ਪੰਜਾਬੀ ਦੇ ਸਰਗਰਮ ਨਾਟਕਕਾਰਾਂ ਵਿਚ ਉਸਦਾ ਜ਼ਿਕਰ ਬਹੁਤ ਘੱਟ ਪੜ੍ਹਣ ਨੂੰ ਮਿਲਦਾ ਹੈ। ਨਾ ਹੀ ਕਦੇ ਉਸਦੀ ਕਾਰਜਸ਼ੈਲੀ ਬਾਰੇ ਕੋਈ ਲੇਖ ਜਾਂ ਖ਼ਬਰ ਨਜਰੀਂ ਪਈ ਹੈ। ਹੋਰ ਬਹੁਤ ਸਾਰੇ ਲੋਕਾਂ ਵਾਂਗ ਮੈਨੂੰ ਵੀ ਉਸਦੇ ਨਾਂ ਤੋਂ ਉਸਦੇ ਗੈਰ-ਪੰਜਾਬੀ ਹੋਣ ਦਾ ਭੁਲੇਖਾ ਸੀ।
"ਲੋਕੀਂ ਮੇਰੇ ਨਾਂ ਤੋਂ ਮੇਰੇ ਅੰਗ੍ਰੇਜ਼ ਹੋਣ ਦਾ ਭੁਲੇਖਾ ਖਾ ਜਾਂਦੇ ਆ ਪਰ ਮੈਂ ਪੰਜਾਬ `ਚ ਢਿੱਲਵਾਂ ਕਲਾਂ ਦੇ ਦਲਿੱਤ ਵੇਹੜੇ ਵਿਚ ਪੈਦਾ ਹੋਇਆ-----।" ਜਦ ਮੈਂ ਉਸ ਨੂੰ ਪਹਿਲੀ ਵਾਰ ਸੁਣਿਆ, ਉਹ ਇਹ ਦੱਸ ਰਿਹਾ ਸੀ। ਉਸ ਦੀਆਂ ਸਿੱਧੀਆਂ ਤੇ ਸਪੱਸ਼ਟ ਗੱਲਾਂ ਮੈਂ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸਦੀ ਪਹਿਲੀ ਗੱਲ ਨੇ ਹੀ ਮੇਰਾ ਧਿਆਨ ਖਿੱਚ ਲਿਆ। ਉਹ ਆਖ ਰਿਹਾ ਸੀ, " ਰੰਗ-ਮੰਚ ਲਈ ਮੁਢਲੀ ਲੋੜ ਬੌਡੀ ਲੈਂਗੂਏਜ਼ ਤੇ ਆਵਾਜ਼ ਹੁੰਦੇ ਆ ਬਾਕੀ ਤਾਂ ਪਸਾਰ ਐ। ਮੈਂ ਮੁਖ ਲੋੜ ਨਾਲ ਹੀ ਬਹੁਤਾ ਕੰਮ ਸਾਰ ਲੈਨਾਂ-----।
ਸੈਮੂਅਲ ਜੌਹਨ
ਉਹ ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮਾਸਿਕ ਬੈਠਕ ਵਿਚ ਬੋਲ ਰਿਹਾ ਸੀ। ਉਸਦੇ ਪੰਜਾਬੀ ਹੋਣ ਬਾਰੇ ਮੈਨੂੰ ਉਸਦੀ ਫਿਲਮ 'ਆਤੂ ਖੋਜੀ' ਦੇਖ ਕੇ ਪਤਾ ਲੱਗ ਗਿਆ ਸੀ। ਫਿਲਮ ਵਿਚ ਉਹ ਠੇਠ ਪੰਜਾਬੀ ਬੋਲਦਾ ਹੈ। ਬਾਅਦ ਵਿਚ ਉਸਦੀ ਇਕ ਹੋਰ ਫਿਲਮ 'ਅੰਨੇ ਘੋੜੇ ਦਾ ਦਾਨ' ਵੀ ਦੇਖੀ। ਉਸਦੀ ਇਕ ਹੋਰ ਫਿਲਮ 'ਮਿੱਟੀ' ਮੈਨੂੰ ਦੇਖਣ ਦਾ ਮੌਕਾ ਨਹੀਂ ਮਿਲਿਆ। ਦੇਖੀਆਂ ਫਿਲਮਾਂ ਵਿਚ ਮੈਨੂੰ ਉਸਦੇ ਨਿਭਾਏ ਕਿਰਦਾਰਾਂ ਨੇ ਪ੍ਰਭਾਵਤ ਕੀਤਾ ਸੀ।
ਮੰਚ ਦੀ ਬੈਠਕ ਵਿਚ ਉਹ ਦੱਸ ਰਿਹਾ ਸੀ, " ਕੋਟਕਪੂਰੇ ਦੇ ਭਗਤ ਸਿੰਘ ਕਾਲਜ ਵਿਚ ਮੈਨੂੰ ਡਰਾਮਿਆਂ ਵਿਚ ਰੋਲ ਨਾ ਮਿਲਦਾ। ਮੈਂ ਭੰਗੀਆਂ ਦੇ ਮੁਹੱਲੇ ਵਿਚ ਜਾ ਕੇ ਨਾਟਕ ਕਰਨ ਦੀਆਂ ਵਿਉਂਤਾਂ ਬਣਾਉਂਦਾ ਪਰ ਮੇਰੇ ਨਾਲ ਨਾ ਕੋਈ ਰਲਦਾ। ਫੇਰ ਮੈਂ ਪੰਜਾਬ ਯੂਨੀਵਰਸਿਟੀ `ਚ ਚਲਾ ਗਿਆ। ਉਥੋਂ ਮੁੰਬਈ। ਮੁੰਬਈ ਰਹਿੰਦਿਆਂ ਇਕ ਦਿਨ ਖਿੜਕੀ ਰਾਹੀਂ ਮੇਰਾ ਧਿਆਨ ਝੌਂਪੜ-ਪੱਟੀਆਂ ਦੇ ਬਾਹਰ ਖੇਡਦੇ ਜਵਾਕਾਂ `ਤੇ ਟਿਕ ਗਿਆ। ਮੇਰੇ ਦਿਮਾਗ `ਚ ਆਈ ਕਿ ਕਿਓਂ ਨਾ ਏਨ੍ਹਾਂ ਨਾਲ ਨਾਟਕ ਖੇਡਾਂ। ਮੈਂ ਉਨ੍ਹਾਂ `ਚ ਜਾ ਕੇ ਨਾਟਕ ਖੇਡਣ ਲੱਗ ਪਿਆ। ਫੇਰ ਇਕ ਦਿਨ ਨਾਟਕ ਖੇਡਦਿਆਂ ਮੈਂ ਚੱਕਰ ਖਾ ਕੇ ਡਿੱਗ ਪਿਆ। ਕੁਝ ਦਿਨਾਂ ਤੋਂ ਚੱਜ ਨਾਲ ਕੁਝ ਖਾਧਾ-ਪੀਤਾ ਨਹੀਂ ਸੀ। ਜਵਾਕਾਂ ਨੇ ਮੈਨੂੰ ਸਾਂਭ ਲਿਆ। ਉਸ ਦਿਨ ਤੋਂ ਬਾਅਦ ਮੇਰਾ ਕਮਰਾ ਸਾਰਿਆਂ ਦਾ ਸਾਂਝਾ ਕਮਰਾ ਬਣ ਗਿਆ। ਕੋਈ ਓਥੇ ਚਾਹ ਰੱਖ ਜਾਂਦਾ, ਕੋਈ ਰੋਟੀ। ਜੀਹਦਾ ਜੀਅ ਕਰਦਾ, ਕਮਰਾ ਸਾਫ ਕਰ ਦਿੰਦਾ। ਜਾਣੀ ਮੇਰਾ ਇਕ ਪ੍ਰੀਵਾਰ ਬਣ ਗਿਆ। ਕੁਝ ਦੇਰ ਏਸ ਤਰ੍ਹਾਂ ਚਲਦਾ ਰਿਹਾ। ਫੇਰ ਮੈਂ ਪੰਜਾਬ ਆ ਗਿਆ। ਪਟਿਆਲੇ ਨੁੱਕੜ ਨਾਟਕ ਕਰਦਾ। ਦਲਿੱਤਾਂ ਦੀਆਂ ਬਸਤੀਆਂ `ਚ ਜਾ ਕੇ ਨਾਟਕ ਕਰਦਾ। ਮੇਰੇ ਨਾਟਕਾਂ ਦਾ ਵਿਸ਼ਾ ਬਹੁਤਾ ਜਾਤ-ਪਾਤ ਹੁੰਦਾ। ਮੈਨੂੰ ਲਗਦੈ ਮਨੁੱਖ ਨੂੰ ਸਭ ਤੋਂ ਪਹਿਲਾਂ ਮਨੁੱਖ ਹੋਣਾ ਚਾਹੀਦੈ। ਹਿੰਦੂ, ਸਿੱਖ, ਮੁਸਲਮਾਨ , ਦਲਿਤ, ਜੱਟ ਤੇ ਹੋਰ ਸਭ ਕੁਝ ਬਾਅਦ `ਚ। ਬੰਦਾ ਦੂਜੇ ਦਾ ਦੁੱਖ ਮਸੂਸ ਕਰੇ। ਬੇਜ਼ਮੀਨ ਹੋਏ ਕਿਸਾਨਾਂ ਦਾ ਖੁਦਕਸ਼ੀਆਂ ਕਰਨਾ ਮੈਨੂੰ ਬਹੁਤ ਤੰਗ ਕਰਦੈ। ਮੈਂ ਚਾਹੁੰਨੈ ਉਹ ਖੁਦਕਸ਼ੀਆਂ ਨਾ ਕਰਨ। ਕਿਰਤ ਕਰਨ। ਕਿਰਤ ਕੋਈ ਵੀ ਮਾੜੀ ਨੀ। ਏਸ ਲਈ ਮੈਂ ਜਿੱਥੇ ਬਹੁਤੇ ਕਿਸਾਨ ਖੁਦਕਸ਼ੀਆਂ ਕਰਦੇ ਸੀ ਉਥੇ ਆਵਦਾ ਟਿਕਾਣਾ ਕਰ ਲਿਆ। ਮੈਂ ਲਹਿਰੇਗਾਗੇ ਚਲਾ ਗਿਆ। ਮੈਂ ਉਥੇ ਕਿਸਾਨਾਂ ਦੇ ਘਰਾਂ `ਚ ,ਦਲਿਤਾਂ ਦੇ ਵੇਹੜਿਆਂ `ਚ ਜਾਨਾ। ਆਪਣੀ ਡਫਲੀ ਵਜਾਉਣਾਂ। ਲੋਕੀਂ `ਕੱਠੇ ਹੋਣ ਲਗਦੇ ਆ। ਉਨ੍ਹਾਂ ਲੋਕਾਂ `ਚੋਂ ਹੀ ਨਾਟਕ ਦੇ ਪਾਤਰ ਬਣਾ ਲੈਨਾਂ। ਨਾਟਕ ਖੇਡ ਕੇ ਡਫਲੀ ਰੱਖ ਦਿੰਨਾਂ ਨਾਲ ਪੱਲਾ ਵਿਛਾ ਦਿੰਨਾਂ, ਜੀਹਦਾ ਜੋ ਜੀਅ ਕਰਦਾ ਪੱਲੇ `ਚ ਪਾ ਦਿੰਦੈ। ਕੋਈ ਗੁੜ, ਚਾਹ, ਆਟਾ, ਚੌਲ ਪੈਸੇ ਜੋ ਵੀ ਕਿਸੇ ਤੋਂ ਸਰਦਾ।"
ਜਦ ਉਸ ਨੇ ਗੱਲ ਖਤਮ ਕੀਤੀ ਮੇਰੀਆਂ ਅੱਖਾਂ ਨਮ ਸਨ। ਮੈਂ ਆਪ-ਮੁਹਾਰੇ ਹੀ ਉਸਦੇ ਸਨਮਾਨ `ਚ ਖੜ੍ਹ ਗਿਆ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਏਡਾ ਤਿਆਗੀ ਏਸ ਤਰ੍ਹਾਂ ਖੁਸ਼ਬੂਆਂ ਬਖੇਰਦਾ ਹੋਵੇਗਾ। ਉਸੇ ਹੀ ਬੈਠਕ ਵਿਚ ਉਸ ਨੂੰ ਸਵਾਲ ਹੋਣ ਲੱਗੇ। ਕਿਸੇ ਨੇ ਉਸ ਨੂੰ ਪੁੱਛਿਆ, "ਤੁਸੀਂ ਐਨੇ ਸਰਲ ਤਰੀਕੇ ਨਾਲ ਨਾਟਕ ਕਰਦੇ ਹੋ। ਗੱਲਾਂ ਵੀ ਸਿੱਧੀਆਂ ਪਰ ਤੁਹਾਡੀ ਫਿਲਮ 'ਅੰਨੇ ਘੋੜੇ ਦਾ ਦਾਨ' ਏਨੀ ਸਰਲ ਨਹੀਂ। ਉਹ ਫਿਲਮ ਕਰਨ ਦਾ ਕੀ ਸਬੱਬ ਬਣਿਆ?" ਉਸਦਾ ਜਵਾਬ ਸੀ, " ਫਿਲਮ ਡਾਇਰੈਕਟਰ ਦੀ ਹੈ। ਉਸ ਨੇ ਇਨਾਮੀ ਮੁਕਾਬਲੇ ਵਾਸਤੇ ਫਿਲਮ ਬਣਾਈ ਸੀ। ਉਸ ਫਿਲਮ ਵਿਚ ਐਕਟਰ ਦੇ ਤੌਰ `ਤੇ ਕੰਮ ਕਰਕੇ ਮੈਨੂੰ ਤਸੱਲੀ ਵੀ ਹੋਈ ਤੇ ਪੈਸੇ ਵੀ ਮਿਲੇ, ਜਿਨ੍ਹਾਂ ਨਾਲ ਮੈਂ ਆਪਣਾ ਕੁਝ ਕਰਜ਼ਾ ਵੀ ਚੁਕਾਇਆ।"
ਸਰੀ ਦੇ ਸੈਂਟਰਲ ਸਟੇਜ ਥੀਏਟਰ ਵਿਚ ਹਫ਼ਤੇ ਬਾਅਦ ਉਸਦੇ ਨਾਟਕਾਂ ਦਾ ਪ੍ਰੋਗਰਾਮ ਸੀ। ' ਡਾਕਟਰ ਹਰੀ ਸ਼ਰਮਾਂ ਫਾਊਂਡੇਸ਼ਨ' ਹਰ ਸਾਲ ਉਘੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਵਿਚ ਇਕ ਸਮਾਗਮ ਕਰਵਾਉਂਦੀ ਹੈ। ਇਸ ਸਾਲ ਇਸ ਸੰਸਥਾ ਨੇ ਇਸ ਸਮਾਗਮ ਲਈ ਉਸ ਦੀ ਚੋਣ ਕੀਤੀ ਸੀ। ਇਸ ਸੰਸਥਾ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਪ੍ਰਬੰਧ ਕੀਤਾ। ਸੁਖਵੰਤ ਹੁੰਦਲ ਨੇ ਦੋਨਾਂ ਸੰਸ਼ਥਾਵਾਂ ਵਿਚ ਕੜੀ ਬਣ ਕੇ ਉਸ ਨੂੰ ਕਨੇਡਾ ਬੁਲਾਇਆ ਸੀ। ਨਾਟਕ ਵਾਲੇ ਦਿਨ ਉਸਦੀ ਦਰਸ਼ਕਾਂ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਸੁਖਵੰਤ ਹੁੰਦਲ ਆਖ ਰਿਹਾ ਸੀ, " ਪੰਜਾਬੀ ਨਾਟਕ ਦੇ ਦਰਸ਼ਕਾਂ ਕੋਲ ਚੱਲ ਕੇ ਜਾਣ ਦੀ ਪ੍ਰੰਪਰਾ ਇਪਟਾ ਨੇ ਸ਼ੁਰੂ ਕੀਤੀ ਤੇ ਭਾਅ ਜੀ ਗੁਰਸ਼ਰਨ ਸਿੰਘ ਨੇ ਇਸ ਨੂੰ ਜਾਰੀ ਰੱਖਿਆ। ਹੁਣ ਇਸੇ ਪ੍ਰੰਪਰਾ ਨੂੰ ਸੈਮੂਅਲ ਜੌਹਨ ਅੱਗੇ ਲਿਜਾ ਰਿਹਾ ਹੈ। ਉਹ ਆਪਣੇ ਪੂਰਵਜਾਂ ਤੋਂ ਇਕ ਕਦਮ ਅੱਗੇ ਹੈ ਕਿਉਂ ਕਿ ਉਹ ਦਰਸ਼ਕਾਂ ਵਿਚ ਰਹਿ ਕੇ ਨਾਟਕ ਕਰਦਾ ਹੈ ਤੇ ਉਨ੍ਹਾਂ ਨੂੰ ਆਪਣੇ ਨਾਟਕ ਦੇ ਪਾਤਰ ਬਣਾਉਂਦਾ ਹੈ। ਉਹ ਗਰੀਬਾਂ ਦੀਆਂ ਬਸਤੀਆਂ ਤੇ ਦਲਿੱਤਾਂ ਦੇ ਵੇਹੜਿਆਂ `ਚ ਜਾ ਕੇ ਨਾਟਕ ਕਰਦਾ ਹੈ। ਇਹ ਇਕ ਵਿਲੱਖਣ ਕੰਮ ਹੈ.। ਇਸ ਪਹੁੰਚ ਨਾਲ ਜਿੱਥੇ ਉਹ ਲੋਕਾਂ ਨੂੰ ਉਨ੍ਹਾਂ ਦੇ ਦਰਪੇਸ਼ ਮਸਲਿਆਂ ਤੋਂ ਚੇਤਨ ਕਰ ਰਿਹਾ ਹੈ ਉਥੇ ਨਾਲ ਹੀ ਉਹ ਲੋਕਾਂ ਨੂੰ ਰੰਗ-ਮੰਚ ਵਰਗੀ ਕਲਾ ਨਾਲ ਵੀ ਜੋੜ ਰਿਹਾ ਹੈ, ਜਿਹੜੀ ਹੁਣ ਤੱਕ ਉੱਚੀਆਂ ਜਮਾਤਾਂ ਦੇ ਕਬਜੇ ਵਿਚ ਹੀ ਰਹੀ ਹੈ।"
ਉਸ ਦਿਨ ਸੈਮੂਅਲ ਜੌਹਨ ਨੇ ਦੋ ਨਾਟਕਾਂ ਦਾ ਮੰਚਨ ਕੀਤਾ। ਉਸਨੇ ਆਪਣੀ ਡਫਲੀ `ਤੇ ਥਾਪ ਦਿੱਤੀ ਤੇ ਥਾਪ ਦੇ ਨਾਲ ਨਾਟਕ ਨਾਟਕ ਨਾਟਕ ਦਾ ਹੋਕਾ ਦਿੱਤਾ। ਸ਼ਾਇਦ ਇਹ ਉਸਦਾ ਦਰਸ਼ਕ ਇਕੱਠੇ ਕਰਨ ਦਾ ਤਰੀਕਾ ਹੈ। ਪਹਿਲਾ ਨਾਟਕ 'ਜੂਠ' ਸੀ। ਇਹ ਹਿੰਦੀ ਲੇਖਕ ਓਮ ਪਰਕਾਸ਼ ਬਾਲਮੀਕੀ ਦੀ ਜੀਵਨੀ `ਤੇ ਅਧਾਰਤ ਮੋਨੋ ਲਾਗ ਸੀ। ਇਸ ਨਾਟਕ ਦਾ ਮੰਚਨ ਕਰਦਾ ਉਹ ਕਦੇ ਗਲੇਡੂ ਭਰਦਾ ਤੇ ਅਗਲੇ ਹੀ ਪਲ ਹਸ ਹਸ ਦੂਹਰਾ ਹੁੰਦਾ। ਕਦੇ ਨਿੰਮੋਝੂਣਾ ਹੁੰਦਾ ਤੇ ਕਦੇ ਗੜਕੇ ਮਾਰਦਾ। ਅੱਧੇ ਘੰਟੇ ਵਿਚ ਉਸ ਨੇ ਓਮ ਪ੍ਰਕਾਸ਼ ਬਾਲਮੀਕੀ ਦੀ ਜਾਤ-ਪਾਤ ਕਾਰਣ ਨਰਕ ਬਣੀ ਜਿੰਦਗੀ ਨੂੰ ਦਰਸ਼ਕਾਂ ਦੇ ਸਾਹਮਣੇ ਜੀਵਤ ਕਰ ਦਿੱਤਾ। ਉਸ ਨੇ ਦਰਸ਼ਕਾਂ ਨੂੰ ਪੱਬਾਂ ਭਾਰ ਕਰੀ ਰੱਖਿਆ। ਨਾਟਕ ਦੇ ਖਤਮ ਹੋਣ ਸਾਰ ਉਸਦੀ ਕਲਾ ਦੇ ਕਾਇਲ ਹੋਏ ਦਰਸ਼ਕ ਉਸਦੇ ਸਨਮਾਨ ਵਿਚ ਸੀਟਾਂ ਤੋਂ ਉਠ ਖਲੋਤੇ। ਨੱਕੋ-ਨੱਕ ਭਰਿਆ ਹਾਲ ਤਾੜੀਆਂ ਨਾਲ ਗੂੰਝ ਉਠਿਆ। ਦੇਰ ਤਕ ਤਾੜੀਆਂ ਵਜਦੀਆਂ ਰਹੀਆਂ। ਦੂਜਾ ਨਾਟਕ 'ਕਿਰਤੀ' ਬੇਜਮੀਨ ਹੋਏ ਕਿਸਾਨ ਦੀ ਖੇਤ ਕਾਮਾ ਬਣਨ ਦੀ ਗਾਥਾ ਨੂੰ ਬਿਆਨ ਕਰਦਾ ਹੈ। ਇਹ ਨਾਟਕ ਉਸਨੇ ਤਿੰਨ ਸਥਾਨਕ ਕਲਾਕਾਰਾਂ ਦੇ ਸਹਿਯੋਗ ਨਾਲ ਖੇਡਿਆ। ਅਜੋਕੇ ਪੰਜਾਬ ਵਿਚ ਗਰੀਬ ਕਿਸਾਨ ਦੀ ਹਾਲਤ ਅਤੇ ਜਾਤਪਾਤ ਦੀ ਘਿਨੌਣੀ ਤਸਵੀਰ ਉਘਾੜਦਾ ਇਹ ਨਾਟਕ ਵੀ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਨਵੇਕਲਾ ਅੰਦਾਜ਼। ਕਿਸੇ ਰੋਸ਼ਨੀ ਦੀ ਵਰਤੋਂ ਨਹੀਂ ਕੀਤੀ ਨਾ ਕਿਸੇ ਸੰਗੀਤ ਜਾਂ ਪਰਦੇ ਦੀ। ਸਿਰਫ ਇਸ਼ਾਰੇ ਤੇ ਆਵਾਜ਼।
ਨਾਟਕਾਂ ਤੋਂ ਬਾਅਦ ਭਾਵੁਕ ਹੋਏ ਦਰਸ਼ਕਾਂ ਚੋਂ ਕੁਝ ਪੁੱਛ ਰਹੇ ਸੀ ਕਿ ਉਹ ਕਿਵੇਂ ਨਾਟਕਕਾਰ ਦੀ ਮੱਦਦ ਕਰ ਸਕਦੇ ਹਨ। ਸੈਮੂਅਲ ਦਾ ਜਵਾਬ ਸੀ, " ਮੈਂ ਤਾਂ ਕ੍ਰਿਤੀ ਬੰਦਾ। ਆਪਣਾ ਕੰਮ ਇਸੇ ਤਰਹਾਂ ਹੀ ਕਰੀ ਜਾਣਾ ਚਾਹੁੰਨੈ। ਨਾਟਕ ਨੂੰ ਲਹਿਰ ਕਿਵੇਂ ਬਨਾਉਣੈ ਇਹ ਤੁਸੀਂ ਸੋਚੋ।" ਉਸ ਦਿਨ ਸੈਮੂਅਲ ਜੌਹਨ ਨੇ ਆਪਣੀ ਡਫਲੀ `ਤੇ ਪੱਲਾ ਵੀ ਦਰਸ਼ਕਾਂ ਅੱਗੇ ਨਹੀਂ ਫੈਲਾਇਆ। ਸ਼ਾਇਦ ਡਫਲੀ ਦੇ ਡਾਲਰਾਂ ਦੇ ਭਾਰ ਹੇਠ ਦਬਣ ਦੇ ਡਰੋਂ।
ਸਾਡਾ ਇਹ ਸੰਵੇਦਨਸ਼ੀਲ, ਸਿਰੜੀ ਤੇ ਤਿਆਗੀ ਨਾਟ-ਕਰਮੀ ਇਸੇ ਤਰ੍ਹਾਂ ਗਲੀ, ਮੁਹੱਲੇ ਤੇ ਵੱਖ-ਵੱਖ ਦੇਸ਼ਾਂ ਵਿਚ ਆਪਣੀਆਂ ਫੇਰੀਆਂ ਲਾਉਂਦਾ ਰਹੇ ਤੇ ਮਹਿਕਾਂ ਵੰਡਦਾ ਰਹੇ!