ਨਿੱਕੀਏ ਕਿਰਲੀਏ ਨੀਂ
ਆਪਣੇ ਬੱਚਿਆਂ ਦੀ ਖਾਤਿਰ
ਮਾਰ ਰਿਹਾ ਹਾਂ ਤੈਨੂੰ
ਛੱਡ ਵੀ ਦੇਵਾਂ
ਪਰ ਚਿੱਟੇ ਸੰਗਮਰਮਰੀ ਫਰਸ਼ ਤੇ
ਚਮਕ ਪਵੇਂਗੀ ਤੂੰ।
ਨਹੀਂ ਛੁਪ ਸਕੇਂਗੀ
ਲਿਸ਼ਕਦੀਆਂ ਦੀਵਾਰਾਂ ਉੱਤੇ।
ਡਰ ਜਾਣਗੇ ਬੱਚੇ
ਨਹੀਂ ਵੜਨਗੇ ਬਾਥਰੂਮ ਅੰਦਰ
ਨਹੀਂ ਨਹਾਉਣਗੇ
ਸਾਰਾ ਦਿਨ ਮਚਿਆ ਰਹੇਗਾ
ਕੁਹਰਾਮ ।
ਨਿੱਕੀਏ ਕਿਰਲੀਏ ਨੀਂ
ਤੂੰ ਵੀ ਬੱਚੀ ਹੈਂ ਕਿਸੇ ਦੀ
ਮੈਂ ਕੁਦਰਤ ਦਾ ਕਵੀ
ਪਿਆਰ ਕਵਿਤਾਵਾਂ ਲਿਖਣ ਵਾਲਾ
ਆਪਣੇ ਬੱਚਿਆਂ ਦੀ ਖਾਤਿਰ
ਮਾਰ ਰਿਹਾ ਹਾਂ ਤੈਨੂੰ ।