ਪੀ ਕੇ
ਜਾਂ ਬਿਨਾਂ ਪੀਤਿਆਂ
ਧਰਤੀ ਤਾਂ ਪਰ
ਗੋਲ ਹੀ ਰਹਿਣੀ ਐ
ਅਣਰੁੱਕ
ਆਪਣੀ ਧੁਰੀ ਦੁਆਲੇ ਘੁੰਮਦੀ
ਜੋ ਅੱਗੋਂ ਘੁੰਮੇ
ਕਿਸੇ ਸੂਰਜ ਦੁਆਲੇ
ਤੇ ਫ਼ੇਰ ਅੱਗੋਂ ਹੋਰ
ਤੇ ਧਰਤ-ਵਾਸੀ
ਲਾਟੂ ਵਾਂਗੂੰ ਬੇਹੋਸ਼
ਮਤਿ ਵਹੀਣੇ ਕਠਪੁਤਲੇ
ਜੋ ਘੁੰਮਦੇ
ਆਪਣੇ ਧਰਮ-ਅਡੰਬਰਾਂ ਦੇ
ਘੁੰਮਣਘੇਰਿਆਂ ਵਿੱਚ
ਜੋ ਅੱਗੋਂ ਘੁੰਮਦੇ ਨੇ
ਧਰਮ ਅਤੇ ਸੱਤਾ ਦੇ
ਮਿਲਗੋਭੇ ਤੇ ਇਖਲਾਖਹੀਣ
ਸੰਸਥਾਈਕਰਣ ਦੇ
ਅਗਲੇ ਤੇ
ਫ਼ਿਰ-ਫ਼ਿਰ ਅਗਲੇ
ਘੇਰਿਆਂ ਵਿੱਚ
ਸਾਰੇ ਹੀ ਬੱਸ
ਘੁੰਮਦੇ ਹੀ ਤਾਂ ਰਹਿੰਦੇ ਨੇ
ਜਨਮ ਤੋਂ ਮੌਤ ਤੀਕ
ਬੇਅਰਥੇ ...