ਵਿਚਾਰ ਮੰਚ ਵੱਲੋਂ ਪੁਰਸਕਾਰਾਂ ਦਾ ਐਲਾਨ
(ਖ਼ਬਰਸਾਰ)
ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਦਲਵੀਰ ਸਿੰਘ ਲੁਧਿਆਣਵੀ, ਸ. ਕਰਮਜੀਤ ਸਿੰਘ ਔਜਲਾ ਅਤੇ ਤ੍ਰੈਲੋਚਨ ਲੋਚੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਹਿਤਕਾਰਾਂ ਨੂੰ ਤਿੰਨ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਡਾ. ਐਸ ਤਰਸੇਮ ਨੂੰ 'ਸ਼ਹੀਦ ਬੇਲਾ ਸਿੰਘ ਪੁਰਸਕਾਰ ੨੦੧੫', ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ 'ਮਾਤਾ ਖੇਮ ਕੌਰ ਪੁਰਸਕਾਰ ੨੦੧੫', ਅਤੇ 'ਡਾ. ਰਵਿੰਦਰ ਰਵੀ ਪੁਰਸਕਾਰ, ੨੦੧੫' ਦਾ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ। ਮੰਚ ਦੇ ਪ੍ਰਧਾਨ ਵੱਲੋਂ ਇਹ ਪੁਰਸਕਾਰ ਸ਼ੁਰੂ ਕੀਤੇ ਗਏ ਹਨ।
'ਪੰਜਾਬੀ ਭਾਸ਼ਾ ਨੂੰ ਕਿੰਝ ਪ੍ਰਫੁੱਲਤ ਕੀਤਾ ਜਾਵੇ? ਵਿਸ਼ੇ 'ਤੇ ਵਿਚਾਰ ਚਰਚਾ ਕਰਦਿਆਂ ਇਹ ਕਿਹਾ ਗਿਆ ਕਿ ਮਾਂ-ਬੋਲੀ ਤੋਂ ਬਿਨਾਂ ਰਾਜ ਦਾ ਵਿਕਾਸ ਅਸੰਭਵ ਹੈ, ਇਸ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਵੇ; ਸਕੂਲਾਂ, ਕਾਲਜਾਂ, ਕਚਹਿਰੀਆਂ 'ਚ ਲਾਗੂ ਕੀਤਾ ਜਾਵੇ।
ਸ. ਗੁਰਦੀਪ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਪਹਿਲਾਂ ਕਰੋ ਹੱਥਾਂ ਦੀ ਸਫ਼ਾਈ, ਸਰੀਰ ਦੀ ਸਫ਼ਾਈ, ਫਿਰ ਹੀ ਮਨ ਦੀ ਸਫ਼ਾਈ ਹੁੰਦੀ ਹੈ, ਬੀਮਾਰੀਆਂ ਤੋਂ ਬਚਿਆ ਜਾ ਸਕਦਾ।
ਰਚਨਾਵਾਂ ਦੇ ਦੌਰ ਵਿਚ ਤ੍ਰੈਲੋਚਨ ਲੋਚੀ ਨੇ 'ਬੇਬੇ-ਬਾਪੂ ਕਲਮ-ਕੱਲੇ ਬੱਚੇ ਟੱਬਰਾਂ ਵਾਲੇ', ਪ੍ਰਿੰ: ਹਰੀ ਕ੍ਰਿਸ਼ਨ ਮਾਇਰ ਨੇ 'ਕੈਕਟਿਸ' ਵੱਲ ਇਸ਼ਾਰਾ ਕਰਦਿਆਂ ਕਵਿਤਾ ਪੇਸ਼ ਕੀਤੀ। ਇੰਜ ਸੁਰਜਨ ਸਿੰਘ ਨੇ 'ਕਰਦੇ ਜਾਓ ਮਨੁੱਖਤਾ ਦੀ ਸੇਵਾ' ਅਮਰਜੀਤ ਸ਼ੇਰਪੁਰੀ ਨੇ 'ਕੁਦਰਤ ਨਾਲ ਕਰ ਖਿਲਵਾੜ ਅਸੀਂ ਖੁਦ ਪੈਰ ਕੁਹਾੜਾ ਮਾਰ ਰਹੇ', ਦਲੀਪ ਅਵਧ ਨੇ ਹਿੰਦੀ ਕਵਿਤਾ, ਰਘਬੀਰ ਸਿੰਘ ਸੰਧੂ ਨੇ 'ਕੁਝ ਗੱਲਾਂ ਐਸੀਆਂ ਹੁੰਦੀਆਂ', ਇਕਬਾਲ ਸਿੰਘ ਨੇ 'ਚੰਦ ਲਫ਼ਜ਼ ਕਲਮ ਵਾਲਿਆਂ ਮੇਰੇ ਵਾਸਤੇ ਵੀ ਲਿਖ', ਰਾਜਿੰਦਰ ਵਰਮਾ ਨੇ 'ਗੁਫ਼ਤਗੂ ਕੀਤੀ ਹੈ ਅੱਗ ਨੇ ਹਵਾਵਾਂ ਦੇ ਨਾਲ', ਬਲਕੌਰ ਸਿੰਘ ਗਿੱਲ ਨੇ 'ਮੈਂ ਬਣਨੋ ਇਕ ਕਵੀ ਰਹਿ ਗਿਆ', ਪੰਮੀ ਹਬੀਬ ਨੇ ੰਿਮੰਨੀ ਕਹਾਣੀ 'ਵਾਧੇ-ਘਾਟੇ', ਰਵਿੰੰਦਰ ਸਿੰਘ ਦੀਵਾਨਾ ਨੇ 'ਘਰ ਸਾਡੇ ਪਾ ਲੈ ਆਲ੍ਹਣਾਂ', ਦਲਵੀਰ ਸਿੰਘ ਲੁਧਿਆਣਵੀ ਨੇ 'ਆਓ ਕਰੀਏ ਰਲ-ਮਿਲ ਕੇ ਪਾਣੀ ਦਾ ਸਤਿਕਾਰ', ਪ੍ਰੀਤਮ ਪੰਧੇਰ ਨੇ 'ਕਿਸ ਤਰ੍ਹਾਂ ਗੂੜ੍ਹਾ ਹਨੇਰਾ ਛਾ ਰਿਹੈ', ਹਰਭਜਨ ਸਿੰਘ ਫੱਲੇਵਾਲਵੀ, ਬੁੱਧ ਸਿੰਘ ਨੀਲੋ, ਸੁਰਿੰਦਰ ਸਿੰਘ ਨੇ ਆਦਿ ਨੇ ਤਾਜ਼ਾ ਤਰੀਨ ਰਚਨਾਵਾਂ ਪੇਸ਼ ਕੀਤੀਆ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਇੰਜ: ਕਰਮਜੀਤ ਸਿੰਘ ਔਜਲਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤਕਾਰਾਂ ਨੂੰ ਸਮੇਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਦਲਵੀਰ ਸਿੰਘ ਲੁਧਿਆਣਵੀ