ਸਾਹਿਤ ਸਭਾ ਬਾਘਾਪੁਰਾਣਾ ਦੀ ਮਹੀਨਾਵਾਰੀ ਮੀਟਿੰਗ (ਖ਼ਬਰਸਾਰ)


ਸਾਹਿਤ ਸਭਾ ਬਾਘਾਪੁਰਾਣਾ ਦੀ ਮਹੀਨਾਵਾਰੀ ਮੀਟਿੰਗ ਸਭਾ ਦੇ ਮੀਤ ਪ੍ਰਧਾਨ ਗੁਰਮੇਜ ਸਿੰਘ ਗੇਜਾ ਲੰਗੇਆਣਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਹੋਈ ਮੀਟਿੰਗ ਦੌਰਾਨ ਸਭਾ ਦੇ ਮੁੱਢਲੇ ਮੈਂਬਰ ਕਵੀ ਮੋਹਣ ਸਿੰਘ ਮਰਗਿੰਦ ਦੀ ਧਰਮਪਤਨੀ ਦੇ ਦਿਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤਾ ਪਾਇਆ ਗਿਆ।  ਇਸਦੇ ਨਾਲ ਹੀ ਨਾਮਵਰ ਵਿਅੰਗਕਾਰ ਕੇ.ਐਲ.ਗਰਗ ਜੋ ਬੀਤੇ ਕੁਝ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਹਨ ਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਦੁਆ ਕੀਤੀ ਗਈ ਉਪਰੰਤ ਸਭਾ ਦੀ ਮੈਂਬਰ ਲੇਖਿਕਾ ਪਰਮਿੰਦਰ ਕੌਰ ਪ੍ਰੀਤ ਦੇ ਘਰ ਲੜਕੀ ਦੇ ਜਨਮ ਲੈਣ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਮਾਪਿਆਂ ਪਿਤਾ ਜਗਤਾਰ ਸਿੰਘ ਗਿੱਲ ਅਤੇ ਮਾਤਾ ਦਲਜੀਤ ਕੌਰ ਵੱਲੋਂ ਸਮੂਹ ਸਾਹਿਤਕਾਰਾਂ ਦਾ ਬਰਫੀ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਸਾਹਿਤਕਾਰ ਗੁਰਮੇਜ ਸਿੰਘ ਗੇਜਾ, ਸਭਾ ਦੇ ਜਨਰਲ ਸਕੱਤਰ ਪ੍ਰਸ਼ੋਤਮ ਪੱਤੋ ਅਤੇ ਪੰਜਾਬੀ ਮਾਂ ਡੌਟ ਕਾਮ ਅਮਰੀਕਾ ਦੇ ਸੰਪਾਦਕ ਜਗਜੀਤ ਸਿੰਘ ਬਾਵਰਾ ਨੇ ਬੋਲਦਿਆਂ ਕਿਹਾ ਕਿ ਲੇਖਿਕਾ ਪਰਮਿੰਦਰ ਕੌਰ ਪ੍ਰੀਤ ਦੀ ਉਸਾਰੂ ਸੋਚ ਮੁਤਾਬਕ ਧੀਆਂ ਨੂੰ ਹਮੇਸ਼ਾ ਪੁੱਤ ਦੇ ਬਰਾਬਰ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਲੜਕੀਆਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ ਇੰਨ੍ਹਾਂ ਨਾਲ ਹੀ ਜੱਗ ਦੀ ਕੁਲ ਵਧਦੀ ਹੈ ਲੜਕੀ ਜੰਮਣ ਤੇ ਖੁਸ਼ੀਆਂ ਚਾਵਾਂ ਨਾਲ ਦਰਾਂ ਮੂਹਰੇ ਸ਼ਰੀਂਹ ਬੰਨਣੇਂ, ਮਠਿਆਈ ਵੰਡਣੀ ਤੇ ਲੋਹੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਉਨ੍ਹਾਂ ਪ੍ਰੀਵਾਰਕ ਮੈਂਬਰਾਂ ਨੂੰ ਵਧਾਈ ਵੀ ਦਿੱਤੀ। ਉਪਰੰਤ ਰਚਨਾਵਾਂ ਦੇ ਦੌਰ ਦੌਰਾਨ ਅਮਰਜੀਤ ਸਿੰਘ ਰਣੀਆਂ, ਸੁਖਰਾਜ ਮੱਲ ਕੇ, ਜਗਜੀਤ ਸਿੰਘ ਬਾਵਰਾ, ਡਾ.ਸਾਧੂ ਰਾਮ ਲੰਗੇਅਣਾ, ਜਸਵੰਤ ਜੱਸੀ, ਤੇਜ ਸਿੰਘ ਚੰਨੂਵਾਲਾ, ਸਤੀਸ਼ ਧਵਨ ਭਲੂਰ, ਕਰਮ ਸਿੰਘ ਕਰਮ, ਪ੍ਰਿੰਸੀਪਲ ਸੁਰਿੰਦਰ ਸਿੰਘ ਬਰਾੜ ਪ੍ਰਿੰਸੀਪਲ ਹਰਚਰਨ ਗਿੱਲ ਘੋਲੀਆ, ਦਲਜੀਤ ਸਿੰਘ ਕੁਸ਼ਲ, ਪ੍ਰਸ਼ੋਤਮ ਪੱਤੋ, ਜਗਦੀਸ਼ ਪ੍ਰੀਤਮ, ਯਸ਼ ਪੱਤੋ, ਹਰਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ ਅਤੇ ਦਲਜੀਤ ਵੱਲੋਂ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਜਗਜੀਤ ਸਿੰਘ ਬਾਵਰਾ, ਪ੍ਰਿੰਸੀਪਲ ਸੁਰਿੰਦਰ ਸਿੰਘ ਬਰਾੜ ਬਾਘਾਪੁਰਾਣਾ, ਤੇਜ ਸਿੰਘ ਚੰਨੂਵਾਲਾ ਵੱਲੋਂ ਪੜੀਆ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਦੌਰਾਨ ਢੁਕਵੇਂ ਸੁਝਾਅ ਪੇਸ਼ ਕੀਤੇ ਗਏ। ਪ੍ਰੈਸ ਨੂੰ ਉਕਤ ਜਾਣਕਾਰੀ ਸਭਾ ਦੇ ਸਾਬਕਾ ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ ਵੱਲੋਂ ਜਾਰੀ ਕੀਤੀ ਗਈ।
Photo
ਪਰਮਿੰਦਰ ਕੌਰ ਪ੍ਰੀਤ ਦੇ ਮਾਪੇ ਲੜਕੀ ਜੰਮਣ ਦੀ ਖੁਸ਼ੀ ਵਿੱਚ ਸਾਹਿਤਕਾਰਾਂ ਨੂੰ ਮਠਿਆਈ ਵੰਡਦੇ ਹੋਏ।