ਗਮਾਂ ਭਰੀ ਦਾਸਤਾਂ ਸੁਣਾਵਾਂ ਕਿਸ ਤਰਾਂ I
ਜਿਗਰ ਲੀਰੋ ਲੀਰ ਹੈ ਵਿਖਾਵਾਂ ਕਿਸ ਤਰਾਂ I
ਚਿੜੀਆਂ ਦੇ ਆਲਣੇ ‘ਚ ਬੋਟ ਚਹਿਕਦੇ ,
ਇਲਾਂ ਦੀ ਨਜ਼ਰ ਤੋਂ ਬਚਾਵਾਂ ਕਿਸ ਤਰਾਂ I
ਮਜ੍ਹਬਾਂ ਦਾ ਨਾਮ ਲੈ ਕੇ ਖੂਨ ਚੂਸਦੇ ,
ਮਨੁਖਤਾ ਦੇ ਵੈਰੀ ਮੈਂ ਹਟਵਾਂ ਕਿਸ ਤਰਾਂ I
ਪੱਥਰ ਦੇ ਮਹਿਲ ਪੱਥਰਾਂ ਦਾ ਵਾਸ ਹੈ ,
ਖੰਡਰ ‘ਚ ਦੀਵੇ ਮੈਂ ਜਗਾਵਾਂ ਕਿਸ ਤਰਾਂ I
ਮਰ੍ਹਮ ਦੇ ਬਹਾਨੇ ਉਹ ਤਾਂ ਜ਼ਖਮ ਫੋਲਦੇ ,
ਦੁਖ, ਦਰਦ, ਪੀੜਾ ਮੈਂ ਵਿਖਾਵਾਂ ਕਿਸ ਤਰਾਂ I
ਅੱਗ ਦਾ ਸਮਾਨ ਲੈ ਕੇ ਲੋਕ ਤੁਰ ਰਹੇ ,
ਧੁਖਦੇ ਪਏ ਰਿਸ਼ਤੇ ਮੈਂ ਬਚਾਵਾਂ ਕਿਸ ਤਰਾਂ I
ਆ ਗਏ ਮਹਿਮਾਨ ਬਣਕੇ ਘੜੀ ਪਲ ਲਈ ,
ਬਿਖਰ ਗਏ ਘਰ ਨੂੰ ਮੈਂ ਸਜਾਵਾਂ ਕਿਸ ਤਰਾਂ I
ਨਜ਼ਰਾਂ ‘ਚ ਲਪਟਾਂ ਸੋਹਲ ਹਵਸ਼ ਵਾਲੀਆ ,
ਮੋਮ ਦੇ ਖਿਡੋਨੇ ਮੈਂ ਛੁਪਾਵਾਂ ਕਿਸ ਤਰਾਂ I