ਧੀਆਂ ਭਾਰਤ ਦੇਸ ਦੀਆਂ
(ਕਵਿਤਾ)
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਇਸ ਦੀ ਪਾਟੀ ਚੁੰਨੀ, ਤੋਪਾ ਕੌਣ ਭਰੇ।
ਧੀ ਦਾ ਬਾਬਲ ਕੰਧਾਂ ਓਹਲੇ ਰੋਂਦਾ ਹੈ।
ਲਹੂ 'ਚ ਰੱਤਾ ਧੀ ਦਾ ਸਾਲੂ ਧੋਂਦਾ ਹੈ।
ਟੀ ਵੀ ਉੱਤੇ ਧੀ ਦੇ ਯੋਨ ਦੀ ਚਰਚਾ ਵੇਖ਼,
ਅੰਦਰੋ ਅੰਦਰੀ ਰਫ਼ਤਾ ਰਫ਼ਤਾ ਬਾਪ ਮਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਹਾੜਾ ਅੱਜ ਇਕ ਹਿੰਦ ਦੀ ਕੰਜਕ ਮੋਈ ਹੈ।
ਅੰਬਰ ਕੰਬਿਆ ਧਰਤੀ ਮਾਤਾ ਰੋਈ ਹੈ।
ਬਾਬਲ ਦੇ ਬਾਗਾਂ ਦੀ ਚਿੜੀਆ ਉੱਡ ਗਈ ਹੈ,
ਫ਼ੁੱਲ ਮੁਰਝਾ ਗਏ, ਪੀਲ਼ੇ ਪੈ ਗਏ ਪੱਤ ਹਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਵਾਰਸਸ਼ਾਹ ਦੀ ਹੀਰ ਦੀ ਕੋਈ ਅਜ਼ਮਤ ਨਹੀਂ।
ਕਿਸੇ ਕੋਲ਼ ਵੀ ਐਸੀ ਗੱਲ ਲਈ ਫ਼ੁਰਸਤ ਨਹੀਂ।
ਸੋ ਕਿਓਂ ਮੰਦਾ ਆਖ਼ਣ ਵਾਲ਼ੇ ਨਾਨਕ ਦੀ,
ਗੱਲ ਦੇ ਉੱਤੇ ਕਿਹੜਾ ਅਜਕਲ ਅਮਲ ਕਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਕੁਝ ਧੀਆਂ ਦਾ ਜੀਵਨ ਕੁੱਖ ਤੱਕ ਸੀਮਤ ਹੈ।
ਕੁਝ ਧੀਆਂ ਦੀ ਵੀਰਾਂ ਤੋਂ ਘੱਟ ਕੀਮਤ ਹੈ।
ਕੁਝ ਧੀਆਂ ਤਾਂ ਦਾਜ ਦੀ ਭੱਠੀ ਸੜ ਜਾਵਣ,
ਕੁਝ ਧੀਆਂ ਦੀ ਅਜ਼ਮਤ ਹਉਕੇ ਨਾਲ਼ ਮਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਮੰਦਰ ਦੇ ਵਿਚ ਦੇਵੀ ਪੂਜੀ ਜਾਂਦੀ ਹੈ।
ਸੁੰਦਰ ਚੁੰਨੀਆਂ ਵਿਚ ਦੇਵੀ ਮੁਸਕਾਂਦੀ ਹੈ।
ਦੁਰਗ਼ਾ, ਲਕਸ਼ਮੀ, ਸੀਤਾ ਕੇਵਲ ਮੰਦਰ ਵਿਚ,
ਬਾਹਰ ਆਦਮ ਕੋਲ਼ੋਂ ਦੇਵੀ ਬਹੁਤ ਡਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਜੇਕਰ ਅਣਖ਼ੀ ਯੋਧੇ ਤੁਸੀਂ ਕਹਾਉਂਦੇ ਹੋ।
ਫ਼ਿਰ ਕਿਉਂ ਧੀਆਂ ਦਾ ਸ਼ੋਸ਼ਣ ਕਰਵਾਉਂਦੇ ਹੋ।
ਯੋਧਾ ਕਾਹਦਾ ਜਿਹੜਾ ਜ਼ੁਲਮ ਦਾ ਦਮ ਭਰੇ।
ਯੋਧਾ ਕਾਹਦਾ "ਸਾਥੀ" ਜਿਸ ਦੀ ਅਣਖ਼ ਮਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਇਸ ਦੀ ਪਾਟੀ ਚੁੰਨੀ,ਤੋਪਾ ਕੌਣ ਭਰੇ।