ਸਾਹਿਤ ਦੀ ਮੂਲ ਭਾਵਨਾ ਨਾਲੋਂ ਟੁੱਟ ਰਿਹਾ ਲੇਖਕ
(ਲੇਖ )
ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕੀਤੀ ਜਾਂਦੀ ਪੰਜਾਬੀ ਵਿਕਾਸ ਕਾਨਫਰੰਸ ਨੂੰ ਅਕਾਦਮਿਕ ਖੇਤਰ ਵਿਚ ਚੰਗਾ ਸਤਿਕਾਰ ਹਾਸਿਲ ਹੈ। ਕੁਝ ਅਰਸਾ ਪਹਿਲਾਂ ਇਸ ਵਿਭਾਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਕਾਲ ਦੇ ਪੰਜਾਬੀ ਸਾਹਿਤ ਨੂੰ ਸਮਰਪਿਤ ਕਾਨਫਰੰਸ ਵਿਚ ਮੈਨੂੰ ਵੀ ਡੈਲੀਗੇਟ ਵੱਜੋਂ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਉਸ ਦਿਨ ਹੋਰ ਵੀ ਰੁਝੇਵੇਂ ਸਨ ਪਰ ਮੈਂ ਸਾਰੇ ਰੁਝੇਵੇਂ ਅੱਗੇ ਪਾ ਕੇ ਪੰਜਾਬੀ ਯੂਨੀਵਰਸਟੀ ਪੁੱਜਣ ਨੂੰ ਪਹਿਲ ਦਿੱਤੀ । ਮੈਂ ਸੋਚਿਆ ਕਿ ਆਮ ਸਮਾਗਮਾਂ ਤੇ ਕਰਤਾਰ ਸਿੰਘ ਦੁੱਗਲ ਵਰਗੇ ਵੱਡੇ ਸਾਹਿਤਕ ਕੱਦ ਦੇ ਲੇਖਕਾਂ ਨੂੰ ਵੇਖਣ ਤੇ ਸੁਣਨ ਦਾ ਮੌਕਾ ਘੱਟ ਹੀ ਮਿਲਦਾ ਹੈ। ਮੈਂ ਕਾਨਫਰੰਸ ਹਾਲ ਵਿਚ ਪੁੱਜਾ ਤਾਂ ਆਸ ਮੁਤਾਬਿਕ ਭਾਰਤ ਦੇ ਕੋਨੇ ਕੋਨੇ ਵਿੱਚੌਂ ਨਾਮਵਰ ਪੰਜਾਬੀ ਲੇਖਕ ਤੇ ਵਿਦਵਾਨ ਆਲੋਚਕ ਕਾਨਫਰੰਸ ਵਿਚ ਭਾਗ ਲੈਣ ਲਈ ਪੁੱਜੇ ਹੋਏ ਸਨ।
ਲੜੀਵਾਰ ਕਾਲਮ 'ਮੇਰੇ ਹਿੱਸੇ ਦਾ ਅਦਬੀ ਸੱਚ' ਲਈ ਲਿੱਖੀ ਗਈ ਇਸ ਸੰਖੇਪ ਲਿੱਖਤ ਦਾ ਮੰਤਵ ਇਸ ਕਾਨਫਰੰਸ ਵਿੱਚ ਪੰਜਾਬੀ ਦੇ ਉਚ ਕੋਟੀ ਦੇ ਵਿਦਵਾਨਾਂ ਵੱਲੋਂ ਪੜ•ੇ ਤੇ ਵਿਚਾਰੇ ਗਏ ਪਰਚਿਆਂ ਤੇ ਅਖਬਾਰੀ ਰਿਪੋਰਟ ਤਿਆਰ ਕਰਨਾ ਨਹੀਂ ਹੈ। ਮੈਂ ਤਾਂ ਕਾਨਫਰੰਸ ਦੀਆਂ ਰਸਮੀ ਕਾਰਵਾਈਆਂ ਦੀ ਬਜ਼ਾਇ ਇੱਥੇ ਪਹੁੰਚੇ ਲੇਖਕਾਂ ਦੀ ਉਸ ਗੈਰ ਰਸਮੀ ਗੱਲ ਬਾਤ ਨੂੰ ਫੋਕਸ ਵਿਚ ਲਿਆਉਣਾ ਚਾਹੁੰਦਾ ਹਾਂ , ਜਿਹੜੀ ਸਰਕਾਰੀ ਪੱਧਰ ਤੇ ਹੋਣ ਵਾਲੀਆਂ ਸਾਹਤਕ ਗੋਸ਼ਟੀਆ ਤੇ ਕਾਨਫਰੰਸਾਂ ਦੇ ਆਰੰਭ , ਵਿੱਚਕਾਰ ਤੇ ਅੰਤ 'ਤੇ ਵਾਰ ਵਾਰ ਦੁਹਰਾਈ ਜਾਦੀ ਹੈ। ਕਾਨਫਰੰਸ ਦੇ ਪਹਿਲੇ ਸ਼ੈਸ਼ਨ ਵਿਚ ਗਹਿਰ ਗੰਭੀਰ ਤੇ ਵਿਦਵਤਾ ਪੂਰਨ ਅਲੋਚਨਾਤਮਕ ਪਰਚੇ ਸੁਣਨ ਤੋਂ ਜਦੋਂ ਮੈਂ ਤੇ ਮੇਰੇ ਸਾਥੀ ਲੇਖਕ ਦੋਸਤ ਦੁਪਿਹਰ ਦੇ ਖਾਣੇ ਲਈ ਬਾਹਰ ਖੁੱਲ•ੀ ਹਵਾ ਵਿਚ ਆਏ ਤਾਂ ਆਸ ਮੁਤਾਬਿਕ ਲੇਖਕਾਂ ਦੀ ਗੈਰ ਰਸਮੀ ਗੱਲ ਬਾਤ ਸ਼ੁਰੂ ਹੋ ਗਈ।
“”ਇਹ ਗੋਸ਼ਟੀਆਂ ਤਾਂ ਆਪਸ ਵਿਚ ਮਿਲਣ ਦਾ ਬਹਾਨਾਂ ਨੇ । ਹੋਰ ਇਹਨਾਂ ਗੋਸਟੀਆ ਵਿਚ ਪੜ•ੇ ਪੇਪਰ ਸੁਣ ਕੇ ਬੋਰ ਹੋਣ ਕੌਣ ਆਉੰਦਾ ਹੈ ।”“ ਇਕ ਲੇਖਕ ਨੇ ਕਿਹਾ।
“ ਹਾਂ ਯਾਰ! ਸਰਕਾਰੀ ਸਮਾਗਮਾ 'ਤੇ ਆਉਣ ਜਾਣ ਦਾ ਕਿਰਾਇਆ ਭਾੜਾ ਮਿਲ ਜਾਂਦੈ--- ਵੱਧ ਰਹੇ ਕਿਰਾਇਆਂ ਕਾਰਨ ਹੁਣ ਹਰ ਸਮਾਗਮ 'ਤੇ ਤਾਂ ਅਪੜਿਆ ਨਹੀਂ ਜਾ ਸਕਦਾ। ਬਹਾਨੇ ਨਾਲ ਤੁਹਾਡੇ ਵਰਗੇ ਦੋਸਤਾਂ ਨੂੰ ਮਿਲ ਲਈਦਾ ਹੈ, ਨਹੀਂ ਤਾਂ ਇਹਨਾਂ ਗੋਸ਼ਟੀਆ ਵਿਚ ਕੀ ਪਿਐ।”“ ਦੂਸਰੇ ਲੇਖਕ ਨੇ ਇਸ ਦੀ ਪ੍ਰੋੜਤਾ ਕੀਤੀ ।
ਲੇਖਕਾਂ ਦੀ ਅਜਿਹੀ ਗੈਰ ਰਸਮੀ ਗੱਲ ਬਾਤ ਮੈਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਯੋਜਿਤ ਕਈ ਸਾਹਿਤਕ ਸਮਾਗਮਾਂ ਸਮੇਂ ਵੀ ਸੁਣੀ ਹੈ। ਵਿਭਾਗ ਵੱਲੋਂ ਕਰਵਾਏ ਜਾਂਦੇ ਸਮਾਗਮ ਦੇ ਪਹਿਲੇ ਸ਼ੈਸਨ ਵਿਚ ਤਾਂ ਲੇਖਕਾ ਦੀ ਭਰਵੀਂ ਹਾਜ਼ਰੀ ਹੁੰਦੀ ਹੈ ਪਰ ਜਦੋਂ ਸਮਾਗਮ ਦੂਸਰੇ ਸ਼ੈਸ਼ਨ ਵਿਚ ਦਾਖਲ ਹੁੰਦਾ ਹੈ ਤਾਂ ਲੇਖਕ ਵੱਖ ਵੱਖ ਜੁੰਡਲੀਆਂ ਬਣਾ ਕੇ ਸਮਾਗਮ ਵਾਲੇ ਹਾਲ ਤੋਂ ਬਾਹਰ ਬੈਠੇ ਗੱਪਾਂ ਮਾਰ ਰਹੇ ਹੁੰਦੇ ਹਨ । ਇਸ ਸਮੇਂ ਦੂਰ ਦੁਰਾਡਿੳ ਆਏ ਲੇਖਕ ਸਾਹਿਤ ਨਾਲ ਜੁੜੇ ਗਹਿਰ ਗੰਭੀਰ ਮੁੱਦਿਆਂ ਜਾਂ ਸਾਹਿਤ ਦੇ ਆਧੁਨਿਕ ਝੁਕਾਵਾਂ ਬਾਰੇ ਵਿਚਾਰ ਵਟਾਂਦਰਾ ਕਰਕੇ ਆਪਣੇ ਸਮੇਂ ਦਾ ਸਦ -ਉਪਯੋਗ ਕਰਨ ਦੀ ਬਜ਼ਾਇ ਦੂਸਰੇ ਲੇਖਕਾਂ ਦੀ ਨਿੰਦਿਆ ਚੁਗਲੀ ਕਰਕੇ ਸਮੇਂ ਨੂੰ ਨਸ਼ਟ ਕਰਦੇ ਹਨ । ਇਸ ਤਰਾਂ ਲੱਗਦਾ ਹੈ ਜਿਵੇਂ ਇਹਨਾਂ ਲੇਖਕਾਂ ਦੇ ਏਨੀ ਦੂਰ ਪਹੁੰਚਣ ਦਾ ਇੱਕੋ ਇੱਕ ਮੰਤਵ ਸਾਹਿਤਕ ਚੁਗਲੀਆਂ ਕਰਕੇ ਆਪਣਾ ਮਨ ਹੌਲਾ ਕਰਨਾ ਹੋਵੇ।
ਸਰਕਾਰੀ ਅਦਾਰਿਆ ਵੱਲੋਂ ਆਯੋਜਤ ਸਾਹਿਤ ਸੈਮੀਨਾਰਾਂ ਸਮੇ ਮੈਂ ਇਹ ਗੱਲ ਵੀ ਵਿਸ਼ੇਸ਼ ਤੌਰ ਤੇ ਨੋਟ ਕੀਤੀ ਹੈ ਕਿ ਬਾਹਰੋਂ ਆਏ ਲੇਖਕਾਂ ਦਾ ਧਿਆਨ ਇਸ ਗੱਲ ਵੱਲ ਹੀ ਕੇਂਦਰਿਤ ਰਹਿੰਦਾ ਹੈ ਕਿ ਸਬੰਧਤ ਅਦਾਰੇ ਵੱਲੋਂ ਲੇਖਕਾਂ ਨੂੰ ਮਾਣ ਭੱਤੇ ਤੇ ਕਿਰਾਏ ਦੀ ਅਦਾਇਗੀ ਕਦੋਂ ਕੀਤੀ ਜਾਵੇਗੀ । ਗੋਸ਼ਟੀਆ ਦੇ ਆਯੋਜਕ ਵੀ ਇਸ ਗੱਲ ਨੂੰ ਚੰਗੀ ਤਰਾਂ ਸਮਝਦੇ ਹਨ ਕਿ ਜੇਬ ਵਿਚ ਪੈਸੇ ਪੈਣ ਤੋਂ ਬਾਦ ਬਹੁਤ ਘੱਟ ਲੇਖਕਾਂ ਦੀ ਦਿਲਚਸਪੀ ਚਲ ਰਹੀ ਸਾਹਿਤਕ ਗੋਸ਼ਟੀ ਵਿਚ ਰਹਿ ਜਾਵੇਗੀ । ਇਸ ਤਰਾਂ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਮਾਣ ਭੱਤਾ ਰੂਪੀ ਪੈਸਿਆ ਦੀ ਅਦਾਇਗੀ ਗੋਸ਼ਟੀ ਦੇ ਅੰਤ 'ਤੇ ਹੀ ਕੀਤੀ ਜਾਵੇ । ਪਹੁੰਚੇ ਲੇਖਕ ਵਾਰ ਵਾਰ ਆਪਣੇ ਮਾਣ ਭੱਤੇ ਦੀ ਅਦਾਇਗੀ ਛੇਤੀ ਕੀਤੇ ਜਾਣ ਲਈ ਜ਼ੋਰ ਪਾਉਂਦੇ ਹਨ ਤੇ ਕਈ ਪਹੁੰਚ ਵਾਲੇ ਲੇਖਕ ਗੋਸ਼ਟੀ ਸਮਾਪਤ ਹੋਣ ਤੋਂ ਪਹਿਲਾਂ ਹੀ ਪੈਸੈ ਲੈ ਕੇ ਆਪਣੇ ਘਰਾਂ ਵੱਲ ਚਾਲੇ ਪਾ ਦੇਂਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜੇ ਲੇਖਕਾਂ ਵਿਚ ਹੀ ਸਾਹਿਤਕ ਸੁਹਰਦਿਤਾ ਦੀ ਏਨੀ ਘਾਟ ਹੈ ਤਾਂ ਉਹ ਪਾਠਕਾਂ ਨੂੰ ਇਹ ਉਲਾਂਭਾ ਕਿਸ ਮੂੰਹ ਨਾਲ ਦੇਂਦੇ ਹਨ ਕਿ ਉਹਨਾਂ ਵਿਚ ਸਾਹਿਤ ਪੜ•ਣ ਦੀ ਰੁਚੀ ਘੱਟਦੀ ਜਾ ਰਹੀ ਹੈ।
ਵਿਦਵਾਨ ਲੇਖਕ ਕਈ ਕਈ ਦਿਨ ਲਾ ਕੇ ਗੋਸ਼ਟੀਆਂ ਲਈ ਪੇਪਰ ਲਿੱਖਦੇ ਹਨ ਤੇ ਇਹਨਾਂ ਗੋਸ਼ਟੀਆਂ ਤੇ ਸੈਮੀਨਾਰਾਂ ਦੇ ਆਯੋਜਨ ਲਈ ਵੀ ਬਹੁਤ ਸਾਰਾ ਪੈਸਾ ਤੇ ਸਮਾਂ ਖਰਚ ਹੁੰਦਾ ਹੈ । ਜੇ ਗੋਸ਼ਟੀਆ ਵਿਚ ਪੁੱਜਣ ਵਾਲੇ ਲੇਖਕ ਉੱਥੇ ਪੜ•ੇ ਜਾਣ ਵਾਲੇ ਪਰਚਿਆਂ ਨੂੰ ਸਜ਼ਾ ਭੁਗਤਣ ਵਾਂਗ ਹੀ ਸੁਣਦੇ ਹਨ ਤਾਂ ਫਿਰ ਇਹਨਾਂ ਦੇ ਆਯੋਜਨ ਦੀ ਸਾਰਥਿਕਤਾ ਹੀ ਕੀ ਰਹਿ ਜਾਂਦੀ ਹੈ । ਇਸ ਵਿਚ ਕਸੂਰ ਅਜਿਹੀਆਂ ਗੋਸ਼ਟੀਆ ਕਰਵਾਉਣ ਵਾਲੀਆਂ ਸੰਸਥਾਵਾਂ ਹੈ, ਪੇਪਰ ਪੜ•ਣ ਵਾਲੇ ਵਿਦਵਾਨਾਂ ਦਾ ਹੈ ਜਾਂ ਫਿਰ ਇਹਨਾਂ ਨੂੰ ਗੰਭੀਰਤਾ ਨਾਲ ਨਾ ਲੈਣ ਵਾਲੇ ਲੇਖਕਾਂ ਦਾ , ਇਹ ਵਿਸ਼ਾ ਗਹਿਰ ਗੰਭੀਰ ਬਹਿਸ ਦੀ ਮੰਗ ਕਰਦਾ ਹੈ । ਸਾਹਿਤਕ ਗੋਸ਼ਟੀਆਂ ਤੇ ਸੈਮੀਨਾਰਾਂ ਵਿੱਚ ਲੇਖਕਾਂ ਦੀ ਘੱਟ ਰਹੀ ਦਿਲਚਸਪੀ ਦੇ ਕਾਰਨ ਲੱਭਣ ਲਈ ਵੀ ਇੱਕ ਵੱਖਰੀ ਸਾਹਿਤਕ ਗੋਸ਼ਟੀ ਕਰਵਾਏ ਜਾਣ ਦੀ ਲੋੜ ਹੈ।
ਮੇਰਾ ਇਹ ਵੀ ਵਿਚਾਰ ਹੈ ਕਿ ਲੇਖਕਾਂ ਦੀ ਸਾਹਿਤ ਤੇ ਇਸ ਨਾਲ ਜੁੜੀਆ ਪ੍ਰੰਪਰਾਂਵਾ ਵੱਲ ਘੱਟ ਰਹੀ ਸੁਹਰਦਿਤਾ ਕਾਰਨ ਹੀ ਉਹ ਸਾਹਿਤ ਸਿਰਜਣਾ ਵਿੱਚੋਂ ਮਿਲਣ ਵਾਲੀ ਮਾਨਸਿਕ ਸੰਤੁਸ਼ਟੀ ਨੂੰ ਪਹਿਲਾਂ ਵਾਂਗ ਨਹੀ ਮਾਣ ਸਕਦੇ। ਇਹੋ ਕਾਰਨ ਹੈ ਕਿ ਅੱਜ ਦਾ ਪੰਜਾਬੀ ਲੇਖਕ ਆਪਣੀ ਪਹੁੰਚ ਮੁਤਾਬਿਕ ਵੱਖ ਵੱਖ ਟੀ.ਵੀ ਚੈਨਲਾ ਵੱਲ ਭੱਜ ਰਿਹਾ ਹੈ , ਅਖਬਾਰਾਂ ਲਈ ਖਬਰਾਂ ਲਿੱਖ ਰਿਹਾ ਹੈ ਜਾਂ ਸਭਿਆਚਾਰ ਦੀ ਸੇਵਾ ਦੇ ਨਾਂ ਤੇ ਗਾਇਕ ਕਲਾਕਾਰਾਂ ਦੇ ਫੋਟੋ ਫੀਚਰ ਲਿੱਖ ਕੇ ਪੈਸੇ ਕਮਾਉਣ ਦੇ ਚੱਕਰ ਵਿਚ ਪੈ ਗਿਆ ਹੈ । ਕੀ ਇੱਕਵੀ ਸਦੀ ਵਿਚ ਪਹੁੰਚਿਆ ਸਾਡਾ ਪੰਜਾਬੀ ਲੇਖਕ ਇਸ ਸਦੀ ਦੇ ਖਪਤ ਸਭਿਆਚਾਰ ਦਾ ਦਾ ਸ਼ਿਕਾਰ ਹੋ ਕੇ ਸਾਹਿਤ ਦੀ ਮੂਲ ਭਾਵਨਾਂ ਨਾਲੋਂ ਬਿਲਕੁਲ ਟੁੱਟ ਤਾਂ ਨਹੀਂ ਜਾਵੇਗਾ ? ਅੱਜ ਨਹੀਂ ਤਾਂ ਕੱਲ ਸਾਨੂੰ ਇਸ ਭਖਦੇ ਸੁਆਲ ਦੇ ਰੂ-ਬਰੂ ਜ਼ਰੂਰ ਹੋਣਾ ਪਵੇਗਾ। ਪੁਰਾਣੇ ਲੇਖਕਾਂ ਵਿਚ ਜਿਹੜਾ ਫੱਕਰਪੁਣਾ ਸੀ ਉਹ ਹੁਣ ਕਿੱਧਰੇ ਵਿਖਾਈ ਨਹੀ ਦੇਂਦਾ । ਪੈਸੇ ਦੀ ਦੌੜ ਵਾਂਗ ਪ੍ਰਸਿੱਧੀ ਦੀ ਪ੍ਰਾਪਤੀ ਵੀ ਇਕ ਦੌੜ ਹੀ ਬਣ ਗਈ ਹੈ ਤੇ ਸਾਡਾ ਲੇਖਕ ਬਿਨਾਂ ਸੋਚੇ ਸਮਝੇ ਇਸ ਦੌੜ ਵਿਚ ਸ਼ਾਮਿਲ ਹੁੰਦਾ ਜਾ ਰਿਹਾ ਹੈ । ਰੱਬ ਖੈਰ ਕਰੇ!