ਸਵਰਨਜੀਤ ਸਵੀ ਸੁਖਮ ਭਾਵੀ ਕਵੀ ਹੈ। ਉਸਦਾ ਕਾਵਿ-ਸੰਸਾਰ ਸੰਵੇਦਨਾ, ਚਿੰਤਨ, ਚੇਤਨਾ ਅਤੇ ਵਿਚਾਰਧਾਰਕ ਪ੍ਰਪੰਚਾਂ ਦੇ ਰਚਨਾਤਮਕ ਅਮਲ ਵਿਚੋਂ ਹਸਤਾਖ਼ਰਿਤ ਹੁੰਦਾ ਹੈ। ਸਵੀ ਆਪਣੇ ਕਾਵਿ-ਸਰੋਕਾਰਾਂ ਦੀ ਅਭਿਵਿਅਕਤੀ ਨਿਰੋਲ ਕਾਵਿ-ਰੂਪਾਂਤਰਣ ਰਾਹੀਂ ਨਹੀਂ ਕਰਦਾ ਸਗੋਂ ਇਸਦੇ ਝਰੋਖੇ ਵਿਚ ਤਨ-ਝਾਗਿਆ ਅਨੁਭਵ ਅਤੇ ਪੰਜਾਬੀ ਸਭਿਆਚਾਰ ਦਾ ਗਤੀਸ਼ੀਲ ਕੀਮਤ-ਪ੍ਰਬੰਧ ਵੀ ਨਿਰੰਤਰ ਜਗਮਗ ਕਰਦਾ ਨਜ਼ਰੀਂ ਆਉਂਦਾ ਹੈ। ਸਵਰਨਜੀਤ ਸਵੀ ਆਪਣੀ ਕਾਵਿ-ਸਿਰਜਣ ਪ੍ਰਕ੍ਰਿਆ ਰਾਹੀਂ ਅਜੋਕੇ ਦੌਰ ਵਿਚ ਮਨੁੱਖ ਵਿਚ ਗੁੰਮ ਹੋ ਰਹੀ ਸੁਰਤਿ-ਸੰਵੇਦਨਾ ਨੂੰ ਸਮਕਾਲੀ ਇਤਿਹਾਸਕ ਘਟਨਾਵਾਂ ਦੇ ਪਰਿਪੇਖ ਵਿਚ ਹਲੂਣਦਾ ਹੈ। ਉਸਦੇ ਇਸ਼ਟ ਸ਼ਬਦ ਹਨ ਅਤੇ ਸੁਲਘਦੇ ਸ਼ਬਦ ਰਲਕੇ ਕਵਿਤਾ ਦਾ ਨਿਰਮਾਣ ਕਰਦੇ ਹਨ।
ਕਵਿਤਾ ਨਿਰੋਲ ਸ਼ਾਬਦਿਕ ਪ੍ਰਪੰਚ ਨਹੀਂ ਹੈ। ਇਹ ਇਕ ਜੀਵੰਤ ਸਿਰਜਣਾ ਹੈ, ਜਿਸ ਵਿਚ ਮਾਨਵੀ ਸੰਵੇਦਨਾਵਾਂ ਦਾ ਸੰਚਾਰ ਹੁੰਦਾ ਹੈ। ਕਵਿਤਾ ਦੇ ਵਿਰਾਟ ਰੂਪ ਦੇ ਦੀਦਾਰ ਮਾਨਵੀ ਸਰੰਚਨਾਵਾਂ ਦੇ ਸੌਂਦਰਯ ਬੋਧ ਵਿਚੋਂ ਵੀ ਕੀਤੇ ਜਾ ਸਕਦੇ ਹਨ। ਮਾਨਵੀ ਸੰਰਚਨਾਵਾਂ ਧਾਰਮਿਕ, ਰਾਜਸੀ, ਆਰਥਿਕ ਅਤੇ ਸਭਿਆਚਾਰਕ ਖੇਤਰਾਂ ਵਿਚ ਸਦੀਆਂ ਤੋਂ ਕਾਰਜਸ਼ੀਲ ਹਨ ਅਤੇ ਇਨ੍ਹਾਂ ਦੀ ਪ੍ਰਕਿਰਤੀ ਮਾਨਵ ਹਿਤੈਸ਼ੀ ਅਤੇ ਮਾਨਵ ਵਿਰੋਧੀ ਵੀ ਹੋ ਸਕਦੀ ਹੈ। ਦਰਅਸਲ ਮਨਫ਼ੀ ਕਦਰਾਂ ਕੀਮਤਾਂ ਨੂੰ ਮਾਨਵੀ ਸੰਰਚਨਾਵਾਂ ਵਿਚੋਂ ਖਾਰਜ ਕਰਨ ਦਾ ਕਾਰਜ ਹੀ ਕਾਵਿ-ਸਿਰਜਣਾ ਹੈ।
ਕਵਿਤਾ ਦਾ ਮੂਲ ਆਧਾਰ ਸਮਾਜ ਹੈ। ਕਵੀ ਦਰਅਸਲ ਕਵਿਤਾ ਦੀ ਸਿਰਜਣਾ ਨਹੀਂ ਕਰ ਰਿਹਾ, ਉਹ ਸਵੱਸਥ ਸਮਾਜ ਦੀ ਉਸਾਰੀ ਵਿਚ ਵੀ ਲੀਨ ਹੈ ਪਰ ਮਾਨਵੀ ਸੰਰਚਨਾਵਾਂ ਸੋਸ਼ਣ ਦੇ ਵੱਖ-ਵੱਖ ਰੂਪਾਂ ਰਾਹੀਂ ਕਵਿਤਾ (ਸਮਾਜ) ਦੇ ਨਕਸ਼ ਨੁਹਾਰ ਨੂੰ ਬਦਰੰਗ ਕਰਨ ਦੇ ਆਹਰ ਵਿਚ ਜੁੱਟੀਆਂ ਹੋਈਆਂ ਹਨ। ਜਦੋਂ ਮਾਨਵੀ-ਸੰਰਚਨਾਵਾਂ ਪ੍ਰੀਤ ਭਿੱਜੇ ਬੁਲ੍ਹਾਂ ਉਤੇ ਗਰਮ ਕੋਲੇ ਰੱਖਣ, ਸੋਚ ਨੂੰ ਕੀਲ ਕੇ ਮੱਥੇ ਦੀਆਂ ਨਾੜਾਂ ਨੂੰ ਕੱਸਣ, ਪਰਵਾਜ਼ ਨੂੰ ਥੰਮਣ ਲਈ, ਪਰਾਂ ਤੇ ਸਰਾਪੇ ਬੋਝ ਨੂੰ ਰੱਖਣ ਦਾ ਕਾਰਜ ਕਰਦੀਆਂ ਹਨ ਤਾਂ ਕਵਿਤਾ ਅੰਗੜਾਈ ਲੈਂਦੀ ਹੋਈ ਆਪਣਾ ਪ੍ਰਤਿਉਤਰ ਸਿਰਜਦੀ ਹੈ।
ਕਵਿਤਾ ਮਸਤ ਜਿਹੇ ਫੁੱਲਾਂ ਦੇ ਟਹਿਕਣ, ਠਾਠਾਂ ਮਾਰਦੇ ਸਮੁੰਦਰ ਉਪਰ ਤੁਰਦੀ ਲਹਿਰ ਦਾ ਨਾਂ ਹੈ, ਕਵਿਤਾ ਔਖੀ ਘੜੀ ਵਿਚ ਪੈਰਾਂ, ਅੱਖਾਂ, ਛਾਤੀ ਅਤੇ ਪਿੱਠ ਪਿੱਛੇ ਫੈਲੀ ਵਹਿਸ਼ਤ ਤੋਂ ਮੁਕਤੀ ਦਾ ਨਾਂ ਹੈ। ਕਵਿਤਾ ਸਹਿਮੀਆਂ ਅੱਖਾਂ ਨਾਲ ਤੱਕਦੇ ਉਦਾਸ ਤੇ ਨਿਰਾਸੇ ਚਿਹਰਿਆਂ ਦੀ ਇਬਾਰਤ ਦਾ ਨਾਂ ਹੈ। ਕਵਿਤਾ ਸਿਆਸਤ ਦੀ ਸ਼ਤਰੰਜ, ਹੱਠ, ਨੱਕ, ਕੁਨਬਾਪ੍ਰਸਤੀ, ਵਿਸ਼ੇਸ਼-ਧਿਰ, ਧਰਮ ਜਾਂ ਆਡੰਬਰਮਈ ਹਾਕਮਾਂ ਦੀ ਚੁਰਾਸੀ ਵਿਚ ਉਲਝੇ ਬੰਦੇ ਦੀ ਜੂਝਣ-ਗਾਥਾ ਦਾ ਨਾਂ ਹੈ। ਕਵਿਤਾ ਕਦੇ ਵੀ ਹਾਕਮ ਅਤੇ ਮਜ਼ਲੂਮ ਵਿਚਕਾਰ ਅਣਸੁਣੀ ਚੀਖ ਬਣਨ ਤੋਂ ਇਨਕਾਰੀ ਹੈ। ਕਵਿਤਾ, ਸਿਆਸਤ, ਕਾਨੂੰਨ ਅਤੇ ਕਾਨੂੰਨ-ਘਾੜਿਆਂ ਨੂੰ ਪਿਆਦੇ ਅਤੇ ਮਨੁੱਖ ਵਿਚ ਅੰਤਰ-ਸਥਾਪਿਤ ਕਰਨ ਦਾ ਕਾਰਜ ਕਰਦੀ ਹੈ। ਕਵਿਤਾ ਮਨੁੱਖ ਨੂੰ ਅਲਪ-ਸੰਖਿਅਕ ਅਤੇ ਬਹੁ-ਸੰਖਿਅਕ ਦੇ ਚੱਕਰ ਵਿਚੋਂ ਨਿਤਾਰਨ ਦਾ ਕਾਰਜ ਕਰਦੀ ਹੈ। ਕਵਿਤਾ ਕਿਸੇ ਕੌਮ ਨੂੰ ਨਿਪੁੱਤਰੀ ਹੋਣ ਤੋਂ, ਰੀਝਾਂ ਨੂੰ ਧਮਾਲਾਂ ਪਾਉਣ ਤੋਂ ਅਤੇ ਮੁੱਛ-ਫੁੱਟ ਗਭਰੂਆਂ ਨੂੰ ਅਣਖ ਨਾਲ ਟੁਰਨ ਤੋਂ ਵਰਜਣ ਵਾਲੀਆਂ ਸ਼ਕਤੀਆਂ ਦੇ ਵਿਰੋਧ ਵਿਚੋਂ ਜਨਮਦੀ ਹੈ। ਕਵਿਤਾ ਮਨੁੱਖ ਵਿਚੋਂ ਮਨੁੱਖ ਨੂੰ ਮਨਫ਼ੀ ਕਰਨ ਦੇ ਕਾਰਜ ਦੇ ਵਿਰੋਧ ਵਿਚੋਂ ਜਨਮਦੀ ਹੈ। ਕਵਿਤਾ ਦੇਹ ਦੇ ਨਾਲ-ਨਾਲ ਮਨ ਅਤੇ ਮਸਤਕ ਦੀ ਆਜ਼ਾਦੀ ਦੀ ਵੀ ਚਾਹਵਾਨ ਹੈ, ਜਿਵੇਂ:--
ਕਵਿਤਾ
ਅਸੀਂ ਹੁਣ ਤੇਰੇ ਨਾਲ
ਅਜਿਹਾ ਕੁਝ ਨਹੀਂ ਹੋਣ ਦੇਣਾ
ਅਸੀਂ ਤਾਂ ਤੇਰੀ ਮੜ੍ਹਕ ਮੋੜ ਕੇ ਲਿਆਉਣੀ ਹੈ
ਤੇਰੀਆਂ ਅੱਖਾਂ ਦਾ ਨੂਰ ਵਾਪਸ ਲਿਆਉਣਾ ਹੈ।
ਤੇਰੇ ਪੁੱਤਾਂ-ਧੀਆਂ ਦੀ
ਜਵਾਨੀ ਦੀ ਸਲਾਮਤੀ ਦੀ
ਅਣਖ ਜਗਾਉਣੀ ਹੈ।
ਕਵਿਤਾ ਤੂੰ ਹੌਸਲਾ ਰਖ
ਅਸੀਂ ਅਜੇ ਵੀ ਹਾਰੇ ਨਹੀਂ ਹਾਂ।
ਪਿਆਦਾ ਇਕ ਲਘੂ ਖੰਡਿਤ ਮਾਨਵੀ ਇਕਾਈ ਹੈ, ਜਿਸ ਨੂੰ ਰਾਜਸੀ ਅਤੇ ਆਰਥਿਕ ਸ਼ਕਤੀਆਂ ਬਹੁਪਰਤੀ ਰੂਪ ਵਿਚ ਵੱਖ-ਵੱਖ ਪੱਖਾਂ ਅਤੇ ਕੋਣਾਂ ਤੋਂ ਨਪੀੜ ਰਹੀਆਂ ਹਨ। ਮਾਨਵ ਵਿਚੋਂ ਮਾਨਵ ਨੂੰ ਮਨਫ਼ੀ ਕਰਨ ਦਾ ਸੰਕਲਪ ਗਲੋਬਲ ਚਰਿਤਰ ਵਾਲਾ ਪ੍ਰਵਚਨ ਹੈ। ਪਹਿਲਾਂ ਪਹਿਲ ਪਿਆਦੇ ਰੂਪੀ ਮਾਨਵੀ ਸਰੂਪ ਦੀ ਘਾੜਤ ਦਾ ਮਾਧਿਅਮ ਉਸਦੀ ਦੇਹ ਸੀ ਪਰੰਤੂ ਅਜੋਕੇ ਸਮਿਆਂ ਵਿਚ ਦੇਹ ਪਿੱਠਭੂਮੀ ਵਿਚ ਚਲੀ ਗਈ ਹੈ ਅਤੇ ਅਗਰਭੂਮੀ ਵਿਚ ਮਨ ਅਤੇ ਬੁੱਧੀ ਦੇ ਮਾਧਿਅਮ ਰਾਹੀਂ ਪਿਆਦਿਆਂ ਦੀ ਸਿਰਜਣਾ ਦਾ ਆਧਾਰ ਰੂਪਾਂਤਰਿਤ ਕਰ ਦਿੱਤਾ ਹੈ:--
ਬੌਣਿਆਂ ਦੇ ਵਾਂਗ
ਵਰਤੇ ਜਾ ਰਹੇ ਹਾਂ
ਅਸੀਂ ਕੌਣ ਹਾਂ
ਕਿੱਥੋਂ ਹਾਂ ਆਏ
ਤੇ ਕਿੱਧਰ ਨੂੰ ਜਾਣਾ ਹੈ
ਸਾਨੂੰ ਕੀ ਪਤਾ ਹੈ ?
ਅਸੀਂ ਤਾਂ ਪੀੜ ਨੂੰ ਬੱਸ
ਸੁਪਨਿਆਂ ਦੇ ਰੰਗ ਅੰਦਰ
ਰੰਗ ਕੇ ਹੀ ਸਬਰ ਕਰਦੇ ਹਾਂ।
ਅੱਖਾਂ ਮੀਚ ਲੈਂਦੇ ਹਾਂ
ਜਾਂ ਅੱਖਾਂ ਖੋਲ੍ਹ ਲੈਂਦੇ ਹਾਂ
ਪਰ ਕੋਈ ਨਹੀਂ ਸੁਣਦਾ
ਕੀ ਕਹਿ ਰਹੇ ਹਾਂ।
ਸਿਆਸਤ ਦਾ ਦਮਨਕਾਰੀ ਸਰੂਪ, ਇਸ ਵਿਰੁੱਧ ਸੰਘਰਸ਼ਸ਼ੀਲ ਸ਼ਕਤੀਆਂ ਅਤੇ ਆਮ ਲੋਕਾਈ ਦਾ ਤ੍ਰਿਕੋਣ, ਇਕ ਤ੍ਰੈ-ਕਾਲੀ ਵਰਤਾਰਾ ਹੈ। ਜਦੋਂ ਸਿਆਸਤ ਦਾ ਦਮਨ ਚੱਕਰ ਤਿੱਖਾ ਹੁੰਦਾ ਹੈ ਇਸ ਵਿਰੁੱਧ ਸੰਘਰਸ਼ ਵਿੱਢ ਰਹੀਆਂ ਸ਼ਕਤੀਆਂ ਹੰਬਲਾ ਮਾਰਦੀਆਂ ਹਨ ਪਰ ਆਮ ਲੋਕਾਈ ਦੇ ਜਨਾਧਾਰ ਦੀ ਅਣਹੋਂਦ ਕਾਰਨ ਇਹ ਸੰਘਰਸ਼ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ ਅਤੇ ਤਰਕਹੀਨ ਯੁੱਧ ਵਿਚ ਤਬਦੀਲ ਹੋ ਜਾਂਦੇ ਹਨ। ਮਿਸਾਲ ਵਜੋਂ ਸਵਰਨਜੀਤ ਸਵੀ ਆਪਣੀ ਕਵਿਤਾ 'ਤਰਕਹੀਣ ਯੁੱਧ' ਵਿਚ ਉਤਰ ਨਕਸਲਵਾਦੀ ਲਹਿਰ ਨਾਲ ਜੁੜੇ ਮੂਲ ਸਰੋਕਾਰਾਂ ਦਾ ਚਿੰਤਨ ਕਰਦਾ ਹੈ। ਨਕਸਲਵਾਦੀ ਸਰੋਕਾਰਾਂ ਦੀ ਅਸਫ਼ਲਤਾ ਦਾ ਕਾਰਨ ਕਵੀ ਅਨੁਸਾਰ ਆਮ ਲੋਕਾਈ ਦਾ ਇਸ ਤ੍ਰਿਕੋਣ ਵਿਚੋਂ ਗ਼ੈਰਹਾਜ਼ਰ ਰਹਿਣਾ ਹੈ। ਚੁੱਪ ਦੇ 'ਚਿਹਨ' ਰਾਹੀਂ ਆਮ ਲੋਕਾਈ ਦੀ ਬੇਬਸੀ ਅਤੇ ਕਾਊਂਟਰ ਅਤਿਵਾਦ ਦੀ ਦਹਿਸ਼ਤ ਨੂੰ ਸਵਰਨਜੀਤ ਸਵੀ ਨੇ ਬੜੇ ਸਮੱਗਰ ਰੂਪ ਵਿਚ ਪੇਸ਼ ਕੀਤਾ ਹੈ। ਜਿਵੇਂ:--
ਇਹ ਚੁੱਪ ਨਹੀਂ ਹੈ
ਤਾਰ-ਤਾਰ ਹੋਈ ਚੇਤਨਾ ਹੈ
ਇਹ ਚੁੱਪ ਨਹੀਂ ਹੈ
ਲੀਰੋ ਲੀਰ ਹੋਇਆ ਆਪਾ ਹੈ
ਇਹ ਚੁੱਪ ਨਹੀਂ ਹੈ
ਦੋ-ਧਾਰੀ ਤਲਵਾਰ ਦੀ ਸਾਜਿਸ਼ ਹੈ
ਇਹ ਚੁੱਪ ਨਹੀਂ ਹੈ
ਮੁਕੰਮਲ ਤ੍ਰਾਸਦੀ ਹੈ
ਸਾਡੇ ਸਮਿਆਂ ਦੀ,
ਜੋ ਹਰ ਦਰਵਾਜ਼ੇ ਨੂੰ
ਅੰਦਰੋਂ ਕੁੰਡਾ ਮਾਰਕੇ ਬੈਠੀ ਹੈ।
ਅਤਿਵਾਦ ਅਤੇ ਲੋਕਯਾਨਕ ਪ੍ਰਪੰਚ ਅਤੇ ਲੋਕ-ਅਭਿਵਿਅਕਤੀ ਜਟਿਲ ਅਤੇ ਗੁੰਝਲਦਾਰ ਵਰਤਾਰੇ ਹਨ। ਕੀ ਅਤਿਵਾਦੀ ਰੁਝਾਨ ਲੋਕਯਾਨਕ ਸਾਮੱਗਰੀ ਦੇ ਲੋਕ-ਸਿਰਜਣ, ਰੂਪਾਂਤਰਣ ਅਤੇ ਪੇਸ਼ਕਾਰੀ ਰੁਝਾਨਾਂ ਉੱਪਰ ਤਿੱਖਾ ਪ੍ਰਭਾਵ ਪਾਉਂਦੇ ਹਨ ? ਇਸ ਪ੍ਰਸ਼ਨ ਦਾ ਉੱਤਰ ਸਹਿਜ ਨਹੀਂ ਸਗੋਂ ਇਤਿਹਾਸ ਮੁਖ ਸਰੋਕਾਰਾਂ ਦੇ ਸੰਦਰਭ ਵਿਚੋਂ ਲੱਭਿਆ ਜਾ ਸਕਦਾ ਹੈ। ਪੰਜਾਬ ਦੇ ਪਿੰਡੇ ਉਪਰ ਵੀਹਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ ਵਿਚ ਅਤਿਵਾਦੀ ਰੁਝਾਨਾਂ ਦੇ ਉਕਰੇ ਹਸਤਾਖ਼ਰ ਕੋਈ ਅਲੋਕਾਰੀ ਘਟਨਾ ਨਹੀਂ ਹੈ। ਇਸ ਤਰ੍ਹਾਂ ਦੀ ਜੁਗ ਗਰਦੀ ਮੱਧਕਾਲ ਵਿਚ ਵੀ ਅਤੇ ਅੰਗ੍ਰੇਜ਼ ਹਕੂਮਤ ਵੇਲੇ ਵੀ ਵੇਖਣ ਨੂੰ ਮਿਲਦੀ ਹੈ ਪਰੰਤੂ ਲੋਕ-ਸਮੂਹਾਂ ਨੇ ਆਪਣੀ ਲੋਕ ਸਿਰਜਣਾ ਦਾ ਤਿਆਗ ਕਦੇ ਨਹੀਂ ਕੀਤਾ ਸਗੋਂ ਰੂਪਾਂਤਰਣ ਕੀਤਾ ਹੈ। ਲੋਕ ਸਿਰਜਣਾ ਹੀ ਇਕ ਅਜਿਹਾ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਘਟਨਾਵਾਂ ਦੀ ਪੁਣਛਾਣ ਬੜੀ ਇਮਾਨਦਾਰੀ ਨਾਲ ਕਰਦਾ ਹੋਇਆ ਲੋਕ-ਇਤਿਹਾਸਕਾਰੀ ਦੇ ਕਾਰਜ ਵਿਚ ਪਿਆ ਰਹਿੰਦਾ ਹੈ। ਭਾੜੇ ਤੇ ਲਿਖੇ ਇਤਿਹਾਸ ਵਿਚ ਅਤੇ ਲੋਕ ਇਤਿਹਾਸ ਵਿਚ ਬਹੁਤ ਵੱਡਾ ਅੰਤਰ ਹੈ। ਲੋਕ ਇਤਿਹਾਸ ਲੋਕ-ਪੀੜ ਦੀ ਪ੍ਰਤਿਨਿਧਤਾ ਕਰਦਾ ਹੈ। ਇਸ ਸੋਗੀ ਮਾਹੌਲ ਵਿਚ ਲੋਕਯਾਨ ਕਦੇ ਵੀ ਦਮ ਨਹੀਂ ਤੋੜਦਾ ਸਗੋਂ ਕਰਵਟ ਬਦਲਦਾ ਹੈ। ਖੇੜੇ ਅਤੇ ਖੁਸ਼ੀਆਂ ਨਾਲ ਓਤਪ੍ਰੋਤ ਲੋਕ ਨਾਚ, ਪਿੱਠਭੂਮੀ ਵਿਚ ਚਲੇ ਜਾਂਦੇ ਹਨ ਅਤੇ ਅਗਰਭੂਮੀ ਉਤੇ ਰੁਦਨ ਪ੍ਰਧਾਨ ਕਾਵਿ ਉਚਾਰ ਉਜਾਗਰ ਹੋਣੇ ਸ਼ੁਰੂ ਹੋ ਜਾਂਦੇ ਹਨ:--
ਜਦਕਿ ਬਚੇ ਢਾਈ-ਆਬ ਦੇ
ਚਹੁੰ ਪਾਸੀ ਕੁੱਲ ਧਰਤੀ
ਸੋਗੀ ਫਿਜ਼ਾ ਵਿਚ ਭਿੱਜੀ ਪਈ ਹੈ
ਸਭ ਪਾਸੀਂ
ਕਬਰਾਂ ਨੇ ਸ਼ਮਸ਼ਾਨ ਨੇ
ਤੇ ਰੌਂਦੀਆਂ ਰੂਹਾਂ ਨੇ
ਅੱਡੀਆਂ ਪੀੜ ਨਾਲ ਕਰਾਹ ਰਹੀਆਂ ਨੇ
ਧਰਤੀ ਹੁਣ
ਉਨ੍ਹਾਂ ਦੀ ਧਮਕ ਨਾਲ ਨਹੀਂ
ਆਹਾਂ ਨਾਲ ਕੰਬਦੀ ਹੈ।
ਅਤਿਵਾਦ ਇੱਕੀਵੀਂ ਸਦੀ ਵਿਚ ਪ੍ਰਚੰਡ ਵਿਚਾਰਾਂ ਨੂੰ ਪ੍ਰਚੰਡ ਤਰੀਕੇ ਨਾਲ ਪ੍ਰਚਾਰਨ ਦਾ ਨਾਂ ਹੈ। ਅਤਿਵਾਦ ਦਾ ਮੁੱਢਲਾ ਦੌਰ ਕਿਸੇ ਵਿਚਾਰਧਾਰਕ ਸ਼ਕਤੀ ਤੋਂ ਸੇਧ ਲੈਂਦਾ ਹੈ ਪਰ ਹੌਲੀ ਹੌਲੀ ਕਾਊਂਟਰ ਅਤਿਵਾਦ ਅਤੇ ਅਤਿਵਾਦੀ ਲਹਿਰ ਵਿਚਲੇ ਅੰਤਰ-ਵਿਰੋਧਾਂ ਕਾਰਨ ਇਹ ਲੀਹੋਂ ਉਤਰ ਵੀ ਜਾਂਦਾ ਹੈ। ਲੀਹੋਂ ਉਤਰੇ ਅਤਿਵਾਦ ਦਾ ਸ਼ਿਕਾਰ ਸਭ ਤੋਂ ਜ਼ਿਆਦਾ ਸਮਾਜ ਦੀਆਂ ਕਮਜ਼ੋਰ ਧਿਰਾਂ ਇਸਤਰੀਆਂ ਅਤੇ ਬੱਚੇ ਹੁੰਦੇ ਹਨ। ਸਵੀ ਦੀ ਕਵਿਤਾ 'ਉਹ ਪਾਗਲ ਜਹੀ ਕੁੜੀ' ਇਸ ਆਸ਼ੇ ਦੀ ਪੂਰਤੀ ਕਰਦੀ ਕਵਿਤਾ ਹੈ। ਅਤਿਵਾਦੀ ਜਾਂ ਕਾਊਂਟਰ ਅਤਿਵਾਦੀ ਸ਼ਕਤੀਆਂ ਹੱਥੋਂ ਸਭ ਕੁਝ ਲੁਟਾ ਕੇ ਮਾਨਸਿਕ ਤਵਾਜ਼ਨ ਗੁਆ ਕੇ ਇਕ ਮੁਟਿਆਰ ਕੇਵਲ ਖੰਡਿਤ ਨਾਰੀ ਸੰਵੇਦਨਾ ਨੂੰ ਹੀ ਅਭਿਵਿਅਕਤ ਨਹੀਂ ਕਰਦੀ ਸਗੋਂ ਲੀਰੋ-ਲੀਰ ਹੋਏ ਪੰਜਾਬ ਦੀ ਵੀ ਪ੍ਰਤਿਨਿਧਤਾ ਕਰਦੀ ਹੈ। ਅਤਿਵਾਦ ਪ੍ਰਭਾਵਿਤ ਕੌਮ ਨੂੰ ਕਵੀ ਨੇ ਨੀਮ ਬੇਹੋਸ਼ੀ ਅਤੇ ਨੀਮ ਪਾਗਲਪਣ ਦੀ ਅਵਸਥਾ ਨਾਲ ਗਰਦਾਨਿਆ ਹੈ। ਅਤਿਵਾਦ ਅਤੇ ਕਾਊਂਟਰ ਅਤਿਵਾਦ ਦੇ ਗੁੱਝੇ ਰਹੱਸਾਂ, ਰਮਜਾਂ, ਇਤਿਹਾਸ ਅਤੇ ਘਟਨਾਵਾਂ ਦੇ ਦੁਖਾਂਤਕ ਪਹਿਲੂ ਸਮੇਂ ਦੀ ਧੂੜ ਵਿਚ ਦੱਬ ਅਤੇ ਗੁਆਚ ਜਾਂਦੇ ਹਨ ਪਰ ਇਨ੍ਹਾਂ ਪਹਿਲੂਆਂ ਨੂੰ ਕਵੀ ਮਨ ਕਦੇ ਵੀ ਵਿਸਾਰ ਨਹੀਂ ਸਕਦਾ, ਸਗੋਂ ਇਨ੍ਹਾਂ ਨੂੰ ਕਵਿਤਾ ਦਾ ਜਾਮਾ ਪਹਿਨਾ ਕੇ ਅਗਰਭੂਮੀ ਉਪਰ ਲਿਆਉਂਦਾ ਵੀ ਕਵੀ ਹੀ ਹੈ, ਜਿਵੇਂ:--
ਕਈ ਸਾਲਾਂ ਤੋਂ ਉਹ
ਇਵੇਂ ਹੀ ਕਰਦੀ ਹੈ ਅਕਸਰ
ਨੀਮ-ਬੇਹੋਸ਼ ਨੀਮ-ਪਾਗਲ
ਜਾਂ ਬਹੁਤ ਹੀ ਸਿਆਣੀ ਜਹੀ ਕੁੜੀ
ਹੋ ਸਕਦੈ
ਪਤੀ ਨੇ ਦੁਤਕਾਰ ਦਿੱਤਾ ਹੋਵੇ
- - - - - - - - - -
ਉਸ ਪਾਗਲ ਦਿਸਦੀ ਕੁੜੀ ਤੇ
ਹੱਸੋ ਨਾ
ਇੰਜ ਨਾ ਕਰੋ ਉਸਨੂੰ ਅਣਗੌਲਿਆ
ਉਸ ਦੇ ਨਾਲ ਤਾਂ
ਬਹੁਤ ਕੁਝ ਹੋਰ ਵੀ ਵਾਪਰਿਆ ਹੋਵੇ
ਬਹੁਤ ਕੁਝ ਹੋਰ
ਤੇ ਬੜਾ ਹੀ ਭਿਆਨਕ।
ਇੱਕੀਵੀਂ ਸਦੀ ਕਈ ਭਵਿੱਖਮੁਖੀ ਸਰੋਕਾਰਾਂ ਅਤੇ ਮਨੁੱਖ ਦੀ ਸੰਪੂਰਨ ਆਜ਼ਾਦੀ ਦੇ ਸ਼ੰਖਨਾਦ ਨਾਲ ਆਪਣਾ ਆਗਾਜ਼ ਕਰਦੀ ਨਜ਼ਰ ਆਉਂਦੀ ਸੀ ਪਰ ਜਨਤੰਤਰ ਦੇ ਨਾਂ ਉਪਰ ਉਸਰੇ ਪੰਚਾਂ ਦੀ ਅਸਲ ਪਰਮੇਸ਼ਵਰੀ ਵਿਚ ਪੁਲਿਸ ਦਮਨ, ਪੇਂਡੂ ਅਤੇ ਸ਼ਹਿਰੀ ਗਰੀਬੀ, ਬਾਲ ਮਜ਼ਦੂਰੀ, ਭਿੱਖਿਆ ਤੰਤਰ, ਆਦਿ ਵਰਗੀਆਂ ਸਮੱਸਿਆਵਾਂ ਵਧੇਰੇ ਜਟਿਲ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ। ਇਹ ਅਲਾਮਤਾਂ ਅੱਜ ਇਕ ਕੌਮਾਂਤਰੀ ਵਰਤਾਰਾ ਹਨ ਅਤੇ ਵਿਕਾਸਸ਼ੀਲ ਅਤੇ ਅਵਿਕਸਿਤ ਦੇਸ਼ ਇਸਦੇ ਗੁਲਾਮ ਹਨ।
ਸਵਰਨਜੀਤ ਸਵੀ ਦਾ ਕਾਵਿ-ਸੰਸਾਰ ਦਹਿਸ਼ਤ, ਪਿਆਦਾ, ਬੇਗਾਨਗੀ, ਅਧੂਰਾਪਣ, ਕਠਪੁਤਲੀ ਅਤੇ ਅੰਤਹੀਣ ਸੰਘਰਸ਼ ਵਰਗੇ ਮਾਨਵ ਮਨ ਦੀ ਡੂੰਘ- ਸੰਰਚਨਾ ਵਿਚ ਕਾਰਜਸ਼ੀਲ ਸੰਕਲਪਾਂ ਅਤੇ ਅਹਿਸਾਸਾਂ ਨਾਲ ਭਰਪੂਰ ਹੈ। ਦਹਿਸ਼ਤ ਦਾ ਅਹਿਸਾਸ ਦਹਿਸ਼ਤ ਨਾਲੋਂ ਵੀ ਵੱਧ ਭਿਅੰਕਰ ਹੈ, ਜਿਸ ਵਿਚ ਮਨੁੱਖ ਹਰ ਘੜੀ ਕਿਸੇ ਤ੍ਰਾਸਦਕ ਘਟਨਾ ਦੇ ਵਾਪਰਨ ਦੇ ਅਹਿਸਾਸ ਨੂੰ ਹੰਢਾਉਂਦਾ ਹੈ। ਘਟਨਾ ਭਾਵੇਂ ਯਥਾਰਥਕ ਰੂਪ ਵਿਚ ਨਾ ਵੀ ਵਾਪਰੇ ਪਰ ਉਸਦੇ ਮਨ ਵਿਚ ਵਿਸਰਜਿਤ ਹੁੰਦੀ ਰਹਿੰਦੀ ਹੈ। ਉਸ ਦੀਆਂ ਮਨੋ ਸੰਵੇਦਨਾਵਾਂ ਨੂੰ ਖੁੰਢਿਆਂ ਕਰਦੀ ਹੋਈ ਉਸਦੇ ਮਨ ਅਤੇ ਦਿਮਾਗ ਨੂੰ ਨੱਥ ਪਾਉਣ ਦਾ ਕਾਰਜ ਕਰਦੀ ਹੈ। ਦਹਿਸ਼ਤਵਾਦ ਸਾਡੀਆਂ ਸੰਵੇਦਨਾਵਾਂ ਅਤੇ ਸੁਖਮ ਚਿੱਤ ਵ੍ਰਿਤੀਆਂ ਦਾ ਹੀ ਹਰਾਸ ਕਰਦਾ ਹੈ।