁੱਝ ਇਨਕਲਾਬੀ ਵੀ ਹੈ ਤੇ ਗਰੀਬੀ ਅਤੇ ਬੇਬਸੀ ਉਸਦਾ ਪਿੱਛਾ ਨਹੀਂ ਛੱਡਦੀ।
"ਭਾਊ ਬੰਤਾ ਸਿੰਹਾਂ ਸਾਡੇ ਕੋਲ ਕਿਸੇ ਦੀ ਗੁਲਾਮੀ ਨਹੀਂ ਹੁੰਦੀ। ਮੈਂ ਕਿਸੇ ਦੀ ਨੌਕਰੀ ਨਹੀਂ ਕਰ ਸਕਦਾ। ਮੈਂ ਚਾਹੇ ਸਾਲ ਭਰ ਵਿਹਲਾ ਕਿਉਂ ਨਾ ਫਿਰ ਲਵਾਂ, ਚਾਹੇ ਤੇਰੇ ਵਾਂਗ ਚਾਹ ਦੀ ਦੁਕਾਨ ਕਰ ਲਉਂ ਚਿੱਤ (ਦਿਲ) ਕਰਦਾ ਹੈ….।"
"ਭਾਊ ਮੋਹਨ ਸਿੰਹਾਂ ਸਾਡੀ ਵੀਕੋਈ ਜੂਨ ਹੋਈ।" ਅੱਜ ਜਵਾਨ ਹੋਏ ਤੇ ਕੱਲ੍ਹ ਬੁੱਢੇ, ਜਵਾਨੀ ਤਾਂ ਅਸੀਂ ਪੂਰੀ ਤਰ੍ਹਾਂ ਮਾਣ ਹੀ ਨਹੀਂ ਸਕਦੇ। ਤੂੰ ਤਾਂ ਕਾਰਖਾਨਿਆਂ ਵਿੱਚ ਨੌਕਰੀ ਕਰਦਾ ਹੈਂ। ਕਾਰਖਾਨੇਦਾਰ ਨੂੰ ਹੱਲ ਦੇਣ ਲੱਗਿਆ ਗੋਲੀ ਵੱਜਦੀ ਹੈ। ਸ਼ਰਾਬ ਪੀਣ ਅਤੇ ਤੀਵੀਂ ਬਾਜੀ ਕਰਨ ਲਈ ਐਨੇ ਪੈਸੇ ਇੰਨ੍ਹਾਂ ਕੋਲ ਆ ਜਾਂਦੇ ਹਨ।"
ਮੋਹਨ ਸਿੰਘ ਕੁੱਝ ਅਜੀਬ ਗਰੀਬ ਕਿਸਮ ਦਾ ਬੰਦਾ ਹੈ। ਹੁਣੇ-ਹੁਣੇ ਇੰਨੇ ਗੁੱਸੇ ਵਿੱਚ ਸੀ ਕਿ ਹੁਣ ਬੜੀ ਹਲੀਮੀ ਨਾਲ ਗੱਲਾਂ ਕਰਨ ਲੱਗ ਪਿਆ।  ਗੱਲਾਂ-ਗੱਲਾਂ ਵਿੱਚ ਬਦਲ ਜਾਣਾ ਉਸਦਾ ਸੁਬਾaੇ ਬਣ ਗਿਆ ਸੀ।
"ਭਾਊ ਬੰਤਾ ਸਿੰਹਾਂ ਹੁਣ ਮੇਰਾ ਚਿੱਤ ਕਰਦਾ ਇੱਕ ਵਾਰ ਫਿਰ ਟਰੱਕ ਡਰਾਈਵਰ ਬਣਨ ਨੂੰ, ਨਾਲੇ ਟਰੱਕ ਡਰਾਈਵਰ ਬਣ ਕੇ ਮੌਜਾ ਕੰਮ ਦਾ ਕੰਮ ਅਤੇ ਸੈਰ ਦੀ ਸੈਰ।"
"ਭਾਈ ਮੋਹਨ ਸਿਹਾਂ ਤੈਨੂੰ ਟਰੱਕ ਡਰਾਈਵਰ ਬਣਾਏਗਾ ਕੌਣ?"
ਪਹਿਲਾਂ ਵੀ ਇੱਕ ਵਾਰ ਟਰੱਕ ਡਰਾਈਵਰ ਬਣਾਇਆ ਸੀ। ਬੰਤਾ ਸਿੰਘ ਗੱਲ ਬਦਲਦਾ ਹੋਇਆ ਕਹਿਣ ਲੱਗਾ, ਤੇਰੀ ਮਦਦ ਤੇਰਾ ਕੋਈ ਰਿਸ਼ਤੇਦਾਰ ਨਹੀਂ ਕਰਦਾ।"
"ਭਾਈ ਬੰਤਾ ਸਿਹਾਂ ਤੂੰ ਸਾਡਾ ਮਿੱਤਰ ਬੇਲੀ ਭਰਾਵਾਂ ਨਾਲੋਂ ਵੱਧ, ਇਕੱਠੇ ਪੜ੍ਹਦੇ ਰਹੇ। ਮੈਂ ਤੈਨੂੰ ਆਪਣੀ ਸਾਰੀ ਗੱਲ ਦੱਸਦਾ ਹਾਂ। ਮੇਰੇ ਨਾਲ ਹੁਣ ਤੱਕ ਕੀ ਹੋਇਆ। ਜਦ ਮੈਂ ਨੌਵੀਂ ਜਮਾਤ ਵਿੱਚ ਪੈਲ ਹੋ ਗਿਆ ਤਦ ਬਾਪੂ ਅਤੇ ਬੇਬੇ ਨੇ ਮੈਨੂੰ ਕੰਮ ਕਰਨ ਲਈ ਕਿਹਾ। ਭਾਊ ਤੈਨੂੰ ਤਾਂ ਪਤਾ ਹੈ ਕਿ ਮੈਨੂੰ ਟਰੱਕ ਡਰਾਈਵਰੀ ਦਾ ਸ਼ੌਂਕ ਹੈ। ਮੈਂ ਬਾਪੂ ਤੇ ਬੇਬੇ ਨੂੰ ਸਾਫ ਕਹਿ ਦਿਤਾ ਮੈਂ ਤਾਂ ਟਰੱਕ ਡਰਾਈਵਰ ਬਣਨਾ ਹੈ। ਬਾਪੂ ਬੇਬੇ ਨੇ ਪਹਿਲਾਂ ਤਾਂ ਨਾਂਹ ਨੁੱਕਰ ਕਰ ਦਿੱਤੀ ਫਿਟ ਮੰਨ ਗਏ।"
"ਮੋਹਨ ਸਿਹਾਂ ਟਰੱਕ ਡਰਾਈਵਰੀ ਤਾਂ ਬੜੀ ਔਖੀ ਹੁੰਦੀ ਹੈ?" ਗੱਲ ਤਾਂ ਤੇਰੀ ਠੀਕ ਹੈ, ਕੌਣ ਕਿਸੇ ਨੂੰ ਕੰਮ ਸਿਖਾਉਂਦਾ ਹੈ? ਕਿਸੇ ਨੂੰ ਕਿਸੇ ਦਾ ਕੋਈ ਦਰਦ ਨਹੀਂ।"
"ਇੱਥੇ ਤਾਂ ਆਪਣੇ ਨਹੀਂ ਬਣਦੇ ਹੋਣਾ ਕੀ ਸੀ ਟਰੱਕ ਵਾਲਿਆਂ ਨੇ ਮੇਰੇ ਕੋਲੋਂ ਸੀਮੇਂਟ ਦੀਆਂ ਬੋਰੀਆਂ ਚੁਕਾਵਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨਾਲ ਮੈਂ ਸਾਰੀ-ਸਾਰੀ ਦਿਹਾੜੀ ਮਜਦੂਰੀ ਕਰਦਾ। ਰਾਤ ਨੂੰ ਉਸਤਾਦ ਗਾਲ੍ਹਾਂ ਕੱਢਦਾ। ਸਰਾਬ, ਤੰਬਾਕੂ ਅਤੇ ਹੋਰ ਖੇਹ ਸਚਾਹ ਖਾਣ ਦੀ ਆਦਤ ਪਾ ਦਿੱਤੀ। ਉਹ ਮੇਰੀ ਕਮਜ਼ੋਰੀ ਸਮਝ ਚੁੱਕੇ ਸਨ। ਕਦੀ ਕਦੀ ਉਹ ਟਰੱਕ ਦਾ ਸਟੇਅਰਿੰਗ ਮੇਰੇ ਹੱਥ ਫੜਾ ਦਿੰਦੇ। ਬੱਸ ਫਿਰ ਕੀ ਹੋਣਾ ਕਈ-ਕਈ ਦਿਨ ਮੇਰਾ ਚਾਅ ਮੱਠਾ ਨਾ ਹੋਣਾ। ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਦੁਨੀਆ ਜਹਾਨ ਦੀਆਂ ਖੁਸ਼ੀਆਂ ਮਿਲ ਗਈਆਂ ਹੋਣ। ਇੱਕ ਦਿਨ ਟਰੱਕ ਦਾ ਐਕਸੀਡੈਂਟ ਹੋ ਗਿਆ।ਮਾਲਕ ਨੇ ਸਾਨੂੰ ਸੱਭ ਨੂੰ ਬਾਹਰ ਕੱਢ ਦਿੱਤਾ।"
"ਫਿਰ ਕੀ ਹੋਇਆ? ਉਸ ਤੋਂ ਬਾਅਦ।
ਹੋਣਾ ਕੀ  ਭਾਊ ਬੰਤਾ ਸਿਹਾਂ ਇੱਕ ਸਾਲ ਮੇਰਾ ਐਵੀਂ ਖਰਾਬ ਹੋਇਆ। ਮੇਰੇ ਅੰਦਰ ਨਫ਼ਰਤ ਦੀ ਅੱਗ ਲੱਗ ਚੁੱਕੀ ਸੀ। ਜੀਅ ਕਰਦਾ ਕਿ ਸਾਰੇ ਦੇ ਸਾਰੇ ਜਹਾਨ ਨੂੰ ਅੱਗ ਲਗਾ ਕੇ ਸਾੜ ਦੇਵਾਂ, ਜਾਂ ਆਪ ਕੁੱਝ ਖਾ ਕੇ ਮਰ ਜਾਣ ਨੂੰ ਚਿੱਤ ਕਰਦਾ।
"ਮੋਹਨ ਸਿਹਾਂ ਮਰ ਜਾਣ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਉਸਤੋਂ ਬਾਅਦ ਕੀ ਹੋਇਆ?
"ਹੋਣਾ ਕੀ ਬੰਤਾ ਸਿਹਾਂਜੋ ਹਮੇਸ਼ਾਂ ਮਾੜੇ ਬੰਦੇ ਨਾਲ ਹੁੰਦਾ ਆਇਆ, ਮਾੜੇ ਬੰਦੇ ਦਾ ਤਾਂ ਰੱਬ ਵੀ ਸਾਥ ਨਹੀਂ ਦਿੰਦਾ।"
"ਗੱਲ ਤਾਂ ਤੇਰੀ ਠੀਕ ਹੈ, ਮੋਹਨ ਸਿਹਾਂ!"
"ਬੰਤਾ ਸਿਹਾਂ ਉੱਤੇ ਨੇੜੇ ਮੇਰੇ ਭੂਆ ਦੀ ਕੁੜੀ ਬਚਨੀ ਰਹਿੰਦੀ ਸੀ। ਕਦੇ ਕਦੇ ਉਹਦੇ ਘਰ ਆਉਣਾ ਜਾਣਾ ਰਹਿੰਦਾ ਸੀ। ਜਦੋਂ ਮੈਂ ਉਸਨੂੰ ਕਿਹਾ ਕਿ ਮਾਲਕ ਨੇ ਸਾਨੂੰ ਨੌਕਰੀ ਚੋਂ ਕੱਢ ਦਿੱਤਾ ਹੈ ਤਾਂ ਬਚਨੀ ਨੇ ਕਿਹਾ, ਮੇਰੇ ਕੋਲ ਆ ਜਾਹ।"
"ਮੇਰਾ ਚਿੱਤ ਤਾਂ ਨਹੀਂ ਮੰਨਦਾ ਸੀ ਭੈਣ ਘਰ ਰਹਿਣ ਲਈ ਪਰ ਮਜਬੂਰੀ ਹੋਣ ਕਰਕੇ ਕੋਈ ਚਾਰਾ ਵੀ ਨਹੀਂ ਸੀ। ਘਰ ਮੈਂ ਜਾ ਨਹੀਂ ਸੀ ਸਕਦਾ। ਨਾਲੇ ਫਿਰ ਮਿੱਤਰਾ ਦਿਲ ਦਾ ਕੀ ਹੁੰਦਾ ਹੈ?"
"ਗੱਲ ਤਾਂ ਤੇਰੀ ਠੀਕ ਹੈ ਮੋਹਨ ਸਿਹਾਂ, ਭੈਣ ਦੇ ਘਰ ਰਹਿਣਾ ਕਿਹੜਾ ਸੌਖਾ ਕੰਮ ਹੈ। ਬੰਦੇ ਕੋਲੋਂ ਸੱਭ ਕੁੱਝ ਮਜਬੂਰੀ ਕਰਵਾਉਂਦੀ ਹੈ।"
"ਬੰਤਾ ਸਿਹਾਂ ਉੱਤੇ ਮੇਰੀ ਵੀ ਹਾਲਤ ਹਦੋਂ ਲਾਹਨਤ ਵਾਲੀ ਸੀ। ਮੈਂ ਸਾਰਾ-ਸਾਰਾ ਦਿਨ ਡੰਗਰਾਂ ਨੂੰ ਪੱਠੇ ਪਾਉਂਦਾ, ਬੱਚਿਆਂ ਦੇ ਕਪੜੇ ਧੌਂਦਾ, ਉਹਨਾਂ ਨੂੰ ਟੱਟੀ ਪਿਸ਼ਾਬ ਕਰਵਾਉਂਦਾ, ਜੀਜੇ ਨੂੰ ਸ਼ਰਾਬ ਕੱਢ ਕੇ ਦਿੰਦਾ। ਭੈਣ ਮੈਨੂੰ ਸਵੇਰੇ ਕੱਚੀ ਲੱਸੀ ਨਾਲ ਰੋਟੀ ਦਿੰਦੀ। ਰਾਤ ਨੂੰ ਆਚਾਰ ਨਾਲ ਗੰਡੇ ਤੇ ਮਿਰਚਾਂ ਦੀ ਚਟਨੀ ਨਾਲ ਰੋਟੀ ਦਿੰਦੀ।"
"ਫਿਰ ਤਾਂ ਸੱਚ ਹੀ ਮੋਹਨ ਸਿਹਾਂ ਤੇਰੇ ਨਾਲ ਜੁਲਮ ਹੋਇਆ। ਬੇਗਾਨਿਆਂ ਨੇ ਤਾਂ ਕੀ ਜੁਲਮ ਕਰਨਾ ਹੋਇਆ, ਜਦੋਂ ਆਪਣੇ ਹੀ ਵੈਰੀ ਬਣ ਜਾਣ ਤਾਂ ਕੀ ਕੀਤਾ ਜਾਵੇ?" ਤੂੰ ਤਾਂ ਭੈਣ ਭਣਵਈਏ ਤੇ ਵਿਸ਼ਵਾਸ਼ ਕੀਤਾ, ਤੈਨੂੰ ਕੀ ਮਿਲਿਆ ਵਿਸ਼ਵਾਸ਼ ਕਰਕੇ?"
"ਮਿਲਣਾ ਮੁਲਣਾ ਕੀ? ਬੰਤਾ ਸਿਹਾਂ! ਬੱਸ ਸੱਭ ਕਰਮਾਂ ਦੀ ਖੇਡ ਹੈ ਅਤੇ ਲੇਖ ਮਾੜੇ ਹੋਣ ਤਾਂ ਕਿਸੇ ਦਾ ਕੀ ਦੋਸ਼? ਫਿਰ ਸੋਚਿਆ ਇਸ ਦੁਨੀਆ ਦਾਰੀ ਵਿੱਚ ਕੀ ਰੱਖਿਆ ਆਪਾਂ ਸਾਧ ਫਕੀਰ ਹੋਜਾਈਏ।" ਬਚਨੀ ਦੇ ਘਰੋਂ ਦੌੜ ਕੇ ਸਾਧਾਂ ਦੇ ਡੇਰੇ ਤੇ ਚਲਾ ਗਿਆ।
"ਤੂੰ ਠੀਕ ਸੋਚਿਆ ਆਖਰ ਰੱਬ ਨੂੰ ਹੀ ਆਸਰਾ ਹੁੰਦਾ ਬੰਦੇ ਨੂੰ। ਸਾਧੂ ਸੰਤ ਹੀ ਬੰਦੇ ਦੇ ਦੁੱਖ ਨੂੰ ਸਮਝਦਾ ਹੈ ਅਤੇ ਬੰਦੇ ਦੇ ਦੁੱਖ ਦਰਦ ਨੂੰ ਦੂਰ ਕਰਨ ਦਾ ਣਤਨ ਕਰਦਾ ਹੈ। ਸਾਧੂ ਸੰਤ ਰੱਬ ਦਾ ਦੂਜਾ ਰੂਪ ਹੁੰਦੇ ਹਨ।"
ਸਾਡੇ ਸਮਾਜ ਦਾ ਤਾਣਾ ਬਾਣਾ ਹੀ ਇਸ ਢੰਗ ਦਾ ਬੁਣਿਆ ਹੋਇਆ ਹੈ। ਗਰੀਬ ਅਤੇ ਸ਼ਰੀਫ ਆਦਮੀ ਨੂੰ ਸੁੱਖ ਘੱਟ ਹੀ ਮਿਲਦਾ ਹੈ। ਸਾਡੇ ਸਮਾਜ ਵਿੱਚ ਨਕਾਬਪੋਸ਼ ਬਹੁੱਤ ਮਿਲ ਜਾਂਦੇ ਹਨ। ਸ਼ਕਲ ਮੋਮਨਾਂ ਦੀ ਕਰਤੂਤ ਕਾਫਰਾਂ ਦੀ। ਵੇਖਣ ਨੂੰ ਤਾਂ ਇਹ ਸੱਭ ਲੋਕ ਸਾਧੂ ਸੰਤ ਲੱਗਦੇ ਹਨ। ਜਦੋਂ ਵਾਸਤਾ ਪੈਂਦਾ ਹੈ ਤਾਂ ਇਹ ਲੋਕ ਬਦਮਾਸ਼ ਕੋਲਾਂ ਨਾਲੋਂ ਵੀ ਗਏ ਗੁਜਰੇ ਹੁੰਦੇ ਹਨ। ਸਾਧੂ ਸੰਤਾਂ ਨੂੰ ਬਦਨਾਮ ਕਰਦੇ ਹਨ।
"ਮੂਸਾ ਭੱਜਿਆ ਮੌਤ ਤੋਂ, ਮੌਤ ਅੱਗੇ ਖੜੀ"। ਭਾਊ ਬੰਤਾ ਸਿਹਾਂ ਇਹ ਲੋਕ ਗੱਡੀ ਥੱਲੇ ਦੇਣ ਵਾਲੇ ਹਨ। ਮੈਂ ਦੌੜ ਕੇ ਮਹੰਤਾ ਦੇ ਡੇਰੇ ਆ ਗਿਆ। ਉਹਨਾਂ ਮੇਰੇ ਗਲ ਵਿੱਚ ਪੁਰਾਣਾ ਜਿਹਾ ਚੋਲਾ ਪਾ ਦਿੱਤਾ ਤੇ ਕਿਹਾ ਭਗਤਾ ਅੱਜ ਤੋਂ ਬਾਅਦ ਤੂੰ ਸਾਡਾ ਚੇਲਾ ਹੋਇਆ। ਅਸੀਂ ਤੇਰੇ ਗੁਰੂ। ਗੁਰੂ ਦਾ ਹੁਕਮ ਰੱਬ ਦੇ ਹੁਕਮ ਬਰਾਬਰ ਹੈ। ਸਾਡੀ ਹਰ ਗੱਲ ਮੰਨਣੀ ਤੇਰਾ ਧਰਮ ਬਣ ਗਿਆ।"
ਜਿਹੜਾ ਬੰਦਾ ਆਪਣੇ ਧਰਮ ਦੀ ਪਾਲਣਾ ਨਹੀਂ ਕਰਦਾ, ਉਹ ਪਾਪਾਂ ਦਾ ਅਧਿਕਾਰੀ ਹੁੰਦਾ ਹੈ ਤੇ ਪਾਪੀ ਬੰਦਾ ਸਿੱਧਾ ਨਰਕਾਂ ਵਿੱਚ ਜਾਂਦਾ ਹੈ। ਮੈਂ ਗੁਰੂ ਦੇ ਬਚਨ ਨੂੰ ਸੱਤ ਬਚਨ ਕਿਹਾ।
ਫਿਰ ਕੀ ਹੋਣਾ ਸੀ? ਸ਼ਾਰਾ ਦਿਨ ਮੈਂ ਆਪਣੇ ਗੁਰੂ ਲਈ ਲੋਕਾਂ ਕੋਲੋਂ ਮੰਗ ਕੇ ਲੈ ਆਉਂਦਾ। ਸਰਦੀ ਹੋਵੇ ਜਾਂ ਗਰਮੀ ਰਾਤ ਨੂੰ ਮਹੰਤ ਦੇ ਕਪੜੇ ਧੋਂਦਾ। ਮਹੰਤ ਡੇਰੇ ਵਿੱਚ ਭੈੜੇ ਕੰਮ ਕਰਦਾ। ਮੈਂ ਸਵੇਰੇ ਤੜਕੇ ਸਾਰ ਉੱਠਦਾ, ਮਹੰਤ ਭੰਗ ਪੀ ਕੇ ਸੌਂ ਜਾਂਦਾ। ਮੈਨੂੰ ਮੰਜਾ ਵੀ ਨਸੀਬ ਨਹੀਂ ਸੀ।  ਬਾਹਰ ਬੋਹੜ ਹੇਠ ਸੌਂ ਜਾਂਦਾ। ਕਹਿਣ ਤੋਂ ਭਾਵ ਬੰਤਾ ਸਿਹਾਂ ਉਹ ਮਹੰਤ ਤਾਂ ਆਮ ਬੰਦੇ ਨਾਲੋਂ ਵੀ ਗਿਆ ਗੁਜਰਿਆ ਸੀ। ਉਸ ਦੇ ਦਿਲ ਵਿੱਚ ਤਰਸ ਨਾਂ ਦੀ ਕੋਈ ਚੀਜ਼ ਨਹੀਂ ਸੀ ਮੰਨਦੇ ਸਨ, ਧਾਗੇ, ਤਵੀਤ ਕਰਵਾਉਂਦੇ ਆਪਣੀਆਂ ਆਸਾਂ ਉਮੀਦਾਂ ਪੂਰੀਆਂ ਕਰਵਾਉਣ ਦੀ ਆਸ ਨਾਲ ਮਹੰਤ ਜਾਦੂ-ਟੂਣੇ ਵੀ ਕਰਦਾ। ਜਨਾਨੀਆਂ ਤਾਂ ਉਸ ਕੋਲ ਤੁਰੀਆਂ ਹੀ ਰਹਿੰਦੀਆਂ। ਮੈਂ ਉਸ ਕੋਲੋਂ ਵੀ ਦੋੜ ਆਇਆ।
"ਸੱਭ ਦਾ ਇਹ ਹਾਲ ਹੈ, ਮੋਹਨ ਸਿੰਘ ਬੰਦਾ ਕਿਸ ਦੇ ਭਰੋਸੇ? ੀਕਸੇ ਤੇ ਭਰੋਸਾ ਕਰੇ ਤੇ ਕਿਸਤ ਨਾ ਕਰੇ। ਇਹੋ ਜਿਹੇ ਲੋਕ ਚੰਗੇ ਸਾਧੂ ਸੰਤਾਂ ਨੂੰ ਵੀ ਬਦਨਾਮ ਕਰਦੇ ਹਨ। ਭਾਊ ਮੋਹਨ ਸਿਹਾਂ ਸਾਰੇ ਸਾਧੂ-ਸੰਤ ਮਾੜੇ ਨਹੀਂ ਹੁੰਦੇ। ਦੁਨੀਆ ਵਿੱਚ ਇਹ ਵੱਖਰੀ ਗੱਲ ਹੈ ਕਿ ਤੇਰੇ ਕਰਮ ਹੀ ਮਾੜੇ। ਜਿਹੜਾ ਵੀ ਬੰਦਾ ਮਿਲਿਆ ਉਹੀ ਤੈਨੂੰ ਭੇੜਾ ਮਿਲਿਆ।"
"ਭਾਊ ਬੰਤਾ ਸਿਹਾਂ! ਰੋਟੀ ਤਾਂ ਖਾਣੀ ਸੀ। ਰੋਟੀ ਵਾਸਤੇ ਪੈਸਾ ਚਾਹੀਦਾ ਹੈ। ਪੈਸਾ ਕਮਾਉਣ ਵਾਸਤੇ ਕੰਮ ਬਹੁੱਤ ਜ਼ਰੂਰੀ ਹੈ। ਮਹੰਤਾਂ ਦੇ ਡੇਰੇ ਵਿੱਚੋਂ ਦੋੜ ਕੇ ਸ਼ਹਿਰ ਆਣ ਕੇ ਗਰਮੀਆਂ ਦੇ ਮਹੀਨੇ ਕਾਰਖਾਨੇ ਵਿੱਚ ਨੌਕਰੀ ਕਰ ਲਈ। ਫੈਕਟਰੀ ਛੋਟੀ, ਉੱਥੇ ਬਿਜਲੀ ਦੀਆਂ ਮੋਟਰਾਂ ਬਣਦੀਆਂ ਸਨ। ਮੈਨੂੰ ਰੰਗ ਦਾ ਕੰਮ ਆਉਂਦਾ ਸੀ। ਕੰਮ ਕਰਨ ਦੇ ਨਾਲ ਗਲੈਂਡਰ ਵੀ ਲਾਉਂਦਾ। ਕਾਰੀਗਰਾਂ ਨਾਲ ਕੰਮ ਵਿੱਚ ਮਦਦ ਕਰਵਾਉਂਦਾ। ਕਦੀ-ਕਦੀ ਮਾਲ ਛੱਡਣ ਵੀ ਜਾਂਦਾ। ਫੈਕਟਰੀ ਵਿੱਚ ਕੰਮ ਕਰਨਾ ਕੋਈ ਸੌਖਾ ਨਹੀਂ ਸੀ। ਸਾਰਾ ਦਿਨ ਲਹੂ ਪਾਣੀ ਇੱਕ ਹੋ ਜਾਂਦਾ। ਕਾਰੀਗਰ ਮਾਲਕਾਂ ਦੀ ਚਮਚਗਿਰੀ ਕਰਦੇ। ਕਾਰੀਗਰ ਮੇਰਾ ਮਜ਼ਾਕ ਉਡਾਉਂਦੇ। ਮੈਂ ਕਿਹੜਾ ਘੱਟ? ਇੱਕ ਦੋ ਨੂੰ ਕੁੱਟਿਆ ਵੀ। ਸਾਰੇ ਦੇ ਸਾਰੇ ਪੈਸੇ ਮੈਂ ਬੇਬੇ ਨੂੰ ਦਿੰਦਾ। ਬੇਬੇ ਮੈਨੂੰ ਗਾਲ੍ਹਾਂ ਕੱਢਦੀ। ਬਾਪੂ ਮੈਨੂੰ ਕਹਿੰਦਾ ਇਸਨੂੰ ਕਦੇ ਅਕਲ ਨਹੀਂ ਆਉਣੀ।"
"ਮੋਹਨ ਸਿੰਘ ਫੈਕਟਰੀ ਵਿੱਚੋਂ ਕੰਮ ਕਿਉਂ ਛੱਡਿਆ?"
"ਹੋਇਆ ਕੀ ਮਾਲਕ ਨੇ ਸੱਭ ਨੂੰ ਘਰ ਸੱਦਿਆ ਸੀ, ਘਰ ਕੋਈ ਪਾਰਟੀ ਚੱਲ ਰਹੀ ਸੀ, ਹੋਰ ਕਾਰੀਗਰ ਵੀ ਆਏ ਹੋਏ ਸਨ। ਸ਼ਰਾਬ ਦਾ ਦੋਰਚੱਲ ਰਿਹਾ ਸੀ। ਹੋਰ ਕਾਰੀਗਰਾਂ ਦੀ ਤਰ੍ਹਾਂ ਮੈਂ ਵੀ ਘਰ ਦਾ ਕੰਮ ਕਰਦਾ ਪਿਆ ਸੀ। ਮਾਲਕ ਨੇ ਮੈਨੂੰ ਆਪਣੇ ਪੋਤੇ ਦੀ ਟੱਟੀ ਸਾਫ ਕਰਨ ਲਈ ਕਿਹਾ। ਮੈਂ ਕਿਹਾ ਮੈਂ ਫੈਕਟਰੀ ਵਿੱਚ ਕੰਮ ਕਰਦਾ ਹਾਂ। ਟੱਟੀ ਸਾਫ ਕਰਨਾ ਮੇਰਾ ਕੰਮ ਨਹੀਂ। ਸ਼ਰਾਬ ਦੇ ਨਸ਼ੇ ਵਿੱਚ ਮਾਲਕ ਨੇ ਮੈਨੂੰ ਗਾਲ੍ਹ ਕੱਢੀ ਤੇ ਮੈਨੂੰ ਵੀ ਗੁੱਸਾ ਆ ਗਿਆ। ਮੈਂ ਵੀ ਗਾਲ੍ਹ ਕੱਢ ਦਿੱਤੀ। ਮਾਲਕ ਨੇ ਮੈਨੂੰ ਕਿਹਾ ਕੱਲ੍ਹ ਤੋਂ ਕੰਮ ਤੇ ਆਉਣ ਦੀ ਕੋਈ ਲੋੜ ਨਹੀਂ। ਮੈਂ ਕਿਹਾ ਤੇਰੇ ਕੋਲ ਕੰਮ ਕਰਨਾ ਵੀ ਕੌਣ ਚਾਹੁੰਦਾ ਹੈ?"
ਮੋਹਨ ਸਿੰਘ ਦਦਿ ਰਦ ਭਰੀ ਕਹਾਣੀ ਸੁਣ ਕੇ ਬੰਤਾ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ, ਗਲਾ ਭਰਦਾ ਹੋਇਆ ਬੋਲਿਆ: "ਮੇਰੇ ਵਾਹਿਗੁਰੂ ਆਕਾਲ ਪੁਰਖ ਸੱਚੇ ਪਾਤਸ਼ਾਹ! ਥੇਰਾ ਬੰਦਾ ਕਿਹੋ ਜਿਹਾ ਹੋ ਗਿਆ ਹੈ, ਕਿੰਨਾਂ ਬੇਦਰਦ, ਬੰਦਾ ਹੀ ਬੰਦੇ ਦਾ ਲਿਹਾਜ਼ ਨਹੀਂ ਕਰਦਾ।" ਸੁਣਿਆ ਹੈ ਜਦੋਂ ਜੁਲਮ ਦੀ ਹੱਦ ਹੁੰਦੀ ਹੈ, ਉਦੋਂ ਪਰਲੋ ਆਉਂਦੀ ਹੈ। ਲਾਲ ਹਨ੍ਹੇਰੀ ਚੱਲਦੀ ਹੈ ਜੁਲਮ ਅਤੇ ਜਾਲਮਾਂ ਦਾ ਨਾਸ਼ ਕਰਨ ਲਈ ਅਵਤਾਰ ਆਉਂਦਾ ਹੈ।"
ਹੁਣ ਮੋਹਨ ਸਿੰਘ ਅੰਦਰ ਇਸ ਗਲ ਸੜ ਚੁੱਕੇ ਸਮਾਜ ਪ੍ਰਤੀ ਨਫਰਤ ਅਤੇ ਬਗਾਵਤ ਦਾ ਜਵਾਲਾ ਮੁੱਖੀ ਧਾਟ੍ਹਾਂ ਮਾਰ ਰਿਹਾ ਸ।ਿ ਇਹ ਠੀਕ ਜਦ ਜੁਲਮ ਦੀ ਹੱਦ ਮੁੱਕ ਜਾਂਦੀ ਹੈ, ਉਸ ਸਮੇਂ ਬਗਾਵਤ ਅਤੇ ਬਗਾਵਤ ਤੋਂ ਬਾਅਦ ਇਨਕਲਾਬ ਦਾ ਜਨਮ ਹੁੰਦਾ ਹੈ। ਦੁਨੀਆ ਦਾ ਇਤਿਹਾਸ ਗਵਾਹ ਹੈ ਇਨਕਲਾਬ ਦੀ ਚਿੰਗਾਰੀ ਵੱਡੇ-ਵੱਡੇ ਸਰਮਾਏਦਾਰ, ਘਮੰਡੀ, ਤਾਨਾਸਾਹ ਲੋਕਾਂ ਦੀ ਤਬਾਹੀ ਦਾ ਸੂਚਕ ਹੁੰਦਾ ਹੈ। ਮੋਹਨ ਸਿੰਘ ਲੀਡਰਾਂ ਦੀ ਤਰ੍ਹਾਂ ਭਾਸ਼ਨ ਕਰਨ ਲੱਗਾ।
"ਬੇਲੀ ਬੰਤਾ ਸਿਹਾਂ ਅਸੀਂ ਲੋਕ ਬਹੁੱਤ ਦੁਖੀ ਹਾਂ। ਅਸੀਂ ਲੋਕ ਇੱਕ ਦਿਨ ਜ਼ਰੂਰ ਇਨਕਲਾਬ ਲੈਕੇਆਵਾਂਗੇ। ਇੰਨੇ ਅਮੀਰ ਅਤੇ ਕਮੀਨੇ ਲੋਕਾਂ ਦੇ ਜੁਲ ਤੇ ਸਾਡੀ ਆਵਾਣ ਉੱਚੀ ਹੋਵੇਗੀ। ਹੁਣ ਅਸੀਂ ਮਜਦੂਰ ਭਰਾ ਇਕੱਠੇ ਹੋਵਾਂਗੇ। ਕੁਰਬਾਨੀਆਂ ਦੇਵਾਂਗੇ। ਅਸੀਂ ਬਹੁਤ ਸਾਰੇ ਹਾਂ ਤੇ ਇਹ ਮੁੱਠੀ ਭਰ। ਤੇ ਫਿਰ ਵੀ ਅਸੀਂ ਇਹਨਾਂ ਮੁੱਠੀ ਭਰ ਲੋਕਾਂ ਦੀ ਗੁਲਾਮੀ ਕਰਦੇ ਹਾਂ। ਇਹਨਾਂ ਅੱਗੇ ਬੇਬੱਸ ਹਾਂ।  ਇਹ ਸਾਡੇ ਤੇ ਰਾਜ ਕਰਦੇ ਹਨ। ਇਹ ਮਜਦੂਰਾਂ ਨੂੰ ਪਾੜ ਕੇ ਰੱਖ ਦਿੰਦੇ ਹਨ। ਮਜਦੂਰ ਇਹਨਾਂ ਦੀ ਚਲਾਕੀ ਵਿੱਚ ਆ ਜਾਂਦੇ ਹਨ ਅਤੇ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਦੇ ਹਨ ਅਤੇ ਇਹਨਾਂ ਦੀ ਗੁਲਾਮੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਅੱਜ ਮਜਦੂਰ ਹੀ ਮਜਦੂਰ ਨਾਲ ਈਰਖਾ ਕਰਦਾ ਹੈ, ਲੇਕਿਨ ਫਿਰ ਵੀ ਅਸੀਂ ਇੱਕ ਹੋਵਾਂਗੇ।"
"ਭਾਊ ਮੋਹਨ ਸਿਹਾਂ ਤੇਰੀਆਂ ਇਹ ਗੱਲਾਂ ਬਿਲਕੁੱਲ ਠੀਕ ਨੇ ਪਰ ਤੇਰੀਆਂ ਇਹ ਗੱਲਾਂ ਕੌਣ ਸੁਣੇਗਾ? ਸੱਭ ਨੂੰ ਆਪੋ-ਧਾਪੀ ਪਈ ਹੋਈ ਹੈ। ਸੱਚਾਈ ਨੂੰ ਕੋਈ ਨਹੀਂ ਸੁਣਦਾ।"
ਮੋਹਨ ਸਿੰਘ ਨੂੰ ਬੰਤਾ ਸਿੰਘਦੀਆਂ ਗੱਲਾਂ ਸੁਣ ਕੇ ਹੋe ਗੁੱਸਾ ਆ ਗਿਆ। ਗੁੱਸੇ ਵਿੱਚ ਆਪਣੀ ਕਮੀਜ ਦੀ ਜੇਬ ਵਿੱਚੋਂ ਪੈਸੇ ਕੱਢ ਕੇ ਦਿੰਦਾ ਹੋਇਆ, ਗੁੱਸੇ ਵਿੱਚ ਕਾਹਲੀ-ਕਾਹਲੀ ਬਗੈਰ ਕੋਈ ਗੱਲ ਕੀਤੇ ਆਪਣਾ ਟੁੱਟਾ ਜਿਹਾ ਸਾਈਕਲ ਚੁੱਕ ਕੇ, ਤੇਜ਼-ਤੇਜ਼ ਸਾਈਕਲ ਚਲੁਂਦਾ ਹੋਇਆ ਚਲਿਆ ਗਿਆ।"
ਬੰਤਾ ਸਿੰਘ ਹੈਰਾਨ-ਪ੍ਰੇਸ਼ਾਨ ਮੋਹਨ ਸਿੰਘ ਦੀ ਪਿੱਠ ਪਿੱਛੇ ਵੇਖਦਾ ਰਿਹਾ, ਜਿਵੇਂ ਲਿਖਿਆ ਪੜ੍ਹ ਰਿਹਾ ਹੋਵੇ, "ਇਨਕਲਾਬ ਜਿੰਦਾਬਾਦ"।