ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ
(ਖ਼ਬਰਸਾਰ)
ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ, ਕੌਮਾਂਤਰੀ ਮਹਿਲਾ ਦਿਵਸ ਨੂੰ ਰਹੀ ਸਮਰਪਿਤ, ਪੰਜਾਬੀ ਭਵਨ ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਦਲਵੀਰ ਸਿੰਘ ਲੁਧਿਆਣਵੀ ਅਤੇ ਜਨਮੇਜਾ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ।
ਸ੍ਰੀ ਜੌਹਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਹਰ ਸ਼ਖ਼ਸ ਆਪਣਾ ਜੀਵਨ-ਜਾਚ ਸਾਫ਼-ਸੁਥਰਾ ਬਣਾਵੇ, ਫਿਰ ਹੀ ਨਿਗਰ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਸ੍ਰੀ ਲੁਧਿਆਣਵੀ ਨੇ ਕੌਮਾਂਤਰੀ ਮਹਿਲਾ ਦਿਵਸ 'ਤੇ ਵਿਚਾਰ ਰੱਖਦਿਆਂ ਕਿਹਾ ਕਿ ਗਿਆਨ ਹੀ ਸਭ ਬੁਰਾਈਆਂ 'ਤੇ ਜਿੱਤ ਪ੍ਰਾਪਤ ਕਰਦਾ ਹੈ, ਸੋ ਬੱਚੀਆਂ ਨੂੰ ਵਿਦਿਆ-ਰੂਪੀ ਗਹਿਣਆਿਂ ਦੀ ਲੋੜ ਐ। ਸ੍ਰੀ ਬਲਕੌਰ ਸਿੰਘ ਗਿੱਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਬਰਾਬਰਤਾ ਦਾ ਹਿੱਸਾ ਸਭਨਾ ਲਈ ਹੋਣਾ ਚਾਹੀਦਾ ਹੈ ਭਾਵੇਂ ਉਹ ਔਰਤ ਹੋਵੇ ਜਾਂ ਮਰਦ।
ਰਚਨਾਵਾਂ ਦੇ ਦੌਰ ਵਿਚ ਆਤਮਾ ਸਿੰਘ ਮੁਕਤਸਰੀ ਨੇ ਧੀਆਂ ਧੁਰੋ ਲਿਖਾ ਕੇ ਲਿਆਉਂਦੀਆਂ ਲੇਖ ਬਾਬਲਾ ਵੇ, ਦਲੀਪ ਅਵਧ ਨੇ ਕਵਿਤਾ 'ਮੌਤ-ਕਫ਼ਨ', ਇੰਜ ਸੁਰਜਨ ਸਿੰਘ ਨੇ ਕਰਮਾਮਾਰੀ 'ਕੱਲੀ ਜਾਗਾਂ ਸੌ ਗਿਆ ਜੱਗ ਸਾਰਾ, ਪੰਮੀ ਹਬੀਬ ਨੇ ਮਿੰਨੀ ਕਹਾਣੀ ਦੁੱਧ ਧੋਤੇ ਵੋਟਰ ਪੇਸ਼ ਕੀਤੀ। ਦਲਜੀਤ ਸਿੰਘ ਨੇ ਆਪਣੇ ਚਲਾਏ ਹੋਏ 'ਨਾਨਕ ਮਿਸ਼ਨ' 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅਸੀਂ ਸਭ ਧਰਮਾਂ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਾਂਗੇ। ਅਮਰਜੀਤ ਸ਼ੇਰਪੁਰੀ ਨੇ ਨਹੀਂ ਮਿਲਿਆ ਸਤਿਕਾਰ ਅਜੇ ਵੀ ਪੂਰਾ ਨਾਰੀ ਨੂੰ, ਪ੍ਰੀਤਮ ਪੰਧੇਰ ਨੇ ਗ਼ਜ਼ਲ 'ਨਾ ਸੂਰਤ ਹੈ ਨਾ ਨਫ਼ਰਤ ਹੈ ਧਰਮ ਕਿਰਦਾਰ ਹੁੰਦਾ ਹੈ, ਦਿਲਾਂ ਦੀ ਦੂਰੀਆਂ ਜੋ ਮੇਟਦੈ ਉਹ ਪਿਆਰ ਹੁੰਦਾ ਹੈ'। ਇਸ ਮੌਕੇ ''ਤੇ ਨਵੇਂ ਸਾਹਿਤਕਾਰ ਪਰਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਿਵਾ, ਸਚਿਨ ਤਲਵਾਰ, ਮੰਨੂ ਸੇਠੀ, ਪ੍ਰਭਜੋਤ ਕੌਰ, ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰੀ ਲਗਵਾਈ। ਉਸਾਰੂ ਸੁਝਾਅ ਵੀ ਦਿੱਤੇ ਗਏ।