ਹਰਭਜਨ ਧਰਨਾ ਸਾਹਿਤ ਦੇ ਬਾਗ ਦਾ ਉਹ ਸੁਘੜ ਮਾਲੀ ਏ, ਜੋ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਉਣਾ, ਉਹਨਾਂ ਦਾ ਪਾਲਣ-ਪੋਸ਼ਣ ਕਰਨਾ ਅਤੇ ਉਹਨਾਂ ਨੂੰ ਫਲ ਦੇਣ ਦੇ ਲਾਇਕ ਬਨਾਉਣਾ ਅੱਛੀ ਤਰ੍ਹਾਂ ਜਾਣਦਾ ਏ। ਇਸੇ ਹੁਨਰ ਸਦਕਾ ਹੀ ਉਸ ਨੂੰ ਗ਼ਜ਼ਲ, ਗੀਤ, ਨਜ਼ਮ ਅਤੇ ਹੋਰ ਕਾਵਿ-ਵਿਧਾਵਾਂ ਵਿੱਚ ਖ਼ਾਸ ਮੁਹਾਰਤ ਪ੍ਰਾਪਤ ਹੋਈ ਹੈ। ਉਹ ਰੰਗਾਂ ਦੇ ਸੁਭਾਅ ਨੂੰ ਅੱਛੀ ਤਰ੍ਹਾਂ ਸਮਝਦਾ ਹੀ ਨਹੀਂ, ਸਗੋਂ ਇਹ ਵੀ ਜਾਣਦਾ ਹੈ ਕਿ ਕਿਹੜੇ ਰੰਗ ਦੀ ਸੁਮੇਲ ਨਾਲ ਨਵਾਂ ਰੰਗ ਤਿਆਰ ਹੁੰਦਾ ਏ। ਇਸੇ ਲਈ ਉਸ ਦੀਆਂ ਰਚਨਾਵਾਂ ਵਿਚ ਨਵੇਂ-ਨਵੇਂ ਤੇ ਅਨੋਖੇ-ਅਨੋਖੇ ਰੰਗ ਦੇਖਣ ਨੂੰ ਮਿਲਦੇ ਹਨ, ਜੋ ਪਾਠਕਾਂ ਦੇ ਧੁਰ ਅੰਦਰ ਤੀਕਰ ਪਹੁੰਚ ਕੇ ਆਪਣਾ ਸ਼ੁੱਭ ਪ੍ਰਭਾਵ ਛੱਡਦੇ ਨੇ। ਕਾਵਿ-ਸ਼ਾਸਤਰ ਦੇ ਨਿਯਮਾਂ ਨੂੰ ਅਪਣਾਉਂਦਿਆਂ ਹੋਇਆ ਉਸ ਦੀ ਸ਼ਬਦ ਚੋਣ, ਸ਼ਬਦ ਜੜਤ ਅਤੇ ਸ਼ਬਦ ਅਰਥਾਂ ਦੀ ਸੂਝ ਵੀ ਕਾਬਿਲ-ਏ-ਤਰੀਫ਼ ਹੈ।
ਜਗਤ-ਪ੍ਰਸਿੱਧ ਉਰਦੂ ਤੇ ਪੰਜਾਬੀ ਦੇ ਸ਼ਾਇਰ ਜਨਾਬ ਸਰਦਾਰ ਪੰਛੀ ਦਾ ਕਹਿਣਾ ਹੈ ਕਿ ਹਰਭਜਨ ਧਰਨਾ ਤੇ ਮੇਰੀ ਸਾਹਿਤਕ ਦੋਸਤੀ ਨੇ ਆਪਣੀ ਪੰਜਾਹਵੀਂ ਵਰ੍ਹੇਗੰਢ ਮਨਾ ਲਈ ਹੈ।
ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਪੈਂਦੇ ਪਿੰਡ ਮਲੀਆਂ ਕਲਾਂ ਵਿਖੇ ੨੭ ਅਗਸਤ, ੧੯੩੯ ਨੂੰ ਸਰਦਾਰ ਵਸਾਵਾ ਸਿੰਘ, ਜੋ ਆਜ਼ਾਦੀ ਦੀ ਲੜਾਈ ਦੇ ਘੁਲ਼ਾਟੀਏ ਸਨ, ਅਤੇ ਮਾਤਾ ਸ੍ਰੀਮਤੀ ਧੰਨਦੇਵੀ ਜੀ ਦੇ ਗ੍ਰਹਿ ਵਿਖੇ ਹਰਭਜਨ ਧਰਨਾ ਦਾ ਜਨਮ ਹੋਇਆ। ਸੰਨ ੧੯੪੭ ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹ ਦੂਸਰੀ ਕਲਾਸ ਵਿਚ ਪੜ੍ਹਦੇ ਸਨ।
ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ ਤੇ ਕਵੀ ਦਰਾਬਰ ਵੀ ਹੈਗਾ ਸੀ। ਹਰਭਜਨ ਧਰਨਾ ਦੇ ਮਨ ਵਿਚ ਸਾਹਿਤ ਦੀ ਐਸੀ ਚਿਣਗ ਫੂੱਟੀ ਕਿ ਉਹ ਵੀ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਤੇ ਕਵਿਤਾ ਸੁਣਾਏਗਾ ਅਤੇ ਵਾਹ-ਵਾਹ ਖੱਟੇਗਾ। ਉਸ ਨੇ ਐਸਾ ਹੀ ਕੀਤਾ। ਉਦੋਂ ਉਹ ਛੇਵੀਂ ਵਿਚ ਪੜ੍ਹਦਾ ਸੀ। ਸੰਨ ੧੯੫੬-੫੭ ਵਿੱਚ ਪਹਿਲੀ ਵਾਰ ਬੈਂਤ ਵਿੱਚ ਕਵਿਤਾ ਲਿਖੀ, ਸੁਣਾਈ ਤੇ ਉਸ ਨੂੰ ਦਸ ਰੁਪਏ ਦਾ ਇਨਾਮ ਵੀ ਮਿਲਿਆ ਸੀ।
ਅੱਠਵੀਂ ਵਿਚ ਪੜ੍ਹਦਿਆਂ ਹੀ ਮਾਂ ਦੀ ਗੂੜ੍ਹੀ ਛਾਂ ਸਿਰ ਤੋਂ ਹਮੇਸ਼ਾ ਲਈ ਉੱਠ ਗਈ। ਛੋਟੀ ਉਮਰੇ ਹੀ ਬਹੁਤ ਸਾਰੀਆਂ ਤੰਗੀਆਂ-ਤੁਰਸ਼ੀਆਂ ਚੋਂ ਗੁਜਰਨਾ ਪਿਆ। ਇਹ ਵੀ ਵਰਨਣਯੋਗ ਹੈ ਕਿ ਉਸ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਸੋਸਾਇਟੀ ਵਿਖੇ ੬ ਸਾਲ ਪ੍ਰੈਸ ਦੀ ਨੌਕਰੀ ਕੀਤੀ। ਇੱਥੇ ਹੀ ਚਮਨ ਲਾਲ ਸ਼ੁਗਲ ਅਤੇ ਸ. ਸੋਹਣ ਸਿੰਘ ਸੀਤਲ ਦੀਆਂ ਪੁਸਤਕਾਂ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਤੇ ੧੯੬੦ ਵਿਚ ਪੰਜਾਬੀ ਸੂਬੇ ਦੀ ਖਾਤਿਰ ਗ੍ਰਿਫਤਾਰੀ ਵੀ ਦਿੱਤੀ।
੧੯੬੨ ਵਿਚ ਕਰਨਾਲ ਚਲੇ ਗਏ। ਪ੍ਰੈਸ ਦੀ ਨੌਕਰੀ ਕਰਦਿਆਂ ਹੀ ਗਿਆਨੀ ਸ਼ਰੂ ਕਰ ਦਿੱਤੀ, ਪਰ ਸਫਲ ਨਾ ਹੋਏ। ਪੰਜ ਹਜ਼ਾਰ ਦਾ ਸਰਕਾਰੀ ਕਰਜ਼ਾ ਲੈ ਕੇ ਆਪਣੀ ਪ੍ਰੈਸ ਲਗਾ ਲਈ।
ਧਰਨਾ ਜੀ ਦਾ ਉਘੇ ਗ਼ਜ਼ਲਕਾਰ ਭਗਤ ਸਿੰਘ ਭਗਤ ਨਾਲ ਨੀਲੋ ਖੇੜੀ ਵਿਖੇ ਮੇਲ ਹੋਇਆ ਅਤੇ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ਉਨ੍ਹਾਂ ਤੋਂ ਸੇਧ ਲਈ।
ਸੰਨ ੧੯੮੪ ਦੇ ਦੰਗਾਂ-ਫਸਾਦ ਕਰਨਾਲ ਵਿੱਚ ਅੱਖੀਂ ਦੇਖੇ ਤੇ ਨਤੀਜੇ ਵਜੋਂ ੧੯੮੫ ਵਿਚ ਉਹ ਲੁਧਿਆਣੇ ਆ ਗਏ। ਇੱਥੇ ਹੀ ਉਸਤਾਦ ਗ਼ਜ਼ਲਕਾਰ ਅਜਾਇਬ ਚਿੱਤਰਕਾਰ, ਸਰਦਾਰ ਪੰਛੀ, ਇੰਦਰਜੀਤ ਹਸਨਪੁਰੀ, ਆਦਿ ਨਾਲ ਉਨ੍ਹਾਂ ਦਾ ਰਾਬਤਾ ਜੁੜ ਗਿਆ। ਕਾਰੋਬਾਰ ਸ਼ੁਰੂ ਕਰਨ ਲਈ ਪੱਚੀ ਹਜ਼ਾਰ ਸਰਕਾਰੀ ਗਰਾਂਟ ਮਿਲਣ 'ਤੇ ਉਨ੍ਹਾਂ ਪ੍ਰੈਸ ਦਾ ਕੰਮ ਸ਼ੁਰੂ ਕਰ ਲਿਆ। ਮਾਂ-ਬੋਲੀ ਦੀਆਂ ੩੭ ਸਾਹਿਤਕ ਕਿਤਾਬਾਂ ਵੀ ਛਾਪੀਆਂ ਹਨ।
ਭਾਵੇਂ ਧਰਨਾ ਜੀ ਦੀ ਸਾਹਿਤ ਸਿਰਜਣਾ ਦੀ ਗਤੀ ਕੁਝ ਮਧਮ ਰਹੀ ਹੈ, ਪਰ ਉਸ ਨੇ ਜੋ ਵੀ ਲਿਖਿਆ ਹੈ ਪਿੰਗਲ ਤੇ ਅਰੂਜ਼ ਮੁਤਾਬਿਕ ਹੀ। ਉਸ ਨੇ ਤਿੰਨ ਕਿਤਾਬਾਂ ਦੀ ਸਿਰਜਣਾ ਕਰਕੇ, ਖ਼ਾਸ ਕਰਕੇ ਗ਼ਜ਼ਲ ਸਾਹਿਤ ਵਿਚ ਵੱਡਾ ਯੋਗਦਾਨ ਪਾਇਆ ਹੈ। ਪਹਿਲੀ ਕਿਤਾਬ 'ਨਿੱਕੇ-ਨਿੱਕੇ ਸੂਰਜ' (੧੯੯੨), ਦੂਸਰੀ 'ਉਦਾਸ ਨਾ ਹੋ' (੨੦੦੭) ਤੇ ਤੀਜੀ 'ਦੀਵੇ ਬਾਲ ਦਿਓ' (੨੦੧੨)। ਇਸ ਦੇ ਇਲਾਵਾ 'ਵਧਦੇ ਕਦਮ' (੧੯੬੪) ਸੰਪਾਦਿਤ ਕੀਤੀ ਅਤੇ 'ਸੁਮੇਲ ਪੱਤ੍ਰਿਕਾ' (ਦੋ-ਮਾਸਿਕ) ਕਰਨਾਲ ਤੋਂ ਪ੍ਰਕਾਸ਼ਿਤ ਕਰਵਾਏ ਸਨ।
ਪੰਜਾਬੀ ਗ਼ਜ਼ਲ ਮੰਚ ਪੰਜਾਬ, ਫਿਲੌਰ ਵੱਲੋਂ ਉਘੇ ਗ਼ਜ਼ਲਕਾਰ ਰਣਧੀਰ ਸਿੰਘ ਚੰੰਦ ਦੀ ੧੯੮੮-੮੯ ਵਿੱਚ ਜਨਰਲ ਸਕੱਤਰ ਵਜੋਂ ਚੋਣ ਹੋਈ ਤਾਂ ਉਸ ਸਮੇਂ ਧਰਨਾ ਜੀ ਵੀ ਇਸ ਮੰਚ ਦੇ ਮੈਂਬਰ ਬਣ ਗਏ। ਪਰ, ੧੯੯੨ 'ਚ ਚੰਦ ਜੀ ਅਕਾਲ ਚਲਾਣਾ ਕਰ ਗਏ ਤਾਂ ਕੋਈ ਵੀ ਸ਼ਖ਼ਸ਼ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਨਹੀਂ ਸੀ। ੧੯੯੨ ਵਿਚ ਹਰਭਜਨ ਧਰਨਾ ਨੇ ਕਨਵੀਨਰ ਵਜੋਂ ਕੰਮ ਸੰਭਾਲ ਲਿਆ। ਤਿੰਨ-ਚਾਰ ਮਹੀਨਿਆਂ ਬਾਅਦ ਵੋਟਾਂ ਪਈਆਂ ਤਾਂ ਧਰਨਾ ਜੀ ਦੀ ਜਨਰਲ ਸਕੱਤਰ ਵਜੋਂ ਚੋਣ ਕੀਤੀ ਗਈ। ੧੯੯੩-੯੪ ਅਤੇ ੨੦੦੫ ਵਿੱਚ ਵੀ ਉਹਨਾਂ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ੨੦੦੭ ਵਿਚ ਗ਼ਜ਼ਲ ਮੰਚ ਦੇ ਮੀਤ ਪ੍ਰਧਾਨ ਬਣੇ। ਇਸ ਦੇ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਹਨ। ਉਨ੍ਹਾਂ ਨੇ ੧੯੬੪ ਤੋਂ ੬੬ ਤੱਕ ਪੰਜਾਬੀ ਸਾਹਿਤ ਸਭਾ ਕਰਨਾਲ ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈ। ਹੋਰ ਵੀ ਕਈ ਸਮਾਜਿਕ ਤੇ ਟਰੇਡ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਲੋਕਾਈ ਨੂੰ ਸੇਧ ਦਿੰਦੇ ਰਹੇ। ਉਨ੍ਹਾਂ ਨੂੰ ਕਈ ਮਾਣ-ਸਨਮਾਨ ਵੀ ਮਿਲੇ ਹਨ।
ਪਰਿਵਾਰਕ ਫੁਲਵਾੜੀ 'ਚ ਤਿੰਨ ਲੜਕੇ ਤੇ ਲੜਕੀ ਦੀ ਪਰਮਾਤਮਾ ਵੱਲੋਂ ਬਖਸ਼ਿਸ਼ ਹੋਈ। ਤਿੰਨੇ ਲੜਕੇ ਹੀ ਆਪੋ-ਆਪਣੀ ਪ੍ਰੈਸ ਚਲਾ ਕੇ ਲੋਕਾਈ ਦੇ ਨਾਲ-ਨਾਲ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਹਨ।
ਕਈ ਮੈਗਜ਼ੀਨਾਂ, ਪੱਤਰਕਾਵਾਂ ਤੇ ਸੰਪਾਦਿਤ ਕੀਤੀਆਂ ਪੁਸਤਕਾਂ ਵਿਚ ਵੀ ਉਨ੍ਹਾਂ ਦੀਆਂ ਰਚਨਾਵਾਂ ਛਪਦੀਆਂ ਰਹੀਆਂ ਹਨ। ਦੁਖਦਾਈ ਖ਼ਬਰ ਇਹ ਹੈ ਕਿ ਸ਼ੂਗਰ ਵਧਣ ਦੇ ਕਾਰਣ ਹੀ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ, ਪਰ ਧਰਨਾ ਜੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਆਪਣੀ ਸਾਹਿਤਕ ਹੱਟੀ ਆਪਣੇ ਹੱਥੀਂ ਸੰਭਾਲ ਲਈ।
ਸ਼ਾਇਰ ਦੀ ਸਾਰੀ ਸ਼ਾਇਰੀ ਹੀ ਪ੍ਰਤੀਕਾਂ, ਬਿੰਬਾਂ ਤੇ ਅੰਲਕਾਰਾਂ ਨਾਲ ਸ਼ਿੰਗਾਰੀ ਹੋਈ ਹੈ। ਕਦੇ ਨਾਰੀ ਦੀ ਵੇਦਨਾ, ਸੰਵੇਦਨਾ ਦੀ ਬਾਤ ਪਾਉਂਦਾ ਹੈ, ਕਦੇ ਪਰਿਵਾਰਕ ਰਿਸ਼ਤਿਆਂ ਦੀ। ਕਦੇ ਕਾਲੇ ਧਨ ਦੀ, ਕਦੇ ਦੂਸ਼ਿਤ ਹੋ ਵਾਤਾਵਰਣ ਦੀ। ਉਹ ਵਿਭਿੰਨ ਵਿਸ਼ਿਆਂ 'ਤੇ ਰਚਨਾਵਾਂ ਸਿਰਜਦਾ ਹੋਇਆ, ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦੀ ਗੱਲ ਹੀ ਨਹੀਂ ਕਰਦਾ, ਸਗੋਂ ਚੁਗਿਰਦੇ ਪ੍ਰਤੀ ਵੀ ਪੂਰਾ ਚੇਤੰਨ ਹੈ। ਪਾਠਕਾਂ ਦੇ ਸੁਹਜ-ਸੁਆਦ ਦੇ ਨਾਲ-ਨਾਲ, ਬੌਧਕ ਬੁੱਧੀ ਦਾ ਘਰ ਵੀ ਭਰਿਆ ਹੈ। ਆਓ ਦੇਖਦੇ ਹਾਂ, ਉਨ੍ਹਾਂ ਦੀ ਆਖ਼ਿਰੀ ਪੁਸਤਕ 'ਦੀਵੇ ਬਾਲ ਦਿਓ' ਦੇ ਪੰਨਾ ੫੪ 'ਤੇ ਗ਼ਜ਼ਲ ਦਾ ਸ਼ਿਅਰ:
ਸਾਡੀਆਂ ਰੀਝਾਂ ਦਾ ਇਹ ਗੁਲਸ਼ਨ ਸੁਕਦਾ ਸੁਕਦਾ ਸੁਕ ਨਾ ਜਾਵੇ,
ਦਿਲ ਦੇ ਤਪਦੇ ਮਾਰੂਥਲ ਲਈ, ਵਹਿੰਦਾ ਇਕ ਦਰਿਆ ਮੰਗਦਾ ਹਾਂ।
ਹਰਭਜਨ ਧਰਨਾ ਨੇ ਲਗਭਗ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂਹਿਆ ਹੈ। ਉਸ ਦੀ ਸਿਰਜਣਾ ਦਾ ਮੁੱਖ ਵਿਸ਼ਾ ਮਾਨਵੀ ਸਰੋਕਾਰ ਸਥਾਪਿਤ ਕਰਕੇ ਨਿੱਗਰ ਸਮਾਜ ਦੀ ਸਥਾਪਨਾ ਕਰਨਾ ਹੈ। ਗ਼ਜ਼ਲ ਮੰਚ ਦੀ ਜੀਅ ਭਰ ਕੇ ਸੇਵਾ ਕਰਦਿਆਂ ਆਪਣੀ ਸੂਝ, ਸਿਆਣਪ ਤੇ ਸੁਹਿਰਦਤਾ ਦਾ ਸਬੂਤ ਦਿੱਤਾ ਹੈ, ਸਾਹਿਤ ਦੇ ਵੱਖ-ਵੱਖ ਰੰਗਾਂ ਨੂੰ ਰੂਪਮਾਨ ਕੀਤਾ ਹੈ। ਇਸ ਲਈ ਸ਼ਾਇਰ ਨੂੰ ਮੁਬਾਰਕਵਾਦ ਦਿੰਦਾ ਹੋਇਆ ਉਨ੍ਹਾਂ ਦੀ ਸਿਹਤਯਾਬੀ ਲਈ ਕਾਮਨਾ ਕਰਦਾ ਹਾਂ। ਮੇਰੇ ਵੱਲੋਂ ਇਹ ਸਤਰਾਂ:
ਮਿਲਦੀ ਹੈ ਮੰਜ਼ਿਲ ਉਨ੍ਹਾਂ ਨੂੰ, ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੋਵੇ।
'ਕੱਲੇ ਖੰਭ ਕਦੇ ਨਾ ਕੰਮ ਆਵਣ, ਹੌਸਲਿਆਂ ਨਾਲ ਹੀ ਉਡਾਣ ਹੋਵੇ।