''ਵਿਰਸੇ ਦੀ ਖੁਸ਼ਬੋ''
ਲੇਖਕ : ਜਸਵੀਰ ਸ਼ਰਮਾ ਦੱਦਾਹੂਰ
ਪੰਨੇ : 111, ਮੁੱਲ : 150/-
ਪ੍ਰਕਾਸ਼ਨ : ਸਾਹਿਬਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਰਚਨਾਵਾਂ ਹੱਡ ਭੰਨਵੀਂ ਕਮਾਈ ਵਰਗੀਆਂ ਹਨ ਜਿੰਨ੍ਹਾਂ ਵਿੱਚੋਂ ਸੁੱਚੀ ਕਿਰਤ ਦੀ ਮਹਿਕ ਆਉਂਦੀ ਹੈ। 'ਵਿਰਸੇ ਦੀ ਖੁਸ਼ਬੋ' ਤੋਂ ਪਹਿਲਾਂ 'ਵਿਰਸੇ ਦੀ ਲੋਅ' ਨਾਮੀ ਕਿਤਾਬ ਸੂਝਵਾਨ ਪਾਠਕਾਂ ਦੇ ਰੂਬਰੂ ਕਰਕੇ ਜਸਵੀਰ ਸ਼ਰਮਾ ਨੇ ਪਹਿਲੀ ਦਸਤਖ ਹੀ ਕਮਾਲ ਦੀ ਦਿੱਤੀ ਸੀ ਜਿਸ ਨਾਲ ਉਹ ਪੰਜਾਬੀ ਕਾਵਿ ਜਗਤ ਦੇ ਸੁਹਿਰਦ ਤੇ ਜਿੰਮੇਵਾਰ ਕਵੀਆਂ ਦੀ ਸ੍ਰੇਣੀ ਵਿੱਚ ਸ਼ਾਮਿਲ ਹੋ ਗਿਆ ਹੈ। ਹਥਲੀ ''ਵਿਰਸੇ ਦੀ ਖੁਸ਼ਬੋ'' ਪੁਸਤਕ ਹੋਰ ਕਰੜੀ ਜਿੰਮੇਵਾਰੀ ਨੂੰ ਅੱਗੇ ਤੋਰਦੀ ਹੈ। ਦੋਵਾਂ ਹੀ ਪੁਸਤਕਾਂ ਵਿੱਚ ਜਸਵੀਰ ਸ਼ਰਮਾਂ ਕਿੱਧਰੋਂ 'ਵਾਲ ਜਿੰਨ੍ਹਾਂ' ਵੀ ਨਹੀ ਥਿੜਕਿਆ। ਕਿਤਾਬਾਂ ਦੇ ਟਾਇਟਲਾਂ ਮੁਤਾਬਕ ਉਹ ਵਾਕਈ ਵਿਰਸੇ ਦਾ ਪਹਿਰੇਦਾਰ ਬਣਿਆ ਹੈ।
ਆਪਣੇ ਮਾਪਿਆਂ ਨੂੰ ਸਮਰਪਿਤ 'ਵਿਰਸੇ ਦੀ ਖੁਸ਼ਬੋ' ਪੁਸਤਕ ਬਾਰੇ ਕੇ.ਐਲ ਗਰਗ, ਗੁਰਪਾਲ ਸਿੰਘ ਨੂਰ, ਗੁਰਦੀਪ ਸਿੰਘ ਚੀਮਾਂ, ਭਾਈ ਹਰਨਿਰਪਾਲ ਸਿੰਘ ਕੁੱਕੂ, ਕਸ਼ਮੀਰੀ ਲਾਲ ਚਾਵਲਾ, ਦਰਸ਼ਨ ਸਿੰਘ ਰਾਹੀ, ਹਰਪਿੰਦਰ ਰਾਣਾ, ਜਸਵੀਰ ਭਲੂਰੀਆ, ਕੰਵਲਜੀਤ ਲੰਡੇ, ਡਾ. ਸਾਧੂ ਰਾਮ ਲੰਗੇਆਣਾ, ਇਦਰਜੀਤ ਸਿੰਘ ਭੋਲਾ ਜਿਹੀਆਂ ਹਸਤੀਆਂ ਨੇ ਬਹੁਤ ਉੱਚਕੋਟੀ ਦੇ ਵਿਚਾਰ ਦਿੱਤੇ ਹਨ, ਸੋ ਮੈਂ ਨਹੀ ਸਮਝਦਾ ਕਿ ਮੇਰੇ ਲਿਖਣ ਦੀ ਕੋਈ ਬਹੁਤ ਲੋੜ ਰਹੇਗੀ, ਪਰ ਜਸਵੀਰ ਸ਼ਰਮਾ ਕਹਿੰਦੇ 30 ਸਾਲ ਪੁਰਾਣੀ ਮਿੱਤਰਤਾ ਦਾ ਕੁਝ ਨਾ ਕੁਝ ਤਾਂ ਲਿਖਤੀ ਸਬੂਤ ਹੋਣਾ ਚਾਹੀਦਾ ਹੈ, ਸੋ ਮੇਰੇ ਇਹ ਚਾਰ ਅੱਖਰ ਤਾਂ ਕੇਵਲ ਸਾਡੇ ਸਾਂਝੇ ਸਵਰਗੀ ਦੋਸਤ 'ਸੰਘਾ ਕੋਰੇਵਾਲੀਆ' ਦੀ ਯਾਦ ਨੂੰ ਹੀ ਸਮਰਪਿਤ ਹਨ ਜਿਸ ਰਾਹੀਂ ਅਸੀ ਇਕ ਦੂਜੇ ਦੇ ਸੰਪਰਕ ਵਿੱਚ ਆਏ।
ਮਾਤਾ ਸੁਖਵਿੰਦਰ ਕੌਰ ਖਾਲਸਾ ਜੀ ਦੀ ਉਪਮਾ ਨਾਲ ਸ਼ੁਰੂ ਕਰਕੇ ਪੈਂਤੀ ਅੱਖਰੀ ਨਸੀਹਤਨਾਮਾ, ਕਾਲਾ ਧੰਨ, ਹੰਕਾਰੀ ਮਨੁੱਖ, ਗਰੀਬੀ, ਭਗਤ ਸਿੰਘ, ਦਾਜ, ਕਿਸਾਨੀ, ਭਲਵਾਨੀ, ਜਵਾਨੀ, ਨਸ਼ੇ, ਧੀਆਂ ਦਾ ਹਾਲ, ਨੌਕਰੀ, ਰਿਸ਼ਵਤਖੋਰੀ, ਅੰਧ ਵਿਸ਼ਵਾਸ਼, ਸਰਵਣ ਪੁੱਤਰ, ਦੁਨੀਆਂਦਾਰੀ, ਪਾਣੀ ਦੀ ਬੱਚਤ, ਗਊ ਮਾਤਾ ਦੀ ਸੇਵਾ, ਭਰੂਣ ਹੱਤਿਆ, ਸ਼ਹੀਦਾਂ ਦੀ ਯਾਦ, ਪੈਸੇ ਦੀ ਦੌੜ, ਅਖੌਤੀ ਅਜ਼ਾਦੀ, ਪ੍ਰਾਈਵੇਟ ਕੰਮ, ਮਾਂ ਬੋਲੀ, ਜਿਹੇ ਕਿੰਨੇ ਹੀ ਭਖਵੇਂ ਵਿਸ਼ਿਆਂ ਤੇ ਕਲਮ ਚਲਾਕੇ ਜਸਵੀਰ ਸ਼ਰਮਾ ਨੇ ਆਪਣੀ ਜਬਰਦਸਤ ਪਕੜ ਦਾ ਨਿਰਾਲਾ ਸਬੂਤ ਪੇਸ਼ ਕੀਤਾ ਹੈ। ਨਸੀਹਤਨਾਮਾ ਤਾਂ ਸਾਧੂ ਦਇਆ ਸਿੰਘ ਆਰਿਫ਼ ਦੇ ''ਜਿੰਦਗੀ ਬਿਲਾਸ'' ਦੀ ਯਾਦ ਤਾਜ਼ੀ ਕਰਵਾ ਦਿੰਦਾ ਹੈ ਜਿਵੇਂ :-
''ਜਿੱਥੇ ਜਾ ਕੇ ਨੱਕ ਤੂੰ ਰਗੜਦਾ ਏ, ਰਾਮ ਨਾਮ ਦੀ ਉਹਨ੍ਹਾਂ ਨੂੰ ਸਾਰ ਨਾਹੀਂ''।
ਇਸੇ ਤਰ੍ਹਾਂ :-
''ਮਿਲਿਆ ਜਾਮਾ ਇਨਸਾਨ ਦਾ ਇਕ ਵਾਰੀ, ਲੈ ਜਾਣਾ ਨਹੀਂ ਕੁਝ ਜਹਾਨ ਵਿੱਚੋਂ''।
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਰਚਨਾਵਾਂ ਵਿਚਲੀਆਂ ਕੁਝ ਲਾਈਨਾਂ ਤਾਂ ਲੋਕ ਤੁਕਾਂ ਦਾ ਰੁਤਬਾ ਹਾਸਲ ਕਰਨ ਦੀ ਤਾਕਤ ਰੱਖਦੀਆਂ ਨੇ।
''ਕੱਲਾ ਕੱਲਾ ਸਿਆੜ ਕੱਢ ਵਾਹੁੰਦੇ ਸੀਗੇ ਖੇਤ ਤੁਸੀ, ਕੀ ਤੁਹਾਨੂੰ ਕਦੇ ਵੀ ਥਕੇਵਾਂ ਨਹੀਉਂ ਹੋਇਆ ਸੀ?''
ਕਮਾਲ ਦਾ ਕਬਿੱਤ ਹੈ ਤੇ ਬਾਬੂ ਰਜਬ ਅਲੀ ਦੇ ਕਬਿੱਤ ਦਾ ਭੁਲੇਖਾ ਪੈਂਦਾ ਲਗਦਾ ਹੈ। ''ਘਰਾਂ 'ਚ ਵੰਡੀਆਂ ਪੈਂਦੀਆਂ ਯੁੱਗਾਂ ਤੋਂ ਸੁਣਦੇ ਸਾਂ, ਪਰ ਮਨਾਂ 'ਚ ਵੰਡੀਆਂ ਪਾਉਂਦੀ ਝਾਕ ਹੈ ਪੈਸੇ ਦੀ,'' ਅੱਜ ਦੇ ਪੂੰਜੀਵਾਦੀ ਦੌਰ ਦੀ ਤਲਖ਼ ਸੱਚਾਈ ਪੇਸ਼ ਹੈ। ''ਜਿਸ ਦੇਸ਼ ਵਿੱਚ ਇਜ਼ਤਾਂ ਤੇ ਪੈਣ ਡਾਕੇ, ਨਹੀ ਓਸ ਦੇਸ਼ ਵਿੱਚ ਰਹਿਣ ਨੂੰ ਜੀਅ ਕਰਦਾ'' ਦੇਸ਼ ਪ੍ਰਤੀ ਗੁੱਸੇ ਦੀ ਸਪੱਸ਼ਟਤਾ ਹੈ। ''ਲੱਖ ਕਰੀਏ ਤਰੱਕੀ ਭਾਂਵੇ ਜੱਗ ਉੱਤੇ, ਪਰ ਵਿਰਸੇ ਨੂੰ ਕਦੇ ਵੀ ਭੁਲਾਈਏ ਨਾ'' ਆਪਣਿਆਂ ਪ੍ਰਤੀ ਮੋਹ ਰੱਖਣ ਦੀ ਬੇਨਤੀ ਨੁਮਾ ਲਿਖਤ ਹੈ। ''ਦੁਨੀਆਂ ਬਹੁਰੰਗੀ ਵੇਖੀ, ਮਾਇਆ ਦੀ ਹੈ ਸੰਗੀ ਵੇਖੀ, ਜਿੰਦ ਸੂਲੀ ਟੰਗੀ ਵੇਖੀ, ਹਰ ਇਨਸਾਨ ਦੀ, ਪਾਣੀ ਦੇ ਵਹਾਅ ਦੀ ਤਰ੍ਹਾਂ ਤੁਰੀ ਜਾਂਦੀ ਹੈ ਇਹ ਰਚਨਾਂ।
ਗੱਲ ਕੀ ਥੋੜੀ ਜਿਹੀ ਭੂਮਿਕਾ ਵਿੱਚ ਜਸਵੀਰ ਸ਼ਰਮਾ ਦੱਦਾਹੂਰ ਦੀ ਕਿਤਾਬ ''ਵਿਰਸੇ ਦੀ ਖੁਸ਼ਬੋ'' ਨੂੰ ਕਲਾਵੇ ਵਿੱਚ ਨਹੀ ਲਿਆ ਜਾ ਸਕਦਾ, ਗੱਲ ਤਾਂ ਇਸਨੂੰ ਪੂਰਾ ਪੜ੍ਹਿਆਂ ਹੀ ਬਣੇਗੀ। ਹਰ ਘਰ, ਹਰ ਸੰਸਥਾ, ਹਰ ਲਾਇਬ੍ਰੇਰੀ ਦੀ ਸ਼ਾਨ ਬਨਣ ਦੀ ਸਮਰੱਥਾ ਰੱਖਦੀ ਹੈ ਇਹ ਕਿਤਾਬ। ਜਸਵੀਰ ਸ਼ਰਮਾ ਬਹੁਪੱਖੀ ਲੇਖਕ ਸਾਬਤ ਹੋ ਗਿਆ ਹੈ ਜਿਸ ਵਿੱਚੋਂ ਗੀਤਕਾਰੀ, ਕਵੀਸ਼ਰੀ, ਢੱਡ ਸਾਰੰਗੀ ਦੀ ਗਾਇਕੀ ਦਾ ਜਬਰਦਸਤ ਸੁਮੇਲ ਸਪੱਸ਼ਟ ਝਲਕਦਾ ਹੈ।
ਪੰਜਾਬੀ ਸਾਹਿਤ ਜਗਤ ਨੂੰ ਇਕ ਹੋਰ ਸ਼ਾਹਕਾਰ ਪੇਸ਼ ਕਰਨ ਹਿਤ ਮੇਰੇ ਵੱਲੋਂ ਖੁਸ਼ਆਮਦੀਦ।