ਸੁਪਨਾ (ਕਹਾਣੀ)

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ ਕੋਈ ਇੱਕ ਦਮ ਜਾਂ ਇੱਕ ਨਜ਼ਰ ਵਿੱਚ ਹੋਇਆ ਪਿਆਰ ਨਹੀਂ ਸੀ। ਮੈਂ ਉਸਨੂੰ ਬਚਪਨ ਤੋਂ ਦੇਖਦਾ ਆ ਰਿਹਾ ਸੀ, ਜਦ ਨਵਪ੍ਰੀਤ ਸਾਡੇ ਘਰ ਅਕਸਰ ਆਪਣੇ ਖਿਡੌਣੇ ਲੈ ਕੇ ਖੇਡਣ ਆਇਆ ਕਰਦੀ ਸੀ। ਬਚਪਨ ਵਿੱਚ ਮੈਂ ਵੀ ਉਹਨਾਂ ਦਾ ਘਰ ਚਲਿਆ ਜਾਂਦਾ। ਬੱਚਿਆਂ ਵਿੱਚ ਬੱਚੇ ਬਣ ਕੇ ਖੇਡਦੇ ਰਹਿਣਾ ਸ਼ਾਮਾਂ ਪੈਣੀਆਂ ਤਾਂ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ। 
ਸਮਾਂ ਕਦ ਖੜ੍ਹਿਆ? ਚਾਹੇ ਉਹ ਚੰਗਾ ਹੋਵੇ ਜਾਂ ਬੁਰਾ। ਆਖਰ ਬਚਪਨ ਵੀ ਮੁਕਦਾ ਗਿਆ, ਪੜ੍ਹਾਈਆਂ ਵੀ ਔਖੀਆਂ ਹੁੰਦੀਆਂ ਗਈਆਂ ਤੇ ਘਰ ਦੇ ਕੰਮ ਕਰਨ ਦੀਆਂ ਜਿੰਮੇਵਾਰੀਆਂ ਵੀ ਸਿਰ ਉੱਤੇ ਪੈਂਦੀਆਂ ਗਈਆਂ ਪਤਾ ਹੀ 
ਨਾ ਲੱਗਾ ਕਦ ਜਵਾਨੀ ਵਿੱਚ ਆ ਗਏ ਅਤੇ ਇੱਕ ਜਿੰਮੇਵਾਰ ਵਿਅਕਤੀ ਬਣ ਗਏ।
ਦੂਜੇ ਪਾਸੇ ਉਸਨੇ ਵੀ ਬਾਰਵ੍ਹੀਂ ਪਾਸ ਕਰ ਲਈ। ਉਹ ਤਿੰਨ ਭੈਣਾਂ ਸਨ ਤੇ ਇੱਕ ਵੱਡਾ ਭਰਾ ਸੀ। ਮੈਂ ਵੀ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਸੀ ਤੇ ਉਹ ਵੀ। ਮੱਧ ਵਰਗ ਦੀਆਂ ਮੁਸ਼ਕਲਾਂ ਬਾਰੇ ਇੱਥੇ ਬਹੁੱਤਾ ਦੱਸਣ ਦੀ ਲੋੜ ਨਹੀਂ ਲੱਗਦੀ। ਮੈਂ ਵੀ ਕੋਈ ਕੰਮ ਲੱਭ ਕੇ ਘਰ ਦਾ ਖਰਚਾ ਚਲਾਉਣ ਲਈ ਯਤਨਸ਼ੀਲ਼ ਹੋਇਆ ਤੇ ਉਹ ਵੀ ਆਪਣੀਆਂ ਵੱਡੀਆਂ ਭੈਣਾਂ ਵਾਂਗ ਸਿਲਾਈ-ਕਢਾਈ ਦਾ ਕੰਮ ਘਰ ਵਿੱਚ ਕਰਨ ਲੱਗ ਪਈ।
ਹੁਣ ਸਾਡਾ ਇੱਕ ਦੂਜੇ ਦੇ ਘਰ ਆਉਣਾ-ਜਾਣਾ ਪ੍ਰਾਹੁਣਿਆਂ ਦੇ ਵਾਂਗ ਹੁੰਦਾ ਸੀ। ਇੱਕ ਦਿਨ ਬੈਠੇ-ਬੈਠੇ ਬਚਪਨ ਯਾਦ ਕਰਦਿਆਂ, ਜਵਾਨੀ ਦੀ ਆਮਦ ਅਤੇ ਹੋਰ ਗੱਲਾਂ ਕਰਦਿਆਂ ਸਾਨੂੰ ਅਹਿਸਾਸ ਹੋਇਆ ਕਿ ਸਾਡੇ ਵਿੱਚ ਕੋਈ ਹੋਰ ਰਿਸ਼ਤਾ ਵੀ ਜਨਮ ਲੈ ਰਿਹਾ ਹੈ ਜਾਂ ਲੈ ਚੁੱਕਾ ਸੀ। ਸ਼ਾਇਦ ਇਹ ਉਹੀ ਰਿਸ਼ਤਾ ਸੀ ਜਿਸਨੂੰ 'ਪਿਆਰ' ਕਿਹਾ ਜਾਂਦਾ ਹੈ। ਉਹ ਪਿਆਰ ਜਿਸ ਵਿੱਚ ਜਿਸਮਾਂ ਦੀ ਨਹੀਂ ਰੂਹਾਂ ਦੀ ਸਾਂਝ ਹੁੰਦੀ ਹੈ। ਜਿਸ ਵਿੱਚ ਇੱਕ ਦੂਜੇ ਪ੍ਰਤੀ ਫਰਜ਼ ਨਿਭਾਏ ਜਾਂਦੇ ਹਨ, ਜਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਹਨ, ਜਿਸ ਵਿੱਚ ਜ਼ਮਾਨੇ ਦਾ ਡਰ ਤੇ ਪਰਿਵਾਰ ਦਾ ਫਿਕਰ ਵੀ ਹੁੰਦਾ ਹੈ, ਜਿਸ ਵਿੱਚ ਬੇਪਰਵਾਹੀ, ਹੋ ਕੇ ਵੀ ਗੰਭੀਰਤਾ ਅਤੇ ਗੰਭੀਰ ਹੋ ਕੇ ਵੀ ਬੇਪਰਵਾਹੀ ਹੁੰਦੀ ਹੈ। ਜਿਸ ਵਿੱਚ ਕੋਮਲ ਅਹਿਸਾਸ, ਅਧੀਨਗੀ, ਸ਼ਰਮ, ਹਯਾ ਦੇ ਨਾਲ ਅਪਣੱਤ ਦੀ ਵੀ ਵਿਸ਼ੇਸ਼ ਥਾਂ ਹੁੰਦੀ ਹੈ।
ਸਮਾਂ ਬੀਤਣ ਦੇ ਨਾਲ-ਨਾਲ ਅਹਿਸਾਸ ਵੱਧਦਾ ਗਿਆ, ਇਸ ਰਿਸ਼ਤੇ ਵਿੱਚ ਗੰਭੀਰਤਾ ਆਉਂਦੀ ਗਈ, ਲਗਾਵ ਵਿੱਚ ਬੇਸ਼ੁਮਾਰ ਵਾਧਾ ਹੁੰਦਾ ਗਿਆ, ਬੇਚੈਨੀਆਂ ਵੱਧਦੀਆਂ ਗਈਆਂ, ਇੰਞ ਮਹਿਸੂਸ ਹੋਣ ਲੱਗ ਪਿਆ ਸ਼ਾਇਦ ਇੱਕ-ਦੂਜੇ ਦੇ ਬਿਨ੍ਹਾਂ ਜਿਊਣਾ ਹੁਣ ਦੁਸ਼ਵਾਰ ਬਣ ਜਾਵੇਗਾ। ਅਜਿਹੀਆਂ ਗੱਲਾਂ ਸੋਚਦੇ ਤਾਂ ਕਈ ਤਰ੍ਹਾਂ ਦੇ ਉਤਰਾਅ-ਚੜਾਅ ਸਾਹਮਣੇ ਨਜ਼ਰ ਆਉਂਦੇ। ਕਦੀ ਤਾਂ ਇੰਞ ਲੱਗਦਾ ਕਿ ਸੱਭ ਕੁੱਝ ਠੀਕ ਹੋ ਜਾਵੇਗਾ ਜ਼ਮਾਨਾ ਮਾਡਰਨ (ਅਗਾਂਹਵਧੂ) ਹੈ, ਪਰ ਦੂਜੇ ਹੀ ਪਲ ਇਵੇਂ ਮਹਿਸੂਸ ਹੁੰਦਾ ਕਿ ਜਿਵੇਂ ਸਮਾਜ ਨੇ ਬੱਸ ਕੁੰਞ ਬਦਲੀ ਹੈ, ਅੰਦਰੋਂ ਸੋਚ, ਸਮਝ, ਵਿਚਾਰ ਪੁਰਾਣੇ ਹੀ ਨੇ। ਸਿਰਫ ਕੱਪੜੇ, ਗੱਲਬਾਤ ਕਰਨ ਦਾ ਢੰਗ, ਰਹਿਣ-ਸਹਿਤ ਦਾ ਤਰੀਕਾ ਬਦਲਿਆ ਹੈ, ਪਰ ਸੋਚ ਉੱਤੇ ਅੱਜ ਵੀ ਪੁਰਾਣੇ ਰੀਤੀ-ਰਿਵਾਜ਼ਾਂ, ਪ੍ਰੰਪਰਾਵਾਂ, ਜਾਤ-ਪਾਤ, ਊਚ-ਨੀਚ ਦੀ ਗਾਰਦ ਪਹਿਲਾਂ ਵਾਂਗ ਹੀ ਜੰਮੀ ਹੋਈ ਹੈ।
ਮੈਨੂੰ ਹਮੇਸ਼ਾਂ ਰੱਬ ਤੇ ਵਿਸ਼ਵਾਸ਼ ਸੀ, ਉਹ ਮੇਰੇ ਤੋਂ ਵੀ ਵੱਧ ਰੱਬ ਨੂੰ ਮੰਨਦੀ ਸੀ। ਔਖੇ ਵੇਲੇ ਜਦੋਂ ਕੋਈ ਨੇੜੇ ਨਹੀਂ ਦਿੱਸਦਾ ਤਾਂ ਰੱਬ ਸੱਭ ਤੋਂ ਕਰੀਬ ਮਹਿਸੂਸ ਹੁੰਦਾ ਹੈ। ਸਿੱਧੀ ਗੱਲਬਾਤ ਰੱਬ ਨਾਲ ਇੰਞ ਹੁੰਦੀ ਹੈ ਜਿਵੇਂ ਉਹ ਵੀ ਸਾਡੇ ਹਾਣ ਦਾ ਹੋਵੇ ਤੇ ਅਸੀਂ ਉਸ ਕੋਲੋਂ ਮਦਦ ਮੰਗ ਰਹੇ ਹੋਈਏ।
ਉਹ ਸ਼ਹਿਰ ਦੇ ਇੱਕ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਕਰਨ ਲੱਗ ਪਈ। ਜਿਵੇਂ ਕਹਿੰਦੇ ਨੇ ਕੁੱਝ ਰਿਸ਼ਤੇ ਛੁਪਾਇਆਂ ਨਹੀਂ ਛਿੱਪਦੇ, ਇਸ ਲਈ ਅਸੀਂ ਦੋਹਾਂ ਨੇ ਇੱਕ ਦੂਜੇ ਦੇ ਘਰ ਆਉਣ ਜਾਣਾ ਬਿਲਕੁੱਲ ਘਟਾ ਦਿੱਤਾ ਤਾਂ ਕਿ ਚਾਹ ਕੇ ਵੀ ਕਿਸੇ ਨੂੰ ਸਾਡੀ ਇਸ ਸਾਂਝ ਦਾ ਪਤਾ ਨਾ ਲੱਗ ਜਾਵੇ। ਨਾਲੇ ਜਦ ਦੀ ਉਹ ਨੌਕਰੀ ਕਰਨ ਲੱਗ ਪਈ ਸੀ ਘਰ ਘੱਟ ਹੀ ਰਹਿੰਦੀ ਅਤੇ ਸਿਲਾਈ ਕਢਾਈ ਵੀ ਉਸਨੇ ਛੱਡ ਦਿੱਤੀ। ਇਹਨਾਂ ਦਿਨਾਂ ਵਿੱਚ ਹੀ ਮੈਂ ਉਸਨੂੰ ਬਾਹਰ ਕਿਤੇ ਘੁੰਮਣ ਜਾਣ ਲਈ ਕਿਹਾ ਜਿੱਥੇ ਅਸੀਂ ਦੋਵੇਂ ਖੂਬ ਗੱਲਾਂ ਕਰ ਸਕੀਏ ਤੇ ਕੁੱਝ ਪਲ ਯਾਦਗਾਰ ਬਣਾ ਸਕੀਏ। ਉਸਨੇ ਆਉਂਦੇ ਸ਼ਨੀਵਾਰ ਦਾ ਦਿਨ ਮਿੱਥ ਲਿਆ ਤੇ ਦਫਤਰ ਤੋਂ ਆਗਊਂ ਛੁੱਟੀ ਲਈ ਅਰਜ਼ੀ ਵੀ ਦੇ ਦਿੱਤੀ।
ਆਖੀਰ ਸਹੀ ਸਮੇਂ ਤੇ ਅਸੀਂ ਬੱਸ ਸਟੈਂਡ ਮਿਲੇ ਤੇ ਉੱਥੋਂ ਸਿੱਧੇ ਕਿਸੇ ਅਲੀਸ਼ਾਨ ਹੋਟਲ, ਰੈਸਟੋਰੈਂਟ ਜਾਣ ਦੀ ਥਾਂ ਗੁਰਦੁਆਰਾ ਸਾਹਿਬ ਵਿਖੇ ਗਏ। ਕੜਾਹ ਪ੍ਰਸਾਦਿ ਕਰਵਾਇਆ। ਗੁਰੂ ਘਰ ਜਾ ਕੇ, ਪ੍ਰਮਾਤਮਾ ਦੀ ਗੋਦ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ, ਲੰਗਰ ਛਕਿਆ। ਪ੍ਰਭੂ ਚਰਨਾਂ ਵਿੱਚ ਅਰਦਾਸ ਕੀਤੀ ਆਪਣੀ ਮਿਹਰ ਆਪ ਹੀ ਕਰ ਦੇਣੀ ਜੀ। ਅਸੀਂ ਚਾਹੁੰਦੇ ਹਾਂ ਕਿ ਬਿਨ੍ਹਾਂ ਸਮਾਜ ਦੇ ਉੱਲਟ ਜਾਇਆਂ, ਮਾਤਾ-ਪਿਤਾ, ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਸਾਡਾ ਕਾਰਜ ਸਫਲ ਹੋ ਸਕੇ। ਰੱਬ ਤੇ ਇੰਨਾ ਵਿਸ਼ਵਾਸ਼ ਰੱਖਿਆ, ਪੂਰੀ ਉਮੀਦ ਨਾਲ ਵਾਪਿਸ ਆਪਣੇ ਘਰ ਨੂੰ ਚੱਲ ਪਏ। ਰਸਤੇ ਵਿੱਚ ਮੈਂ ਪ੍ਰੀਤ ਨੂੰ ਆਖਿਆ ਜੇ ਇੱਕ ਵਾਰ ਤੂੰ ਸਾਥ ਦੇਵੇਂ ਤਾਂ ਫਿਰ ਕਿਸੇ ਦਿਨ ਆਪਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਆਈਏ।
ਉਸਨੇ ਵੀ ਹਾਮੀ ਭਰ ਦਿੱਤੀ। ਕਿ ਇੱਕ ਸਾਥ ਪ੍ਰਕਰਮਾ ਕਰਾਂਗੇ, ਫਿਰ ਅੰਦਰ ਜਾ ਕੇ ਇੱਕੋ ਵਾਰ ਦੋਵੇਂ ਸੀਸ ਝੁਕਾਅ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਾਂਗੇ ਕਿ ਉਹ ਸਾਡੇ ਤੇ ਕ੍ਰਿਪਾ ਕਰ ਦੇਵੇ। ਰੱਬ ਕੋਲੋਂ ਇੱਕ ਦੂਜੇ ਨੂੰ ਤੇ ਇੱਕ ਦੂਜੇ ਦੀਆਂ ਖੁਸ਼ੀਆਂ ਮੰਗਾਂਗੇ। ਰੱਬ ਜ਼ਰੂਰ ਸਾਡੀ ਝੋਲੀ ਭਰ ਦੇਵੇਗਾ। ਅਸੀਂ ਕਿਹੜਾਂ ਅਖੌਤੀ ਆਸ਼ਕਾਂ ਵਾਂਗ ਜਿਸਮਾਂ ਨੂੰ ਹੰਢਾਉਣ ਲਈ ਕਦੇ ਰੈਸਟੋਰੈਂਟਾਂ ਜਾਂ ਹੋਟਲਾਂ ਵਿੱਚ ਚੱਕਰ ਮਾਰੇ ਨੇ, ਸਿਰਫ ਪਿਆਰ ਕੀਤਾ ਹੈ ਤਾਂ ਕਿ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਇੱਕ ਦੂਜੇ ਪ੍ਰਤੀ ਸੰਜੀਦਗੀ ਨਾਲ ਇੱਕ ਖੁਸ਼ੀਆਂ ਖੇੜ੍ਹਿਆਂ ਭਰਿਆ ਪਰਿਵਾਰ, ਮਾਹੌਲ ਮਾਨੋਂ ਇੱਕ ਨਵੀਂ ਦੁਨੀਆ ਨਵਾਂ ਸੰਸਾਰ ਸਿਰਜ ਸਕੀਏ।
ਮੈਂ ਵੀ ਹਰ ਗੱਲ ਤੇ ਹਾਂ ਕਹੀ ਗਿਆ। ਠੀਕ ਦਫਤਰ ਦੀ ਛੁੱਟੀ ਹੋਣ ਵੇਲੇ ਸਮੇਂ ਮੈਂ ਉਸ ਨੂੰ ਮੁੱਖ ਚੌਂਕ ਵਿੱਚ ਉਤਾਰ ਕੇ ਆਟੋ ਤੇ ਬਿਠਾ ਦਿੱਤਾ ਤੇ ਕਿਹਾ ਕੇ ਘਰ ਜਾ ਕੇ ਮੈਸਜ ਕਰ ਦੇਵੇ ਕਿ ਸੱਭ ਕੁੱਝ ਠੀਕ ਠਾਕ ਰਿਹਾ ਤੇ ਮੈਂ ਆਪਣੇ ਘਰ ਨੂੰ ਚੱਲ ਪਿਆ।
ਠੀਕ ਅੱਧੇ ਘੰਟੇ ਬਾਅਦ ਪ੍ਰੀਤ ਦਾ ਫੋਨ ਆਇਆ ਅਤੇ ਉਹ ਉੱਚੀ-ਉੱਚੀ ਰੋ ਪਈ। ਉਸਨੇ ਦੱਸਿਆ ਕਿ ਗਲੀ ਦੀ ਇੱਕ ਔਰਤ ਨੇ ਉਹਨਾਂ ਨੂੰ ਦੇਖ ਲਿਆ ਸੀ ਤੇ ਉਸਨੇ ਘਰ ਆ ਕੇ ਬਹੁਤ ਕੁੱਝ ਵਧਾ-ਚੜਾਅ ਕੇ ਦੱਸਿਆ, ਜਿਸ ਕਰਕੇ ਪਾਪਾ ਨੇ ਮਗਰੋਂ ਜ਼ਹਿਰ ਖਾ ਲਿਆ ਅਤੇ ਹੁਣ ਪਾਪਾ ਹਸਪਤਾਲ ਨੇ। ਮੈਨੂੰ ਸੱਭ ਕੁੱਝ ਛੋਟੀ ਭੈਣ ਨੇ ਦੱਸਿਆ, ਹੁਣ ਕੀ ਹੋਵੇਗਾ? ਮੈਨੂੰ ਬਹੁਤ ਡਰ ਲੱਗ ਰਿਹਾ, ਮੈਂ ਕੀ ਕਰਾਂ? ਮੇਰੇ ਕਰਕੇ ਮੇਰੇ ਪਾਪਾ........ ਕਿ ਉਸਨੇ ਹੋਰ ਵੀ ਉੱਚੀ-ਉੱਚੀ ਰੋਣਾਂ ਸ਼ੁਰੂ ਕਰ ਦਿੱਤਾ। ਮੈਂ ਨਾ ਤਾਂ ਉਸਦੇ ਘਰ ਜਾ ਸਕਦਾ ਸੀ ਨਾ ਹੀ ਫੋਨ ਤੇ ਕੁੱਝ ਕਰ ਸਕਦਾ ਸੀ ਬੱਸ ਸੱਭ ਕੁੱਝ ਠੀਕ ਹੋ ਜਾਣ ਦਾ ਦਿਲਾਸਾ ਹੀ ਦੇ ਸਕਿਆ।
ਅੱਜ ਫਿਰ ਰੱਬ ਬੜੀ ਨੇੜੇ ਪ੍ਰਤੀਤ ਹੋਇਆ, ਕਈ ਤਰ੍ਹਾਂ ਦੇ ਗਿਲੇ-ਸ਼ਿਕਵੇ ਮੁੜ ਉਸ ਨਾਲ ਕੀਤੇ। ਹਜ਼ਾਰ ਵਾਰ ਆਪਣਾ ਗੁਨਾਹ ਪੁੱਛਿਆ, ਕਦੀਂ ਖੁਦ ਨੂੰ ਗਲਤ ਸਾਬਿਤ ਕੀਤਾ, ਕਦੇ ਰੱਬ ਨੂੰ, ਤੇ ਕਦੇ ਇਹਨਾਂ ਘਟਨਾਵਾਂ ਦਾ ਭਾਂਡਾ ਅਖੌਤੀ ਸਮਾਜ ਦੇ ਸਿਰ ਭੰਨਿਆ। ਰੱਬ ਹਮੇਸ਼ਾਂ ਦੀ ਤਰ੍ਹਾਂ ਚੁੱਪ ਰਿਹਾ, ਨਾ ਕੁੱਝ ਬੋਲਿਆ ਨਾ ਕੁੱਝ ਕੀਤਾ। ਸਾਰੀ ਰਾਤ ਚਿੰਤਾ ਝੋਰੇ ਵਿੱਚ ਗੁਜ਼ਰ ਗਈ। 
ਅਗਲੀ ਸਵੇਰ ਉਸਦਾ ਫੋਨ ਲਗਾਇਆ ਤਾਂ ਸਵਿੱਚ ਆਫ ਆ ਰਿਹਾ ਸੀ। ਉਸਦੇ ਦਫਤਰ ਜਾ ਕੇ ਪਤਾ ਕੀਤਾ ਤਾਂ ਉੱਥੇ ਵੀ ਨਹੀਂ ਗਈ। ਉਥੇ ਕੰਮ ਕਰਦੀ ਉਸਦੀ ਇੱਕ ਦੋਸਤ ਨੂੰ ਆਪਣਾ ਨੰਬਰ ਦੇ ਆਇਆ ਕੇ ਉਹ ਜਦ ਵੀ ਆਵੇ ਤਾਂ ਉਸਨੂੰ ਮੇਰਾ ਸੁਨੇਹਾ ਦੇ ਦੇਵੇ ਅਤੇ ਉਸਦਾ ਨੰਬਰ ਮੈਂ ਲੈ ਆਇਆ ਤਾਂ ਕਿ ਪ੍ਰੀਤ ਬਾਰੇ ਕੁੱਝ ਪਤਾ ਲੱਗ ਸਕੇ।
ਠੀਕ ਤਿੰਨ ਹਫਤੇ ਬਾਅਦ ਦਫਤਰ ਤੋਂ ਉੇਸਦੀ ਦੋਸਤ ਦਾ ਫੋਨ ਆਇਆ ਕਿ ਅੱਜ ਪ੍ਰੀਤ ਦਾ ਵਿਆਹ ਹੈ, ਕਿੱਥੇ ਹੈ, ਕਿਸ ਨਾਲ ਹੈ ਇਹ ਸੱਭ ਕੁੱਝ ਪੁੱਛਣ ਦਾ ਹੁਣ ਕੋਈ ਫਾਇਦਾ ਨਹੀਂ ਹੈ, ਉਸਦੇ ਪਾਪਾ ਠੀਕ ਹਨ, ਹਸਪਤਾਲ ਤੋਂ ਅਗਲੇ ਦਿਨ ਹੀ ਛੁੱਟੀ ਮਿਲ ਗਈ ਸੀ। ਬੱਸ ਪ੍ਰੀਤ ਨੇ ਇਹੀ ਕਿਹਾ ਹੈ ਕਿ ਉਹ ਉਸਨੂੰ ਕਦੇ ਭੁਲ ਨਹੀਂ ਸਕੇਗੀ ਪਰ ਉਹ ਆਪਣੀ ਜਿੰਦਗੀ ਨੂੰ ਖਰਾਬ ਨਾ ਕਰੇ ਤੇ ਆਪਣਾ ਭਵਿੱਖ ਜ਼ਰੂਰ ਵਧੀਆ ਸੰਵਾਰ ਲਵੇ, ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਹੈ।
ਪਰ ਉਹ ਆਪ ਗੱਲ ਕਰਦੀ ਤਾਂ ਸ਼ਾਇਦ ਇੱਕ ਵਾਰ ਉਸ ਨਾਲ ਆਪਣਾ ਸੁਪਨਾ ਦਰਬਾਰ ਸਾਹਿਬ ਜਾ ਕੇ ਇੱਕ ਵਾਰ ਰੱਬ ਕੋਲੋਂ ਇੱਕ ਦੂਜੇ ਨੂੰ ਮੰਗਣ ਦਾ ਪੂਰਾ ਕਰ ਲੈਂਦਾ ਪਰ ਇਹ ਸੁਪਨਾ ਹਮੇਸ਼ਾਂ ਲਈ ਅਧੂਰਾ ਰਹਿ ਗਿਆ। ਬੱਸ ਬੜੀ ਮੁਸ਼ਕਿਲ ਨਾਲ ਇੰਨਾ ਕੇ ਪਤਾ ਲੱਗ ਸਕਿਆ ਕਿ ਉਹ ਵਿਆਹ ਤੋਂ ਬਾਅਦ ਵਿਦੇਸ਼ ਚਲੀ ਗਈ ਹੈ, ਮੁੰਡਾ ਰਿਸ਼ਤੇਦਾਰੀ ਵਿੱਚੋਂ ਹੀ ਸੀ।
ਸ਼ਾਇਦ ਹੁਣ ਇਹ ਸੁਪਨਾ ਕਦੇ ਵੀ ਨਹੀਂ ਪੂਰਾ ਹੋਵੇਗਾ, ਹਮੇਸ਼ਾਂ ਇਸ ਤਰ੍ਹਾਂ ਹੀ ਸੋਚਦਾ ਸੀ ਪਰ ਅੱਜ ਠੀਕ ੬ ਸਾਲ ਬਾਅਦ ਰੱਬ ਨੇ ਮੇਰਾ ਉਹ ਸੁਪਨਾ ਕੀਤਾ। ਦੋ ਮਹੀਨੇ ਪਹਿਲਾਂ ਦਿੱਲੀ ਗਿਆ ਸੀ ਉੱਥੇ ਇੱਕ ਮਾਲ ਵਿੱਚ ਖਰੀਦੋ-ਫਰੋਖਤ ਕਰ ਰਿਹਾ ਸੀ ਤਾਂ ਇੱਕ ਅਣਜਾਣੀ ਜਿਹੀ ਆਵਾਜ਼ ਆਈ, 'ਇਕਵਾਕ ਸਰ!'
ਪਿੱਛੇ ਮੁੜ ਕੇ ਦੇਖਿਆ ਤਾਂ ਪ੍ਰੀਤ, ਜਿਵੇਂ ਨਵੇਂ ਅਵਤਾਰ ਵਿੱਚ ਹੋਵੇ। ਪੰਜਾਬੀ ਸੂਟ ਦੀ ਥਾਂ ਨੇਵੀ ਬਲਿਯੂ ਰੰਗ ਦੀ ਜੀਨ-ਅਤੇ ਪਿਆਜ਼ੀ ਰੰਗ ਦੀ ਟੀ ਸ਼ਰਟ ਨੇ ਲੈ ਕਈ, ਲੰਬੀ ਗੁੱਤ ਹਮੇਸ਼ਾਂ ਦੀ ਤਰ੍ਹਾਂ ਗਲੇ ਦੇ ਖੱਬੇ ਪਾਸਿਉਂ ਘੁੰਮਾ ਕੇ  ਅੱਗੇ ਕੀਤੀ ਹੋਈ, ਅੱਖਾਂ ਵਿਚਲੀ ਉਹੀ ਚਮਕ, ਗੋਰਾ ਰੰਗ, ਬਾਹਾਂ ਦੇ ਵਿੱਚ ਉਹੀ ਕੰਗਣ ਜੋ ਮੈਂ ਉਸਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਵਾਲੀ ਮਾਰਕੀਟ ਵਿੱਚੋਂ ਲੈ ਕੇ ਦਿੱਤਾ ਸੀ ਮੇਰੇ ਵੱਲ ਵੱਧਦੀ ਆ ਰਹੀ ਸੀ।
ਮੈਂ ਇਕ ਦਮ ਬੁੱਤ ਬਣਿਆ ਖੜ੍ਹਿਆ ਸੀ, ਉਸਨੇ ਕੋਲ ਆ ਕੇ ਮੇਰੀਆਂ ਅੱਖਾਂ ਦੇ ਅੱਗੇ ਆਪਣੇ ਹੱਥ ਨੂੰ ਖੱਬੇ ਤੋਂ ਸੱਜੇ ਦੋ ਵਾਰ ਘੁੰਮਾ ਕੇ ਫਿਰ ਕਿਹਾ, 'ਇਕਵਾਕ ਸਰ!
ਮੈਂ ਬੱਸ ਇੰਨਾ ਹੀ ਕਹਿ ਸਕਿਆ, 'ਪ੍ਰੀਤ......'।
ਉਹ ਇਕਦਮ ਹੈਰਾਨੀ ਪ੍ਰਗਟ ਕਰਦਿਆਂ ਬੋਲੀ, 'ਵਾਅਅਅੋਔ, ਅਮੇਜ਼ਿੰਗ, ਹਾਉ ਕੈਨ ਯੂ ਨੋ ਮਾਈ ਨੇਮ? ਤੁਹਾਨੂੰ ਕਿੱਦਾਂ ਪਤਾ ਮੇਰਾ ਨਾਮ ਪ੍ਰੀਤ ਹੈ..?
ਮੈਂ ਇੱਕ ਦਮ ਜ਼ਰਾ ਸੁਚੇਤ ਜਿਹਾ ਹੋ ਕੇ ਸਵਾਲੀਆ ਜਿਹਾ ਬਣ ਕੇ ਬੋਲਿਆ, 'ਨਵਪ੍ਰੀਤ...?'
ਨਵਪ੍ਰੀਤ....., ਨਹੀਂ ਸਰ ਅਮਨਪ੍ਰੀਤ ਹੈ ਮੇਰਾ ਨਾਮ।
ਸਰ ਤੁਸੀਂ ਇਕਵਾਕ ਸਿੰਘ ਪੱਟੀ ਹੋ ਨਾ ਜੋ ਲੇਖਕ ਹੋ, ਮੈਂ ਤੁਹਾਡੀਆਂ ਕਹਾਣੀਆਂ ਅਤੇ ਕਿਤਾਬਾਂ ਪੜ੍ਹੀਆਂ ਨੇ, ਰੀਅਲੀ ਵੈਰੀ ਇੰਟਰਸਟਿੰਗ, ਸੁਪਰਬਬਬਬ...
ਮੈਂ ਕੁੱਝ ਵੀ ਸਮਝ ਨਹੀਂ ਪਾ ਰਿਹਾ ਸੀ ਤੇ ਨਾ ਹੀ ਕੁੱਝ ਬੋਲਣ ਦੀ ਹਿੰਮਤ ਪੈ ਰਹੀ ਸੀ।
ਬੱਸ ਮੇਰੇ ਮੂੰਹ ਚੋਂ ਲਫਜ਼ 'ਹਾਂ' ਨਿਕਲਿਆ।
ਇੰਨੀ ਦੇਰ ਨੂੰ ਇੱਕ ਦੋ ਕੁੜੀਆਂ ਹੋਰ ਸਾਡੇ ਕੋਲ ਆ ਗਈਆਂ ਅਤੇ ਉਹਨਾਂ ਨਾਲ ਇੱਕ ੪੦-੪੫ ਸਾਲ ਦੀ ਔਰਤ ਵੀ ਸੀ। ਅਮਨਪ੍ਰੀਤ ਨੇ ਮੇਰੀ ਜਾਣ-ਪਹਿਚਾਣ ਉਹਨਾਂ ਨਾਲ ਕਰਵਾਈ ਕਿ ਮੇਰੀਆਂ ਚਚੇਰੀਆਂ ਭੈਣਾਂ ਹਨ ਤੇ ਇਹ ਮੇਰੇ ਮੰਮਾਂ ਨੇ। ਮੰਮਾ ਇਹ ਇਕਵਾਕ ਸਿੰਘ ਪੱਟੀ ਨੇ ਪੰਜਾਬ ਤੋਂ.. ਜਿਹਨਾਂ ਦੀਆਂ ਬੁਕਸ ਮੈਂ ਲੈ ਕੇ ਆਈ ਸੀ ਜਦ ਚੰਡੀਗੜ੍ਹ ਗਈ ਸੀ।
a.ਕੇ. ਬੇਟਾ। ਕਹਿ ਕਿ ਉਸ ਔਰਤ ਨੇ ਮੈਨੂੰ ਸੰਬੋਧਨ ਹੁੰਦਿਆ ਕਿਹਾ ਸਤਿ ਸ੍ਰੀ ਅਕਾਲ ਬੇਟਾ, ਕਦ ਆਏ ਹੋ ਦਿੱਲੀ? ਮੈਂ ਦੱਸਿਆ ਕਿ ਕਿਸੇ ਨਿੱਜੀ ਕੰਮ ਲਈ ਆਇਆ ਸੀ ਅਤੇ ਕੱਲ ਸਵੇਰੇ ਵਾਪਸੀ ਹੈ। ਤਾਂ ਉਹ ਕਹਿਣ ਲੱਗੇ ਵਾਪਸੀ ਹੈ ਤਾਂ ਅੱਜ ਰਾਤ ਦਾ ਖਾਣਾ ਸਾਡੇ ਘਰ ਖਾਉ! ਅਸੀਂ ਸਾਰੇ ਇਕੱਠੇ ਬੈਠ ਕੇ ਗੱਲਾਂ-ਬਾਤਾਂ ਕਰਾਂਗੇ, ਅਸੀਂ ਵੀ ਬੜਾ ਮਿਸ ਕਰਦੇ ਹਾਂ ਪੰਜਾਬ ਨੂੰ, ਸਾਨੂੰ ਵੀ ਕੁੱਝ ਪੰਜਾਬ ਬਾਰੇ ਦੱਸੀਂ। ਇਸ ਤਰ੍ਹਾਂ ਹੋਰ ਰਸਮੀ ਗੱਲਬਾਤ ਕਰਕੇ ਅਸੀਂ ਵਿਦਾ ਲੈ ਲਈ। ਸ਼ਾਮ ਕੋਈ ੭ ਵਜੇ ਉਹਨਾਂ ਦੀ ਗੱਡੀ ਮੈਨੂੰ ਹੋਟਲ ਤੋਂ ਘਰ ਲਿਜਾਣ ਵਾਸਤੇ ਪੁੱਜ ਗਈ। ਰਸਤੇ ਵਿੱਚੋਂ ਮੈਂ ਅਮਨਪ੍ਰੀਤ ਲਈ ਇੱਕ ਚਾਕਲੇਟਸ ਦਾ ਡਿੱਬਾ ਖ੍ਰੀਦ ਲਿਆ, ਉਹੀ ਫਲੇਵਰ ਲਿਆ ਜੋ ਨਵਪ੍ਰੀਤ ਨੂੰ ਬਹੁਤ ਪਸੰਦ ਸੀ। ਆਖਰ ਉਹਨਾਂ ਦੇ ਘਰ ਪੁੱਜੇ ਤਾਂ ਅਮਨਪ੍ਰੀਤ ਨੇ ਫਿਰ ਹੈਰਾਨੀ ਭਰਿਆ ਪ੍ਰਭਾਵ ਦਿੰਦਿਆ ਕਿਹਾ, ਵਾਅਅਅਉ! ਤੁਹਾਨੂੰ ਕਿੱਦਾ ਪਤਾ ਲੱਗਾ ਮੈਨੂੰ ਇਹ ਵਾਲਾ ਫਲੇਵਰ ਪਸੰਦ ਹੈ। ਮੈਂ ਕੋਈ ਜੁਆਬ ਨਾ ਦਿੱਤਾ।
ਰਾਤ ੧੦:੦੦ ਵਜੇ ਮੈਂ ਵਿਦਾਈ ਲਈ ਅਤੇ ਉਸ ਪਰਿਵਾਰ ਨੂੰ ਕਦੇ ਪੰਜਾਬ ਆਉਣ ਤਾਂ ਮਿਲ ਕੇ ਜਾਣ ਲਈ ਸੱਦਾ ਦੇ ਆਇਆਂ। ਪਰ ਮੈਂ ਬਹੁਤ ਹੈਰਾਨ ਸੀ ਕਿ ਅਮਨਪ੍ਰੀਤ ਦੇ ਨੈਣ-ਨਕਸ਼, ਬੋਲਣ-ਚਾਲਣ ਦਾ ਢੰਗ, ਸੋਚਣ ਦੇਖਣ ਦਾ ਤਰੀਕਾ, ਗੁਤ ਨੂੰ ਅੱਗੇ ਹੀ ਕਿਉੇਂ ਰੱਖਦੀ ਹੈ ਇਹ ਸੱਭ ਕੁੱਝ ਨਵਪ੍ਰੀਤ ਨਾਲ ਕਿਵੇਂ ਮਿਲਦਾ ਹੈ? ਤੇ ਖਾਸ ਕਰਕੇ ਉਹ ਕੰਗਣ ਜੋ ਉਸਨੇ ਹੱਥ ਵਿੱਚ ਪਾਇਆ ਸੀ ਉਹ ਉਸਨੂੰ ਕਿੱਥੋਂ ਮਿਲਿਆ, ਪਰ ਬਹੁਤੀ ਗੱਲਬਾਤ ਨਾ ਕਰ ਸਕਿਆ ਨਾ ਹੀ ਨਵਪ੍ਰੀਤ ਬਾਰੇ ਕੁੱਝ ਦੱਸ ਸਕਿਆ।
ਮਹੀਨਾ ਗੁਜ਼ਰਿਆ ਤਾਂ ਅਮਨਪ੍ਰੀਤ ਦਾ ਫੋਨ ਆਇਆ ਕਿ ਉਹ ਅਗਲੇ ਹਫਤੇ ਅੰਮ੍ਰਿਤਸਰ ਦਰਬਾਰ ਸਾਹਿਬ  ਆ ਰਹੀਆਂ ਹਨ, ਮੈਂ ਉਹਨਾਂ ਨੂੰ ਜ਼ਰੂਰ ਮਿਲਾਂ। ਉਹ ਚੰਡੀਗੜ੍ਹ ਠਹਿਰੀਆਂ ਉਥੋਂ ਉਹਨਾਂ ਨੂੰ ਗੱਡੀ ਵਿਚ ਬਿਠਾ ਕੇ ਮੈਂ ਅੰਮ੍ਰਿਤਸਰ ਲੈ ਗਿਆ ਰਸਤੇ ਵਿੱਚ ਕਾਫੀ ਗੱਲਾਂ ਅਮਨ ਨਾਲ ਕਰਨਾ ਚਾਹੁੰਦਾ ਸੀ, ਕੁੱਝ ਕੀਤੀਆਂ ਕੁੱਝ ਰਹਿ ਗਈਆਂ। ਇਸ ਵਾਰ ਮੈਂ ਹਿੰਮਤ ਕਰਕੇ ਉਸ ਕੰਗਣ ਦਾ ਰਾਜ ਪੁਛਿਆ ਜੋ ਉਸਦੇ ਹੱਥ ਵਿੱਚ ਸੀ ਤਾਂ ਉਸਨੇ ਦੱਸਿਆ ਕਿ ਇਹ 'ਲਵ-ਕੰਗਣ' ਹੈ।
'ਲਵ-ਲੰਗਣ' ਕੀ ਮਤਲਬ? ਮੈਂ ਪੁਛਿਆ..
ਤਾਂ ਉਸਨੇ ਦੱਸਣਾ ਸ਼ੁਰੂ ਕੀਤਾ ਕਿ ਮੈਂ ੬ ਸਾਲ ਪਹਿਲਾਂ ਪੰਜਾਬ ਆਈ ਸੀ। ਇੱਥੇ ਮੇਰਾ ਐਕਸੀਡੈਂਟ ਹੋ ਗਿਆ ਸੀ, ਤਾਂ ਇੱਕ ਲੋਕਲ ਹਸਪਤਾਲ ਵਿੱਚ ਮੈਨੂੰ ਭਰਤੀ ਕੀਤਾ ਗਿਆ, ਉੱਥੇ ਕੋਈ ਬਜ਼ੁਰਗ ਸੀ ਜਿਸਦਾ ਇਲਾਜ ਚੱਲ ਰਿਹਾ ਸੀ, ਉਸਦੇ ਕੋਲ ਇੱਕ ਬੜੀ ਹੀ ਸੋਹਣੀ ਜਿਹੀ ਕੁੜੀ ਪਤਲੀ ਜਿਹੀ ਸ਼ਾਇਦ ਮੇਰੇ ਵਰਗੀ ਸੀ, ਮਤਲਬ ਮੇਰੀ ਕੁ ਉਮਰ ਦੀ ਹੀ ਹੋਣੀ, ਉਹ ਬੜਾ ਹੀ ਰੋ ਰਹੀ ਸੀ। ਮੇਰਾ ਬੈੱਡ ਵੀ ਕੋਲ ਸੀ। ਮੈਂ ਉਸਨੂੰ ਵੈਸੇ ਹੀ ਪੁੱਛ ਲਿਆ ਤਾਂ ਉਸਨੇ ਆਪਣੇ ਬਾਰੇ ਦੱਸਿਆ ਕਿ ਉਹ ਕਿਸੇ ਲੜਕੇ ਨਾਲ ਪਿਆਰ ਕਰਦੀ ਹੈ ਤੇ ਕੱਲ੍ਹ ਹੀ ਅਸੀਂ ਡੇਟ ਤੇ ਗਏ ਸੀ, ਪਰ ਸ਼ਾਇਦ ਹੁਣ ਮੈਂ ਉਸਨੂੰ ਕਦੀਂ ਨਾ ਮਿਲ ਸਕਾਂ। ਬੱਸ ਕੁੱਝ ਇਸੇ ਤਰ੍ਹਾਂ ਦੀ ਹਾਲਾਤ ਪੈਦਾ ਹੋ ਗਏ ਹਨ। ਉਸਨੇ ਇਹ ਕੰਗਣ ਮੈਨੂੰ ਆਪਣੀ ਬਾਂਹ ਵਿੱਚੋਂ ਲਾਹ ਕੇ ਦੇ ਦਿੱਤਾ ਤੇ ਕਿਹਾ ਕਿ ਇਸ ਨੂੰ ਸਾਂਭ ਕੇ ਰੱਖੀ, ਤੇਰੀ ਜ਼ਿੰਦਗੀ ਵਿੱਚ ਜੋ ਵੀ ਆਊਗਾ ਭਾਵੇਂ ਅਰੇਂਜ ਮੈਰੀਜ਼ ਜਾਂ ਲਵ ਮੈਰੀਜ਼ ਨਾਲ ਉਹ ਤੈਨੂੰ ਬਹੁਤ ਖੁਸ਼ ਰਖੇਗਾ। ਪਹਿਲਾਂ ਤਾਂ ਮੈਂ ਇਸਨੂੰ ਪਰਸ 'ਚ ਰੱਖ ਛੱਡਿਆ ਪਰ ਫਿਰ ਬਾਂਹ ਵਿੱਚ ਪਾ ਲਿਆ, ਉਸ ਦਿਨ ਦਾ ਇਹ ਮੇਰੇ ਕੋਲ ਹੈ।
ਮੈਂ ਇੰਨੀ ਵੱਡੀ ਬੇਵਕੂਫ ਹਾਂ ਕਿ ਨਾ ਤਾਂ ਕੁੜੀ ਦਾ ਨਾਮ ਪੁੱਛਿਆ ਨਾ ਉਸਦਾ ਕੋਈ ਸੰਪਰਕ ਨਾ ਪਤਾ ਤੇ ਨਾ ਹੀ ਉਸ ਦੇ ਬੁਆਏ ਫ੍ਰੈਂਡ ਦਾ ਨਾਮ ਪੁਛਿਆ.. ਇੰਨੇ ਚਿਰ ਵਿੱਚ ਸਾਡੀ ਪ੍ਰਕਰਮਾ ਪੂਰੀ ਹੋ ਗਈ ਤੇ ਅਸੀਂ ਦਰਬਾਰ ਸਾਹਿਬ ਦੇ ਪੁੱਲ ਤੇ ਭੀੜ ਵਿੱਚ ਖੜ੍ਹੇ ਸੀ, ਉਹ ਬਿਲਕੁਲ ਮੇਰੇ ਨਾਲ ਖੜ੍ਹੀ ਸੀ ਤੇ ਰਸ਼ ਵਿੱਚ ਕੰਗਣ ਵਾਲੇ ਹੱਥ ਨਾਲ ਮੇਰੀ ਬਾਂਹ ਨੂੰ ਫੜ੍ਹਿਆ ਹੋਇਆ ਸੀ। ਨਵਪ੍ਰੀਤ ਦੀ ਥਾਂ ਨਵਪ੍ਰੀਤ ਵਰਗੀ ਅਮਨਪ੍ਰੀਤ, ਮੈਨੂੰ ਕੁੱਝ ਵੀ ਸਮਝ ਨਹੀਂ ਸੀ ਆ ਰਹੀ ਕਿ ਇਹ ਰੱਬ ਦੀ ਕੈਸੀ ਖੇਡ ਹੈ..? ਆਖਰ ਸਾਡੀ ਵਾਰੀ ਆਈ ਅਸੀਂ ਦੋਨਾਂ ਨੇ ਇੱਕ ਸਾਥ ਸਿਰ ਝਕਾਇਆ ਤੇ ਮੇਰੇ ਮੂੰਹੋਂ ਅਰਦਾਸ ਨਿਕਲੀ ਹੇ ਵਾਹਿਗੁਰੂ! ਇਸ ਕੁੜੀ ਨੂੰ ਉਹ ਸਾਰੀਆਂ ਖੁਸ਼ੀਆਂ ਦੇਵੀਂ ਜੋ ਮੈਂ ਤੇਰੇ ਦਰ ਤੇ ਆ ਕੇ ਨਵਪ੍ਰੀਤ ਲਈ ਮੰਗਣੀਆਂ ਸੀ, ਇਹ ਵੀ ਉਸਦਾ ਹੀ ਰੂਪ ਲੱਗਦੀ ਹੈ, ਤੇ ਜਿੱਥੇ ਕਿਤੇ ਨਵਪ੍ਰੀਤ ਰਹਿੰਦੀ ਹੋਵੇ ਉਹ ਵੀ ਸੁੱਖ ਮਾਣਦੀ ਹੋਵੇ। ਮੱਥਾ ਟੇਕ ਉਪਰ ਉੱਠੇ ਤਾਂ ਅਮਨਪ੍ਰੀਤ ਮੇਰੇ ਸੱਜੇ ਪਾਸੇ ਤੇ ਨਵਪ੍ਰੀਤ ਮੇਰੇ ਖੱਬੇ ਪਾਸੇ ਖੜ੍ਹੀ ਸੀ।
ਬਾਹਰ ਨਿਕਲੇ ਤਾਂ ਅਮਨ ਹਰਿ ਕੀ ਪਉੜੀ ਤੋਂ ਚੂਲਾ ਲੈਣ ਚਲੀ ਗਈ । ਉਸੇ ਵੇਲੇ ਨਵਪ੍ਰੀਤ ਨੇ ਵੀ ਬੁਲਾ ਹੀ ਲਿਆ ਆਪਣੀ ਛੋਟੀ ਜਿਹੀ ਬੇਟੀ ਤੇ ਆਪਣੇ ਹਮਸਫਰ ਨਾਲ ਮਿਲਵਾਇਆ ਤੇ ਕਹਿਣ ਲੱਗੀ, ਸੁਪਨਾ ਪੂਰਾ ਹੋ ਗਿਆ?
ਮੈਂ ਬਸ ਇੰਨਾ ਹੀ ਕਹਿ ਸਕਿਆ, 'ਹਾਂ!'
ਫਿਰ ਮੈਂ ਅਮਨਪ੍ਰੀਤ ਨੂੰ ਦਿੱਲੀ ਲਈ ਵਿਦਾ ਕਰ ਦਿੱਤਾ ਤੇ ਨਵਪ੍ਰੀਤ ਮੁੜ ਆਪਣੇ ਸਫਰ ਨੂੰ ਚਲੀ ਗਈ।