ਨਵਾਂ ਪੁਰਾਣਾ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿਨ ਮਹੀਨੇ ਮੌਸਮ ਸਾਲ ਬੀਤਣ, ਦਿਨਾਂ ਵਰਗਾ ਦਿਨ ਹਰ ਵਾਰ ਚੜ੍ਹਦਾ |
ਨਵਾਂ ਪੁਰਾਣਾ ਆਖ ਜੋ ਰੁਲੀ ਜਾਂਦਾ, ਦਿਨ ਹਰ ਵਾਰ ਹੀ ਨਵੀਂ ਵਾਰ ਚੜ੍ਹਦਾ |

ਸਦੀ ਬਦਲਦੀ ਤੇ ਸਾਲ ਬਦਲਣ, ਸਮਾਂ ਮਿੱਥੀ ਧਾਰ ਆਪਣੀ ਰਫ਼ਤਾਰ ਚਲੇ,  
ਉਪਜਣ ਬਿਨਸਣ ਨਿੱਤ ਹੀ ਕੋਟਾਂ, ਇਹ ਨਾ ਆ ਕੇ ਕਿਸੇ ਦੁਆਰ ਖੜ੍ਹਦਾ |

ਉਹ ਉੱਠਿਆ ਉਸਨੂੰ ਥੱਲੇ ਦੱਬਾਂ, ਇਹੋ ਫਿਕਰ ਦਿਨ ਰਾਤ ਹੀ ਖਾਈ ਜਾਵੇ,
ਲਹੂ ਬਾਲਦਾ ਬਸ ਤੂੰ ਆਪਣਾ ਹੀ, ਅੱਗ ਈਰਖਾ ਜਦ ਵਿੱਚਕਾਰ ਸੜ੍ਹਦਾ |

ਖਿੜੇ ਫੁੱਲ ਵੇਖ ਹਰ ਦਿੱਲ ਖਿੜ੍ਹਦਾ, ਤੋੜ ਮਿੱਧਣ ਕਿਉਂ ਬਾਬ ਬਣਾਈ ਜਾਵੇਂ,
ਹੋ ਗੁਲ ਕਿਸ ਤੁਧ ਰੋਕਾਂ ਲਾਈਆਂ, ਕਿਉਂ ਮਹਿਕਦੇ ਵੇਖ ਗੁਲਜ਼ਾਰ ਕੜ੍ਹਦਾ |

ਵਕਤ ਹੱਥ ਜੋ ਉਸ ਸੰਭਾਲ ਸੱਜਣਾਂ, ਮੁੱਠੀਓਂ ਰੇਤ ਵਾਂਗੂੰ ਕਿਰਦਾ ਜਾਂਵਦਾ ਈ,
ਪਾਣੀ ਪੱਤਣੋਂ ਲੰਘ ਇੱਕ ਵਾਰ ਜਾਵੇ, ਨਾ ਉੱਦਮ ਕੀਤੇ ਕਦੇ ਹਜ਼ਾਰ ਮੁੜ੍ਹਦਾ |

ਨਫ਼ਰਤ ਦੇ ਪਲਾਂ ਕਿਉਂ ਗੁੰਮ ਹੋ ਕੇ, ਭਾਰ ਸਦੀਆਂ ਦੇ ਸਿਰ ਤੂੰ ਪਾਈ ਬੈਠਾ,
ਦੋਵੇਂ ਹੱਥ ਖੋਲ੍ਹ ਹਰ ਪਲ ਵੰਡ ਯਾਰਾ, ਹੋਵੇ ਜਿੰਨਾ ਵੀ ਤੈਥੋਂ ਪਿਆਰ ਜੁੜ੍ਹਦਾ |

ਅਪਣੱਤ ਹਾਸੇ ਨੇ ਦਾਤ ਰੱਬੀ, ਕੋਈ ਦਿਨ ਵਾਸਤੇ ਨਾ ਇਹਨਾਂ ਪੁਰਾਣਾ ਹੋਵੇ,
ਜਿੰਨੀ ਉਮਰ ਬਾਕੀ ਹੈ ਕੰਵਲ ਤੇਰੀ, ਵੰਡ ਖੁਸ਼ੀਆਂ ਕਦੇ ਨਾ ਭੰਡਾਰ ਥੁੜ੍ਹਦਾ |