ਜਦ ਤੈਨੂੰ ਲਾਇਆ ਸੀ ।
ਲਾ ਪਾਣੀ ਪਾਇਆ ਸੀ ।
ਮੈਨੂੰ ਚਾਅ ਚੜ ਆਇਆ ਸੀ ।
ਜਦ ਤੂੰ ਮਹਿਕਾਇਆ ਸੀ ।
ਪੰਛੀ ਕੀ ਆਦਮ ਤਾਂਈ
ਤੈ ਛਾਵਾਂ ਵੰਡੀਆਂ ਸੀ ।
ਤੇਰੇ ਕੋਲੇ ਆ ਕੇ ਹੀ
ਮੁੱਕ ਜਾਦੀਆਂ ਡੰਡੀਆਂ ।
ਕੋਈ ਆਲ੍ਹਣਾ ਪਾਉਂਦਾ ਸੀ ।
ਝੱਟ ਗਲੇ ਲਗਾਉਂਦਾ ਸੀ ।
ਬਸ ਆਸਰਾ ਦਿੰਦਾ ਸੀ ।
ਕੁਝ ਵੀ ਨਾ ਲਂੈਦਾ ਸੀ ।
ਤੇਰੇ ਥੱਲੇ ਮੇਲਾ ਸੀ ।
ਨਾ ਪੱਲੇ ਧੇਲਾ ਸੀ ।
ਜਦ ਵਾ' ਪਈ ਆਉਂਦੀ ਸੀ ।
ਤੈਨੂੰ ਖੂਬ ਨਚਾਦੀ ਸੀ ।
ਮੈ ਕੋਲ ਪੁਗਾਇਆ ਸੀ ।
ਤੈ ਤੋੜ ਨਿਭਾਇਆ ਸੀ ।
ਜਦ ਤੈਨੂੰ ਲਾਇਆ ਸੀ ।
ਇਕ ਰਾਂਤੀ ਸੁੱਤੇ ਹੀ
ਮੇਰਾ ਅੰਦਰ ਕੰਬਿਆ ਸੀ ।
ਮਾਰੂਥਲ ਵਿਚ ਘੁੰਮਦਾ
ਜਿਵੇਂ ਹੰਭਿਆ ਹੰਭਿਆ ਸੀ ।
ਜਿਵੇਂ ਸੂਲੀ ਟੰਗਿਆ ਸੀ ।
ਜਿਵੇਂ ਨਾਗਾਂ ਡੰਗਿਆ ਸੀ ।
ਦਿਨ ਹਲਦੀ ਰੰਗਾ ਸੀ ।
ਕੁਝ ਵੀ ਨਾ ਚੰਗਾ ਸੀ ।
ਜਾ ਤੈਨੂੰ ਤੱਕਿਆ ਸੀ ।
ਕੁਝ ਬੋਲ ਨਾ ਸਕਿਆ ਸੀ ।
ਤੇਰੇ ਚੱਲੀ ਆਰੀ ਸੀ ।
ਰੁੱਤ ਮੁੱਕੀ ਸਾਰੀ ਸੀ ।
ਤੈਨੂੰ ਮਾਰ ਮੁਕਾਇਆ ਸੀ ।
ਮੈਂ ਗਿਆ ਪਥਰਾਇਆ ਸੀ ।
ਜਦ ਤੈਨੂੰ ਲਾਇਆ ਸੀ ।
ਉਹ ਆਦਮ ਨਈਂ ਹੋਣੇ
ਜਿਨਾਂ ਤੈਨੂੰ ਵੱਢਿਆ ਸੀ ।
ਕੀ ਨਾਮ ਉਨਾਂ ਦੇਈਏ
ਜਿਨਾ ਜੜ੍ਹੋ ਹੀ ਕੱਢਿਆ ਸੀ ।
ਮੈ ਚੁੱਪ ਚੁੱਪ ਰੋਇਆ ਸੀ ।
ਮੇਰਾ ਆਪਾ ਖੋਇਆ ਸੀ ।
ਤੂੰ ਸਾਥੀ ਮੇਰਾ ਸੀ ।
ਤੇਰਾ ਲੰਮਾ ਜੇਰਾ ਸੀ ।
ਜਦ ਚੇਤੇ ਆਂਵੇ ਤੂੰ ।
ਫਿਰ ਬਹੁਤ ਸਤਾਂਵੇ ਤੂੰ ।
ਇਕ ਯਾਦਾਂ ਪੱਲੇ ਨੇ ।
ਸੁਪਨੇ ਵੀ ਕੱਲੇ ਨੇ ।
ਜਦ ਤੂੰ ਮੁਰਝਾਇਆ ਸੀ ।
ਤਦ ਮੈਂ ਕੁਮਲਾਇਆ ਸੀ ।
ਜਦ ਤੈਨੂੰ ਲਾਇਆ ਸੀ ।
ਰੁੱਖ ਰਹਿਣ ਸਦਾ ਜਿਉਂਦੇ।
ਇਹ ਦਾਰੂ ਬਣ ਆਉਂਦੇ ।
ਇਹ ਧਰਤ ਸਜਾਉਂਦੇ ਨੇ ।
ਇਹ ਸਵਰਗ ਬਣਾਉਂਦੇ ਨੇ ।
ਇਹ ਭੇਦ ਮਿਟਾਉਂਦੇ ਨੇ ।
ਸਭ ਗਲੇ ਲਗਾਉਂਦੇ ਨੇ ।
ਇਹ ਫੁੱਲ ਫਲ ਦਿੰਦੇ ਨੇ ।
ਦੇ ਹੱਸਦੇ ਰਹਿੰਦੇ ਨੇ ।
ਇਹ ਜੀਵਨ ਰਾਹੀਂ ਨੇ ।
ਇਹ ਵਾਂਗ ਸਿਪਾਹੀ ਨੇ ।
ਨਾ ਮਾਰੋ ਇਨ੍ਹਾਂ ਨੂੰ ।
ਬਸ ਪਿਆਰੋ ਇਨ੍ਹਾਂ ਨੂੰ ।
ਇਨ੍ਹਾਂ ਪਿਆਰ ਸਿਖਾਇਆ ਸੀ ।
ਮੈਨੂੰ 'ਗੁਰਮ' ਬਣਾਇਆ ਸੀ
ਜਦ ਤੈਨੂੰ ਲਾਇਆ ਸੀ ।
ਲਾ ਪਾਣੀ ਪਾਇਆ ਸੀ ।