ਮੈਂ ਬੈਠਾ ਬੈਠਾ ਵੱਡ ਵਡੇਰਿਆਂ ਦੇ ਨਾਂ ਸੋਚਣ ਲੱਗਾ ਉਹਨਾਂ ਵਡੇਰਿਆਂ ਵਿਚੋਂ ਇੱਕ ਮੇਰੀ ਨਾਨੀ ਸੀ ਜਿਸਦੇ ਨਾਲ ਕੁੱਝ ਯਾਦਾਂ ਸਾਂਝੀਆਂ ਹਨ ਦਹਾਕੇ ਪਹਿਲਾਂ ਦੀਆਂ ਗੱਲਾਂ ਯਾਦ ਕਰਨ ਲਈ ਵੀ ਇੱਕ ਇਕਾਂਤਕ ਥਾਂ ਦੀ ਲੋੜ ਹੁੰਦੀ ਹੈ ਪਰ ਕਦੇ ਕਦੇ ਅਸੀਂ ਲੋਕਾਂ ਵਿੱਚ ਬੈਠਿਆਂ ਵੀ ਇਕਾਂਤਕ ਮਹਿਸੂਸ ਕਰਦੇ ਹਾਂ ਤੇ ਸਾਲਾਂ ਪਿੱਛੇ ਚਲੇ ਜਾਂਦੇ ਹਾਂ ਸਾਲਾਂ ਪੁਰਾਣੀਆਂ ਯਾਦਾਂ ਕਈ ਵਾਰ ਬੁੱਲ੍ਹਾਂ ਦੀ ਮੁਸਕਰਾਹਟ ਬਣ ਜਾਂਦੀਆਂ ਹਨ ਤੇ ਕਈ ਵਾਰ ਅੱਖਾਂ ਦੇ ਹੰਝੂ ..... ਮੈਨੂੰ ਹੁਣ ਵੀ ਯਾਦ ਹੈ ਮੈਂ ਕਦੇ ਕਦੇ ਮਾਂ ਨਾਲ ਨਾਨਕੀ ਪਿੰਡ ਜਾਂਦਾ ਹੁੰਦਾ ਸੀ ਜਿਆਦਾਤਰ ਮਾਂ ਨੂੰ ਕਹਿ ਦਿੰਦਾ ਸੀ ਕਿ ਉਹ ਜਾ ਆਵੇ ਪਰ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਮੁੱੜ ਆਵੇ ਕਿਉਂ ਕਿ ਮੈਂ ਨਿੱਕਾ ਹੁੰਦਾ ਆਪਣੀ ਮਾਂ ਨਾਲ ਹੀ ਸੌਂਦਾ ਹੁੰਦਾ ਸੀ ਉਸ ਵਕਤ ਮੇਰੇ ਨਾਨਕੇ ਪਿੰਡ ਰੋਡੇ (ਰੋਡੇ ਲੰਡੇ) ਕੋਈ ਬੱਸ ਤਾਂ ਕੀ ਟੈਂਪੂ (ਥਰੀ ਵੀਲਰ) ਵੀ ਨਹੀਂ ਜਾਂਦਾ ਸੀ ਬਸ ਤਾਂਗੇ ਜਾਂ ਰੇਹੜੇ 'ਤੇ ਜਾਣਾ ਪੈਂਦਾ ਸੀ ਪਰ ਭਾਗਾਂ ਵਾਲੀ ਗੱਲ ਸੀ ਕਿ ਤਾਂਗੇ ਨਾਨੀ ਦੇ ਘਰ ਕੋਲ ਦੀ ਲੰਘਦੇ ਸਨ ਮੈਂ ਜਦੋਂ ਵੀ ਜਾਂਦਾ ਸੀ ਮਣਾ ਮੂੰਹੀਂ ਚਾਅ ਨਾਲ ਜਾਂਦਾ ਸੀ ਉਸ ਵਕਤ ਨਾਨਕਾ ਘਰ ਕੱਚਾ ਹੀ ਸੀ ਤੇ ਮੇਰੇ ਨਾਨੇ ਦੀ ਪਹਿਲੀਆਂ ਚ' ਹੀ ਮੌਤ ਹੋ ਗਈ ਸੀ ਕਿਉਂਕਿ ਉਹ ਨੌਜਵਾਨ ਮਾਮੇ ਦੀ ਮੌਤ ਦਾ ਸਦਮਾਂ ਨਹੀਂ ਸਹਾਰ ਸਕਿਆ ਸੀ ਸੋ ਤੁਸੀਂ ਸਮਝ ਸਕਦੇ ਹੋ ਕਿ ਉਸ ਵਕਤ ਘਰ ਦੀ ਹਾਲਤ ਕੀ ਹੋ ਸਕਦੀ ਹੈ ਅਸੀਂ ਜਦੋਂ ਵੀ ਜਾਂਦੇ ਸਾਂ ਸਭ ਤੋਂ ਪਹਿਲਾਂ ਨਾਨੀ ਤੇ ਮਾਂ ਮਿਲਕੇ ਰੋਂਦੀਆਂ ਹੀ ਸਨ ਉਸ ਵਕਤ ਨਹੀਂ ਪਤਾ ਸੀ ਪਰ ਅੱਜ ਸਮਝ ਸਕਦੇ ਹਾਂ ਕਿ ਉਸ ਵਕਤ ਉਹਨਾਂ ਦੇ ਹੱਡਾਂ ਨੂੰ ਕਿਹੜਾ ਸਾਂਝਾ ਝੋਰਾ ਖਾ ਰਿਹਾ ਸੀ ਜਿਵੇਂ ਕਹਿੰਦੇ ਹਨ ਮੂਲ ਨਾਲੋਂ ਵਿਆਜ ਨੇੜੇ ਹੁੰਦਾ ਹੈ (ਪਿਆਰਾ ਤਾਂ ਨਹੀਂ ਲਿਖਿਆ ਕਿਉਂਕਿ ਨਾ ਮੂਲ ਪਿਆਰਾ ਹੁੰਦਾ ਹੈ ਨਾ ਵਿਆਜ ਪਿਆਰਾ ਲੱਗਦੈ) ਨਾਨੀ ਨੇ ਸਾਨੂੰ ਵੀ ਘੁੱਟ ਕੇ ਜੱਫੀ ਪਾ ਕੇ ਮਿਲਣਾ ਪਰ ਅਸੀਂ ਕਾਹਲੀ ਕਾਹਲੀ ਮਿਲ ਕੇ ਖੁੱਡਾਂ ਆਲ਼ਿਆਂ ਵਿੱਚ ਨੂੰ ਹੱਥ ਮਾਰਨ ਵੱਲ ਨੂੰ ਭੱਜਣ ਲਈ ਕਾਹਲੇ ਹੋਣਾ, ਨਾਨੀ ਦਾ ਪਿਆਰਾ ਜਿਹਾ,ਗੋਰਾ ਗੋਰਾ ਚਿਹਰਾ ਸੀ ਜਿਸਦੀਆਂ ਡੂੰਘੀਆਂ ਅੱਖਾਂ ਵਿੱਚੋਂ ਹਮੇਸ਼ਾ ਦੁੱਖ ਡੁਲਦੇ ਸਾਫ ਦਿਸਦੇ ਸਨ ਉਹਦੀ ਚੁੰਨੀ ਦਾ ਇੱਕ ਪੱਲਾ ਸੱਜੇ ਹੱਥ ਵਿੱਚ ਹੀ ਰਹਿੰਦਾ ਸੀ ਕਿਉਂਕਿ ਜਦੋਂ ਵੀ ਅੱਖ ਵਿੱਚ ਹੰਝੂ ਭਰਦਾ ਉਹ ਚੁੰਨੀ ਨਾਲ ਪੂੰਝ ਛੱਡਦੀ ... ਸਾਨੂੰ ਜਾਂਦਿਆਂ ਸਾਰ ਪਹਿਲਾਂ ਰਾਹ ਵਾਲੀ ਕੱਚੀ ਬੈਠਕ ਵਿੱਚ ਬਿਠਾਇਆ ਜਾਂਦਾ ਉੱਥੇ ਬੈਠਣ ਦਾ ਸਵਾਦ ਵੀ ਵੱਖਰਾ ਹੀ ਸੀ ਨਾਲੇ ਤਾਂ ਆਉਂਦੇ ਜਾਂਦੇ ਹਾਲ ਚਾਲ ਪੁੱਛਦੇ ਦਸਦੇ ਰਹਿੰਦੇ ਸਨ ਤੇ ਨਾਲੇ ਰਾਹ ਜਾਂਦੇ ਬਲਦਾਂ ਦੀਆਂ ਟੱਲੀਆਂ ਤੇ ਸੀਈਕਲਾਂ 'ਤੇ ਸਮਾਨ ਜਾਂ ਕੁਲਫ਼ੀਆਂ ਵੇਚਣ ਵਾਲਿਆਂ ਦੀਆਂ ਟੱਲੀਆਂ ਨਜ਼ਾਰਾ ਬੰਨੀ ਰੱਖਦੀਆਂ ਸਨ ਰਾਹ ਵਾਲੀ ਬੈਠਕ ਵਿੱਚ ਬੈਠਣ ਦਾ ਇੱਕ ਕਾਰਨ ਹੋਰ ਵੀ ਸੀ ਕਿ ਉਥੇ ਹਵਾ ਬਹੁਤ ਵਧੀਆ ਆਉਂਦੀ ਸੀ ਬਿਜਲੀ ਬੁਜਲੀ ਤਾਂ ਘੱਟ ਹੀ ਆਉਂਦੀ ਸੀ ਉਸ ਵਕਤ ਜਿਆਦਾਤਰ ਪੱਖੀਆਂ ਤੋਂ ਹੀ ਕੰਮ ਲਿਆ ਜਾਂਦਾ ਸੀ ਨਾਨੀ ਦੀ ਤਾਂ ਇੱਕ ਪੱਕੀ ਪੱਖੀ ਸੀ ਆਪਣੀ ਬੁਣੀ ਹੋਈ ਫੁੱਲ ਬੂਟੀਆਂ ਤੇ ਚਿੱਟੀ ਝਾਲਰ ਵਾਲੀ ਪਰ ਪਰੁਹਣਿਆਂ ਲਈ ਨਵੀਂ ਮਿਲਦੀ ਸੀ ਕਈ ਵਾਰ ਤਾਂ ਉਸ ਰਾਹ ਵਾਲੀ ਬੈਠਕ ਚੋਂ ਹੀ ਮੋੜਾ ਹੋ ਜਾਂਦਾ ਸੀ ਅੱਗੇ ਵਾਲੀ ਕੱਚੀ ਸਵਾਤ ਤੱਕ ਜਾਣ ਦਾ ਮੌਕਾ ਹੀ ਨਹੀਂ ਮਿਲਦਾ ਸੀ ......
ਕਈ ਵਾਰ ਅਸੀਂ ਸਾਰਿਆਂ ਨੇ ਇਕੱਠੇ ਨਾਨਕੇ ਪਿੰਡ ਚਲੇ ਜਾਣਾ ਇਕੱਠੇ ਤੋਂ ਮੇਰਾ ਮਤਲਬ ਮੇਰੀ ਮਾਸੀ ਦੇ ਜਵਾਕਾਂ ਨੇ ਵੀ ਨਾਲ ਚਲੇ ਜਾਣਾ, ਮੇਰੀ ਨਾਨੀ ਦੇ ਦੋ ਮੁੰਡੇ ਸਨ ਜਿਹਨਾਂ ਚੋਂ ਵੱਡੇ ਦੀ ਜਵਾਨੀ 'ਚ ਮੌਤ ਹੋ ਗਈ ਸੀ ਤੇ ਦੋ ਕੁੜੀਆਂ ਸਨ ਤੇ ਦੋਹੇਂ ਹੀ ਇੱਕੋ ਘਰੇ ਵਿਆਹੀਆਂ ਹਨ ਜਾਣੀ ਕਿ ਮੇਰਾ ਚਾਚਾ ਹੀ ਮੇਰਾ ਮਾਸੜ ਹੈ, ਮੇਰੀ ਮਾਸੀ ਮੇਰੀ ਦੂਜੀ ਮਾਂ ਹੈ ਕਿਉਂਕਿ ਨਾਨੀ ਤੇ ਮਾਂ ਦੋਵਾਂ ਦੇ ਦੱਸਣ ਅਨੁਸਾਰ ਜਦੋਂ ਮੈਂ ਹੋਣ ਵਾਲਾ ਸੀ ਉਦੋਂ ਮਾਂ ਬਹੁਤ ਬਿਮਾਰ ਰਹਿੰਦੀ ਸੀ ਵੈਦ(ਡਾਕਟਰ) ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਜੱਚਾ ਤੇ ਬੱਚਾ ਚੋਂ ਕਿਸੇ ਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਮਾਂ ਨੂੰ ਕੰਮਜੋਰੀ ਬਹੁਤ ਸੀ ਤਾਂ ਉਸ ਵਕਤ ਮਾਸੀ ਅਜੇ ਕੁਵਾਰੀ ਸੀ ਤਾਂ ਮਾਂ ਦੀ ਦੇਖਭਾਲ ਵੀ ਉਹਨੇ ਹੀ ਕੀਤੀ ਸੀ, ਤਾਂ, ਮੇਰੇ ਜਨਮ ਤੋਂ ਬਾਅਦ ਮੇਰੀ ਦੇਖਭਾਲ ਵੀ ਮੇਰੀ ਮਾਸੀ ਨੇ ਹੀ ਕੀਤੀ ਕਿਉਂਕਿ ਮਾਂ ਇਸਦੇ ਕਾਬਲ ਨਹੀਂ ਸੀ ਕਿ ਮੇਰੀ ਦੇਖਭਾਲ ਕਰ ਸਕੇ ਇਹ ਸਭ ਨਾਨੀ ਤੇ ਮਾਂ ਨੇ ਦੱਸਿਆ ਮੈਨੂੰ, ਨਾਨੀ ਨੇ ਇਹ ਦੱਸਿਆ ਕਿ ਨਾਲੇ ਮਾਸੀ ਪੜ੍ਹੀ ਜਾਇਆ ਕਰੇ ਨਾਲੇ ਤੈਨੂੰ ਆਪਣੇ ਉੱਪਰ ਮੂਧਾ ਪਾ ਕੇ ਖੇਡ ਲਾਈ ਰੱਖਿਆ ਕਰੇ ਜਾਂ ਸੌਵਾਈ ਰੱਖਿਆ ਕਰੇ, ਮੇਰੀ ਮਾਸੀ ਦੇ ਤਿੰਨ ਜਵਾਕ ਸਨ ਇੱਕ ਮੁੰਡਾ ਦੋ ਕੁੜੀਆਂ .... ਤਾਂ ਅਸੀਂ ਇੱਕੋ ਘਰੇ ਪੰਜ ਜਵਾਕ ਸਾਂ, ਚਾਰ ਤਾਂ ਨਾਨਕੇ ਪੱਕੇ ਹੀ ਵਿਸਾਖੀ ਦੇ ਮੇਲੇ 'ਤੇ ਜਾਂਦੇ ਸਨ ਕਦੇ ਕਦੇ ਮੈਂ ਵੀ ਨਾਲ ਹੀ ਚਲਾ ਜਾਂਦਾ ਸੀ ਮੈਂ ਉਸ ਵਕਤ ਮਸਾਂ ਮਿਡਲ ਸਕੂਲ ਚ ਹੋਵਾਂਗਾ ਆਪਾਂ ਵੀ ਕੱਢ ਲਈ ਦੀ ਸੀ ਪਿੰਡਾਂ ਵਾਲੀ ਟੌਹਰ ਨਵੇਂ ਕੁੜਤੇ ਪੰਜਾਮੇ ਨਾਲ ਚਪਲਾਂ ਤੇ ਜੂੜੇ ਉੱਤੇ ਚਿੱਟਾ ਰੁਮਾਲ, ਕਢਾਈ ਵਾਲੀ ਕੰਨੀ ਵਾਲਾ, ਅੱਜ ਦੇ ਲਾਈਵ ਸ਼ੋਅ ਵੇਖਣ ਜਾਣ ਤੋਂ ਦੁਗਣਾ ਚਾਅ ਹੁੰਦਾ ਸੀ ਵਿਸਾਖੀ ਦਾ ਮੇਲਾ ਦੇਖਣ ਜਾਣ ਦਾ¡ ਮੇਲਾ ਨਾਨੀ ਦੇ ਘਰ ਦੇ ਸਾਹਮਣੇ ਛੱਪੜ ਤੋਂ ਪਾਰ ਲਗਦਾ ਹੁੰਦਾ ਸੀ ਉਥੇ ਕੋਈ ਬਾਬੇ ਦੀ ਜਗ੍ਹਾ ਸੀ ਸ਼ਾਇਦ ਬਾਬਾ ਗੁੱਦੜ ਸੀ ਪੱਕਾ ਨਹੀਂ ਪਤਾ ਬਾਬੇ ਦਾ ਨਾਂ ਕੀ ਸੀ ..... ਨਾਨੀ ਦੇ ਘਰ ਤੋਂ ਮੇਲੇ ਚ ਛੱਪੜ ਨੂੰ ਵਲ਼ ਕੇ ਜਾਣਾ ਪੈਂਦਾ ਸੀ ਉਸ ਵਕਤ ਰਾਹ ਜਿਆਦਾਤਰ ਕੱਚੇ ਹੀ ਸਨ ਅਸੀਂ ਮੇਲੇ ਤੇ ਜਾਣ ਵਾਲੇ ਅੱਠ ਦਸ ਘਰਦੇ ਹੀ ਹੋ ਜਾਂਦੇ ਸਾਂ ਚਾਰ ਜਾਣੇ ਮਾਮਾ ਮਾਮੀ ਤੇ ਉਹਨਾਂ ਦੇ ਦੋ ਜਵਾਕ ਪਰ ਉਹ ਅਜੇ ਛੋਟੇ ਹੀ ਸਨ ਮਾਸੀ ਦੇ ਜਵਾਕਾਂ ਵਾਂਗ, ਪਰ ਮੇਰੀ ਸੁਰਤ ਥੋੜੀ ਸੰਭਲੀ ਜਿਹੀ ਹੋਈ ਸੀ, ਮਾਸੀ ਹੁਣਾ ਨੇ ਆਪ ਤਿਆਰ ਹੋਣ ਤੋਂ ਪਹਿਲਾਂ ਸਾਨੂੰ ਤਿਆਰ ਕਰਨਾ ਤੇ ਆਪਾਂ ਤਿਆਰ ਹੋ ਕੇ ਵਾੜੇ ਚ ਆ ਕੇ ਖੇਡਣ ਲੱਗ ਜਾਣਾ ਜਿਥੇ ਨਾਨੀ ਦੀ ਇੱਕ ਲਿੱਸੀ ਜਿਹੀ ਮੱਝ ਬੰਨੀ ਹੁੰਦੀ ਸੀ ਉਹ ਜਿਆਦਾਤਰ ਕੱਟੀਆਂ ਹੀ ਦਿੰਦੀ ਸੀ ਕਹਿੰਦੇ ਵਧੀਆ ਰਵਾ ਸੀ, ਆਪਾਂ ਉੱਥੇ ਡੱਕੇ ਰੋੜਿਆਂ ਜਾਂ ਕੀੜਿਆਂ ਨਾਲ ਪੰਗੇ ਲਈ ਜਾਣੇ ਨਾਲੇ ਘਰਦਿਆਂ ਦੀਆਂ ਵਾਜਾਂ ਦਾ ਜਵਾਬ ਦੇਈ ਜਾਣਾ..... '' ਵੇ ਰਾਹ 'ਤੇ ਨਾ ਜਾਇਓ ਗੱਡੇ ਜਾਂ ਪਸ਼ੂਆਂ ਦੇ ਜਾਣ ਦਾ ਵੇਲਾ ਐ '' ਆਪਣਾ ਜਵਾਬ ਸਾਰਿਆ ਨੂੰ ਪਤਾ ਹੀ ਐ ਕੀ ਹੋਵੇਗਾ, ਪਰ ਯਾਰ ਜਿਆਦਾਤਰ ਵਾੜੇ ਦੀ ਛੋਟੀ ਜਿਹੀ ਕੰਧ 'ਤੇ ਬੈਠੇ ਹੁੰਦੇ ਸੀ ਜਿਥੇ ਬੇਰੀ ਹੇਠਾਂ ਕੰਧ ਦੇ ਨਾਲ ਲਾਲ ਮਿੱਟੀ ਦੀ ਢੇਰੀ ਲੱਗੀ ਹੁੰਦੀ ਸੀ ਜਿਸਨੂੰ ਕੰਧਾਂ ਕੋਠੇ ਜਾਂ ਚੌਂਕਾ ਚੁੱਲ੍ਹਾ ਲਿੱਪਣ ਲਈ ਲੋੜ ਪੈਣ ਉੱਤੇ ਵਰਤਿਆ ਜਾਂਦਾ ਸੀ ਤੇ ਉਹ ਬੇਰੀ ਸ਼ਾਇਦ ਅੱਜ ਵੀ ਉੱਥੇ ਹੀ ਹੈ, ਕੰਧ 'ਤੇ ਬੈਠਿਆਂ ਪੱਠੇ ਲੈ ਕੇ ਆਉਂਦਿਆਂ ਜਾਂ ਜਾਂਦਿਆਂ ਨੂੰ ਵੇਖੀ ਜਾਣਾ ਨਾਲੇ ਘਰੇ ਰਿਪੋਰਟ ਦੇਈ ਜਾਣੀ ਕਿ ਮੇਲੇ ਵਾਲੀਆਂ ਰੇੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਭਾਂਵੇ ਮੇਲਾ ਸ਼ਾਮ ਨੂੰ ਚਾਰ ਕੁ ਵਜੇ ਸ਼ੁਰੂ ਹੁੰਦਾ ਸੀ ਪਰ ਤਿਆਰੀਆਂ ਸਵੇਰ ਤੋਂ ਹੀ ਸ਼ਰੂ ਕਰ ਦੇਣੀਆਂ ਸਾਡੀ ਬਾਹਰ ਫਿਰਦਿਆਂ ਦੀ ਰਾਖੀ ਲਈ ਕਈ ਵਾਰ ਨਾਨੀ ਦੀ ਵੀ ਡਿਉਟੀ ਲੱਗੀ ਹੁੰਦੀ ਸੀ ਪਰ ਉਸਦਾ ਸੁਭਾਅ ਵਧੀਆ ਹੋਣ ਕਰਕੇ ਜਿਆਦਾ ਝਿੜਕਦੀ ਨਹੀ ਸੀ ਉਹ ਬਸ ਰਾਹ ਜਾਂਦਿਆਂ ਨਾਲ ਗੱਲਬਾਤ ਵਿੱਚ ਹੀ ਰੁੱਝੀ ਰਹਿੰਦੀ ਸੀ ਜਾਂ ਵਾੜੇ ਚ ਪਏ ਖਿਲਾਰੇ ਨੂੰ ਠੀਕ ਕਰਨ ਵਿੱਚ, ਸਫਾਈ ਪਸੰਦ ਬਹੁਤ ਸੀ ਤੇ ਨਾ ਹੀ ਕਿਸੇ ਨੂੰ ਵੀ ਮੰਦਾ ਬੋਲਦੀ ਸੀ ਇਸੇ ਕਰਕੇ ਸਾਰੇ ਉਸਨੂੰ ਭੱਜ ਕੇ ਮਿਲਦੇ ਸਨ, ਬਹੁਤ ਸਾਰੇ ਕੰਮ ਆਂਡ ਗੁਵਾਂਢ ਜਾਂ ਜਾਣ ਪਹਿਛਾਣ ਵਾਲੇ ਬਿਨਾ ਕਹਿਣ ਤੋਂ ਹੀ ਕਰ ਦਿੰਦੇ ਸਨ ਜਿਵੇਂ ਸਾਲ ਛਿਮਾਹੀਂ ਤੂੜੀ ਦਾਣੇ ਘਰ ਸੁੱਟ ਜਾਣੇ, ਜੇ ਕੋਈ ਖੇਤਾਂ ਤੋਂ ਸਬਜੀ ਵਗੈਰਾ ਲੈ ਕੇ ਅਾ ਰਿਹਾ ਹੈ ਤਾਂ ਲੰਘਦੇ ਟੱਪਦਿਆਂ, ਉਹਦੇ ਚੋਂ ਕੁਝ ਨਾਨੀ ਦੇ ਘਰ ਪਹੁੰਚਾ ਹੀ ਜਾਂਦਾ ਸੀ ਕਿਉਂਕਿ ਨਾਨੇ ਦੀ ਮੌਤ ਤੋਂ ਬਾਅਦ ਲੋਕਾਂ ਦੀ ਹਮਦਰਦੀ ਹੋਰ ਵੀ ਵਧ ਗਈ ਸੀ, ਨਾਨਾ ਉਸ ਵੇਲੇ ਦਾ ਵਧੀਆ ਪੜ੍ਹਿਆ ਲਿਖਿਆ ਇਨਸਾਨ ਸੀ ਤੇ ਲੋਕਾਂ ਦੀ ਮਦਦ ਵੀ ਬਹੁਤ ਕਰਦਾ ਸੀ ਇਸ ਮਾਮਲੇ ਚ, ਉਸਨੂੰ ਲੋਕਾਂ ਨੇ ਮੀ-ਰਾਬ ਬਣਾਇਆ ਹੋਇਆ ਸੀ ਤਾਂ ਕਿ ਪਾਣੀ ਨੂੰ ਖੇਤ ਅਨੁਸਾਰ ਸਹੀ ਸਹੀ ਵੰਡ ਕਰਕੇ ਦੇ ਸਕੇ ਇਸ ਕੰਮ ਵਿੱਚ ਉਸਨੇ ਚੰਗਾ ਇੱਜਤ ਮਾਣ ਕਮਾਇਆ ਹੋਇਆ ਸੀ ਕਿਉਕਿ ਉਹ ਸਖਤ ਤੇ ਇਮਾਨਦਾਰ ਦੋਨੋ ਹੀ ਤਰ੍ਹਾਂ ਦਾ ਇਨਸਾਨ ਸੀ ਉਸ ਵਕਤ ਲੋਕਾਂ ਦੇ ਸੁਭਾਅ ਅਜੇਹੇ ਸਨ ਕਿ ਕਿਸੇ ਲਈ ਇੱਕ ਵਾਰ ਕੀਤੇ ਕਰਾਏ ਕੰਮ ਨੂੰ ਸਾਰੀ ਉਮਰ ਭਲਾਉਂਦੇ ਨਹੀ ਸਨ ਜਿਵੇਂ ਆਮ ਹੀ ਕਿਹਾ ਜਾਂਦਾ ਸੀ ਕਿ ਗੁਣ ਇੱਕ ਦਿਨ ਦਾ ਤੇ ਦੇਣ ਸਾਰੀ ਉਮਰ ਦਾ...... ਨਾਨੀ ਨੂੰ ਨਾਨੇ ਦੇ ਤੁਰ ਜਾਣ ਦਾ ਦੁੱਖ ਤਾਂ ਹੈ ਹੀ ਸੀ ਪਰ ਬਾਅਦ ਚ ਨਾਨੇ ਦੇ ਕੀਤੇ ਚੰਗੇ ਕੰਮਾਂ ਦਾ ਆਸਰਾ ਵੀ ਰਿਹਾ ਸੀ .... ਇਲਾਕੇ ਵਿੱਚ ਇੱਜਤ ਮਾਣ ਸੀ ਜੋ ਅਜੇ ਤੱਕ ਅਗਲੀਆਂ ਪੀੜ੍ਹੀਆਂ ਵੀ ਮਾਣ ਰਹੀਆਂ ਹਨ ਮੈਂ ਤਾਂ ਨਾਨਕੇ ਪਿੰਡ ਵੱਲ ਹੁਣ ਵੀ ਆਪਣੀ ਪਹਿਚਾਣ ਨਾਨੇ ਦੇ ਨਾਂ ਨਾਲ ਕਰਵਾਉਂਦਾ ਹਾਂ ਕਿ ਫਲਾਨੇ ਦਾ ਧੋਹਤਾ ਹਾਂ ਜੀ ਮੈਂ .... ਨਾਨੇ ਤੇ ਵੱਡੇ ਮਾਮੇ ਦੇ ਵਿਛੋੜੇ ਨੇ ਨਾਨੀ ਦੇ ਜੀਵਨ ਚੋਂ ਖੁਸ਼ੀਆਂ ਤੇ ਹਾਸਿਆਂ ਦਾ ਰਸ ਨਿਚੋੜ ਕੱਢਿਆ ਸੀ ਜਿਸ ਨਾਲ ਉਸਦੀ ਇੱਕ ਅੱਖ ਵੀ ਚਲੀ ਗਈ ਸੀ ਵਿਚਾਰੀ ਰੋਂਦੀ ਜੋ ਰਹਿੰਦੀ ਸੀ ਹਰ ਪਲ ਕਦੇ ਬਾਹਰ ਤੋਂ ਤੇ ਸਾਰਾ ਸਮਾਂ ਅੰਦਰੋਂ, ਪਰ ਸਮਾਂ ਪੈਣ ਨਾਲ ਨਵੇਂ ਦੋਹਤੇ ਪੋਤਿਆਂ ਜਿਹੇ ਖਿਡਾਉਣਿਆਂ ਕਰਕੇ ਉਹ ਖੁਸ਼ੀ ਦੀਆਂ ਨਵੀਆਂ ਕਿਰਨਾ ਦੇਖਣ ਲੱਗੀ ਸੀ.....ਪਹਿਲਾਂ ਪਹਿਲਾਂ ਜਦੋਂ ਸੌਖਿਆਂ ਤੁਰ ਹੋ ਜਾਂਦਾ ਸੀ ਨਾਨੀ ਵੀ ਸਾਡੇ ਨਾਲ ਮੇਲੇ 'ਤੇ ਜਾਂਦੀ ਹੁੰਦੀ ਸੀ ਕੁੜੀਆਂ ਨੂੰ ਆਪਣਾ ਚਾਅ ਹੁੰਦਾ ਹੈ ਕਿ ਉਹਨਾਂ ਨੇ ਚੂੜੀਆਂ ਵਗੈਰਾ ਚੜ੍ਹਾਉਣੀਆਂ ਹੁੰਦੀਆਂ ਸਨ ਪਰ ਸਾਡੀ ਅੱਖ ਲਾਈਟਾਂ ਵਾਲੇ ਖਡਾਉਣਿਆਂ ਜਾਂ ਲੱਕੜ ਦੇ ਬਾਂਦਰ ਤੇ ਹੁੰਦੀ ਸੀ, ਭੱਜ ਕੇ ਘਮਾਉਣ ਵਾਲੀਆਂ ਭਮੀਰੀਆਂ ਪਿੱਛੇ ਤਾਂ ਸ਼ੁਰੂ ਚ ਹੀ ਵੀਹਰ ਜਾਂਦੇ ਸੀ, ਹਾਂ ਸੱਚ ਕਡੰਕਟਰ ਵਾਲੀ ਸੀਟੀ ਤਾਂ ਬਾਹਲੀ ਪਿਆਰੀ ਲਗਦੀ ਸੀ ਮੈਨੂੰ ਵੈਸੇ ਟਰੈਕਟਰ ਟਰਾਲੀ ਵਾਲੀ ਖੇਡ ਵੀ ਵਧੀਆ ਲਗਦੀ ਸੀ, ਚਾਅ ਕਿੰਨਾ ਹੁੰਦਾ ਸੀ ਯਾਰ ਨਾਨਕਿਆਂ ਦਾ, ਪਤਾ ਹੁੰਦਾ ਸੀ ਕਿ ਕਰਾਇਆ ਤਾਂ ਨਾਨੀ ਨੇ ਦੇ ਹੀ ਦੇਣਾ, ਆਪ ਭਾਂਵੇ ਉਸਨੂੰ ਸਬਜੀ ਦੀ ਥਾਁ ਅਚਾਰ ਨਾਲ ਹੀ ਖਾਣੀ ਪਵੇ ...... ਕਈ ਪੁਰਾਣੇ ਰਿਵਾਜ ਮਨ ਨੂੰ ਭਾਅ ਵੀ ਜਾਂਦੇ ਹਨ ਪਰ ਜੇ ਤਰਕ ਕਰਨ ਲੱਗ ਜਾਈਏ ਤਾਂ ਆਪਣੇ ਆਪ ਤੋਂ ਸ਼ਰਮ ਵੀ ਆਉਂਦੀ ਹੈ, ਆਹ ਕਿਰਾਇਆ ਦੇਣ ਵਾਲੀ ਹੀ ਲੈ ਲਵੋ ਜਦੋਂ ਹੁਣ ਵੀ ਜਾਈਦਾ ਹੈ ਤਾਂ ਮਾਮਾ ਮਾਮੀ ਨੂੰ ਵੀ ਇਹ ਹੁੰਦਾ ਕਿ ਸਾਡਾ ਭਾਣਜਾ ਜਾਂ ਭਾਣਜੀ ਖਾਲੀ ਨਾ ਮੁੜ ਜਾਣ, ਨਾਨੀ ਵਾਲੀ ਰੀਤ ਹੀ ਜਾਰੀ ਰੱਖੀ ਹੋਈ ਹੈ ਪਰ ਹੁਣ ਆਪ ਨੂੰ ਸ਼ਰਮ ਆਉਂਦੀ ਹੈ ਤਾਂ ਆਪਾਂ ਕਿਰਾਇਆ ਨਹੀਂ ਲਈ ਦਾ ਮਾਮੀ ਤੋਂ ਸਾਰਿਆਂ ਨਾਲੋਂ ਛੋਟਾ ਨੋਟ ਪਿਆਰ ਨਾਲ ਫੜ ਕੇ ਜੇਬ ਚ ਪਾ ਲਈ ਦਾ......
ਹਾਂ ਸੱਚ ਨਾਨੀ ਦੀ ਸਵਾਤ ਵਾਲੀ ਗੱਲ ਤਾਂ ਵਿੱਚੇ ਹੀ ਰਹਿ ਗਈ, ਜਦੋਂ ਕਦੇ ਅਸੀਂ ਰਾਤ ਰਹਿੰਦੇ ਸਾਂ ਤਾਂ ਸਵਾਤ ਦੇ ਦਰਸ਼ਨ ਵੀ ਕਰਦੇ ਜਿੱਥੇ ਸਾਰੇ ਪੈਂਦੇ ਸਨ ਸਵਾਤ ਦੇ ਦੋ ਦਰਵਾਜ਼ੇ ਸਨ ਲੱਕੜ ਦੇ ਜਿਸਨੂੰ ਸਜਾਉਣ ਲਈ ਉਸ ਵਿੱਚ ਉਭਰਦੀਆਂ ਮੇਖਾਁ ਲੱਗੀਆਂ ਸਨ ਪਹਿਲਾਂ ਪਹਿਲ ਗੱਡਿਆਂ, ਦਰਵਾਜਿਆਂ ਤੇ ਡਾਂਗਾਂ ਉਪਰ ਪਿੱਤਲ ਜਾਂ ਕਾਂਸੀ ਦੇ ਕੋਕੇ ਜਾਂ ਮੇਖਾਁ ਲਾਈਆਂ ਹੁਦੀਆਂ ਸਨ ਇਹ ਬੰਦੇ ਦੀ ਪਹੁੰਚ ਤੇ ਨਿਰਭਰ ਹੁੰਦਾ ਸੀ ਕਿ ਉਹ ਕੀ ਲਾਉਣ ਦੇ ਕਾਬਲ ਹੈ ਸਵਾਤ ਦੇ ਦੋਹਾਂ ਦਰਵਾਜਿਆਂ ਤੋਂ ਅੰਦਰ ਵੜਦਿਆਂ ਹੀ ਥੋੜੀ ਡੂੰਘਾਈ ਰੱਖੀ ਹੋਈ ਸੀ ਸਵਾਤ ਵਿੱਚ ਇੱਕ ਪਾਸੇ ਨਾਨੀ ਦਾ ਸੰਦੂਕ ਹੁੰਦਾ ਸੀ ਤੇ ਇੱਕ ਨਿੱਕੀ ਜਿਹੀ ਚਾਹ ਖੰਡ ਲਈ ਸੰਦੂਕੜੀ ਪਈ ਹੁੰਦੀ ਸੀ ਜੋ ਅੱਜ ਦੀ ਅਲਮਾਰੀ ਸੀ, ਦੂਸਰੇ ਪਾਸੇ ਪੜਸ਼ੱਤੀ ਹੁੰਦੀ ਸੀ ਜਿਥੇ ਖਾਸਾ ਹੀ ਸਮਾਨ ਪਿਆ ਹੁੰਦਾ ਸੀ ਜੋ ਲੋੜ ਪੈਣ ਉੱਤੇ ਹੀ ਕੱਢਿਆ ਜਾਂਦਾ ਸੀ ਨਾਨੀ ਦੇ ਕੋਲ ਵੱਡੇ ਵੱਡੇ ਪਾਵਿਆਂ ਵਾਲਾ ਮੰਜਾ ਸੀ ਜੋ ਉਸਨੂੰ ਦਾਜ ਵਿੱਚ ਮਿਲਿਆ ਸੀ ਉਹ ਮੰਜੇ ਉਪਰ ਦਰੀ ਤੇ ਉਸ ਉਪਰ ਸਾਫ ਸਾਫ ਚਾਦਰ ਤੇ ਸੋਹਣਾ ਜਿਹਾ ਸਿਰਹਾਣਾ ਰੱਖਿਆ ਕਰਦੀ ਸੀ ਦਰੀ ਤੇ ਚਾਦਰ ਬੜੇ ਸਫਾਈ ਨਾਲ ਵਿਛਾਏ ਹੁੰਦੇ ਸਨ ਨਾਨੀ ਬਿਸਤਰੇ ਚ ਭੋਰਾ ਜਿਹਾ ਵੀ ਵਲ਼ ਨਹੀਂ ਪੈਣ ਦਿੰਦੀ ਸੀ ਮੁਹਰੇ ਘਰ ਭਾਂਵੇ ਪੱਕਾ ਪੈ ਗਿਆ ਹੈ ਪਰ ਕੱਚੀ ਸਵਾਤ ਸਾਰੀ ਦੀ ਸਾਰੀ ਅੱਜ ਵੀ ਉਂਵੇ ਹੀ ਹੈ ਸ਼ਾਇਦ ਮਾਮੇ ਕਿਆਂ ਨੇ ਆਪਣੇ ਬਜੁਰਗਾਂ ਦੀ ਨਿਸ਼ਾਨੀ ਸਮਝ ਕੇ ਸਵਾਤ ਨੂੰ ਉਸੇ ਤਰਾਂ ਵਰਤੋਂ ਵਿੱਚ ਰੱਖਿਆ ਹੋਇਆ ਹੈ ਸਵਾਤ ਦੇ ਨਾਲ ਨਾਲ ਸਭ ਚੀਜਾਂ ਵੀ ਉੱਥੇ ਉਸੇ ਤਰਾਂ ਪਈਆ ਹਨ ਬਸ ਇਕੋ ਘਾਟ ਹੈ ........ਉਥੇ ਹੁਣ 'ਨਾਨੀ' ਨਹੀਂ ਹੈ.....