ਮੋਮ ਦੇ ਦੀਪਾਂ ਬੜਾ ਸੋਰ ਪਾਇਆ, ਨ੍ਹੇਰੇ ਦੇ ਸਹਿਣੇ ਨਹੀਂ ਹੁਣ ਕਾਰੇ।
ਥੋੜਾ ਜਿਹਾ ਸੇਕ ਪਿੰਡੇ ਨੂੰ ਲੱਗਾ, ਢਲ ਗਏ ਪਲ ਵਿੱਚ ਸਾਰੇ ਦੇ ਸਾਰੇ।
ਤੀਲਾਂ ਦੇ ਘੋੜੇ ਕਦ ਰਣ ਜਿੱਤਦੇ, ਪਿਛਾਂਹ ਨੂੰ ਭੱਜਦੇ ਆਪਣੇ ਹੀ ਮਿੱਧਦੇ,
ਭਰੋਸਾ ਕਦੀ ਨਾ ਉਨਾਂ ਤੇ ਹੁੰਦਾ ,ਜੋ ਭੀੜਾਂ ਤੋਂ ਲੁਕਦੇ ਦੁਸ਼ਮਣ ਦੇ ਢਾਰੇ।
ਹਰਫ ਜਿਨ੍ਹਾਂ ਲਹੂ ਨਾਲ ਲਿਖੇ, ਸਬਕ ਉਨ੍ਹਾਂ ਨੇ ਇਸ਼ਕ ਦੇ ਸਿੱਖੇ,
ਆਇਆ ਤੂਫਾਨ ਸੀਨੇ ਡਾਹ ਖੜ੍ਹਗੇ, ਉਹ ਸਮੇਂ ਤੋਂ ਕਦੀ ਨਾ ਹਾਰੇ।
ਇਸ਼ਕ ਦਾ ਕਰਨਾ ਚੀਣਾ ਹੈ ਪੈਂਦਾ, ਜਾਮ ਸ਼ਹੀਦੀ ਪੀਣਾ ਹੈ ਪੈਂਦਾ,
ਲਹੂਆਂ ਦੀ ਮਿੱਝ ਪਾਉਣੀ ਹੈ ਪੈਦੀ, ਰੇਤਾ ਨਾਲ ਨਾ ਪੈਂਦੇ ਚੁਬਾਰੇ।
ਬਾਜਾਂ ਦੀ ਪਰਵਾਜ਼ ਉੱਡਣਾ ਹੈ ਪੈਂਦਾ, ਚੜਦਾ ਸੂਰਜ ਫੜਨਾ ਹੈ ਪੈਂਦਾ,
ਨੈਣਾ ਵਿੱਚ ਤਾਂਘ ਦਿਨ ਰਾਤ ਰੜਕੇ, ਮੰਜ਼ਲ ਦੀ ਪੀਂਘ ਦੇ ਲੈਣੇ ਹੁਲਾਰੇ।
ਹਸਤੀ ਆਪਣੀ ਮਿਟਾਉਣੀ ਪੈਂਦੀ, ਅੱਖਾਂ ਦੀ ਨੀਦ ਗਵਾਉਣੀ ਪੈਂਦੀ,
ਫਿਰ ਕਿਤੇ ਬਣਦਾ ਸੱਧਰਾਂ ਦਾ ਕੂਚਾ, ਬਾਹਾਂ ਦੇ ਬਲ ਤੇ ਮਿਲਦੇ ਸਹਾਰੇ।
ਦੀਵੇ ਜੋ ਆਵੇ 'ਚ ਸੜ ਕੇ ਨੇ ਪੱਕਦੇ, ਉਹੀ ਖਰੇ ਅਮਲਾਂ 'ਚ ਲੱਗਦੇ,
ਉਹ ਬæਲ ਕੇ ਕਰਦੇ ਰੌਸ਼ਨ ਚੁਫੇਰਾ, ਹਵਾਵਾਂ ਤੋਂ ਡਰ ਕੇ ਕਦੀ ਨਾ ਹਾਰੇ।