ਜਦ ਅਸੀਂ ਕੋਈ ਕੰਮ ਕਰਨ ਦੀ ਜਿਮੇਵਾਰੀ ਲੈਂਦੇ ਹਾਂ ਤਾਂ ਅਸੀਂ ਆਪਣੀਆਂ ਸਾਰੀਆਂ ਸਰੀਰਕ, ਮਾਨਸਿਕ, ਆਰਥਿਕ ਅਤੇ ਸਮਾਜਿਕ ਸ਼ਕਤੀਆਂ ਨੂੰ ਉਸ ਕੰਮ ਦੀ ਸਫਲਤਾ ਲਈ ਝੋਂਕ ਦਿੰਦੇ ਹਾਂ।ਕੰਮ ਦੇ ਸਫਲਤਾ ਪੂਰਵਕ ਪੂਰਾ ਹੋਣ ਤੇ ਸਾਨੂੰ ਅਥਾਹ ਖੁਸ਼ੀ ਮਿਲਦੀ ਹੈ। ਸਾਡਾ ਆਤਮ ਵਿਸ਼ਵਾਸ਼ ਵਧਦਾ ਹੈ। ਸਾਨੂੰ ਅੱਗੋਂ ਹੋਰ ਵੀ ਵੱਡੇ ਕੰਮ ਕਰਨ ਦਾ ਹੌਸਲਾ, ਪ੍ਰੇਰਨਾ ਅਤੇ ਸ਼ਕਤੀ ਮਿਲਦੀ ਹੈ। ਲੋਕ ਵੀ ਸਾਡੀ ਸਿਫਤ ਕਰਦੇ ਹਨ। ਉਨਾਂ੍ਹ ਵਿਚ ਸਾਡੀ ਭਰੋਸੇ ਯੋਗਤਾ ਵਧਦੀ ਹੈ। ਅਸੀਂ ਹੋਰ ਵੀ ਵੱਡੇ ਤੇ ਮੁਸ਼ਕਲ ਕੰਮ ਨੂੰ ਹੱਥ ਵਿਚ ਲੈਣ ਦੀ ਦਲੇਰੀ ਕਰਦੇ ਹਾਂ ਭਾਵ ਇਹ ਕਿ ਅਸੀਂ ਨਿਰੰਤਰ ਆਪਣੀ ਸਮਰਥਾ ਅਤੇ ਕਾਰਜ ਸ਼ਕਤੀ ਦਾ ਵਿਕਾਸ ਕਰਦੇ ਹਾਂ।
ਜਦ ਅਸੀਂ ਤੁਰਦੇ ਹਾਂ ਤਾਂ ਵਿਕਾਸ ਦਾ ਇਹ ਹੀ ਅਸੂਲ ਕੰਮ ਕਰਦਾ ਹੈ। ਅਸੀ ਇਕ ਪੈਰ ਪੱਕੇ ਪੈਰੀਂ ਜਮੀਨ ਤੇ ਧਰਦੇ ਹਾਂ ਫਿਰ ਹੀ ਅਸੀਂ ਦੂਸਰਾ ਪੈਰ ਧਰਤੀ ਤੋਂ ਚੁੱਕ ਕੇ ਅੱਗੇ ਰੱਖਦੇ ਹਾਂ। ਇਸ ਤਰ੍ਹਾਂ ਸਾਡੇ ਵਿਚ ਗਤੀ ਆਉਂਦੀ ਹੈ। ਅਸੀਂ ਲਗਾਤਾਰ ਅੱਗੇ ਵਧਦੇ ਹਾਂ ਅਤੇ ਮੰਜਲਾਂ ਸਰ ਕਰਦੇ ਹਾਂ। ਆਪਣਾ ਪੰਧ ਮੁਕਾਉਂਦੇ ਹਾਂ।ਅਸੀਂ ਬੁਲੰਦੀਆਂ ਨੂੰ ਛੁਹੰਦੇ ਹਾਂ। ਜੇ ਅਸੀਂ ਪਹਿਲਾ ਪੈਰ ਮਜਬੂਤੀ ਨਾਲ ਧਰਤੀ ਤੇ ਟਿਕਣ ਤੋਂ ਬਿਨਾਂ ਆਪਣਾ ਦੂਜਾ ਪੈਰ ਧਰਤੀ ਤੋਂ ਚੁੱਕ ਲਵਾਂਗੇ ਤਾਂ ਲੜਖੜਾ ਕੇ ਡਿੱਗ ਪਵਾਂਗੇ। ਅਸੀਂ ਅੱਗੇ ਨਹੀਂ ਵਧ ਸਕਾਂਗੇ ਅਤੇ ਕਦੀ ਮੰਜ਼ਿਲ ਤੇ ਨਹੀਂ ਪਹੁੰਚ ਸਕਾਂਗੇ। ਸਾਡੇ ਕਦਮਾਂ ਵਿਚ ਮਜਬੂਤੀ ਹੋਣੀ ਚਾਹੀਦੀ ਹੈ। ਸਾਡੀ ਇਕ ਸਫਲਤਾ ਸਾਨੂੰ ਦੂਜੀ ਅਤੇ ਉਸਤੋਂ ਵੱਡੀ ਸਫਲਤਾ ਦਾ ਰਸਤਾ ਦਿਖਾਉਂਦੀ ਹੈ।
ਜੰਗ ਦੇ ਮੈਦਾਨ ਵਿਚ ਲੜਦੀਆਂ ਤਾਂ ਫੋਜਾਂ ਹਨ ਪਰ ਨਾਮ ਹਮੇਸ਼ਾਂ ਹੀ ਜਰਨੈਲਾਂ ਦਾ ਹੁੰਦਾ ਹੈ ਕਿਉਂਕਿ ਜਰਨੈਲ ਹੀ ਫੋਜ ਦੀ ਅਗੁਵਾਈ ਕਰਦੇ ਹਨ। ਫੌਜ ਨੂੰ ਅੱਗੇ ਵਧਣ ਦਾ ਅਤੇ ਢੰਗ ਨਾਲ ਲੜਣ ਦਾ ਰਾਹ ਦਿਖਾਉਂਦੇ ਹਨ। ਉਨ੍ਹਾਂ ਵਿਚ ਜੋਸ਼ ਭਰਦੇ ਹਨ। ਜੇ ਕਿਧਰੇ ਨਤੀਜੇ ਆਸ਼ਾ ਤੋਂ ਉਲਟ ਨਿਕਲਣ ਤਾਂ ਜਰਨੈਲਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਸਭ ਕੁਝ ਮੇਰੇ ਸਿਪਾਹੀਆ ਦੀ ਗਲਤੀ ਨਾਲ ਹੋਇਆ ਹੈ। ਜੇ ਜਿੱਤ ਦਾ ਸਿਹਰਾ ਜਰਨੈਲ ਦੇ ਸਿਰ ਤੇ ਬੱਝਦਾ ਹੈ ਤਾਂ ਹਾਰ ਦੀ ਜੁਮੇਵਾਰੀ ਵੀ ਜਰਨੈਲ ਨੂੰ ਵੀ ਕਬੂਲਣੀ ਪਵੇਗੀ। ਸਿਪਾਹੀਆਂ ਦੀਆਂ ਕਮਜੋਰੀਆਂ ਵੀ ਜਰਨੈਲ ਨੇ ਹੀ ਦੂਰ ਕਰਨੀਆਂ ਹੁੰਦੀਆਂ ਹਨ।ਉਨਾਂ੍ਹ ਵਿਚ ਹਰ ਮੁਸ਼ਕਲ ਨਾਲ ਭਿੜ੍ਹਨ ਦੀ ਰੂਹ ਵੀ ਜਰਨੈਲ ਨੇ ਹੀ ਭਰਨੀ ਹੁੰਦੀ ਹੈ। ੧੯੭੧ ਵਿਚ ਜਨਰਲ ਜਗਜੀਤ ਸਿੰਘ ਅਰੌੜਾ ਨੇ ਬੰਗਲਾ ਦੇਸ਼ ਵਿਚ ਇਕ ਲੱਖ ਤੋਂ ਵੀ ਵੱਧ ਫੌਜੀਆਂ ਦੇ ਹੱਥਿਆਰ ਸੁਟਾ ਕੇ ਆਤਮ-ਸਮਰਪਣ ਕਰਵਾਇਆ ਸੀ ਅਤੇ ਜਨਰਲ ਨਿਆਜੀ ਦੀਆਂ ਫੀਤੀਆਂ ਲੁਹਾਈਆਂ ਸਨ। ਇਹ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਫੌਜੀਆਂ ਦਾ ਆਤਮ-ਸਮਰਪਣ ਸੀ।
ਆਪਣੀ ਹਾਰ ਦਾ ਦੋਸ਼ ਦੂਜਿਆਂ ਤੇ ਨਾ ਦਿਉ। ਆਪਣੀ ਗਲਤੀ ਨੁੰ ਬਹਾਨਿਆਂ ਨਾਲ ਨਾ ਟਾਲੋ। ਕਦੀ ਨਾ ਕਹੋ ਕਿ ਜੇ ਇੰਜ ਹੁੰਦਾ ਤਾਂ ਮੈਂ ਇਹ ਕਰ ਦਿੰਦਾ। ਚਲਾਕੀਆਂ ਨਾਲ ਲੋਕਾਂ ਨੂੰ ਬਹੁਤੀ ਦੇਰ ਮੂਰਖ ਨਹੀਂ ਬਣਾਇਆ ਜਾ ਸਕਦਾ। ਕਈ ਲੋਕ ਕਿਸੇ ਕੰਮ ਨੂੰ ਬੜੇ ਜੋਸ਼ ਨਾਲ ਸ਼ੁਰੂ ਕਰਦੇ ਹਨ ਪਰ ਥੋੜ੍ਹੀ ਜਹੀ ਰੁਕਾਵਟ ਆਉਣ ਤੇ ਹਿੰਮਤ ਹਾਰ ਜਾਂਦੇ ਹਨ ਅਤੇ ਕੰਮ ਨੂੰ ਅੱਧਵਾਟੇ ਛੱਡ ਦਿੰਦੇ ਹਨ। ਉਹ ਲੋਕਾਂ ਦੇ ਸਤਿਕਾਰ ਦਾ ਪਾਤਰ ਨਹੀਂ ਬਣਦੇ। ਜੇ ਜ਼ਿੰਦਗੀ ਵਿਚ ਕਿਸੇ ਕੰਮ ਵਿਚ ਅਸਫਲ ਹੋ ਵੀ ਜਾਵੋ ਤਾਂ ਵੀ ਆਪਣੀ ਹਾਰ ਦੀ ਜਿਮੇਵਾਰੀ ਕਬੂਲੋ।ਆਪਣੀ ਗਲਤੀ ਮੰਨਣਾ ਵੀ ਬਹਾਦਰੀ ਹੈ। ਇਸ ਲਈ ਵੀ ਦਿਲ ਦੀ ਮਜਬੂਤੀ ਚਾਹੀਦੀ ਹੈ। ਲੋਕਾਂ ਦੀ ਨੁਕਤਾਚੀਨੀ ਬਰਦਾਸ਼ਤ ਕਰਨ ਦਾ ਜੇਰਾ ਹੋਣਾ ਚਾਹੀਦਾ ਹੈ। ਬੇਸ਼ੱਕ ਤੁਸੀਂ ਆਪਣੇ ਕਾਰਜ ਵਿਚ ਅਸਫਲ ਹੋ ਗਏ ਹੋ ਤਾਂ ਵੀ ਲੋਕਾਂ ਵਿਚ ਤੁਹਾਡਾ ਵਿਸ਼ਵਾਸ ਵਧੇਗਾ। ਉਹ ਤੁਹਾਨੂੰ ਇਕ ਹੋਰ ਮੌਕਾ ਦੇਣ ਦਾ ਜੋਖਿਮ ਉਠਾ ਸਕਣਗੇ ਕਿਉਂਕਿ ਤੁਸੀਂ ਇਮਾਨਦਾਰੀ ਨਾਲ ਪੂਰੀ ਕੋਸ਼ਿਸ਼ ਕੀਤੀ ਹੈ ਜੇ ਅਸਫਲ ਹੋ ਵੀ ਗਏ ਤਾਂ ਵੀ ਲੋਕਾਂ ਦੇ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਾਈ। ਉੱਠੋ ਦੁਬਾਰਾ ਹੰਬਲਾ ਮਾਰੋ।ਜਿਮੇਵਾਰੀ ਲਉ ਤੇ ਫਿਰ ਅੱਗੇ ਵਧੋ।ਐਵੇਂ ਢਿਗੀ ਢਾਹ ਕੇ ਨਾ ਬੈਠੋ। ਜੋਸ਼, ਮਿਹਨਤ ਅਤੇ ਆਤਮ ਵਿਸ਼ਵਾਸ਼ ਨਾਲ ਨਵੇਂ ਸਿਰੇ ਤੋਂ ਕੰਮ ਨੂੰ ਸ਼ੁਰੂ ਕਰੋ। ਆਪਣੀਆਂ ਪਹਿਲੀਆਂ ਕਮੰਜੋਰੀਆਂ ਨੂੰ ਪਛਾਣੋ। ਉਨ੍ਹਾਂ ਨੂੰ ਦੂਰ ਕਰੋ। ਸਫਲਤਾ ਜਰੂਰ ਤੁਹਾਡੇ ਕਦਮ ਚੁੰਮੇਗੀ। ਯਾਦ ਰੱਖੋ ਅਸਫਲਤਾ ਤੁਹਾਡੀ ਮੰਜ਼ਿਲ ਨਹੀਂ। ਇਹ ਸਫਲਤਾ ਦੇ ਰਸਤੇ ਵਿਚ ਕੇਵਲ ਮੀਲ ਪੱਥਰ ਹੈ ਜਿਸਨੂੰ ਤੁਸੀਂ ਪਾਰ ਕਰਨਾ ਹੈ। ਯੁੱਧ ਵਿਚ ਹਾਰਨ ਵਾਲੇ ਲੋਕ ਵੀ ਘੱਟ ਬਹਾਦੁਰ ਨਹੀਂ ਹੁੰਦੇ ਕਿਉਂਕਿ ਉਹ ਮੈਦਾਨ ਵਿਚ ਦੁਸ਼ਮਣ ਨੂੰ ਵੰਗਾਰਨ ਦਾ ਹੌਸਲਾ ਰੱਖਦੇ ਹਨ।
ਜ਼ਿੰਦਗੀ ਵਿਚ ਹਮੇਸ਼ਾਂ ਜਰਨੈਲ ਬਣ ਕੇ ਨਿੱਤਰੋ। ਲੋਕਾਂ ਦੇ ਪਿੱਛੇ ਨਾ ਚੱਲੋ ਸਗੋਂ ਲੋਕਾਂ ਨੂੰ ਆਪਣੇ ਪਿੱਛੇ ਲਾਵੋ।ਲੋਕਾਂ ਦੇ ਪਿੱਛੇ ਲੱਗੋਗੇ ਤਾਂ ਤੁਸੀਂ ਉਤਨਾ ਹੀ ਰਸਤਾ ਤਹਿ ਕਰ ਪਾਵੋਗੇ ਜਿਤਨਾ ਲੋਕ ਕਰਦੇ ਹਨ। ਜੇ ਲੋਕਾਂ ਦੇ ਅੱਗੇ ਲਗੋਗੇ ਤਾਂ ਤੁਸੀਂ ਅਪਣੇ ਮਨ ਇੱਛਾ ਦਾ ਰਸਤਾ ਤੈਅ ਕਰ ਲਉਗੇ। ਤੁਹਾਡਾ ਹੌਸਲਾ ਬੁਲੰਦ ਹੋਣਾ ਚਾਹੀਦਾ ਹੈ ਤੇ ਮੰਜ਼ਿਲ ਤੇ ਸਿਖਰ ਤੇ ਪਹੂੰਚਣ ਦੀ ਲਾਲਸਾ ਅਤੇ ਜੋਸ਼ ਹੋਣਾ ਚਾਹੀਦਾ ਹੈ। ਰਸਤੇ ਵਿਚ ਰੁਕਣ ਦੀ ਕਮਜੋਰੀ ਨਹੀਂ ਹੋਣੀ ਚਾਹੀਦੀ। ਰਸਤੇ ਰਸਤੇ ਹੀ ਹੁੰਦੇ ਹਨ ਤੇ ਮੰਜ਼ਿਲ ਮੰਜ਼ਿਲ ਹੀ ਹੁੰਦੀ ਹੈ। ਰਸਤੇ ਵਿਚ ਸਦਾ ਲਈ ਨਹੀ ਠਹਿਰਿਆ ਜਾ ਸਕਦਾ। ਰਸਤੇ ਵਿਚ ਤੁਹਾਡਾ ਪੜਾਅ ਹੋ ਸਕਦਾ ਹੈ ਪਰ ਮੰਜ਼ਿਲ ਅੱਗੇ ਹੈ ਜਿੱਥੇ ਤੁਸੀਂ ਪਹੁੰਚਣਾ ਹੈ।ਇਸ ਬਾਰੇ ਭਾਈ ਵੀਰ ਸਿੰਘ ਜੀ ਨੇ ਠੀਕ ਹੀ ਲਿਖਿਆ ਹੈ:
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ , ਉਹ ਕਰ ਅਰਾਮ ਨਾ ਬਹਿੰਦੇ
ਵਸਲੋਂ ਉਰੇ ਮੁਕਾਮ ਨਾ ਉਨ੍ਹਾਂ ਦਾ, ਉਹ ਦਿਨੇ ਰਾਤ ਪਏ ਵਹਿੰਦੇ ॥
ਹਿੰਮਤੀ ਲੋਕ ਕਿਸਮਤ ਤੇ ਨਹੀਂ ਸਗੋਂ ਆਪਣੇ ਕਰਮ ਤੇ ਵਿਸ਼ਵਾਸ਼ ਰੱਖਦੇ ਹਨ। ਜਿੰਨ੍ਹਾਂ ਨੇ ਮੰਜ਼ਿਲ ਤੇ ਪਹੁੰਚ ਕੇ ਸਫਲਤਾ ਦਾ ਅਮਰ ਫਲ ਚੱਖਣਾ ਹੁੰਦਾ ਹੈ ਉਹ ਨਾ ਤਾਂ ਰਸਤੇ ਦੀਆਂ ਰੁਕਾਵਟਾਂ ਤੋਂ ਘਬਰਾਉਂਦੇ ਹਨ ਨਾ ਹੀ ਛੋਟੇ ਛੋਟੇ ਪੜਾਵਾਂ ਨਾਲ ਸਬਰ ਕਰਦੇ ਹਨ। ਇਸੇ ਲਈ ਕਹਿੰਦੇ ਹਨ:
ਜਿੱਤ ਨਸੀਬ ਉਨ੍ਹਾਂ ਦੇ ਜਿਂਨਾਂਹ ਹਿੰਮਤ ਯਾਰ ਬਣਾਈ
ਜਿਸ ਕੰਮ ਨੂੰ ਵੀ ਹੱਥ ਵਿਚ ਲਉ ਉਸਨੂੰ ਸੰਪੂਰਨਤਾ ਤੱਕ ਪਹੁੰਚਾ ਕੇ ਛੱਡੋ। ਇਕੋ ਸਮੇ ਸਮਰਥਾ ਤੋਂ ਜਿਆਦਾ ਕੰਮਾਂ ਨੂੰ ਹੱਥ ਵਿਚ ਲੈ ਕੇ ਉਨਾਂ੍ਹ ਨੂੰ ਅਧੂਰਾ ਛੱਡ ਦੇਣਾ ਕੋਈ ਸਿਆਣਪ ਨਹੀਂ। ਇਸ ਨਾਲ ਨਾਂ ਹੀ ਕੋਈ ੂਸਾਰੂ ਨਤੀਜਾ ਨਿਕਲਦਾ ਹੈ ਨਾਂ ਹੀ ਅਸੀਂ ਸਮਾਜ ਉੱਤੇ ਕੋਈ ਚੰਗਾ ਪ੍ਰਭਾਵ ਪਾ ਸਕਦੇ ਹਾਂ। ਇਸ ਨੂੰ ਅੰਗ੍ਰੇਜੀ ਵਿਚ ਕਹਿੰਦੇ ਹਨ:-" ਝaਚਕ ੋਡ aਲਲ ਟਰaਦeਸ ਬੁਟ ਮaਸਟeਰ ੋਡ ਨੋਨe"। ਤੁਹਾਡੇ ਅਧੂਰੇ ਕੰਮਾਂ ਨੂੰ ਕੋਈ ਦੂਜਾ ਕਿਉਂ ਪੂਰਾ ਕਰੇਗਾ? ਜੇ ਕਰੇਗਾ ਵੀ ਤਾਂ ਉਹ ਤੁਹਾਡੀ ਖਿੱਲੀ ਉਡਾਏਗਾ। ਸਮਾਜ ਵਿਚ ਤੁਹਾਡੀ ਕਾਬਲੀਅਤ ਤੇ ਭਰੋਸੇਯੋਗਤਾ ਬਾਰੇ ਗਲਤ ਪ੍ਰਭਾਵ ਪਵੇਗਾ।
ਦਲੇਰ ਬੰਦੇ ਹੀ ਖਤਰਿਆਂ ਨੂੰ ਮੁੱਲ ਲੈਂਦੇ ਹਨ। ਉਨਾਂ੍ਹ ਵਿਚ ਦੁਨੀਆਂ ਨੂੰ ਕੁਝ ਵੱਖਰਾ ਕਰ ਕੇ ਦਿਖਾਉਣ ਦੀ ਪ੍ਰਬਲ ਇੱਛਾ ਹੁੰਦੀ ਹੈ।ਇਹ ਲੋਕ ਅਸੰਭਵ ਕੰਮ ਨੂੰ ਵੀ ਸੰਭਵ ਬਣਾ ਦਿੰਦੇ ਹਨ । ਅਜਿਹੇ ਲੋਕ ਹੀ ਦੁਨੀਆਂ ਬਦਲ ਕੇ ਰੱਖ ਦਿੰਦੇ ਹਨ। ਉਨਾਂ੍ਹ ਦੇ ਕੰਮ ਕਰਾਮਾਤਾਂ ਹੋ ਨਿਬੜਦੇ ਹਨ। ਅਜਿਹੇ ਲੋਕ ਬਿਨਾਂ ਤਲਵਾਰ ਤੇ ਬੰਦੂਕ ਤੋਂ ਦੁਨੀਆਂ ਜਿੱਤ ਲੈਂਦੇ ਹਨ। ਇਸੇ ਲਈ ਉਹ ਬਾਰ ਬਾਰ ਆਪਣੀ ਜਾਨ ਜੋਖਿਮ ਵਿਚ ਪਾਉਂਦੇ ਹਨ ਅਤੇ ਮੰੋਤ ਨੂੰ ਵੀ ਝਕਾਨੀਂ ਦੇ ਜਾਂਦੇ ਹਨ। ਜੇ ਉਹ ਮਰ ਵੀ ਜਾਣ ਤਾਂ ਮੌਤ ਤੋਂ ਬਾਅਦ ਵੀ ਉਨਾਂ੍ਹ ਨੂੰ ਹੀਰੋ ਦੀ ਤਰਾਂ੍ਹ ਯਾਦ ਕੀਤਾ ਜਾਂਦਾ ਹੈ। ਉਨਾਂ੍ਹ ਦਾ ਨਾਮ ਦੁਨੀਆਂ ਦੇ ਇਤਿਹਾਸ ਤੇ ਸਦਾ ਲਈ ਅਮਰ ਹੋ ਜਾਂਦਾ ਹੈ।ਮੁਸ਼ਕਲਾਂ ਤੋਂ ਡਰ ਡਰ ਕੇ ਨਾ ਜੀਓ ਮੁਸ਼ਕਲਾਂ ਹੀ ਸਾਨੂੰ ਜ਼ਿੰਦਗੀ ਵਿਚ ਮਜਬੂਤ ਬਣਾਉਂਦੀਆਂ ਹਨ। ਮੈਦਾਨ ਵਿਚ ਜੂਝਣਾ ਹੀ ਤੁਹਡੀ ਬਹਾਦਰੀ ਹੈ। ਜੋ ਡਰ ਗਿਆ ਸੋ ਮਰ ਗਿਆ।
ਕਿਸੇ ਕੰਮ ਨੂੰ ਪੂਰਾ ਕਰਨਾ ਸਮਝੋ ਸੱਪ ਨੂੰ ਮਾਰਨ ਦੀ ਤਰਾਂ੍ਹ ਹੈ। ਜੇ ਤੁਸੀਂ ਸੱਪ ਨੂੰ ਅਧਮੋਇਆ ਕਰਕੇ ਛੱਡ ਦਿਉਗੇ ਤਾਂ ਸੱਪ ਕੁਝ ਦੇਰ ਬਾਅਦ ਉੱਠ ਕੇ ਤੁਹਾਨੂੰ ਡੰਗ ਮਾਰ ਸਕਦਾ ਹੈ। ਇਸੇ ਤਰਾਂ੍ਹ ਤੁਹਨੂੰ ਕਿਸੇ ਕੰਮ ਦਾ ਕਰੈਡਿਟ ਤਾਂ ਹੀ ਮਿਲੇਗਾ ਜੇ ਤੁਸੀਂ ਉਸਨੂੰ ਅੰਤ ਤੱਕ ਪੂਰਾ ਕਰੋਗੇ। ਅੱਧਵਾਟੇ ਛੱਡੇ ਹੋਏ ਕੰਮ ਤੇ ਤੁਹਾਡੀ ਲੱਗੀ ਹੋਈ ਮਿਹਨਤ ਦਾ ਕੋਈ ਮੁੱਲ ਨਹੀਂ ਪੈਣਾ।ਜ਼ਿੰਦਗੀ ਵਿਚ ਹਾਰੇ ਹੋਏ ਦੀ ਤਰਾਂ੍ਹ ਨਾ ਵਰਤਾਓ ਕਰੋ ਹਾਰੇ ਹੋਏ ਸਿਪਾਹੀ ਨੂੰ ਹਮੇਸ਼ਾਂ ਦੁਸ਼ਮਣ ਦੀਆਂ ਜਲੀਲ ਕਰਨ ਵਾਲੀਆਂ ਸ਼ਰਤਾਂ ਅਧੀਨ ਹੀ ਜਿਉਣਾ ਪੈਂਦਾ ਹੈ। ਇਸ ਲਈ ਸਦਾ ਜੇਤੂ ਬਣ ਕੇ ਜ਼ਿੰਦਗੀ ਜੀਓ। ਸਦਾ ਆਪਣੇ ਬਚਨਾਂ ਤੇ ਪਹਿਰਾ ਦਿਓ। ਆਪਣੇ ਕਥਨ ਨੂੰ ਆਪਣੇ ਕਰਮ ਨਾਲ ਪਰਤੱਖ ਕਰਕੇ ਦਿਖਾਓ। ਇਸ ਤਰਾਂ੍ਹ ਹਮੇਸ਼ਾਂ ਤੁਹਾਡਾ ਸਿਰ ਉੱਚਾ ਰਹੇਗਾ।ਲੋਕ ਤੁਹਾਡਾ ਸਤਿਕਾਰ ਕਰਨਗੇ। ਸਮਾਜ ਵਿਚ ਤੁਹਾਡੀ ਇੱਜਤ ਵਧੇਗੀ।