ਬਿਨਾਂ ਜਹਿਰ ਤੋਂ ਪੈਦਾ ਹੁੰਦਾ ਹੁਣ ਨਾ ਕੋਈ ਅਹਾਰ।
ਆਪਣੇ ਹੱਥੀ ਆਪਣੇ ਘਰ ਹੀ ਫੂਕ ਰਹੇ ਹਾਂ ਯਾਰ।
ਕਣਕ,ਚਾਵਲ ਤੇ ਮੱਕੀ ਜੋ ਨੇ ਮਾਨਵ ਲਈ ਸੋਗਾਤਾਂ।
ਦੁੱਧ,ਲੱਸੀ ਤੇ ਮੱਖਣ ਜਿਹੀਆਂ ਅਣ ਮੁੱਲੀਆਂ ਦਾਤਾਂ।
ਹਰ ਇੱਕ ਸ਼ੈਅ ਦੇ ਵਿੱਚ ਮਿਲਾਵਟ ਕੀ ਕਰੀਏ ਇਤਬਾਰ।
ਆਪਣੇ ਹੱਥੀ ਆਪਣੇ ਘਰ ਹੀ ਫੂਕ ਰਹੇ ਹਾਂ ਯਾਰ।
ਕੀ ਖਰਬੂਜਾ,ਕੀ ਲੀਚੀਆਂ,ਕੀ ਖਾਈਏ ਤਰਬੂਜ?
ਨਾਲ ਦਵਾਈਆਂ ਪਕਦੇ ਸਾਰੇ ਅੰਬ,ਕੇਲੇ ਅਮਰੂਦ।
ਫਲ ਬਨਾਉਟੀ ਲਗਦੇ ਸਾਰੇ ਵਿਕੱਣ ਜੋ ਵਿੱਚ ਬਜਾਰ।
ਆਪਣੇ ਹੱਥੀ ਆਪਣੇ ਘਰ ਹੀ ਫੂਕ ਰਹੇ ਹਾਂ ਯਾਰ।
ਸਬਜੀ ਦੇ ਵਿੱਚ ਭਿੰਡੀ,ਤੋਰੀ,ਕੱਦੂ ਵੀ ਜਹਿਰੀਲਾ।
ਨਰਕਾਂ ਵੱਲ ਵਹੀਰਾਂ ਘੱਤੀਆਂ ਕਰੋ ਬਚਣ ਦਾ ਹੀਲਾ।
ਇਨ੍ਹਾਂ ਦੇ ਸਪਰੇਅ ਜਹਿਰ ਦੇ ਹੋ ਰਹੇ ਬੇ ਸ਼ੁਮਾਰ।
ਆਪਣੇ ਹੱਥੀ ਆਪਣੇ ਘਰ ਹੀ ਫੂਕ ਰਹੇ ਹਾਂ ਯਾਰ।
ਕੁਦਰਤ ਦੇ ਨਾਲ ਛੇੜ-ਛਾੜ ਕਰ ਬੰਦਾਂ ਕਰੇ ਚਲਾਕੀ।
ਇੱਕ ਦਿਨ ਸੁੰਦਰ ਧਰਤੀ ਉੱਤੇ ਰੰਗ ਨਾ ਰਹਿਣੇ ਬਾਕੀ।
ਨੋਟਾਂ ਨਾਲ ਜਾਏ ਖਰੀਦੀ "ਗੁਰਮੀਤ" ਇਹ ਮੌਜ ਬਹਾਰ।
ਆਪਣੇ ਹੱਥੀ ਆਪਣੇ ਘਰ ਹੀ ਫੂਕ ਰਹੇ ਹਾਂ ਯਾਰ।