ਚਿੱਕੜ (ਕਹਾਣੀ)

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


prednisolone london

prednisolone cost 9925.org buy prednisolone 25mg tablets
ਇਕ ਵਹਿਮ ਨੇ ਮੇਰੀ ਸਾਰੀ ਉਮਰ ਖਾ ਲਈ ਹੈ। ਹੁਣ ਜਦ ਮੇਰੀ ਸਿਹਤ ਜ਼ਿਆਦਾ ਡਿਗਦੀ ਜਾ ਰਹੀ ਹੈ ਤੇ ਕਿਸੇ ਵੇਲੇ ਵੀ ਸਾਹ ਮੁਕ ਸਕਦੇ ਹਨ ਤਾਂ ਚਿੰਤਾ ਹੋਰ ਵੀ ਵਧ ਰਹੀ ਹੈ। ਇਸ ਚਿੰਤਾ ਨੂੰ ਆਪਣੇ ਮਨ ਵਿਚੋਂ ਕੱਢਣ ਲਈ ਮੈਂ ਬੜੀਆਂ ਕੋਸ਼ਿਸ਼ਾਂ ਕਰਦਾ ਰਿਹਾ ਹਾਂ ਪਰ ਇਹ ਚਿੰਤਾ ਮੇਰੇ ਨਾਲ ਨਾਲ ਹੀ ਰਹੀ ਹੈ। ਇਹ ਚਿੰਤਾ ਅਸਲ ਵਿਚ ਸਵਰਨੀ ਦੀ ਯਾਦ ਹੈ, ਜਿਸ ਨਾਲ ਬਚਪਨ ਵਿਚ ਮੇਰੀ ਮੰਗਣੀ ਹੋਈ ਸੀ। ਮੇਰੀ ਉਮਰ ਉਸ ਵੇਲੇ ਦਸਾਂ ਸਾਲਾਂ ਦੀ ਸੀ ਤੇ ਮੈਂ ਉਦੋਂ ਪੰਜਵੀਂ ਜਮਾਤ ਵਿਚ ਪੜ੍ਹਦਾ ਸਾਂ। ਘਰਦਿਆਂ ਦਾ ਇਕੋ ਇਕ ਪੁੱਤਰ ਸਾਂ ਤੇ ਮੇਰੇ ਬਾਪੂ ਕੋਲ ਚੰਗੀ ਜ਼ਮੀਨ ਜਾਇਦਾਦ ਵੀ ਸੀ। ਪਿਤਾ ਪੁਰਖੀ ਰਹੁ ਰੀਤ ਅਨੁਸਾਰ ਮੈਂ ਇਸ ਜਾਇਦਾਦ ਦਾ ਵਾਰਸ ਬਣ ਜਾਣਾ ਸੀ। ਪੜ੍ਹ ਲਿਖ ਕੇ ਕੁਝ ਬਣਾਂਗਾ ਜਾਂ ਨਹੀਂ, ਇਸ ਗੱਲ ਦੀ ਮੇਰੇ ਨਾਲ ਮੰਗੀ ਜਾ ਰਹੀ ਕੁੜੀ ਦੇ ਮਾਪਿਆਂ ਨੂੰ ਕੋਈ ਚਿੰਤਾ ਨਹੀਂ ਸੀ। ਇਕ ਤੇ ਇਹ ਕਿ ਮੰਗਣੀ ਕਰਾਉਣ ਵਿਚ ਮੇਰੀ ਭੈਣ ਤੇ ਭਣਵਈਏ ਦਾ ਹੱਥ ਸੀ। ਉਹ ਕੁੜੀ ਮੇਰੇ ਭਣਵਈਏ ਦੀ ਅੱਗੋਂ ਰਿਸ਼ਤੇਦਾਰ ਸੀ। ਦੂਜਾ ਕੁੜੀ ਦੇ ਮਾਪਿਆਂ ਦੇ ਮੁਕਾਬਲੇ ਅਸੀਂ ਉਹਨਾਂ ਨਾਲੋਂ ਸੌਖੇ ਸਾਂ। ਪੜ੍ਹ ਲਿਖ ਕੇ ਕਿਤੇ ਨੌਕਰੀ ਤੇ ਲੱਗ ਜਾਵਾਂ ਤਾਂ ਪੌਂ ਬਾਰਾਂ, ਨਹੀਂ ਤਾਂ ਰੋਟੀ ਦੇ ਗੁਜ਼ਾਰੇ ਲਈ ਜ਼ਮੀਨ ਬਥੇਰੀ ਸੀ। ਉਹਨੀਂ ਦਿਨੀਂ ਵਿਆਹ ਲਈ ਮੁੰਡੇ ਦਾ ਲੇਖਾ ਜੋਖਾ ਉਹਨੂੰ ਮਿਲਣ ਵਾਲੀ ਜਾਇਦਾਦ ਤੋਂ ਲਗਾਇਆ ਜਾਂਦਾ ਸੀ। ਕਾਲੇ, ਪੱਕੇ ਜਾਂ ਹੋਰ ਐਬਾਂ ਵਾਲੇ ਮੁੰਡਿਆਂ ਦੇ ਔਗੁਣ ਅਕਸਰ ਜ਼ਮੀਨ ਦੀ ਮਾਲਕੀ ਪਿੱਛੇ ਢੱਕੇ ਜਾਂਦੇ ਸਨ। ਦਸ ਬਾਰਾਂ ਸਾਲ ਦੇ ਮੁੰਡੇ ਦਾ ਮੰਗਣਾ ਹੋ ਜਾਣਾ ਤੇ ਅਕਸਰ ਵਿਆਹ ਵੀ ਹੋ ਜਾਣਾ ਪ੍ਰਚਲਿਤ ਗੱਲ ਸੀ। ਸਗੋਂ ਇਸ ਤੋਂ ਲੇਟ ਹੋਣ ਨੂੰ ਕੱਜ ਸਮਝਿਆ ਜਾਂਦਾ ਸੀ। ਜਿਸ ਮੁੰਡੇ ਦੇ ਮੂੰਹ ਤੇ ਦਾੜ੍ਹੀ ਮੁੱਛਾਂ ਆ ਜਾਣ ਤੇ ਉਹ ਵਿਆਹਿਆ ਨਾ ਜਾਵੇ ਤਾਂ ਲੋਕਾਚਾਰੀ ਵਿਚ ਉਸ ਨੂੰ ਕੁਆਰਾ ਨਹੀਂ ਸਗੋਂ ਛੜਾ ਕਿਹਾ ਜਾਂਦਾ ਸੀ। ਉਸਦੇ ਵਿਆਹ ਦੀ ਉਮੀਦ ਲੱਥ ਜਾਂਦੀ ਸੀ। ਉਹ ਭਰਜਾਈਆਂ ਦੇ ਲਾਰਿਆਂ ਜਾਂ ਅਮਲੀਆਂ ਦੀ ਢਾਣੀ ਜੋਗਾ ਰਹਿ ਜਾਂਦਾ ਸੀ। ਵਿਰਲਾ ਕੋਈ ਮੁੱਲ ਦੀ ਤੀਵੀਂ ਦੂਰ ਦੁਰਾਡਿਉਂ ਲੈ ਆਉਂਦਾ ਜਿਸ ਨੂੰ ਕੁਦੇਸਣ ਕਹਿੰਦੇ ਸਨ। ਇਹ ਘੱਟ ਹੀ ਵਸਦੀਆਂ ਸਨ। ਦਾਅ ਲੱਗਣ ਤੇ ਨੱਸ ਜਾਂਦੀਆਂ ਤੇ ਝੁੱਗਾ ਚੌੜਾ ਕਰ ਜਾਂਦੀਆਂ ਸਨ। ਇਹੋ ਜਿਹੀ ਵਿਕਦੀ ਵਿਕਾਉਂਦੀ ਤੀਵੀਂ ਦੀ ਪਿੰਡ ਵਿਚ ਕੋਈ ਕਦਰ ਨਹੀਂ ਸੀ ਹੁੰਦੀ। ਇਹੋ ਜਿਹੀਆਂ ਤੀਵੀਆਂ ਨੂੰ ਬਹੁਤੇ ਖੂਹ ਟੋਭਿਆਂ ਤੇ ਮਖੌਲ ਹੀ ਕਰਦੇ ਸਨ।

ਭਾਵੇਂ ਮੈਂ ਬਹੁਤ ਛੋਟਾ ਸਾਂ ਪਰ ਸਾਰੀ ਗੱਲ ਨੂੰ ਸਮਝਦਾ ਸਾਂ। ਮੇਰੇ ਨਾਲ ਪੜ੍ਹਦੇ ਹੋਰ ਕਈ ਮੁੰਡਿਆਂ ਦੇ ਮੰਗਣੇ ਵੀ ਹੋ ਚੁੱਕੇ ਸਨ। ਅਗਲੀਆਂ ਜਮਾਤਾਂ ਵਿਚ ਪੜ੍ਹਨ ਵਾਲਿਆਂ ਵਿਚੋਂ ਤਾਂ ਕਈਆਂ ਦੇ ਵਿਆਹੇ ਵੀ ਗਏ ਸਨ। ਉਦੋਂ ਵਿਆਹ ਵਹੁਟੀ ਲਾੜੇ ਦੀ ਰਸਮੀ ਕਾਰਵਾਈ ਹੁੰਦੀ ਸੀ। ਵਹੁਟੀ ਤਿੰਨੀਂ ਕੱਪੜੀਂ ਇਕ ਰਾਤ ਸਹੁਰੇ ਰਹਿ ਕੇ ਮੁੜ ਜਾਂਦੀ। ਪਿੰਡ ਦੀ ਨੈਣ ਉਹਦੀ    ਰਾਖੀ ਲਈ ਨਾਲ ਆਉਂਦੀ ਸੀ। ਕੁੜੀ ਦਾ ਭਰਾ ਜਾਂ ਲਾਗਲਾ ਰਿਸ਼ਤੇਦਾਰ ਵੀ ਨਾਲ ਆਉਂਦਾ।  ਵਹੁਟੀ ਨੂੰ ਜ਼ਨਾਨੀਆਂ ਵਾਲੇ ਕਮਰੇ ਵਿਚ ਵੱਖਰਿਆਂ ਪਾਇਆ ਜਾਂਦਾ ਸੀ। ਪੂਰਾ ਪਹਿਰਾ ਦਿਤਾ  ਦਿਤਾ ਜਾਂਦਾ ਕਿ ਵਹੁਟੀ ਵਾਲੇ ਕਮਰੇ ਵਿਚ ਲਾੜਾਂ ਨਾ ਜਾਵੇ।

ਮੁਕਲਾਵਾ ਵਿਆਹ ਤੋਂ ਸਾਲ ਬਾਅਦ ਤੋਰਿਆ ਜਾਂਦਾ ਸੀ। ਕਈ ਵਾਰ ਤਾਂ ਕਈ ਕਈ ਸਾਲ ਵੀ ਲੱਗ ਜਾਂਦੇ ਸਨ। ਦਾਜ ਵਹੁਟੀ ਨੂੰ ਮੁਕਲਾਵੇ ਵੇਲੇ ਹੀ ਦਿੱਤਾ ਜਾਂਦਾ ਸੀ। ਦਾਜ ਵਿਚ ਉਸ ਵੇਲੇ ਆਮ ਤੌਰ ਤੇ ਪਲੰਘ, ਪੀੜ੍ਹਾ, ਰਜਾਈਆਂ, ਤਲਾਈਆਂ, ਖੇਸ, ਫੁਲਕਾਰੀਆਂ, ਭਾਂਡੇ, ਪੇਟੀ ਜਾਂ ਲੱਕੜ ਦਾ ਸੰਦੂਕ ਦਿੱਤਾ ਜਾਂਦਾ ਸੀ। ਮੁੰਡੇ ਨਾਲ ਮੁਕਲਾਵਾ ਲੈਣ ਗਏ ਰਿਸ਼ਤੇਦਾਰਾਂ ਨੂੰ ਵੀ ਤਨ ਤੇੜ ਦੇ ਕੱਪੜੇ, ਪੱਗ, ਖੇਸ ਜਾਂ ਦੋਹਰਾਂ ਆਦਿ ਦਿੱਤੀਆਂ ਜਾਂਦੀਆਂ ਸਨ। ਕਈ ਸਰਦੇ ਘਰ ਜੋੜੀ ਘੋੜੀ ਵੀ ਦਿੰਦੇ ਸਨ। ਵਿਆਹ ਤੇ ਮੁਕਲਾਵੇ ਦੇ ਵਿਚ੍ਹਕਾਰ ਕਈ ਸਾਲਾਂ ਦੀ ਵਿੱਥ ਦਾ ਵੱਡਾ ਕਾਰਨ ਆਰਥਿਕ ਤੰਗੀ ਵੀ ਸੀ। ਵਿਆਹ ਤੇ ਜੰਞ ਦੀ ਰੋਟੀ ਦੇ ਖ਼ਰਚੇ ਤੋਂ ਬਾਅਦ ਮੁਕਲਾਵੇ ਦਾ ਦਾਜ ਤਿਆਰ ਕਰਨ ਲਈ ਹੋਰ ਪੈਸਿਆਂ ਦੀ ਲੋੜ ਪੈਂਦੀ ਸੀ ਤੇ ਇਸ ਲੋੜ ਨੂੰ ਪੂਰਿਆਂ ਕਰਨ ਲਈ ਸਮਾਂ ਚਾਹੀਦਾ ਸੀ। ਦੂਜਾ ਮੁਕਲਾਵੇ ਜਾਣ ਤੀਕ ਕੁੜੀ ਮੁੰਡਾ ਜਵਾਨ ਹੋ ਜਾਂਦੇ ਸਨ ਤੇ ਮੁਕਲਾਵੇ ਦੀ ਲੱਜ਼ਤ ਸਮਝਣ ਜੋਗੇ ਹੋ ਜਾਂਦੇ ਸਨ। ਜੋ ਪਹਿਲਾਂ ਹੀ ਜਵਾਨ ਸਨ, ਉਹ ਚੋਰੀ ਛੁਪੀ ਸਹੁਰਿਆਂ ਦੇ ਪਿੰਡ ਆਪਣੀ ਵਹੁਟੀ ਨੂੰ ਇਕ ਨਜ਼ਰ ਵੇਖਣ ਲਈ ਗੇੜਾ ਮਾਰ ਆਉਂਦੇ ਸਨ ਜਾਂ ਕਿਸੇ ਮੇਲੇ ਮੱਸਿਆ ਤੇ ਸਹੁਰੇ ਪਿੰਡ ਦੀਆਂ ਤੀਵੀਆਂ ਦੇ ਝੁੰਡ ਵਿਚੋਂ ਆਪਣੀ ਵਹੁਟੀ ਦੇ ਨਕਸ਼ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੇ ਸਨ। ਅਕਸਰ ਵਿਆਹ ਵੇਲੇ ਕੁੜੀ ਦਾ ਘੁੰਡ ਕੱਢਿਆ ਹੋਣ ਕਰ ਕੇ ਲਾੜ੍ਹੇ ਨੇ ਆਪਣੀ ਵਹੁਟੀ ਤੇ ਵਹੁਟੀ ਨੇ ਆਪਣੇ ਲਾੜ੍ਹੇ ਦਾ ਮੂੰਹ ਨਹੀਂ ਵੇਖਿਆ ਹੁੰਦਾ ਸੀ। ਮੇਰੇ ਭੈਣ ਭਣਵਈਏ ਨੇ ਜ਼ੋਰ ਪਾਇਆ ਤੇ ਮੇਰੇ ਮਾਪੇ ਮੰਗਣੀ ਕਰਨ ਲਈ ਮੰਨ ਗਏ ਪਰ ਸ਼ਰਤ ਇਹ ਸੀ ਕਿ ਵਿਆਹ ਮੇਰੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਹੋਵੇਗਾ। ਬਾਪੂ ਦੀ ਸਮਝ ਅਨੁਸਾਰ ਪੜ੍ਹਦੇ ਮੁੰਡੇ ਦਾ ਵਿਆਹ ਕਰਨ ਨਾਲ ਉਹਦੀ ਪੜ੍ਹਾਈ ਵਿਚ ਵਿਘਨ ਪੈਂਦਾ ਸੀ ਤੇ ਉਹ ਪੜ੍ਹਾਈ ਜੋਗਾ ਨਹੀਂ ਰਹਿੰਦਾ ਸੀ।

ਮੈਨੂੰ ਆਪਣੇ ਮੰਗਣੇ ਦੀ ਸਾਰੀ ਦੀ ਸਾਰੀ ਕਾਰਵਾਈ ਅਜੇ ਤੀਕ ਯਾਦ ਹੈ। ਰਿਸ਼ਤੇਦਾਰਾਂ ਦਾ ਇਕੱਠ ਹੋਇਆ ਸੀ। ਮੇਰੇ ਮੂੰਹ ਵਿਚ ਵਿਚੋਲੇ ਨੇ ਛੁਹਾਰਾ ਪਾਇਆ ਸੀ ਜੋ ਮੈਂ ਬੜੀ ਮੁਸ਼ਕਲ ਨਾਲ ਚੱਬਿਆ ਸੀ। ਗੁਰਦੁਆਰੇ ਦੇ ਭਾਈ ਨੇ ਅਰਦਾਸ ਕੀਤੀ ਸੀ। ਸਕੂਲ ਦੇ ਸਾਰੇ ਮਾਸਟਰਾਂ ਦੀ ਰੋਟੀ ਕਰ ਕੇ ਸ਼ਰਾਬ ਅਤੇ ਝਟਕਾਏ ਬੱਕਰੇ ਦੇ ਮਾਸ ਨਾਲ ਸੇਵਾ ਕੀਤੀ ਗਈ ਸੀ। ਇਕ ਅਨੋਖੀ ਗੱਲ ਇਹ ਸੀ ਕਿ ਮੇਰੇ ਨਾਲ ਮੰਗੀ ਕੁੜੀ ਸਵਰਨੀ ਦਾ ਭਰਾ ਸਾਡੇ ਸਕੂਲ ਵਿਚ ਮੈਥੋਂ ਇਕ ਸਾਲ ਪਿੱਛੇ ਪੜ੍ਹਦਾ ਸੀ। ਲਾਗਲੇ ਪਿੰਡੋਂ ਉਹ ਪੈਦਲ ਪੜ੍ਹਨ ਆਉਂਦਾ ਸੀ। ਗੋਰੇ ਚਿੱਟੇ ਰੰਗ ਦਾ ਸੁਹਣਾ ਮੁੰਡਾ ਸੀ ਤੇ ਮੇਰੇ ਜਮਾਤੀ ਮੈਨੂੰ ਬਹੁਤ ਛੇੜਦੇ ਕਿ ਜੇ ਤੇਰਾ ਸਾਲਾ ਗੋਰਾ, ਚਿੱਟਾ ਤੇ ਸੁਹਣਾ ਹੈ ਤਾਂ ਉਸਦੀ ਭੈਣ ਵੀ ਬਹੁਤ ਸੋਹਣੀ ਹੋਵੇਗੀ। ਮੰਗਣੇ ਤੋਂ ਪਹਿਲਾਂ ਉਹ ਕਦੀ ਕਦੀ ਸਾਡੇ ਘਰ ਆ ਜਾਇਆ ਕਰਦਾ ਸੀ ਪਰ ਮੰਗਣੇ ਤੋਂ ਬਾਅਦ ਉਸਨੇ ਉਹ ਰਾਹ ਵੀ ਛੱਡ ਦਿੱਤਾ ਸੀ ਤੇ ਵਲਾ ਪਾ ਕੇ ਹੋਰ ਰਾਹੋਂ ਆਪਣੇ ਪਿੰਡ ਨੂੰ ਜਾਣ ਲੱਗ ਪਿਆ ਸੀ। ਮੈਨੂੰ ਵੇਖਦਾ ਤੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਤੇ ਕੋਈ ਗੱਲ ਨਾ ਕਰਦਾ। ਇਕ ਦਿਨ ਸਾਡੇ ਖੇਤਾਂ ਤੇ ਸਾਡੇ ਪਿੰਡ ਦੇ ਵਿਚਕਾਰ ਪੈਂਦੇ ਇਕ ਛੋਟੇ ਜਹੇ ਪਿੰਡ ਵਿਚੋਂ ਲੰਘਦਿਆਂ ਮੈਂ ਉਹਨੂੰ ਤੇ ਸਵਰਨੀ ਨੂੰ ਵੇਖਿਆ। ਨਿੱਕੀ ਜਿਹੀ ਮੇਮਾਂ ਨਾਲੋਂ ਵੀ ਗੋਰੀ ਚਿੱਟੀ ਪਤਲੀ, ਭੋਲੀ ਜਿਹੀ ਕੁੜੀ, ਵਰਡਜ਼ਵਰਥ ਦੀ ਲੂਸੀ ਵਰਗੀ, ਕੱਦ ਉਮਰ ਨਾਲੋਂ ਵੱਡਾ। ਅਚਾਨਕ ਜਦ ਉਸਦੇ ਭਰਾ ਦੀ ਨਜ਼ਰ ਮੇਰੇ ਤੇ ਪਈ ਤਾਂ ਉਹ ਏਨਾ ਘਬਰਾਇਆ ਕਿ ਉਹਨੂੰ ਧੂ ਕੇ ਫਟਾ ਫਟ ਲਾਗਲੇ ਘਰ ਵਿਚ ਲੁਕ ਗਿਆ। ਮੈਂ ਸਵਰਨੀ ਨੂੰ ਵੇਖ ਲਿਆ ਸੀ। ਬੱਸ ਰੱਬ ਸਵੱਬੀਂ ਮੇਲੇ ਹੋ ਗਏ ਸਨ। ਕਿਸੇ ਇਰਾਦੇ ਨਾਲ ਇਹ ਘਟਨਾ ਨਹੀਂ ਵਾਪਰੀ ਸੀ। ਪਿਛੋਂ ਮੇਰੇ ਮਾਪਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ। ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ। ਮਾਂ ਨੇ ਸਿਰਫ਼ ਏਨਾ ਕਿਹਾ ਕਿ ਉਹਨੂੰ ਪਤਾ ਲੱਗਾ ਹੈ ਕਿ ਉਹਦੀ ਨੂੰਹ ਬਹੁਤ ਸੁਹਣੀ ਹੈ। ਇਸਤੋਂ ਬਾਅਦ ਮੈਂ ਸਵਰਨੀ ਨੂੰ ਕਦੀ ਨਹੀਂ ਵੇਖਿਆ।

ਕੁਝ ਸਾਲਾਂ ਬਾਅਦ ਪਾਕਿਸਤਾਨ ਬਣ ਗਿਆ ਤੇ ਅਸੀਂ ਬਾਰ ਦੇ ਪਿੰਡਾਂ ਵਿਚੋਂ ਉਜੜ ਕੇ ਹਿੰਦੁਸਤਾਨ ਆ ਗਏ। ਕੁਝ ਸਮੇਂ ਦੀ ਖੱਜਲ ਖੁਆਰੀ ਦੇ ਬਾਅਦ ਸਾਨੂੰ ਜ਼ਮੀਨ ਅਲਾਟ ਹੋ ਗਈ। ਬੈਠਣ ਦਾ ਟਿਕਾਣਾ ਮਿਲ ਗਿਆ। ਮੈਂ ਫੇਰ ਪੜ੍ਹਾਈ ਸ਼ੁਰੂ ਕਰ ਦਿੱਤੀ। ਦਸਵੀਂ ਪਾਸ ਕਰਕੇ ਕਾਲਜ ਦਾਖਲ ਹੋ ਗਿਆ। ਕਾਲਜ ਦਾਖਲ ਹੋਣ ਲੱਗਿਆਂ ਮਾਂ ਨੇ ਸ਼ਹਿਰੀ ਜ਼ਿੰਦਗੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਚਿਤਾਵਨੀ ਦਿੱਤੀ, "ਸ਼ਹਿਰਦਾਰੀ ਦਾ ਮਾਮਲਾ ਆ ਪੁੱਤ, ਵੇਖੀਂ ਗਿੱਲੇ ਗੋਹੇ ਤੇ ਪੈਰ ਨਾ ਧਰੀਂ ਤੇ ਬਿਜਲੀ ਨੂੰ ਹੱਥ ਨਾ ਲਾਈਂ, ਇਸ ਨਾਮੁਰਾਦ ਨੇ ਕਈਆਂ ਦੀ ਜਾਨ ਲੈ ਲਈ ਹੈ।"

ਕਾਲਜ ਵਿਚ ਦੂਜਾ ਸਾਲ ਸੀ ਕਿ ਮੇਰੇ ਭਣਵਈਏ ਨੇ ਪੁਰਾਣੀ ਮੰਗ ਮੁਤਾਬਕ ਵਿਆਹ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਜੇ ਪਾਕਿਸਤਾਨ ਨਾ ਬਣਦਾ ਤਾਂ ਸ਼ਾਇਦ ਵਿਆਹ ਕਦੇ ਦਾ ਹੋ ਚੁੱਕਾ ਹੁੰਦਾ ਪਰ ਹਾਲਾਤ ਦੀ ਤਬਦੀਲੀ ਨੇ ਵਿਆਹ ਦੀ ਗੱਲ ਅੱਗੇ ਪਾ ਦਿੱਤੀ ਸੀ। ਕੁੜੀ ਵਾਲੇ ਕਹਿੰਦੇ ਸਨ ਕਿ ਉਹਨਾਂ ਦੀ ਕੁੜੀ ਹੁਣ ਜਵਾਨ ਸੀ ਤੇ ਉਹ ਉਹਨੂੰ ਵਿਆਹ ਕੇ ਸੁਰਖਰੂ ਹੋਣਾ ਚਾਹੁੰਦੇ ਸਨ।

ਬਾਪੂ ਨੇ ਮੇਰੇ ਨਾਲ ਵਿਆਹ ਦੀ ਗੱਲ ਕੀਤੀ ਤੇ ਮੈਂ ਟਾਲ ਦਿੱਤਾ ਕਿ ਜਿੰਨਾ ਚਿਰ ਪੜ੍ਹ ਲਿਖ ਕੇ ਕਿਤੇ ਨੌਕਰੀ ਨਹੀਂ ਲੱਗ ਜਾਂਦਾ, ਓਨਾ ਚਿਰ ਵਿਆਹ ਨਹੀਂ ਕਰਾਵਾਂਗਾ। ਕੁਝ ਸਮਾਂ ਹੋਰ ਲੰਘ ਗਿਆ ਤੇ ਵਿਆਹ ਲਈ ਹੋਰ ਜ਼ੋਰ ਪੈਣਾ ਸ਼ੁਰੂ ਹੋ ਗਿਆ। ਕੁੜੀ ਜਵਾਨ ਸੀ ਤੇ ਮਾਪੇ ਪਰੇਸ਼ਾਨ ਸਨ ਤੇ ਜਵਾਨ ਧੀ ਨੂੰ ਜ਼ਿਆਦਾ ਚਿਰ ਘਰ ਨਹੀਂ ਬਿਠਾ ਸਕਦੇ ਸਨ। ਮੈਂ ਜਵਾਬ ਦਿੱਤਾ ਕਿ ਜੇਕਰ ਉਹਨਾਂ ਨੂੰ ਕਾਹਲੀ ਹੈ ਤਾਂ ਕੁੜੀ ਨੂੰ ਹੋਰ ਕਿਧਰੇ ਵਿਆਹ ਦੇਣ। ਮੈਂ ਹਾਲੇ ਵਿਆਹ ਨਹੀਂ ਕਰਾਵਾਂਗਾ। ਵਿਚੋਲੇ ਹੋਣ ਕਰਕੇ ਮੇਰੇ ਭਣਵਈਏ ਨੇ ਮੇਰੀ ਗੱਲ ਦਾ ਬਹੁਤ ਬੁਰਾ ਮਨਾਇਆ। ਕੁਝ ਮਹੀਨਿਆਂ ਬਾਅਦ ਉਹ ਸਿੱਧਾ ਕਾਲਜ ਵਿਚ ਆਇਆ ਤੇ ਰਾਤ ਹੋਸਟਲ ਵਿਚ ਮੇਰੇ ਕੋਲ ਹੀ ਰਹਿ ਪਿਆ। ਰੋਟੀ ਪਾਣੀ ਤੋਂ ਵਿਹਲੇ ਹੋ ਕੇ ਰਾਤੀਂ ਉਸ ਨੇ ਬੜੇ ਭੇਦ ਨਾਲ ਮੇਰੇ ਕੰਨ ਵਿਚ ਕਿਹਾ ਕਿ ਸਵਰਨੀ ਕਹਿੰਦੀ ਸੀ ਕਿ ਜੇ ਉਹ ਵਿਆਹ ਕਰਵਾਏਗੀ ਤਾਂ ਮੇਰੇ ਨਾਲ ਹੀ ਕਰਵਾਏਗੀ, ਬੇਸ਼ਕ ਉਸਨੂੰ ਕਿੰਨਾ ਵੀ ਹੋਰ ਇੰਤਜ਼ਾਰ ਨਾ ਕਰਨਾ ਪਵੇ। ਮੈਂ ਠੋਕ ਕੇ ਭਾਈਏ ਨੂੰ ਕਹਿ ਦਿੱਤਾ ਕਿ ਉਹਨੂੰ ਕਹਿ ਦੇਵੀਂ ਕਿ ਹੁਣ ਮੇਰੀ ਆਸ ਨਾ ਰੱਖੇ। ਉਹਦੇ ਮਾਪੇ ਹੋਰ ਕਿਧਰੇ ਜਿੱਥੇ ਚਾਹੁਣ ਉਹਨੂੰ ਵਿਆਹ ਦੇਣ। ਮੈਂ ਹੁਣ ਪੜ੍ਹ ਲਿਖ ਗਿਆ ਹਾਂ ਤੇ ਉਸ ਅਨਪੜ੍ਹ, ਉਜੱਡ ਤੇ ਪੇਂਡੂ ਕੁੜੀ ਨਾਲ ਵਿਆਹ ਨਹੀਂ ਕਰਾਵਾਂਗਾ।
ਭਾਈਆ ਨਿਰਾਸਤਾ ਦੀ ਪੰਡ ਚੁੱਕੀਂ ਮੁੜ ਗਿਆ। ਕੁਝ ਚਿਰ ਉਹਦਾ ਮੇਰੇ ਤੇ ਮੇਰੇ ਮਾਪਿਆਂ ਨਾਲ ਬੋਲਚਾਲ ਵੀ ਬੰਦ ਰਿਹਾ। ਮੇਰੀ ਭੈਣ ਨੂੰ ਵੀ ਬੜੇ ਤਾਹਨੇ ਮਿਹਣੇ ਸੁਣਨੇ ਪਏ।
ਅਸਲ ਵਿਚ ਮੈਂ ਹੁਣ ਕੁਝ ਪੜ੍ਹ ਲਿਖ ਗਿਆ ਸਾਂ ਤੇ ਹੰਕਾਰਿਆ ਫਿਰਦਾ ਸਾਂ। ਮੈਂ ਜਦੋਂ ਚਾਹਾਂ ਸ਼ਹਿਰ ਦੀ ਕਿਸੇ ਪੜ੍ਹੀ ਲਿਖੀ ਕੁੜੀ ਨਾਲ ਵਿਆਹ ਕਰਵਾ ਸਕਦਾ ਸਾਂ। ਸ਼ਹਿਰ ਦੀਆਂ ਕੁੜੀਆਂ ਨੂੰ ਉੱਠਣ, ਬੈਠਣ, ਬੋਲਣ ਚਾਲਣ ਦੀ ਤਮੀਜ਼ ਸੀ। ਜਦੋਂ ਪ੍ਰੈੱਸ ਕੀਤੇ ਕੱਪੜੇ ਪਾ ਕੇ ਬਾਹਰ ਨਿਕਲਦੀਆਂ ਹਨ ਤਾਂ ਪਰੀਆਂ ਜਾਪਦੀਆਂ ਹਨ ਤੇ ਉਹਨਾਂ ਦੇ ਮੁਕਾਬਲੇ ਤੇ ਪਿੰਡਾਂ ਦੀਆਂ ਕੁੜੀਆਂ ਘੁੰਢ ਕੱਢੀ ਟੁਰੀਆਂ ਫਿਰਦੀਆਂ ਮੈਨੂੰ ਮੱਝਾਂ ਗਾਈਆਂ ਹੀ ਜਾਪਦੀਆਂ ਸਨ। ਮੈਂ ਆਪਣਾ ਜੀਵਨ ਪਸ਼ੂਆਂ ਨਾਲ ਕਿਉਂ ਗੁਜ਼ਾਰਾਂ ਜਦੋਂ ਮੇਰੇ ਲਈ ਦੂਜਾ ਰਾਹ ਖੁੱਲ੍ਹਾ ਸੀ। ਸ਼ਹਿਰ ਦੇ ਕਈ ਅਫਸਰ ਕਾਲਜ ਪੜ੍ਹਦਿਆਂ ਮੁੰਡਿਆਂ ਮਗਰ ਗੇੜੇ ਮਾਰਦੇ ਰਹਿੰਦੇ ਸਨ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰ ਕੇ ਮੁੰਡੇ ਫਾਹ ਲੈਂਦੇ ਸਨ। ਪੇਂਡੂ ਮੁੰਡੇ ਤਾਂ ਛੇਤੀ ਹੀ ਉਹਨਾਂ ਦੇ ਜਾਲ ਵਿਚ ਫਸ ਜਾਂਦੇ ਸਨ। ਕਈ ਤਾਂ ਉਹਨਾਂ ਮੱਛੀਆਂ ਵਰਗੇ ਸਨ ਜੋ ਆਪੇ ਹੀ ਕੰਢਿਆਂ ਤੇ ਆ ਜਾਂਦੀਆਂ ਹਨ ਤੇ ਜਾਲ ਲਾਉਣ ਦੀ ਲੋੜ ਹੀ ਨਹੀਂ ਪੈਂਦੀ। ਮੈਂ ਵੀ ਇਸ ਤਰ੍ਹਾਂ ਦੇ ਇਕ ਜਾਲ ਵਿਚ ਫਸ ਗਿਆ ਸਾਂ। ਸ਼ਹਿਰ ਦੇ ਇਕ ਅਫਸਰ ਦੀਆਂ ਸੱਤ ਧੀਆਂ ਸਨ ਤੇ ਸੱਤੇ ਹੀ ਕੁਆਰੀਆਂ। ਦਸਿਆ ਗਿਆ ਕਿ ਵੱਡੀਆਂ ਲੋੜੀਂਦੀ ਤਾਲੀਮ ਹਾਸਲ ਕਰ ਕੇ ਵਿਹਲੀਆਂ ਸਨ ਤੇ ਛੋਟੀਆਂ ਪ੍ਰਾਈਵੇਟ ਅਕੈਡਮੀਆਂ ਵਿਚ ਅੱਠਵੀਂ ਜਾਂ ਦਸਵੀਂ ਪਾਰ ਕਰਨ ਦੇ ਚੱਕਰਾਂ ਵਿਚ ਸਨ। ਉਹਨੀਂ ਦਿਨੀਂ ਕੁੜੀਆਂ ਨੂੰ ਨੌਕਰੀ ਕਰਾਉਣ ਦਾ ਰਿਵਾਜ ਬਹੁਤਾ ਨਹੀਂ ਸੀ ਚਲਿਆ। ਮਹਿੰਗਾਈ ਜ਼ਿਆਦਾ ਨਹੀਂ ਸੀ ਤੇ ਘਰ ਵਾਲੇ ਦੀ ਕਮਾਈ ਨਾਲ ਹੀ ਘਰ ਚਲਦਾ ਸੀ। ਉਹੋ ਪੜ੍ਹੀਆਂ ਲਿਖੀਆਂ ਕੁੜੀਆਂ ਨੌਕਰੀ ਕਰਦੀਆਂ ਸਨ ਜੋ ਬਦਸ਼ਕਲ ਹੁੰਦੀਆਂ ਸਨ। ਨੌਕਰੀ ਦੇ ਲਾਲਚ ਵਿਚ ਕਈ ਉਹਨਾਂ ਨਾਲ ਵਿਆਹ ਕਰਵਾ ਲੈਂਦੇ ਸਨ। ਕੁਝ ਮਿਸਾਲਾਂ ਐਸੀਆਂ ਵੀ ਸਨ ਕਿ ਸੁਹਣੀਆਂ ਨੌਕਰੀ ਕਰਦੀਆਂ ਕੁੜੀਆਂ ਦੇ ਘਰ ਵਾਲੇ ਵਿਆਹ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੋਂ ਹਟਾ ਲੈਂਦੇ ਸਨ। ਦਸਿਆ ਗਿਆ ਕਿ ਉਸ ਅਫਸਰ ਦੀਆਂ ਕੁੜੀਆਂ ਪਰਦਾ ਕਰਦੀਆਂ ਸਨ ਤੇ ਬੜੀਆਂ ਸ਼ਰੀਫ ਸਨ। ਸ਼ਹਿਰਨਾਂ ਹੋਣ ਕਰਕੇ ਸਾਫ ਸੁਥਰੇ ਕੱਪੜੇ ਪਾਉਂਦੀਆਂ ਹੋਣ ਕਾਰਨ ਉਹਨਾਂ ਵਿਚੋਂ ਇਕ ਦਾ ਮੇਰੇ ਮਨ ਚਿੱਤ ਲੱਗ ਜਾਣਾ ਸੁਭਾਵਕ ਗੱਲ ਸੀ। ਰਹੀ ਘਰ ਵਾਲਿਆਂ ਦੀ ਗੱਲ, ਪੇਂਡੂ ਲੋਕਾਂ ਦਾ ਸ਼ਹਿਰੀ ਲੋਕਾਂ ਨਾਲ ਰਿਸ਼ਤਾ ਜੁੜਨਾ ਪਿੰਡਾਂ ਵਿਚ ਮਾਣ ਵਾਲੀ ਗੱਲ ਸੀ। ਦੂਰ ਦੂਰ ਤੀਕ ਚਰਚਾ ਹੁੰਦੀ ਸੀ ਤੇ ਵਡਿਆਈ ਵੀ। ਮੇਰੇ ਘਰ ਵਾਲੇ ਮੇਰੇ ਜ਼ੋਰ ਪਾਉਣ ਤੇ ਮੰਨ ਗਏ ਤੇ ਮੈਂ ਸ਼ਹਿਰ ਵਿਚ ਵਿਆਹ ਕਰਵਾ ਲਿਆ। ਇਸ ਵਿਆਹ ਤੇ ਮੇਰਾ ਉਹ ਭਣਵਈਆ ਵੀ ਆਇਆ ਜੋ ਪਹਿਲੀ ਮੰਗਣੀ ਦਾ ਵਿਚੋਲਾ ਸੀ। ਵਿਆਹ ਦੀ ਸਾਰੀ ਕਾਰਵਾਈ ਉਸ ਚੁੱਪ ਚਾਪ ਵੇਖੀ ਤੇ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਉਹ ਫਿਰ ਸਵਰਨੀ ਦਾ ਸੁਨੇਹਾ ਲੈ ਕੇ ਆਇਆ ਕਿ ਸਵਰਨੀ ਅਜੇ ਵੀ ਮੇਰੇ ਨਾਲ ਵਿਆਹ ਲਈ ਤਿਆਰ ਸੀ। ਇਕ ਵਾਰ ਆਪਣੇ ਮਨ ਵਿਚ ਉਹ ਮੈਨੂੰ ਆਪਣਾ ਪਤੀ ਮੰਨ ਚੁੱਕੀ ਸੀ। ਇਸ ਲਈ ਹੋਰ ਥਾਂ ਵਿਆਹ ਕਰਵਾਉਣ ਦਾ ਕੋਈ ਮਤਲਬ ਹੀ ਨਹੀਂ ਸੀ। ਉਹਨੂੰ ਇਸ ਗੱਲ ਦਾ ਵੀ ਕੋਈ ਉਜ਼ਰ ਨਹੀਂ ਸੀ ਕਿ ਮੇਰਾ ਵਿਆਹ ਸ਼ਹਿਰ ਵਿਚ ਹੋ ਗਿਆ ਸੀ। ਉਹਦਾ ਇਹ ਵੀ ਕਹਿਣਾ ਸੀ ਕਿ ਉਹ ਪਿੰਡ ਰਹਿ ਕੇ ਮੇਰੇ ਮਾਪਿਆਂ ਦੀ ਸੇਵਾ ਕਰੇਗੀ ਅਤੇ ਸ਼ਹਿਰ ਵਾਲੀ ਸ਼ਹਿਰ ਰਹਿ ਕੇ ਆਪਣੀ ਚੌਧਰ ਕਾਇਮ ਰੱਖ ਸਕਦੀ ਸੀ। ਪਿੰਡ ਆਉਣ ਤੇ ਉਹਦੀ ਚੌਧਰ  ਕਬੂਲ ਕਰੇਗੀ। ਪੁਰਾਤਨ ਭਾਰਤੀ ਇਸਤਰੀ ਵਾਂਗ ਚਰਨਾਂ ਦੀ ਦਾਸੀ ਬਣ ਕੇ ਜੀਵਨ ਲੰਘਾ ਲਵੇਗੀ ਪਰ ਕਿਸੇ ਹੋਰ ਨਾਲ ਵਿਆਹੇ ਜਾਣਾ ਉਹ ਸੋਚ ਵੀ ਨਹੀਂ ਸਕਦੀ ਸੀ। ਪਹਿਲੀ ਬੀਵੀ ਹੁੰਦਿਆਂ ਦੂਜਾ ਵਿਆਹ ਕਰਾਉਣ ਦਾ ਕਾਨੂੰਨ ਹਾਲੇ ਨਹੀਂ ਬਣਿਆ ਸੀ।
ਮੈਂ ਭਾਈਏ ਨੂੰ ਕਿਹਾ ਕਿ ਉਹ ਸ਼ੁਦਾਈਆਂ ਵਾਲੀਆਂ ਗੱਲਾਂ ਕਰਦੀ ਹੈ। ਮੈਂ ਤਾਂ ਉਹਦੀ ਸ਼ਕਲ ਵੀ ਵੇਖਣ ਨੂੰ ਤਿਆਰ ਨਹੀਂ ਹਾਂ। ਮੇਰੇ ਵੱਲੋਂ ਉਹ ਡੁੱਬ ਮਰੇ, ਕੁਝ ਕਰੇ ਨਾ ਕਰੇ, ਮੈਨੂੰ ਉਹਦੇ ਨਾਲ ਕੋਈ ਵਾਸਤਾ ਨਹੀਂ ਸੀ, ਮੈਂ ਇਹ ਰਿਸ਼ਤਾ ਤੋੜ ਚੁੱਕਾ ਸਾਂ।
ਭਾਈਆ ਨਿਰਾਸ਼ ਹੋ ਕੇ ਮੁੜ ਗਿਆ। ਮੈਂ ਆਪਣਾ ਜੀਵਨ ਸ਼ੁਰੂ ਕਰ ਦਿੱਤਾ। ਕਿਧਰੇ ਦੂਰ ਮੈਨੂੰ ਨੌਕਰੀ ਮਿਲ ਗਈ। ਮੇਰੀ ਸ਼ਹਿਰੀ ਪਤਨੀ ਉਥੇ ਮੇਰੇ ਨਾਲ ਰਹਿਣਾ ਨਾ ਮੰਨੀ। ਆਪਣੇ ਮਾਪਿਆਂ ਤੇ ਭੈਣ ਭਰਾਵਾਂ ਨਾਲ ਉਹਦੀ ਏਨੀ ਡੂੰਘੀ ਸਾਂਝ ਸੀ ਜਿਸ ਨੂੰ ਤੋੜਨਾ ਉਹਦੇ ਲਈ ਬਹੁਤ ਮੁਸ਼ਕਲ ਸੀ। ਜੇ ਉਹਦੇ ਅੱਗੇ ਦੋ ਸਵਾਲ ਕੀਤੇ ਜਾਣ ਕਿ ਉਹ ਮੇਰੇ ਨਾਲ ਰਹਿਣਾ ਚਾਹੁੰਦੀ ਸੀ ਜਾਂ ਆਪਣੇ ਮਾਪਿਆਂ ਨਾਲ ਤਾਂ ਉਹਦਾ ਜਵਾਬ ਸੀ ਕਿ ਉਹ ਮੈਨੂੰ ਛੱਡ ਸਕਦੀ ਸੀ ਪਰ ਆਪਣੇ ਮਾਪਿਆਂ ਤੇ ਭੈਣ ਭਰਾਵਾਂ ਨੂੰ ਨਹੀਂ। ਇਕ ਸ਼ਰਤ ਤੇ ਉਹ ਮੇਰੇ ਨਾਲ ਮਹੀਨੇ ਦੀਆਂ ਪਹਿਲੀਆਂ ਤਾਰੀਖਾਂ ਨੂੰ ਰਹਿਣ ਲਈ ਤਿਆਰ ਸੀ ਕਿ ਮੈਂ ਸਾਰੀ ਤਨਖ਼ਾਹ ਉਹਦੇ ਹਵਾਲੇ ਕਰ ਦਿਆਂ ਤੇ ਪਿੰਡ ਦੀ ਜ਼ਮੀਨ ਵੇਚ ਕੇ ਉਹਨੂੰ ਉਹਦੇ ਮਾਪਿਆਂ ਦੇ ਘਰ ਲਾਗੇ ਮਕਾਨ ਬਣਵਾ ਦਿਆਂ। ਜਿੰਨਾ ਚਿਰ ਆਪਣੇ ਭੈਣਾਂ ਭਰਾਵਾਂ ਵਿਚ ਬੈਠ ਕੇ ਥੜ੍ਹਾ ਪਰਣਾਲੀ ਦੀ ਪ੍ਰਾਪਤ ਕੀਤੀ ਸਿਖਿਆ ਅਨੁਸਾਰ ਉਹ ਚੁਗਲੀ ਚੱਪਾ ਨਹੀਂ ਸੀ ਕਰ ਲੈਂਦੀ, ਓਨਾ ਚਿਰ ਉਹਨੂੰ ਰੋਟੀ ਸਵਾਦ ਨਹੀਂ ਸੀ ਲੱਗਦੀ। ਮੈਂ ਉਹਨੂੰ ਹੋਟਲਾਂ ਤੋਂ ਚੰਗੇ ਚੰਗੇ ਖਾਣੇ ਲਿਆ ਕੇ ਖੁਆਉਂਦਾ ਪਰ ਉਹ ਝੱਟ ਨਿੰਦ ਦਿੰਦੀ। ਬਹੁਤ ਸਾਲ ਪਹਿਲਾਂ ਇਕ ਰੇੜ੍ਹੀ ਵਾਲੇ ਦੇ ਛਿੱਤਰ ਮਾਰ ਕੇ ਉਹਦੇ ਪਿਓ ਦੁਆਰਾ ਲਿਆਂਦੇ ਤਿੱਤਰ ਖਾਣ ਦੀ ਗੱਲ ਹੀ ਸਦਾ ਕੁਰਲਾਉਂਦੀ ਰਹਿੰਦੀ। ਉਹਦੀ ਜੀਭ ਦਾ ਸਵਾਦ ਉਥੇ ਆ ਕੇ ਰੁਕ ਗਿਆ ਸੀ। ਉਹ ਭਾਵੇਂ ਮਾਂ ਬਣ ਚੁੱਕੀ ਸੀ ਤੇ ਦੁਬਾਰਾ ਫਿਰ ਤਿਆਰ ਸੀ ਪਰ ਉਹਦੀ ਸੋਚਣੀ ਤੇ ਫੈਸਲੇ ਵਿਚ ਕੁਝ ਫ਼ਰਕ ਨਹੀਂ ਸੀ ਪਿਆ। ਮੈਂ ਉਹਨੂੰ ਆਪਣੀ ਬਣਾਉਣ ਲਈ ਉਹਦੀਆਂ ਸ਼ਰਤਾਂ ਤੇ ਅਮਲ ਸ਼ੁਰੂ ਕਰ ਦਿੱਤਾ ਪਰ ਉਹਨੂੰ ਆਪਣੀ ਨਾ ਬਣਾ ਸਕਿਆ। ਮੇਰੇ ਮਾਪੇ ਤੇ ਰਿਸ਼ਤੇਦਾਰ ਮੇਰੇ ਝੁਡੂ ਹੋਣ ਕਰ ਕੇ ਮੇਰੇ ਨਾਲੋਂ ਬਹੁਤ ਦੇਰ ਪਹਿਲਾਂ ਰਿਸ਼ਤਾ ਤੋੜ ਚੁੱਕੇ ਸਨ। ਮੈਥੋਂ ਪਹਿਲੀ ਤਾਰੀਖ ਨੂੰ ਹੀ ਤਨਖ਼ਾਹ ਖੋਹ ਲੈਂਦੀ ਸੀ, ਇਸ ਲਈ ਆਪਣਾ ਡੰਗ ਟਪਾਉਣ ਲਈ ਮੈਂ ਤਨਖ਼ਾਹ ਤੋਂ ਇਲਾਵਾ ਏਧਰ ਉਧਰ ਹੱਥ ਮਾਰ ਕੇ ਉਪਰਲੀ ਕਮਾਈ ਕਰਨ ਲੱਗ ਪਿਆ। ਸੜਕ ਉਸਾਰੀ ਦੇ ਮਹਿਕਮੇ ਵਿਚ ਲੱਗਾ ਹੋਣ ਕਰ ਕੇ ਕੁਝ ਚੜ੍ਹਾਵਾ ਚੜ੍ਹਦਾ ਰਹਿੰਦਾ ਸੀ। ਮੇਰੇ ਉਪਰਲੇ ਤੇ ਹੇਠਲੇ ਸਾਰੇ ਇਸ ਕੰਮ ਵਿਚ ਸ਼ਰੀਕ ਸਨ। ਇਸ ਕਮਾਈ ਦਾ ਚੀਫ ਤੇ ਵਜ਼ੀਰ, ਸਭਨਾਂ ਨੂੰ ਪਤਾ ਸੀ ਤੇ ਚੀਫ ਬਾਰੇ ਮਸ਼ਹੂਰ ਸੀ ਕਿ ਚੋਣਾਂ ਵੇਲੇ ਉਹ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਰੱਜ ਕੇ ਚੰਦਾ ਦਿੰਦਾ ਸੀ।

ਕਈ ਵਾਰ ਮੇਰੀ ਘਰ ਵਾਲੀ ਤੇ ਉਹਦੀਆਂ ਭੈਣਾਂ ਫੌਜ ਬਣ ਕੇ ਬਾਜ਼  ਵਾਂਗਰਾਂ ਆ ਝਪਟਾ ਮਾਰਦੀਆਂ ਤੇ ਮੇਰੀਆਂ ਜੇਬਾਂ ਫਰੋਲ ਕੇ ਜੋ ਕੁਝ ਹੁੰਦਾ, ਕੱਢ ਲਿਜਾਂਦੀਆ। ਜੇ ਮੈਂ ਚੂੰ ਚਾਂ ਕਰਦਾ ਤਾਂ ਸਾਰੀਆਂ ਗਲੀ ਵਿਚ ਖਲੋ ਕੇ ਉੱਚੀ ਉੱਚੀ ਛਾਤੀ ਪਿਟਦੀਆਂ, ਪੱਟਾਂ ਤੇ ਹੱਥ ਮਾਰਦੀਆਂ, ਸਿਰ ਦੇ ਵਾਲ ਪੁੱਟ ਲੈਂਦੀਆਂ ਤੇ ਰੋ ਰੋ ਵਿਰਲਾਪ ਕਰ ਕੇ ਆਂਢ ਗੁਆਂਢ ਇਕੱਠਾ ਕਰ ਲੈਂਦੀਆਂ ਤੇ ਕਹਿੰਦੀਆਂ ਇਹਨੇ ਰੰਨਾਂ ਰੱਖੀਆਂ ਹੋਈਆਂ ਹਨ, ਸਾਡੀ ਭੈਣ ਨੂੰ ਨਹੀਂ ਵਸਾਉਂਦਾ। ਦੁਹਾਈਆਂ ਪਾ ਕੇ ਲੋਕਾਂ ਨੂੰ ਮਗਰ ਲਾ ਲੈਂਦੀਆਂ। ਅਕਸਰ ਲਾਈ ਲੱਗ ਲੋਕ ਉਹਨਾਂ ਦੀ ਗੱਲ ਦਾ ਸੱਚ ਮੰਨ ਲੈਂਦੇ ਤੇ ਮੈਨੂੰ ਉਹ ਮੁਹੱਲਾ ਛੱਡ ਕੇ ਕਿਧਰੇ ਹੋਰ ਮਕਾਨ ਲੈਣਾ ਪੈ ਜਾਂਦਾ। ਮੇਰੇ ਬੱਚਿਆਂ ਨੂੰ ਮੇਰੇ ਖਿਲਾਫ ਏਨਾ ਭੜਕਾਉਂਦੀਆਂ ਕਿ ਉਹ ਮੇਰੀ ਸ਼ਕਲ ਵੇਖਣਾ ਪਸੰਦ ਨਾ ਕਰਦੇ ਤੇ ਉਹ ਮੈਨੂੰ ਓਪਰਾ ਤੇ ਬਾਹਰਲਾ ਬੰਦਾ ਸਮਝਦੇ। ਮੇਰੀ ਪਤਨੀ ਬੱਚਿਆਂ ਨੂੰ ਵੀ ਅਕਸਰ ਮੇਰੀ ਜੇਬ ਦੀ ਤਲਾਸ਼ੀ ਲੈ ਕੇ ਸਾਰੇ ਪੈਸੇ ਕੱਢ ਲੈਣ ਦੀਆਂ ਹਦਾਇਤਾਂ ਦਿੰਦੀ ਤੇ ਕਈ ਵਾਰ ਨੌਕਰੀ ਤੇ ਜਾਣ ਲਈ ਸਟੇਸ਼ਨ ਤੇ ਪੁੱਜ ਕੇ ਜਦ ਮੈਂ ਟਿਕਟ ਲੈਣ ਵੇਲੇ ਵੇਖਦਾ ਕਿ ਮੇਰੀ ਜੇਬ ਵਿਚ ਕੋਈ ਪੈਸਾ ਨਾ ਹੁੰਦਾ। ਜਿਸ ਸ਼ਹਿਰ ਵਿਚ ਮੇਰੀ ਬਦਲੀ ਹੁੰਦੀ ਤਾਂ ਸਾਰੀਆਂ ਉਥੋਂ ਦੇ ਥਾਣੇਦਾਰ, ਮੈਜਿਸਟ੍ਰੇਟ, ਡਾਕਟਰ ਜਾਂ ਕਿਸੇ ਵਕੀਲ ਨਾਲ ਤੁਅੱਲਕਾਤ ਪੈਦਾ ਕਰ ਲੈਂਦੀਆਂ ਤੇ ਮੇਰੇ ਤੇ ਰੁਅਬ ਰੱਖਣ ਲਈ ਉਹਨਾਂ ਨਾਲ ਖੁੱਲ੍ਹਾਂ ਪ੍ਰਾਪਤ ਕਰ ਲੈਂਦੀਆਂ।

ਇਸ ਤਰ੍ਹਾਂ ਦਾ ਜੀਵਨ ਜਿਉਂਦਿਆਂ ਮਨੁੱਖੀ ਕੀਮਤਾਂ, ਭਾਈਚਾਰੇ ਤੇ ਆਦਰਸ਼ਕ ਨੇਮਾਂ ਤੋਂ ਮੇਰਾ ਵਿਸ਼ਵਾਸ ਉੱਡ ਗਿਆ। ਮੈਨੂੰ ਆਪਣਾ ਜੀਵਨ ਇਕ ਲਾਵਾਰਿਸ ਲਾਸ਼ ਵਰਗਾ ਜਾਪਦਾ ਜਿਸ ਅੰਦਰਲਾ ਮਨੁੱਖ ਸਦਾ ਲਈ ਲਾਪਤਾ ਹੋ ਗਿਆ ਸੀ। ਅਨੇਕਾਂ ਵਰ੍ਹਿਆਂ ਦੇ ਬੇਤਰਤੀਬੇ ਨਿੱਤ ਦੀ ਲੜਾਈ ਝਗੜੇ ਵਾਲੇ ਜੀਵਨ ਨੇ ਮੈਨੂੰ ਆਪਣੇ ਧੁਰੇ ਨਾਲੋਂ ਪੁੱਟ ਦਿੱਤਾ ਸੀ। ਹੁਣ ਮੈਂ ਲੰਡਰ ਪਸ਼ੂ ਵਾਂਗ ਏਧਰ ਉਧਰ ਸਿੰਙ ਮਾਰਦਾ ਤੇ ਪਾਸੇ ਭੁਨਾਉਂਦਾ ਫਿਰਦਾ ਸਾਂ। ਲੋਕਾਂ ਵਿਚ ਮੇਰੀ ਕੋਈ ਇੱਜ਼ਤ ਨਹੀਂ ਸੀ। ਮੇਰੇ ਮੂੰਹ ਤੇ ਮੇਰੀ ਵਡਿਆਈ ਕਰਨ ਵਾਲੇ ਪਿੱਠ ਪਿਛੋਂ ਮੇਰੀ ਬਦਨਾਮੀ ਕਰਦੇ ਸਨ। ਦਫਤਰ ਵਿਚ ਵੀ ਮੇਰੀ ਕੋਈ ਇੱਜ਼ਤ ਨਹੀਂ ਸੀ। ਮੈਂ ਸਭਨਾਂ ਨਾਲ ਹਰ ਵੇਲੇ ਖਿਝਿਆ ਖਿਝਿਆ ਰਹਿੰਦਾ ਸਾਂ। ਕਿਸੇ ਦਾ ਬਣਦਾ ਕੰਮ ਵਿਗਾੜ ਕੇ ਮੈਨੂੰ ਖ਼ੁਸ਼ੀ ਹੁੰਦੀ ਸੀ। ਮੇਰੀਆਂ ਬਦਲੀਆਂ ਦੂਰ ਦੂਰ ਥਾਵਾਂ ਤੇ ਹੋ ਜਾਂਦੀਆਂ ਤੇ ਮੇਰੇ ਉਪਰਲੇ ਮੈਨੂੰ ਦੁਖੀ ਰੱਖ ਕੇ ਖ਼ੁਸ਼ ਰਹਿੰਦੇ ਸਨ ਕਿਉਂਕਿ ਉਹਨਾਂ ਲਈ ਮੈਂ ਸਦਾ ਸਿਰਦਰਦੀ ਪੈਦਾ ਕਰੀ ਰੱਖਦਾ ਸਾਂ।

ਮੈਨੂੰ ਕਈ ਬਿਮਾਰੀਆਂ ਸਨ ਤੇ ਡਾਕਟਰਾਂ ਕੋਲ ਉਹਨਾਂ ਦਾ ਕੋਈ ਇਲਾਜ ਨਹੀਂ ਸੀ। ਹਰ ਵੇਲੇ ਦਿਮਾਗ਼ ਤੇ ਬੋਝ ਰੱਖਣ ਤੇ ਬੇਹਿਸਾਬਾ ਸੋਚੀ ਜਾਣ ਕਰ ਕੇ ਰਾਤ ਨੂੰ ਨੀਂਦ ਨਹੀਂ  ਆਉਂਦੀ ਸੀ। ਖ਼ੂਨ ਦਾ ਦਬਾ ਹਮੇਸ਼ਾ ਜ਼ਿਆਦਾ ਰਹਿੰਦਾ ਸੀ। ਪੇਟ ਵਿਚ ਫੋੜਾ ਹੋਣ ਕਰ ਕੇ ਖ਼ੂਨ ਦੀ ਕਮੀ ਹੋ ਗਈ ਸੀ। ਸ਼ਾਇਦ ਕੈਂਸਰ ਵਧ ਰਿਹਾ ਸੀ। ਚੱਕਰ ਆਉਂਦੇ ਤੇ ਸਰੀਰ ਹਰ ਵੇਲੇ ਥੱਕਿਆ ਥੱਕਿਆ ਤੇ ਡਿਗੂੰ ਡਿਗੂੰ ਕਰਦਾ ਰਹਿੰਦਾ ਤੇ ਯਾਦਾਸ਼ਤ ਬਹੁਤ ਕਮਜ਼ੋਰ ਹੋ ਗਈ ਸੀ।

ਜਿਵੇਂ ਜਿਵੇਂ ਸਿਹਤ ਜ਼ਿਆਦਾ ਡਿਗਦੀ ਜਾ ਰਹੀ ਸੀ, ਸਵਰਨੀ ਦੀ ਯਾਦ ਬਹੁਤ ਸਤਾਉਣ ਲੱਗ ਪਈ ਸੀ। ਉਸ ਦਾ ਸਰਾਪ ਹੀ ਸ਼ਾਇਦ ਮੈਨੂੰ ਮਾਰ ਗਿਆ ਸੀ। ਮੈਂ ਉਹਦਾ ਦਿਲ ਤੋੜਿਆ ਸੀ ਤੇ ਮੈਨੂੰ ਉਹਦੀ ਆਹ ਲੱਗ ਗਈ ਸੀ। ਮੇਰੀ ਮਾਂ ਨੇ ਕਈ ਵਾਰ ਮੈਨੂੰ ਇਹ ਗੱਲ ਚਿਤਾਰੀ ਵੀ ਸੀ। ਮੈਂ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਹੀ ਸੀ। ਮਰਨ ਤੋਂ ਪਹਿਲਾਂ ਮੈਂ ਸਵਰਨੀ ਕੋਲੋਂ ਆਪਣੇ ਕੀਤੇ ਪਾਪ ਦੀ ਮੁਆਫੀ ਮੰਗਣਾ ਚਾਹੁੰਦਾ ਸਾਂ ਤਾਂ ਜੋ ਮੇਰੇ ਸਾਹ ਸੌਖੇ ਨਿਕਲ ਸਕਣ ਪਰ ਉਹਨੂੰ ਮਿਲਣ ਦੀ ਕੋਈ ਸਬੀਲ ਨਹੀਂ ਬਣਦੀ ਸੀ। ਪਤਾ ਨਹੀਂ ਉਹ ਕਿੱਥੇ ਸੀ। ਉਹਦਾ ਵਿਆਹ ਹੋ ਗਿਆ ਸੀ ਜਾਂ ਨਹੀਂ। ਕੀ ਉਹਦੇ ਦਿਲ ਵਿਚ ਇਸ ਵੇਲੇ ਵੀ ਮੇਰੇ ਲਈ ਕੋਈ ਥਾਂ ਸੀ? ਹੋ ਸਕਦਾ ਸੀ ਕਿ ਉਹ ਮੇਰੀ ਗੱਲ ਸੁਣਨੀ ਤਾਂ ਇਕ ਪਾਸੇ, ਮੇਰੇ ਮੱਥੇ ਲੱਗਣ ਨੂੰ ਵੀ ਤਿਆਰ ਨਾ ਹੋਵੇ। ਭਾਈਏ ਨੂੰ ਮੈਂ ਕਿਹੜੇ ਮੂੰਹ ਨਾਲ ਹੁਣ ਇਹ ਗੱਲ ਕਹਿ ਸਕਦਾ ਸਾਂ। ਉਹ ਮੈਥੋਂ ਬਹੁਤ ਵੱਡਾ ਸੀ ਤੇ ਹੁਣ ਬਹੁਤ ਬੁੱਢਾ ਹੋ ਗਿਆ ਸੀ। ਉਹਦੇ ਨਾਲ ਸਾਂਝ ਟੁੱਟਿਆਂ ਵੀ ਬੜਾ ਚਿਰ ਹੋ ਗਿਆ ਸੀ। ਸਵਰਨੀ ਕੋਲ ਆਪਣਾ ਦੋਸ਼ ਮੰਨੇ ਬਿਨਾਂ ਹੀ ਮੈਂ ਮਰ ਜਾਵਾਂਗਾ? ਇਹ ਪੱਥਰ ਛਾਤੀ ਤੇ ਬੜੀ ਬੁਰੀ ਤਰ੍ਹਾਂ ਟਿਕਿਆ ਹੋਇਆ ਸੀ। ਮੇਰਾ ਉਹਦੇ ਕੋਲ ਜਾਣਾ ਬਣਦਾ ਨਹੀਂ ਸੀ। ਇਹ ਬਿਲਕੁਲ ਹੀ ਫਜ਼ੂਲ ਗੱਲ ਸੀ ਤੇ ਮੈਨੂੰ ਉਹਨੂੰ ਮਿਲਣ ਦਾ ਕੋਈ ਇਖਲਾਕੀ, ਸਮਾਜੀ ਜਾਂ ਜਜ਼ਬਾਤੀ ਹੱਕ ਨਹੀਂ ਸੀ। ਹੁਣ ਮੇਰੇ ਕੋਲ ਕੀ ਸੀ, ਕੁਝ ਵੀ ਨਹੀਂ ਸੀ। ਜਦੋਂ ਸਭ ਕੁਝ ਸੀ ਤੇ ਸਾਰੀ ਜ਼ਿੰਦਗੀ ਅੱਗੇ ਖੜ੍ਹੀ ਸੀ, ਉਦੋਂ ਤਾਂ ਮੈਂ ਉਸ ਨੂੰ ਠੁਕਰਾ ਦਿੱਤਾ ਸੀ। ਉਹਨੂੰ ਮਿਲਣ, ਵੇਖਣ, ਗੱਲ ਕਰਨ ਤੇ ਪਛਤਾਵਾ ਜ਼ਾਹਿਰ ਕਰਨ ਦੇ ਝੂਠੇ ਸਹਾਰੇ ਤੇ ਠੁੰਮਣੇ ਦਿਲ ਨੂੰ ਦੇ ਰਿਹਾ ਸਾਂ। ਆਪਣੀ ਮਿੱਟੀ ਉਹਦੇ ਬੂਹੇ ਅੱਗੇ ਜਾ ਕੇ ਢੇਰੀ ਕਰਨ ਦਾ ਕੋਈ ਮਤਲਬ ਨਹੀਂ ਸੀ।

ਪਰ ਮੇਰਾ ਦਿਲ ਨਹੀਂ ਮੰਨਿਆ। ਮੌਤ ਤਾਂ ਹੁਣ ਮੇਰੇ ਨਜ਼ਦੀਕ ਸੀ। ਮਰਨ ਤੋਂ ਪਹਿਲਾਂ ਭੁੱਲਾਂ ਬਖਸ਼ਾਉਣ ਤੋਂ ਕੰਨੀਂ ਕਿਉਂ ਕਤਰਾਈ ਜਾਵੇ। ਸਾਰੀ ਦੁਨੀਆ ਤੀਰਥਾਂ ਨੂੰ ਜਾਂਦੀ ਹੈ। ਕੋਈ ਮੌਤ ਤੋਂ ਪਹਿਲਾਂ ਤੇ ਕਿਸੇ ਦੀਆਂ ਹੱਡੀਆਂ ਮੌਤ ਤੋਂ ਬਾਅਦ।

ਗਡੀਆਂ ਬੱਸਾਂ ਬਦਲ ਖੂੰਡੀ ਫੜੀਂ ਮੈਂ ਵੀ ਹੌਲੀ ਹੌਲੀ ਭਾਈਏ ਦੇ ਪਿੰਡ ਨੂੰ ਚਲਾ ਗਿਆ। ਬੜਾ ਹੌਸਲਾ ਇਕੱਠਾ ਕਰ ਕੇ ਸਵਰਨੀ ਬਾਰੇ ਪੁੱਛਿਆ ਕਿ ਉਹਦਾ ਕੀ ਹਾਲ ਹੈ ਤੇ ਹੁਣ ਉਹ ਕਿੱਥੇ ਹੈ?

ਭਾਈਆ ਕਾਫੀ ਚਿਰ ਚੁੱਪ ਰਿਹਾ ਜਿਵੇਂ ਗੱਲ ਦੱਸਣ ਲਈ ਕੋਈ ਰਾਹ ਲੱਭ ਰਿਹਾ ਹੋਵੇ। ਫਿਰ ਬੜੀ ਦੱਬੀ ਜ਼ਬਾਨ ਵਿਚ ਉਹਨੇ ਦਸਿਆ ਕਿ ਮੇਰੇ ਨਾਲ ਵਿਆਹ ਦੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਜਾਣ ਤੋਂ ਬਾਅਦ ਉਸਨੇ ਆਪਣਾ ਸੰਸਾਰਕ ਮੋਹ ਤੋੜ ਕੇ ਤਨ ਮਨ ਗੁਰਬਾਣੀ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਵਿਚ ਲਾ ਦਿੱਤਾ ਸੀ। ਸਿਮਰਨ ਤੋਂ ਬਿਨਾਂ ਉਹ ਹੋਰ ਕੋਈ ਗੱਲ ਹੀ ਨਹੀਂ ਕਰਦੀ ਸੀ। ਸਾਡਾ ਪਿੰਡ ਉਹਦੀ ਪੂਜਾ ਕਰਦਾ ਸੀ। ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੇ ਮੱਥਾ ਟੇਕਣ ਉਹ ਹਰ ਮਹੀਨੇ ਅੰਮ੍ਰਿਤਸਰ ਜ਼ਰੂਰ ਜਾਂਦੀ ਸੀ। ਦਰਬਾਰ ਸਾਹਿਬ ਤੇ ਫੌਜੀ ਹਮਲੇ ਵੇਲੇ ਉਥੇ ਹੀ ਸ਼ਹੀਦੀ ਪਾ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਜਾ ਲੱਗੀ ਸੀ।

ਸਿੱਧੀ ਪੱਧਰੀ ਸਵਰਨੀ ਨੇ ਜ਼ਿੰਦਗੀ ਦਾ ਨਿਸ਼ਾਨਾ ਖੁੰਝਣ ਬਾਅਦ ਆਪਣਾ ਜੀਵਨ ਸੱਚੇ ਪਾਤਸ਼ਾਹ ਨਾਲ ਜੋੜ ਲਿਆ ਸੀ। ਇਕ ਮੈਂ ਹਾਂ ਜੋ ਨਿਸ਼ਾਨਾ ਲਾ ਕੇ ਅਜੇ ਤੱਕ ਚਿੱਕੜ ਵਿਚ ਫਸਿਆ ਹੋਇਆ ਹਾਂ।