ਖ਼ਬਰਸਾਰ

  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
  •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
  •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' (ਖ਼ਬਰਸਾਰ)


    ਬਰੈਂਪਟਨ -- 'ਪੰਜਾਬੀ ਕਲਮਾਂ ਦਾ ਕਾਫ਼ਲਾ' ਦੀ ਫਰਵਰੀ 2015 ਦੀ ਮੀਟਿੰਗ 28 ਫਰਵਰੀ ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਮੁੱਖ ਸੰਚਾਲਕ ਵਕੀਲ ਕਲੇਰ ਦੀ ਸਿਹਤ ਠੀਕ ਨਾ ਹੋਣ ਕਾਰਨ ਮੀਡੀਆ ਸੰਚਾਲਕ ਬ੍ਰਜਿੰਦਰ ਗੁਲਾਟੀ ਨੇ ਸਭ ਨੂੰ ਮੀਟਿੰਗ ਵਿੱਚ ਆਉਣ ਲਈ ਜੀ ਆਇਆਂ ਕਿਹਾ ਅਤੇ ਪ੍ਰੋਗ੍ਰਾਮ ਬਾਰੇ ਜਾਣਕਾਰੀ ਦਿੱਤੀ ਕਿ ਅੱਜ 'ਬਲੈਕ ਹਿਸਟਰੀ ਮੰਥ' ਦੀ ਸ਼ਤਾਬਦੀ ਅਤੇ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' ਬਾਰੇ ਗੱਲ-ਬਾਤ ਹੋਵੇਗੀ ਅਤੇ ਬਾਅਦ ਵਿੱਚ ਕਵਿਤਾਵਾਂ ਦਾ ਦੌਰ ਚੱਲੇਗਾ।
    ਬ੍ਰਜਿੰਦਰ ਗੁਲਾਟੀ ਨੇ ਮਾਇਆ ਐਂਜਲੋ ਦੀ ਕਵਿਤਾ ਨਾਲ ਸ਼ੁਰੂਆਤ ਕੀਤੀ ਅਤੇ ਦੱਸਿਆ ਕਿ ਕਿਵੇਂ ਅਫ਼ਰੀਕਾ ਵਿੱਚੋਂ ਗੁਲਾਮ ਬਣਾ ਕੇ ਲਿਆਂਦੇ ਲੋਕਾਂ ਨਾਲ ਜ਼ਿਆਦਤੀਆਂ ਹੋਈਆਂ ਪਰ ਫਿਰ ਵੀ ਸਦੀਆਂ ਦੇ ਜੁਲਮ ਵਿੱਚੋਂ ਉੱਭਰ ਕੇ ਗਿਣੇ ਚੁਣੇ ਲੋਕ ਹੀ ਪੜ੍ਹਾਈ ਵਿੱਚ ਆਪਣਾ ਮੁਕਾਮ ਹਾਸਿਲ ਕਰ ਸਕੇ। ਪਹਿਲਾ ਪੀ ਐੱਚ ਡੀ ਕਰਨ ਵਾਲਾ ਅਫ਼ਰੀਕਨ-ਅਮੈਰਿਕਨ ਸੀ ਡੂ ਬੌਇਅ। ਉਸ ਤੋਂ ਬਾਅਦ ਦੂਸਰਾ ਸੀ ਕਾਰਟਰ ਜੀ ਵੁੱਡਸਨ ਜਿਸ ਨੇ 1915 ਵਿੱਚ, ਐਸੋਸੀਏਸ਼ਨ ਫ਼ੌਰ ਦ ਸਟੱਡੀ ਔਫ਼ ਨੀਗਰੋ ਲਾਈਫ਼ ਐਂਡ ਹਿਸਟਰੀ ਬਣਾਈ ਸੀ ਅਤੇ 1916 ਵਿੱਚ ਇੱਕ ਰਸਾਲਾ 'ਜਰਨਲ ਔਫ਼ ਨੀਗਰੋ ਹਿਸਟਰੀ' ਸ਼ੁਰੂ ਕੀਤਾ। 1926 ਵਿੱਚ ਫਰਵਰੀ ਦੇ ਦੂਸਰੇ ਹਫ਼ਤੇ ਵਿੱਚ ਪ੍ਰੈਜ਼ੀਡੈਂਟ ਅਬਰਾਹਮ ਲਿੰਕਨ ਅਤੇ ਪ੍ਰੈਜ਼ੀਡੈਂਟ ਫ਼ਰੈਡਰਿਕ ਡੱਗਲੱਸ ਦੇ ਜਨਮ ਦਿਨ ਹੋਣ ਕਾਰਨ ਇਸੇ ਹਫ਼ਤੇ 'ਨੀਗਰੋ ਹਿਸਟਰੀ ਵੀਕ' ਮਨਾਇਆ ਜਾਣ ਲੱਗਾ ਜਿਸ ਲਈ ਪੋਸਟਰ, ਫੋਟੋਆਂ ਅਤੇ ਟੀਚਰਜ਼ ਲਈ ਲੈਸਨ ਪਲੈਨ ਬਣਾਏ ਗਏ ਤਾਂ ਜੋ ਇਸ ਇਤਿਹਾਸ ਨੂੰ ਜਾਣਨ ਲਈ ਲੋਕਾਂ ਦੀ ਦਿਲਚਸਪੀ ਵਧੇ। ਬਾਅਦ ਵਿੱਚ, ਯੂæਐੱਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ 'ਤੇ ਇਹ ਹਫ਼ਤਾ ਪੂਰੇ ਮਹੀਨੇ ਦੇ ਸਮਾਰੋਹਾਂ 'ਚ ਬਦਲ ਗਿਆ। ਕੈਨੇਡਾ ਵਿੱਚ ਇਹ 20 ਸਾਲ ਬਾਅਦ ਮਨਾਇਆ ਜਾਣ ਲੱਗਾ ਅਤੇ ਇਸ ਜਸ਼ਨ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮਿਊਂਸਿਪਲ ਕਮੇਟੀ ਟੋਰੌਂਟੋ ਸੀ। ਹਰ ਖੇਤਰ ਵਿੱਚ ਬਲੈਕ ਲੋਕ ਅਗਾਂਹ ਵਧ ਰਹੇ ਹਨ। ਉਹ ਭਾਵੇਂ ਸੋਸ਼ਲ ਸਰਵਿਸ ਜਾਂ ਨਰਸਿੰਗ ਹੋਵੇ, ਬਿਜ਼ਨਿਸ ਹੋਵੇ, ਇਨਸਾਨੀ ਹੱਕਾਂ ਲਈ ਅਵਾਜ਼ ਉਠਾਉਣੀ ਹੋਵੇ। ਖਿਡਾਰੀ ਦੇ ਤੌਰ 'ਤੇ ਉਹ ਕਿਸ ਤੋਂ ਪਿੱਛੇ ਰਹੇ ਹਨ? ਬਾਸਕਿਟਬਾਲ, ਬੇਸਬਾਲ, ਕ੍ਰਿਕਿਟ ਜਾਂ ਹੋਰ ਕੋਈ ਵੀ ਖੇਡ ਹੋਵੇ, ਇਨ੍ਹਾਂ ਨੂੰ ਅਸੀਂ ਧੂੜਾਂ ਉਡਾਉਂਦੇ ਦੇਖਦੇ ਹੀ ਹਾਂ। ਕੈਨੇਡਾ ਵਿੱਚ ਬਲੈਕ ਖਿਡਾਰੀਆਂ ਜਿਵੇਂ 2012 ਵਿੱਚ ਸੌਕਰ ਦਾ ਓਲੰਪਿਕ ਮੈਡਲ ਜਿੱਤਣ ਵਾਲੇ ਕੈਂਡੇਸ ਚੈਪਮੈਨ, ਬੇਸਬਾਲ ਹਾਲ ਔਫ਼ ਫੇਮ ਵਾਲੇ ਫਰਗੂਸਨ ਜੈਨਕਿਨਜ਼ ਅਤੇ ਹਾਕੀ ਦੇ ਮਸ਼ਹੂਰ ਵਿੱਲੀ ਓ- ਰੀਅ ਵਰਗਿਆਂ ਨੂੰ ਖ਼ਾਸ ਯਾਦ ਕੀਤਾ ਜਾ ਰਿਹਾ ਹੈ। 2015 ਵਿੱਚ ਪੈਨ-ਅਮੈਰਿਕਨਨ ਗੇਮਜ਼ ਹੋਣ ਕਾਰਨ ਮੁੱਖ ਥੀਮ 'ਯੀਅਰ ਔਫ਼ ਸਪੋਰਟ' ਮੰਨਿਆ ਗਿਆ ਹੈ। ਨੈਲਸਨ ਮੰਡੇਲਾ ਅਤੇ ਮਾਰਟਿਨ ਲੂਥਰ ਕਿੰਗ ਦੇ ਕਥਨਾਂ ਦੇ ਜ਼ਿਕਰ ਨਾਲ ਇਹ ਗੱਲ ਖ਼ਤਮ ਹੋਈ।
    ਕੁਲਵਿੰਦਰ ਖਹਿਰਾ ਨੇ ਕਿਹਾ ਕਿ ਬਲੈਕ ਲੋਕਾਂ ਦੇ ਜਿਸ ਐਟੀਚਿਊਡ ਦੀ ਗੱਲ ਆਮ ਤੌਰ ਤੇ ਕੀਤੀ ਜਾਂਦੀ ਹੈ, ਉਸ ਦੇ ਪਿੱਛੇ ਵੀ ਤਾਂ ਨਸਲੀ ਵਿਤਕਰੇ ਦਾ ਹੱਥ ਲੱਗਦਾ ਹੈ। ਮਾਰਟਿਨ ਲੂਥਰ ਕਿੰਗ ਬਾਰੇ ਗੱਲ-ਬਾਤ ਹੋਈ ਅਤੇ ਇੱਕ ਕਵਿਤਾ 'ਕਾਲਾ ਮਨੁੱਖ' ਸਾਂਝੀ ਕੀਤੀ ਗਈ। ਡਾ: ਬਲਜਿੰਦਰ ਸੇਖੋਂ ਅਤੇ ਜਸਵਿੰਦਰ ਸੰਧੂ ਨੇ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮਹਿੰਦਰਦੀਪ ਗਰੇਵਾਲ ਨੇ ਓਬਾਮਾ ਦੇ ਪ੍ਰੈਜ਼ੀਡੈਂਟ ਬਣਨ 'ਤੇ ਕਿਸੇ ਗੋਰੇ ਵੱਲੋਂ 'ਬਲੈਕ ਓਬਾਮਾ' ਕਹੇ ਜਾਣ ਦੀ ਗੱਲ ਸੁਣਾਉਂਦਿਆਂ ਨਸਲੀ ਵਿਤਕਰੇ ਦੀ ਗੱਲ ਕੀਤੀ। ਜਸਪਾਲ ਢਿੱਲੋਂ ਨੇ ਦੱਸਿਆ ਕਿਵੇਂ ਉਨ੍ਹਾਂ ਦੇ ਕੰਮ 'ਤੇ ਕਿਸੇ ਗੋਰੇ ਨੇ 'ਬਲੱਡੀ ਨੀਗਰੋ' ਵਰਗੇ ਸ਼ਬਦ ਵਰਤੇ ਅਤੇ 'ਬਲੱਡੀ ਇੰਮੀਗਰੈਂਟ' ਵੀ ਕਹਿਣ ਲੱਗਾ, ਜਸਪਾਲ ਨੇ ਇਸ ਗੱਲ ਦੀ ਆਫ਼ਿਸ 'ਚ ਰਿਪੋਰਟ ਕੀਤੀ ਤਾਂ ਸਭ ਨੂੰ 'ਰੀਅਲ ਕਨੇਡੀਅਨਜ਼' ਬਾਰੇ ਬਣੀ ਹੋਈ ਵੀਡੀਓ ਦਿਖਾਈ ਗਈ। ਸੁਰਜਨ ਜ਼ਿਰਵੀ ਜੀ ਨੇ ਇੱਥੇ ਹੀ ਨਹੀਂ ਇੰਡੀਆ ਵਿਚਲੇ ਨਸਲੀ ਵਿਤਕਰਿਆਂ ਵੱਲ ਵੀ ਧਿਆਨ ਦੁਆਇਆ। ਕੁਲਜੀਤ ਮਾਨ ਨੇ ਹਕਸਲੇਅ ਦੇ ਨਾਵਲ 'ਰੂਟਸ' ਦੇ ਐਡਮਿੰਟਨ ਤੋਂ ਦਲਜੀਤ ਸਿੰਘ ਵੱਲੋਂ ਪੰਜਾਬੀ ਵਿੱਚ ਕੀਤੇ ਅਨੁਵਾਦ ਦੀ ਗੱਲ ਕੀਤੀ ਅਤੇ ਕਿਹਾ ਕਿ ਇਹ ਕਿਤਾਬ ਸਭ ਨੂੰ ਪੜ੍ਹਣੀ ਚਾਹੀਦੀ ਹੈ। ਗੁਰਜਿੰਦਰ ਸੰਘੇੜਾ ਨੇ 'ਬਲੈਕ ਹਿਸਟਰੀ' ਮੰਥ ਬਾਰੇ ਅਤੇ ਆਪਣੇ ਕੰਮ 'ਤੇ ਵੀ ਪੂਰੇ ਮਹੀਨੇ ਮਨਾਏ ਗਏ ਜਸ਼ਨ ਬਾਰੇ ਵਿਸਥਾਰ ਨਾਲ ਦੱਸਿਆ।
    ਬਲਦੇਵ ਰਹਿਪਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਲ ਇੰਡੀਆ ਵਿੱਚ ਅਜਮੇਰ ਔਲਖ ਦੇ ਸਨਮਾਨ ਵਿੱਚ ਹੋਣ ਵਾਲੇ ਸਮਾਰੋਹ, 8 ਮਾਰਚ ਨੂੰ ਮਨਾਏ ਜਾ ਰਹੇ 'ਇੰਟਰਨੈਸ਼ਨਲ ਵੁਮੈੱਨ'ਜ਼ ਡੇਅ' ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੁਰਦੇਵ ਲਾਲੀ ਦੇ ਫਿਊਨਰਲ ਬਾਰੇ ਸ਼ੋਕ ਸਮਾਚਾਰ ਨੂੰ ਵੀ ਸਾਂਝਾ ਕੀਤਾ।
    ਇਸ ਤੋਂ ਬਾਅਦ 'ਇੰਟਰਨੈਸ਼ਨਲ ਮਾਂ-ਬੋਲੀ ਦਿਵਸ' ਬਾਰੇ ਬ੍ਰਜਿੰਦਰ ਗੁਲਾਟੀ ਨੇ ਇਸ ਦੇ ਇਤਿਹਾਸ ਦੀ ਗੱਲ ਕੀਤੀ ਕਿ ਕਿਵੇਂ ਪੂਰਬੀ ਪਾਕਿਸਤਾਨ ਬਣਨ ਬਾਅਦ ਸਰਕਾਰੀ ਬੋਲੀ ਉਰਦੂ ਬਣਾਈ ਗਈ ਜਿਸ ਨੂੰ ਬਹੁਤੇ ਬੰਗਾਲੀ ਲੋਕ ਜਾਣਦੇ ਹੀ ਨਹੀਂ ਸਨ। 21 ਫਰਵਰੀ, 1952 ਨੂੰ ਯੂਨੀਵਰਸਿਟੀ ਔਫ਼ ਢਾਕਾ ਦੇ ਵਿਦਿਆਰਥੀਆਂ ਦੇ ਵਿਰੋਧੀ ਸਮੂਹ 'ਤੇ ਪੁਲਿਸ ਨੇ ਗੋਲੀਆਂ ਦੀ ਬੌਛਾੜ ਕੀਤੀ ਜਿਸ ਵਿੱਚ ਚਾਰ ਵਿਦਿਆਰਥੀ ਮਾਰੇ ਗਏ ਅਤੇ ਬਹੁ-ਗਿਣਤੀ ਵਿੱਚ ਜ਼ਖ਼ਮੀ ਹੋਏ। ਜਿਹੜੇ ਬੈਨਰ ਉਹ ਲੈ ਕੇ ਘੁੰਮ ਰਹੇ ਸਨ ਉਨ੍ਹਾਂ 'ਤੇ ਲਿਖਿਆ ਸੀ 'ਦੇ ਵਾਂਟ ਟੂ ਸਨੈਚ ਅਵਰ ਮਦਰ ਟੰਗ ਐਂਡ ਸ਼ੈਕਲ ਅਵਰ ਫਰੀਡਮ', ਮਾਂ-ਬੋਲੀ ਨੂੰ ਦਬਾਉਣਾ, ਕਿੰਨੀ ਵੱਡੀ ਗੱਲ ਸੀ! 1971 ਵਿੱਚ ਪੂਰਬੀ ਪਾਕਿਸਤਾਨ ਬੰਗਲਾ ਦੇਸ਼ ਬਣ ਗਿਆ ਤਾਂ ਉੱਥੋਂ ਦੀ ਮਾਂ-ਬੋਲੀ ਬੰਗਾਲੀ ਹੀ ਸਰਕਾਰੀ ਬੋਲੀ ਬਣੀ। ਨਵੰਬਰ 1999 ਵਿੱਚ ਯੂਨੈਸਕੋ ਦੇ ਐਲਾਨ ਤੋਂ ਬਾਅਦ ਸੰਨ: 2000 ਤੋਂ ਇਹ ਦਿਨ ਸਾਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਇਸ ਦੀ ਯਾਦ ਵਿੱਚ ਢਾਕਾ ਵਿੱਚ ਸ਼ਹੀਦ ਮੀਨਾਰ ਅਤੇ ਸਿਡਨੀ (ਅਸਟ੍ਰੇਲੀਆ) ਵਿੱਚ ਵੀ ਯਾਦਗਾਰੀ ਮੀਨਾਰ ਬਣਾਇਆ ਗਿਆ।



     ਕੁਲਜੀਤ ਮਾਨ ਨੇ ਮਾਂ-ਬੋਲੀ ਬਾਰੇ 'ਮੇਰਾ ਦਾਗ਼ਿਸਤਾਨ' ਕਿਤਾਬ ਦੀ ਗੱਲ ਕਰਦਿਆਂ ਕਿਹਾ ਕਿ ਕਿਸੇ ਨੂੰ ਕਹਿ ਦੇਣਾ "ਜਾਹ, ਆਪਣੀ ਮਾਤ-ਭਾਸ਼ਾ ਭੁੱਲ ਜਾਹ" ਇੱਕ ਬਦ-ਦੁਆ ਵਾਂਗ ਹੈ। ਗਲੋਬਲ ਹੋ ਜਾਣ ਦੇ ਬਾਵਜੂਦ, ਦੁਨੀਆਂ ਦੀ ਵਿਭਿੰਨਤਾ ਨੂੰ ਸਾਂਭਣ ਦੀ ਲੋੜ ਹੈ। ਪੰਜਾਬੀ ਭਾਸ਼ਾ ਨਾਲ ਜੁੜੇ ਹੋਣ ਕਾਰਨ ਅਸੀਂ ਮਾਣ ਮਹਿਸੂਸ ਕਰਦੇ ਹਾਂ ਅਤੇ ਫਰਜ਼ ਵੀ ਪਛਾਣਦੇ ਹਾਂ। ਹਰ ਪੰਜਾਬੀ ਦੀ ਪੰਜਾਬੀ ਨਾਲ ਸਾਂਝ ਇੱਕ ਰੂਹ ਦਾ ਮਸਲਾ ਹੈ। ਜਸਵਿੰਦਰ ਸੰਧੂ ਦਾ ਕਹਿਣਾ ਸੀ ਕਿ ਭਾਸ਼ਾ ਸਾਡੇ ਦਿਮਾਗ ਵਿੱਚ 'ਮੈਟਰ' ਵਾਂਗ ਕੰਮ ਕਰਦੀ ਹੈ ਅਤੇ ਸੋਚ ਪੈਦਾ ਕਰਦੀ ਹੈ। ਹੁਣ ਤੱਕ ਹਾਜ਼ਿਰ ਕਵੀ ਥੋੜ੍ਹੇ ਕਾਹਲੇ ਪੈਣ ਲੱਗ ਪਏ ਸਨ। ਵਿੱਤ ਸੰਚਾਲਕ ਗੁਰਜਿੰਦਰ ਸੰਘੇੜਾ ਨੇ ਕਵਿਤਾ ਦੀ ਸ਼ੁਰੂਆਤ ਲਈ ਕਵੀਆਂ ਨੂੰ ਸੱਦਾ ਦਿੱਤਾ - 
    ਅਜਮੇਰ ਰੰਧਾਵਾ ਨੇ ਅੱਜਕਲ੍ਹ ਚੱਲ ਰਹੇ ਗੀਤਾਂ ਦੇ ਬੋਲਾਂ ਵਿੱਚ ਨਿਘਾਰ ਦੀ ਗੱਲ ਕੀਤੀ ਅਤੇ ਗਾ ਕੇ ਅਪਣੀ ਕਵਿਤਾ ਸੁਣਾਈ। ਪਰਮਜੀਤ ਦਿਓਲ ਨੇ ਕਵਿਤਾ ਕਹੀ - ਜ਼ਰੂਰੀ ਨਹੀਂ ਹੁੰਦਾ, ਸੂਈ ਦੀ ਨੋਕ ਨਾਲ ਪੋਟੇ ਵਿੱਚੋਂ ਲਹੂ ਦਾ ਸਿੰਮਣਾ। ਮਹਿੰਦਰਦੀਪ ਗਰੇਵਾਲ ਨੇ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਮਾਂ-ਬੋਲੀ ਲਈ ਉਨ੍ਹਾਂ ਜਦੋਜਹਿਦ ਕੀਤੀ ਸੀ। ਉਨ੍ਹਾਂ ਦੀ ਕਵਿਤਾ ਸੀ - ਬਹੁਤ ਹੈ ਸ਼ੌਕ ਫੁੱਲਾਂ ਦਾ, ਨਹੀਂ ਪਰ ਵਕਤ ਦੇਖਣ ਦਾ। ਬਾਬੂ ਸਿੰਘ ਨੇ ਕਵਿਤਾ ਕਹੀ - ਤਿੰਨ ਚੀਜ਼ਾਂ ਨਾ ਮੁੱਕਣ ਦੇਈਂ 'ਕਾਗਜ਼, ਕਲਮ ਤੇ ਸਿਆਹੀ'। ਮਕਸੂਦ ਚੌਧਰੀ ਦੀ ਕਵਿਤਾ ਸੀ - ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ। ਜਗਜੀਤ ਸਿੰਘ ਨੇ ਪੁਰਾਣੀ ਸਾਂਝ ਦੀ ਗੱਲ ਕੀਤੀ ਅਤੇ ਨਾਲ ਹੀ ਕਿਹਾ - ਜਿਸ ਦਿਲ ਮੇਂ ਮੁਹੱਬਤ ਹੈ, ਉਸੀ ਮੇਂ ਖ਼ੁਦਾ ਹੈ। ਰਾਜਪਾਲ ਬੋਪਾਰਾਏ ਨੇ ਆਪਣੀ ਕਵਿਤਾ ਵਿੱਚ ਯਖ਼ ਸਰਦ ਰਾਤ ਵਿੱਚ ਕੁੜੀ ਦੇ ਯਕੀਨ ਦੀ ਗੱਲ ਕੀਤੀ। ਗਿਆਨ ਸਿੰਘ ਦਰਦੀ ਨੇ ਮਾਵਾਂ ਦੇ ਸਹਾਰੇ ਦੀ ਗੱਲ ਕਹੀ। ਆਪਣੇ ਹੀ ਅੰਦਾਜ਼ ਵਿੱਚ ਇਕਬਾਲ ਬਰਾੜ ਨੇ 'ਇਸ਼ਕ ਦੇ... ਮੇਰੀ ਵਡਿਆਈ ਠੱਗ ਲਈ' ਗੀਤ ਸੁਣਾਇਆ।

    ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਸੁਰਜੀਤ ਕੌਰ, ਨਿਲੇਸ਼ ਸ਼੍ਰੀਧਰ, ਹਰਭਜਨ ਸਿੰਘ, ਮਨਮੋਹਣ ਗੁਲਾਟੀ, ਇੰਦਰਜੀਤ ਢਿੱਲੋਂ, ਸੁਰਿੰਦਰ ਸੰਧੂ, ਸੁੱਚਾ ਸਿੰਘ ਮਾਂਗਟ, ਕੁਲਦੀਪ ਕੌਰ ਗਿੱਲ, ਲਛਮਨ ਸਿੰਘ ਗਾਖਲ, ਗੁਰਦੇਵ ਵਰਹਾ, ਪਰਮਜੀਤ ਸਿੰਘ ਬਰਿੰਗ, ਪੰਕਜ ਸ਼ਰਮਾ, ਸੁਖਦੇਵ ਸਿੰਘ ਅਤੇ ਨਿਰਮਲ ਸਿੱਧੂ ਵੀ ਸ਼ਾਮਿਲ ਹੋਏ। ਸਭ ਨੇ ਚਾਹ ਪਾਣੀ ਦਾ ਅਨੰਦ ਵੀ ਮਾਣਿਆ।

     

    ਬ੍ਰਜਿੰਦਰ ਗੁਲਾਟੀ