ਦੋ ਛੋਟੀਆਂ ਕਹਾਣੀਆਂ
(ਮਿੰਨੀ ਕਹਾਣੀ)
ਗਲਤੀ
"ਪੁੱਤਰਾ…… ਇਹ ਮੈਨੂੰ ਕਿੱਥੇ ਲੈ ਕੇ ਆ ਗਿਆ?", ਸਾਹਮਣੇ ਮੋਟੇ-ਮੋਟੇ ਅੱਖਰਾਂ ਵਿੱਚ ਬਿਰਧ ਆਸ਼ਰਮ ਲਿਖਿਆ ਦੇਖ ਕੇ ਸ਼ਮਸ਼ੇਰ ਸਿੰਘ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ।
'ਬਾਪੂ ਮੈਂ ਤੈਨੂੰ ਇੱਥੇ ਲਿਆਇਆ ਇਸ ਵਿੱਚ ਤੇਰੀ ਗਲਤੀ ਹੈ ਤੇਰੇ ਕਰਕੇ ਬੱਚਿਆ ਤੋਂ ਧਿਆਨ ਨਹੀਂ ਦਿੱਤਾ ਜਾਂਦਾ', ਸੁਣ ਕੇ ਉਹ ਹੱਕਾ ਬੱਕਾ ਹੋ ਗਿਆ।
"ਹਾਂ ਪੁੱਤਰਾਂ ਗਲਤੀ ਤਾਂ ਮੇਰੀ ਹੀ ਏ ਮੈਂ ਤੈਨੂੰ ਪਾਲਣ-ਪੜ੍ਹਾਉਣ ਤੇ ਜ਼ਿੰਦਗੀ ਖਰਾਬ ਕਰਨ ਦੀ ਬਜਾਇ ਕਿਸੇ ਅਨਾਥ ਆਸ਼ਰਮ ਵਿੱਚ ਛੱਡਿਆ ਹੁੰਦਾ ਮੈਨੂੰ ਇੱਥੇ ਆਉਣ ਦੀ ਜ਼ਰੂਰਤ ਨਾ ਪੈਦੀ ਗਲਤੀ ਤਾਂ ਮੈਥੋਂ ਹੀ ਹੋਈ ਏ", ਸ਼ਮਸ਼ੇਰ ਸਿੰਘ ਨੇ ਹੌਕਾ ਭਰਦਿਆ ਆਸ਼ਰਮ ਦੀ ਦਹਲੀਜ਼ ਅੰਦਰ ਕਦਮ ਰੱਖਿਆ।
ਮੰਡੀ
ਹਾਕਮ ਨੇ ਕਿਹਾ, "ਜਸਵੀਰ…ਪੁੱਤ ਸਵੇਰੇ ਜਲਦੀ ਉੱਠੀ ਆਪਾਂ ਧੰਨੂ ਬਲਦ ਵੇਚ ਕੇ ਆਉਣਾ ਮੰਡੀ 'ਚ"। ਜਸਵੀਰ ਹੈਰਾਨ ਹੋ ਗਿਆ ਕਿ ਜੋ ਗਊ ਦਾ ਜਾਇਆ ਜਨਮ ਤੋਂ ਲੈ ਕੇ ਕਮਾ ਕੇ ਖਵਾਉਂਦਾ ਰਿਹਾ, ਸਾਰੀ ਉਮਰ ਬੋਝ ਢੋਹਦਾ ਰਿਹਾ। ਉਸ ਬੇ-ਜੁਬਾਨ ਮਸੀਹੇ ਨੂੰ ਵੇਚ ਕੇ ਮੁੱਲ ਵੱਟਣਾ ਇਹ ਕੀ ਏ?
ਉਸ ਨੇ ਹੈਰਾਨ ਹੋ ਕੇ ਕਿਹਾ, "ਬਾਪੂ ਧੰਨੂ ਬਲਦ ਤਾਂ ਆਪਣੇ ਘਰ ਦੇ ਜੀਅ ਦੀ ਤਰ੍ਹਾਂ ਏ"। ਉਸਦੀ ਗੱਲ ਅਜੇ ਪੂਰੀ ਨਹੀਂ ਹੋਈ ਕਿ ਹਾਕਮ ਬੋਲਿਆ, "ਪੁੱਤ ਇਹ ਮੌਲਾ ਹੋ ਗਿਆ ਹੁਣ ਬੋਝ ਨਹੀਂ ਢੋਅ ਸਕਦਾ, ਵਾਹ-ਬੀਜ ਨਹੀਂ ਸਕਦਾ, ਇਸ ਦਾ ਖ਼ਰਚ ਹੀ ਏ ਹੁਣ ਕਮਾਈ ਨਹੀਂ। ਜੋ ਚੀਜ ਸਾਡੇ ਲਈ ਕੰਮ ਘੱਟ ਸਿਰਦਰਦੀ ਵੱਧ ਹੋਵੇ ਉਸ ਬੇਕਾਰ ਨੂੰ ਘਰ ਵਿੱਚ ਰੱਖਣਾ ਮੂਖਰਤਾ ਏ"।
ਜਸਵੀਰ ਨੇ ਧੰਨੂ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ, "ਹਾਂ, ਬਾਪੂ ਜੀ ਉਹ ਤਾਂ ਠੀਕ ਹੈ ਪਰ ਜਦ ਤੁਸੀਂ ਬੇਕਾਰ ਹੋ ਗਏ, ਕੰਮ-ਕਾਰ ਜੋਗੇ ਨਾ ਰਹੇ, ਸਾਡੀ ਸਿਰਦਰਦੀ ਬਣ ਗਏ ਤਾਂ ਫਿਰ… ਤੁਹਾਨੂੰ ਕਿਸ ਮੰਡੀ ਤੇ ਲੈ ਕੇ ਜਾਵਾਂ, ਕੀ ਕਰਾਂ ਤੁਹਾਨੂੰ ਫਿਰ ਦੱਸੋ?" ਹਾਕਮ ਦੀ ਜੁਬਾਨ ਤੇ ਜਿੰਦਰਾ ਲੱਗ ਗਿਆ ਕਦੇ ਬਲਦ ਵੱਲ ਦੇਖਦਾ, ਕਦੇ ਆਪਣੇ ਵੱਲ ਤੇ ਕਦੇ ਬਾਹਰ ਵੱਲ ਜਾਂਦੇ ਗੇਟ ਵੱਲ ਦੇਖ ਰਿਹਾ ਸੀ।