ਕੋਇਆਂ ਦੇ ਵਿਚ ਪਥਰਾਏ
ਸੁਪਨਿਆਂ ਦੀ ਦਾਸਤਾਨ
ਕਦੇ ਵੀ ਨਾ ਮੈਂ ਪੜ ਸਕਿਆ
ਉਸਦੀ ਚੁੱਪ ਵਿਚ ਕਿੰਨਾ
ਖੌਰੂ ਸੀ ਮਰੀਆਂ ਸੱਧਰਾਂ ਦਾ
ਅਤੇ ਮੈਂ ਹਮੇਸ਼ਾਂ ਇਸ ਨੂੰ
ਸੰਤੁਸ਼ਟੀ ਆਖਦਾ ਰਿਹਾ।
ਬੋਝਲ ਹੋਏ ਫਰਜ਼ਾਂ ਦੀ
ਲਾਸ਼ ਚੁੱਕੀ ਓਹ
ਕੁੱਬੀ ਹੋ ਕੇ ਚੱਲਦੀ
ਮੈਂਨੂੰ ਉਮਰ ਦਾ ਤਕਾਜ਼ਾ ਲੱਗੀ।
ਕਿੰਨਾ ਤਾਜ਼ੁਬ ਹੈ
ਉਸ ਦੀ ਹੋਂਦ ਦੇ ਅਰਥ
ਨਿਰਜੀਵ ਰਹੇ ਸਦਾ ਹੀ
ਪੱਥਰ ਦੇ ਨਾਂ ਨਾਲ ਪੈਦਾ ਹੋ ਕੇ
ਘਰਾਂ ਦੀ ਨੀਂਹ ਤੋਂ ਅੱਗੇ
ਪਰਿਵਾਰ ਦੀ ਛੱਤ ਤੱਕ
ਉਸ ਦਾ ਸਫਰ ਸਥੂਲ ਰਿਹਾ
ਬਲੀਦਾਨ ਦੀ ਸਿੱਖਿਆ
ਜੰਮਦੇ ਥੋਪ ਦਿੱਤੀ
ਦੁੱਧ ਦੇ ਕਰਜ਼ ਨਾਲ ਨਾਲ
ਹੁਣ ਲੱਗਦਾ ਉਸ ਨੇ
ਕੀ ਕੀ ਮਾਰ ਦਿੱਤਾ
ਅਪਦੀ ਜਿੰਦਗੀ ਦਾ ਮੇਰੇ ਜਿਉਣ ਲਈ