ਖਲਵਾੜੇ ਦੀਆਂ ਭਰੀਆਂ ਉਲਟਾਉਂਦੇ ਉਲਟਾਉਂਦੇ ਤੇ ਲਾਣ ਪਿੜ ਵਿੱਚ ਸੁੱਟਦੇ ਸੁੱਟਦੇ ਉਹ ਉਕਤਾ ਗਿਆ ਸੀ, ਅੱਕ ਗਿਆ ਸੀ, ਥੱਕ ਗਿਆ ਸੀ। ਦੋ ਫਲ਼੍ਹਿਆਂ ਨੂੰ ਹਿੱਕਦਾ ਹਿੱਕਦਾ ਉਹ ਕਦੇ ਮੁਸਕਰਾ ਪੈਂਦਾ ਕਦੇ ਸੁਸਤਾ ਜਾਂਦਾ, ਆਪਣੀ ਕਿਸਮਤ ਨੂੰ ਝੂਰਨ ਲੱਗਾ.... ਮਨਾ ਕਿੱਥੇ ਆ ਫਸਿਆ। ਮਖਮਲ ਵਰਗਾ ਕੋਮਲ ਮੁਲਾਇਮ ਸੋਹਲ ਉਸ ਦਾ ਚਿਹਰਾ, ਮੁੜ੍ਹਕੇ ਦੀ ਮਾਰ ਥੱਲੇ ਗਲੇ ਟਮਾਟਰ ਵਾਂਗ ਲਾਲ ਸੁਰਖ ਹੋਇਆ ਪਿਆ ਸੀ। ਕੜਾਕੇਦਾਰ ਗਰਮੀ ਤੇ ਪਿੰਡਾ ਝੁਲਸਦੀ ਲੂ ਤੇ ਉੱਪਰੋਂ ਕਣਕ ਦੇ ਗਾਹ ਦਾ ਸੇਕ, ਉਹ ਭੱਠੀ ਦੇ ਦਾਣਿਆਂ ਵਾਂਗ ਭੁੱਜ ਰਿਹਾ ਸੀ। ਉਸ ਨੇ ਸੱਜੇ ਹੱਥ ਦੀ ਪਹਿਲੀ ਉਂਗਲ ਟੇਢੀ ਕਰਕੇ ਮੱਥੇ ਤੇ ਉੱਗੀਆਂ ਪਸੀਨੇ ਦੀਆਂ ਘਰਾਲ਼ਾਂ ਸਾਫ ਕਰਕੇ ਅੱਖਾਂ ਝਮਕਣ ਜੋਗੀਆਂ ਕੀਤੀਆਂ। ਲਗਾਤਾਰ ਕਈ ਦਿਨਾਂ ਤੋਂ ਵਗ ਰਹੀਆਂ ਢੱਗਿਆਂ ਦੀਆਂ ਜੋਗਾਂ ਵੀ ਹੁਣ ਕੁਝ ਕੰਮ-ਚੋਰ ਤੇ ਬੇਈਮਾਨ ਹੋ ਗਈਆਂ ਸਨ। ਛਿੱਕਿਆਂ ਵਿੱਚੋਂ ਵੀ ਲੰਬੀ ਜਬਾਨ ਕੱਢ ਕੇ ਬਲਦ ਲਾਣ ਨੂੰ ਮੂੰਹ ਮਾਰਦੇ ਦਾਅ ਲਗਾ ਜਾਂਦੇ। ਉਹ ਪਿਛਲੇ ਫਲ਼੍ਹੇ ਤੇ ਬੈਠੇ ਉਸ ਨੂੰ ਊਂਘ ਆਉਣ ਲੱਗੀ। ਥੋੜੀ ਹੀ ਦੇਰ ਵਿੱਚ ਬੈਲਾਂ ਦੀਆਂ ਜੋੜੀਆਂ ਚਾਬਕ ਦੀ ਚੌਕਸੀ ਦਾ ਫਾਇਦਾ ਉਠਾ ਕੇ ਖਲੋ ਗਈਆਂ ਤੇ ਮੂਤਰ ਕਰਨ ਲੱਗੀਆਂ। ਗਿੱਲੇ ਫੋਸ ਅਤੇ ਮੂਤਰ ਨੇ ਕਣਕ ਦਾ ਗਾਹ ਭਿਉਂ ਕੇ ਖਰਾਬ ਕਰ ਦਿੱਤਾ। ਉਹ ਉੱਠਿਆ ਤੇ ਫਿਰ ਢੱਗਿਆਂ ਨੂੰ ਉੱਚੀ ਦੇਣੀ ਦਬਕੇ ਮਾਰਦਾ ਗਾਲ਼ਾਂ ਕੱਢਣ ਲੱਗਾ।
'ਹੈ ਤੁਹਾਨੂੰ ਗਰਕੀ ਪੈ ਜੈ.... ਗੜੀ ਮਾਰ ਜੈ ਤੁਹਾਨੂੰ ਬੇੜੀ ਬਹਿਣਿਓਂ.... ਮੈਂ ਪਿੱਛੇ ਹੀ ਆਂ ਤੁਹਾਡਾ ਕੁ-ਲਗਦਾ....।' ਗਿੱਲੇ ਫੋਸ ਬੁੱਕ ਭਰ ਕੇ ਉਸ ਨੇ ਬਾਹਰ ਸੁੱਟਦੇ ਆਪਣੇ ਮਨ ਦਾ ਗੁੱਸਾ ਉਗਲੱਛਿਆ। ਉਸ ਨੇ ਪਾਸੇ ਵੇਖਿਆ, ਮਾਮਾ ਕੈਲੋ ਖਲਵਾੜੇ ਦੀਆਂ ਭਰੀਆਂ ਦੀ ਓਟ ਥੱਲੇ ਘੂਕ ਸੁੱਤਾ ਘੁਰਾੜੇ ਮਾਰ ਰਿਹਾ ਸੀ। ਉਸ ਨੇ ਰਾਤ ਲਾਈ ਸੀ। ਥੱਕਿਆ ਪਿਆ ਸੀ ਵਿਚਾਰਾ। ਉਸ ਨੂੰ ਦੀਨ ਦੁਨੀਆਂ ਦੀ ਕੋਈ ਸੁੱਧ ਨਹੀਂ ਸੀ। ਉਸ ਤੋਂ ਡਰਦਾ ਮਾਰਾ ਉਹ ਫਲ਼੍ਹੇ ਵਾਹੁੰਦਾ ਰਿਹਾ, ਹਿੱਕਦਾ ਰਿਹਾ। ਆਪੇ ਹੀ ਉਹ ਅੰਦਰ ਭਰੀਆਂ ਸੁੱਟਦਾ, ਸਾਂਘੇ ਨਾਲ ਪਿੜ ਵਿੱਚ ਖਿਲਾਰਦਾ ਤੇ ਭੁਰਿਆ ਹੋਇਆ ਲਾਅਣ ਨਾਲੋ ਨਾਲ ਤੰਗਲ਼ੀ ਨਾਲ ਖਿੱਚ ਧੂਹ ਕੇ ਚੁੱਕ ਕੇ ਅੰਦਰ ਧੜ ਤੇ ਇਕੱਠਾ ਕਰਦਾ ਰਿਹਾ। ਬਲਦਾਂ ਦੇ ਪੈਰੀਂ ਤਾਜ਼ਾ ਤਾਜ਼ਾ ਲਵਾਈਆਂ ਖੁਰੀਆਂ ਦੀਆਂ ਦਾਬਾਂ ਥੱਲੇ ਸੁੱਕ-ਮੜੁੱਕੀ ਕਣਕ ਦਾ ਲਾਣ ਆਪੇ ਭੁਰ ਭੁਰ ਜਾਂਦਾ। ਜਦ ਕਦੇ ਤਵਾੜ ਹੁੱਸੜ ਜਿਆਦਾ ਸਤਾਉਣ ਲਗਦਾ, ਉਹ ਦੌੜ ਕੇ ਕਿੱਲੇ ਕੁ ਦੂਰ ਵਗਦੀ ਕੱਸੀ 'ਚੋਂ ਪਰਨਾ ਭਿਉਂ ਕੇ ਲੈ ਆਉਂਦਾ ਤੇ ਆਪਣੇ ਮੂੰਹ ਤੇ ਫੇਰ ਲੈਂਦਾ। ਤੂਤ ਦੀ ਛਾਂਵੇਂ ਰੱਖੀ ਝੱਜਰ 'ਚੋਂ ਠੰਢੇ ਪਾਣੀ ਦੇ ਘੁੱਟ ਭਰ ਭਰ ਆਂਦਰਾਂ ਨੂੰ ਠੰਢਾ ਕਰ ਲੈਂਦਾ।
ਗੋਰਾ-ਨਿਛੋਹ ਸੇਬੀ ਰੰਗ, ਐਸਾ ਕਿ ਹੱਥ ਲਾਇਆਂ ਮੈਲਾ ਹੋ ਜਾਏ। ਇਕਹਿਰਾ ਜਿਹਾ ਛੀਟਕਾ ਫੁਦਕ-ਫੁਦਕ ਕਰਦਾ ਸਰੀਰææ ਇਕਹਿਰੀ ਜਿਹੀ ਜਾਨææ ਡਬਲ ਰੋਟੀ ਵਰਗੀਆਂ ਪੋਲੀਆਂ ਗੋਲ-ਮਟੋਲ ਗੱਲ੍ਹਾਂ.... ਕਲਾਸ ਵਿੱਚ ਉਹ ਹਮੇਸ਼ਾ ਅੱਵਲ ਰਹਿੰਦਾ। ਪੈਰਾਂ ਵਿੱਚ ਚੁਸਤੀææ ਅੱਖਾਂ ਵਿੱਚ ਮਸਤੀ, ਵੇਖਣ ਵਾਲਾ ਹੋਵੇ ਜਾਂ ਵਾਲੀ, ਜਿਸ ਗਲੀ ਰਾਹ ਉਹ ਲੰਘ ਜਾਂਦਾ, ਜਵਾਨ ਦਿਲਾਂ ਦੀ ਧੜਕਣ ਵਧਾ ਦਿੰਦਾ। ਉਸ ਦੀ ਮਿੱਠੀ ਨਿੱਘੀ ਸਾਊ ਤੱਕਣੀ ਦਾ ਤੀਰ ਕਈਆਂ ਦੇ ਦਿਲ ਛੇਕ ਦਿੰਦਾ। ਕਈ ਨਜ਼ਰਾਂ ਕੰਧਾਂ ਉਪਰੋਂ ਝਾਤੀ ਮਾਰ ਕੇ ਉਸਦੀ ਪੈੜ ਨੱਪਦੀਆਂ। ਕਈ ਉਹਲੇ ਦਰਵਾਜ਼ਿਆਂ ਦੀ ਝੀਤਾਂ ਵਿੱਚੋਂ ਚੋਰੀ ਚੋਰੀ ਉਸ ਦੀ ਆਕਰਸ਼ਕ ਚੁੰਬਕੀ ਸ਼ਖਸੀਅਤ ਦਾ ਆਨੰਦ ਮਾਣਦੀਆਂ ਮਚਲਦੀਆਂ ਰਹਿੰਦੀਆਂ। ਉਹ ਸਹਿਜ-ਸੁਭਾ ਆਉਂਦਾ ਤੇ ਪਿੱਛੇ ਕਈ ਤੁਫ਼ਾਨ ਵਰੋਲੇ ਛੱਡ ਕੇ ਤੁਰ ਜਾਂਦਾ। ਸਭ ਮੁੰਡੇ ਉਸਨੂੰ ਆਪਣਾ ਦੋਸਤ ਜਤਾਉਂਦੇ, ਉਸਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ। ਸਾਰੀਆਂ ਕੁੜੀਆਂ ਸਹੇਲੀਆਂ ਵਾਂਗ ਆਨੇ-ਬਹਾਨੇ ਉਸ ਨਾਲ ਪੈੱਨ ਵਟਾਉਂਦੀਆਂ, ਕਿਤਾਬਾਂ ਵਟਾਉਂਦੀਆਂ, ਨੋਟਸ ਵਟਾਉਂਦੀਆਂ ਤੇ ਫਿਰ ਕਈ ਪ੍ਰੇਮ-ਪੱਤਰ ਸੁੱਟ ਮਾਰਦੀਆਂ। ਥੋੜੇ ਹੀ ਸਮੇਂ ਵਿੱਚ ਸਾਰੇ ਪਿੰਡ ਤੇ ਸਾਰੇ ਸਕੂਲ ਦੀ ਸ਼ਾਨ ਤੇ ਜਿੰਦ ਜਾਨ ਬਣ ਗਿਆ।
ਇਸ ਅਲੂਣੇ ਅਣਦਾੜ੍ਹੀਏ ਮੁੰਡੇ ਨੂੰ ਪਿਛਲੇ ਦਿਨੀਂ ਰਾਸ ਵਾਲਿਆਂ ਨੇ ਕੁੜੀ ਬਣਾ ਕੇ ਆਪਣੇ ਮੁਜਰੇ ਵਿੱਚ ਨਚਾਇਆ ਸੀ ਤੇ ਉਸ ਨੂੰ ਕੋਈ ਵੀ ਪਹਿਚਾਣ ਨਹੀਂ ਸੀ ਸਕਿਆ। ਭੇਦ ਖੁਲ੍ਹਣ ਤੇ ਸਾਰੇ ਦਰਸ਼ਕ ਉਸ ਦੀਆਂ ਅਦਾਵਾਂ ਤੇ ਅਸ਼ ਅਸ਼ ਕਰ ਉੱਠੇ ਸਨ। ਜਦ ਤੋਂ ਉਸ ਨੇ ਆਪਣੀ ਛਾਤੀ ਤੇ ਚੱਪਣੀਆਂ ਲੁਕਾ ਕੇ ਤੇ ਸੁਰਖੀ ਬਿੰਦੀ ਲਗਾ ਕੇ ਇੱਕ ਅੱਲ੍ਹੜ ਮੁਟਿਆਰ ਦੀ ਭੂਮਿਕਾ ਨਿਭਾਈ ਸੀ, ਸਾਰੇ ਜਾਣਕਾਰ ਮੁੰਡੇ ਕੁੜੀਆਂ ਉਸ ਨੂੰ ਪੁੱਛਦੀਆਂ ਛੇੜਦੀਆਂ ਉਸ ਦੇ ਹੋਰ ਨੇੜੇ ਆਉਣ ਦਾ ਬਹਾਨਾ ਟੋਲਣ ਲੱਗੀਆਂ ਸਨ।
ਧੜ ਦੀ ਪਰਕਰਮਾ ਕਰਦਾ ਕਰਦਾ ਪਤਾ ਨਹੀਂ ਕਿੰਨੇ ਕੁ ਕੋਹ ਉਹ ਭੁਆਂਟਣੀਆਂ ਲੈ ਚੁੱਕਾ ਸੀ। ਭੌਂ ਉਸ ਦੇ ਸਿਰ ਚੜ੍ਹ ਕੇ ਉਸ ਦੇ ਸਿਰ ਨੂੰ ਭੁਆਂਉਣ ਲੱਗ ਪਏ ਸਨ। ਉਹ ਪਾਸੇ ਖੜ੍ਹਾ ਹੋ ਗਿਆ, ਉਸ ਨੂੰ ਧਰਤੀ ਘੁੰਮਦੀ ਜਾਪੀ ਤੇ ਉਹ ਡਿੱਗੂੰ ਡਿੱਗੂੰ ਕਰਦਾ, ਮੁੜ ਦੌੜ ਕੇ ਇਸ ਚੱਕਰਵਿਊ ਦਾ ਹਿਸਾ ਬਣ ਗਿਆ।
ਪਿਛਲੇ ਹਫਤੇ ਤੋਂ ਹੀ ਬੰਤੋ ਦਾ ਫੜਾਇਆ ਬੇ-ਨਾਮੀ ਰੁੱਕਾ ਉਸ ਦੀ ਜੇਬ ਵਿੱਚ ਲਰਜ਼ ਉੱਠਿਆ।
'ਕੀ ਲੋਹੜਾ ਮਾਰਿਆ ਇਸ ਨੇ।' ਚੋਰ ਵਾਂਗ ਉਸ ਨੇ ਬਿਨਾ ਪੜ੍ਹਿਆਂ ਖੀਸੇ ਵਿੱਚ ਤੁੰਨ ਲਿਆ ਸੀ। ਸ਼ੁਕਰ ਹੈ ਊਜ ਦਾ ਅਗਨ-ਬਾਣ ਪਾਸੇ ਪਾਸੇ ਮਾਮੇ ਵੱਲ ਹੀ ਸਿੱਧਾ ਹੋ ਗਿਆ ਸੀ। ਇਹ ਉਸ ਵੱਲ ਵੀ ਤਾਂ ਆ ਸਕਦਾ ਸੀ। ਉਸ ਨੇ ਖਲੋ ਕੇ ਪੜ੍ਹਿਆ.... ਬਾਰ-ਬਾਰ ਪੜ੍ਹਿਆ। ਉਸ ਦਾ ਰੋਮ ਰੋਮ ਆਨੰਦਿਤ ਹੋ ਗਿਆ। ਇਹ ਨਿਸ਼ਚਿਤ ਸੀ ਕਿ ਇਹ ਬੰਤੋ ਵੱਲੋਂ ਨਹੀਂ ਹੋ ਸਕਦਾ, ਉਹ ਤਾਂ ਕੋਰੀ ਅਨਪੜ੍ਹ ਸੀ।
'ਅੱਖੀਆਂ ਨੀਵੀਂਆਂ ਕਰਕੇ ਕਾਤਲ ਲੰਘਦੇ ਨੇ, ਮਹਿਬੂਬ ਮੇਰਾ ਲੰਘ ਜਾਏ, ਕਿਵੇਂ ਮੈਂ ਸਬਰ ਕਰਾਂ?
ਮਨ ਤਨ ਲੇਖੇ ਲਿਖਿਆ ਜਿਸ ਦੇ, ਉਸ ਨੂੰ ਸਮਝ ਨਾ ਆਏ, ਕਿਵੇਂ ਮੈਂ ਸਬਰ ਕਰਾਂ?
ਮੈਂ ਤਾਂ ਵਿਜੋਗਣ ਕਾਲੀ ਬਦਲੀ, ਸੂਰਜ ਮੁੱਖ ਲੁਕਾਏ, ਕਿਵੇਂ ਮੈਂ ਸਬਰ ਕਰਾਂ?
ਰੋਮ ਰੋਮ ਵਿੱਚ ਰਚਿਆ ਮੇਰੇ, ਮੈਨੂੰ ਉਹ ਤਰਸਾਏ, ਕਿਵੇਂ ਮੈਂ ਸਬਰ ਕਰਾਂ?
ਹਾਰ ਸ਼ਿੰਗਾਰ ਜਿਸ ਪਿੱਛੇ ਕਰਦੀ, ਉਹ ਮੈਨੂੰ ਠੁਕਰਾਏ, ਕਿਵੇਂ ਮੈਂ ਸਬਰ ਕਰਾਂ?
ਕਰਾਂ ਦੁਆਵਾਂ ਜਿਸ ਖਾਤਰ ਹਰਦਮ, ਉਹ ਕੰਨੀਂ ਖਿਸਕਾਏ ਕਿਵੇਂ ਮੈਂ ਸਬਰ ਕਰਾਂ?
ਗੁੰਮਨਾਮ'
ਉਹ ਸੋਚਦਾ ਸੋਚਦਾ ਕਈ ਅਟਕਲਾਂ ਕਿਆਸਾਂ ਵਿੱਚ ਡੁੱਬ ਗਿਆ। 'ਗੁਮਨਾਮ' ਤੱਕ ਉਸਦਾ ਦਿਮਾਗ ਨਾ ਅੱਪੜ ਸਕਿਆ। ਉਸ ਨੇ ਸੋਚਿਆ ਵੱਡਾ ਸਾਰਾ ਦਿਲ ਕਰਕੇ ਕਾਸਦ ਨੂੰ ਖਲ੍ਹਾਰ ਕੇ ਗੁੰਮਨਾਮ ਦਾ ਨਾਮ ਪੁੱਛ ਲਵੇ ਗਾ ਪਰ ਇਹ ਮੌਕਾ ਆਉਣ ਤੋਂ ਪਹਿਲਾਂ ਹੀ ਬੰਤੋ ਦੇ ਘਰੋਂ ਨਾਂਹ ਦਾ ਸੁਨੇਹਾ ਉਸ ਦੀਆਂ ਉਮੀਦਾਂ ਤੇ ਪਾਣੀ ਫੇਰ ਗਿਆ। ਨਾਨੇ ਨੇ ਕੁਨੈਣ ਫੱਕਣ ਵਾਂਗ ਮੱਸੂ ਦਾ ਉਲਾਂਭਾ ਅੰਦਰ ਹੀ ਅੰਦਰ ਘੁੱਟ ਲਿਆ।
ਸੁੱਖ ਦੇ ਮਾਮੇ ਮਾਮੀਆਂ ਨੇ ਦੱਸਿਆ ਸੀ ਪਈ ਉਸ ਦੀ ਜਮਾਤ ਦੇ ਲਗਭਗ ਸਾਰੇ ਮੁੰਡੇ ਕੁੜੀਆਂ ਨੂੰ ਉਸ ਦੀ ਗੈਰਹਾਜ਼ਰੀ ਖਟਕੀ ਸੀ ਤੇ ਉਹ ਸਾਰੇ ਵਾਰੀ ਵਾਰੀ ਘਰ ਉਸ ਦੀ ਕਨਸੋ ਲੈਣ ਆਏ ਸਨ.... ਪਰ ਗੁਮਨਾਮ ਕੌਣ ਸੀ? ਰੁੱਕੇ ਦੀ ਤਫ਼ਤੀਸ਼ ਵਿੱਚ ਗ਼ਲਤਾਨ ਗੁੰਮਨਾਮ ਦੀ ਤਲਾਸ਼ ਉਸ ਲਈ ਇੱਕ ਨਵਾਂ ਸੰਕਟ ਖੜ੍ਹਾ ਕਰ ਗਈ। ਇਹ ਕੌਣ ਹੈ ਜੋ ਉਸ ਤੇ ਇਤਨਾ ਮਰ ਰਹੀ ਹੈ, ਭੋਲੀ? ਬੀਰੋ? ਸ਼ਿੰਦੋ? ਜੀਤੋ? ਬਾਬੀ? ਨਹੀਂ.... ਨਹੀਂ ਇਹਨਾਂ ਵਿੱਚੋਂ ਕੋਈ ਨਹੀਂ। ਜਦ ਮੈਂ ਹੀ ਕਿਸੇ ਵੱਲ ਧਿਆਨ ਨਹੀਂ ਦਿੰਦਾ, ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਮੈਂ ਕਿਸੇ ਨੂੰ ਇਸ ਹੱਦ ਤੱਕ ਵਧਣ ਦਾ ਹੁੰਗਾਰਾ, ਬੁਲਾਵਾ ਹੀ ਨਹੀਂ ਦਿੰਦਾ, ਨਾ ਹੀ ਮੈਂ ਇਸ ਰਸਤੇ ਦਾ ਰਾਹੀਂ ਹਾਂ। ਹੋ ਸਕਦਾ ਕਿਸੇ ਨੇ ਮਖੌਲ ਕੀਤਾ ਹੋਵੇ ਜਾਂ.... ਜਾਂ ਇਹ ਕਿਸੇ ਮੁੰਡੇ ਦੀ ਹੀ ਕਾਰਸਤਾਨੀ ਹੋਵੇ ਮੈਨੂੰ ਛੇੜਨ ਲਈ, ਮੈਨੂੰ ਫੂਲ਼ææ ਬੁੱਧੂ ਬਣਾਉਣ ਲਈ। ਉਸ ਦਾ ਦਿਮਾਗ ਗੱਲ ਕਿਸੇ ਸਿਰੇ ਕੰਢੇ ਨਾ ਲਾ ਸਕਿਆ, ਪਰ ਹਾਂ! ਰੁੱਕੇ ਦਾ ਨਵਾਂ-ਨਿਵੇਕਲਾ ਜਿਹਾ ਸੁਆਦ ਉਸ ਦੇ ਹਾਰੇ ਥੱਕੇ ਹੋਏ ਸਰੀਰ ਨੂੰ ਵਿਸਮਾਦੀ ਬਾਗ-ਬਾਗ ਕਰ ਗਿਆ। ਹੱਡਾਂ ਤੇ ਹੰਢਾਏ ਤੇ ਯਾਦਾਂ 'ਚ ਰਮਾਏ ਕੁਝ ਪੁਰਾਣੇ ਚੈਪਟਰ ਵਾਰੀ ਵਾਰੀ ਉਸ ਦੀ ਆਤਮਾ ਨੂੰ ਝੰਜੋੜਨ ਲੱਗੇ।
ਇਕ ਅਣਹੋਇਆ ਜਿਹਾ ਬੇਲਗਾਮ ਹਾਦਸਾ ਸੁਪਨੇ ਵਾਂਗ ਉਸ ਦੀਆਂ ਅੱਖਾਂ ਮੋਹਰਿਓਂ ਲੰਘ ਗਿਆ। ਜਿਉਂ ਜਿਉਂ ਦੀਵੇ ਜਗਦੇ ਗਏ ਤਿਉਂ ਤਿਉਂ ਬਾਹਰਲਾ ਕੁੰਡਾ ਖੜਕਦਾ ਰਿਹਾ। ਬਾਬੀ, ਬੀਰੋ, ਜੀਤੋ, ਅਤਰੋ, ਗਾਮੀ ਆਦਿ ਬਾਨੋ ਦੇ ਘਰ ਆ ਜੁੜੀਆਂ। ਗੁਲਬਾਨੋ ਦੀ ਮਾਂ ਅੰਦਰੇ ਹੀ ਅੰਦਰ ਕਪਾਹ ਵਾਂਗ ਖਿੜ ਰਹੀ ਸੀ। ਚਿੱਟੇ ਨਰਮੇ ਦੀਆਂ ਧਾਂਕਾਂ ਤੇ ਵਿੱਚ ਵਿੱਚ ਫੱਟੇ ਲਗਾ ਕੇ ਚਿੱਟੀ ਕਪਾਹ ਦੀਆਂ ਫੁੱਟੀਆਂ ਤੇ ਇੱਕ ਪਾਸੇ ਖਾਕੀ ਕਪਾਹ ਬੜੀ ਰੀਝ ਜੁਗਤ ਚਿਣੀ ਹੋਈ ਸੀ। ਨਰਮੇ ਦੇ ਢੇਰ ਤੇ ਮਾਸਟਰਾਂ ਦੀ ਹਦਾਇਤ ਅਨੁਸਾਰ ਹੁਸ਼ਿਆਰ ਮਿਹਨਤੀ ਪਾੜ੍ਹਿਆਂ ਦੀ ਰਾਤ ਦੀ ਜਮਾਤ ਸਜ ਗਈ। ਗਵਾਂਢੀਆਂ ਦੇ ਪ੍ਰਾਹੁਣਾ ਆਇਆ ਸੁੱਖ, ਨੂੰ ਵੀ ਨੇਂਦਾ ਆ ਗਿਆ। ਲਾਗਲੀ ਛੰਨ ਨੁਮਾ ਤਬੇਲੇ ਵਿੱਚੋਂ ਖੱਚਰ ਤੇ ਖੋਤਿਆਂ ਦੀ ਲਿੱਦ ਤੇ ਪਿਸ਼ਾਬ ਦੀ ਦੁਰਗੰਧ ਨਾਲ ਪਲ ਦੀ ਪਲ ਸਾਰੀਆਂ ਨੇ ਨੱਕ ਮੂੰਹ ਸੁਕੇੜੇ ਤੇ ਫਿਰ ਅਣਡਿੱਠਾ ਕਰਕੇ ਕਬੂਲ ਕਰ ਲਿਆ। ਸਾਰੀਆਂ ਨੇ ਆਪਣੇ ਆਪਣੇ ਘਰੋਂ ਲਿਆਂਦੇ ਭੁੱਜੇ ਛੋਲੇ, ਮੁਰਮੁਰੇ, ਗੱਚਕ, ਰਿਆਉੜੀਆਂ, ਮੂੰਗਫਲੀ, ਤਿਲ਼ਾਂ ਦਾ ਭੁੱਗਾ, ਭੁੰਨੇ ਚੌਲ, ਪੰਜੀਰੀ ਤੇ ਕੁੱਲਰ ਆਦਿ, ਹਿੱਸਾ ਪਾ ਕੇ ਸਤਨਾਜੇ ਨਾਲ ਛਿੱਕੂ ਭਰ ਦਿੱਤਾ।
'ਮੈਨੂੰ ਪਤਾ ਨਹੀਂ ਸੀ, ਮੈਂ ਤਾਂ ਕੁਛ ਵੀ ਨਹੀਂ ਲਿਆਇਆ।' ਸੁਖਰਾਜ ਨੇ ਹੇਠੀ ਜਿਹੀ ਮਹਿਸੂਸ ਕੀਤੀ।
'ਤੂੰ ਆਪ ਆ ਗਿਐਂ, ਬੜੀ ਨਿਆਮਤ ਹੈ। ਸਾਰੀਆਂ ਕਸਰਾਂ ਪੂਰੀਆਂ ਹੋ ਗਈਆਂ ਨੇ।' ਜੀਤੋ ਨੇ ਸ਼ਰਾਰਤ ਜਿਹੀ ਨਾਲ ਮੁਸਕਾਨ ਭਰ ਕੇ ਸਾਰੀਆਂ ਦੇ ਮੂੰਹ ਵੱਲ ਹਾਂ ਦੀ ਖੋਜ ਕੀਤੀ। ਸਾਰੀਆਂ ਨੇ ਬੁੱਲ੍ਹਾ 'ਚੋਂ ਕਿਰਦੇ ਹਾਸੇ ਨੂੰ ਹੱਥ ਦੇ ਕੇ ਰੋਕ ਲਿਆ।
'ਨਹੀਂ ਇਕ ਚੀਜ਼ ਦੀ ਘਾਟ ਹੈ, ਉਹ ਤੂੰ ਲੈ ਆææ ਤੈਨੂੰ ਤਨਖਾਹ ਲੱਗੂ।' ਪ੍ਰੀਤੋ ਦੀ ਤਸੱਲੀ ਨਹੀਂ ਹੋਈ। ਉਸ ਨੇ ਬੇ-ਪ੍ਰਤੀਤੀ ਜਿਹੀ ਫੈਲਾ ਦਿੱਤੀ।
'ਤੱਤਾ ਤੱਤਾ ਗੁੜ!ææ।' ਸਭ ਦੇ ਮੂੰਹ ਪਾਣੀ ਭਰ ਆਇਆ। ਸਾਰੀਆਂ ਨੇ ਚਾਂਭਲ ਕੇ ਹਾਮੀ ਭਰ ਦਿੱਤੀ।
'ਬੁੱਢੇ ਖੂਹ ਤੇ ਮਾਮਿਆਂ ਦਾ ਵੇਲਣਾ ਤਾਂ ਚੱਲਦਾ ਹੈ ਅੱਜ਼ææ ਪਰ ਵਾਟ ਬਹੁਤ ਦੂਰ ਹੈ।'
'ਅਰੇ ਵਾਹ! ਦੂਰੀ ਤੋਂ ਡਰ ਗਿਆ! ਚੱਲ ਮੈਂ ਚੱਲਦੀ ਆਂ ਨਾਲ ਤੇਰੇææ ਖੂੰਡਾ ਫੜ੍ਹ ਕੇ।' ਪ੍ਰੀਤੋ ਦੀ ਚੋਭ ਨੇ ਉਸ ਨੂੰ ਟੀਕਾ ਲਾ ਦਿੱਤਾ। ਉਹ ਝਟਪਟ ਖੜ੍ਹਾ ਹੋ ਕੇ ਨਿਕਲਨ ਲੱਗਾ। ਉਸ ਨੇ ਵੇਖਿਆ ਸਿਰ ਤੇ ਮੜਾਸਾ ਬੰਨ੍ਹਦੀ ਮਾਹੀ ਮੁੰਡਾ ਬਣੀ ਬਾਨੋ ਉਸ ਤੋਂ ਪਹਿਲਾਂ ਤਿਆਰ ਖੜ੍ਹੀ ਸੀ। ਬਾਨੋ ਦੀ ਪਹਿਲ ਅਤੇ ਦਿਲ ਵਧੀ ਤੇ ਸਾਰੀਆਂ ਝੇਪ ਗਈਆਂ ਤੇ ਹਾਰੀਆਂ ਹਾਰੀਆਂ ਮਹਿਸੂਸ ਕਰਨ ਲੱਗੀਆਂ। ਅੰਦਰੋਂ ਸਾਰੀਆਂ ਉਸ ਨਾਲ ਜਾਣ ਲਈ ਤਿਆਰ ਸਨ।
ਖੜਖੜ ਕਰਦੇ ਸਾਈਕਲ ਨੇ ਥੋੜੀ ਦੇਰ ਚੁੱਪ ਗਲੀਆਂ ਦੀ ਸ਼ਾਂਤੀ ਵਿੱਚ ਵਿਘਨ ਪਾਇਆ ਪਰ ਜਲਦੀ ਹੀ ਬਾਹਰਲੇ ਪਹੇ ਤੱਕ ਪਹੁੰਚਣ ਤੱਕ ਮਡਗਾਟਾਂ ਵਿੱਚ ਗਾਰਾ ਫਸ ਕੇ ਖੜਖੜ ਚੁੱਪ ਹੋ ਗਈ। ਮੱਸਿਆ ਦੀ ਕਾਲੀ ਸ਼ਾਹ ਡੂੰਘੀ ਹਨੇਰੀ ਰਾਤ! ਛੱਪੜ ਵਿੱਚ ਟ੍ਰੈਂ ਟ੍ਰੈਂ ਬੋਲਦੀਆਂ ਡੱਡੀਆਂ, ਸੱਜੇ ਪਾਸੇ ਰਾਮੇ ਕਿਆਂ ਦਾ ਬਾਗ ਤੇ ਖੱਬੇ ਪਾਸੇ ਨਾਰਦਾਂ ਦੇ ਅੰਬਾਂ ਦੇ ਬਾਗ ਨੇ ਇਹ ਕਾਲੀ ਰਾਤ ਹੋਰ ਡਰਾਉਣੀ ਕਰ ਦਿੱਤੀ ਸੀ। ਸਾਈਕਲ ਦੇ ਮੂਹਰਲੇ ਡੰਡੇ ਤੇ ਬੈਠੀ ਬਾਨੋ ਦੇ ਕੰਨਾਂ 'ਚ ਰਾਜ ਦੇ ਕਾਹਲੇ ਕਾਹਲੇ ਸਾਹ ਤੂਫ਼ਾਨ ਵਾਂਗ ਮਚਲਦੇ ਰਹੇ। ਕੱਚੇ ਪਹੇ ਦਾ ਘੱਟਾ ਚੀਰਦਾ ਸਾਈਕਲ ਚੋਰਾਂ ਦੇ ਸੰਤਰਾ-ਬਾਗ ਵਾਲੇ ਰਸਤੇ ਪੈ ਗਿਆ। ਸੰਤਰੇ ਕਿਨੂਆਂ ਦੀ ਵਾਸ਼ਨਾ ਤਾਜ਼ਾ ਬਣਦੇ ਗੁੜ ਦੀ ਮਹਿਕ ਬਾਨੋ ਤੇ ਰਾਜ ਦੇ ਸਾਹਾਂ 'ਚ ਰਲਗੱਡ ਹੁੰਦੀ ਬੁੱਢੇ ਖੂਹ ਤੱਕ ਪਹੁੰਚ ਗਈ। ਦੁਹਾਟੇ ਖੂਹ ਦੇ ਟਿੱਕ ਟਿੱਕ ਕਰਨ ਵਾਲੇ ਕੁੱਤੇ ਸ਼ਾਂਤ ਸਨ। ਸਾਈਕਲ ਉਹਨਾਂ ਕਿੱਲਾ ਕੁ ਪਹਿਲੇ ਹੀ ਸਰਕੜੇ ਦੇ ਬੂਝੇ ਨਾਲ ਟੇਢਾ ਕਰ ਦਿੱਤਾ। ਚੋਰਾਂ ਵਾਗ ਸਾਹ ਸੂਤ ਕੇ ਪਿੱਪਲ ਦੀ ਗਾੜ੍ਹੀ ਛਾਂ ਥੱਲੇ ਓਟ ਲੈ ਕੇ ਵੇਲਣੇ ਅਤੇ ਕੜਾਹ ਗੰਡ ਦੀ ਸਾਰੀ ਕਿਰਿਆ ਦਾ ਸਰਵੇਖਣ ਕਰਨ ਲੱਗੇ।
ਸੁਖਰਾਜ ਦਾ ਨਾਨਾ ਤੇ ਬਾਨੋ ਦਾ ਪਿਤਾ ਫੱਤੂ ਘੁਮਿਆਰ ਦੋਨੋ ਚੌਕਸ ਪਹਿਰੇਦਾਰ ਸਨ। ਤੀਸਰਾ ਦੂਲਾ ਲੂੰਬੇ ਦੇ ਨਿੱਘੇ ਸੇਕ ਦੇ ਆਸਰੇ ਨੇੜੇ ਹੀ ਘੁਰਾੜੇ ਮਾਰ ਰਿਹਾ ਸੀ। ਹੋਰ ਕੋਈ ਚੌਥਾ ਆਦਮੀ ਨਹੀਂ ਜਾਪਦਾ ਸੀ। ਆਪਣੀ ਮੰਜ਼ਿਲ ਤੇ ਪਹੁੰਚ ਕੇ ਉਹ ਠੰਡ ਦੇ ਨਾਲ ਨਾਲ ਇਸ ਡਰ ਤੋਂ ਵੀ ਕੰਬ ਰਹੇ ਸਨ ਕਿ ਉਹ ਨਾਨੇ ਦੇ ਸੁਆਲਾਂ ਦਾ ਕਿਵੇਂ ਤੇ ਕੀ ਜੁਆਬ ਦੇਣ ਗੇ।
ਕੜਾਹ ਵਿੱਚ ਧਮਾਲਾਂ ਪੈਣ ਲੱਗੀਆਂ ਸਨ। ਚਾਰ ਚੁਫੇਰੇ ਫਿਜ਼ਾ ਵਿੱਚ ਗੁੜ ਦੀ ਮਿਲੀ ਮਿੱਠੀ ਮਹਿਕ ਫੁਹਾਰਾਂ ਫੈਲਾ ਰਹੀ ਸੀ। ਨਾਨੇ ਨੇ ਸੁੱਤ-ਉਨੀਂਦਰੇ ਅੱਖਾਂ ਖੋਲ੍ਹੀਆਂ ਤੇ ਘਵਾਂ ਫੜ ਕੇ ਖੁਰਪੇ ਨਾਲ ਸਾਫ ਕਰਨ ਲੱਗਾ।
'ਅੱਗ ਘੱਟ ਕਰ!'
ਕੜਾਹ ਵਿੱਚ ਘਵਾਂ ਵਗਾਉਂਦੇ ਉਸ ਨੇ ਚੁੰਭੇ ਅੱਗੇ ਬੈਠੇ ਫੱਤੂ ਝੋਕੇ ਨੂੰ ਚਿਤਾਵਨੀ ਦਿੱਤੀ। ਕੜਾਹ ਦੀ ਹਿੱਕ ਨਾਲ ਖਹਿੰਦਾ ਘਵਾਂ ਸਰਰ ਸਰਰ ਕਰਦਾ ਹਵਾ ਵਿੱਚ ਹੋਰ ਮਿੱਠੀ ਵਾਸ਼ਨਾ ਖਿਲਾਰਨ ਲੱਗਾ। ਨਹਿਰੀ ਪਟਵਾਰੀ ਦੀ ਸਿਫਾਰਿਸ਼ ਤੇ ਜ਼ਿਲ੍ਹੇਦਾਰ ਨੂੰ ਭੇਟ ਕਰਨ ਵਾਸਤੇ ਗੁੜ ਦੀ ਚਾਸ਼ਨੀ ਰਾਬ ਵਿੱਚ ਪੱਕਣ ਲਈ ਸੁੱਟੀਆਂ ਗਾਜਰਾਂ, ਛੁਹਾਰੇ ਤੇ ਸ਼ਕਰਕੰਦੀ ਰਿੱਝਦੀਆਂ ਭੁੱਜਦੀਆਂ ਤੜਫਦੀਆਂ ਰਸਦੀਆਂ ਜਾ ਰਹੀਆਂ ਸਨ।
'ਸ਼ੁਕਰ! ਚੰਗੇ ਵੇਲੇ ਪਹੁੰਚ ਗਏ।' ਉਹ ਬੜੀ ਤੀਬਰਤਾ ਨਾਲ ਇਹਨਾਂ ਦੇ ਬਾਹਰ ਨਿਕਲਨ ਦੀ ਇੰਤਜ਼ਾਰ ਕਰਦੇ ਬੁੱਲ੍ਹ ਸਵਾਰਦੇ ਲਾਰਾਂ ਸੁੱਟ ਰਹੇ ਸਨ। ਕੜਾਹ ਵਿੱਚੋਂ ਉੱਠਦੇ ਵਾਸ਼ਪ ਤੇ ਹਵਾ 'ਚ ਫੈਲਦੀ ਗੁੜ ਦੀ ਵਾਸ਼ਨਾ ਸੁੰਘਦੇ ਨਾਨੇ ਨੇ ਇਸ਼ਾਰਾ ਕੀਤਾ। ਫੱਤੂ ਤੇ ਦੂਲੇ ਨੇ ਦੋਹਾਂ ਕੁੰਡਿਆਂ ਤੋਂ ਫੜ੍ਹ ਕੇ ਉੱਪਰ ਉਠਾ ਕੇ ਕੜਾਹਾ ਟੇਢਾ ਕਰ ਦਿੱਤਾ। ਇੱਕ ਹੱਥ ਨਾਲ ਦੂਲੇ ਨੇ ਘਵੇਂ ਨਾਲ ਵਿਹਲਾ ਕਰ ਕੇ ਗੰਡ ਵਿੱਚ ਪਾ ਦਿੱਤਾ ਤੇ ਕੜਾਹਾ ਮੁੜ ਵਾਪਿਸ ਚੁੰਭੇ ਤੇ ਟਿਕਾ ਦਿੱਤਾ। ਲਾਲਟੈਣ ਦੀ ਮੱਧਮ ਜਿਹੀ ਰੋਸ਼ਨੀ ਨਾਲ ਛਿਟੀਆਂ ਦਾ ਮੁਆਤਾ ਬਾਲ ਕੇ ਲੋੜੀਦਾ ਚਾਨਣ ਪੈਦਾ ਕਰ ਲਿਆ। ਦਾਤਰੀ ਦੀ ਨੋਕ ਨਾਲ ਟੁੰਗ ਕੇ ਗੁੜ ਨਾਲ ਰਸੀਆਂ ਪੋਲੀਆਂ ਹੋਈਆਂ ਗਾਜਰਾਂ ਤੇ ਸ਼ਕਰਕੰਦੀ ਬਾਹਰ ਕੱਢ ਕੇ ਇੱਕ ਪਰਾਤ ਵਿੱਚ ਟਿਕਾ ਦਿੱਤੀਆਂ। ਅੱਧੀਆਂ ਸੌਂਫ ਜਵੈਣ ਮੇਵੇ ਨਾਰੀਅਲ ਮੂੰਗਫਲੀ ਤੇ ਬਦਾਮਾਂ ਦੀਆਂ ਗਿਰੀਆਂ ਨਾਨੇ ਨੇ ਗੰਡ ਵਿੱਚ ਖਿਲਾਰ ਦਿੱਤੀਆਂ ਤੇ ਉੱਪਰ ਗੁੜ ਦਾ ਘੋਲ ਖਿਲਾਰ ਦਿੱਤਾ। ਦੂਲੇ ਨੇ ਆਖੀਰਲੀ ਪੱਤ ਦੇ ਬਚਦੇ ਆਖਰੀ ਪੰਜ ਪੀਪੇ ਰਹੁ ਛਾਨਣੇ ਵਿੱਚ ਦੀ ਪਾ ਛਾਣ ਕੇ ਕੜਾਹੇ ਵਿੱਚ ਖਾਲੀ ਕਰ ਦਿੱਤੇ।
'ਚੱਲ ਹੁਣ ਤੂੰ ਢੌਂਕਾ ਲਾ ਲੈ।' ਫੱਤੂ ਨੂੰ ਇਸ਼ਾਰਾ ਕਰਕੇ ਦੂਲਾ ਝੋਕਣ ਬੈਠ ਗਿਆ।
ਫੱਤੂ ਨੇ ਦੂਲੇ ਦਾ ਵਿਛਾਉਣਾ ਜਾ ਮੱਲਿਆ। ਨਾਨਾ ਪੱਛੀਆਂ ਉੱਪਰ ਖੋਰੀ ਵਿਛਾ ਕੇ ਸਿਰਹਾਣੇ ਇੱਟ ਰੱਖ ਕੇ ਲੇਟ ਗਿਆ। ਦੂਲੇ ਨੇ ਉੱਠ ਕੇ ਪਿੱਛੋਂ ਖੋਰੀ ਸਰਕੜਾ ਤੇ ਸੁੱਕੀਆਂ ਪੱਛੀਆਂ ਹੂੰਝ ਕੇ ਚੁੰਭੇ ਵਿੱਚ ਝੋਕਣ ਲਈ ਨੇੜੇ ਕਰ ਲਏ ਤੇ ਝੋਕਣ ਲੱਗਾ। ਬੱਚੇ ਕੋਲੋਂ ਰੋਟੀ ਝਪਟਣ ਦੀ ਤਾਕ ਵਿੱਚ ਕਿੱਕਰ ਤੇ ਬੈਠੇ ਕਾਂ ਵਾਂਗ ਉਹ ਢੁਕਵੇਂ ਸਮੇਂ ਦੀ ਤਲਾਸ਼ ਵਿੱਚ ਸੀ ਜੋ ਜਲਦੀ ਹੀ ਮਿਲ ਗਿਆ। ਬਾਨੋ ਨੂੰ ਪਿੱਛੇ ਰਹਿਣ ਦਾ ਇਸ਼ਾਰਾ ਕਰ ਕੇ ਬਿੱਲੀ ਵਾਗ ਛਹਿ ਮਾਰ ਕੇ ਸੱਪ ਵਾਂਗ ਰੀਂਗਦਾ ਰਾਜ ਕਾਨਿਆਂ ਸਰਕੜੇ ਦੀ ਛੱਤ ਥੱਲੇ ਗੰਡ ਲਾਗੇ ਪਹੁੰਚ ਗਿਆ। ਪਲ ਦੀ ਪਲ ਉਸ ਨੇ ਸੋਚਿਆ ਕਿ ਉਹ ਪ੍ਰਗਟ ਹੋ ਕੇ ਨਾਨੇ ਨੂੰ ਸਾਫ ਦੱਸ ਦੇਵੇ ਕਿ ਉਹ ਤੱਤਾ ਤੱਤਾ ਗੁੜ ਲੈਣ ਆਇਆ ਹੈ, ਮਾਮੀਆਂ ਨੇ ਮੰਗਵਾਇਆ ਹੈ ਪਰ ਚੋਰੀ ਦੇ ਗੁੜ ਦਾ ਸਵਾਦ ਕੁਛ ਹੋਰ ਹੀ ਹੁੰਦਾ ਹੈ, ਚੱਖਣ ਦੀ ਉਸ ਨੇ ਠਾਣ ਲਈ। ਹਾਂ ਜੇ ਫੜਿਆ ਗਿਆ ਤਾਂ ਕੋਈ ਅਜੇਹਾ ਹੀ ਬਹਾਨਾ ਲਗਾ ਦਏ ਗਾ। ਰੰਬੇ ਨਾਲ ਗਿਰੀਆਂ ਮਸਾਲੇ ਵਾਲਾ ਗੁੜ, ਕੁੱਝ ਗਾਜਰਾਂ ਜੋ ਹੱਥ ਆਈਆਂ ਖਿੱਚ ਲਈਆਂ ਤੇ ਟੋਕਰੇ 'ਚੋਂ ਗੁੜ ਦੀਆਂ ਪੇਸੀਆਂ ਕਬਜ਼ੇ ਵਿੱਚ ਕਰਕੇ ਆਪਣਾ ਮਿਸ਼ਨ ਪੂਰਾ ਕਰਕੇ ਪਿੱਛੇ ਸੁਰਖਿਅਤ ਥਾਂ ਤੇ ਪਹੁੰਚ ਗਿਆ।
'ਦੁਰੇ ਓਏ ਕੁੱਤਿਆ!.... ਵੇਖੀਂ ਓਏ ਕੀ ਖੜਕਾ ਜਿਹਾ ਹੋਇਆ?'
ਨਾਨੇ ਨੇ ਸਰਕਾਹਟ ਮਹਿਸੂਸ ਕਰਕੇ ਲਲਕਾਰਾ ਜਿਹਾ ਮਾਰਿਆ। ਬਾਨੋ ਨੇ ਖੁਸ਼ੀ ਨਾਲ ਉਸ ਨੂੰ ਗਲਵੱਕੜੀ 'ਚ ਘੁੱਟ ਕੇ ਪਿੱਛੇ ਮੁੜਦੇ ਮੂੰਹ ਚੁੰਮ ਲਿਆ। ਸਾਈਕਲ ਤੱਕ ਪਹੁੰਚਣ ਤੱਕ ਉਸ ਦੇ ਪੈਰ ਕੰਬ ਰਹੇ ਸਨ। ਇਕ ਅਣਕਿਆਸਾ ਡਹਿਲ ਸੁਖਰਾਜ ਦੇ ਹੱਡਾਂ ਵਿੱਚ ਪਾਲੇ ਵਾਂਗ ਚੁਭ ਰਿਹਾ ਸੀ।
'ਹਾਏ! ਜੇ ਫੜੇ ਜਾਂਦੇ ਤਾਂ ਫਿਰ ਕੀ ਹੁੰਦਾ?' ਵਾਪਸੀ ਤੇ ਬਾਨੋ ਚੁੱਪ ਤੋੜਦਿਆਂ ਠਰ ਠਰ ਠਰਨ ਦੇ ਬਹਾਨੇ ਉਸ ਦੀ ਬਗਲ 'ਚ ਵੜ ਗਈ।
'ਫੇਰ ਕੀ ਹੋਣਾ ਸੀ? ਇਹੋ ਕੁਝ, ਜੋ ਹੁਣ ਹੋਇਆ ਹੈ।' ਸੁੱਖ ਨੇ ਉਸ ਨੂੰ ਪੋਲਾ ਜਿਹਾ ਨਾਲ ਘੁੱਟ ਲਿਆ।
'ਚੰਗਾ ਹੋਇਆ ਪ੍ਰੀਤੋ ਨਹੀ ਆਈ। ਹਾਏ ਜੇ ਉਹ ਆ ਜਾਂਦੀਆਂ ਤਾ ਮੈਂ ਕੀ ਕਰਦੀ? ਮੈਂ ਤਾਂ ਉਥੇ ਹੀ ਬੈਠੀ ਘੁਲ ਘੁਲ ਮਰ ਜਾਣਾ ਸੀ ਤੇ ਘਰ ਮੁੜਨ ਤੱਕ ਮੇਰੀ ਲਾਸ਼ ਹੀ ਮਿਲਨੀ ਸੀ ਤੈਨੂੰ।'
'ਕਿਸੇ ਨੂੰ ਕੋਈ ਕੁਝ ਨਹੀਂ ਕਹਿ ਸਕਦਾ। ਇਹ ਤੇਰੇ ਆਪਣੇ ਮਨ ਦਾ ਚੋਰ ਹੈ, ਵਹਿਮ ਹੈ ਜੋ ਤੈਨੂੰ ਇਹਨਾਂ ਅਣਹੋਣੀਆਂ ਸੋਚਾ 'ਚ ਘਸੋੜ ਰਿਹਾ ਹੈ। ਉਹਨਾਂ 'ਚੋਂ ਕੋਈ ਆ ਜਾਦੀ ਤਾ ਫਿਰ ਵੀ ਇਹੀ ਹੋਣਾ ਸੀ ਜੋ ਹੁਣ ਵਾਕਿਆ ਹੈ।'
'ਨਹੀਂ ਉਹ ਮੇਰੇ ਜਿੰਨੀਆਂ ਸਬਰ ਸੰਤੋਖ ਵਾਲੀਆਂ ਨਹੀਂ! ਬੜੀਆਂ ਭੁੱਖੀਆਂ ਨੇ। ਤੈਨੂੰ ਚੱਬ ਜਾਣਾ ਸੀ ਉਹਨਾਂ ਇਕੇ ਡੀਕੇ ਸ਼ਹਿਰੀ ਬਾਬੂ ਨੂੰ, ਮਖਾਣੇ ਵਾਂਗ। ਤੈਨੂੰ ਉਹਨਾਂ ਸੁੱਕਾ ਥੋੜਾ ਜਾਣ ਦੇਣਾ ਸੀ ਅੱਜ! ਉਹ ਤਾਂ ਸ਼ਹਿਦ ਦੀਆਂ ਮੱਖੀਆਂ ਵਾਂਗ ਤੈਨੂੰ ਸੁੰਘਦੀਆਂ ਫਿਰਦੀਆਂ ਨੇ। ਐਹ ਬਾਬੀ ਸੜਾਬੀ ਦੀ ਹੀ ਸੁਣ ਲੈ, ਕਹਿੰਦੀ ਜੇ ਕਿਤੇ ਇਹ ਪਾੜ੍ਹਾ ਇੱਥੇ ਸਾਡੇ ਨਾਲ ਸਕੂਲੇ ਪੜ੍ਹਨੇ ਪੈ ਜਾਵੇ ਤਾਂ ਮਜ਼ਾ ਆ ਜਾਏ ਪੜ੍ਹਾਈ ਦਾ। ਜਦੋਂ ਤੂੰ ਆਉਂਦੈਂ ਤੇਰੀ ਪੈੜ ਨੱਪਦੀਆਂ ਫਿਰਦੀਆਂ ਨੇ। ਤੈਨੂੰ ਨਹੀਂ ਕੋਈ ਸੁਰਤ?' ਬਾਨੋ ਦਾ ਤੌਖਲਾ ਉਸ ਦੀ ਜੁਬਾਨ ਤੇ ਆ ਗਿਆ।
'ਨਹੀਂ ਬਾਨੋ! ਮੈਂ ਪਤਾਸੇ ਵਾਂਗ ਖੁਰਨ ਵਾਲਾ ਏਨਾ ਪੋਲਾ ਕੱਚਾ ਕੂਲ਼ਾ ਨਹੀਂ ਜਿੰਨਾਂ ਤੂੰ ਸਮਝਦੀ ਐਂ। ਮੈਂ ਸਭ ਜਾਣਦਾ ਹਾਂ ਤੂੰ ਚਿੰਤਾ ਨਾ ਕਰ। ਕੋਈ ਨਹੀਂ ਖਾ ਜਾਂਦਾ ਮੈਨੂੰ। ਨਾਲੇ ਮੈਂ ਸ਼ਹਿਰੀ ਬਾਬੂ ਨਹੀਂ, ਅੰਮ੍ਰਿਤਸਰ ਸ਼ਹਿਰ ਵਿੱਚੋਂ ਲੰਘਣ ਨਾਲ ਹੀ ਬੰਦਾ ਸ਼ਹਿਰੀ ਨਹੀਂ ਬਣ ਜਾਂਦਾ।' ਬੇ-ਪ੍ਰਵਾਹੀ ਜਿਹੀ ਨਾਲ ਰਾਜੇ ਨੇ ਗੱਲ ਮੁਕਾ ਦਿੱਤੀ। ਸਾਈਕਲ ਤੇ ਚੜ੍ਹਨ ਦੀ ਬਿਜਾਏ ਪੈਦਲ ਤੁਰਦੇ ਹੀ ਏਨੀ ਜਲਦੀ ਫਿਰਨੀ ਤੇ ਪਹੁੰਚ ਕੇ ਉਹਨਾਂ ਦੇ ਗਿਲੇ ਰੋਸੇ ਸ਼ਿਕਵੇ ਵਾਲੀਆ ਕਲੋਲਾਂ ਨੂੰ ਕੁਛ ਝਟਕਾ ਲੱਗਾ। ਘਰ ਉੱਤੇ ਇਕ ਗੂੜ੍ਹਾ ਧੂੰਆਂ ਪਸਰਿਆ ਵੇਖ ਕੇ ਉਹਨਾਂ ਦੇ ਪੈਰਾਂ 'ਚ ਕਾਹਲ ਆ ਗਈ। ਦਰਵਾਜੇ ਦੇ ਬਾਹਰ ਲੋਕ ਆ ਜਾ ਰਹੇ ਸਨ ਜਾ ਰਹੇ ਸਨ। ਬਾਹਰੋਂ ਘੜਿਆਂ, ਬਾਲਟੀਆਂ ਕੜਾਹੀਆਂ ਨਾਲ ਆਂਢੀਆਂ ਗਵਾਂਢੀਆਂ ਦੇ ਘਰਾਂ ਤੋਂ ਪਾਣੀ ਭਰ ਕੇ ਦਲਾਨ 'ਚ ਨਰਮੇ ਨੂੰ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਬਿਨ-ਬੁਲਾਇਆ ਛੱਬਾ ਵੀ ਜੁਲਾਹੇ ਦੀ ਨਲੀ ਵਾਂਗ ਨੇਕ ਮਨੋਰਥ ਵਿੱਚ ਹੱਥ ਵਟਾ ਰਿਹਾ ਸੀ। ਚੋਰਾਂ ਦੇ ਵਾਹਰ ਨਾਲ ਮਿਲਨ ਵਾਂਗ ਉਹ ਵੀ ਦੌੜ ਕੇ ਅੱਗ ਬੁਝਾਊ ਮੁਹਿੰਮ ਵਿੱਚ ਸ਼ਾਮਲ ਹੋ ਗਏ। ਰਾਤਰੀ ਜਮਾਤ ਦੇ ਪੜ੍ਹਾਕੂ ਵੀ ਸਾਰੇ ਇਸ ਸਮਾਜ ਸੇਵਾ ਵਿੱਚ ਮਸਰੂਫ ਸਨ। ਨਰਮੇ ਦਾ ਢੇਰ ਲੂਹ ਕੇ ਅੱਧਵਰਿੱਤਾ ਕਰ ਕੇ ਬਸੰਤਰ ਦੇਵਤਾ ਖੋਰੇ ਰਹਿਮ ਖਾ ਕੇ ਵਾਪਿਸ ਮੁੜ ਗਿਆ। ਲੋਕਾਂ ਦੀਆਂ ਚੁੰਗਾਂ ਛੱਟਾਂ ਦਾ ਇਕੱਠਾ ਕੀਤਾ ਉਧਾਰ ਦਾ ਨਰਮਾ ਕਪਾਹ ਵੜੇਵੇਂ ਫ਼ਨਾਂਹ ਹੁੰਦੇ ਵੇਖ ਕੇ ਬਾਨੋਂ ਦੀ ਮਾਂ ਗੁੰਮ ਦੀ ਗੁੰਮ ਹੀ ਹੋਈ ਪਈ ਸੀ। ਅੱਗ ਬੁਝਾਉਂਦੀ ਉਸ ਦੇ ਕਈ ਥਾਈਂ ਹੱਥ ਪੈਰ ਸੜ ਗਏ ਸਨ ਪਰ ਉਸ ਦੇ ਅੰਦਰੋਂ ਕੋਈ ਚੀਕ ਪੁਕਾਰ ਨਹੀਂ ਨਿਕਲ ਰਹੀ ਸੀ। ਸੁੱਖ ਦੀ ਨਾਨੀ ਉਸ ਨੂੰ ਪਿਆਰਦੀ ਦਿਲਾਸਾ ਦੇ ਰਹੀ ਸੀ। ਸਾਹਮਣੇ ਬਾਨੋ ਨੂੰ ਵੇਖ ਕੇ ਉਸ ਦੀਆਂ ਸਿਸਕੀਆਂ ਜਾਹਰ ਹੋ ਗਈਆਂ ਤੇ ਉਸ ਨੂੰ ਨਾਲ ਘੁੱਟ ਕੇ ਉਹ ਉੱਚੀ ਉੱਚੀ ਦੁਹਾਈ ਦੇਣ ਲੱਗ ਪਈ।
ਮਾਮਾ ਕੁਝ ਕੁਝ ਹਿਲਿਆ ਸੀ। ਉਸ ਦੇ ਪਾਸਾ ਪਰਤਣ ਨੇ ਸੁਖਰਾਜ ਦੇ ਮਨ ਵਹਿਣ ਦਾ ਮਹਾਣ ਮੁੜ ਉਲਟਾ ਦਿਤਾ।
ਮਾਮੇ ਦੇ ਦਬਕੇ ਦਾ ਡਹਿਲ ਉਸਦੇ ਮਨ ਵਿੱਚ ਘਰ ਕਰ ਕੇ ਹੱਡੀਂ ਬੈਠ ਗਿਆ ਸੀ। ਉਹ ਕਿੰਨਾ ਚਿਰ ਜਰਦਾ ਰਿਹਾ। ਇਹ ਦੁਖਾਂਤ ਉਸ ਨੇ ਆਪ ਨਹੀਂ ਸੀ ਸਹੇੜਿਆ ਸਗੋਂ ਇਹ ਸਮੇਂ ਦੇ ਹਾਲਾਤਾਂ ਵੱਲੋਂ ਉਸ ਤੇ ਠੋਸਿਆ ਗਿਆ ਸੀ। ਇਸ ਸਭ ਕੁਝ ਦਾ ਕਾਰਨ ਉਸ ਦਾ ਚਾਚਾ ਸੀ। ਮਿੰਦੂ ਜੋ ਉਸ ਦੇ ਪਿਤਾ ਦੀ ਗੈਰਹਾਜ਼ਰੀ ਦਾ ਫਾਇਦਾ ਉਠਾ ਕੇ ਖੇਤਾਂ ਦੀਆਂ ਫਸਲਾਂ ਦੀ ਵੰਡ ਵੰਡਾਈ 'ਚ ਹਮੇਸ਼ਾ ਬਾਂਦਰ ਵੰਡ ਕਰਦਾ ਸੀ। ਨਵੇਂ-ਨਵੇਂ ਉੱਠੇ ਪੜ੍ਹਾਕੂ ਸੁਖਰਾਜ ਨੂੰ ਇਹ ਨਾ ਸੁਖਾਇਆ। ਉਹ ਆਖਰ ਇੱਕ ਦਿਨ ਇਸ ਬੇਈਮਾਨੀ ਦੇ ਸਾਹਮਣੇ ਹਿੱਕ ਕੱਢ ਕੇ ਖਲੋ ਗਿਆ। ਚਾਚੇ ਨੇ ਉਸ ਦੇ ਵਾਲਾਂ ਦੀ ਜੁਟਣੀ ਹੱਥ 'ਚ ਫੜ ਕੇ ਇਕੇ ਵੇਰਾਂ ਦੋ ਚਾਰ ਘੁਮੇਟਣੀਆਂ ਦੇ ਮਾਰੀਆਂ। ਧੌਲ਼ ਧੱਫੇ ਨਾਲ ਉਸ ਨੂੰ ਨਿਢਾਲ ਕਰ ਦਿੱਤਾ।
'ਨਾਲੇ ਚੋਰ ਨਾਲੇ ਚਤੁਰ!' ਉਸ ਦੇ ਮਨ ਵਿੱਚ ਬੜਾ ਭਿਅੰਕਰ ਵਿਦਰੋਹ ਭੜਕ ਉੱਠਿਆ।
ਉਸ ਦੀ ਮਾਤਾ ਨੇ ਸਮਝਾਇਆ,'ਪੁੱਤ ਤੂੰ ਇਹਨਾਂ ਬੇਕਿਰਕੋ ਸ਼ਰੀਕਾਂ ਦੇ ਮੂੰਹ ਨਾ ਜਾਹ, ਕਰਨ ਦੇਹ ਜੋ ਕਰਦੇ ਨੇ.... ਮਨਮਾਨੀਆਂ।'
ਸੁਖਰਾਜ ਨੂੰ ਮਾਤਾ ਦੀ ਇਹ ਨਸੀਹਤ ਚੰਗੀ ਨਾ ਲੱਗੀ। ਉਸ ਨੇ ਚਾਚੇ ਨਾਲ ਲੋਹਾ ਲੈਣ ਦੀ ਸਕੀਮ ਘੜਨੀ ਸ਼ੁਰੂ ਕਰ ਦਿੱਤੀ। ਪਹਿਲੀ ਸੱਟੇ ਉਸ ਨੇ ਆਪਣੇ ਵਾਲ ਕਟਵਾ ਦਿੱਤੇ ਤਾਂ ਜੋ ਇਹ ਦੋਬਾਰਾ ਉਸ ਦੇ ਚਾਚੇ ਦੇ ਹੱਥ ਨਾ ਆ ਸਕਣ। ਛੱਪੜ ਵਿੱਚੋਂ ਗਰ੍ਹਨੇ ਬਾਹਰ ਕੱਢ ਕੇ ਵੰਡ ਵੰਡਾਈ ਕਰਦੇ ਕਰਦੇ ਉਹ ਚਾਚਾ ਭਤੀਜਾ ਫਿਰ ਖਹਿਬੜ ਪਏ। ਚਾਚਾ ਗਰ੍ਹਨੇ ਵਿੱਚੇ ਛੱਡ ਕੇ ਉਸਨੂੰ ਮਾਰਨ ਅਹੁੜਿਆ। ਸੁਖਰਾਜ ਨੇ ਥੱਲੇ ਡਿੱਗੇ ਡਿੱਗੇ ਨੇ ਉਸ ਦੀ ਦਾੜ੍ਹੀ ਜੜ੍ਹਾਂ ਤੱਕ ਹਿਲਾ ਦਿੱਤੀ। ਤਖ਼ਤਪੋਸ਼ ਤੇ ਬੈਠੇ ਤਾਸ਼ ਦੇ ਖਿਡਾਰੀਆਂ ਨੇ ਦੌੜ ਕੇ ਚਾਚੇ ਭਤੀਜੇ ਦੀ ਇਹ ਜੁਟਣੀ ਅੱਡੋ ਅੱਡ ਕਰ ਦਿੱਤੀ ਤੇ ਚਾਚਾ ਖੋਦੀ ਹੋਈ ਦਾੜ੍ਹੀ ਤੇ ਠਾਠੀ ਬੰਨ੍ਹ ਕੇ ਕਈ ਦਿਨ ਪਸ਼ਚਾਤਾਪ ਕਰਦਾ ਵਿੱਸ ਘੋਲਦਾ ਅੰਦਰ ਪਿਆ ਰਿਹਾ। ਉਹ ਦਿਨ ਗਿਆ ਤੇ ਅੱਜ ਦਾ ਆਇਆ ਫਿਰ ਚਾਚੇ ਨੇ ਉਸ ਸਾਹਮਣੇ ਅੱਖ ਉੱਚੀ ਨਹੀਂ ਕੀਤੀ ਪਰ ਇਸ ਘਟਨਾ ਨੇ ਸੁਖਰਾਜ ਦਾ ਪਿੰਡ ਛੁਡਾ ਦਿੱਤਾ। ਖ਼ਬਰ ਮਿਲਨ ਤੇ ਪਿਤਾ ਨੇ ਸਮੇਂ ਦੀ ਭਿਅੰਕਰਤਾ ਨੂੰ ਸਮਝਦੇ ਹੋਏ ਉਸ ਨੂੰ ਹੋਸਟਲ ਪਾਉਣ ਦਾ ਹੁਕਮ ਭੇਜ ਦਿੱਤਾ ਪਰ ਉਸ ਦੀ ਰਜ਼ਾਮੰਦੀ ਨਾਲ ਮਾਤਾ ਨੇ ਨਾਨਕੇ ਪੜ੍ਹਨੇ ਭੇਜ ਕੇ ਚਾਚੇ ਤੋਂ ਦੂਰ ਰੱਖਣ ਦਾ ਫੈਸਲਾ ਲੈ ਲਿਆ। ਉਸ ਨੂੰ ਨੌਵੀਂ ਜਮਾਤ ਵਿੱਚ ਗੁਰੂ ਕਾ ਬਾਗ ਹਾਈ ਸਕੂਲ ਵਿੱਚ ਦਾਖਲਾ ਮਿਲ ਗਿਆ ਜੋ ਉਸ ਦੇ ਨਾਨਕੇ ਪਿੰਡ ਜਗਦੇਵ ਕਲਾਂ ਤੋਂ ਲਗਭਗ ਤਿੰਨ ਕਿਲੋਮੀਟਰ ਦੇ ਫਾਸਲੇ ਤੇ ਸੀ।
ਚਾਚੇ ਦੀ ਯਾਦ ਆਉਂਦੇ, ਅੱਖਾਂ ਸਾਹਮਣਿਉਂ ਲੰਘਦੇ ਲੰਘਦੇ ਉਸ ਨੇ ਬਾਹਰ ਦੀ ਵਗਦੀ ਲੂ ਤੋਂ ਵੱਧ ਗਰਮ ਹਉਕਾ ਬਾਹਰ ਛੱਡਿਆ। ਚਾਚੇ ਦੀ ਘਟਨਾ ਨਾਲੋਂ ਇਹ ਗਰਮੀ ਦੇ ਤਸੀਹੇ ਉਸ ਨੂੰ ਘੱਟ ਘੱਟ ਲੱਗਣ ਲੱਗੇ।
ਸਿਰ ਮੁਨਾਉਂਦੇ ਹੀ ਗੜੇ ਪੈ ਗਏ। ਪਹਿਲੀ ਹਾੜੀ ਆਈ, ਉਸ ਦੀ ਬੁਰੀ ਕਿਸਮਤ ਨੂੰ ਸਾਰੇ ਸਾਲ ਦਾ ਲੱਗਿਆ ਲੱਗਿਆ ਉਹਨਾਂ ਦਾ ਕਾਮਾ ਵਾਢੀ ਦੇ ਦਿਨਾਂ ਵਿੱਚ ਹਟ ਗਿਆ ਤੇ ਨਾਲ ਹੀ ਗੋਹਾ ਕੂੜਾ ਕਰਨ ਵਾਲੀ ਬੰਤੋ ਵੀ ਗਈ। ਉਸ ਦੀ ਉਹਨਾਂ ਦਿਨਾਂ ਦੀ ਪਾਸੇ ਤੋਂ ਮਿਲਨ ਵਾਲੀ ਦਿਹਾੜੀ ਉਸ ਦੀ ਸੀਰ ਦੀ ਆਮਦਨ ਤੋਂ ਕਈ ਗੁਣਾ ਵੱਧ ਹੋ ਸਕਣ ਦੀ ਆਸ ਸੀ। ਇਹਨਾਂ ਦਿਨਾਂ ਵਿੱਚ ਹੀ ਉਹਨਾਂ ਨੇ ਸਾਰੇ ਸਾਲ ਦੇ ਖਾਣ ਜੋਗੇ ਦਾਣੇ ਕਮਾ ਲੈਣੇ ਸਨ ਤੇ ਅਖੀਰ ਇਸ ਸਭ ਕੁਝ ਦਾ ਪੱਥਰ ਸੁਖਰਾਜ ਦੇ ਸੁਹਲ ਸੁਪਨਿਆਂ ਤੇ ਆਣਿ ਡਿੱਗਿਆ। ਉਹਨਾਂ ਦਾ ਸੀਰੀ ਹਟ ਗਿਆ । ਉਹਨੇ ਇਹ ਬਹਾਨਾ ਬਣਾਇਆ ਕਿ ਦੀਪੇ ਨੇ ਉਸ ਦੀ ਘਰ ਵਾਲੀ ਬੰਤੋ ਜੋ ਨਿੱਤ ਦਿਨ ਗੋਹਾ ਕੂੜਾ ਕਰਨ ਉਹਨਾਂ ਦੇ ਖੂਹ ਤੇ ਜਾਇਆ ਕਰਦੀ ਸੀ, ਨਾਲ ਛੇੜਖ਼ਾਨੀ ਕੀਤੀ ਹੈ। ਉਨ੍ਹਾਂ ਦਾ ਇਹ ਹਥਿਆਰ ਬੜਾ ਕਾਰਗਰ ਸਾਬਤ ਹੋਇਆ ਜਿਸ ਨੂੰ ਛੁਟਿਆਉਣਾ ਸੌਖਾ ਨਹੀਂ ਸੀ।
'ਔਰਤ ਚੰਗੀ ਹੋਵੇ ਜਾਂ ਮਾੜੀ, ਝੂਠੀ ਹੋਵੇ ਜਾਂ ਸੱਚੀ, ਉਸ ਨੇ ਛੇੜ-ਛਾੜ ਦਾ ਇਲਜ਼ਾਮ ਲੱਗਾ ਦਿੱਤਾ ਤਾਂ ਸਮਝੋ ਪੱਥਰ ਤੇ ਲੀਕ। ਉਸ ਦੀ ਹੀ ਮੰਨੀਂ ਜਾਣੀ ਹੈ। ਸਮਾਜ ਨੇ ਵੀ ਮੰਨ ਲੈਣਾ ਹੈ ਤੇ ਕਨੂੰਨ ਨੇ ਵੀ ਉਸੇ ਦੀ ਹੀ ਹਾਮੀ ਭਰਨੀ ਹੈ।' ਇਹ ਉਹਨਾਂ ਦਾ ਯਕੀਨ ਸੀ। ਭਾਵੇਂ ਇਹ ਪ੍ਰੇਮ ਲੀਲ੍ਹਾ ਰਲ਼ੀ ਮਰਜ਼ੀ ਨਾਲ ਦੁਪਾਸੜ ਤੇ ਸਾਂਝ-ਭਿਆਲੀ ਵਾਲੀ ਸੀ ਪਰ ਇਸ ਨੂੰ ਜਬਰਦਸਤੀ ਬਲਾਤ ਦਾ ਨਾਮ ਦਿੱਤਾ ਗਿਆ ਸੀ ਤੇ ਇਸ ਵਾਸਤੇ ਇਸ ਲੀਲ੍ਹਾ ਦੀ ਨਾਇਕਾ ਬੰਤੋ ਵੀ ਇਸ ਤੋਂ ਮੁਨਕਰ ਨਹੀਂ ਸੀ। ਸੀਰੀ ਨੇ ਤਿੰਨ ਹਜ਼ਾਰ ਰੁਪੇ ਪੇਸ਼ਗੀ ਲੈ ਰੱਖੇ ਸਨ, ਉਹ ਵੀ ਡੁੱਬ ਰਹੇ ਸਨ ਤੇ ਨਾਲੇ ਲੋਕ ਲੱਜ! ਲੋਕੀਂ ਕੀ ਕਹਿਣਗੇ। ਅੰਦਰ ਖਾਤੇ ਹੀ ਫੈਸਲਾ ਹੋ ਗਿਆ ਸੀ। ਚੋਰ ਦੀ ਮਾਂ ਬੁੱਕਲ 'ਚ ਮੂੰਹ, ਵੱਡੇ ਬਾਪੂ ਨੇ ਉਹਨਾਂ ਨਾਲ ਉਸ ਦੇ ਪਿਉ ਦਾਦੇ ਦੀ ਪਿਤਾ ਪੁਰਖੀ ਸਦੀਆਂ ਪੁਰਾਣੀ ਸਾਂਝ ਦਾ ਵਾਸਤਾ ਪਾ ਕੇ ਤਰਲੇ ਕੱਢੇ ਸਨ ਤਾਂ ਕਿਤੇ ਜਾ ਕੇ ਉਹਨਾਂ ਬੜੀ ਮੁਸ਼ਕਲ ਹਾਮੀ ਭਰੀ ਸੀ ਕਿ ਉਹ ਬਾਹਰ ਹਾੜੀ ਦੀ ਕਮਾਈ ਕਰਕੇ ਫਿਰ ਵਾਪਸ ਆ ਜਾਣ ਗੇ। ਇਸ ਰੋਮਾਂਟਿਕ ਦੁਰ-ਵਿਵਹਾਰ ਦੀ ਸਜ਼ਾ ਦੀਪੇ ਨੂੰ ਇਸ ਤਰ੍ਹਾਂ ਮਿਲੀ ਕਿ ਸੀਰੀ ਅਤੇ ਬੰਤੋ ਦੇ ਕਰਨ ਵਾਲੇ ਗੋਹਾ ਕੂੜਾ ਸਮੇਤ ਸਾਰੇ ਕੰਮ ਅਤੇ ਬਿਹਾਰੀ ਸ਼ਾਹ ਘੜੀ ਵਾਲੇ ਤੋਂ ਨਹਿਰ ਦੇ ਪਾਣੀ ਦਾ ਇੱਕ ਦਿਨ ਵਿੱਚ ਦੋ ਵਾਰ ਟਾਈਮ ਦਸ ਮਿੰਟ ਵਿੱਚ ਦੌੜ ਕੇ ਬੁੱਢੇ ਖੂਹ ਤੇ ਜਾ ਕੇ ਨੱਕਾ ਮੋੜਨ ਤੱਕ ਵੀ ਦੀਪਾ ਹੀ ਕਰੇਗਾ ਜੋ ਉਸ ਨੇ ਖਿੜੇ ਮੱਥੇ ਪਰਵਾਨ ਕਰ ਲਿਆ।
ਨਵੀਂ ਵਿਆਹੀ ਖੇਖਣਹਾਰੀ ਬੰਤੋ ਚਾਂਭਲੀ ਚਾਂਭਲੀ ਦੀਪੇ ਦੀ ਹਿੱਕ ਲੂਹਣ ਨੂੰ ਜਾਂ ਪੱਟੂ ਪਾਉਣ ਨੂੰ ਗੋਰੀ ਹਿੱਕ ਤੇ ਲਟਕਦਾ ਚਾਂਦੀ ਦਾ ਤਵੀਤ ਨੰਗਾ ਕਰ ਦਿੰਦੀ। ਟੋਕਾ ਗੇੜਨ ਲਗਦੀ ਸਾਰੀ ਦੀ ਸਾਰੀ ਟੋਕੇ ਵਾਂਗ ਗਿੜਨ ਲੱਗਦੀ। ਪਾਣੀ ਦੀ ਤਲਬ ਦੇ ਬਹਾਨੇ ਉਹ ਚੰਚਲੋ ਰਾਣੀ ਆਸੇ ਪਾਸੇ ਵੇਖਦੀ। ਕੋਈ ਲਾਗੇ ਨਾ ਦਿਸਦਾ ਤਾਂ ਮਟਕੀ 'ਚੋਂ ਆਪੇ ਹੀ ਚੁਲੀਆਂ ਭਰ ਪਿਆਸ ਬੁਝਾ ਲੈਂਦੀ ਜਾਂ ਖੂਹ ਦੀਆਂ ਟਿੰਡਾਂ ਵਿੱਚ ਅਟਕਿਆ ਪਾਣੀ ਬੁੱਕ ਭਰ ਭਰ ਪੀ ਲੈਂਦੀ। ਕਈ ਵੇਰਾਂ ਤਾਂ ਪਿਆਸ ਨਾ ਹੋਣ ਦੇ ਬਾਵਜੂਦ ਵੀ ਉਹ ਬਾਰ-ਬਾਰ ਘੜੇ ਨੂੰ ਛੂੰਹਦੀ ਛੇੜਦੀ, ਚੁਲੀਆਂ ਭਰਦੀ ਤੇ ਚੁਲੀ ਵਾਪਸ ਘੜੇ 'ਚ ਸੁੱਟ ਦਿੰਦੀ।
'ਜੂਠ ਖਾਣ ਪੀਣ ਨਾਲ ਪਿਆਰ ਵਧਦਾ ਹੈ। ਹਾਂææ ਹਾਂ ਜਿਹੜਾ ਵੀ ਇਹ ਪਾਣੀ ਪੀਏਗਾ ਮੇਰਾ ਜੂਠਾ, ਉਹ ਮੇਰੇ ਵੱਲ ਖਿੱਚਿਆ ਜਾਏਗਾ।' ਇਹ ਉਸ ਦਾ ਅੰਦਾਜ਼ ਸੀ। ਜੇ ਟਿੰਡਾਂ ਚੋ ਜਾਂਦੀਆਂ, ਉਹ ਖੂਹ ਦੀ ਗਾੜ੍ਹੀ ਫੜ੍ਹ ਬੈਠਦੀ। ਇੱਕ ਝਟਕੇ ਨਾਲ ਅੱਗੇ ਨੂੰ ਹਿਲਾਉਂਦੀ ਤੇ ਕੁਝ ਬਚਿਆ ਪਾਣੀ ਛੁਲਕ ਛੁਲਕ ਕਰਦਾ ਪਾੜਛੇ 'ਚੋਂ ਹੋ ਕੇ ਔਲ਼ੂ ਨੂੰ ਧਾਰ ਬਣ ਵਹਿੰਦਾ ਵੇਖਦੀ ਤੇ ਭੱਜ ਕੇ ਬੁੱਕ ਅੱਗੇ ਕਰਕੇ ਮੂੰਹ ਨੂੰ ਡੀਕ ਲਗਾਉਂਦੀ ਤਪਦੇ ਮੂੰਹ ਦੀ ਤਪਸ਼ ਬੁਝਾ ਲੈਂਦੀ। ਮੂੰਹ ਨੂੰ ਛਿੱਟੇ ਮਾਰਦੀ ਸੁੱਥਣ ਨੂੰ ਗਿੱਟਿਆਂ ਤੋਂ ਉਪਰ ਕਲੁੰਜਦੀ, ਗਿੱਟੇ ਕੂਚਦੀ ਅੱਡੀਆਂ ਘਸਾਉਣ ਲਗਦੀ। ਕਦੇ ਸੁੱਥਣ ਹੋਰ ਉੱਪਰ ਚੁੱਕ ਕੇ ਪਿੰਨੀਆਂ ਪਲੋਸਦੀ ਪਹਿਲਵਾਨਾਂ ਵਾਂਗ ਮਛਲੀਆਂ ਤੜਫਾਉਂਦੀ ਥਾਪੀਆਂ ਮਾਰਨ ਲਗਦੀ। ਪੁਰਾਣੀਆਂ ਇੱਟਾਂ ਦੀਆਂ ਝੀਤਾਂ 'ਚ ਲਕੋਇਆ ਦੀਪੇ ਦਾ ਚਿੱਪਰ-ਸ਼ੀਸ਼ਾ ਚੋਰੀ ਕੱਢ ਕੇ ਆਪਣੇ ਆਪ ਨੂੰ ਆਪਣੀਆਂ ਅੱਖਾਂ ਵਿੱਚ ਤੋਲਦੀ ਅੰਗੜਾਈਆਂ ਲੈਣ ਲਗਦੀ। ਉਸ ਦੀ ਗੋਰੀ ਹਿੱਕ ਤੇ ਖਹਿੰਦਾ ਚਾਂਦੀ ਦਾ ਤੜਫਦਾ ਛਿੰਗ-ਤਵੀਤ, ਉਸ ਦੀਆਂ ਚੰਚਲ ਸ਼ੋਖ ਅਦਾਵਾਂ ਤੇ ਨਖ਼ਰੇ ਹਰ ਸਾਧਾਰਨ ਵਿਅਕਤੀ ਨੂੰ ਜੰਜੀਰ ਪਾਉਣ ਲਈ ਕਾਫ਼ੀ ਸਨ ਤੇ ਆਖ਼ਰ ਦੀਪਾ ਆਪ ਮੁਹਾਰੇ ਉਸ ਵੱਲ ਖਿੱਚਿਆ ਉਸ ਦੇ ਕਾਬੂ ਆ ਗਿਆ।
'ਭਾਈ ਜੀ! ਜਰਾ ਟੋਕਰਾ ਚੁਕਾ ਦੇਹææ।' ਅੱਧਾ ਕੁ ਘੁੰਡ ਕੱਢੀ ਬੰਤੋ ਨੇ ਇੱਕ ਹੱਥ ਨਾਲ ਦੂਜੀ ਵੀਣੀ ਦੀਆਂ ਚੂੜੀਆਂ ਤੇ ਹੱਥ ਦਾ ਗੋਹਾ ਸਾਫ ਕਰਦੇ ਝਾੜਦਿਆਂ, ਦੀਪੇ ਨੂੰ ਅਚਨਚੇਤ ਛਿਲਤਰ ਜਿਹੀ ਮਾਰੀ। ਉਹ ਦੋਹੀਂ ਪੈੜੀ ਭੱਜਾ ਆਇਆ। ਅੰਨ੍ਹਾ ਕੀ ਭਾਲੇ ਦੋ ਅੱਖੀਆਂ। ਟੋਕਰਾ ਭਾਰਾ ਸੀ। ਸ਼ਾਇਦ ਅੱਜ ਜਾਣ ਕੇ ਹੀ ਬੰਤੋ ਨੇ ਵੱਧ ਭਰਿਆ ਸੀ। ਦੀਪੇ ਨੇ ਇੱਕ ਅੱਖ ਉਸ ਨੂੰ ਝਾਕਿਆ। ਟੋਕਰਾ ਨਿਹਾਰਿਆ ਤੇ ਦੋਨੇਂ ਹੱਥ ਪਾ ਉੱਪਰ ਨੂੰ ਇਸ਼ਾਰਾ ਕੀਤਾ। ਬੰਤੋ ਨੇ ਜੋਰ ਜਰਾ ਘੱਟ ਲਗਾਇਆ। ਉਸ ਦੀ ਘਾਟ ਪੂਰੀ ਕਰਨ ਲਈ ਦੀਪੇ ਨੇ ਥੱਲੇ ਗੋਡੇ ਦਾ ਢਾਸਣਾ ਦੇ ਕੇ ਉੱਪਰ ਚੁੱਕ ਕੇ ਸਾਰੀ ਦੀ ਸਾਰੀ ਛਾਤੀ ਉਸ ਨਾਲ ਟਕਰਾ ਦਿੱਤੀ। ਟੋਕਰਾ ਆਪ ਮੁਹਾਰੇ ਬੰਤੋ ਦੇ ਸਿਰ ਤੇ ਟਿਕ ਗਿਆ। ਪੱਲੂ ਉੱਪਰ ਉੱਠ ਗਿਆ। ਚੰਦ ਵਰਗਾ ਗੋਰਾ ਮੁਖੜਾ! ਦੀਪੇ ਦੀਆ ਅੱਖਾਂ ਚੁੰਧਿਆ ਗਿਆ। ਉਹ ਬੁੱਲ੍ਹੀਆਂ 'ਚੋਂ ਥੋੜਾ ਜਿਹਾ ਮੁਸਕਰਾਈ ਤੇ ਹਵੇਲੀ ਤੋਂ ਬਾਹਰ ਢੇਰ ਵੱਲ ਨਿਕਲ ਤੁਰੀ। ਉਸ ਦੇ ਬਰੀਕ ਬਰੀਕ ਚਿੱਟੇ ਦੰਦ ਮਖਾਣੇ ਵਾਂਗ ਖਿੜਦੇ ਤੇ ਹਾੜ ਦੀ ਧੁੱਪ ਵਾਂਗ ਛੋਹਲ਼ੇ ਭਰਦੀ ਉਸ ਦੀਆਂ ਛਾਤੀਆਂ ਤੋਂ ਉਬਲਦੀ ਤਪਸ਼ ਦੀਪੇ ਦਾ ਕਾਲਜਾ ਛਲਨੀ ਛਲਨੀ ਕਰ ਗਈ। ਦੂਜੇ ਗੇੜੇ ਬੰਤੋ ਹਵੇਲੀ ਦੇ ਵਿਹੜੇ ਦੀ ਬਿਜਾਏ ਟੋਕਰਾ ਸਿੱਧਾ ਹਨੇਰੀ ਕੋਠੜੀ ਵਿੱਚ ਅੰਦਰ ਲੈ ਗਈ। ਦੀਪੇ ਨੇ ਚਾਰ ਚੁਫੇਰਾ ਦੇਖਿਆ। ਖੁਰਲੀ ਤੇ ਖੜੋ ਉਕੜ ਕੇ ਪਿੰਡ ਵੱਲ ਆਉਂਦੀ ਪਗਡੰਡੀ ਵੱਲ ਝਾਤੀ ਮਾਰੀ। ਦੂਰ ਤੱਕ ਕੋਈ ਨਹੀਂ ਸੀ, ਕੋਈ ਵੀ ਤਾਂ ਨਹੀਂ ਸੀ। ਉਹ ਪੋਲੇ ਪੈਰੀਂ ਮਲਕੜੇ ਜਿਹੇ ਅੰਦਰ ਲੰਘ ਗਿਆ। ਉਸ ਦਾ ਦਿਲ ਅਸੀਮ ਜਿਹੀ ਰਫ਼ਤਾਰ ਨਾਲ ਧੜਕਣ ਲੱਗਾ। ਉਹ ਅੰਦਰ ਨਹੀਂ ਸੀ, ਕਿਥੇ ਗਈ? ਉਸ ਨੇ ਪੈਰ ਵਾਪਸ ਬਾਹਰ ਵੱਲ ਪੁੱਟੇ।
'ਛਣ-ਛਣ....।' ਵੰਗਾਂ ਦੀ ਛਣਕਾਰ! ਜਿਵੇਂ ਉਸ ਨੇ ਜਾਣ ਕੇ ਥਮ੍ਹਲੇ ਨਾਲ ਟਣਕਾ ਕੇ ਅੰਦਰ ਹੋਣ ਦਾ ਸੰਕੇਤ ਸੁਨੇਹਾ ਦਿੱਤਾ ਹੋਵੇ। ਦੀਪਾ ਸਮਝ ਗਿਆ, ਉਹ ਆਪੇ ਹੀ ਬੁਰਜੀ ਉਹਲੇ ਛੁਪ ਕੇ ਸ਼ਰਾਰਤ ਕਰ ਰਹੀ ਹੈ। ਉਹ ਅਣਦੇਖੇ ਉੱਧਰ ਝਪਟਿਆ ਤੇ ਅਗਲੇ ਹੀ ਛਿਣ ਹੁਸਨ ਦਾ ਤਪਦਾ ਇੱਕ ਗੋਲਾ, ਅੱਗ ਦਾ ਭਾਂਬੜ ਉਸ ਦੀ ਬੁੱਕਲ ਵਿੱਚ ਸੀ।
ਸੁਖਰਾਜ ਦੇ ਹਵੇਲੀ ਅੰਦਰ ਵੜਦੇ ਤੱਕ ਬੰਤੋ ਆਪਣਾ ਆਪ ਸਾਂਭਦੀ ਕੋਠੇ 'ਚੋਂ ਬਾਹਰ ਨਿਕਲ ਰਹੀ ਸੀ। ਉਸ ਨੇ ਖਿੱਲਰੇ ਹੋਏ ਵਾਲ ਹੱਥ ਨਾਲ ਇਕਸਾਰ ਕੀਤੇ। ਗਿੱਲੀਆਂ ਗੱਲ੍ਹਾਂ ਦੁਪੱਟੇ ਨਾਲ ਪੂੰਝੀਆਂ ਤੇ ਸੁਖਰਾਜ ਨੂੰ ਦੇਖ ਕੇ ਘੂਰੀ ਜਿਹੀ ਵੱਟੀ। ਸੁੱਖ ਸਰਸਰੀ ਜਿਹੀ ਬੇਧਿਆਨਾ ਹੋ ਕੇ ਹਨੇਰੀ ਕੋਠੜੀ 'ਚੋਂ ਹੁੰਦਾ ਹੋਇਆ ਪਿਛਵਾੜੇ ਬੂਹੇ ਰਾਹੀਂ ਬੇਰੀ ਵੱਲ ਲੰਘ ਗਿਆ। ਦੀਪਾ ਉੱਪਰ ਪੱਕੇ ਹੋਏ ਬੇਰਾਂ ਨੂੰ ਨਿਹਾਰ ਰਿਹਾ ਸੀææ ਥੱਲਿਓਂ ਇਕੱਠੇ ਕਰ ਰਿਹਾ ਸੀ।
'ਲੈ ਪੁੱਤਰਾ!ææਵੇਖ ਤੇਰੇ ਲਈ ਹੀ ਮੈਂ ਇਹ ਬੇਰ ਇਕੱਠੇ ਕਰ ਰਿਹਾ ਹਾਂ।' ਸੁਖਰਾਜ ਵੱਲ ਮੁੱਠ ਉਲਾਰਦੇ ਉਸ ਨੇ ਆਪਣੀ ਘਬਰਾਹਟ ਛੁਪਾਉਣ ਦੀ ਕੋਸ਼ਿਸ਼ ਕੀਤੀ।
'ਆਪਣੀ ਸ਼ਦਰੀ ਵਾਸਤੇ ਰੱਖ ਲੈ ਮਾਮਾ! ਦੇ ਦੇਹ ਉਹਨੂੰ। ਮੈਂ ਕਿਹੜਾ ਬੇਰ ਲੈਣ ਆਇਐਂ, ਮੇਰਾ ਤਾਂ ਖ਼ਰਬੂਜ਼ੇ ਖਾਣ ਨੂੰ ਚਿੱਤ ਕਰਦਾ ਸੀ।'
ਸੁਖਰਾਜ ਦੇ ਮੂੰਹੋਂ ਸੁੱਤੇ-ਸਿੱਧ ਨਿਕਲ ਗਿਆ ਤੇ ਸ਼ਰਮਸਾਰ ਹੋਇਆ ਨੱਕ ਮੂੰਹ ਵਲ੍ਹੇਟਦਾ ਪਰੇ ਖ਼ਰਬੂਜ਼ਿਆਂ ਦੇ ਵਾੜੇ ਜਾ ਵੜਿਆ। ਵਕਤ ਵਿਹਾ ਚੁੱਕੀਆਂ ਅਖੀਰਲੇ ਸਾਹਾਂ ਤੇ ਖੜ੍ਹੀਆਂ ਖ਼ਰਬੂਜ਼ਿਆਂ ਦੀਆਂ ਸੁੱਕ-ਮੜੁੱਕੀਆਂ ਵੱਲਾਂ ਖ਼ਾਲਮ-ਖ਼ਾਲੀ ਸਨ। ਥਾਂ ਥਾਂ ਖਿੱਲਰੇ ਬੋ ਮਾਰਦੇ ਗਲੇ ਸੜੇ ਖ਼ਰਬੂਜ਼ੇ ਤੇ ਫੁੱਟਾਂ ਉਸ ਦਾ ਮੂੰਹ ਚਿੜਾ ਰਹੀਆਂ ਸਨ ਪਰ ਤੁੰਮੇ ਤੇ ਚਿੱਬੜਾਂ ਦੀਆਂ ਇੱਕਾ-ਦੁੱਕਾ ਆਪੇ ਉੱਗੀਆਂ ਵੇਲਾਂ ਨੇ ਉਸ ਦੇ ਆਗਮਨ ਦਾ ਸਵਾਗਤ ਕੀਤਾ ਤੇ ਖਾਲੀ ਨਾ ਮੋੜ ਕੇ ਉਸ ਦਾ ਭਰਮ ਭਾਅ ਰੱਖ ਲਿਆ। ਦੋ ਚਾਰ ਪੱਕੇ ਗੱਦਰ ਜਿਹੇ ਖੱਟੇ ਮਿੱਠੇ ਚਿੱਬੜ ਤੋੜ ਕੇ ਕੁੱਝ ਆਪ ਖਾਧੇ ਤੇ ਕੁੱਝ ਅਗਲੇਰੇ ਸਮੇਂ ਵਾਸਤੇ ਜੇਬ ਵਿੱਚ ਪਾ ਲਏ।
ਅੱਜ ਭੁੱਖ ਨਾਲ ਉਸ ਦੇ ਕੋਕੜੇ ਲੂਸ ਰਹੇ ਸਨ । ਚਿੱਬੜਾਂ ਦੀ ਯਾਦ ਨਾਲ ਉਸ ਦੀ ਭੁੱਖ ਹੋਰ ਵਿਆਕਲ ਤੇ ਬਿਹਬਲ ਹੋ ਉੱਠੀ। ਉਸਨੇ ਨਜ਼ਰ ਮਾਰੀ। ਮਾਮਾ ਕੁੱਝ ਕੁੱਝ ਹਿੱਲਿਆ ਸੀ। ਉਸਨੂੰ ਕੁਝ ਹੌਸਲਾ ਹੋਇਆ, ਮਾਮਾ ਉੱਠਿਆ ਕਿ ਉੱਠਿਆ, ਪਰ ਨਹੀਂ ਉਹ ਫਿਰ ਪਾਸਾ ਪਰਤ ਦੇ ਟੇਢਾ ਹੋ ਗਿਆ। ਉਸ ਦਾ ਜੀਅ ਕੀਤਾ ਉਸਨੂੰ ਜਾ ਕੇ ਹਲੂਣ ਕੇ ਜਗਾਏ ਪਰ ਇਸ ਲਈ ਉਹ ਹਿੰਮਤ ਨਾ ਜੁਟਾ ਸਕਿਆ। ਅਖੀਰ ਬੜਾ ਵੱਡਾ ਹੌਸਲਾ ਕਰਕੇ ਉਸ ਨੇ ਮਾਮੇ ਨੂੰ ਥਾਪੜਿਆ।
'ਓਏ ਮਾਮਾ ਉੱਠ! ਮੈਂ ਤੀਹ ਭਰੀਆਂ ਗਾਹ ਦਿੱਤੀਆਂ ਨੇ, ਮੈਨੂੰ ਭੁੱਖ ਲੱਗੀ ਹੈ।' ਉਸ ਨੇ ਤਰਲਾ ਜਿਹਾ ਕੱਢਿਆ।
ਮਾਮਾ ਬਿਨਾ ਕੁਝ ਉਚਰੇ ਅੰਗੜਾਈ ਜਿਹੀ ਲੈਂਦੇ ਸੋਮਨ ਹੋਣ ਦੀ ਥਾਂ ਮੂੰਹ ਤੇ ਪਰਨਾ ਲੈ ਕੇ ਮੂਧਾ ਪੈ ਗਿਆ। ਸੁਖਰਾਜ ਦਾ ਦਿਲ ਕੀਤਾ ਉਹ ਵੀ ਮਾਮੇ ਨੂੰ ਉਸੇ ਤਰ੍ਹਾਂ ਜਗਾਏ ਜਿਵੇਂ ਉਹ ਉਸ ਨੂੰ ਹਾਸ਼ਮ ਦੇ ਗਵਾਂਢ ਕੋਠੇ ਤੇ ਤੜਕੇ ਦੀ ਘੂਕੀ ਨੀਂਦ ਸੁੱਤੇ ਜਗਾਉਣ ਦਾ ਤਰੀਕਾ ਵਰਤਦਾ ਸੀ। ਉਹ ਇੱਕ ਦੋ ਆਵਾਜਾਂ ਦੇਣ ਤੋਂ ਬਾਦ ਅਚਨਚੇਤ ਉਸ ਨੂੰ ਚੂੰਢੀ ਭਰ ਕੇ ਉਸ ਦੀਆਂ ਚੰਘਿਆੜਾਂ ਕਢਾ ਦਿੰਦਾ ਤੇ ਜਾਂ ਕੋਈ ਟਿੱਡੀ ਡੱਡੀ ਕੈਹਣਾ ਕੇਕੜਾ ਉਸ ਦੇ ਕੱਛਹਿਰੇ ਅੰਦਰ ਵਾੜ ਦਿੰਦਾ। ਇਸ ਮਾਰੂ ਹਥਿਆਰ ਤੋ ਡਰਦਾ ਸੁਖਰਾਜ ਪੌੜੀਆਂ ਚੜ੍ਹਦੇ ਦੀ ਉਸ ਦੀ ਬਿੜਕ ਪੈਣ ਤੇ ਹੀ ਮੰਜਾ ਛੱਡ ਦਿੰਦਾ। ਮਧਾਣੀ ਦਾ ਮਧੁਰ ਸੰਗੀਤ ਪਲ ਦੀ ਪਲ ਰੁਕਦਾ ਤੇ ਨਾਨੀ ਮੂੰਹ ਵਿੱਚ ਪਾਠ ਕਰਦੀ ਹੋਈ ਉੱਠ ਕੇ ਦੁਰਿੜ੍ਹਕੇ ਦਾ ਕਣੀ ਵਾਲਾ ਗਿਲਾਸ ਉਸ ਦੇ ਮੂੰਹ ਨੂੰ ਲਾ ਕੇ ਜਾਗੋ-ਮੀਟੇ ਵਿੱਚ ਚੁਸਤੀ ਫੁਰਤੀ ਭਰ ਦਿੰਦੀ। ਉਹ ਦੁੱਧ ਲਈ ਖਾਲੀ ਡੋਲਣੀਆਂ ਬਾਲਟੀਆਂ ਲੈ ਕੇ ਦੋ ਮੀਲਾਂ ਤੇ ਪੈਂਦੇ ਬੁੱਢੇ ਖੂਹ ਨੂੰ ਚੱਲ ਪੈਂਦਾ। ਤੜਕਸਾਰ ਪਿੰਡੋਂ ਬਾਹਰ ਨਿਕਲਦੇ ਅੰਬਾਂ ਦੇ ਵੱਡੇ ਸਾਰੇ ਅਸਮਾਨ ਨਾਲ ਗੱਲਾਂ ਕਰਦੇ ਬਾਗ ਵਿੱਚ ਮੋਰਾਂ ਦੀ ਕੈਂ ਕੈਂ ਉਸ ਨੂੰ ਚੰਗੀ ਤਰਾਂ ਹੁਸ਼ਿਆਰ ਤੇ ਤਰੋਤਾਜ਼ਾ ਕਰ ਦਿੰਦੀ। ਚੋਰਾਂ ਦੇ ਸੰਤਰਿਆਂ ਵਾਲੇ ਬਾਗ ਦਾ ਡਰ ਵੀ ਇਸੇ ਸਹਾਰੇ ਲੰਘ ਜਾਂਦਾ। ਉਸ ਨੇ ਚਾਹਿਆ ਮਾਮੇ ਦਾ ਇਹ ਕਾਰਗਰ ਹਥਿਆਰ ਅੱਜ ਉਸੇ ਤੇ ਹੀ ਵਰਤ ਕੇ ਉਸ ਨੂੰ ਜਗਾਏ ਪਰ ਉਹ ਇਹ ਢੀਠਪੁਣਾ ਕਰਨ ਦੀ ਹਿੰਮਤ ਨਹੀਂ ਜੁਟਾ ਸਕਿਆ।
ਪਿੰਡ ਵੱਲੋਂ ਕੁੜੀਆਂ ਤੇ ਬੱਚਿਆਂ ਦੀ ਇੱਕ ਟੋਲੀ ਬੁੱਢੇ ਖੂਹ ਵੱਲ ਆਉਂਦੀ ਵੇਖ ਕੇ ਉਸ ਨੂੰ ਕੁਝ ਧਰਵਾਸ ਹੋਇਆ। ਉਸ ਦੀ ਉਡੀਕ ਖਤਮ ਹੁੰਦੀ ਜਾਪੀ। ਇੱਕ ਵਾਵਰੋਲਾ, ਬੋਦੀ ਉਸ ਦੀ ਅਸਮਾਨ ਨੂੰ ਛੂੰਹਦੀ, ਘੁੰਮਣ-ਘੇਰੀਆਂ ਭਰਦਾ ਪਿੰਡ ਵੱਲੋਂ ਉਧਰ ਆ ਰਿਹਾ ਵੇਖ ਕੇ ਉਸ ਨੂੰ ਇੱਕ ਦਮ ਤਰਕੀਬ ਸੁੱਝੀ।
'ਜਿਹੜਾ ਜਹਾਜ਼ ਦੇ ਪਰਛਾਂਵੇਂ ਜਾਂ ਵਾਵਰੋਲੇ ਦੀਆਂ ਮੁੱਠਾਂ ਭਰ ਕੇ ਮਿੱਟੀ ਘੱਟਾ ਸਾਂਭ ਕੇ ਕੈਦ ਕਰ ਲਏ ਉਸ ਦੀਆਂ ਸਾਰੀਆਂ ਮਨੋਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਜਿੰਦਗੀ ਦੇ ਕਿਸੇ ਇਮਤਿਹਾਨ ਵਿੱਚੋਂ ਕਦੇ ਫ਼ੇਲ੍ਹ ਨਹੀਂ ਹੁੰਦਾ।' ਛੜੇ ਮਾਮੇ ਦੇ ਦੱਸੇ ਨੁਕਤੇ ਅਨੁਸਾਰ ਉਸ ਦਾ ਜੀਅ ਕੀਤਾ ਵਿੱਚ ਛਾਲ ਮਾਰ ਦੇਵੇ ਪਰ,
'ਉਸ ਵਿੱਚ ਪੁੱਠੇ ਪੈਰਾਂ ਵਾਲੇ ਭੂਤ ਚੁੜੇਲਾਂ ਵੀ ਹੁੰਦੇ ਹਨ ਜੋ ਚੰਬੜ ਜਾਂਦੇ ਹਨ ਜਾਂ ਉਡਾ ਕੇ ਲੈ ਜਾਂਦੇ ਹਨ।'
ਕੈਲੋ ਮਾਮੇ ਦੀ ਚੇਤਾਵਨੀ ਨੇ ਉਸ ਨੂੰ ਇਹ ਖਤਰਨਾਕ ਕੰਮ ਕਰਨ ਤੋਂ ਖ਼ਬਰਦਾਰ ਕਰ ਦਿੱਤਾ। ਉਹ ਰੁਕ ਗਿਆ ਪਰ ਫਿਰ ਵੀ 'ਇਹ ਮੌਕਾ ਕਿਹੜਾ ਬਾਰ ਬਾਰ ਮਿਲਨਾ!' ਸੋਚਦਾ ਸੋਚਦਾ ਉਹ ਡਿੱਗਦਾ ਢਹਿੰਦਾ ਲੋਟਣੀਆਂ ਖਾਂਦਾ ਵਾਵਰੋਲੇ ਵਿੱਚ ਜਾ ਵੜਿਆ। ਮਿੱਟੀ ਘੱਟੇ ਨਾਲ ਉਸ ਦਾ ਮੂੰਹ ਮੱਥਾ ਭਰ ਕੇ ਵਾਵਰੋਲਾ ਘੁੰਮਣ-ਘੇਰੀਆਂ ਲੈਂਦਾ ਅਸਮਾਨ ਨੂੰ ਚੜ੍ਹ ਗਿਆ। ਭੱਖੜੇ ਤੇ ਪੋਹਲ਼ੀ ਦੇ ਕੰਡਿਆਂ ਦੀ ਮਾਰ ਉਸ ਦੇ ਹੱਥ ਪੈਰ ਪੱਛ ਗਈ ਪਰ ਫਿਰ ਵੀ ਉਹ ਬਹੁਤ ਖੁਸ਼ ਸੀ। ਏਨਾ ਵੱਡਾ ਖਤਰਾ ਸਹੇੜ ਕੇ ਉਹ ਵਾਵਰੋਲੇ 'ਚੋਂ ਮਿੱਟੀ ਦੀ ਮੁੱਠ ਭਰਨ ਵਿੱਚ ਕਾਮਯਾਬ ਹੋ ਗਿਆ ਸੀ। ਉਸ ਨੇ ਮਿੱਟੀ ਦੀ ਮੁੱਠੀ ਖੋਲ੍ਹੀ, ਮਿੱਠੀ ਜਿਹੀ ਚੁੰਮਣੀ ਲਈ ਤੇ ਬੜੇ ਅਦਬ ਨਾਲ ਖੱਬੇ ਪਾਸੇ ਦੇ ਖੀਸੇ ਵਿੱਚ ਪਾ ਲਈ। ਹੁਣ ਉਸ ਨੂੰ ਸਾਰੇ ਕੰਮ ਸੌਰਨ ਦੀ ਉਮੀਦ ਜਾਗ ਪਈ। ਕੱਸੀ ਦੇ ਕੰਢੇ ਤੂਤ ਨਾਲ ਲਟਕਦੇ ਬਿਜੜੇ ਦੇ ਆਲ੍ਹਣੇ ਵਿੱਚੋਂ ਬੋਟਾਂ ਨੇ ਚੂੰ ਚੂੰ ਦਾ ਰਾਗ ਅਲਾਪਿਆ। ਬਿਜੜੇ ਨੇ ਲਾਗੇ ਫੜਫੜਾਉਂਦੇ ਕਬੂਤਰ ਨੂੰ ਘੁਰਕੀ ਜਿਹੀ ਲਗਾਈ ਤੇ ਇੱਧਰ ਡੱਕੋ ਡੇਲੇ ਖਾਂਦੇ ਆਲ੍ਹਣੇ ਨੂੰ ਢਾਸਣਾ ਦੇ ਕੇ ਖਲ੍ਹਾਰਿਆ।
ਵਾਵਰੋਲੇ 'ਚੋਂ ਜ਼ਖਮੀ ਹੋਇਆ ਇੱਕ ਚੀਨਾ ਕਬੂਤਰ ਪਾਸੇ ਹੋ ਡਿੱਗਾ ਉਸ ਨੇ ਸ਼ਹਿ ਮਾਰ ਕੇ ਹੌਲੀ ਜਿਹੀ ਫੜ੍ਹ ਲਿਆ। ਅੱਤ ਦੀ ਗਰਮੀ ਵਿੱਚ ਵਾਵਰੋਲੇ ਦਾ ਭੰਨਿਆ ਮਰੋੜਿਆ ਕਬੂਤਰ ਕੰਬ ਰਿਹਾ ਸੀ। ਉਸ ਦਾ ਅੰਗ ਅੰਗ ਤੜਫ਼ ਰਿਹਾ ਸੀ। ਉਸ ਨੇ ਕਬੂਤਰ ਨੂੰ ਫੜ ਕੇ ਪਲੋਸਿਆ ਤੇ ਪਿਆਰ ਕੀਤਾ। ਪਾਣੀ ਵਾਲੀ ਕੱਸੀ ਵਿੱਚ ਉਸ ਦੀ ਚੁੰਝ ਡਬੋਈ। ਕਬੂਤਰ ਨੇ ਪਾਣੀ ਪੀਤਾ, ਚੁੰਝ ਛੰਡੀ ਤੇ ਚੁਸਤ ਫੁਰਤ ਹੋਇਆææਧੌਣ ਘੁਮਾ ਕੇ ਆਸੇ ਪਾਸੇ ਵੇਖਿਆ। ਸੁਖ ਦੀਆਂ ਨਜ਼ਰਾਂ 'ਚ ਨਜ਼ਰਾਂ ਗੱਡ ਦਿੱਤੀਆਂ, ਜਿਵੇਂ ਧੰਨਵਾਦ ਕਰ ਰਿਹਾ ਹੋਵੇ। ਉਸ ਦੀਆਂ ਨਜ਼ਰਾਂ ਤੋਂ ਪ੍ਰੇਮ ਭਿੱਜਾ ਰੋਮਾਂਸ ਸੁਖਰਾਜ ਦੀਆਂ ਨਾੜਾਂ 'ਚ ਜਾ ਰਚਿਆ ਜਿਵੇਂ ਉਹ ਕੋਈ ਸੁਨੇਹਾ ਦੇ ਰਿਹਾ ਹੋਵੇ। ਕਬੂਤਰ ਨੇ ਆਪਣੇ ਆਪ ਨੂੰ ਛੁਡਾਉਣ ਦੀ ਜਰਾ ਕੁ ਵਾਹ ਲਾਈ। ਉਸ ਨੇ ਵੀ ਉਸ ਦੇ ਉੱਡਣ ਵਿੱਚ ਮਦਦ ਕੀਤੀ ਤੇ ਉਹ ਫੜਫੜਾਉਂਦਾ ਬੁੱਢੇ ਖੂਹ ਵੱਲ ਉੱਡ ਗਿਆ।
ਕਬੂਤਰ ਦਾ ਸੀਨ ਆਉਂਦੇ ਆਉਂਦੇ ਉਸ ਨਾਲ ਜੁੜਿਆ ਇੱਕ ਅਣਚਾਹਿਆ ਨਾਮ ਉਸ ਦੇ ਸਾਹਮਣੇ ਸਾਖਸ਼ਾਤ ਹੋ ਉੱਭਰਿਆ.... ਖੱਬਾ ਕਬੂਤਰਾਂ ਵਾਲਾ.... ਖੱਬਾ!
ਗੁਰੁ ਕੇ ਬਾਗ ਸਕੂਲ ਦੇ ਰਸਤੇ ਵਿੱਚ ਜਾਂਦੇ ਆਉਂਦੇ ਮੱਛਰ ਸਿੰਘ ਦੀਆਂ ਬੇਰੀਆਂ ਦੇ ਝੁੰਡ ਕੋਲ ਆ ਕੇ ਕੁੜੀਆਂ ਤੇ ਮੁੰਡਿਆਂ ਦੇ ਸਾਰੇ ਟੋਲੇ ਥੋੜਾ ਥੋੜਾ ਠਹਿਰਾਉ ਕਰਦੇ, ਬੇਰ ਤੋੜਦੇ, ਇੱਟਾਂ ਵੱਟੇ ਮਾਰਦੇ ਤੇ ਚੜ੍ਹਗਿਲੀ ਮਚਾਉਂਦੇ ਸ਼ਰਾਰਤਾਂ ਕਰਦੇ। ਖੱਬਾ ਜੋ ਮਾਂ ਦਾ ਛੱਬਾ ਸੀ, ਸਾਡਾ ਵੀ ਛੱਬਾ ਸੀ, ਬਾਅਦ ਵਿੱਚ ਸਰਜੀਤ ਸਿੰਘ ਬਣ ਗਿਆ… ਟੋਲੇ ਦਾ ਮੋਢੀ ਸੀ। ਕਬੂਤਰਾਂ ਦਾ ਉਹ ਬੜਾ ਵੱਜਰੀ ਸੀ ਤੇ ਕਈ ਵੇਰਾਂ ਕਬੂਤਰਾਂ ਦੇ ਪਿੱਛੇ ਕਈ ਕਈ ਦਿਨ ਬਾਹਰ ਲਾ ਆਉਂਦਾ ਸੀ। ਜਿੰਨਾਂ ਚਿਰ ਉਸ ਦੇ ਕਬੂਤਰ ਵਾਪਸ ਉਸ ਦੀ ਛਤਰੀ ਤੇ ਨਾ ਆਉਂਦੇ, ਉਹ ਘਰ ਵਾਪਸ ਨਾ ਮੁੜਦਾ। ਉਸ ਦਾ ਪਾਪਾ ਖੂੰਡੀ ਫੜ੍ਹ ਉਸ ਦੇ ਪਿੱਛੇ ਨਿਕਲਦਾ ਖਫਾ ਹੁੰਦਾ ਰਹਿੰਦਾ। 'ਮੈਂ ਇਸ ਨਲਾਇਕ ਪੁੱਤਰ ਨੂੰ ਫੌਜ ਵਿੱਚ ਅਫਸਰ ਬਣਾਉਣਾ ਸੋਚਿਆ ਸੀ ਪਰ ਇਹ ਤਾਂ ਕਬੂਤਰਾਂ ਜੋਗਾ ਹੀ ਰਹਿ ਗਿਆ।' 'ਫਿਕਰ ਨਾ ਕਰੋ ਡੈਡੀ ਜੀ, ਤੁਹਾਡਾ ਬੇਟਾ ਇਹ ਸਰਜੀਤ ਸਿੰਘ ਸੰਧੂ ਫੌਜ ਵਿੱਚ ਕੈਪਟਨ ਤੱਕ ਤੋਂ ਉੱਪਰ ਕਰਨਲ ਜਰਨਲ ਬਣ ਕੇ ਤੁਹਾਡੀ ਸ਼ਾਨ ਵਧਾਊ ਪਰ ਕਬੂਤਰਾਂ ਦੇ ਖੁੱਡੇ ਤੇ ਛਤਰੀ ਵੀ ਮੇਰੇ ਨਾਲ ਨਾਲ ਹੀ ਰਹਿਣੇ ਹਨ, ਲੜਾਈ ਦੇ ਮੈਦਾਨ ਵਿੱਚ ਵੀ।' ਮਾਂ ਬਾਪ ਮੱਥੇ ਨੂੰ ਹੱਥ ਮਾਰਦੇ ਅੰਦਰ ਹੀ ਅੰਦਰ ਗੁੰਮ ਹੋ ਹੋ ਜਾਂਦੇ। ਇੱਕ ਦਿਨ ਉਹ ਮੱਛਰ ਸਿੰਘ ਦੇ ਕਾਬੂ ਆ ਗਿਆ। ਉਸ ਨੇ ਫੜ ਕੇ ਉਸੇ ਦੇ ਸਾਫ਼ੇ ਨਾਲ ਦੋਨੋਂ ਹੱਥ ਪਿੱਛੇ ਬੰਨ੍ਹ ਦਿੱਤੇ ਤੇ ਪੈਰੀਂ ਮੱਝ ਵਾਲੇ ਸੰਗਲ਼ ਪਾ ਕੇ ਪੈਂਖੜ ਉਸ ਦੇ ਗਿੱਟਿਆਂ ਨੂੰ ਨਰੜ ਦਿੱਤਾ। ਕੱਚੀ ਯਾਰੀ ਦੇ ਸਾਥੀ ਸਾਰੇ ਦੌੜ ਗਏ। ਸਭ ਨੂੰ ਇਹੀ ਡਰ ਸੀ ਕਿ ਚੋਰ ਸੰਨ੍ਹ ਤੋਂ ਪਕੜਿਆ ਗਿਆ ਹੈ, ਇਹ ਬਕ ਪਵੇਗਾ ਤੇ ਸਾਰਿਆਂ ਦੇ ਘਰ ਉਲਾਂਭਾ ਜਾਏਗਾ। ਨਾਲ ਪੜ੍ਹਦੀਆਂ ਕੁੜੀਆਂ ਦੀ ਢਾਣੀ ਵੀ ਪਿੱਛੇ ਆ ਪਹੁੰਚੀ। ਉਹਨਾਂ ਨੂੰ ਮਾਮਲਾ ਸਮਝਣ ਵਿੱਚ ਕੋਈ ਦੇਰ ਨਾ ਲੱਗੀ। ਗੁਲਬਾਨੋ ਤੇ ਬਾਬੀ ਅੱਗੇ ਹੋ ਕੇ ਬਾਬੇ ਮੱਛਰ ਸਿੰਘ ਦੇ ਕੋਲ ਪਹੁੰਚ ਗਈਆਂ।
'ਚੰਗਾ ਬਾਬਾ ਜੀ! ਬਹੁਤ ਚੰਗਾ ਕੀਤਾ ਤੁਸਾਂ.... ਇਹ ਵੀ ਬਹੁਤ ਚਾਂਭਲਿਆ ਸੀ, ਰੋਜ਼ ਤੰਗ ਕਰਦਾ ਸੀ.... ਤੁਹਾਨੂੰ ਵੀ ਤੇ ਸਾਨੂੰ ਵੀ। ਬਾਬਾ ਜੀ ਆਉ ਅਸੀਂ ਤੁਹਾਨੂੰ ਪੈਸੇ ਵਟਾਉਂਦੀਆਂ ਹਾਂ।' ਬਾਬੀ ਦੀ ਫਲਾਉਣੀ ਨਾਲ ਬਾਬਾ ਬਹੁਤ ਖੁਸ਼ ਹੋਇਆ ਤੇ ਤੱਕੜੀ ਫੜ੍ਹ ਬੇਰ ਹਾੜਨ ਲੱਗਾ। ਬਾਬੀ ਦੇ ਇਸ਼ਾਰੇ ਨਾਲ ਸੁਖਰਾਜ ਨੇ ਪਹਿਲਾਂ ਉਸ ਦੇ ਪੈਂਖੜ ਦੀ ਘੁੰਡੀ ਘੋਲੀ ਤੇ ਫਿਰ ਖੱਬੇ ਦੇ ਸਾਰੇ ਬੰਨ੍ਹ ਖੋਲ੍ਹ ਕੇ ਉਸ ਨੂੰ ਮੁਕਤ ਕਰ ਦਿੱਤਾ। ਬਾਬਾ ਮੱਛਰ ਸਿੰਘ ਉਸ ਨੂੰ ਆਜ਼ਾਦ ਵੇਖ ਕੇ ਪਸੀਨੇ ਪਸੀਨੀ ਹੋ ਗਿਆ। ਅੜਿੱਕੇ ਆਇਆ ਸ਼ਿਕਾਰ ਨਿਕਲ ਚੁੱਕਾ ਸੀ।
ਕੁੜੀਆਂ ਖਿੜਖਿੜਾ ਕੇ ਹੱਸਦੀਆਂ ਬਾਬੇ ਨੂੰ ਬੁੱਧੂ ਬਣਾ ਕੇ ਪਿੰਡ ਦੀ ਡੰਡੀ ਪੈ ਗਈਆਂ। ਉਸ ਦਿਨ ਤੋਂ ਬਾਦ ਅਮਰਵੇਲ ਦੀਆਂ ਕੁਝ ਕੁ ਕਰੂੰਬਲਾਂ ਨੇ ਹੌਲੀ ਹੌਲੀ ਸਾਰੀਆਂ ਬੇਰੀਆਂ ਨੂੰ ਢੱਕ ਲਿਆ ਤੇ ਬੇਰੀਆਂ ਦਾ ਉਜਾੜਾ ਪੜ੍ਹਾਕੂਆਂ ਨਾਲ ਖੁੰਧਕ ਦਾ ਸਿੱਟਾ ਮੱਛਰ ਸਿੰਘ ਨੂੰ ਭੁਗਤਣਾ ਪਿਆ। ਉਹ ਕਈ ਦਿਨ ਕੁੱਝ ਵੇਲਾਂ ਡਾਂਗ ਤੇ ਲਟਕਾ ਕੇ ਤੇ ਕੁਝ ਪਰਨੇ ਵਿੱਚ ਬੰਨ੍ਹ ਕੇ ਹੈੱਡਮਾਸਟਰ ਦੇ ਦਫ਼ਤਰ ਗੇੜੇ ਮਾਰਦਾ ਰਿਹਾ । ਹੈੱਡਮਾਸਟਰ ਨੇ ਖੱਬੇ ਤੇ ਹੋਰਨਾਂ ਹਮਸਫ਼ਰਾਂ ਨੂੰ ਪਰੇਡ ਹਾਜਰ ਕਰ ਲਿਆ। ਖੱਬੇ ਨੇ ਬੜੇ ਤਹੱਮਲ ਨਾਲ ਜੁਆਬ ਦੇ ਕੇ ਹੈੱਡਮਾਸਟਰ ਨੂੰ ਕਾਇਲ ਕਰ ਕੇ ਸਾਰੇ ਟੋਲੇ ਨੂੰ ਬਰੀ ਕਰਾ ਦਿੱਤਾ।
'ਸਰ ਤੁਸੀਂ ਪਿਛਲੇ ਮਹੀਨੇ ਹੀ ਭਾਈ ਵੀਰ ਸਿੰਘ ਪੜ੍ਹਾਇਆ ਸੀ ਕਿ ਕੇਲੋਂ ਦੇ ਗਲ ਲਿਪਟੀ ਚਿੰਬੜੀ ਵੇਲ ਨੂੰ ਘਸੀਟਣ ਤੇ ਲਾਹੁਣ ਵਾਲਾ ਮਹਾਂ ਪਾਪੀ ਹੁੰਦਾ ਹੈ। ਅਸਾਂ ਤੇ ਵੇਲ ਦਾ ਬੇਰੀਆਂ ਨਾਲ ਮਿਲਾਪ ਕਰਾ ਕੇ ਪੁੰਨ ਖੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਬਾਬੇ ਨੇ ਉਹਨਾਂ ਨੂੰ ਵਿਛੋੜ ਕੇ ਜੁਲਮ ਕੀਤਾ ਹੈ। ਵੇਖੋ! ਡਾਂਗ ਤੇ ਪਈਆਂ ਵੇਲਾਂ ਕਿਵੇਂ ਮੁਰਝਾ ਕੇ ਰੋਂਦੀਆਂ ਸਰਾਫ ਦੇ ਰਹੀਆ ਨੇ।' ਹੈੱਡ ਸਾਹਿਬ ਨੇ ਲਾਲ ਅੱਖਾਂ ਕੱਢਦੇ ਛੱਬੇ ਨੂੰ ਘੁਰਕੀ ਜਿਹੀ ਮਾਰੀ ਤੇ ਬਾਬੇ ਨੂੰ ਝੂਠੀ ਜਿਹੀ ਤਸੱਲੀ ਦੇ ਕੇ ਤੋਰ ਦਿੱਤਾ। ਅਖੀਰ ਬੇਰੀਆਂ ਵਿਚਾਰੀਆਂ ਸੋਕੜੇ ਮਾਰੇ ਬੱਚੇ ਵਾਂਗ ਸੁੱਕਦੀਆਂ ਸੁੱਕਦੀਆਂ ਸੁੱਕ ਕੇ ਰੁੰਡ-ਮਰੁੰਡ ਹੋ ਗਈਆਂ।
'ਲਿਆ ਜੁਆਨਾਂ ਮੈਂ ਤੇਰੀ ਕੁਛ ਮਦਦ ਕਰਾਂ। ਔਹ ਵੇਖ ਨੱਕਾ ਟੁੱਟ ਗਿਆ ਖੋਰੇ?' ਅਚਨਚੇਤ ਭਰੀਆਂ ਓਹਲਿਓਂ ਨਿਕਲਿਆ ਬਾਬੂ ਨਾਈ ਸਾਹਮਣੇ ਆ ਖੜ੍ਹਾ ਹੋਇਆ।
ਖਾਲ ਟੁੱਟ ਗਿਆ ਸੀ.... ਪਾਣੀ ਪਿੜ ਵੱਲ ਦੌੜਦਾ ਆ ਰਿਹਾ ਸੀ। ਸੁੱਖ ਨੇ ਭੱਜ ਕੇ ਕਹੀ ਚੁੱਕੀ ਤੇ ਮਿੱਟੀ ਦੀਆਂ ਗਾਚੀਆਂ ਭਰ ਭਰ ਕੇ ਪਾੜ ਅੰਦਰ ਰੱਖੀਆਂ ਤੇ ਕਹੀ ਦੇ ਪੱਤ ਨਾਲ ਦਬਾ ਕੇ ਸੀਰ ਬੰਦ ਕਰ ਦਿੱਤੀ।
'ਕਿਉਂ ਕਸ਼ਟ ਦਿੰਦਾ ਏਂ ਇਸ ਕੋਮਲ ਜਿਹੀ ਜਾਨ ਨੂੰ! ਜਾਹ ਵੇਖ ਕਿੰਨੀਆਂ ਤਿਤਲੀਆਂ ਤ੍ਰੇਲ ਦੇ ਕਤਰੇ ਚੁਣਦੀਆਂ ਤੇਰੀ ਇੰਤਜ਼ਾਰ ਕਰ ਰਹੀਆਂ ਨੇ।'
'ਨਹੀਂ.... ਨਹੀਂ ਨਹੀਂ ਕੋਈ ਲੋੜ ਨਹੀਂ ਮਿਹਰਬਾਨੀ… ਮੈਂ ਕਿਹੜਾ ਭੌਰਾ ਹਾਂ।' ਉਸ ਨੇ ਥੋੜਾ ਜਿਹਾ ਮੁਸਕਰਾ ਕੇ ਬਾਬੂ ਦਾ ਸਵਾਗਤ ਕੀਤਾ।
'ਲੈ ਕੋਈ ਨਹੁੰ ਨੂੰਹੁੰ ਲੂਹਾ ਲੈ।' ਮੋਢੇ ਪਾਈ ਥੈਲੀ ਵਿੱਚੋਂ ਨਹੇਰਨਾ ਕੱਢਦਿਆਂ ਉਹ ਉਸ ਦੇ ਪਿੱਛੇ ਨਾਲ ਨਾਲ ਚੱਲ ਪਿਆ।
'ਨਹੀਂ ਭਾਈ ਨਹੀਂ ਏਨਾ ਟਾਈਮ ਕਿੱਥੇ? ਨਹੁੰ ਤਾਂ ਮੈ ਕਲਮ ਘੜਨ ਵਾਲੇ ਕਾਚੂ ਨਾਲ ਹੀ ਸਾਫ ਕਰ ਲੈਂਦਾ ਹਾਂ।' ਉਸ ਨੂੰ ਝਟਕ ਦਿੱਤਾ।
'ਲਿਆ ਸੋਟੀ ਮੈਨੂੰ ਫੜ੍ਹਾ ਤੇ ਲੈ, ਉਸਤਰਾ ਅਸਤਰਾ ਵਰਤ ਲੈ, ਤੇਰੀ ਡੀਹਟੀ ਮੈਂ ਕਰਦਾਂ।' ਰਾਜੇ ਨੇ ਉਸ ਨੂੰ ਪਤੀਜਣ ਦੀ ਕੋਸ਼ਿਸ਼ ਕੀਤੀ।
'ਸਾਸਰੀ ਕਾਲ…'। ਸਿਰ ਤੇ ਪਾਣੀ ਦੀ ਝੱਜਰ ਚੁੱਕੀ ਧੰਤੂ ਝੀਰ ਨੇ ਵੀ ਆ ਅਲਖ ਜਗਾਈ।
'ਨਹੀਂ ਨਹੀਂ ਭਾਊ ਮੈਨੂੰ ਕੁਝ ਨੀਂ ਚਾਹੀਦਾ ਮਾਮੇ ਨੂੰ ਜਗਾ ਲਓ।' ਉਹ ਪਹਿਲਾਂ ਹੀ ਅੱਕਿਆ ਪਿਆ ਸੀ ਪਰ ਖੁਸ਼ ਵੀ ਹੋਇਆ ਕਿ ਇਹ ਹੁਣ ਆਪੇ ਮਾਮੇ ਨੂੰ ਜਗਾ ਕੇ ਮੇਰੀ ਖਲਾਸੀ ਕਰਾ ਦੇਣ ਗੇ।
ਇਹ ਵਿਚਾਰੇ ਤਿੱਖੜ ਦੁਪਹਿਰੇ ਵੱਢ ਵੱਢ 'ਚ ਜਾ ਕੇ ਹਾੜੀ ਨਾਲ ਜੂਝ ਰਹੇ ਜੱਟਾਂ ਦੀ ਖ਼ਿਦਮਤਗਾਰੀ ਕਰਦੇ ਨੇ ਦੋ ਮੱਕੜਿਆਂ ਦੀ ਖਾਤਰ। ਇਹ ਮੱਕੜਾ ਭਰੀ ਮੰਗਣਗੇ, ਮੇਰੇ ਕੋਲ ਏਨਾ ਇਖਤਿਆਰ ਨਹੀਂ। ਮਿੱਠੀਆਂ ਯਾਦਾਂ ਦੀ ਲੜੀ ਵਿੱਚ ਵਿਘਨ ਪਿਆ ਵੇਖ ਕੇ ਉਹ ਮਨ ਹੀ ਮਨ ਵਿੱਚ ਕਲਪ ਉੱਠਿਆ। ਉਸ ਦਾ ਸਬਰ ਪਿਆਲਾ ਕੰਢਿਆਂ ਤੋਂ ਉਛਲਨ ਲਈ ਤਿਆਰ ਸੀ। ਉਨ੍ਹਾਂ ਦੀ ਆਵਾਜ਼ ਸੁਣ ਕੇ ਅੰਗੜਾਈ ਭਰਦਾ ਮਾਮਾ ਉਠ ਖੜਾ ਹੋਇਆ।
ਕੈਦੀ ਜਿਵੇਂ ਜੇਲ੍ਹ 'ਚੋਂ ਛੁੱਟ ਕੇ ਜਲਦ ਬਾਹਰ ਨਿਕਲਨ ਦੀ ਕਾਹਲ ਵਿੱਚ ਹੁੰਦਾ ਹੈ, ਮਾਮੇ ਦਾ ਇਸ਼ਾਰਾ ਵੇਖ ਕੇ ਉਸ ਨੇ ਫਟਾਫਟ ਫਲ਼ਿਆਂ ਦੀਆਂ ਜੋਗਾਂ ਨੂੰ ਹੁੰਗਾਰਾ ਮਾਰਿਆ।
'ਖਲੋਅ....ਖਲੋਅ....ਪੂਚਚ....ਖਲੋਅæਅææਅæ।'
ਪਹਿਲਾਂ ਅਗਲੀ ਜੋੜੀ ਖਲੋ ਗਈ ਤੇ ਫਿਰ ਪਿਛਲੀ। ਖਲੋ ਕੇ ਚਾਰੇ ਢੱਗੇ ਮੂਤਰ ਕਰਨ ਲੱਗੇ।
'ਸਾਂਭ ਲੈ ਮਾਮਾ....।' ਉਸ ਨੇ ਪਾਸੇ ਨਿਕਲ ਕੇ ਪ੍ਰਾਣੀ ਪਾਸੇ ਵਗ੍ਹਾ ਮਾਰੀ ਤੇ ਖੂਹ ਵੱਲ ਨੂੰ ਦੁੜਕੀ ਲਗਾ ਦਿੱਤੀ।
'ਊਈ…ਈ …ਈ।'
ਡਾਂਡੇ ਮੀਂਡੇ ਦੌੜਦੇ ਦੁੜੰਗੇ ਮਾਰਦੇ ਵੱਢ 'ਚੋਂ ਤਿੱਖਾ ਬੁੱਥਾ ਪੈਰ ਦੀ ਤਲੀ ਪਾੜਦਾ ਉਸ ਦੀਆਂ ਚੀਕਾਂ ਕਢਾ ਗਿਆ। ਉਸ ਨੇ ਘੁੱਟ ਕੇ ਪੈਰ ਫੜ੍ਹ ਲਿਆ ਤੇ ਲੰਗ ਮਾਰਦਾ ਹੋਰ ਸਮਾ ਨਸ਼ਟ ਕਰਨ ਤੋਂ ਬਿਨਾ ਹੀ ਅੱਗੇ ਵਧਿਆ। ਕੁਝ ਵਿਅਕਤੀ ਖੂਹ ਤੇ ਹਵੇਲੀ ਦੀ ਬਾਹਰਲੀ ਕੱਚੀ ਕੰਧ ਤੋਂ ਸਿਰ ਉੱਚਾ ਚੁੱਕ ਕੇ ਦੇਖ ਰਹੇ ਸਨ ਜਾਂ ਰਹੀਆਂ ਸਨ, ਉਹ ਦੂਰੋਂ ਪਛਾਣ ਨਹੀਂ ਸਕਿਆ।
'ਬਾਬੀ ਆਏਗੀ.... ਉਹੋ ਹੀ ਹੋਵੇਗੀ.... ਉਸੇ ਦਾ ਹੀ ਝਉਲਾ ਪਿਆ ਸੀ.... ਵਾਵਰੋਲੇ ਵਿੱਚ।' ਸੋਚਦਾ ਸੋਚਦਾ ਉਹ ਖੂਹ ਵੱਲ ਨੂੰ ਬਹੁੜਿਆ। ਬੜੇ ਵੱਡੇ ਦੂਰ ਤੱਕ ਖਿੱਲਰੇ ਬੋਹੜ ਦੀ ਠੰਢੀ ਮਿੱਠੀ ਛਾਂ ਥੱਲੇ ਦੁਪਹੈਰਾ ਕੱਟਦੇ ਥੱਕੇ ਟੁੱਟੇ ਹੋਰ ਕਿਰਸਾਣ, ਉਹਨਾਂ ਦੇ ਪਸ਼ੂ, ਚਿੜੀਆਂ ਜਨੌਰਾਂ ਦਾ ਚੜੋਲੜ ਤੇ ਵਗਦੇ ਦੋਹਾਟੇ ਖੂਹਾਂ ਦੀ ਕਲ ਕਲ ਕਰਦੀਆਂ ਚੁਬੱਚਿਆਂ ਵਿੱਚ ਪੈਂਦੀਆਂ ਧਾਰਾਂ ਦੇ ਬੜੇ ਦਿਲ ਟੁੰਬਵੇਂ ਨਜ਼ਾਰੇ ਨੂੰ ਅਣਗੌਲੇ ਕਰਕੇ ਹਵੇਲੀ ਸਾਹਮਣੇ ਪਹੁੰਚਾ।
'ਹਈ ਸ਼ਾਵਾ ਸ਼ੇ! ਵੇਖਿਆ ਜੱਟਾਂ ਦੀ ਜੂਨ? ਮੇਰਾ ਮਲੂਕ ਜਿਹਾ ਪੁੱਤ ਐਵੇਂ ਕਾਬੂ ਆ ਗਿਆ ਅੱਜ।' ਦਰਵਾਜੇ ਮੂਹਰੇ ਜੁੱਤੀ ਝਾੜਦਾ ਨਾਨਾ ਵੇਖ ਕੇ ਉਹ ਭਮੰਤਰ ਗਿਆ ਜਿਵੇਂ ਸ਼ੁੱਭ ਕੰਮ ਤੇ ਜਾਣ ਸਮੇਂ ਕੋਈ ਨਿੱਛ ਮਾਰ ਦੇਵੇ ਜਾਂ ਮਖਮਲੀ ਤ੍ਰੇਲ ਭਿੱਜੀ ਕਾਸ਼ਨੀ ਤੇ ਚਲਦੇ ਚਲਦੇ ਭੱਬੂ-ਕੁੱਤਾ ਉਸ ਦੇ ਪੈਰਾਂ ਥੱਲੇ ਆ ਕੇ ਕਰੀਚਿਆ ਗਿਆ ਹੋਵੇ। ਵੱਡਾ ਬਾਪੂ ਵੀ ਸਵੇਰ ਦਾ ਸੌਦਾ ਪੱਤਾ ਲੈਣ ਮਜੀਠੇ ਗਿਆ ਮੁੜ ਆਇਆ ਸੀ।
ਨਾਨਾ ਆਪ ਨੱਬੇ ਸਾਲ ਦੀ ਉਮਰ ਤੱਕ ਰੋਜ਼ਾਨਾ ਡੰਡ ਬੈਠਕਾਂ ਮਾਰਦਾ ਤੇ ਬਿਨਾ ਨਾਗ਼ਾ ਮੁਗਦਰ ਫੇਰਦਾ ਸੀ। ਸੁਖਰਾਜ ਵੱਲ ਆਉਂਦੀਆਂ ਕੁੜੀਆਂ ਦੇ ਝੁਰਮਟ ਵੇਖ ਕੇ ਨਾਨਾ ਤਾਂ ਅੱਗੇ ਹੀ ਕਲਪਦਾ ਸੀ। ਫੇਰੇ ਮਾਰਦੀਆਂ ਸੁੰਦਰ ਕੁੜੀਆਂ ਦਾ ਟੇਢੀ ਅੱਖੇ ਖੁਰਾ ਖੋਜ ਨੱਪਦਾ ਵਿਸਾਹ ਕੇ ਕਦੇ ਕਦੇ ਸੁਖਰਾਜ ਦੀਆਂ ਹਰਕਤਾਂ ਦੀ ਘੋਖਵੀਂ ਪੜਤਾਲ ਕਰਨ ਲੱਗ ਗਿਆ ਸੀ।
'ਡੰਡ ਬੈਠਕਾਂ ਮਾਰਿਆ ਕਰ ਪੁੱਤ! ਤੇ ਮਿਹਨਤ ਕਰ ਕੇ ਸਰੀਰ ਕਮਾਅ ਲੈ। ਵੇਖ! ਇਹ ਮੁਗਦਰ, ਮੁੰਗਲੀਆਂ, ਭੌੜੀਆਂ, ਗੋਲਾ, ਤਵੀਆਂ, ਰੱਸੀਆਂ ਤੇ ਇਹ ਵੇਖ ਮੇਰੇ ਡੌਲ਼ੇ ਛੱਲੀਆਂ ਤੇ ਕਮਾਇਆ ਹੋਇਆ ਫੌਲਾਦ ਵਰਗਾ ਨਿੱਗਰ ਸਰੀਰ! ਇਹ ਸਾਰੀ ਕਮਾਈ ਇਹਨਾਂ ਕਸਰਤਾਂ ਦੀ ਹੀ ਮਿਹਰਬਾਨੀ ਹੈ। ਓਏ ਪੁੱਤ ਬੇਟਾ , ਖੂਬ ਪੜ੍ਹਾਈ ਕਰਿਆ ਕਰ, ਇਹਨਾਂ ਉਮੀਆਂ ਪੋਨੀਆਂ ਤੋਂ ਬਚਿਆ ਰਹੋ। ਇਹ ਬਾਹਰੋਂ ਜਿੰਨੀਆਂ ਮਿੱਠੀਆਂ ਤੇ ਸੁੰਦਰ ਨੇ, ਅੰਦਰੋਂ ਜ਼ਹਿਰ ਵਾਂਗ ਕਸੈਲ਼ੀਆਂ ਨੇ, ਸੱਪ ਵਾਗ ਜਕੜ ਲੈਂਦੀਆਂ ਨੇ ਇਹ ਜੁਆਨੀ ਨੂੰ। ਇਹਨਾਂ ਤੋਂ ਅੱਖ ਬਚਾ ਕੇ ਲੰਘ ਜਾਇਆ ਕਰ ਪਾਸੇ ਪਾਸੇ। ਇਹ ਪੋਨੇ ਵਾਂਗ ਬੰਦੇ ਨੂੰ ਚੂਪ ਕੇ ਛਿੱਲੜ ਛਿੱਲੜ ਕਰ ਕੇ ਸੁੱਟ ਦਿੰਦੀਆਂ ਨੇ।'
'ਮੈਂ ਤਾਂ ਸੁਣਿਆ ਸੀ ਪਈ ਇਹ ਮਨੁੱਖ ਦੇ ਅੰਦਰ ਨਵੇਂ ਹੁਸੀਨ ਰਾਗ ਤੇ ਤਰੰਗਾਂ ਭਰ ਕੇ ਜੀਵਨ ਵਿੱਚ ਰੰਗੀਨ ਰੌਸ਼ਨੀਆਂ ਤੇ ਰੰਗੀਨੀਆਂ ਭਰੀਆਂ ਮਧੁਰ ਸੁਰਾਂ ਛੇੜ ਦਿੰਦੀਆਂ ਨੇ ਜਿਨ੍ਹਾਂ ਤੋਂ ਬਿਨਾਂ ਮਨੁੱਖ ਅਧੂਰਾ ਹੈ।' ਉਸ ਨੇ ਝਕਦੇ ਝਕਦੇ ਨਾਨੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਦਿੱਤੀਆਂ ਪਰ ਬੇਟੈਮੀ ਚੇਤਾਵਨੀ ਤੇ ਨਸੀਹਤਾਂ ਨੇ ਉਸ ਦਾ ਮੱਚ ਮਾਰ ਦਿੱਤਾ।
'ਤੇਰੀ ਗੱਲ ਵੀ ਠੀਕ ਏ ਪੁੱਤਰ! ਪਰ ਮੇਵਾ ਰੁੱਤ ਰੁੱਤ ਦਾ ਮਿੱਠਾ ਹੁੰਦਾ ਹੈ। ਬੇ-ਮੌਸਮੀ ਕੱਚਾ ਫਲ ਕਈ ਰੋਗਾਂ ਦੀ ਜੜ੍ਹ ਹੁੰਦਾ ਹੈ। ਇਸ ਨੂੰ ਕੀੜਾ ਵੀ ਛੇਤੀ ਲਗਦਾ ਹੈ ਤੇ ਕਾਂ ਤੋਤੇ ਵੀ ਜਲਦੀ ਠੂੰਗਣ ਲਗਦੇ ਨੇ। ਤੇਰਾ ਅਜੇ ਆਵਾ ਕੱਚਾ ਹੈ, ਇਹਨੂੰ ਪੱਕ ਲੈਣ ਦੇ। ਸੁਣਿਆਂ ਨਹੀਂ ਤੂੰ! ਕੱਚਾ ਆਪ ਵੀ ਡੁੱਬ ਗਿਆ ਸੀ ਤੇ ਉਸ ਸੋਹਣੀ ਨੂੰ ਵੀ ਡੋਬ ਦਿੱਤਾ ਸੀ!'
ਅੰਦਰ ਲੰਘ ਕੇ ਡਿੱਠਾææ ਛੋਟੇ ਬੱਚੇææ ਮਾਮਿਆਂ ਦੇ ਕੁੜੀਆਂ ਮੁੰਡੇææ ਭੁੰਜੇ ਪੱਠਿਆਂ ਵਾਲਾ ਤੱਪੜ ਵਿਛਾ ਕੇ ਬੈਠ ਰਹੇ ਸਨ। ਰੋਟੀਆਂ ਦੀ ਚੰਗੇਰ, ਪੋਣੇ ਵਿੱਚ ਲਪੇਟੀਆਂ ਰੋਟੀਆਂ, ਲੱਸੀ ਦੀ ਚਾਟੀ, ਕਹਿੰ ਦੇ ਛੰਨੇ, ਕੜੇ ਵਾਲੇ ਗਿਲਾਸ ਤੇ ਕੁਝ ਕੁਝ ਬੰਦ ਡੱਬੇ ਡੱਬੀਆਂ ਟਿਕੇ ਪਏ ਸਨ।
'ਹੋਰ ਕੌਣ ਹੈ ਨਾਲ਼æ?' ਉਸ ਨੇ ਆਪਣੀ ਉਤਸੁਕਤਾ ਜ਼ਾਹਰ ਕੀਤੀ।
'ਬਾਨੋ ਹੈ ਪਿੱਛੇ....।' ਛੋਟੀ ਬੇਬੀ ਨੇ ਕਹਿ ਕੇ ਉਸ ਦੀ ਉਮੀਦਾਂ ਤੇ ਪਾਣੀ ਫੇਰ ਦਿੱਤਾ। ਗੁਲਬਾਨੋ ਵੀ ਜਲਦੀ ਸਾਹਮਣੇ ਆ ਖੜ੍ਹੀ। ਪਾਣੀ ਵਾਲੇ ਹੱਥ ਛੰਡਦੀ ਹੱਸਦੇ ਹੱਸਦੇ ਪਾਣੀ ਦੇ ਛਿੱਟੇ ਉਸ ਨੇ ਜੁਗਰਾਜ ਵੱਲ ਦੇ ਮਾਰੇ। ਉਹ ਵੀ ਹੱਸ ਪਿਆ।
'ਹਾਏ ਮੈਂ ਮਰਗੀ… ਲਹੂ! ਕੀ ਹੋਇਆ?' ਉਹ ਝਪਟ ਕੇ ਉਸ ਦੇ ਪੈਰਾਂ ਨੂੰ ਪੈ ਗਈ। ਸੁਖਰਾਜ ਨੇ ਗੌਲ਼ਿਆ ਹੀ ਨਹੀਂ ਕਿ ਉਸ ਦੇ ਇਤਨਾ ਖੂਨ ਵਗ ਰਿਹਾ ਹੈ। ਉਸ ਨੇ ਜੀ-ਭਿਆਣੇ ਕਸੀਸ ਵੱਟ ਕੇ ਪੈਰ ਉਸ ਅੱਗੇ ਕਰ ਦਿੱਤਾ। ਬਾਨੋ ਨੇ ਆਪਣੀ ਚੁੰਨੀ ਨਾਲੋਂ ਕਿਨਾਰੀ ਪਾੜੀ, ਜ਼ਖ਼ਮ ਸਾਫ ਕੀਤਾ, ਬੁੱਥੇ ਦੇ ਤਿਣਕੇ ਟੋਟੇ ਬਾਹਰ ਕੱਢੇ ਤੇ ਕੋਮਲ ਕੋਮਲ ਹੱਥਾਂ ਨਾਲ ਪੱਟੀ ਬੰਨ੍ਹ ਦਿੱਤੀ
'ਮਿਹਰਬਾਨੀ ਸ਼ੁਕਰੀਆ! ਮੈਂ ਕਿਹਾ.... ਬਾਬੀ ਆਈ ਹੈ ਅੱਜ।' ਸੁਖਰਾਜ ਨੇ ਹਾਸੇ ਦਾ ਛਿੜਕਾਅ ਕੀਤਾ। ਉਹਦੀ ਦੁਹਰਾਈ ਸੁਣਕੇ ਉਹ ਗੰਭੀਰ ਰੋਣਾ ਜਿਹਾ ਮੂੰਹ ਬਣਾ ਕੇ ਸੁੰਗੜ ਗਈ।
ਇੱਕ ਥਾਲ਼ੀ ਵਿੱਚ ਸਬਜ਼ੀ, ਇੱਕ ਕੌਲੀ ਵਿੱਚ ਦਹੀਂ, ਇੱਕ ਵਿੱਚ ਸ਼ੱਕਰ ਤੇ ਉੱਪਰ ਗਰਮ ਕੀਤਾ ਘਿਉ। ਰੋਟੀਆਂ ਥੱਲਦੀ ਫੋਲਦੀ ਕੁਝ ਰੋਟੀਆਂ ਵਿਚਕਾਰੋਂ ਕੱਢ ਕੇ ਤਾਸੀ ਵਿੱਚ ਰੱਖਦੀ ਉਸਨੇ ਫਿਰ ਸੁੱਖਰਾਜ ਨਾਲ ਅੱਖਾਂ ਚਾਰ ਕੀਤੀਆਂ। ਚੋਂਗੇ ਵਾਲੀਆਂ ਤੰਦੂਰ ਦੀਆਂ ਰੋਟੀਆਂ ਦੇਸੀ ਘਿਉ ਵਿੱਚ ਗੁੱਝੀਆਂ ਗੜੁੱਚੀਆਂ ਵੇਖ ਕੇ ਸੁੱਖ ਦੇ ਸਾਰੇ ਥਕੇਵੇਂ ਤੇ ਜ਼ਖ਼ਮ ਦਾ ਦਰਦ ਦੂਰ ਹੋ ਗਏ।
'ਇਹ ਰੋਟੀਆਂ ਮੈਂ ਆਪ ਪਕਾਈਆਂ ਨੇ ਤੇਰੇ ਵਾਸਤੇ।' ਮੂੰਹ ਵਿੱਚੋਂ ਜਿਵੇਂ ਫੁੱਲ ਕਿਰੇ ਹੋਣ। ਉਸ ਨੇ ਅੱਖਾਂ ਅੱਡੀਆਂ।
ਸੁਖਰਾਜ ਵੱਲੋਂ ਕਿਸੇ ਕਿਸਮ ਦੀ ਪਹਿਲਕਦਮੀ ਨਾ ਹੋਣ ਕਰਕੇ ਉਸ ਨੇ ਆਪ ਹੀ ਪਹਿਲ ਕੀਤੀ।
ਇਹ ਕਿਹੜੀ ਉਚੇਚੀ ਗੱਲ ਹੋਈ। ਅੱਗੇ ਵੀ ਤਾਂ ਕਈ ਵੇਰਾਂ ਗਵਾਂਢੀ ਹੋਣ ਦੇ ਨਾਤੇ ਘਰ ਦੇ ਕੰਮ 'ਚ ਹੱਥ ਵਟਾਉਂਦੀ ਹੈ। ਨਾਨੀ ਫੱਤੋ ਦੀ ਵਿਚੋਲਣ ਹੈ ਤੇ ਦੋਵੇਂ ਇੱਕੇ ਪਿੰਡ ਦੀਆਂ ਹੋਣ ਕਰਕੇ ਭੈਣਾਂ ਦਾ ਨਾਤਾ ਵਰਤਦੀਆਂ ਹਨ।
'ਚੰਗਾ ਕੀਤਾ.... ਧੰਨਵਾਦ.... ਬਹੁਤ ਚੰਗੀਆਂ ਨੇ ਰੋਟੀਆਂ।' ਕਹਿ ਕੇ ਸੁੱਖ ਨੇ ਆਸੇ ਪਾਸੇ ਵੇਖਿਆ ਜਿਵੇਂ ਮਾਮੇ ਨੂੰ ਉਡੀਕ ਰਿਹਾ ਹੋਵੇ।
'ਕਿਉਂ ਕੀ ਦੇਖਦੋਂ? ਮੈਂ ਪਾਮਾਂ ਬੁਰਕੀ ਮੂੰਹ 'ਚ....?' ਉਹ ਫਿਰ ਹੱਸ ਪਈ ਪਰ ਉਹ ਉਸ ਦੇ ਹਾਸੇ 'ਚ ਸ਼ਾਮਲ ਹੋਣ ਤੋਂ ਬਿਨਾਂ ਹੀ ਰੋਟੀ ਖਾਣ ਲੱਗਾ।
'ਬਾਬੀ ਨਹੀਂ ਆਈ?'
ਦੂਸਰੀ ਗਰਾਹੀ ਮੂੰਹ 'ਚ ਪਾਉਂਦੇ ਉਸਦੀ ਜ਼ਬਾਨ ਫੇਰ ਖੁੱਲ੍ਹ ਗਈ। ਅੰਦਰਲੀ ਹਵਾੜ੍ਹ ਸਾਰੇ ਬੰਨ੍ਹ ਤੋੜ ਕੇ ਬਾਹਰ ਮੂੰਹ ਤੇ ਆ ਟਪਕੀ। ਦਿਲ ਦੀ ਬਾਤ ਬਤਾ ਦੇਂਦਾ ਹੈ ਅਸਲੀ ਨਕਲੀ ਚਿਹਰਾ।
'ਕਿਉਂ ਉਹਦੇ ਤਾਈਂ ਕੀ ਕੰਮ ਤੈਨੂੰ?' ਬੜੀ ਖੁਰਦਰੀ ਤੇ ਤਲਖ਼ ਆਵਾਜ਼ ਵਿੱਚ ਬਾਨੋ ਨੇ ਇਸ ਨਿਰਾਦਰ ਦੇ ਪ੍ਰਤੀਕਰਮ ਵਜੋਂ ਨੱਕ ਸੁਕੇੜ ਲਿਆ।
ਲੜਾਕੇ ਸੰਢਿਆਂ ਵਾਂਗ ਚਾਰੇ ਅੱਖਾਂ ਭਿੜ ਗਈਆਂ। ਕੋਈ ਗੱਲ ਨਹੀਂ ਹੋਈ ਫਿਰ। ਰੋਟੀ ਖਾਣ ਵਾਲੇ ਸਾਰੇ ਆ ਗਏ। ਮਾਮਾ ਦੀਪਾ ਪਾਣੀ ਦੀ ਵਾਰੀ ਦਾ ਟਾਈਮ ਲੈ ਕੇ ਹਫਿਆ ਸਾਹੋ ਸਾਹੀ ਹੋਇਆ ਆਣਿ ਵੜਿਆ। ਬਾਨੋ ਦਾ ਪਾਪਾ ਵੀ ਨਹਿਰ ਪਾਰਲੀ ਆਪਣੀ ਵਾਢ ਛੱਡ ਕੇ ਸੁਨੇਹੇ ਅਨੁਸਾਰ ਆ ਪਹੁੰਚਾ। ਨਾਈ ਤੇ ਝੀਰ ਵੀ ਕੈਲੇ ਮਾਮੇ ਨਾਲ ਰੋਟੀ ਪਾਣੀ 'ਚ ਹਿੱਸਾ ਵੰਡਾਉਣ ਨਾਲ ਹੀ ਅੰਦਰ ਲੰਘ ਆਏ।
ਬਾਨੋ ਨੇ ਭਰੇ ਹੋਏ ਗੁੱਭ-ਗਲ੍ਹੇਟ ਮਨ ਵਿੱਚ ਲੈ ਕੇ ਛੋਟੇ ਬੱਚਿਆਂ ਨਾਲ ਰਲ ਕੇ ਸਾਰਿਆਂ ਨੂੰ ਰੋਟੀ ਵਰਤਾਈ। ਦੋ ਦੋ ਦੋੜਾਂ, ਮੰਨੀਆਂ ਉੱਤੇ ਸਬਜ਼ੀ ਪਾ ਕੇ ਹੱਥੀਂ ਫੜ੍ਹਾ ਦਿੱਤੀਆਂ। ਉਹ ਬੜਾ ਹੈਰਾਨ ਹੋਇਆ। ਚੋਂਗੇ ਵਾਲੀ ਰੋਟੀ ਹੋਰ ਕਿਸੇ ਦੇ ਹਿੱਸੇ ਨਹੀਂ ਆਈ।
ਉਸ ਨੇ ਸਾਰਿਆਂ ਦੇ ਹੱਥਾਂ ਵੱਲ ਵੇਖਿਆ ਤੇ ਫਿਰ ਆਪਣੀ ਤਾਸੀ 'ਚ ਪਏ ਨੁੱਚੜਦੇ ਪਰਾਉਂਠੇ। ਉਸ ਨੂੰ ਇੱਕ ਪਾਸੇ ਸਾਫ ਤਰਫਦਾਰੀ ਤੇ ਦੂਜੇ ਪਾਸੇ ਕੁਝ ਕੁਝ ਵਿਤਕਰਾ ਮਹਿਸੂਸ ਹੋ ਗਿਆ। ਸਭ ਦੇ ਹੱਥ ਮੂੰਹ ਵੱਲ ਤਰੇਛਵੀਂ ਨਜ਼ਰ ਮਾਰਦਾ ਉਹ ਬਾਨੋ ਵੱਲ ਵੇਖਦਾ ਰਿਹਾ। ਉਹ ਉਸ ਵੱਲ ਵੇਖ ਕੇ ਝੂਠੀ ਜਿਹੀ, ਕੁਝ ਸ਼ਰਾਰਤੀ ਜਿਹੀ ਤੇ ਕੁਝ ਬਣਾਉਟੀ ਜਿਹਾ ਮੁਸਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਚੁੱਪ ਚਾਪ ਸ਼ਾਂਤ ਵਾਤਾਵਰਨ ਵਿੱਚ ਹੱਥ ਮੂੰਹ ਦੀ ਲੜਾਈ ਤੋਂ ਬਾਅਦ ਗੁੜ ਦੀ ਭੇਲੀ ਮਾਮੇ ਨੇ ਆਪ ਭੰਨ੍ਹ ਲਈ ਤੇ ਸਾਥੀਆਂ ਵੱਲ ਦਿੰਦੇ,'ਲਓ ਤੁਸੀਂ ਵੀ ਖਾ ਲਓ,' ਕੁੜੀਆਂ ਵੱਲ ਵਧਾ ਦਿੱਤੀ ਤੇ ਝੱਗੇ ਨਾਲ ਹੱਥ ਪੂੰਝਦਾ ਕੋਠੜੀ ਵੱਲ ਨਿਕਲ ਗਿਆ। ਦੂਸਰੇ ਵੀ ਸਾਰੇ ਆਪਣੇ ਆਪਣੇ ਰਸਤੇ ਪੈ ਗਏ। ਨਾਨਾ ਢੌਂਕਾ ਲਾਉਣ ਲਈ ਪਿਛਲੀ ਕੋਠੜੀ ਵਿੱਚ ਲੰਮਾ ਜਾ ਪਿਆ।
'ਸੌਰੀ… ਸੌਰੀ ਬਾਨੋ.... ਮੈਂ ਤੈਨੂੰ ਸੁਲਹ ਨਹੀਂ ਮਾਰੀ।' ਉਸ ਨੇ ਆਪਣੀ ਖ਼ੁਦਗ਼ਰਜ਼ੀ ਤੇ ਪਛਤਾਵਾ ਪਰਗਟ ਕੀਤਾ।
'ਬਾਬੀ ਨੂੰ ਬੜਾ ਉਡੀਕਦੋਂ! ਕੋਈ ਖਾਸ਼ ਗੱਲ ਆ? ਉਹ ਤਾਂ ਤੈਨੂੰ ਸੌ-ਸੌ ਗਾਲਾਂ੍ਹ ਕੱਢਦੀ ਹੈ। ਕਹਿੰਦੀ ਮੈਂ ਅਜਿਹੇ ਬੁੱਧੂ ਮੂਰਖ ਦੇ ਮੂੰਹ ਮੱਥੇ ਨਹੀਂ ਲੱਗਣਾ।' ਸੁਖਰਾਜ ਦੀ ਅਣਖ ਨੂੰ ਸੇਕ ਦੇਣ ਵਾਲੇ ਬੋਲ ਬਾਨੋ ਨੇ ਕ੍ਰੋਧ ਭਰੇ ਲਹਿਜੇ ਵਿੱਚ ਕੱਢ ਕੇ ਉਸ ਦੇ ਕਾਲਜੇ ਧੂਹ ਪਾ ਦਿੱਤੀ।
'ਮੈਂ ਉਸਦੀ ਕੀ ਪ੍ਰਵਾਹ ਕਰਦਾਂ? ਮੈਂ ਤਾਂ ਐਵੇਂ ਪੁੱਛ ਬੈਠਾਂ, ਮੇਰਾ ਉਸ ਨਾਲ ਕੋਈ ਸਰੋਕਾਰ ਨਹੀਂ।'
'ਸਰੋਕਾਰ ਤਾਂ ਹੈ, ਆਪਣੇ ਦਿਲ ਤੇ ਹੱਥ ਧਰ ਕੇ ਵੇਖ!.... ਪਰ ਇੱਕ ਗੱਲ ਦੱਸ! ਉਸ ਵਿੱਚ ਕੀ ਅਛਾਈ ਹੈ ਜੋ....æਜੋ....।' ਉਹ ਫਿੱਸਣ ਹੀ ਵਾਲੀ ਸੀ।
'ਹਾਂ....ਹਾਂ, ਬੋਲ਼ææ ਜੋ ....æ ਜੋ ਕੀ....।'
'ਜੋææਜੋ ਮੇਰੇ ਵਿੱਚ ਨਹੀਂ।' ਰੋਂਦੀ ਰੋਂਦੀ ਅੱਖਾਂ 'ਚ ਘਸੁੰਨ ਦੇ ਕੇ ਉਹ ਟੋਕੇ ਦੇ ਗੇੜ ਨਾਲ ਜਾ ਖੜ੍ਹੀ ਹੋਈ।
'ਪਿਆਰ ਤੈਨੂੰ ਉਹ ਨਹੀਂ ਕਰਦੀ, ਬਿਲਕੁਲ ਨਹੀਂ। ਉਹ ਤੇਰੀ ਰੱਜ ਕੇ ਬਦਖੋਈ ਕਰਨੋਂ ਕਦੇ ਨਹੀਂ ਖੁੰਝਦੀ....ਹਰ ਥਾਂ। ਮੈਂ ਪਿਆਰ ਕਰਦੀ ਹਾਂ, ਮੈਂ! ਮੈਂ....ਤੇ ਤੂੰ.... ਤੂੰ....।' ਉਹ ਟੋਕੇ ਦੇ ਚੱਕਰ ਨਾਲ ਸਿਰ ਮਾਰਨ ਲੱਗੀ ਸੁਖਰਾਜ ਨੇ ਉੱਠ ਕੇ ਫੜ੍ਹ ਲਈ। ਸ਼ਬਨਮ ਵਰਗੇ ਕੋਰੇ ਨਿੱਤਰੇ ਅੱਥਰੂ ਉਸ ਦੀਆਂ ਗੱਲ੍ਹਾਂ ਤੇ ਟਪਕ ਪਏ।
ਇਹ ਕੀ? ਉਹ ਆਪਣੇ ਆਪ ਵਿੱਚ ਉਲਝ ਗਿਆ। ਇਹ ਸਾਡੀ ਗਵਾਂਢਣ ਹੈ, ਨਾਨੀ ਤਾਂ ਹਰ ਵਕਤ ਕਹਿੰਦੀ ਰਹਿੰਦੀ ਹੈ ਤੁਸੀਂ ਭੈਣ ਭਰਾ ਹੋææ ਤੇ ਦੂਜਾ ਢਾਈ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ। ਮੈਨੂੰ ਇਹ ਮਨਜ਼ੂਰ ਨਹੀਂ।
'ਉਸ ਦਿਨ ਰੱਖੜੀ ਵੀ ਤੂੰ ਬੰਨ੍ਹੀਂ ਸੀ....? ਪਤਾ ਤੈਨੂੰ ਇਸ ਦਾ ਮਤਲਬ?'
'ਹਾਂ.... ਹਾਂ.... ਰੱਖੜੀ ਬੰਨ੍ਹ ਕੇ ਹੀ ਤਾਂ ਮੈਂ ਤੈਨੂੰ ਮੱਲਿਆ ਸੀ, ਪਈ ਤੂੰ ਮੇਰਾ.... ਤੂੰ ਮੇਰਾ....। ਇਹ ਰੱਖੜੀ ਨਹੀਂ ਇਹ ਤਾਂ ਗਾਨਾ ਸੀ.... ਗਾਨਾ, ਪਿਆਰ ਦੀ ਤੰਦ।'
'ਸਮਝ ਗਏ,ææ ਤੇ ਐਹ ਰੁੱਕਾ ਵੀ ਤੂੰ ਭੇਜਿਆ ਸੀ.... ? ਜਾਹ ਨੀ ਸ਼ੁਹਦੀਏ ਭੁੱਖੜੇ ਜਿਹੀਏ!' ਸੁੱਖ ਨੇ ਜੇਬ ਨੂੰ ਹੱਥ ਮਾਰਦੇ ਪੋਲੇ ਜਿਹੇ ਉਸ ਦੀ ਗੱਲ੍ਹ ਥਪਕ ਦਿੱਤੀ।
'ਹਾਂ…ਹਾਂ, ਮੈਂ ਘੱਲਿਆ ਸੀ… ਮੈਂ। ਜੇ ਕੋਈ ਬੁੱਧੂ ਡੁੰਨ-ਵੱਟਾ ਦਿਲ ਦੀ ਰਮਜ਼ ਨਾ ਸਮਝੇ, ਤਾਂ ਦਿਲ ਨੇ ਤਾਂ ਪਾਟ ਕੇ ਕਿਤੇ ਵਰ੍ਹਨਾ ਹੈ ਨਾ ਆਖਰ!' ਸੁੱਖ ਦੇ ਹੱਥਾਂ ਦਾ ਸਪਰਸ਼ ਉਸ ਨੇ ਪ੍ਰੇਮ ਨਾਲ ਸਹਿਲਾਇਆ। ਉਸ ਦੀਆਂ ਗੱਲ੍ਹਾਂ ਤੇ ਅੱਖਾਂ ਸੰਗ ਨਾਲ ਲਾਲ ਸੁਰਖ਼ ਲੱਜ਼ਤ ਹੋ ਗਈਆਂ।
'ਤੂੰ ਗਲਤ ਸਮਝਿਆ ਬਾਨੋ.... ਮੈਂ ਅਜਿਹਾ ਨਹੀਂ.... ਤੇ ਨਾ ਹੀ ਮੈਂ ਕਿਸੇ ਨੂੰ ਪਿਆਰ ਪਿਊਰ ਕਰਦਾ ਹਾਂ....। ਮੈਂ ਨਹੀਂ ਜਾਣਦਾ ਇਹ ਝਮੇਲੇ.... ਮੇਰੇ ਕੋਲੋਂ ਅਜਿਹੀ ਆਸ ਉਮੀਦ ਨਾ ਰੱਖ਼ææਮੇਰਾ ਖਹਿੜਾ ਛੱਡ।' ਰੁੱਖੀ ਜਿਹੀ ਚੋਭ ਲਾ ਕੇ ਉਸ ਦੇ ਜਜ਼ਬਾਤਾਂ ਨੂੰ ਤਾਰ ਤਾਰ ਕਰ ਦਿੱਤਾ।
'ਲੱਗੀ ਮੈਂ ਖੂਹ 'ਚ ਛਾਲ ਮਾਰਨ।' ਉਸ ਦੇ ਪੈਰ ਖੂਹ ਵੱਲ ਨੂੰ ਖਿਸਕੇ। ਉਸ ਦੀਆਂ ਅੱਖਾਂ ਹੰਝੂਆਂ ਦੇ ਮੀਂਹ ਵਰਸਾਉਣ ਲੱਗੀਆਂ। ਇਹ ਨਵਾਂ ਪੁਆੜਾ ਗਲ ਪਿਆ ਵੇਖ ਕੇ ਸੁਖਰਾਜ ਨੂੰ ਸਭ ਕੁਝ ਭੁੱਲ ਗਿਆ। ਅੰਦਰੋਂ ਨਾਨੇ ਦੇ ਖੰਘੂਰੇ ਦਾ ਖੜਕਾ ਉਸ ਨੂੰ ਝੰਜੋੜ ਗਿਆ।
ਸੁਖਰਾਜ ਨੂੰ ਚਿਤਮਣੀ ਜਿਹੀ ਲੱਗ ਗਈ। ਜਿਸ ਗੱਲ ਦਾ ਚਿੱਤ ਚੇਤਾ ਨਹੀਂ ਸੀ, ਉਸ ਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ, ਉਹ ਉਸ ਅੱਗੇ ਆਣਿ ਖਲੋਈ ਸੀ ਤੇ ਡਾਂਗ ਨਾਲ ਖੈਰ ਮੰਗਣ ਵਾਂਗ ਸੁਖਰਾਜ ਕੋਲ਼ੋਂ ਇੱਕ ਅਮੁੱਕ ਅਸੰਭਵ ਸਮਝੌਤਾ ਕਰਵਾ ਰਹੀ ਸੀ। ਉਸ ਨੂੰ ਦਬਕਾ ਕੇ ਆਪਣੇ ਪਿੱਛੇ ਲੈ ਤੁਰੀ ਸੀ। ਉਸ ਦੀ ਗਿੱਦੜ-ਭਬਕੀ ਤੋਂ ਡਰ ਕੇ ਕੀਤਾ ਅਹਿਦਨਾਮਾ ਇੱਕ ਤਰਾਂ ਹਥਿਆਰ ਸੁੱਟਣ ਵਾਂਗ ਸੀ....ਮਿੰਟ ਦੀ ਮਿੰਟ ਖੜ੍ਹਾ ਉਹ ਸੋਚਦਾ ਰਿਹਾ। ਮਰਦਾ ਕੀ ਨਾ ਕਰਦਾ। ਅੱਜ ਇਕੇਰਾਂ ਇਸ ਪਗਲੀ ਕੁੜੀ ਕੋਲੋਂ ਭਲਮਾਣਸੀ ਨਾਲ ਜਾਨ ਛੁਡਾਈ ਜਾਏ। ਸੱਪ ਵੀ ਮਰ ਜਾਏ ਤੇ ਸੋਟਾ ਵੀ ਨਾ ਟੁੱਟੇ।
'ਚੰਗਾ ਬਾਬਾ ਚੰਗਾææ ਏਦਾਂ ਹੀ ਸਹੀææ ਮੁਆਫ਼ ਕਰææ।' ਬਾਬੀ ਲਈ ਚੁਣ ਕੇ ਜੇਬ 'ਚ ਪਾਏ ਬੇਰ ਉਸਨੇ ਗੁਲਬਾਨੋ ਵੱਲ ਵਧਾਏ ਜੋ ਉਸ ਨੇ ਚਿੜੀ ਦੇ ਬੋਟ ਵਾਂਗ ਬੋਚ ਲਏ।