ਅਲਵਿਦਾ - ਜਗਦੇਵ ਸਿੰਘ ਜੱਸੋਵਾਲ (ਲੇਖ )

ਉਜਾਗਰ ਸਿੰਘ   

Email: ujagarsingh48@yahoo.com
Cell: +91 94178 13072
Address:
India
ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ੍ਰ.ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਭਿਆਚਾਰ ਦੇ ਅਮਬੈਸਡਰ ਸਨ। ਉਹ ਕਲਾਕਾਰਾਂ ਦੇ ਮੁੱਦਈ ਅਤੇ ਪੰਜਾਬੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਸਨ,ਜਿਨ੍ਹਾ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਸਭਿਆਚਾਰ ਦੀ ਪ੍ਰਫੁਲਤਾ ਦੇ ਲੇਖੇ ਲਾ ਦਿੱਤੀ। ਉਭਰਦੇ ਕਲਾਕਾਰਾਂ ਨੂੰ ਉਨ੍ਹਾਂ ਵਲੋਂ ਦਿੱਤੀ ਥਾਪੀ,ਕਲਾਕਾਰਾਂ ਦੀ ਰੋਜ਼ੀ ਰੋਟੀ ਵਿਚ ਸਹਾਈ ਹੋਈ। ਅੱਜ ਦੇ ਕੁਝ ਚੋਟੀ ਦੇ ਕਲਾਕਾਰ ਭਾਵੇਂ ਮੰਨਣ ਚਾਹੇ ਨਾ ਪ੍ਰੰਤੂ ਉਨ੍ਹਾਂ ਨੂੰ ਸਿਖ਼ਰਾਂ ਤੇ ਪਹੁੰਚਣ ਦਾ ਮੌਕਾ ਦੇਣ ਵਿਚ ਜਗਦੇਵ ਸਿੰਘ ਜੱਸੋਵਾਲ ਦਾ ਮਹੱਤਵਪੂਰਨ ਯੋਗਦਾਨ ਹੈ। ਸਿਆਸਤ ਅਤੇ ਸਭਿਆਚਾਰ ਦਾ ਸੁਮੇਲ ਵੀ ਅਨੋਖੀ ਗੱਲ ਹੈ ਤੇ ਫਿਰ ਸਿਆਸਤ ਨੂੰ ਛੱਡ ਕੇ ਨਿਰਾ ਸਭਿਆਚਾਰ ਨੂੰ ਸਮਰਪਤ ਹੋਣਾ ਵੀ ਵਿਲੱਖਣ ਗੁਣ ਹੀ ਹੈ। ਉਨ੍ਹਾਂ ਦਾ ਗੁਰਦੇਵ ਨਗਰ ਵਾਲਾ ਘਰ ਕਲਾਕਾਰਾਂ ਲਈ ਮੱਕਾ ਸੀ। ਜੇਕਰ ਉਸਨੂੰ ਕਲਾਕਾਰਾਂ ਦਾ ਬਾਦਸ਼ਾਹ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ। ਉਨ੍ਹਾਂ ਦੇ ਜਾਣ ਨਾਲ ਸਭਿਆਚਾਰਕ ਸੱਥਾਂ,ਅਖਾੜੇ,ਮੇਲੇ-ਮੁਸ਼ਾਇਰੇ,ਕਵੀਸ਼ਰੀਆਂ,ਨਕਲਾਂ,ਢਾਡੀ ਤੇ ਕਵੀ ਦਰਬਾਰ, ਅਤੇ ਮਜ੍ਹਮੇ ਸੁੰਨੇ ਹੋ ਗਏ ਹਨ। ਜਗਦੇਵ ਸਿੰਘ ਜੱਸੋਵਾਲ ਦਾ ਜਨਮ 30 ਅਪ੍ਰੈਲ 1935 ਨੂੰ ਸ੍ਰ ਕਰਤਾਰ ਸਿੰਘ ਗਰੇਵਾਲ ਦੇ ਘਰ ਮਾਤਾ ਅਮਰ ਕੌਰ ਦੀ ਕੁਖੋਂ ਲੁਧਿਆਣਾ ਜਿਲ੍ਹੇ ਦੇ ਪਿੰਡ ਜੱਸੋਵਾਲ ਸੂਦਾਂ ਵਿਖੇ ਹੋਇਆ। ਆਪ ਦੇ ਪਿਤਾ ਸੁਤੰਤਰਤਾ ਸੰਗਰਾਮੀ ਸ੍ਰ ਕਰਤਾਰ ਸਿੰਘ 15 ਸਾਲ ਜਿਲ੍ਹਾ ਬੋਰਡ ਦੇ ਪ੍ਰਧਾਨ ਰਹੇ ਸਨ। ਆਪਨੇ ਬੀ.ਟੀ.ਦੀ ਟ੍ਰੇਨਿੰਗ ਮਾਲਵਾ ਟ੍ਰੇਨਿੰਗ ਕਾਲਜ ਲੁਧਿਆਣਾ ,ਬੀ.ਏ.ਆਰੀਆ ਕਾਲਜ ਲੁਧਿਆਣਾ,ਐਮ.ਏ.ਦੀ ਡਿਗਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਪਾਸ ਕੀਤੀ। ਇਸ ਤੋਂ ਬਾਅਦ ਆਪਨੇ ਲਾਅ ਦੀ ਡਿਗਰੀ ਅਲੀਗੜ੍ਹ ਯੂਨੀਵਰਸਿਟੀ ਤੋਂ ਗੋਲਡ ਮੈਡਲ ਨਾਲ ਪ੍ਰਾਪਤ ਕੀਤੀ। ਆਪ ਦਾ ਵਿਆਹ ਵੀ ਛੋਟੀ ਉਮਰ ਵਿਚ ਹੀ ਹੋ ਗਿਆ ਸੀ ਪ੍ਰੰਤੂ ਮੁਕਲਾਵਾ ਨਹੀਂ ਲਿਆਂਦਾ ਸੀ। ਉਹਨਾ ਦਿਨਾ ਵਿਚ ਵਿਆਹ ਕਿਉਂਕਿ ਛੋਟੀ ਉਮਰ ਵਿਚ ਹੋ ਜਾਂਦੇ ਸਨ ਤੇ ਮੁਕਲਾਵੇ ਕਾਫੀ ਦੇਰ ਬਾਅਦ ਵਿਚ ਲਿਆਂਦੇ ਜਾਂਦੇ ਸਨ, ਜਦੋਂ ਬੱਚੇ ਜਵਾਨ ਹੋ ਜਾਂਦੇ ਸਨ। ਆਪ ਦਾ ਵਿਆਹ ਸੁਰਜੀਤ ਕੌਰ ਨਾਲ ਹੋਇਆ ਅਤੇ ਆਪ ਦੇ ਦੋ ਲੜਕੇ ਸੁਖਜਿੰਦਰ ਸਿੰਘ ਗਰੇਵਾਲ ਅਤੇ ਜਸਵਿੰਦਰ ਸਿੰਘ ਗਰੇਵਾਲ ਹਨ। ਆਪ ਨੇ ਸ਼ੁਰੂ ਤੋਂ ਹੀ ਸਿਆਸਤ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ ,ਅਰਥਾਤ ਸਿਆਸਤ ਦੀ ਗੁੜ੍ਹਤੀ ਆਪਨੂੰ ਆਪਣੇ ਘਰੋਂ ਪਿਤਾ ਤੋਂ ਹੀ ਮਿਲੀ ਸੀ। ਆਪ ਹਮੇਸ਼ਾ ਨਿਵੇਕਲੇ ਕੰਮ ਹੀ ਕਰਦੇ ਰਹੇ,ਜਦੋਂ ਆਪਦਾ ਮੁਕਲਾਵਾ ਲੈਣ ਦਾ ਦਿਨ ਨਿਸਚਤ ਹੋ ਗਿਆ ਤਾਂ ਆਪ ਪੰਜਾਬੀ ਸੂਬੇ ਦੇ ਮੋਰਚੇ ਵਿਚ ਚਲੇ ਗਏ। ਘਰ ਵਾਲੇ ਪ੍ਰੇਸ਼ਾਨ ਹੋਏ ਆਪਨੂੰ ਉਡੀਕਦੇ ਰਹੇ। ਅਸਲ ਵਿਚ ਆਪਦੀ ਸਿਆਸਤ ਵਿਚ ਇਹ ਪਹਿਲੀ ਸਰਗਰਮੀ ਸੀ,ਭਾਵੇਂ ਬਚਪਨ ਤੋਂ ਹੀ ਦਿਲਚਸਪੀ ਲੈਂਦੇ ਰਹੇ ਸਨ ਪ੍ਰੰਤੂ ਐਕਟਿਵ ਤੌਰ ਤੇ ਇਹ ਆਪਦਾ ਪਹਿਲਾ ਹੀ ਕਦਮ ਸੀ। ਪੰਜਾਬੀ ਸੂਬੇ ਦੇ ਮੋਰਚੇ ਵਿਚ ਹਿੱਸਾ ਲੈਣ ਕਰਕੇ ਆਪਨੂੰ ਜੇਲ੍ਹ ਦੀ ਯਾਤਰਾ ਵੀ ਕਰਨੀ ਪਈ ਸੀ। ਆਪਦੀ ਸਿਆਸੀ ਰੁਚੀ ਨੂੰ ਵੇਖ ਕੇ ਆਪਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਤੇ 5 ਸਾਲ ਆਪ ਪਿੰਡ ਦੇ ਸਰਪੰਚ ਰਹੇ। ਆਪ ਮੁਖ ਤੌਰ ਤੇ ਅਕਾਲੀ ਸਿਆਸਤ ਵਿਚ ਸਰਗਰਮ ਹੋ ਗਏ। 1967 ਵਿਚ ਜਦੋਂ ਜਸਟਿਸ ਗੁਰਨਾਮ ਸਿੰਘ ਪੰਜਾਬ ਦੇ ਮੁਖ ਮੰਤਰੀ ਬਣੇ ਤਾਂ ਉਹਨਾ ਆਪਨੂੰ ਆਪਣਾ ਰਾਜਸੀ ਸਲਾਹਕਾਰ ਬਣਾ ਲਿਆ। ਅਕਾਲੀਆਂ ਦੀ ਸਿਆਸਤ ਆਪ ਨੂੰ ਬਹੁਤੀ ਰਾਸ ਨਾ ਆਈ ਕਿਉਂਕਿ ਜਸਟਿਸ ਗੁਰਨਾਮ ਸਿੰਘ ਵੀ ਅਕਾਲੀਆਂ ਵਿਚ ਬਹੁਤਾ ਸਮਾਂ ਕੱਟ ਨਾ ਸਕੇ। ਆਪ ਸ੍ਰ ਪਰਕਾਸ਼ ਸਿੰਘ ਬਾਦਲ ਦੇ ਵਿਰੁਧ ਵੀ ਚੋਣ ਲੜੇ ਸਨ। 1980 ਵਿਚ ਆਪ ਕਾਂਗਰਸ ਪਾਰਟੀ ਦੇ ਟਿਕਟ ਰਾਏਕੋਟ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਅਤੇ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹ ਡੇਅਰੀ ਵਿਕਾਸ ਬੋਰਡ ਪੰਜਾਬ ਅਤੇ ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹੇ। ਜਦੋਂ ਸ੍ਰੀਮਤੀ ਇਦਰਾ ਗਾਂਧੀ ਦੀ ਗ੍ਰਿਫਤਾਰੀ ਦੇ ਖਿਲਾਫ ਕਾਂਗਰਸ ਨੇ ਮੋਰਚਾ ਲਗਾਇਆ ਤਾਂ ਵੀ ਆਪਨੂੰ ਤਿੰਨ ਮਹੀਨੇ ਜੇਲ੍ਹ ਵਿਚ ਗੁਜਾਰਨੇ ਪਏ। ਆਪ 1983 ਤੋਂ 86 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਵੀ ਰਹੇ। ਜਦੋਂ ਪੰਜਾਬ ਵਿਚ ਨਵੇਂ ਜਿਲ੍ਹੇ ਬਣਾਉਣ ਲਈ ਰੀਆਰਗੇਨਾਈਜੇਸ਼ਨ ਕਮੇਟੀ ਬਣਾਈ ਗਈ ਤਾਂ ਆਪਨੂੰ ਉਸਦਾ ਮੈਂਬਰ ਬਣਾਇਆ ਗਿਆ। ਸ੍ਰ ਜਗਦੇਵ ਸਿੰਘ ਜੱਸੋਵਾਲ ਸ੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚੰਡੀਗੜ੍ਹ ਦੇ ਵੀ 5 ਸਾਲ ਪ੍ਰਧਾਨ ਰਹੇ ਹਨ। ਆਪ ਯੂਥ ਡਿਵੈਲਪਮੈਂਟ ਬੋਰਡ ਦੇ ਵੀ ਸਲਾਹਕਾਰ ਸਨ। ਅਸਲ ਵਿੱਚ ਆਪਨੂੰ ਸਿਆਸਤ ਅਤੇ ਸਭਿਆਚਾਰ ਦਾ ਸੁਮੇਲ ਕਿਹਾ ਜਾ ਸਕਦਾ ਹੈ। ਪੰਜਾਬੀ ਦੇ ਪ੍ਰਸਿਧ ਸ਼ਾਇਰ ਪ੍ਰੋ ਮੋਹਨ ਸਿੰਘ ਦੀ ਯਾਦ ਨੂੰ ਤਾਜਾ ਰੱਖਣ ਲਈ ਆਪਨੇ ਲੁਧਿਆਣਾ ਵਿਖੇ ਪ੍ਰੋ ਮੋਹਨ ਸਿੰਘ ਮੇਲਾ ਕਰਾਉਣ ਦਾ ਕੰਮ 1978 ਵਿਚ ਸ਼ੁਰੂ ਕੀਤਾ ਜੋ ਲਗ਼ਤਾਰ ਜਾਰੀ ਹੈ। ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਵੀ ਆਪ 36 ਸਾਲ ਅੰਤਮ ਸਮੇਂ ਤੱਕ ਪ੍ਰਧਾਨ ਸਨ। ਉਨ੍ਹਾਂ ਪ੍ਰੋ.ਮੋਹਨ ਸਿੰਘ ਦਾ ਬੁਤ ਆਰਤੀ ਚੌਕ ਲੁਧਿਆਣਾ ਵਿਚ ਲਗਵਾਇਆ ਅਤੇ ਪਿੰਡ ਦਾਦ ਵਿਚ ਵਿਰਾਸਤ ਭਵਨ ਦੀ ਉਸਾਰੀ ਕਰਵਾਈ। ਇਸ ਤੋਂ ਇਲਾਵਾ ਆਪ ਬਹੁਤ ਸਾਰੀਆਂ ਸਾਹਿਤਕ ਤੇ ਸੰਗੀਤਕ ਸੰਸਥਾਵਾਂ ਦੇ ਪੈਟਰਨ, ਸਲਾਹਕਾਰ ਅਤੇ ਪ੍ਰਧਾਨ ਹਨ। ਆਪ ਪੰਜਾਬ ਆਰਟਸ ਕੌਂਸਲ ਦੇ ਮੈਂਬਰ ਅਤੇ ਪੰਜਾਬੀ ਕਲਾ ਮੰਚ ਦੇ ਵੀ ਪ੍ਰਧਾਨ ਰਹੇ ਹਨ। ਆਪ ਬਹੁਤ ਸਾਰੇ ਸਿਆਸੀ ਲੀਡਰਾਂ ਦੇ ਚਹੇਤੇ ਰਹੇ ਹਨ ਪ੍ਰੰਤੂ ਕਿਸੇ ਵੀ ਲੀਡਰ ਨੇ ਆਪਦੇ ਸਿਆਸੀ ਤੌਰ ਤੇ ਕੁਝ ਪੱਲੇ ਨਹੀਂ ਪਾਇਆ। ਆਪ ਮਾਸਟਰ ਤਾਰਾ ਸਿੰਘ, ਜਸਟਿਸ ਗੁਰਨਾਮ ਸਿੰਘ, ਗਿਆਨੀ ਜ਼ੈਲ ਸਿੰਘ ਅਤੇ ਸ੍ਰ ਬੇਅੰਤ ਸਿੰਘ ਦੇ ਵੀ ਨਜਦੀਕੀ ਰਹੇ ਹਨ। ਮੋਹਨ ਸਿੰਘ ਮੇਲੇ ਦੇ ਰਾਹੀਂ ਆਪਨੇ ਬਹੁਤ ਸਾਰੇ ਉਭਰਦੇ ਕਲਾਕਾਰਾਂ ਨੂੰ ਪ੍ਰਾਜੈਕਟ ਕਰਕੇ ਪੂਰੀ ਸਰਪਰਸਤੀ ਦਿੱਤੀ । ਆਪਨੂੰ ਪੰਜਾਬੀ ਸਭਿਆਚਾਰ ਦਾ ਦੂਤ ਅਤੇ ਬਾਬਾ ਬੋਹੜ ਕਿਹਾ ਜਾਂਦਾ ਹੈ। ਸਿਆਸਤ ਸ੍ਰ.ਜੱਸੋਵਾਲ ਨੂੰ ਰਾਸ ਨਾ ਆਈ,ਇਸ ਕਰਕੇ ਹੀ ਆਪਨੇ ਪੰਜਾਬੀ ਸਭਿਆਚਾਰ ਦੀ ਰਾਖੀ ਕਰਨ ਦਾ ਮਨ ਬਣਾਇਆ ਸੀ। 24 ਨਵੰਬਰ 2014 ਨੂੰ ਜਗਦੇਵ ਸਿੰਘ ਜੱਸੋਵਾਲ ਨੂੰ ਦਯਾ ਨੰਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਮੌਤ 22 ਦਸੰਬਰ ਨੂੰ ਸਵੇਰੇ 9.00 ਵਜੇ ਹੋ ਗਈ।