ਨਾਂ ਮੀਤ ਰਹੇ, ਨਾਂ ਗੀਤ ਰਹੇ,
ਰੁੱਤਾਂ ਵਿਚ ਸਾਜ਼ਸ਼ ਹੋਈ ਹੈ।
ਅੱਖਰਾਂ ਵਿਚ ਟੁੱਟੇ ਸ਼ਬਦ ਜਿਵੇਂ,
ਅਰਥਾਂ 'ਚ ਬਗ਼ਾਵਤ ਹੋਈ ਹੈ।
ਇਸ ਰੁੱਤੇ ਸੂਰਜ ਨਹੀਂ ਚੜ੍ਹਦੇ।
ਇਸ ਰੁੱਤੇ ਦੀਪਕ ਨਹੀਂ ਜਗਦੇ।
ਹੁਣ ਦਿਨ ਤੇ ਰਾਤ 'ਚ ਫਰਕ ਨਹੀਂ,
ਇਹ ਗ਼ਿੰਦਗੀ ਜਿਵੇਂ ਖੜੋਈ ਹੈ।
ਚਿੰਤਨ ਵੀ ਏਥੇ ਨਹੀਂ ਮਘਦੇ।
ਸੋਚਾਂ ਦੇ ਮੇਲੇ ਨਹੀਂ ਲੱਗਦੇ।
ਪਰਬਤ ਹੈ ਖਲਾਅ ਦਾ ਸਿਰ ਉੱਤੇ,
ਪਲਕਾਂ 'ਚ ਕਲਪਨਾਂ ਖੋਈ ਹੈ।
ਪਿੱਛਾ ਵੀ ਤਾਂ ਅੱਗੇ ਨਹੀਂ ਆਂਦਾ।
ਅੱਗਾ ਵੀ ਅਗੇਰੇ ਨਹੀਂ ਜਾਂਦਾ।
ਇਹ ਟੱਕਰ ਹੈ ਕੋਈ ਸਮਿਆਂ ਦੀ,
ਜਿੰਦ ਟੁਕੜੇ, ਟੁਕੜੇ ਹੋਈ ਹੈ।
ਕਦੇ ਸ਼ੋਰ ਤੋਂ ਭੈ ਜਿਹਾ ਆਂਦਾ ਹੈ।
ਕਦੇ ਚੁੱਪ ਤੋਂ ਜੀ ਘਬਰਾਂਦਾ ਹੈ।
ਸੱਭਿਅਤਾ ਦੀ ਕੁਲ ਤਸਵੀਰ ਜਿਵੇਂ,
ਅੱਜ ਧੁੰਦ-ਧੂੰਏਂ ਵਿਚ ਖੋਈ ਹੈ।
ਨਾਂ ਮੀਤ ਰਹੇ, ਨਾਂ ਗੀਤ ਰਹੇ,
ਰੁੱਤਾਂ ਵਿਚ ਸਾਜ਼ਸ਼ ਹੋਈ ਹੈ।
ਅੱਖਰਾਂ ਵਿਚ ਟੁੱਟੇ ਸ਼ਬਦ ਜਿਵੇਂ,
ਅਰਥਾਂ 'ਚ ਬਗ਼ਾਵਤ ਹੋਈ ਹੈ।