ਫਾਈਵ ਸਟਾਰ ਹੋਟਲ ਇਸਲਾਮਾਬਾਦ ਵਿਚ ਰਿਹਾਇਸ਼ ਰੱਖਣ ਵਾਲੇ ਡੈਲੀਗੇਟਸ ਦਾ ਬਰੇਕਫਾਸਟ ਇਸਲਾਮਾਬਾਦ ਹੋਟਲ ਵਿਚ ਹੀ ਨਿਸਚਿਤ ਸੀ। ਇਸ ਦਾ ਖਰਚਾ ਅਕੈਡਮੀ ਨੇ ਦੇਣਾ ਸੀ। ਹੋਟਲ ਵਾਲੇ ਬਰੇਕਫਾਸਟ ਦਾ ਕੂਪਨ ਸਵੇਰੇ ਸਵੇਰੇ ਹੀ ਕਮਰੇ ਦੀਆਂ ਝੀਤਾਂ ਵਿਚੋਂ ਅੰਦਰ ਸੁਟ ਜਾਂਦੇ ਸਨ ਜਿਸ ਨੂੰ ਕਾਊਂਟਰ ਤੇ ਵਿਖਾ ਕੇ ਬਰੇਕਫਾਸਟ ਹਾਲ ਵਿਚ ਦਾਖਲ ਹੋ ਕੇ ਬਰੇਕਫਾਸਟ ਕਰ ਸਕੀਦਾ ਸੀ। ਬਰੇਫਾਸਟ ਦੀ ਵਰਾਇਟੀ ਦਾ ਕੋਈ ਅੰਤ ਨਹੀਂ ਸੀ। ਜੇਕਰ ਛੱਤੀ ਪਰਕਾਰ ਦੇ ਭੋਜਨ ਦੀ ਤੁਲਣਾ ਕਰਦਿਆਂ ਹਰ ਇਕ ਆਈਟਮ ਥੋੜ੍ਹੀ ਥੋੜ੍ਹੀ ਵੀ ਖਾਧੀ ਜਾਵੇ ਤਾਂ ਲੰਚ ਅਤੇ ਡਿਨਰ ਖਾਣ ਦੀ ਕੋਈ ਲੋੜ ਨਹੀਂ ਸੀ। ਸਾਰੀਆਂ ਆਈਟਮਜ਼ ਹੀ ਏਨੀਆਂ ਵਧੀਆ ਤੇ ਜ਼ਾਇਕੇਦਾਰ ਸਨ ਕਿ ਸਮਝ ਨਹੀਂ ਸੀ ਆਉਂਦੀ ਕਿ ਕਿਹੜੀ ਖਾਧੀ ਜਾਵੇ ਤੇ ਕਿਹੜੀ ਛਡੀ ਜਾਵੇ। 15 ਮਾਰਚ ਦੀ ਸਵੇਰ ਨੂੰ ਜਦ ਅਸੀਂ ਕੱਲ ਵਾਂਗ ਹੀ ਬਰੇਕ ਫਾਸਟ ਕਰ ਕੇ ਬਾਹਰ ਨਿਕਲੇ ਤਾਂ ਅਗੜ ਪਿਛੜ ਖਲੋਤੀਆਂ ਕਈ ਮਿੰਨੀ ਬੱਸਾਂ ਨੈਸ਼ਨਲ ਲਾeਬਿਰੇਰੀ ਜਾਣ ਲਈ ਤਿਆਰ ਖੜ੍ਹੀਆਂ ਸਨ। ਜਾ ਕੇ ਪਤਾ ਲਗਾ ਕਿ ਸਵੇਰ ਵਾਲੇ ਸੈਸ਼ਨ ਵਿਚ ਤਬਦੀਲੀ ਆ ਗਈ ਸੀ। ਪਾਕਿਸਤਾਨ ਦੇ ਪ੍ਰੈਜ਼ੀਡੰਟ ਆਸਫ ਜ਼ਰਦਾਰੀ ਸਾਹਿਬ ਕੁਝ ਰੁਝੇਵਿਆਂ ਕਾਰਨ ਕਾਨਫਰੰਸ ਵਿਚ ਨਹੀਂ ਸੀ ਰਹੇ ਸਨ ਤੇ ਸਾਰੇ ਡੈਲੀਗੇਟਸ ਜਿਨ੍ਹਾਂ ਦੀ ਗਿਣਤੀ ਢਾਈ ਸੌ ਤੋਂ ਵਧ ਸੀ, ਨੇ ਦੋਪਹਿਰ ਦਾ ਲੰਚ ਉਹਨਾਂ ਦੇ ਪ੍ਰੈਜ਼ੀਡੰਟ ਹਾਊਸ ਵਿਚ ਕਰਨਾ ਸੀ ਤੇ ਓਥੇ ਹੀ ਜ਼ਰਦਾਰੀ ਸਾਹਿਬ ਨੇ ਕਾਨਫਰੰਸ ਦੇ ਸਾਰੇ ਡੈਲੀਗੇਟਸ ਨੂੰ ਮੁਖਾਤਿਬ ਹੋਣਾ ਸੀ।
ਕਾਨਫਰੰਸ ਵਿਚ ਭਾਗ ਲੈਣ ਆਏ ਕੁਝ ਡੈਲੀਗੇਟਸ ਨੇ ਤਾਂ ਹੋਟਲ ਦੇ ਆਪੋ ਆਪਣੇ ਕਮਰਿਆਂ ਵਿਚ 16 ਮਾਰਚ ਦੀ ਸਵੇਰ ਨੂੰ ਹੀ ਆਪੋ ਆਪਣੀ ਪੈਕਿੰਗ ਕਰਨੀ ਸ਼ੁਰੂ ਕਰ ਦਿਤੀ ਸੀ ਤਾਂ ਜੋ 16 ਮਾਰਚ ਦੀ ਰਾਤ ਨੂੰ ਜਾਂ 17 ਮਾਰਚ ਦੀ ਸਵੇਰ ਨੂੰ ਆਪੋ ਆਪਣੀਆਂ ਮੰਜ਼ਲਾਂ ਵੱਲ ਰਵਾਨਾ ਹੋ ਸਕਣ। ਜਿਨ੍ਹਾਂ ਦੀਆਂ ਹਵਾਈ ਉਡਾਣਾਂ ਕਨਫਰਮ ਸਨ, ਉਹਨਾਂ ਨੂੰ ਕੋਈ ਸਮਸਿਆ ਨਹੀਂ ਸੀ ਪਰ ਹੋਟਲ ਦਾ ਹਿਸਾਬ ਕਿਤਾਬ ਚੁਕਤਾ ਕਰ ਕੇ ਚੈੱਕ ਇਨ ਕਰਨੀ ਬਹੁਤ ਜ਼ਰੂਰੀ ਸੀ। ਅਕੈਡਮੀ ਦੇ ਸਟਾਫ ਨੇ ਡੈਲੀਗੇਟਸ ਨੂੰ ਉਡਾਣਾਂ ਮੁਤਾਬਕ ਇਸਲਾਮਾਬਾਦ ਏਅਰਪੋਰਟ ਤੇ ਪੁਜਦਿਆਂ ਕਰਨਾ ਸੀ। ਖੈਰ ਨਿੱਤ ਵਾਂਗ ਅਸੀਂ ਬਰੇਕ ਫਾਸਟ ਹਾਲ ਵਿਚ ਆਏ ਤਾਂ ਕਈ ਡੈਲੀਗੇਟਸ ਬਗਲਗੀਰ ਹੋ ਕੇ ਅਲਵਿਦਾ ਕਰਨ ਦੇ ਮੂਡ ਵਿਚ ਮਿਲ ਰਹੇ ਜਿਨ੍ਹਾਂ ਵਿਚ ਸ੍ਰੀ ਲੰਕਾ ਤੋਂ ਆਈ ਰਾਮਾਨੀ ਹਟਿਆਰਾਛੀ ਵੀ ਸ਼ਾਮਲ ਸੀ। ਬੜੇ ਪਿਆਰ ਨਾਲ ਬਗਲਗੀਰ ਹੋ ਕੇ ਮਿਲੀ ਅਤੇ ਸ੍ਰੀ ਲੰਕਾ ਆਉਣ ਦਾ ਸੱਦਾ ਦਿਤਾ। ਸਨ। ਬਹੁਤੇ ਡੈਲੀਗੇਟ ਪਾਕਿਸਤਾਨ ਦੇ ਵਖ ਵਖ ਸ਼ਹਿਰਾਂ ਵਿਚੋਂ ਆਏ ਹੋਏ ਸਨ ਜਿਨ੍ਹਾਂ ਨੇ ਰਾਤੋ ਰਾਤ ਆਪਣੇ ਸ਼ਹਿਰਾਂ ਨੂੰ ਰੇਲ, ਬੱਸਾਂ ਜਾਂ ਹਵਾਈ ਜਹਾਜ਼ ਦੀਆਂ ਉਡਾਣਾਂ ਫੜ ਕੇ ਚਲੇ ਜਾਣਾ ਸੀ। ਅਸੀਂ ਨਾਸ਼ਤਾ ਕਰ ਕੇ ਨੈਸ਼ਨਲ ਲਾਇਬਰੇਰੀ ਜਾਣ ਲਈ ਬੱਸਾਂ ਦੀ ਉਡੀਕ ਕਰਨ ਲਗੇ। ਆਖਰ ਬੱਸਾਂ ਆਈਆਂ ਤਾਂ ਅਸੀਂ ਨੈਸ਼ਨਲ ਲਾਇਬਰੇਰੀ ਪਹੁੰਚ ਗਏ। ਬੀਤੀ ਰਾਤ ਮੈਂ ਤੇ ਅਸ਼ਫਾਕ ਹੁਸੈਨ "ਆਪਣਾ" ਟੀ ਵੀ ਤੇ "ਸੂਫੀਇਜ਼ਮ ਅਤੇ ਪੀਸ" ਕਾਨਫਰੰਸ ਦੇ ਮੁੱਦੇ ਤੇ ਇਕ ਘੰਟਾ ਗੱਲ ਬਾਤ ਕਰ ਕੇ ਆਏ ਸਾਂ। ਕੰਪੀਅਰਰ ਬਾਰ ਬਾਰ ਸਾਨੂੰ ਪਾਕਿਸਤਾਨ ਵਿਚ ਸੁਖ ਸ਼ਾਂਤੀ ਦੇ ਮੁੱਦੇ ਨੂੰਲੈ ਕੇ ਤਾਲਬਾਨਾਂ ਦੇ ਸਟੈਂਡ ਬਾਰੇ ਸਵਾਲ ਪੁਛ ਰਿਹਾ ਸੀ ਕਿ ਹਕੂਮਤ ਨੂੰ ਕੀ ਕਰਨਾ ਚਾਹੀਦਾ ਹੈ। ਜਦ ਉਹ ਇਹ ਸਵਾਲ ਕਰਨੋਂ ਨਾ ਹਟਿਆ ਤਾਂ ਮੇਰਾ ਤੇ ਅਸ਼ਫਾਕ ਦਾ ਇਕੋ ਜਵਾਬ ਸੀ ਕਿ ਟੇਬਲ ਤੇ ਬੈਠ ਕੇ ਗੱਲ ਹੋਣੀ ਚਾਹੀਦੀ ਹੈ। ਦੋਵੇਂ ਧਿਰਾਂ ਆਪੋ ਆਪਣੇ ਪਖ ਪੂਰ ਸਕਦੀਆਂ ਹਨ। ਬਾਕੀ ਅਸੀਂ ਅਤਿਵਾਦ ਅਤੇ ਦਹਿਸ਼ਤਗਰਦੀ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਗਵਾਂਢੀ ਦੇਸ਼ਾਂ ਨਾਲ ਅਮਨ ਸ਼ਾਂਤੀ ਨਾਲ ਰਹਿਣ ਦੇ ਹੱਕ ਵਿਚ ਹਾਂ। ਉਸਦਾ ਅਗਲਾ ਸਵਾਲ ਸੀ ਕਿ ਕੀ ਇਹ ਕਾਨਫਰੰਸ ਆਪਣੇ ਮੁੱਦੇ ਨੂੰ ਲੈ ਕੇ ਕਾਮਯਾਬ ਹੈ ਅਤੇ ਇਹ ਕਿਵੇਂ ਕਿਹਾ ਜਾ ਸਕਦਾ ਸੀ ਕਿ ਕਾਮਯਾਬ ਨਹੀਂ ਹੈ। ਬਾਕੀ ਇਸ ਦੇ ਕੀ ਸਿੱਟੇ ਨਿਕਲਦੇ ਹਨ, ਇਸ ਬਾਰੇ ਐਨੀ ਜਲਦੀ ਕੀ ਕਿਹਾ ਜਾ ਸਕਦਾ ਸੀ। ਇਹ ਟੀ ਵੀ ਇੰਟਰਵੀਊ ਬੜੀ ਥਕਾ ਦੇਣ ਵਾਲੀ ਸੀ ਪਰ ਪ੍ਰੋਡਿਊਸਰ ਏਨਾ ਮਗਰ ਪੈ ਗਿਆ ਕਿ ਮੈਨੂੰ ਤੇ ਅਸ਼ਫਾਕ ਨੂੰ ਹੋਟਲ ਚੋਂ ਆਪਣੀ ਕਾਰ ਵਿਚ ਚੜ੍ਹਾ ਕੇ ਸਟੁਡੀਓ ਲੈ ਵੀ ਗਿਆ ਸੀ ਅਤੇ ਵਾਪਸ ਛਡ ਕੇ ਵੀ ਗਆ।
ਪਹਾੜੀ ਦੀ ਟੀਸੀ ਤੇ ਬਣੀ ਵਲੀ ਕੰਧਾਰੀ ਦੀ ਕਬਰ
ਸਵੇਰ ਦੇ ਸੈਸ਼ਨ ਵਿਚ ਰਸ਼ੀਆ ਤੋਂ ਆਈ ਮਿਸ ਰੁਜ਼ਾਨਾ ਵੀ ਪਸਕੂ, ਸਾਈਪਰਸ ਤੋਂ ਆਈ ਮਿਸ ਨੈਸ਼ੀਗੂਲ, ਪਾਕਿਸਤਾਨ ਦੇ ਮਿਸਟਰ ਖਾਲਿਦ ਅਹਿਮਦ, ਚਿੱਲੀ ਤੋਂ ਆਏ ਮਿਸਟਰ ਇਗਨੈਸੀਓ ਸਲਵਾਡੋਰ, ਆਇਰਲੈਂਡ ਤੋਂ ਆਏ ਮਿਸਟਰ ਜੈਕ ਅਤੇ ਸਵਿਟਰਜ਼ਲੈਂਡ ਤੋਂ ਆਏ ਮਿਸਟਰ ਹੇਐਨੀ ਪੈਟਰਿਕ ਨੇ ਪੇਪਰ ਪੇਸ਼ ਕੀਤੇ। ਪੇਪਰਜ਼ ਬਾਰੇ ਸੰਖੇਪ ਵਿਚਾਰ ਵਟਾਂਦਰਾ ਹੋਇਆ ਅਤੇ ਇਹ ਆਖਰੀ ਦਿਨ ਦਾ ਪਹਿਲਾ ਸੈਸ਼ਨ ਟੀ ਬਰੇਕ ਲਈ ਸਮਾਪਤ ਹੋ ਗਿਆ। ਚਾਹ ਤੋਂ ਬਾਅਦ ਅਗਲੇ ਸੈਸ਼ਨ ਵਿਚ ਸੂਫੀ ਗਾਇਨ ਤੋਂ ਬਾਅਦ ਫਿਨਲੈਂਡ ਦੀ ਮਿਸ ਜਾਨਾ ਕ੍ਰਿਸਟੀਨਾ, ਸ੍ਰੀ ਲੰਕਾ ਦੀ ਮਿਸ ਰਾਮਨੀ ਹਟਿਆਰਾਛੀ ਅਤੇ ਪਾਕਿਸਤਾਨ ਦੇ ਡਾ: ਅਹਿਮਦ ਮੁਬਸਰ ਮਲਕ ਨੇ ਆਪਣੇ ਪਰਚੇ ਪੇਸ਼ ਕੀਤੇ। ਜਿਥੇ ਵਖ ਵਖ ਬੁਲਾਰਿਆਂ ਨੇ ਇਸ ਕਾਨਫਰੰਸ ਬਾਰੇ ਆਪਣੇ ਆਖਰੀ ਤਾਸਰਾਤ ਆਏ ਡੈਲੀਗੇਟਸ ਨਾਲ ਸਾਂਝੇ ਕੀਤੇ, ਓਥੇ ਕਾਨਫਰੰਸ ਦੇ ਚੇਅਰਮੈਨ ਫਖਰ ਜ਼ਮਾਨ ਨੇ ਇਸਲਾਮਾਬਾਦ ਡੈਕਲੇਰੇਸ਼ਨ ਤੇ ਬੋਲਦਿਆਂ ਬੜੇ ਜ਼ਬਰਦਸਤ ਸ਼ਬਦਾਂ ਵਿਚ ਕਿਹਾ ਕਿ ਪਾਕਿਸਤਾਨ ਕੱਟੜਵਾਦ ਦੀ ਵਿਰੋਧਤਾ ਅਤੇ ਨਿੰਦਿਆ ਕਰਦਾ ਹੈ। ਸੂਫੀਇਜ਼ਮ ਦੀ ਖੁਲ੍ਹ ਕੇ ਪ੍ਰੋੜ੍ਹਤਾ ਕਰਦਾ ਹੈ ਅਤੇ ਮੂਲਵਾਦੀਆਂ ਅਤੇ ਮੁੱਲਾਂ ਨੂੰ ਚੁਣੌਤੀ ਦਿੰਦਾ ਹੈ ਕਿ ਅਸੀਂ ਸੈਕੂਲਰ ਹਾਂ, ਮਨੁਖੀ ਅਧਿਕਾਰਾਂ ਦੀ ਕਦਰ ਕਰਦੇ ਹਾਂ। ਲੋਕਰਾਜ ਵਿਚ ਵਿਸ਼ਵਾਸ਼ ਰਖਦੇ ਹਾਂ ਅਤੇ ਤਾਨਾਸ਼ਾਹੀ ਦੀ ਨਿੰਦਾ ਕਰਦੇ ਹਾਂ। ਸਾਰੇ ਧਰਮਾਂ, ਵਿਸ਼ਵਾਸ਼ਾਂ, ਸਭਿਆਚਾਰਾਂ ਦੇ ਹਾਮੀ ਹਾਂ। ਅਸੀਂ ਉਹਨਾਂ ਤੋਂ ਡਰਦੇ ਨਹੀਂ ਹਾਂ। ਦੁਨੀਆ ਵਿਚ ਬਹੁ-ਸਭਿਆਚਾਰਕ ਸੁਸਾਇਟੀ ਰਾਹੀਂ ਅਧਿਆਤਮਿਕਵਾਦ ਅਤੇ ਸੂਫੀਇਜ਼ਮ ਦਾ ਪਰਚਾਰ ਜ਼ਰੂਰੀ ਹੋ ਗਿਆ ਹੈ। ਸੂਫੀਇਜ਼ਮ ਹੀ ਸਮਾਜ ਵਿਚ ਬਰਦਾਸ਼ਤ ਦੀ ਭਾਵਨਾ ਪੈਦਾ ਕਰਦਾ ਹੈ। ਸਾਨੂੰ ਗਲੋਬਲ ਹਾਰਮਨੀ ਅਤੇ ਅਮਨ ਲਈ ਮਜ਼ਬੂਤ ਕਦਮ ਚੁਕਣੇ ਚਾਹੀਦੇ ਹਨ।

ਯੂਨੀਵਰਸਿਟੀ ਆਫ ਗੁਜਰਾਤ ਵਿਚ ਲੈਕਚਰ ਤੋਂ ਬਾਅਦ ਜਰਨਲਿਜ਼ਮ ਵਿਭਾਗ ਦੇ ਸਟਾਫ ਨਾਲ
ਕਾਨਫਰੰਸ ਦੇ ਚੇਅਰਮੈਨ ਜਨਾਬ ਫਖਰ ਜ਼ਮਾਨ ਨੇ ਜ਼ੋਰ ਦਿਤਾ ਕਿ ਵਖੋ ਵਖ ਸੁਸਾਇਟੀਜ਼ ਅਤੇ ਧਰਮਾਂ ਦੇ ਆਪਸੀ ਖਿਚਾਅ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਇਹ ਕੰਮ ਲਿਖਾਰੀ, ਬੁਧੀਜੀਵੀ, ਸੋਚਵਾਨ, ਸੂਝਵਾਨ ਅਤੇ ਕਲਾਕਾਰ ਹੀ ਕਰ ਸਕਦੇ ਹਨ ਜੋ ਅਮਨ ਦੇ ਪੁਜਾਰੀ ਹਨ। ਇਸ ਲਈ ਪ੍ਰਿੰਟ ਅਤੇ ਇਲੈਕਟਰੌਨਿਕ ਮੀਡੀਏ ਵਾਲਿਆਂ ਨੂੰ ਚਾਹੀਦਾ ਹੈ ਕਿ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਆਪਣੇ ਫਰਜ਼ ਨੂੰ ਪਛਾਨਣ। ਸੰਸਾਰ ਦੇ ਵਖ ਵਖ ਧਰਮ ਅਤੇ ਫੇਥ ਸਭ ਹੀ ਅਮਨ ਅਤੇ ਸ਼ਾਂਤੀ ਦੇ ਅਲੰਬਰਦਾਰ ਅਤੇ ਅਨੁਯਾਈ ਹਨ। ਉਹ ਇਸ ਤੇ ਹੋਰ ਜ਼ੋਰ ਨਾਲ ਅਮਲ ਕਰਨ।
ਅੰਤ ਵਿਚ ਫਖਰ ਜ਼ਮਾਨ ਨੇ ਕਿਹਾ ਕਿ ਇਸਲਾਮਾਬਾਦ ਡੈਕਲੇਰੇਸ਼ਨ ਸਿਰਫ ਪਾਕਿਸਤਾਨ ਵਿਚ ਹੀ ਨਹੀਂ, ਸਗੋਂ ਸਾਰੀ ਦੁਨੀਆ ਵਿਚ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਨਿੰਦਾ ਕਰਦੀ ਹੈ। ਇਸਲਾਮਾਬਾਦ ਡੈਕਲੇਰੇਸ਼ਨ ਪਾਕਿਸਤਾਨ ਸਰਕਾਰ, ਅਕੈਡਮੀ ਆਫ ਲੈਟਰਜ਼ ਨੂੰ ਮਾਣਤਾ ਦਿੰਦੀ ਹੈ ਅਤੇ ਇਸ ਵੇਲੇ ਛਾਏ ਹਨੇਰੇ ਨੂੰ ਦੂਰ ਕਰਨ ਲਈ ਦਾਤਾ ਗੰਜ ਬਖਸ਼, ਬੁਲ੍ਹੇ ਸ਼ਾਹ, ਸ਼ਾਹ ਲਤੀਫ ਭਿਟਾਈ, ਰਾਹਮਾਨ ਬਾਬਾ, ਮਸਤ ਤਵਕਲੀ, ਸਚਲ ਸਰਮਸਤ ਅਤੇ ਖਵਾਜਾ ਗੁਲਾਮ ਫਰੀਦ ਦੀ ਧਰਤੀ ਤੋਂ ਅਮਨ ਤੇ ਸ਼ਾਂਤੀ ਦਾ ਹੋਕਾ ਦਿੰਦੀ ਹੈ।
ਡਾ: ਨਿਜ਼ਾਮਉਦ-ਦੀਨ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਰੀਲੀਜ਼ ਕਰਦੇ ਹੋਏ
ਕਾਨਫਰੰਸ ਦੀ ਸਮਾਪਤੀ ਤੇ ਇਸੇ ਸ਼ਾਮ ਨੂੰ ਪੀ ਐਨ ਸੀ ਏ ਆਡੀਟੋਰੀਅਮ, ਇਸਲਾਮਾਬਾਦ ਵਿਖੇ ਸੂਫੀ ਮਿਊਜ਼ਕ ਦਾ ਪਰੋਗਰਾਮ ਸੀ ਪਰ ਮੈਂ ਤੇ ਬਹੁਤ ਸਾਰੇ ਹੋਰ ਡੈਲੀਗੇਟਸ ਆਪਣੇ ਹੋਟਲ ਵਿਚ ਆ ਗਏ ਅਤੇ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਅਗਲੇ ਦਿਨ ਸਤਾਰਾਂ ਅਪ੍ਰੈਲ ਨੂੰ ਸਰਵਤ ਨੇ ਆਪਣੇ ਇਸਲਾਮਾਬਾਦ ਵਾਲੇ ਘਰ ਮੈਨੂੰ ਤੇ ਅਸ਼ਫਾਕ ਹੁਸੈਨ ਨੂੰ ਦੋਪਹਿਰ ਦੇ ਖਾਣੇ ਦੀ ਦਾਅਵਤ ਦਿਤੀ ਹੋਈ ਸੀ। ਅਸ਼ਫਾਕ ਦੀ ਦੋ ਵਜੇ ਦੀ ਕਰਾਚੀ ਦੀ ਫਲਾਈਟ ਸੀ। ਇਸ ਲਈ ਉਹ ਬਾਰਾਂ ਵਜੇ ਤੋਂ ਪਹਿਲਾਂ ਹੀ ਖਾਣ ਖਾ ਕੇ ਏਅਰਪੋਰਟ ਨੂੰ ਨਿਕਲ ਜਾਣਾ ਚਹੁੰਦਾ ਸੀ। ਮੈਂ ਸਵੇਰੇ ਗੁਰਦਵਾਰਾ ਪੰਜਾ ਸਾਹਿਬ ਹਸਨ ਅਬਦਾਲ, ਵਲੀ ਕੰਧਾਰੀ ਅਤੇ ਟੈਕਸਲਾ ਵੇਖਣ ਜਾਣਾ ਸੀ। ਮੈਂ ਸਰਵਤ ਨੂੰ ਦਸਿਆ ਕਿ ਮੈਂ ਬਾਰਾਂ ਵਜੇ ਤਕ ਖਾਣੇ ਤੇ ਪਹੁੰਚ ਨਹੀਂ ਸਕਾਂਗਾ। ਇਸ ਲਈ ਮੈਂ ਮੁਆਫੀ ਚਾਹਾਂਗਾ ਪਰ 18 ਮਾਰਚ ਦੀ ਸਵੇਰ ਨੂੰ ਮੈਂ ਤੇ ਸਰਵਤ ਨੇ ਵਾਈਸ ਚਾਂਸਲਰ ਗੁਜਰਾਤ ਯੂਨੀਵਰਸਿਟੀ ਦੇ ਡਾ: ਨਿਜ਼ਾਮ ਉਦ-ਦੀਨ ਦੇ ਸੱਦੇ ਤੇ ਗੁਜਰਾਤ ਯੂਨੀਵਰਸਿਟੀ ਬਾਰਾਂ ਵਜੇ ਦੇ ਕਰੀਬ ਪਹੁੰਚਣਾ ਸੀ ਜਿਥੇ ਅਸਾਂ ਜਰਨਲਿਜ਼ਮ ਦੇ ਵਿਦਿਆਰਥੀਆਂ ਨੂੰ ਅਦਬ ਅਤੇ ਪੱਤਰਕਾਰੀ ਦੇ ਆਪਸੀ ਸਬੰਧਾਂ ਬਾਰੇ ਲੈਕਚਰ ਦੇਣੇ ਸਨ। ਦੋਪਹਿਰ ਦਾ ਲੰਚ ਵਾਈਸ ਚਾਂਸਲਰ ਸਾਹਿਬ ਨਾਲ ਸੀ ਅਤੇ ਓਸੇ ਸ਼ਾਮ ਦਰਿਆ ਚਨਾਬ ਦੇ ਕੰਢੇ ਹੈਡ ਮੁਰਾਲਾ ਜਾ ਕੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲਾ ਵਾਲੇ ਦੇ ਡੇਰੇ ਦੀਆਂ ਫੋਟੋਜ਼ ਖਿਚਣੀਆਂ ਸਨ ਜੋ "ਲੁਬਾਣਾ ਕੌਮ ਦਾ ਇਤਿਹਾਸ" ਕਿਤਾਬ ਵਿਚ ਛਾਪਣੀਆਂ ਸਨ ਜੋ ਜਨਮੇਜਾ ਸਿੰਘ ਜੌਹਲ ਲੁਧਿਆਣੇ ਵਿਚ ਕੈਨੇਡਾ ਦੇ ਅਮੀਰ ਲੁਬਾਣਿਆਂ ਦੇ ਖਰਚੇ ਨਾਲ ਛਾਪ ਰਿਹਾ ਸੀ। ਅਤੇ ਸ਼ਾਮ ਨੂੰ ਯੂ ਡੀ ਜੀ ਕਾਲਜ ਫਾਰ ਵੁਮੈੱਨ, ਅਰਗਜ਼ਾਰ ਕਾਲੋਨੀ, ਗੁਜਰਾਤ ਦੇ ਕੁੜੀਆਂ ਦੇ ਕਾਲਜ ਵਿਚ ਹੋ ਰਹੇ ਸਾਲਾਨਾ ਮੁਸ਼ਾਇਰੇ ਵਿਚ ਵੀ ਹਿੱਸਾ ਲੈਣਾ ਸੀ। ਇਸ ਕਾਲਜ ਦੀ ਪ੍ਰਿੰਸੀਪਲ ਡਾ: ਸ਼ਾਹੀਨ ਮੁਫਤੀ ਜੋ ਪੀæ ਐਚæ ਡੀæ ਸੀ, ਖੁਦ ਬੜੀ ਅਛੀ ਸ਼ਾਇਰਾ ਹੈ ਅਤੇ ਉਸ ਨੇ ਕਈ ਕਿਤਾਬਾਂ ਲਿਖੀਆਂ ਹੋਈਆਂ ਹਨ। 19 ਮਾਰਚ ਨੂੰ ਗੁਜਰਾਤ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਸਾਹਿਬ ਡਾ: ਨਿਜ਼ਾਮ ਉਦ-ਦੀਨ ਨੇ ਮੇਰੀ ਸ਼ਾਹਮੁਖੀ ਵਿਚ ਛਪੀ ਸਵੈਜੀਵਨੀ "ਕਿਹੋ ਜਿਹਾ ਸੀ ਜੀਵਨ?" ਯੂਨੀਵਰਸਿਟੀ ਵਿਚ ਰੀਲੀਜ਼ ਕਰਨੀ ਸੀ। ਇਸ ਕਾਰਜ ਦੀ ਸਾਰੀ ਤਿਆਰੀ ਯੂਨੀਵਰਸਿਟੀ ਦੇ ਰੀਸਰਚ ਅਫਸਰ ਅਤੇ ਲੇਖਕ, ਵਿਦਵਾਨ ਅਤੇ ਸ਼ਾਇਰ ਪ੍ਰੋ: ਤਾਰਕ ਗੁਜਰ ਨੇ ਬੜੀ ਮਿਹਨਤ ਨਾਲ ਕੀਤੀ ਸੀ। ਇੰਜ ਪਾਕਿਸਤਾਨ ਵਿਚ ਮੇਰਾ 18 ਮਾਰਚ ਦਾ ਦਿਨ ਬੜਾ ਰੁਝੇਵੇਂ ਭਰਿਆ ਸੀ।
ਬੀਤੀ ਰਾਤ ਦੀ ਪਾਰਟੀ ਦੀ ਕੀਮਤੀ ਸ਼ਰਾਬ ਸ਼ਿਵਾਸ ਰੀਗਲ ਦੀ ਬੋਤਲ ਵਿਚ ਕੁਝ ਦਾਰੂ ਬਾਕੀ ਪਈ ਸੀ। ਇਤਫਾਕ ਬੱਟ ਜਿਨ੍ਹੇ ਸਵੇਰੇ ਮੈਨੂੰ ਗੁਰਦਵਾਰ ਪੰਜਾ ਸਾਹਿਬ ਲੈ ਕੇ ਜਣਾ ਸੀ, ਕਹਿਣ ਲੱਗਾ ਕਿ ਇਕ ਇਕ ਪੈਗ ਲਾ ਕੇ ਆਪਾਂ ਬਾਹਰ ਜਾ ਕੇ ਸਵੇਰੇ ਪੰਜਾ ਸਾਹਿਬ ਜਾਣ ਲਈ ਟੈਕਸੀ ਪੱਕੀ ਕਰ ਲਈਏ। ਮੈਂ ਕਿਹਾ ਕਿ ਮੈਂ ਤਾਂ ਅਜ ਪੀਣੀ ਨਹੀਂ ਅਤੇ ਮੈਂ ਉਹਨੂੰ ਸਿਵਾਸ਼ ਰੀਗਲ ਦਾ ਇਕ ਬਿੱਲੇ ਦੇ ਸਿਰ ਜਿਡਾ ਪੈਗ ਬਣਾ ਦਿਤਾ ਜੋ ਉਹ ਇਕੋ ਡੀਕੇ ਪੀ ਗਿਆ ਤੇ ਅਸੀਂ ਇਸਲਾਮਾਬਾਦ ਹੋਟਲ ਦੇ ਬਾਹਰ ਸਵੇਰ ਲਈ ਟੈਕਸੀ ਪੱਕੀ ਕਰਨ ਲਈ ਆ ਗਏ। ਕੋਈ ਵੀ ਟੈਕਸੀ ਡਰਾਈਵਰ ਢਾਈ ਹਜ਼ਾਰ ਰੁਪੈ ਤੋਂ ਘੱਟ ਪੰਜਾ ਸਾਹਿਬ (ਹਸਨ ਅਬਦਾਲ) ਅਤੇ ਰਾਹ ਵਿਚ ਪੈਂਦੇ ਟੈਕਸਲਾ ਆਣ ਜਾਣ ਲਈ ਤਆਰ ਨਹੀਂ ਸੀ। ਇਸਲਾਮਾਬਾਦ ਰਹਿੰਦੇ ਦੂਜੇ ਲੇਖਕ ਸਲੀਮ ਪਾਸ਼ਾ ਨੇ ਵੀ ਸਵੇਰੇ ਸਾਡੇ ਨਾਲ ਹੀ ਜਾਣਾ ਸੀ ਅਤੇ ਫਖਰ ਜ਼ਮਾਨ ਨੇ ਪਾਸ਼ਾ ਦੀ ਡਿਊਟੀ ਵੀ ਮੇਰੇ ਨਾਲ ਜਾਣ ਦੀ ਲਾ ਦਿਤੀ ਸੀ। ਅਸੀਂ ਟੈਕਸੀ ਪੱਕੀ ਕਰ ਕੇ ਵਾਪਸ ਹੋਟਲ ਦੇ ਕਮਰੇ ਵਿਚ ਆ ਗਏ। ਕਾਲੇ ਕੋਟ ਨੂੰ ਸਲਾਮ ਕਿਤਾਬ ਦਾ ਲੇਖਕ ਇਤਫਾਕ ਬੱਟ ਕਹਿਣ ਲੱਗਾ ਕਿ ਸਿਵਾਸ਼ ਰੀਗਲ ਦੀ ਬੋਤਲ ਵਿਚ ਬਚੀ ਸ਼ਰਾਬ ਉਹ ਆਪਣੇ ਘਰ ਜਾ ਕੇ ਪੀਣਾ ਚਹੁੰਦਾ ਹੈ। ਮੈਂ ਉਸ ਨੂੰ ਕਿਹਾ ਕਿ ਇਹ ਤੇਰੇ ਹਿੱਸੇ ਦੀ ਹੈ, ਜਿਵੇਂ ਤੇਰਾ ਜੀ ਕਰਦਾ ਹੈ ਕਰ ਲੈ। ਬਾਕੀ ਮੇਰੇ ਕੋਲ ਜੋ ਐਨੀਆਂ ਜ਼ਿਆਦਾ ਕਿਤਾਬਾਂ ਇਕਠੀਆਂ ਹੋ ਗਈਆਂ ਹਨ, ਸਫਰ ਦਾ ਵਜ਼ਨ ਜ਼ਿਆਦਾ ਹੋਣ ਕਰ ਕੇ ਮੈਂ ਆਪਣੇ ਨਾਲ ਨਹੀਂ ਲਿਜਾ ਸਕਾਂਗਾ, ਇਹ ਸਭ ਕਿਤਾਬਾਂ ਤੂੰ ਲੈ ਜਾ। ਬੜੇ ਪਿਆਰ ਅਤੇ ਅਦਬ ਨਾਲ ਆਪਣੇ ਹਥਾਂ ਨਾਲ ਲਿਖ ਕੇ ਦਿਤੀਆਂ ਪਾਕਿਸਤਾਨ ਦੇ ਨਾਮਵਰ ਅਦੀਬਾਂ ਦੀਆਂ ਕਿਤਾਬਾਂ ਇੰਜ ਸੁੱਟ ਦੇਣ ਜਾਂ ਇਤਫਾਕ ਬੱਟ ਨੂੰ ਦੇਣ ਵੇਲੇ ਮੇਰੇ ਕਲੇਜੇ ਦਾ ਰੁਗ ਭਰਿਆ ਗਿਆ ਪਰ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਟਰਾਂਟੋ ਤੋਂ ਸਿੱਧਾ ਇਸਲਾਮਾਬਾਦ ਆਉਣ ਕਰ ਕੇ ਮੈਂ ਤਾਂ ਪਹਿਲਾਂ ਹੀ ਆਪਣੇ ਨਾਲ ਦੋ ਤੇਈ ਤੇਈ ਕਿਲੋ ਦੇ ਸੂਟ ਕੇਸ, ਇਕ 7 ਕਿੱਲੋ ਦਾ ਹੈਂਡ ਬੈਗ ਤੇ ਹਥ ਵਾਲੇ ਬਰੀਫ ਕੇਸ ਦਾ ਬੋਝ ਚੁਕੀ ਫਿਰਦਾ ਸਾਂ। -------ਚਲਦਾ------------