ਲੁਧਿਆਣਾ -- 'ਅਧਿਆਤਮਵਾਦ ਅੱਜ ਵੀ ਰਹੱਸ ਹੈ, ਜਦਕਿ ਵਿਗਿਆਨ ਅੱਜ ਦੇ ਯੁੱਗ ਦਾ ਸਭ ਤੋਂ ਵੱਡਾ ਸੱਚ ਹੈ ਤੇ ਸਿੱਟੇ ਵਜੋਂ ਨਵੀ ਬੁਲੰਦੀਆਂ ਨੂੰ ਛੂਹ ਰਿਹਾ ਹੈ; ਇਸ ਲਈ ਧਰਮ ਦਾ ਸਹਾਰਾ ਲੈ ਕੇ ਵਿਗਿਆਨਕ ਸੋਚ ਉੱਪਰ ਹਮਲੇ ਨਹੀਂ ਕਰਨੇ ਚਾਹੀਦੇ', ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ, ਡਾ. ਐਸ ਐਸ ਜੌਹਲ ਨੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਸ਼੍ਰੀ ਵਿਸ਼ਵਾਮਿਤਰ ਭੰਡਾਰੀ ਦੀ ਪੁਸਤਕ 'ਈਸ਼ਵਰ ਪ੍ਰਤੀ ਵਿਗਾਨਿਕ ਸੋਚ' ਲੋਕ ਅਰਪਣ ਕਰਦਿਆਂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਜੌਹਲ ਸਾਹਿਬ ਦੇ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡ ਵਿਜੇਤਾ, ਸ਼੍ਰੀ ਮਿੱਤਰ ਸੈਨ ਮੀਤ, ਸੰਸਥਾ ਦੇ ਪ੍ਰਧਾਨ ਸ਼੍ਰੀ ਪ੍ਰੀਤਮ ਪੰਧੇਰ, ਸਹਿਜਧਾਰਾ ਦੇ ਸੰਚਾਲਕ ਡਾ. ਜਗਜੀਤ ਸਿੰਘ ਗਰੇਵਾਲ, ਦਲਵੀਰ ਸਿੰਘ ਲੁਧਿਆਣਵੀ, ਡਾ ਐਸ ਐਨ ਸੇਵਕ, ਸ. ਕਰਮਜੀਤ ਸਿੰਘ ਔਜਲਾ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ ਗੁਲਜ਼ਾਰ ਸਿੰਘ ਪੰਧੇਰ ਹਾਜ਼ਿਰ ਹੋਏ। ਦਲਵੀਰ ਸਿੰਘ ਲੁਧਿਆਣਵੀ ਨੇ ਬਾਖ਼ੂਬੀ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਇਹ ਪੁਸਤਕ ਲੇਖਕ ਦੀ ਸੱਚੀ-ਸੁੱਚੀ ਮਿਹਨਤ ਦਾ ਸਿੱਟਾ ਹੈ। ਪ੍ਰੋ ਜਤਿੰਦਰਬੀਰ ਸਿੰਘ ਨੰਦਾ ਨੇ ਪੁਸਤਕ ਤੇ ਪਰਚਾ ਪੇਸ਼ ਕੀਤਾ।

ਸ੍ਰੀ ਮੀਤ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਪੁਸਤਕ 'ਈਸ਼ਵਰ ਪ੍ਰਤੀ ਵਿਗਾਨਿਕ ਸੋਚ' ਇਕ ਨਵੀਂ ਬਹਿਸ ਛੇੜਦੀ ਹੈ, ਜੋ ਨਿਸ਼ਚੇ ਹੀ ਪੰਜਾਬੀ ਸਾਹਿਤ ਵਿਚ ਇਕ ਨਵੀਂ ਸਾਹਿਤਕ ਵੰਨਗੀ ਨੂੰ ਜਨਮ ਦੇਵੇਗੀ।
ਡਾ ਗਰੇਵਾਲ ਨੇ ਪੁਸਤਕ 'ਤੇ ਵਿਚਾਰ ਰਖਦਿਆਂ ਕਿਹਾ ਕਿ ਵਿਗਿਆਨ ਦੀ ਤਰ੍ਹਾਂ ਰਹੱਸਵਾਦ ਵੀ ਦੂਹਰੇ ਗੁਣ ਵਾਲਾ ਹੈ ਅਤੇ ਇਹ ਅਤਾਰਕਿਕ ਤਰਕ ਨੂੰ ਮੰਨਦਾ ਹੈ। ਵਿਗਿਆਨ ਤੇ ਅਧਿਆਤਮਵਾਦ ਦੋਹਾਂ ਵਿਚ ਹੀ ਨਵੀਆਂ-੨ ਪਹਿਲ-ਕਦਮੀਆਂ ਦਾ ਸਵਾਗਤ ਕਰਨਾ ਬਣਦਾ ਹੈ।
ਸ਼੍ਰੀ ਪ੍ਰੀਤਮ ਪੰਧੇਰ ਨੇ ਵਿਚਾਰ ਰੱਖਦਿਆਂ ਕਿਹਾ ਕਿ ਪੁਸਤਕ 'ਈਸ਼ਵਰ ਪ੍ਰਤੀ ਵਿਗਾਨਿਕ ਸੋਚ' ਵਿਚ ਸਾਹਿਤਕ ਅਲੋਚਨਾ ਵੱਖ-ਵੱਖ ਹੋ ਸਕਦੀ ਹੈ, ਪਰ ਇਹ ਕਿਤਾਬ ਪੰਜਾਬੀ ਪਾਠਕਾਂ ਲਈ ਨਿਸ਼ਚੇ ਹੀ ਨਵੇਂ ਵਿਚਾਰਾਂ ਨੂੰ ਛੇੜਨ ਦਾ ਕੰਮ ਕਰੇਗੀ
ਡਾ ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਵਿਗਿਆਨ ਤੇ ਰਹੱਸਵਾਦ ਇਕ-ਦੂਜੇ ਦੇ ਵਿਰੋਧੀ ਹੋਣ।
ਡਾ. ਐਸ ਐਨ ਸੇਵਕ, ਇੰਜ: ਕਰਮਜੀਤ ਸਿੰਘ ਔਜਲਾ, ਡਾ. ਬਲਵਿੰਦਰ ਔਲਖ ਗਲੈਕਸੀ, ਪ੍ਰਿੰ: ਹਰੀ ਕ੍ਰਿਸ਼ਨ ਮਾਇਰ, ਅਮਰਜੀਤ ਕੌਰ ਨਾਜ਼ ਨੇ ਪੁਸਤਕ 'ਤੇ ਵਿਚਾਰ ਰੱਖਦਿਆ ਕਿਹਾ ਕਿ ਇਹ ਪੁਸਤਕ ਹਰੇਕ ਨੂੰ ਪੜ੍ਹਨੀ ਚਾਹੀਦੀ ਹੈ।
ਇਸ ਮੌਕੇ 'ਤੇ ਲੇਖਕ ਦਾ ਸਨਮਾਨ ਵੀ ਕੀਤਾ ਗਿਆ। ਕਵੀ ਦਰਬਾਰ ਵਿਚ ਤ੍ਰੈਲੋਚਨ ਲੋਚੀ, ਅਮਰਜੀਤ ਸ਼ੇਰਪੁਰੀ, ਦਲੀਪ ਅਵਧ, ਇੰਜ: ਸੁਰਜਨ ਸਿੰਘ, ਪ੍ਰਗਟ ਸਿੰਘ ਇਕੋਲਾਹਾ, ਪੰਮੀ ਹਬੀਬ, ਤਰਲੋਚਨ ਝਾਂਡੇ, ਕੁਲਵਿੰਦਰ ਕਿਰਨ, ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ। ਸਮਾਗਮ ਨੂੰ ਚਾਰ ਚੰਨ ਲਗਾਉਣ ਵਾਲਿਆ ਵਿਚ ਸੁਰਿੰਦਰ ਕੈਲੇ, ਸੁਰਿੰਦਰ ਰਾਮਪੁਰੀ, ਪ੍ਰਿੰ: ਪ੍ਰੇਮ ਸਿੰਘ ਬਜਾਜ, ਸੁਰਿੰਦਰ ਪ੍ਰੀਤ ਕਾਉਂਕੇ, ਬਲਕੌਰ ਸਿੰਘ ਗਿੱਲ, ਪ੍ਰਿ: ਇੰਦਰਜੀਤਪਾਲ ਕੌਰ ਭਿੰਡਰ, ਸਤੀਸ਼ ਗੁਲਾਟੀ, ਹਰਭਜਨ ਫੱਲੇਵਾਲ, ਬੁੱਧ ਸਿੰਘ ਨੀਲੋ, ਲੇਖਕ ਦੇ ਬਹੁਤ ਸਾਰੇ ਪਰਿਵਾਰਕ ਮੈਂਬਰ ਆਦਿ ਹਾਜ਼ਿਰ ਸਨ।