ਜਦੋਂ ਮੈਂ ਸਰੀਰ ਦਾਨ ਕੀਤਾ
(ਲੇਖ )
ਛੋਟੇ ਹੁੰਦਿਆਂ ਗੀਤ ਸੁਣਦੇ ਸੀ ਕਿ ਪਸ਼ੂਆਂ ਦੇ ਹੱਡ ਵਿਕਦੇ ਤੇਰਾ ਚੰਮ ਨੀ ਕਿਸੇ ਕੰਮ ਆਉਣਾ। ਪਸ਼ੂਆਂ ਦੀ ਮੌਤ ਤੋਂ ਬਾਅਦ ਉਸ ਦੇ ਚੰਮ ਦੀਆਂ ਜੁੱਤੀਆਂ ਅਤੇ ਹੱਡੀਆਂ ਦੀ ਖਾਦ ਬਣਾਈ ਜਾਂਦੀ ਹੈ, ਪਰ ਮਨੁੱਖ ਨੂੰ ਮਰਨ ਤੋਂ ਬਾਅਦ ਸਾੜ ਜਾਂ ਦਫਨਾ ਦਿੱਤਾ ਜਾਂਦਾ ਹੈ। ਪਰ ਹੁਣ ਜਿਉਂ-ਜਿਉਂ ਵਿਗਿਆਨ ਤਰੱਕੀ ਕਰ ਰਿਹਾ ਹੈ ਤਿਉਂ-ਤਿਉਂ ਹੀ ਪੁਰਾਣੀਆਂ ਤਿੱਥਾਂ ਵੀ ਬਦਲ ਰਹੀਆਂ ਹਨ। ਇਹ ਸੱਚ ਹੈ ਕਿ ਮੌਤ ਇੱਕ ਅਟੱਲ ਸਚਾਈ ਹੈ। ਮੌਤ ਅਤੇ ਜ਼ਿੰਦਗੀ ਵਿੱਚ ਇੱਕ ਹਮੇਸ਼ਾਂ ਅਣਦਿਸਦੀ ਜੰਗ ਚੱਲਦੀ ਹੀ ਰਹਿੰਦੀ ਹੈ। ਕਦੀ ਮੌਤ ਜਿੱਤਦੀ ਹੈ ਅਤੇ ਕਦੀ ਜਿੰਦਗੀ ਜਿੱਤਦੀ ਹੈ। ਇਹ ਆਮ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਚੁਰਾਸੀ ਲੱਖ ਜੂਨਾਂ ਭੋਗਣ ਤੋਂ ਬਾਅਦ ਮਨੁੱਖ ਜੂਨੀ ਪ੍ਰਾਪਤ ਹੁੰਦੀ ਹੈ। ਕਿਸੇ ਵਿਦਵਾਨ ਦਾ ਇਹ ਵਿਚਾਰ ਵੀ ਸੁੱਟ ਪਾਉਣ ਵਾਲਾ ਨਹੀ ਕਿ ਇਸ ਧਰਤੀ ਤੇ ਮਨੁੱਖ ਰੱਬ ਹੈ ਤੇ ਉਸ ਤੋਂ ਵੱਡਾ ਰੱਬ ਉਸ ਦਾ ''ਦਿਮਾਗ'' ਹੈ। ਮੈਡੀਕਲ ਸਾਇੰਸ ਨੇ ਬਹੁਤ ਵੱਡੀਆਂ ਮੰਜਿਲਾਂ ਪ੍ਰਾਪਤ ਕਰ ਲਈਆਂ। ਕਈ ਬੇਮੌਤੇ ਮਰ ਰਹੇ ਮਨੁੱਖਾਂ ਨੂੰ ਇਸ ਨੇ ਦੁਬਾਰਾ ਨਵੀ ਜਿੰਦਗੀ ਬਖਸ਼ ਦਿੱਤੀ ਹੈ। ਕਈਆਂ ਦੀ ਹਨ•ੇਰੀ ਜ਼ਿੰਦਗੀ ਨੂੰ ਰੌਸ਼ਨੀ ਵਿੱਚ ਬਦਲ ਕੇ ਉਸ ਨੂੰ ਰੰਗਲੀ ਦੁਨੀਆਂ ਦੇ ਦਰਸ਼ਨ ਕਰਵਾ ਦਿੱਤੇ ਹਨ। ਇਹ ਸਭ ਕੁੱਝ ਅਜਿਹੇ ਦਾਨਾਂ ਕਰਕੇ ਹੋਇਆ ਜੋ ਕੋਈ ਵਿਰਲਾ-ਟਾਂਵਾਂ ਹੀ ਕਰ ਸਕਦਾ ਹੈ। ਖੂਨਦਾਨ ਅਤੇ ਅੱਖਾਂ ਦਾ ਦਾਨ ਦੋ ਅਜਿਹੇ ਦਾਨ ਹਨ ਜਿੰਨ•ਾਂ ਦਾ ਮੁਕਾਬਲਾ ਕੋਈ ਹੋਰ ਦਾਨ ਨਹੀ ਕਰ ਸਕਦਾ। ਮੈਡੀਕਲ ਸਾਇੰਸ ਨੇ ਇੱਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਕਈ ਹੋਰ ਅੰਗਾਂ ਨੂੰ ਮੌਤ ਦੇ ਮੂੰਹ 'ਚ ਜਾ ਰਹੇ ਮਰੀਜ਼ ਵਿੱਚ ਟਰਾਂਸਪਲਾਂਟ ਕਰਕੇ ਉਸਨੂੰ ਜ਼ਿੰਦਗੀ ਬਖਸ਼ਣ ਦਾ ਇੱਕ ਨਵਾਂ ਕਾਰਨਾਮਾ ਵੀ ਕਰ ਵਿਖਾਇਆ ਹੈ, ਪਰ ਇਸ ਲਈ ਲੋੜ ਹੈ-ਅਜਿਹੇ ਦਾਨ ਦੀ ਜਿਸ ਨੂੰ ''ਸਰੀਰ ਦਾਨ '' ਕਿਹਾ ਜਾਂਦਾ ਹੈ। ਇਸ ਖੋਜ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ''ਕੀ ਪਿਛਲੇ ਸਮੇਂ ਵਿੱਚ ਚਲਦੀਆਂ ਰਹੁ ਰੀਤਾਂ ਅਨੁਸਾਰ ਹੀ ਮੁਰਦਾ ਸਰੀਰ ਸਾੜਿਆ ਜਾਂ ਦਫ਼ਨਾਇਆ ਜਾਵੇ? ਜਾਂ ਫਿਰ ਕਿਸੇ ਬੱਚੇ ਦੇ ਬਾਪ, ਮਾਂ,ਭੈਣ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਅਣਿਆਈ ਮੌਤ ਤੋਂ ਬਚਾਉਣ ਲਈ ਉਸ ਮੁਰਦਾ ਸਰੀਰ ਨੂੰ ਦਾਨ ਕਰ ਦਿੱਤਾ ਜਾਵੇ।'' ਮਨੁੱਖ ਹਰ ਸਮੇਂ ਵਧੀਆ ਜਿੰਦਗੀ ਜਿਊਣ ਲਈ ਨਵੇਂ ਰਾਹ ਤਲਾਸ਼ਦਾ ਰਹਿੰਦਾ ਹੈ। ਨਵੇਂ ਰਾਹ ਤਲਾਸ਼ਣ ਸਮੇਂ ਉਸਨੂੰ ਕਠਿਨਾਈਆਂ ਵੀ ਬਹੁਤ ਆਉਂਦੀਆਂ ਹਨ। ਮਨੁੱਖ ਸਦੀਆਂ ਤੋਂ ਚਲੀਆਂ ਆ ਰਹੀਆਂ ਰਹੁ-ਰੀਤਾਂ ਜਾਂ ਫਿਰ ਆਸਥਾ ਦੇ ਡਰ ਕਰਕੇ ਨਵੇਂ ਰਾਹਾਂ ਤੇ ਚੱਲਣ ਦਾ ਹਂੌਸਲਾ ਨਹੀਂ ਕਰਦਾ। ਸਮਾਜ ਦਾ ਡਰ ਹਮੇਸ਼ਾਂ ਹੀ ਉਸਤੇ ਭਾਰੂ ਰਹਿੰਦਾ ਹੈ, ਪਰ ਕਿਹਾ ਜਾਂਦਾ ਹੈ ਕਿ ਡਰ ਕੇ ਆਗੇ ਜੀਤ ਹੈ। ਜੋ ਮਨੁੱਖ ਨਵੇਂ ਰਾਹ ਲੱਭਣ ਲਈ ਤੁਰਦਾ ਹੈ ਬੇਸ਼ੱਕ ਉਸ ਨੂੰ ਪਹਿਲੀ ਪੁਲਾਂਘ ਇਕੱਲੇ ਨੂੰ ਹੀ ਪੁੱਟਣੀ ਪੈਂਦੀ ਹੈ ਕਿਉਂਕਿ ਨਵੇਂ ਰਾਹ ਤੇ ਤੁਰਨ ਲਈ ਸਭ ਤੋਂ ਪਹਿਲਾਂ ਉਸਦੇ ਆਪਣੇ ਨਜ਼ਦੀਕੀ ਸਕੇ ਸਬੰਧੀ ਹੀ ਉਸ ਦਾ ਸਾਥ ਨਹੀਂ ਦਿੰਦੇ। ਪਰ ਫਿਰ ਵੀ ਜਿਸ ਨੇ ਸਵੈ-ਵਿਸ਼ਵਾਸ਼ ਨਾਲ ਨਵੇਂ ਰਾਹਾਂ ਲਈ ਪੁਲਾਂਘ ਪੁੱਟ ਲਈ ਇੱਕ ਦਿਨ ਉਸ ਨਾਲ ਹੋਰ ਲੋਕ ਵੀ ਤੁਰ ਪੈਂਦੇ ਹਨ। ਜਦੋਂ ਮੈਂ 5-6 ਸਾਲ ਪਹਿਲਾਂ ਆਪਣਾ ਸਰੀਰ ਦਾਨ ਕੀਤਾ ਸੀ। ਸ਼ਾਇਦ ਮੇਰੇ ਆਪਣਿਆਂ ਨੂੰ ਵੀ ਮੇਰਾ ਇਹ ਫੈਸਲਾ ਪਸੰਦ ਨਾ ਆਇਆ ਹੋਵੇ ਪਰ ਮੈਂ ਜਾਣਦਾ ਹਾਂ ਕਿ ਹੌਲੀ-ਹੌਲੀ ਉਹ ਵੀ ਮੇਰੇ ਇਸ ਕਦਮ ਨੂੰ ਕਬੂਲ ਕਰ ਲੈਣਗੇ।
ਪਿਛਲੇ ਸਮੇਂ ਵਿੱਚ ਕਈ ਚੇਤਨ ਤੇ ਅਗਾਂਹਵਧੂ ਵਿਚਾਰਾਂ ਦੇ ਵਿਅਕਤੀਆਂ ਨੇ ਮੁਰਦੇ ਸਾੜਨ ਦੀ ਪਰਚੱਲਤ ਰੀਤ ਦੇ ਉਲਟ ਆਪਣੇ ਸਰੀਰ ਦਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਅੱਜ ਲੋੜ ਹੈ ਸਰੀਰ ਦਾਨ ਕਰਨ ਲਈ ਇਕ ਲਹਿਰ ਚਲਾਈ ਜਾਵੇ ਤਾਂ ਕਿ ਅਣਿਆਈ ਮੌਤ ਮਰ ਰਹੇ ਲੋਕਾਂ ਨੂੰ ਬਚਾਇਆ ਜਾ ਸਕੇ। ਅਸੀਂ ਸਭ ਦੇਖਦੇ ਹਾਂ ਕਿ ਜਦੋਂ ਸਾਡੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਕਿਡਨੀ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਜਿਊਂਦੇ ਜੀ ਉਸਨੂੰ ਕਿਡਨੀ ਦਾਨ ਕਰ ਦਿੰਦੇ ਹਾਂ। ਫਿਰ ਮੁਰਦਾ ਸਰੀਰ ਨੂੰ ਸਾੜਨ ਜਾਂ ਦਫਨਾਉਣ ਨਾਲੋਂ ਉਸਨੂੰ ਦਾਨ ਕਰਨ ਵਿੱਚ ਅਸੀਂ ਕਿਉਂ ਹਿਚਕਚਾਉਂਦੇ ਹਾਂ। ਇਹ ਗੱਲ ਸਮਝ ਤੋਂ ਬਾਹਰ ਹੈ ਕਿ ਅਸੀਂ ਪੁਰਾਣੀਆਂ ਚੀਜ਼ਾਂ ਹਲ ਪੰਜਾਲੀਆਂ ਤੇ ਗੱਡਿਆਂ ਤੋਂ ਖਹਿੜਾ ਛੁਡਾ ਲਿਆ ਹੈ। ਫਿਰ ਪੁਰਾਣੀਆਂ ਰਹੁ-ਰੀਤਾਂ, ਰਿਵਾਜ਼ਾਂ, ਮੁਰਦਾ ਸਰੀਰ ਸਾੜਨ ਜਾਂ ਦਫਨਾਉਣ ਦੀ ਪ੍ਰਮਪੰਰਾ ਤੋਂ ਕਦੋਂ ਖਹਿੜਾ ਛੁਡਾਵਾਂਗੇ। ਸਾਡੇ ਮੁਰਦਾ ਸਰੀਰ ਦੇ 10-12 ਅੰਗ ਅਜਿਹੇ ਹਨ ਜੋ ਕਿਸੇ ਅਣਿਆਈ ਮੌਤੇ ਮਰ ਰਹੇ ਵਿਅਕਤੀ ਨੂੰ ਦੁਬਾਰਾ ਜ਼ਿੰਦਗੀ ਦੇ ਸਕਦੇ ਹਨ। ਕਹਿੰਦੇ ਹਨ ਕਿ ਸੂਰਜ ਅਸਤ ਹੋ ਜਾਂਦਾ ਹੈ ਪਰ ਆਪਣੀ ਚਾਨਣੀ ਚੰਨ ਲਈ ਛੱਡ ਜਾਂਦਾ ਹੈ। ਇਸੇ ਤਰ•ਾਂ ਆਪਾਂ ਵੀ ਪਹਿਲੀ ਪੰਕਤੀ ਦੇ ਬੋਲ ਬਦਲ ਦਈਏ ਕਿ ਹੁਣ ਸਿਰਫ ਪਸ਼ੂਆਂ ਦੇ ਹੱਡ ਨਹੀਂ ਵਿਕਦੇ ਸਗੋਂ ਮਨੁੱਖੀ ਮੁਰਦਾ ਸਰੀਰ ਵੀ ਕੰਮ ਆਉਂਦੇ ਹਨ। ਮੈਨੂੰ ਪੂਰੀ ਆਸ ਹੈ ਕਿ ਇੱਕ ਨਵੀਂ ਸਵੇਰ ''ਸਰੀਰ ਦਾਨ-ਮਹਾਂ ਕਲਿਆਣ'' ਦਾ ਹੋਕਾ ਲੈ ਕੇ ਸਾਡੀਆਂ ਬਰੂਹਾਂ ਤੇ ਖੜ•ੀ ਹੈ। ਅਸੀਂ ਇਸ ਹੋਕੇ ਦਾ ਸਾਰਥਿਕ ਹੁੰਗਾਰਾ ਦੇ ਕੇ ਅਸੀਂ ਆਪਣਾ ਸਰੀਰ ਦਾਨ ਕਰੀਏ ਹੀ ਕਰੀਏ ਅਤੇ ਹੋਰਨਾਂ ਨੂੰ ਵੀ ਸਰੀਰ ਦਾਨ ਕਰਨ ਲਈ ਪ੍ਰੇਰਿਤ ਕਰੀਏ ਤਾਂ ਕਿ ਮੌਤ ਉੱਤੇ ਜ਼ਿੰਦਗੀ ਦੀ ਜਿੱਤ ਬਰਕਰਾਰ ਰਹਿ ਸਕੇ।