ਰੱਬ ਕਰੇ ਮੈਂ ਸਦਾ ਬਾਲੜੀ ਹੀ ਰਹਾਂ,
ਨਾ ਕਦੀ ਹੋਵਾਂ ਜਵਾਨ ਤੇ ਨਾ ਦੁੱਖੜ੍ਹੇ ਸਹਾਂ ।
ਧੀਆਂ ਨਾਲ ਤਾਂ ਘਰ ਦੀ ਰੌਣਕ ਹੈ,
ਅੰਮੜੀ ਦੀਆਂ ਚਾਕਰ ਨੇ ਧੀਆਂ,
ਵਿਹਾੜਾ ਵੀਰੇ ਦਾ ਵੱਸਦਾ ਰਹੇ,
ਬਾਬਲ ਦਾ ਸੀਨਾ ਠਰਿਆ ਰਹੇ,
ਹਰ ਧੜਕਣ ਨਾਲ ਮੈਂ ਇਹੋ ਕਹਾਂ ।
ਰੱਬ ਕਰੇ ਮੈਂ ਸਦਾ ਬਾਲੜੀ ਹੀ ਰਹਾਂ,
ਨਾ ਕਦੀ ਹੋਵਾਂ ਜਵਾਨ ਤੇ ਨਾ ਦੁੱਖੜ੍ਹੇ ਸਹਾਂ ।
ਪਾਲ ਪੋਸ ਕੇ ਧੀਆਂ ਨੂੰ
ਕਿਉਂ ਘਰ ਬੇਗਾਨੇ ਧੱਕ ਦਿੰਦੇ
ਪੜ੍ਹਾਲਿਖਾ ਕੇ ਇਨ੍ਹਾਂ ਨੂੰ,
ਕਰਮਾਂ ਦੇ ਹਾਲ ਤੇ ਛੱਡ ਦਿੰਦੇ,
ਲਾਚਾਰੀ ਬਾਬਲ ਦੀ ਕਦੋਂ ਤੱਕ ਸਹਾਂ ?
ਰੱਬ ਕਰੇ ਮੈਂ ਸਦਾ ਬਾਲੜੀ ਹੀ ਰਹਾਂ,
ਨਾ ਕਦੀ ਹੋਵਾਂ ਜਵਾਨ ਤੇ ਨਾ ਦੁੱਖੜ੍ਹੇ ਸਹਾਂ ।
ਦਾਜ ਦੇ ਲੋਭੀਆਂ ਨੇ ਮੇਰੇ,
ਬਾਬਲ ਨੂੰ ਕੰਗਾਲ ਕਰ ਦੇਣਾ,
ਵਰ੍ਹਿਆਂ ਦੀ ਪੂੰਜੀਖੱਟੀ ਨੂੰ,
ਜਾਂਦੀ ਧੀ ਦੀ ਝੋਲੀ ਵਿਚ ਭਰ ਦੇਣਾ
ਇਨ੍ਹਾਂ ਜ਼ਾਲਮਾਂ ਨੂੰ ਕਿਉਂ ਇਨਸਾਨ ਕਹਾਂ ?
ਰੱਬ ਕਰੇ ਮੈਂ ਸਦਾ ਬਾਲੜੀ ਹੀ ਰਹਾਂ,
ਨਾ ਕਦੀ ਹੋਵਾਂ ਜਵਾਨ ਤੇ ਨਾ ਦੁੱਖੜ੍ਹੇ ਸਹਾਂ ।