ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ
ਲੇਖਕ: ਪ੍ਰੋ: ਨਰਿੰਜਨ ਤਸਨੀਮ
ਪ੍ਰਕਾਸ਼ਕ: ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ: 230 ਰੁਪਏ, ਸਫ਼ੇ: 160

'ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ' 44 ਲੇਖਾਂ ਨਾਲ ਸ਼ਿੰਗਾਰੀ ਹੋਈ ਵਾਰਤਕ ਦੀ ਵਿਲੱਖਣ ਪੁਸਤਕ ਹੈ। ਲੇਖਕ ਨੇ ਸਵੈ-ਸਾਹਿਤਕ ਜੀਵਨੀ ਲਿਖਣ ਦੇ ਨਾਲ-ਨਾਲ ਸਾਹਿਤਕਾਰਾਂ ਦੇ ਮਨਾਂ ਨੂੰ ਘੋਖਦਿਆਂ ਹੋਇਆ ਨਵੇਂ ਉਭਰਦੇ ਲੇਖਕਾਂ ਨੂੰ ਸਾਹਿਤਕ ਸੇਧ ਦੇਣ ਦਾ ਜੋ ਉਪਰਾਲਾ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਨਾਵਲ ਵਿਧਾ ਬਾਰੇ ਵੀ ਵਿਸਥਾਰਿਤ ਜਾਣਕਾਰੀ ਦਿੱਤੀ ਹੈ।
ਪ੍ਰੋ: ਰਵਿੰਦਰ ਭੱਠਲ ਨੇ ਕਾਵਿਮਈ ਮੁੱਖ-ਬੰਦ ਲਿਖਦਿਆਂ ਕਿਹਾ ਕਿ ਅੰਤਰੀਵੀ ਭਾਵਨਾਵਾਂ ਦਾ ਸਿਰਜਕ ਹੈ ਨਰਿੰਜਨ ਤਸਨੀਮ। ਸੰਪਾਦਕ ਤੇ ਲੇਖਕ ਸ਼ਿੰਗਾਰਾ ਸਿੰਘ ਭੁੱਲਰ ਅਤੇ ਵਰਿੰਦਰ ਵਾਲੀਆ ਨੂੰ ਸਮਰਪਿਤ ਕੀਤੀ ਗਈ ਹੈ। ਪ੍ਰੋ: ਤਸਨੀਮ ਜੀ ਪੰਜਾਬੀ, ਅੰਗਰੇਜ਼ੀ ਤੇ ਉਰਦੂ ਦੇ ਨਾਮਵਰ ਲੇਖਕ ਹਨ। ਪੰਜਾਬੀ ਨਾਵਲ 'ਗੁਆਚੇ ਅਰਥ' ਲਈ ਭਾਰਤੀ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤੇ ਗਏ। ਉਹਨਾਂ ਨੇ 10 ਪੰਜਾਬੀ ਨਾਵਲਾਂ ਸਮੇਤ ਕਹਾਣੀਆਂ, ਆਲੋਚਨਾ ਦੀਆਂ ਦੋ ਦਰਜਨ ਦੇ ਕਰੀਬ ਪੁਸਤਕਾਂ ਲਿਖ ਕੇ ਮਾਂ-ਬੋਲੀ ਦਾ ਖ਼ਜ਼ਾਨਾ ਭਰਪੂਰ ਕੀਤਾ ਹੈ। ਪਹਿਲੀਆਂ ਪੁਸਤਕਾਂ ਵਾਂਗ ਹੀ ਇਹ ਪੁਸਤਕ ਵੀ ਲਾਇਬ੍ਰੇਰੀਆਂ, ਵਿਦਵਾਨਾਂ ਤੇ ਪਾਠਕਾਂ ਦੇ ਹੱਥਾਂ ਦਾ ਸ਼ਿੰਗਾਰ ਬਣੇਗੀ।
ਲੇਖਕ ਨੇ ਸਮਕਾਲੀ ਲੇਖਕਾਂ ਦੀ ਲਿਖਣ ਪ੍ਰਕਿਰਿਆ ਬਾਰੇ ਭਰਪੂਰ ਚਾਨਣਾ ਪਾਇਆ ਹੈ। ਕਈ ਇਹੋ ਜਿਹੇ ਸਵਾਲ ਵੀ ਖੜੇ ਕੀਤੇ ਹਨ- ਸਾਹਿਤਕਾਰ ਦਾ ਆਪਣਾ ਵਜੂਦ ਕੀ ਹੈ? ਕੀ ਉਹ ਆਪਣੀ ਜੀਵਨ ਗਤੀ ਤੋਂ ਸੰਤੁਸ਼ਟ ਹੈ? ਉਸ ਦੀਆਂ ਮਾਇਕ ਲੋੜਾਂ ਕੀ ਹਨ? ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ ਦੇ ਲਈ ਕਈ ਸੁਝਾਅ ਵੀ ਦਿੱਤੇ ਹਨ। ਪਾਠਕਾਂ ਦੇ ਲਈ ਇਹ ਪੁਸਤਕ ਗਿਆਨ ਦਾ ਸ੍ਰੋਤ ਸਾਬਿਤ ਹੋਵੇਗੀ। ਲੇਖਕ ਨੂੰ ਲੱਖ ਮੁਬਾਰਕ।