ਚੇਤਿਆਂ ਦੀ ਚਿਲਮਨ - ਕਿਸ਼ਤ 5 (ਸਵੈ ਜੀਵਨੀ )

ਜਰਨੈਲ ਸਿੰਘ ਸੇਖਾ    

Email: Jarnailsinghsekha34@gmail.com
Phone: +1 778 246 1087
Address: 7242 130 A Street
Surrey British Columbia Canada V3W 6E9
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


8

ਡਾਕਾ
ਭਾਰਤ ਦੇ ਅਜ਼ਾਦ ਹੋਣ ਤੋਂ ਪਹਿਲਾਂ ਅਤੇ ਕੁਝ ਸਮਾਂ ਬਾਅਦ ਵਿਚ ਵੀ ਪੰਜਾਬ ਦੇ ਮਾਲਵਾ ਇਲਾਕੇ ਵਿਚ ਪਿੰਡਾਂ ਦੇ ਅਮੀਰ ਘਰੀਂ ਡਾਕੇ ਪੈਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਸੁਣੀਂਦੀਆਂ ਸਨ. ਸੰਨ ਸੰਤਾਲੀ ਤਕ ਮਾਲਵੇ ਵਿਚ ਬਹੁਤ ਸਾਰੀਆਂ ਅਜ਼ਾਦ ਰਿਆਸਤਾਂ ਸਨ, ਜਿਨ੍ਹਾਂ ਨੂੰ ਬਾਅਦ ਵਿਚ ਮਿਲਾ ਕੇ ਪੈਪਸੂ ਰਾਜ ਬਣਾ ਦਿੱਤਾ ਗਿਆ ਸੀ. ਆਮ ਤੌਰ 'ਤੇ ਰਿਆਸਤਾਂ ਦੇ ਡਾਕੂ ਅੰਗ੍ਰੇਜ਼ੀ ਇਲਾਕੇ ਵਿਚ ਡਾਕਾ ਮਾਰ ਕੇ ਵਾਪਸ ਰਿਆਸਤ ਵਿਚ ਚਲੇ ਜਾਂਦੇ ਸਨ ਤੇ ਅੰਗ੍ਰੇਜ਼ੀ ਇਲਾਕੇ ਦੇ ਡਾਕੂ ਰਿਆਸਤ ਵਿਚ ਡਾਕਾ ਮਾਰ ਕੇ ਅੰਗ੍ਰੇਜ਼ੀ ਇਲਾਕੇ ਵਿਚ ਆ ਜਾਂਦੇ ਸਨ. ਇਸ ਤਰ੍ਹਾਂ ਪੁਲੀਸ ਡਾਕੂਆਂ ਨੂੰ ਛੇਤੀ ਕੀਤੇ ਹੱਥ ਨਹੀਂ ਸੀ ਪਾ ਸਕਦੀ. ਜਿੱਥੇ ਪਿੰਡਾਂ ਦੇ ਰੱਜੇ ਪੁੱਜੇ ਘਰਾਂ ਵਿਚ ਡਾਕੂਆਂ ਦੀ ਦਹਿਸ਼ਤ ਹੁੰਦੀ ਸੀ ਓਥੇ ਆਮ ਗਰੀਬਾਂ ਦੇ ਮਨਾਂ ਵਿਚ ਉਹਨਾਂ ਲਈ ਮਾਣ ਸਤਿਕਾਰ ਦੀ ਭਾਵਨਾ ਹੁੰਦੀ ਸੀ. ਕਈ ਡਾਕੂਆਂ ਨਾਲ ਸੂਰਮਤਾਈ ਦੀਆਂ ਕਹਾਣੀਆਂ ਜੁੜੀਆਂ ਹੋਈਆਂ ਸਨ. 
   ਪੰਜਾਬੀ ਕਿਸਾਨੀ ਦੀ ਬਦਲਾ ਲੈਣ ਦੀ ਮਾਨਸਿਕਤਾ ਕਾਰਨ ਬਹੁਤੇ ਡਾਕੂ ਸੂਰਮੇ ਅਖਵਾਏ. ਸੁੱਚੇ ਡਾਕੂ ਨੂੰ ਸੁੱਚਾ ਸੂਰਮਾ ਕਿਹਾ ਜਾਂਦਾ ਸੀ ਭਾਵੇਂ ਕਿ ਉਹ ਆਪਣੀ ਸਕੀ ਭਰਜਾਈ ਅਤੇ ਉਸ ਦੇ ਪ੍ਰੇਮੀ ਨੂੰ ਮਾਰ ਕੇ ਡਾਕੂਆਂ ਵਿਚ ਜਾ ਰਲਿਆ ਸੀ ਅਤੇ ਜਿਉਣਾ ਮੌੜ ਆਪਣੇ ਭਰਾ ਦੇ ਮੁਖਬਰ ਤੇ ਪੱਗਵੱਟ ਭਰਾ ਨੂੰ ਕਤਲ ਕਰ ਕੇ ਡਾਕੂ ਬਣਿਆ ਸੀ. ਇਹੋ ਜਿਹੇ ਡਾਕੂਆਂ ਦੇ ਕਿੱਸੇ ਛਪ ਕੇ ਲੋਕ ਦਿਲਾਂ ਵਿਚ ਘਰ ਕਰ ਗਏ ਹਨ ਤੇ ਗਵੱਈਏ ਉਹਨਾਂ ਦੀਆਂ ਵਾਰਾਂ ਗਾਉਂਦੇ. ਡਾਕੂਆਂ ਨਾਲ ਇਹੋ ਜਿਹੀਆਂ ਵੀ ਕਹਾਣੀਆਂ ਜੁੜੀਆਂ ਕਿ ਫਲਾਨੇ ਡਾਕੂ ਨੇ ਇਕ ਗਰੀਬ ਦੀ ਕੁੜੀ ਦਾ ਵਿਆਹ ਆਪਣੇ ਹੱਥੀਂ ਕੀਤਾ. ਧਿੰਵਕੇ ਡਾਕੂ ਨੇ ਇਕ ਸੇਠ ਦੇ ਘਰ ਡਾਕਾ ਮਾਰਿਆ ਤਾਂ ਉਸਦੀ ਕੁੜੀ ਨੇ ਉਸ ਨੂੰ ਵੀਰ ਕਹਿ ਦਿੱਤਾ ਤਾਂ ਉਸ ਨੇ ਸਾਰਾ ਲੁਟਿਆ ਮਾਲ ਵਾਪਸ ਕਰ ਦਿੱਤਾ ਤੇ ਸਾਰੀ ਉਮਰ ਉਸ ਨਾਲ ਭਰਾ ਬਣ ਕੇ ਵਰਤਦਾ ਰਿਹਾ. ਬਹੁਤੇ ਡਾਕੂਆਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਮੀਰਾਂ ਨੂੰ ਲੁੱਟ ਕੇ, ਲੁੱਟ ਦਾ ਮਾਲ, ਗਰੀਬਾਂ ਵਿਚ ਵੰਡ ਦਿੰਦੇ ਸਨ. ਕਈ ਨਾਮੀ ਡਾਕੂ ਆਪਣੇ ਪਿੰਡ ਅਤੇ ਆਪਣੇ ਆਲੇ ਦੁਆਲ਼ੇ ਦੇ ਪਿੰਡਾਂ ਵਿਚ ਡਾਕਾ ਨਹੀਂ ਸੀ ਪੈਣ ਦਿੰਦੇ. ਕਈ ਛੋਟੇ ਮੋਟੇ ਡਾਕੂ ਲੁਟੇਰੇ ਨਾਮੀ ਡਾਕੂਆਂ ਦੇ ਨਾਮ ਉਪਰ ਆਪਣੇ ਇਲਾਕੇ ਤੇ ਆਪਣੇ ਪਿੰਡਾਂ ਵਿਚ ਹੀ ਲੁੱਟਾਂ ਖੋਹਾਂ ਕਰ ਜਾਂਦੇ ਸਨ. ਸਮੇਂ ਦੀ ਸਰਕਾਰ ਤਾਂ ਅਜ਼ਾਦੀ ਘੁਲਾਟੀਆਂ, ਖਾਸ ਕਰ ਬੱਬਰਾਂ ਨੂੰ ਬਦਨਾਮ ਕਰਨ ਲਈ ਡਾਕੂ ਹੀ ਕਹਿੰਦੀ ਸੀ.
    ਮਾਝੇ, ਦੁਆਬੇ ਤੇ ਬਾਰ ਦੇ ਇਲਾਕੇ ਵਿਚ ਵੀ ਡਾਕੂ ਤਾਂ ਹੋਣਗੇ ਪਰ ਉਹਨਾਂ ਬਾਰੇ ਸਤਿਲੁਜ ਤੋਂ ਪਾਰ ਕੋਈ ਘੱਟ ਹੀ ਜਾਣਦਾ ਸੀ ਪਰ ਬਾਰ ਇਲਾਕੇ ਦਾ ਜੱਗਾ ਡਾਕੂ ਲੋਕ ਮਨਾਂ ਦਾ ਨਾਇਕ ਬਣ ਗਿਆ ਸੀ, ਜਿਸ ਨੇ ਅੰਗ੍ਰੇਜ਼ ਸਰਕਾਰ ਦੀ ਪੁਲੀਸ ਨੂੰ ਭਾਜੜਾਂ ਪਾਈਆਂ ਹੋਈਆਂ ਸਨ. ਉਸ ਦੇ ਨਾਮ ਉੱਪਰ ਅਨੇਕ ਲੋਕ ਬੋਲੀਆਂ ਬਣ ਗਈਆਂ ਸਨ. ਜਿਵੇਂ; 'ਜੱਗਾ ਜੱਟ ਨਈਂ ਕਿਸੇ ਨੇ ਬਣ ਜਾਣਾ, ਘਰ ਘਰ ਪੁੱਤ ਜੰਮਦੇ' ਜਾਂ 'ਜੱਗੇ ਮਾਰਿਆ ਲਾਇਲਪੁਰ ਡਾਕਾ, ਤਾਰਾਂ ਖੜਕ ਗਈਆਂ'  
   ਮਾਲਵੇ ਦੇ ਖਿੱਤੇ ਵਿਚੋਂ ਡਾਕੂਆਂ ਦੇ ਇਹ ਨਾਮ ਆਮ ਹੀ ਛੋਟੇ ਹੁੰਦਿਆਂ ਦੇ ਕੰਨੀ ਪੈਂਦੇ ਸਨ. ਜਿਉਣਾ ਮੌੜ, ਕੁੰਢਾ ਗਾਜੀਆਣਾ, ਜੰਗੀਰ ਜਲਾਲ ਵਾਲਾ, ਕਰਤਾਰਾ ਛੀਨੀਵਾਲ,  ਅਰਜਣ ਦੌਧਰੀਆ, ਲਾਲ ਮਧੇ ਵਾਲਾ, ਦਲੀਪ ਬਹਿਬਲ, ਦਲੀਪ ਮਾੜੀ ਮੁਸਤਫਾ, ਸਿਵੀਆਂ ਦਾ ਬੌਰੀਆ ਅਤੇ ਸੇਖੇ ਵਾਲਾ ਪੀਰਾ ਮਜ਼੍ਹਬੀ ਆਦਿ. 
   ਪੀਰੇ ਮਜ਼੍ਹਬੀ ਬਾਰੇ ਸੁਣਦੇ ਸੀ ਕਿ ਉਹ ਬਹੁਤ ਹੀ ਖੂਨਖਾਰ ਡਾਕੂ ਹੈ ਤੇ ਦੂਰ ਦੂਰ ਤਕ ਡਾਕੇ ਮਾਰਦਾ ਹੈ. ਮਜ਼੍ਹਬੀਆਂ ਦਾ ਵਿਹੜਾ ਸਾਡੇ ਅਗਵਾੜ ਦੇ ਨਾਲ ਹੋਣ ਕਰਕੇ ਉਸਦੀ ਮਾਂ ਨੂੰ ਵੀਹੀ ਵਿਚੋਂ ਦੀ ਲੰਘਦਿਆਂ ਆਮ ਹੀ ਦੇਖੀਦਾ ਸੀ. ਉਸਦੀ ਹਾਲਤ ਵੀ ਆਮ ਮਜ਼੍ਹਬਣਾਂ ਦੀ ਹਾਲਤ ਨਾਲੋਂ ਕੋਈ ਵੱਖਰੀ ਨਹੀਂ ਸੀ. ਉਹ ਇਕ ਨਿੱਕੇ ਜਿਹੇ ਛੱਪਰ ਨੁਮਾ ਘਰ ਵਿਚ ਰਹਿੰਦੀ ਸੀ ਅਤੇ ਉਸ ਨੂੰ ਪਾਟੇ ਪੁਰਾਣੇ ਕਪੜਿਆਂ ਵਿਚ ਹੀ ਦੇਖੀਦਾ ਸੀ. ਪੀਰਾ ਮਜ਼੍ਹਬੀ ਪਿੰਡ ਵਿਚ ਘੱਟ ਹੀ ਦਿਸਦਾ ਸੀ. ਇਕ ਵਾਰ ਸਿਆਲਾਂ ਦੇ ਦਿਨਾਂ ਵਿਚ ਮੈਂ ਦੇਖਿਆ ਕਿ ਦਰਮਿਆਨਾ ਕੱਦ, ਰੰਗ ਬਹੁਤ ਕਾਲ਼ਾ, ਅੱਖਾਂ ਲਾਲ, ਚਾਦਰਾ, ਪੱਗ ਤੇ ਕੁੜਤਾ ਚਿੱਟਾ ਤੇ ਡਰਾਉਣੀ ਜਿਹੀ ਸ਼ਕਲ ਵਾਲਾ ਇਕ ਓਪਰਾ ਜਿਹਾ ਆਦਮੀ, ਸੱਥ ਵਿਚ ਬੈਠੇ ਬੰਦਿਆਂ ਨਾਲ ਖੜ੍ਹਾ ਗੱਲਾਂ ਕਰ ਰਿਹਾ ਹੈ. ਮੈਨੂੰ ਨਿੱਕੇ ਹੁੰਦਿਆਂ ਹੀ ਸੱਥ ਵਿਚ ਜਾ ਕੇ ਗੱਲਾਂ ਸੁਣਨ ਦਾ ਕੰਨ ਰਸ ਪਿਆ ਹੋਇਆ ਸੀ. ਮੈਂ ਵੀ ਉੱਥੇ ਖੜ੍ਹ ਗਿਆ ਪਰ ਜਦੋਂ ਪਤਾ ਲੱਗਾ ਕਿ ਇਹ ਪੀਰਾ ਮਜ਼੍ਹਬੀ ਹੈ ਤਾਂ ਮੈਂ ਡਰਦਾ ਮਾਰਾ ਭੱਜ ਕੇ ਘਰ ਚਲਾ ਗਿਆ. ਉਸ ਤੋਂ ਮਗਰੋਂ ਵੀ ਇਕ ਦੋ ਵਾਰ ਉਸ ਨੂੰ ਵੀਹੀ 'ਚ ਆਉਂਦਿਆਂ ਦੇਖ ਕੇ ਮੈਂ ਝਟ ਘਰ ਵੱਲ ਭੱਜ ਜਾਂਦਾ ਸੀ. ਮੈਂ ਨਿੱਕਾ ਹੁੰਦਾ ਹੀ ਡਾਕੂਆਂ ਤੋਂ ਬਹੁਤ ਡਰਦਾ ਸੀ. ਪਰ ਇਕ ਵਾਰ ਤਾਂ ਡਾਕੂਆਂ ਨੂੰ ਡਾਕਾ ਮਾਰਦੇ ਵੀ ਦੇਖਣਾ ਪੈ ਗਿਆ. 
   ਬਹੁਤ ਛੋਟੀ ਉਮਰ ਸੀ ਉਸ ਸਮੇਂ ਮੇਰੀ. ਉਹਨਾਂ ਸਮਿਆਂ ਵਿਚ ਸਾਡੇ ਪਿੰਡ ਵਿਚ ਦੋ ਦੁਕਾਨਾਂ ਹੀ ਬਹੁਤੀਆਂ ਮਸ਼ਹੂਰ ਸਨ ਇਕ ਧੂਤੇ ਮਾ੍ਹਜਨ ਦੀ ਅਤੇ ਦੂਜੀ ਹਰਦਵਾਰੀ ਲਾਲ ਸੇਠ ਦੀ. ਹਰਦਵਾਰੀ ਦੇ ਦੋ ਭਰਾ ਮੋਹਣ ਲਾਲ ਤੇ ਗੰਗਾ ਰਾਮ, ਕੋਟ ਕਪੂਰੇ ਵਪਾਰ ਕਰਦੇ ਸਨ ਅਤੇ ਕਦੀ ਕਦਾਈਂ ਪਿੰਡ ਵੀ ਗੇੜਾ ਮਾਰਦੇ ਰਹਿੰਦੇ ਸਨ. ਇਹ ਅਫਵਾਹ ਆਮ ਸੀ ਕਿ ਸੇਠਾਂ ਕੋਲ ਧਨ ਬਹੁਤ ਹੈ. ਕਈ ਤਾਂ ਇੱਥੋਂ ਤਾਈਂ ਵੀ ਕਹਿੰਦੇ ਸੀ ਕਿ ਉਹਨਾਂ ਦੇ ਘਰ ਵਿਚ ਮਲਕਾ ਦੇ ਰਪੱਈਆਂ ਦੀਆਂ ਗਾਗਰਾਂ ਦੱਬ ਕੇ ਰੱਖੀਆਂ ਹੋਈਆਂ ਹਨ. ਸੇਠਾਂ ਦੇ ਘਰ ਦੀ ਪਿੱਠ ਸਾਡੇ ਘਰ ਦੇ ਨਾਲ ਲਗਦੀ ਸੀ. 
   ਇਕ ਵਾਰ, ਗਰਮੀਆਂ ਦੇ ਦਿਨਾਂ ਵਿਚ ਹਰਦਵਾਰੀ ਲਾਲ ਦੇ ਘਰੋਂ ਚੀਕਾਂ ਦੀ ਅਵਾਜ਼ ਆਈ. ਸਾਡੀ ਸਾਰਿਆਂ ਦੀ ਜਾਗ ਖੁੱਲ੍ਹ ਗਈ. ਮੇਰਾ ਬਾਪ ਆਪਣੇ ਮੰਜੇ ਤੋਂ ਉਠਣ ਲੱਗਾ ਤਾਂ ਹਰਦਵਾਰੀ ਲਾਲ ਦੇ ਕੋਠੇ ਉੱਪਰ ਖੜ੍ਹਾ ਬੰਦਾ ਬੋਲਿਆ, "ਚੁੱਪ ਕਰਕੇ ਪਿਆ ਰਹਿ ਸਰਦਾਰਾ, ਨਹੀਂ ਤਾਂ ਹੋਰ ਨਾ ਕਿਤੇ ਜਾਹ ਜਾਂਦੀ ਹੋ ਜੇ|" 
   ਉਸਦੇ ਹੱਥ ਵਿਚ ਬੰਦੂਕ ਦੇਖ ਕੇ ਮੇਰਾ ਬਾਪ ਮੁੜ ਮੰਜੇ ਉੱਪਰ ਲੇਟ ਗਿਆ ਜਿਵੇਂ ਘੂਕ ਸੁੱਤਾ ਪਿਆ ਹੋਵੇ. ਹਰਦਵਾਰੀ ਲਾਲ ਦੀ ਪਤਨੀ, ਦਵਾਰਕੀ ਦੇਵੀ, ਪਤਾ ਨਹੀਂ ਕਿਹੜੇ ਢੰਗ ਨਾਲ ਘਰ ਵਿਚੋਂ ਬਾਹਰ ਨਿਕਲ ਗਈ ਸੀ ਤੇ ਉਹ ਲੋਕਾਂ ਨੂੰ ਉਠ ਕੇ ਡਾਕੂਆਂ ਦਾ ਮੁਕਾਬਲਾ ਕਰਨ ਲਈ ਵੰਗਾਰਦੀ ਹੋਈ ਕਹਿ ਰਹੀ ਸੀ ਕਿ ਉਹਨਾਂ ਕੋਲ ਕੋਈ ਹੱਥਿਆਰ ਨਹੀਂ ਹੈ ਤੇ ਉਹ ਡੰਡਿਆਂ ਨਾਲ ਹੀ ਲੁੱਟਣ ਆ ਗਏ ਹਨ. ਜਿਉਂ ਹੀ ਦਵਾਰਕੀ ਦੇਵੀ ਦੀ ਅਵਾਜ਼ ਕੋਠੇ ਉੱਪਰ ਖੜ੍ਹੇ ਡਾਕੂ ਦੇ ਕੰਨੀਂ ਪਈ, ਉਸ ਨੇ ਆਪਣੀ ਬੰਦੂਕ ਤੋਂ ਇਕ ਫਾਇਰ ਕਰ ਦਿੱਤਾ. ਕਿੱਲਿਆਂ ਨਾਲ ਬੱਝੇ ਦੋਵੇਂ ਬਲਦ ਉਠ ਕੇ ਖੜ੍ਹੇ ਹੋ ਗਏ. ਵਿਹੜੇ ਵਿਚ ਪਏ ਘਰ ਦੇ ਸਾਰੇ ਜੀਅ ਇਕ ਦਮ ਛਾਪਲ ਗਏ, ਕੋਈ ਵੀ ਉੱਚੀ ਸਾਹ  ਨਹੀਂ ਸੀ ਲੈ ਰਿਹਾ. ਮੇਰੀ ਵੱਡੀ ਭੈਣ ਨੇ ਮੈਨੂੰ ਆਪਣੀ ਬੁੱਕਲ਼ ਵਿਚ ਲੈ ਕੇ ਉੱਪਰ ਚਾਦਰ ਦੇ ਦਿੱਤੀ. ਮੈਂ ਚਾਦਰ 'ਚੋਂ ਮੂੰਹ ਬਾਹਰ ਕੱਢ ਕੇ ਹਰਦਵਾਰੀ ਲਾਲ ਕੇ ਕੋਠੇ ਵੱਲ ਦੇਖਿਆ ਤਾਂ ਓਥੇ ਇਕ ਕਾਲਾ ਪਰਛਾਵਾਂ, ਹੱਥ ਵਿਚ ਬੰਦੂਕ ਫੜੀ, ਇਧਰ ਉਧਰ ਫਿਰ ਰਿਹਾ ਸੀ. ਜਿਹੜੇ ਲੋਕ ਕੋਠਿਆਂ ਉੱਪਰ ਪਏ ਸਨ, ਉਹ ਵੀ ਚੁੱਪ ਕਰਕੇ ਪਏ ਰਹੇ ਕੋਈ ਵੀ ਨਾ ਕੁਸਕਿਆ. ਪਿਛਵਾੜੇ ਘਰ ਵਿਚੋਂ ਹਰਦਵਾਰੀ ਲਾਲ ਦੀਆਂ ਚੀਕਾਂ ਲਗਾਤਾਰ ਸੁਣਾਈ ਦੇ ਰਹੀਆਂ ਸਨ. ਨਾਲ ਨਾਲ ਉਹ ਡਾਕੂਆਂ ਨੂੰ ਕੁਝ ਕਹਿ ਵੀ ਰਿਹਾ ਸੀ ਜਿਹੜਾ ਸਮਝ ਵਿਚ ਨਹੀਂ ਸੀ ਆ ਰਿਹਾ.
   ਫਿਰ ਧਰਮਸ਼ਾਲਾ ਵਾਲੇ ਪਾਸਿਉਂ ਇਕ ਫਾਇਰ ਹੋਇਆ ਤੇ ਉਸ ਦੇ ਜਵਾਬ ਵਿਚ ਉਸੇ ਸਮੇਂ ਹੀ ਡਾਕੂਆਂ ਵੱਲੋਂ ਇਕੱਠੇ ਤਿੰਨ ਫਾਇਰ ਹੋ ਗਏ. ਫਿਰ ਤਾਂ ਜਿਵੇਂ ਸਾਰਾ ਪਿੰਡ ਹੀ ਸੁੱਸਰੀ ਵਾਂਗ ਸੌਂ ਗਿਆ ਤੇ ਦਵਾਰਕੀ ਦੇਵੀ ਵੀ ਪਤਾ ਨਹੀਂ ਕਿਸ ਘਰ ਜਾ ਛੁਪੀ ਸੀ. ਉਸ ਦੀ ਅਵਾਜ਼ ਵੀ ਬੰਦ ਹੋ ਗਈ ਸੀ. ਪਿੰਡ ਵਿਚੋਂ ਗੋਲ਼ੀ ਚੱਲਣ ਦਾ ਇਹ ਅਸਰ ਜਰੂਰ ਹੋਇਆ ਕਿ ਡਾਕੂ ਛੇਤੀ ਹੀ ਹਰਦਵਾਰੀ ਲਾਲ ਦੇ ਘਰੋਂ ਚਲੇ ਗਏ.
   ਅਗਲੇ ਦਿਨ ਪੁਲੀਸ ਨੇ ਪਿੰਡ ਵਿਚ ਆ ਡੇਰਾ ਲਾਇਆ ਸੀ ਤੇ ਆਲੇ ਦੁਅਲੇ ਦੇ ਬਦਮਾਸ਼ਾਂ ਨੂੰ ਪਿੰਡ ਦੀ ਧਰਮਸ਼ਾਲਾ ਵਿਚ ਲਿਆ ਕੇ ਕੁਟਾਪਾ ਚਾੜ੍ਹਿਆ ਜਾ ਰਿਹਾ ਸੀ. ਪਤਾ ਨਹੀਂ ਪੁਲੀਸ ਵਾਲਿਆਂ ਨੂੰ ਇਸ ਡਾਕੇ ਬਾਰੇ ਕੋਈ ਸੂਹ ਮਿਲੀ ਜਾਂ ਨਹੀਂ ਪਰ ਪਿੰਡ ਦੀ ਸੱਥ ਵਿਚ ਭਾਂਤ ਸੁਭਾਂਤੀਆਂ ਗੱਲਾਂ ਹੋ ਰਹੀਆਂ ਸਨ. ਕੋਈ ਕਹਿ ਰਿਹਾ ਸੀ, "ਪੀਰੇ ਨੇ ਹਰਦੁਆਰੀ ਦੀ ਦੁਕਾਨ ਤੋਂ ਸੌਦਾ ਲਿਆ ਸੀ ਤੇ ਉਹਨੇ ਉਹਦੇ ਕੋਲੋਂ ਪੈਸੇ ਮੰਗ ਲਏ ਸੀ, ਤਾਹੀਂ ਇਹ ਡਾਕਾ ਪਿਐ|"
"ਪੀਰਾ ਨਾਲ ਸੀ. ਦੁਆਰਕੀ ਨੇ ਉਹਨੂੰ ਪਛਾਂਣ ਲਿਆ ਸੀ ਪਰ ਡਰਦੀ ਨੇ ਪੁਲਿਸ ਕੋਲ ਉਹਦਾ ਨਾਂ ਨਈ ਲਿਆ|" ਇਕ ਨੇ ਆਪਣੇ ਕੋਲੋਂ ਹੀ ਗੱਲ ਬਣਾ ਕੇ ਸੁਣਾ ਦਿੱਤੀ.
"ਇਹ ਝੂਠ ਐ. ਪੀਰਾ ਆਵਦੇ ਪਿੰਡ ਵਿਚ ਨਾ ਆਪ ਡਾਕਾ ਮਾਰ ਸਕਦੈ ਤੇ ਨਾ ਮਰਵਾ ਸਕਦੈ. ਉਹ ਕੋਈ ਐਰਾ ਗੈਰਾ ਡਾਕੂ ਲੁਟੇਰਾ ਨਈਂ. ਅੱਜ ਤਾਈਂ ਕਿਤੇ ਆਪਣੇ ਨੇੜੇ ਤੇੜੇ ਕਦੇ ਕੋਈ ਡਾਕਾ ਪਿਆ ਸੁਣਿਐ? ਉਹ ਆਪ ਕਿਤੇ ਦੂਰ ਨਿਕਲਿਆ ਹੋਊ ਜਿਹੜਾ ਆਪਣੇ ਪਿੰਡ ਵਿਚ ਇਹ ਡਾਕਾ ਪਿਆ|" ਵਿਚੋਂ ਹੀ ਕੋਈ ਪੀਰੇ ਦਾ ਖੈਰਖਾਹ ਬੋਲ ਪਿਆ.
"ਇਹ ਡਾਕਾ ਤਾਂ ਸਿਵੀਆਂ ਆਲੇ ਬੌਰੀਏ ਨੇ ਮਾਰਿਆ ਹੋਊ|"
"ਬਈ ਹੋਰ ਗੱਲਾਂ ਦੀਆਂ ਗੱਲਾਂ, ਸ਼ਾਹਣੀ ਹੌਸਲੇ ਵਾਲੀ ਸੀ, ਜਿਹੜੀ ਡਾਕੂਆਂ ਦੇ ਘੇਰੇ ਵਿਚੋਂ ਧੁੱਸ ਦੇ ਕੇ ਬਾਹਰ ਨਿਕਲ ਗਈ ਤੇ ਉਹਨਾਂ ਦੇ ਹੱਥ ਨਈਂ ਆਈ|" 
"ਉਹਦੇ ਪਿੰਡ ਵਿਚ ਰੌਲ਼ਾ ਪਾਉਣ ਕਰਕੇ ਤਾਂ ਬਚਾਅ ਹੋ ਗਿਆ ਨਹੀਂ ਤਾਂ ਹਰਦੁਆਰੀ ਨੂੰ ਉਹਨਾਂ ਕੁੱਟ ਕੁੱਟ ਕੇ ਮੁੰਜ ਬਣਾ ਦੇਣਾ ਸੀ|"
"ਉਹਨੇ ਤਾਂ ਦੋ ਛਿੱਤਰ ਨਹੀਂ ਝੱਲੇ, ਝਟ ਸਾਰਾ ਧਨ ਕੱਢ ਕੇ ਫੜਾ ਦਿੱਤਾ|"
"ਸੇਠ ਏਥੇ ਪੈਸੇ ਨਈਂ ਰਖਦਾ. ਕੋਟ ਆਪਣੇ ਭਰਾਵਾਂ ਕੋਲ ਘੱਲ ਦਿੰਦੈ. ਪਿਛਲੇ ਦਿਨੀਂ ਇਹਦਾ ਭਰਾ ਮੋਹਣਾ ਆਇਆ ਸੀ, ਉਹ ਸਾਰੀ ਨਕਦੀ ਲੈ ਗਿਆ ਸੀ. ਡਾਕੂਆਂ ਹੱਥ ਤਾਂ ਸੌ ਰਪੱਈਆ ਵੀ ਨਹੀਂ ਲੱਗਾ ਹੋਣਾ|"
"ਕਿੰਨੇ ਲੋਕ ਸੀ ਜਿਹੜੇ ਕੋਠਿਆਂ 'ਤੇ ਪਏ ਸੀ, ਕੋਈ ਨਈਂ ਕੁਸਕਿਆ. ਹੋਰ ਤਾਂ ਹੋਰ ਫੈਰ ਸੁਣ ਕੇ ਨੰਜੀ ਨੇ ਆਪਣੇ ਉੱਤੇ ਮੰਜੀ ਮੂਧੀ ਮਾਰ ਲਈ ਸੀ|"
   ਜਿੰਨੇ ਮੂੰਹ ਓਨੀਆਂ ਗੱਲਾਂ ਹੁੰਦੀਆਂ ਰਹੀਆਂ. ਨਾ ਡਾਕੂਆਂ ਦੀ ਕੋਈ ਸੂਹ ਮਿਲੀ ਤੇ ਨਾ ਹੀ ਕਿਸੇ ਨੂੰ ਡਾਕੇ ਵਿਚ ਹੋਏ ਅਸਲ ਨੁਕਸਾਨ ਦਾ ਪਤਾ ਲੱਗ ਸਕਿਆ. ਹਰਦਵਾਰੀ ਲਾਲ ਜਿਵੇਂ ਗੁੰਮ ਸੁੰਮ ਹੀ ਹੋ ਗਿਆ ਸੀ. ਉਹ ਕਿਸੇ ਨਾਲ ਵੀ ਗੱਲ ਨਹੀਂ ਸੀ ਕਰਦਾ. ਦਵਾਰਕੀ ਦੇਵੀ ਵੀ 'ਹਾਂ' 'ਹੂੰ' ਵਿਚ ਹੀ ਜਵਾਬ ਦਿੰਦੀ ਸੀ. ਉਹਨਾਂ ਕਿਸੇ ਨੂੰ ਵੀ ਨਹੀਂ ਸੀ ਦੱਿਸਆ ਕਿ ਡਾਕੂ ਕੀ ਕੁਝ ਲੁੱਟ ਕੇ ਲੈ ਗਏ ਸੀ.ਕੁਝ ਸਮੇਂ ਬਾਅਦ ਉਹ ਪਿੰਡ ਛੱਡ ਕੇ ਚਲੇ ਗਏ ਤੇ ਕੋਟ ਕਪੂਰੇ ਜਾ ਡੇਰਾ ਲਾਇਆ. ਉਸ ਦੁਕਾਨ ਵਿਚ ਪਿੰਡ ਸੈਦੋ ਕਿਆਂ ਤੋਂ ਉਹਨਾਂ ਦੇ ਕੋਈ ਰਿਸ਼ਤੇਦਾਰ ਆ ਬੈਠੇ ਸਨ ਅਤੇ ਦੁਕਾਨ ਪਹਿਲਾਂ ਵਾਂਗ ਹੀ ਚਲਦੀ ਰਹੀ.  
   
ਇਸ ਡਾਕੇ ਤੋਂ ਬਿਨਾਂ ਬਚਪਨ ਵਿਚ ਮੈਂ ਇਕ ਹੋਰ ਡਾਕਾ ਪੈਂਦਾ ਵੀ ਦੇਖਿਆ ਸੀ. ਡਾਕੇ ਦਾ ਸ਼ਿਕਾਰ ਵੀ ਹਟਵਾਣੀਆਂ ਦੀਆਂ ਹੱਟੀਆਂ ਹੀ ਬਣੀਆਂ ਸਨ. ਪਰ ਉਹ ਡਾਕਾ ਇਕ ਵੱਖਰੀ ਕਿਸਮ ਦਾ ਡਾਕਾ ਸੀ, ਜਿਸ ਨੂੰ ਨਾਂ ਤਾਂ ਪਿੰਡ ਦੇ ਲੋਕ ਹੀ ਡਾਕਾ ਮੰਨਣ ਲਈ ਤਆਿਰ ਸਨ ਅਤੇ ਨਾ ਹੀ ਉਸ ਬਾਰੇ ਪੁਲੀਸ ਹੀ ਕੋਈ ਤਪਤੀਸ਼ ਕਰਨ ਆਈ. ਹਾਂ! ਪਿੰਡ ਵਿਚ ਜਰੂਰ ਕਈ ਦਿਨ ਚਰਚਾ ਹੁੰਦੀ ਰਹੀ ਸੀ.
   ਵਾਰਦਾਤ ਇਸ ਤਰ੍ਹਾਂ ਹੋਈ ਕਿ ਉਸ ਦਿਨ ਦੀਵਾਲੀ ਦਾ ਤਿਉਹਾਰ ਸੀ ਤੇ ਦਿਨ ਦੇ ਛੁਪਾ ਨਾਲ ਕਈ ਲੋਕ ਆਪਣੀਆਂ ਖਾਣ ਪੀਣ ਦੀਆਂ ਵਸਤਾਂ ਤੇ ਫੁੱਲਝੜੀਆਂ ਪਟਾਕੇ ਖਰੀਦ ਕੇ ਘਰਾਂ ਨੂੰ ਚਲੇ ਗਏ ਸਨ ਅਤੇ ਕੁਝ ਇਕ ਅਜੇ ਹੱਟੀਆਂ ਤੋਂ ਸੌਦਾ ਪੱਤਾ ਖਰੀਦ ਰਹੇ ਸਨ. ਬੱਚੇ ਗਲ਼ੀਆਂ ਵਿਚ ਭੂੰਡ ਪਟਾਕੇ ਤੇ ਫੁੱਲਝੜੀਆਂ ਚਲਾ ਰਹੇ ਸਨ. ਅਸੀਂ ਵੀ ਆਪਣੇ ਚਾਚੇ ਦੀ ਦੁਕਾਨ ਮੂਹਰੇ ਭੂੰਡ ਪਟਾਕੇ ਚਲਾ ਚਲਾ ਖੁਸ਼ ਹੋ ਰਹੇ ਸੀ. (ਭਰਾਵਾਂ ਨਾਲੋਂ ਅੱਡ ਹੋਣ ਮਗਰੋਂ ਚਾਚੇ ਨੇ ਖੇਤੀ ਦਾ ਕੰਮ ਛੱਡ ਕੇ ਪਰਚੂਨ ਦੀ ਹੱਟੀ ਪਾ ਲਈ ਹੋਈ ਸੀ.) ਅਸੀਂ ਦੂਰੋਂ ਰੌਲ਼ਾ ਪੈਂਦਾ ਸੁਣਿਆ. ਜਦੋਂ ਅਸੀਂ ਰੌਲ਼ੇ ਵਾਲੇ ਪਾਸੇ ਨੂੰ ਗਏ ਤਾਂ ਦੇਖਿਆ ਕਿ ਪੰਜ ਛੇ ਜਣਿਆਂ ਦਾ ਸ਼ਰਾਬੀ ਟੋਲਾ ਕਿਸੇ ਨੂੰ ਗਾਲ੍ਹਾਂ ਕਢਦਾ ਆ ਰਿਹਾ ਸੀ ਤੇ ਮੁੰਡੀਰ ਉਹਨਾਂ ਦੇ ਪਿੱਛੇ ਪਿੱਛੇ ਰੌਲ਼ਾ ਪਾਉਂਦੀ ਆ ਰਹੀ ਸੀ. ਇਸ ਟੋਲੇ ਦਾ ਅੱਗਵਾਨੂੰ ਇਸੇ ਪਿੰਡ ਦਾ ਪੁਲੀਸ ਮਹਿਕਮੇ ਵਿਚੋਂ ਡਿਸਮਿਸ ਹੋ ਕੇ ਆਇਆ ਇਕ ਸਿਪਾਹੀ ਸੀ. ਇਹ ਸਿਪਾਹੀ ਭਾਵੇਂ ਦੁਬਾਰਾ ਬਹਾਲ ਤਾਂ ਨਹੀ ਸੀ ਹੋ ਸਕਿਆ ਪਰ ਪੁਲੀਸ ਨਾਲ ਜਾਣ ਪਹਿਚਾਣ ਹੋਣ ਕਾਰਨ ਉਸ ਦਾ ਨਜਾਇਜ਼ ਲਾਭ ਜਰੂਰ ਉਠਾਉਣ ਲੱਗਾ ਸੀ ਅਤੇ ਆਮ ਲੋਕਾਂ ਉੱਪਰ ਫੋਕਾ ਰੋਅਬ ਵੀ ਦਿਖਾਉਂਦਾ ਸੀ. ਪਤਾ ਲੱਗਾ ਕਿ ਹੁਣ ਵੀ ਉਹ ਪਿੱਛੇ ਇਕ ਹੱਟਵਾਣੀਏ ਨੂੰ ਕੁੱਟ ਕੇ ਤੇ ਉਹਦੀ ਹੱਟੀ ਲੁੱਟ ਕੇ ਆ ਰਹੇ ਸਨ. ਕੁਰੱਖਤ ਸੁਭਾਅ ਤੇ ਭਾਰੇ ਸਰੀਰ ਦਾ ਹੋਣ ਕਰਕੇ ਲੋਕ ਪਿੱਠ ਪਿੱਛੇ ਉਹਨੂੰ 'ਗੜੂਚ' ਕਹਿੰਦੇ ਸਨ. ਜਦੋਂ ਉਹ ਚਾਚੇ ਦੀ ਦੁਕਾਨ ਕੋਲ ਆਏ ਤਾਂ ਗੜੂਚ ਦੇ ਇਕ ਸਾਥੀ ਨੇ ਕਿਹਾ, "ਓਏ, ਆਹ ਹੱਟੀ ਤਾਂ ਛੱਡ ਚੱਲੇ!" 
"ਚੁੱਪ ਕਰਕੇ ਤੁਰਿਆ ਆ|" ਗੜੂਚ ਨੇ ਦਬਕਾ ਮਾਰਿਆ ਤੇ ਉਹ ਟੋਲਾ ਚਾਚੇ ਦੀ ਦੁਕਾਨ ਤੋਂ ਅਗਾਂਹ ਲੰਘ ਗਿਆ. ਉਸ ਵੇਲ਼ੇ ਤਾਂ ਉਸ ਟੋਲੇ ਦੇ ਅਗਾਂਹ ਤੁਰ ਜਾਣ ਦੀ ਸਮਝ ਨਹੀਂ ਸੀ ਆਈ ਪਰ ਬਾਅਦ ਵਿਚ ਸਮਝ ਆਈ ਕਿ ਚਾਚੇ ਹੁਰੀਂ ਪਿੰਡ ਵਿਚ ਬਰਾਬਰ ਦੀ ਧਿਰ ਹੋਣ ਕਰਕੇ ਉਹ ਲੋਕ ਮੁਕਾਬਲਾ ਹੋਣ ਤੋਂ ਵੀ ਡਰਦੇ ਸਨ ਤੇ ਉਹਨਾਂ ਨੇ ਲਾਲਿਆਂ ਨੂੰ ਲੁੱਟਣ ਦਾ ਹੀ ਪਰੋਗ੍ਰਾਮ ਬਣਾਇਆ ਹੋਇਆ ਸੀ, ਜਿਨ੍ਹਾਂ ਦੀ ਕੋਈ ਧਿਰ ਨਹੀਂ ਸੀ.
  ਅਸੀਂ ਵੀ ਮੁੰਡੀਰ ਦੇ ਮਗਰ ਲੱਗ ਗਏ. ਮਜ਼੍ਹਬੀਆਂ ਦੀ ਖੂਹੀ ਕੋਲ ਬਾਬੂ ਰਾਮ ਦੀ ਹੱਟੀ ਸੀ. ਮਜ਼੍ਹਬੀਆਂ ਦੇ ਵਿਹੜੇ ਹੋਣ ਕਰਕੇ ਇਹ ਹੱਟੀ ਵੀ ਖੂਬ ਚਲਦੀ ਸੀ. ਉਸ ਸਮੇਂ ਵੀ ਕੁਝ ਗਾਹਕ ਸੌਦਾ ਖਰੀਦ ਰਹੇ ਸਨ. ਗੜੂਚ ਨੇ ਹੱਟੀ ਵਚ ਵੜਦਿਆਂ ਹੀ ਜਲੇਬੀਆਂ ਤੋਲ ਰਹੇ ਬਾਬੂ ਰਾਮ ਦੇ ਇਕ ਘਸੁੱਨ ਜੜ ਦਿੱਤਾ ਤੇ ਜਲੇਬੀਆਂ ਵਾਲੀ ਤੱਕੜੀ ਉਸ ਦੇ ਹੱਥੋਂ ਛੁੱਟ ਗਈ. ਉਹ ਹੱਕਾ ਬੱਕਾ ਹੋ ਉਤਾਂਹ ਝਾਕਿਆ ਤਾਂ ਉਹਨੇ ਉਸ ਦੇ ਮੂੰਹ ਉੱਪਰ ਇਕ ਘਸੁੱਨ ਹੋਰ ਮਾਰਿਆ. ਬਾਬੂ ਰਾਮ ਨੇ ਪਿਛਾਂਹ ਗੱਲੇ ਉੱਪਰ ਡਿਗਦਿਆਂ ਲੇਰ ਮਾਰੀ ਤੇ ਆਪਣੇ ਨਿੱਕੇ ਭਰਾ ਨੂੰ ਕਿਹਾ, "ਬਾਲਕੇ, ਚਾਚੇ ਨੂੰ ਸੱਦ ਕੇ ਲਿਆ|" ਚੌਦਾਂ ਪੰਦਰਾਂ ਸਾਲ ਦਾ ਬਾਲਕ ਰਾਮ ਤਾਂ ਡਰਦਾ ਮਾਰਾ ਪਹਿਲਾਂ ਹੀ ਹੱਟੀ ਵਿਚੋਂ ਭੱਜ ਗਿਆ ਸੀ. 
"ਜਾਹ! ਸੱਦ ਕੇ ਲਿਆ ਚਾਚੇ ਨੂੰ. ਬਾਲਕਾ ਕੀ ਸੱਦ ਕੇ ਲਿਆਏਂਗਾ ਉਹਨੂੰ, ਅਸੀਂ ਉਹਦੇ ਕੋਲ ਆਪ ਚੱਲੇ ਆਂ. ਤੈਨੂੰ ਦਿਸਦਾ ਨਹੀਂ ਸੀ, ਮੈਂ ਕਿੰਨੇ ਚਿਰ ਦਾ ਖੜ੍ਹਾ ਤੇਰੇ ਮੂੰਹ ਵੱਲ ਦੇਖੀ ਜਾਂਦਾ ਸੀ ਤੇ ਤੂੰ ਜਲੇਬੀਆਂ ਤੋਲਣ ਵਿਚ ਹੀ ਲੱਗਾ ਹੋਇਆ ਸੀ, ਏਧਰ ਧਿਆਨ ਈ ਨਹੀਂ ਦਿੱਤਾ|" 
   ਬਾਬੂ ਰਾਮ ਮਿੰਨਤਾਂ ਕਰ ਰਿਹਾ ਸੀ ਕਿ ਉਸ ਨੇ ਉਹਨਾਂ ਨੂੰ ਦੇਖਿਆ ਨਹੀਂ ਸੀ. ਉਹ ਉਹਦੇ ਘਸੁੱਨ ਮਾਰੀ ਜਾ ਰਿਹਾ ਸੀ ਤੇ ਦੂਜੇ ਹੱਟੀ ਵਿਚੋਂ ਸਮਾਨ ਲੁੱਟੀ ਜਾ ਰਹੇ ਸਨ. ਲੱਡੂ, ਜਲੇਬੀਆਂ, ਸ਼ਕਰ ਪਾਰੇ, ਰੰਗ ਬਿਰੰਗੇ ਖੰਡ ਦੇ ਖਿਡਾਉਣੇ ਤੇ ਹੋਰ ਨਿੱਕ ਸੁੱਕ ਹੱਟੀ ਵਿਚ ਹੀ ਖਿੱਲਰ ਗਿਆ ਸੀ. ਜਦੋਂ ਬਾਬੂ ਰਾਮ ਬੇਸੁਰਤ ਜਿਹਾ ਹੋ ਗਿਆ ਤਾਂ ਉਸ ਦਾ ਗੱਲਾ ਵੀ ਲੁੱਟ ਲਿਆ ਤੇ ਅਗਲੀ ਹੱਟੀ ਵੱਲ ਚੱਲ ਪਏ.
   ਬਾਲਕ ਰਾਮ ਨੇ ਆਪਣੇ ਚਾਚੇ ਨੱਥੂ ਰਾਮ ਨੂੰ ਸਾਰੀ ਘਟਨਾ ਜਾ ਸੁਣਾਈ ਸੀ ਤੇ ਉਸ ਨੇ ਆਪਣੇ ਗੁਆਂਢੀ ਨੰਬਰਦਾਰ ਅਨੋਖ ਸਿੰਘ ਨੂੰ ਜਾ ਦੱਸਿਆ ਸੀ. ਨੰਬਰਦਾਰ ਨੇ ਝਟ ਆਪਣੇ ਬੰਦਿਆਂ ਨੂੰ ਅਗਵਾੜ ਦੀਆਂ ਹੱਟੀਆਂ ਦੀ ਰਾਖੀ ਲਈ ਘੱਲ ਦਿੱਤਾ. ਉਹ ਇਹ ਕਿਵੇਂ ਸਹਿਣ ਕਰ ਸਕਦਾ ਸੀ ਕਿ ਦੂਜੇ ਅਗਵਾੜ ਦੇ ਬੰਦੇ ਇਸ ਅਗਵਾੜ ਵਿਚ ਆ ਕੇ ਹੱਟੀਆਂ ਲੁੱਟ ਲੈਣ. ਉਹ ਡਾਂਗਾਂ ਸੋਟੀਆਂ ਲੈ ਕੇ ਹਰਦਵਾਰੀ ਲਾਲ ਵਾਲੀ ਹੱਟੀ ਮੂਹਰੇ ਆ ਖੜ੍ਹੇ ਹੋਏ. ਉਹਨਾਂ ਨੂੰ ਦੇਖ ਕੇ ਮੁੰਡੀਰ ਤਾਂ ਪਹਿਲਾਂ ਹੀ ਖਿਸਕ ਗਈ ਸੀ. ਹੱਟੀਆਂ ਲੁੱਟਣ ਵਾਲੇ ਸੂਰਮੇ ਵੀ ਹੱਟੀ ਵਾਲੇ ਪਾਸੇ ਨਾ ਜਾ ਕੇ ਸੱਥ ਵਿਚੋਂ ਦੀ ਸਿੱਧੇ ਸੂਏ ਵੱਲ ਨੂੰ ਚਲੇ ਗਏ. ਇਸ ਤਰ੍ਹਾਂ ਦੂਜੀਆਂ ਹੱਟੀਆਂ ਲੁੱਟ ਹੋਣੋ ਬਚ ਗਈਆਂ ਸਨ. ਉਂਜ ਵੀ ਦੂਜੇ ਹਟਵਾਣੀਏ ਆਪਣੀਆਂ ਹੱਟੀਆਂ ਬੰਦ ਕਰਕੇ ਗੁਆਂਢੀ ਘਰਾਂ ਵਿਚ ਜਾ ਬੈਠੇ ਸਨ. 
   ਇਸ ਘਟਨਾ ਨੂੰ ਵਾਪਰਿਆਂ ਬੜਾ ਸਮਾ ਬੀਤ ਗਿਆ ਹੈ. ਹੱਟੀਆਂ ਨੂੰ ਲੁੱਟਣ ਵਾਲਾ ਉਹ ਡਿਸਮਿਸ ਸਿਪਾਹੀ ਬਾਅਦ ਵਿਚ ਕਈ ਸਾਲ ਪਿੰਡ ਦਾ ਸਰਪੰਚ ਵੀ ਰਿਹਾ ਤੇ ਪਿੰਡ ਦੀ ਤਰੱਕੀ ਲਈ ਕਈ ਕੰਮ ਵੀ ਕੀਤੇ. ਸੰਨ 1962 ਵਿਚ ਜਦੋਂ ਪਿੰਡ ਹੜ੍ਹਾਂ ਕਾਰਨ ਡੁੱਬਣ ਦੇ ਕਿਨਾਰੇ ਹੋ ਗਿਆ ਸੀ ਤੇ ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਦੋ ਧੜਿਆਂ ਵਿਚ ਵੰਡਿਆ ਗਿਆ ਸੀ. ਉਸ ਸਮੇਂ ਉਸ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਵੀ ਮਿਲਿਆ ਪਰ ਜਦੋਂ ਵੀ ਉਸ ਨਾਲ ਵਾਹ ਵਾਸਤਾ ਪੈਂਦਾ ਤਾਂ ਬਾਬੂ ਰਾਮ ਦੇ ਘਸੁੱਨ ਮਾਰਨ ਵਾਲਾ ਤੇ ਹੱਟੀ ਨੂੰ ਲੁੱਟਣ ਵਾਲਾ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਸੀ.
   ਹੁਣ ਵੀ ਜਦੋਂ ਕੁਝ ਸਕਤਿਆਂ ਵੱਲੋਂ ਸ਼ਹਿਰਾਂ ਵਿਚ ਦੁਕਾਨਾਂ ਤੇ ਵਿਉਪਾਰਕ ਅਦਾਰਿਆਂ ਕੋਲੋਂ ਹਫਤੇ ਤੇ ਮਹੀਨੇ ਉਗਰਾਹੇ ਜਾਂਦੇ ਹਨ ਤਾਂ ਖਿਆਲ ਆਉਂਦਾ ਹੈ ਕਿ ਪੁਰਾਣੇ ਸਮਿਆਂ ਵਿਚ ਉਹਨਾਂ ਸਕਤਿਆਂ ਨੂੰ ਤਾਂ ਡਾਕੂ ਲੁਟੇਰੇ ਕਿਹਾ ਜਾਂਦਾ ਸੀ, ਹੁਣ ਇਹਨਾਂ ਨੂੰ ਕਿਹੜਾ ਨਾਮ ਦਿੱਤਾ ਜਾਵੇ?  



9

ਗੁਨਾਹ ਦਾ ਅਹਿਸਾਸ
ਰਾਤੀਂ ਮੈਨੂੰ ਇਕ ਬੜਾ ਭਿਆਨਕ ਸੁਪਨਾ ਆਇਆ. ਮੀਂਹ ਪੈ ਰਿਹਾ ਹੈ, ਮੈਂ ਬੋਰੀ ਦਾ ਝੁੰਬ ਮਾਰੀ ਪਿੰਡ ਦੀਆਂ ਗਲ਼ੀਆਂ ਵਿਚ, ਪਤਾ ਨਹੀਂ ਕਿਸ ਨੂੰ ਭਾਲਦਾ, ਫਿਰ ਰਿਹਾ ਹਾਂ. ਮੈਂ ਇਕ ਗਲ਼ੀ ਵੜਦਾ ਹਾਂ ਤਾਂ ਉਹ ਗਲ਼ੀ ਅੱਗੋਂ ਬੰਦ ਹੁੰਦੀ ਹੈ ਪਰ ਜਦੋਂ ਮੈਂ ਪਿਛਾਂਹ ਮੁੜਦਾ ਹਾਂ ਤਾਂ ਇਕ ਭੈੜੀ ਜਿਹੀ ਸ਼ਕਲ ਵਾਲਾ ਆਦਮੀ ਦਿਸਦਾ ਹੈ, ਜਿਸ ਦੇ ਸਰੀਰ ਉਪਰ ਇਕ ਲੰਗੋਟੀ ਤੋਂ ਬਿਨਾਂ ਹੋਰ ਕੋਈ ਕਪੜਾ ਨਹੀਂ, ਕੁੱਬ ਨਿਕਲਿਆ ਹੋਇਆ ਹੈ, ਅੱਖਾਂ ਲਾਲ ਅੰਗਾਰਿਆਂ ਵਾਂਗ ਦਗ ਰਹੀਆਂ ਹਨ ਤੇ ਉਹ ਸੋਟੀ ਦੇ ਸਹਾਰੇ ਖੜ੍ਹਾ ਮੇਰੇ ਵੱਲ ਘੂਰ ਘੂਰ ਕੇ ਦੇਖਣ ਲਗਦਾ ਹੈ. ਮੈਂ ਉਸ ਕੋਲੋਂ ਪਾਸਾ ਵੱਟ ਦੂਸਰੀ ਗਲ਼ੀ ਮੁੜ ਜਾਂਦਾ ਹਾਂ ਪਰ ਉਹ ਗਲ਼ੀ ਵੀ ਅਗਾਂਹ ਬੰਦ ਹੁੰਦੀ ਹੈ. ਇਸ ਤਰ੍ਹਾਂ ਮੈਂ ਗਲ਼ੀਏ ਗਲ਼ੀ ਭਟਕਦਾ ਫਿਰ ਰਿਹਾ ਹਾਂ. ਹਰ ਗਲ਼ੀ ਬੰਦ ਹੀ ਹੁੰਦੀ ਹੈ. ਵਾਪਸੀ 'ਤੇ ਹਰ ਵਾਰ ਉਹੋ ਫਕੀਰ ਦਿਸਦਾ ਹੈ. ਗਲ਼ੀਆਂ ਵਿਚ ਭਟਕਦੇ ਫਿਰਦਿਆਂ ਅਖੀਰ ਇਕ ਗਲ਼ੀ ਅਜੇਹੀ ਮਿਲ ਜਾਂਦੀ ਹੈ, ਜਿਹੜੀ ਅਗਾਂਹ ਬੰਦ ਤਾਂ ਨਹੀਂ ਹੁੰਦੀ ਪਰ ਉਸ ਦੇ ਆਲੇ ਦੁਆਲੇ ਹਰੀ ਜਿਹੀ ਜਿਲਬ ਵਾਲਾ ਇਕ ਵੱਡਾ ਛੱਪੜ ਹੈ. ਮੈਂ ਛੱਪੜ ਵਿਚ ਵੜਨੋਂ ਡਰਦਾ ਵਾਪਸ ਮੁੜਨ ਲਗਦਾ ਹਾਂ ਤਾਂ ਉਹ ਭੈੜੀ ਜਿਹੀ ਸ਼ਕਲ ਵੱਲਾ ਬੰਦਾ ਮੈਨੂੰ ਵਾਪਸ ਮੁੜਨ ਨਹੀਂ ਦਿੰਦਾ ਤੇ ਸੋਟੀ ਲੈ ਕੇ ਮੇਰੇ ਮਗਰ ਭਜਦਾ ਹੈ ਤੇ ਮੇਰੀ ਚੀਕ ਨਿਕਲ ਜਾਂਦੀ ਹੈ. ਮੇਰੀ ਪਤਨੀ ਮੈਨੂੰ ਹਲੂਣ ਕੇ ਜਗਾ ਦਿੰਦੀ ਹੈ ਕਿ ਸੁਪਨੇ ਵਿਚ ਮੈਨੂੰ ਦਬਾਅ ਆ ਗਿਆ ਸੀ.
   ਅਜੇਹ ਅਜੀਬੋ-ਗਰੀਬ ਸੁਪਨੇ ਸ਼ਾਇਦ ਹਰ ਇਕ ਨੂੰ ਆਉਂਦੇ ਹੋਣ ਪਰ ਮੈਨੂੰ ਅਜਿਹੇ ਸੁਪਨੇ ਕਦੀ ਕਦਾਈਂ ਆਉਂਦੇ ਹੀ ਰਹਿੰਦੇ ਹਨ, ਜਿਵੇਂ; ਕਦੀ ਗੰਦਗੀ ਨਾਲ ਲਿਬੜ ਜਾਣਾ, ਕਦੀ ਕਿਸੇ ਸਾਨ੍ਹ, ਝੋਟੇ ਨੇ ਮਗਰ ਪੈ ਜਾਣਾ ਤੇ ਆਪਣੇ ਬਚਾਅ ਲਈ ਭੱਜਣਾ ਜਾਂ ਹਵਾ ਵਿਚ ਤਾਰੀਆਂ ਲਾਉਣੀਆਂ, ਕਦੀ ਕਪੜੇ ਗੁੰਮ ਹੋ ਜਾਣੇ ਤੇ ਨੰਗੇ ਸਰੀਰ ਕਪੜੇ ਭਾਲਦੇ ਤੁਰੇ ਫਿਰਨਾ. ਪਾਣੀ ਵਿਚ ਤੁਰਨਾ ਤੇ ਡੁੱਬਣ ਲੱਗਣਾ. ਅਜੇਹੇ ਬਹੁਤੇ ਸੁਪਨਿਆਂ ਦਾ ਅੰਤ ਡਰ ਕੇ ਜਾਗ ਆਉਣ ਨਾਲ ਹੁੰਦਾ. ਸੁਪਨੇ ਵਿਚ ਦੇਖੇ ਬੰਦਿਆਂ ਦੀ ਸ਼ਕਲ ਜਾਗ ਆਉਣ 'ਤੇ ਆਮ ਤੌਰ  'ਤੇ ਯਾਦ ਨਹੀਂ ਰਹਿੰਦੀ ਕਿ ਉਹ ਕੌਣ ਸੀ ਪਰ ਰਾਤੀਂ ਸੁਪਨੇ ਵਿਚ ਆਏ ਆਦਮੀ ਦੀ ਸ਼ਕਲ ਵਿਚੋਂ ਬਚਪਨ ਵਿਚ ਦੇਖੇ ਇਕ ਸਾਧ ਦੇ ਚਿਹਰੇ ਦੀ ਝਲਕ ਦਿਖਾਈ ਦਿੰਦੀ ਹੈ ਭਾਵੇਂ ਕਿ ਉਹ ਅੱਖਾਂ ਤੋਂ ਅੰਨ੍ਹਾ ਸੀ. 
    ਉਸ ਸਾਧ ਦਾ ਨਾਂ ਹਰੀ ਦਾਸ ਸੀ. ਉਹ ਪਤਾ ਨਹੀਂ ਕਿਧਰੋਂ ਸਾਡੇ ਪਿੰਡ ਆ ਗਿਆ. ਸਾਡੇ ਅਗਵਾੜ ਵਾਲਿਆਂ ਨੇ ਉਸ ਨੂੰ ਰਹਿਣ ਲਈ ਆਪਣੀ ਧਰਮਸ਼ਾਲਾ ਦੇ ਕੋਨੇ ਵਿਚ ਇਕ ਕੱਚੀ ਕੋਠੜੀ ਦੇ ਦਿੱਤੀ. ਉਹ ਅੱਖਾਂ ਤੋਂ ਅੰਨ੍ਹਾ ਹੋਣ ਦੇ ਨਾਲ ਨਾਲ ਕੰਨਾਂ ਤੋਂ ਵੀ ਬੋਲ਼ਾ ਸੀ. ਚਿਹਰਾ ਬੜਾ ਕਰੂਪ. ਮੋਢਿਆਂ ਤੋਂ ਥੋੜਾ ਜਿਹਾ ਹੇਠਾਂ, ਉਸ ਦੇ ਬਲਦ ਦੀ ਬੰਨ ਵਾਂਗ ਉੱਚਾ ਕੁੱਬ ਨਿਕਲਿਆ ਹੋਇਆ ਸੀ. ਉਹ ਸੋਟੀ ਦੇ ਸਹਾਰੇ ਤੁਰਦਾ. ਪੈਰੀਂ ਲੱਕੜ ਦੇ ਪਊਏ. ਗਰਮੀਆਂ ਵਿਚ ਇਕ ਲਿੰਗੋਟੀ ਤੋਂ ਬਿਨਾਂ ਹੋਰ ਕੋਈ ਕੱਪੜਾ ਨਹੀਂ ਸੀ ਪਹਿਨਦਾ. ਸਿਆਲ ਵਿਚ ਇਕ ਭਗਵੀਂ ਜਿਹੀ ਚਾਦਰ ਦੀ ਗਿਲਤੀ ਮਾਰ ਲੈਂਦਾ. ਉਹ ਕਿਸੇ ਨਾਲ ਬਹੁਤੀ ਗੱਲ ਨਹੀਂ ਸੀ ਕਰਦਾ, ਆਪਣੀ ਕੋਠੜੀ ਵਿਚ ਲੱਕੜ ਦੇ ਤਖਤਪੋਸ਼ 'ਤੇ ਪਿਆ ਆਪਣੇ ਆਪ ਵਿਚ ਹੀ ਕੁਝ ਬੋਲਦਾ ਰਹਿੰਦਾ ਜਾਂ ਫਿਰ ਧਰਮਸ਼ਾਲਾ ਦੇ ਵਿਹੜੇ ਵਿਚ ਆਪਣੇ ਆਪ ਵਿਚ ਮਸਤ ਗੱਲਾਂ ਕਰਦਾ ਤੁਰਿਆ ਫਿਰਦਾ. ਪਤਾ ਨਹੀਂ ਕਿਉਂ, ਜਦੋਂ ਵੀ ਮੈਂ ਉਸ ਨੂੰ ਦੇਖਦਾ ਤਾਂ ਮੈਨੂੰ ਉਸ ਕੋਲੋਂ ਬੜਾ ਡਰ ਲਗਦਾ. ਉਸ ਸਮੇਂ ਮੇਰੀ ਉਮਰ ਕੋਈ ਨੌਂ ਦਸ ਸਾਲ ਦੀ ਹੋਵੇਗੀ.
     ਜਦੋਂ ਉਹ ਧਰਮਸ਼ਾਲਾ ਦੀ ਕੋਠੜੀ ਵਿਚ ਰਹਿਣ ਲੱਗਾ ਤਾਂ ਪਹਿਲੇ ਦਿਨ ਗੁਆਂਢ ਰਹਿੰਦੇ ਲੰਬਰਦਾਰ ਅਨੋਖ ਸਿੰਘ ਦੇ ਘਰੋਂ ਰੋਟੀ ਆ ਗਈ. ਉਸ ਨੇ ਇਕ ਰੋਟੀ ਰੱਖ ਕੇ ਬਾਕੀ ਵਾਪਸ ਮੋੜਦਿਆਂ ਕਿਹਾ, "ਮੈਂ ਕਿਸੇ ਦੇ ਘਰੋਂ ਬਝਵੀਂ ਰੋਟੀ ਨਹੀਂ ਖਾਣੀ. ਰੋਟੀਆਂ ਮੈਂ ਮੰਗ ਕੇ ਖਾਵਾਂਗਾ." 
    ਉਹ ਦਿਨੇ ਇਕੋ ਵਾਰ ਰੋਟੀਆਂ ਮੰਗਣ ਪਿੰਡ ਵਿਚ ਜਾਂਦਾ. ਉਸ ਦੇ ਸੱਜੇ ਹੱਥ ਵਿਚ ਸੋਟੀ ਤੇ ਖੱਬੇ ਹੱਥ ਵਿਚ ਰੋਟੀਆਂ ਵਾਲੀ ਬਗਲੀ ਤੇ ਦਾਲ ਲਈ ਛੋਟਾ ਜਿਹਾ ਕਰਮੰਡਲ ਹੁੰਦਾ. ਉਹ ਪੰਜ ਸੱਤ ਰੋਟੀਆਂ ਲੈ ਕੇ ਮੁੜ ਆਉਂਦਾ. ਸ਼ਾਇਦ ਉਹ ਇਕੋ ਵੇਲੇ ਰੋਟੀ ਖਾਂਦਾ ਹੋਵੇ ਜਾਂ ਦਿਨ ਵੇਲੇ ਮੰਗੀਆਂ ਰੋਟੀਆਂ ਵਿਚੋਂ ਰਾਤ ਲਈ ਵੀ ਰੱਖ ਲੈਂਦਾ ਹੋਵੇ. ਹਫਤੇ ਕੁ ਮਗਰੋਂ ਉਹ ਸਾਡੇ ਘਰੋਂ ਵੀ ਇਕ ਰੋਟੀ ਲੈ ਕੇ ਜਾਂਦਾ ਹੁੰਦਾ ਸੀ. ਸ਼ਾਇਦ ਦੂਜਿਆਂ ਘਰਾਂ ਤੋਂ ਵੀ ਉਹ ਵਾਰੀ ਸਿਰ ਇਕੋ ਰੋਟੀ ਲੈ ਕੇ ਜਾਂਦਾ ਹੋਵੇ! 
    ਉਹ ਝਾੜ ਫੂਕ ਦਾ ਕੰਮ ਵੀ ਕਰਦਾ ਸੀ. ਜੇ ਕਿਸੇ ਮਾਈ ਦੀ ਮੱਝ ਨਾ ਮਿਲਦੀ ਤਾਂ ਉਹ ਉਸ ਕੋਲੋਂ ਪਾਣੀ ਕਰਵਾਉਣ ਆਉਂਦੀ. ਸਾਧ ਆਪਣੇ ਹੱਥ ਉੱਤੇ ਪਾਣੀ ਵਾਲੀ ਗੜਵੀ ਰੱਖ ਕੇ ਕੋਈ ਮੰਤਰ ਪੜ੍ਹਦਾ ਤੇ ਫੇਰ ਪੰਜ ਸੱਤ ਫੂਕਾਂ ਮਾਰ ਕੇ ਮਾਈ ਨੂੰ ਫੜਾ ਕੇ ਕਹਿੰਦਾ, "ਜਾਹ! ਲੁੱਟ ਮੌਜਾਂ!" ਜੇ ਕਿਸੇ ਜੁਆਕ ਦੇ ਖਸਰਾ ਜਾਂ ਪਾਣੀ ਝਾਰਾ ਨਿਕਲਿਆ ਹੁੰਦਾ ਤਾਂ ਮਾਈਆਂ ਉਸ ਕੋਲ ਜੁਆਕ ਨੂੰ ਲੈ ਕੇ ਆਉਂਦੀਆਂ. ਉਹ ਕਿਸੇ ਨੂੰ ਦਾਤੀ ਨਾਲ ਤੇ ਕਿਸੇ ਨੂੰ ਅੱਕ ਦੀ ਟਾਹਣੀ ਨਾਲ ਹੱਥ ਹੌਲਾ ਕਰਦਾ ਤੇ ਫੇਰ ਜੁਆਕ ਦੇ ਮੱਥੇ 'ਤੇ ਪੰਜ ਸੱਤ ਫੂਕਾਂ ਮਾਰ ਕੇ ਕਹਿੰਦਾ, "ਜਾਹ, ਲੁੱਟ ਮੌਜਾਂ." 'ਲੁੱਟ ਮੌਜਾਂ' ਉਹਦਾ ਤਕੀਆ ਕਲਾਮ ਸੀ. ਉਹ ਕਿਸੇ ਕੋਲੋਂ ਪੈਸਾ ਟਕਾ ਜਾਂ ਲੀੜਾ ਲੱਤਾ ਕੁਝ ਨਹੀਂ ਸੀ ਲੈਂਦਾ. 
     ਉਹ ਸਾਧ ਗੁੱਸੇ ਖੋਰ ਵੀ ਬਹੁਤ ਸੀ. ਜੇ ਕੋਈ ਨਿਆਣਾ ਜਾਂ ਗਭਰੇਟ ਉਸ ਨੂੰ ਮਖੌਲ ਨਾਲ ਇਹ ਕਹਿ ਦਿੰਦਾ, "ਬਾਵਾ, ਹਅ, ਤੂੰ ਆਪਣੀ ਢੂਹੀ ਅੰਦਰ ਕੀ ਲਕੋਇਐ?" ਤਾਂ ਉਹ ਉਸ ਨੂੰ ਬਹੁਤ ਹੀ ਭੈੜੀਆਂ ਗਾਲ੍ਹਾਂ ਕੱਢਦਾ. ਕਈ ਮਨਚਲੇ ਤਾਂ ਉਸ ਦੀਆਂ ਗਾਲ੍ਹਾਂ ਸੁਣਨ ਦੇ ਮਾਰੇ ਹੀ ਉਸ ਨੂੰ ਕੋਈ ਟਿੱਚਰ ਮਖੌਲ ਕਰ ਦਿੰਦੇ. ਉਹ ਪਤੱ ਨਹੀਂ ਕਿਵੇਂ ਅੁਚੱ ਸੁਣਦੱ ਹੋਣ ਦੇ ਬੱਵਜੂਦ ਵੀ ਬੰਦੇ ਦੀ ਪੈੜ ਚਾਲ ਤੋਂ ਹੀ ਉਸ ਨੂੰ ਪਛਾਣ ਲੈਂਦਾ ਸੀ. ਜਿਸ ਕਿਸੇ ਨੇ ਕਦੀ ਉਸ ਨੂੰ ਮਖੌਲ ਕੀਤਾ ਹੁੰਦਾ ਤਾਂ ਉਹ ਉਸ ਦੀ ਪੈੜ ਚਾਲ ਸੁਣਦਿਆਂ ਹੀ ਗਾਲ੍ਹਾਂ ਕੱਢਣ ਲੱਗ ਜਾਂਦਾ. ਪਰ ਬਹੁਤਾ ਸਮਾਂ ਉਹ ਆਪਣੀ ਮੌਜ ਵਿਚ ਹੀ ਮਸਤ ਰਹਿੰਦਾ. 
     ਇਕ ਦਿਨ ਉਹ ਘਰਾਂ 'ਚੋਂ ਰੋਟੀਆਂ ਮੰਗਣ ਜਾ ਰਿਹਾ ਸੀ ਕਿ ਇਕ ਗਾਂ ਨੇ ਉਸ ਨੂੰ ਢੁੱਡ ਮਾਰ ਕੇ ਧਰਤੀ 'ਤੇ ਸੁੱਟ ਦਿੱਤਾ. ਉਸ ਦਾ ਚੂਕਣਾ ਟੁੱਟ ਗਿਆ. ਉਸ ਨੂੰ ਚਾਰ ਬੰਦੇ ਚੁੱਕ ਕੇ ਉਹਦੀ ਕੋਠੜੀ ਵਿਚ ਲੈ ਆਏ ਤੇ ਪਿੰਡ ਦੇ ਇਕ ਸਿਆਣੇ ਨੇ ਉਸ ਦਾ ਚੂਕਣਾ ਬੰਨ੍ਹ ਦਿੱਤਾ. ਉਹ ਆਪਣੀ ਕੋਠੜੀ ਵਿਚ ਪਿਆ ਕੁਰਲਾ ਰਿਹਾ ਕਿ ਉਹਦੇ ਗੁਆਂਢੀ ਬੁੜ੍ਹੇ ਬਿਸ਼ਨੇ ਨੇ ਉਸ ਦੀ ਸੇਵਾ ਸੰਭਾਲ ਕੀਤੀ. ਉਸ ਨੇ ਧਰਮਸ਼ਾਲਾ ਦੇ ਇਕ ਖੂੰਜੇ ਵਿਚ ਉਹਦੇ ਹਾਜਤ ਰਫਾ ਕਰਨ ਜਾਣ ਵਾਸਤੇ ਕੱਚੀਆਂ ਇੱਟਾਂ ਦਾ ਇਕ ਵਲਗਣ ਜਿਹਾ ਕਰ ਦਿੱਤਾ ਸੀ. ਬਿਸ਼ਨਾ ਬੁੜ੍ਹਾ ਆਪਣੇ ਘਰੋਂ ਰੋਟੀ ਲੈ ਕੇ ਜਾਣ ਲੱਗਾ ਪਰ ਹਰੀ ਦਾਸ ਸਾਰੀ ਦਿਹਾੜੀ ਵਿਚ ਇਕੋ ਰੋਟੀ ਖਾਂਦਾ. ਉਹ ਆਪਣੀ ਪਹਿਲਾਂ ਤੋਂ ਪਾਈ ਪ੍ਰਿਤ, ਇਕੋ ਘਰ ਦੀ ਰੋਟੀ ਨਾ ਖਾ ਕੇ ਪੰਜ ਸੱਤ ਘਰਾਂ ਤੋਂ ਮੰਗ ਕੇ ਲਿਆਂਦੀਆਂ ਰੋਟੀਆਂ ਖਾਣੀਆਂ, ਨੂੰ ਨਹੀਂ ਸੀ ਬਦਲਣੀ ਚਾਹੁੰਦਾ. ਇਸ ਲਈ ਕੁਝ ਘਰਾਂ ਵੱਲੋਂ ਇਕ ਇਕ ਰੋਟੀ ਉਸ ਦੀ ਕੋਠੜੀ ਵਿਚ ਹੀ ਪਹੁੰਚਾਈ ਜਾਣ ਲੱਗੀ. ਹਰੀ ਦਾਸ ਨੂੰ ਰੋਟੀ ਦੇਣ ਵਾਲੇ ਇਹਨਾਂ ਕੁਝ ਘਰਾਂ ਵਿਚ ਇਕ ਸਾਡਾ ਘਰ ਵੀ ਸੀ. ਮੇਰੀ ਮਾਂ ਧਾਰਮਿਕ ਵਿਚਾਰਾਂ ਵਾਲੀ ਹੋਣ ਕਰਕੇ ਭੁੱਖੇ, ਨੰਗੇ, ਸਾਧੂ ਸੰਤਾਂ ਜਾਂ ਮੰਗਤਿਆਂ ਨੂੰ ਭੋਜਨ ਤੇ ਭੋਸ਼ਣ ਦੇਣਾ ਪੁੰਨ ਸਮਝਦੀ ਸੀ, ਇਸੇ ਕਰਕੇ ਸਾਡੇ ਘਰੋਂ ਗੁਰਦਵਾਰੇ ਵਾਲਾ ਭਾਈ ਬਿਲਾ ਨਾਗਾ ਸਵੇਰ ਵੇਲੇ ਗਜਾ ਕਰਨ ਆਉਂਦਾ ਸੀ ਤੇ ਆਥਣ ਵੇਲੇ ਹਰੀ ਦਾਸ ਨੂੰ ਰੋਟੀ ਜਾਣ ਲੱਗ ਪਈ ਸੀ, ਇਹ ਵੱਖਰੀ ਗੱਲ ਹੈ ਕਿ ਸਾਨੂੰ, ਬੱਚਿਆਂ ਨੂੰ, ਕੁਝ ਮਿਲੇ ਜਾਂ ਨਾ ਮਿਲੇ ਪਰ ਸਾਧਾਂ, ਸੰਤਾਂ ਤੇ ਮੰਗਤਿਆਂ ਦੀ ਬਗਲੀ ਵਿਚ ਕੁਝ ਨਾ ਕੁਝ ਜ਼ਰੂਰ ਪੈ ਜਾਂਦਾ ਸੀ. 
    ਸਮਾਂ ਪਾ ਕੇ ਹਰੀ ਦਾਸ ਦਾ ਚੂਕਣਾ ਤਾਂ ਜੁੜ ਗਿਆ ਪਰ ਉਹ ਹੁਣ ਬਹੁਤਾ ਤੁਰ ਫਿਰ ਨਹੀਂ ਸੀ ਸਕਦਾ. ਕੋਠੜੀ ਅੰਦਰ ਆਪਣੇ ਤਖਤਪੋਸ਼ 'ਤੇ ਹੀ ਪਿਆ ਰਹਿੰਦਾ. ਉਹਦੇ ਲਈ ਤੁਰਨਾ ਫਿਰਨ ਬਹੁਤ ਔਖਾ ਹੋ ਗਿਆ ਸੀ, ਇਸ ਕਰਕੇ ਉਸ ਦੀ ਕੋਠੜੀ ਵਿਚ ਰੋਟੀ ਪਹੁੰਚਾਉਣ ਦਾ ਸਿਲਸਲਾ ਪਹਿਲਾਂ ਵਾਂਗ ਹੀ ਜਾਰੀ ਰਿਹਾ. ਸਾਡੇ ਘਰੋਂ ਉਸ ਨੂੰ ਰੋਟੀ ਦੇਣ ਜਾਣ ਦੀ ਡਿਉਟੀ ਮੇਰੀ ਲੱਗ ਗਈ ਹੋਈ ਸੀ. ਧਰਮਸ਼ਾਲਾ ਸਾਡੇ ਘਰ ਤੋਂ ਕੁਝ ਹੀ ਦੂਰੀ 'ਤੇ ਸੀ ਪਰ ਫਿਰ ਵੀ ਮੈਂ ਹਨੇਰੇ ਹੋਏ ਉਥੇ ਜਾਣੋ ਡਰਦਾ ਸੀ. ਮੇਰੀ ਕੋਸ਼ਸ਼ ਹੁੰਦੀ ਕਿ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਧਰਮਸ਼ਾਲਾ ਵਿਚ ਰੋਟੀ ਫੜਾ ਆਵਾਂ. ਆਮ ਤੌਰ 'ਤੇ ਮੇਰੀ ਮਾਂ ਪਹਿਲੀ ਭਾਰੀ ਰੋਟੀ ਧਰਮਸ਼ਾਲਾ ਵਾਲੇ ਸਾਧ ਲਈ ਹੀ ਪਕਾਉਂਦੀ. ਮੈਂ ਰੋਟੀ ਪੋਣੇ ਵਿਚ ਲਪੇਟਦਾ, ਦਾਲ ਨਿੱਕੀ ਜਿਹੀ ਬੰਗਣੇ ਵਾਲੀ ਗੜਵੀ ਵਿਚ ਪਾਉਂਦਾ ਅਤੇ ਭੱਜ ਕੇ ਧਰਮਸ਼ਾਲਾ ਵਿਚ ਪਹੁੰਚ ਜਾਂਦਾ. ਅਗਾਂਹ ਸਾਧ ਕੋਲ ਜਾ ਕੇ ਉੱਚੀ ਅਵਾਜ਼ ਵਿਚ ਕਹਿੰਦਾ, "ਹਰੀ ਦਾਸਾ, ਲੈ ਰੋਟੀ." ਉਹ ਬਿਨਾਂ ਬੋਲੇ ਤਖਤਪੋਸ਼ ਹੇਠੋਂ ਆਪਣੀ ਚਿੱਪੀ ਚੁਕਦਾ ਤੇ ਉਸ ਵਿਚ ਦਾਲ ਪੁਆ ਲੈਂਦਾ. ਫਿਰ ਰੋਟੀ ਨੂੰ ਹੱਥ ਵਿਚ ਫੜ ਕੇ ਉਸ ਦੀਆਂ ਨਿੱਕੀਆਂ ਬੁਰਕੀਆਂ ਕਰਦਾ, ਉਹਨਾਂ ਨੂੰ ਦਾਲ ਵਿਚ ਪਾ ਕੇ ਰੱਖ ਲੈਂਦਾ ਤੇ ਮੈਨੂੰ ਕਹਿੰਦਾ, "ਜਾਹ, ਲੁੱਟ ਮੌਜਾਂ." ਜੇ ਪਹਿਲਾਂ ਹੀ ਚਿੱਪੀ ਵਿਚ ਬੁਰਕੀਆਂ ਕੀਤੀਆਂ ਰੋਟੀਆਂ ਪਈਆਂ ਹੁੰਦੀਆਂ ਤਾਂ ਉਹ ਸਾਰੀਆਂ ਨੂੰ ਹੱਥ ਨਾਲ ਗੁੰਨ੍ਹ ਲੈਂਦਾ ਤੇ ਫੇਰ ਖਾਂਦਾ. ਜੇ ਰੋਟੀ ਨਾਲ ਦਾਲ ਨਾ ਹੁੰਦੀ ਤਾਂ ਉਹ ਰੋਟੀ ਦੇ ਟੁਕੜੇ ਕਰ ਕੇ ਆਪਣੀ ਚਿੱਪੀ ਵਿਚ ਰੱਖ ਲੈਂਦਾ ਤੇ ਮੈਨੂੰ ਕਹਿੰਦਾ, "ਜਾਹ, ਲੁੱਟ ਮੌਜਾਂ." ਉਹਦੇ ਮੂੰਹ ਵਿਚ ਦੰਦ ਨਾ ਹੋਣ ਕਰਕੇ ਉਹ ਸਾਰੇ ਘਰਾਂ ਵਿਚੋਂ ਆਈਆਂ ਰੋਟੀਆਂ ਇਕੱਠੀਆਂ ਦਾਲ ਵਿਚ ਗੁੰਨ੍ਹ ਕੇ ਖਾਂਦਾ.
    ਹਾਜਤ ਰਫਾ ਕਰਨ ਜਾਣਾ ਵੀ ਉਹਦੇ ਲਈ ਔਖਾ ਸੀ. ਉਹ ਬੜੀ ਮੁਸ਼ਕਲ ਨਾਲ, ਇਸ ਕੰਮ ਲਈ ਕੀਤੇ ਹੋਏ ਵਲਗਣ ਵਿਚ ਪਹੁੰਚਦਾ ਸੀ. ਪਿਸ਼ਾਬ ਉਹ ਕੋਠੜੀ ਦੇ ਮੂਹਰੇ ਖੜਾ ਹੋ ਕੇ ਹੀ ਕਰ ਲੈਂਦਾ. ਜੇ ਕਿਤੇ ਮੈਂ ਉਸ ਨੂੰ ਕੰਧ ਨਾਲ ਖੜ੍ਹੇ ਦੇਖਦਾ ਤਾਂ ਚਿੱਪੀ ਵਿਚ ਦਾਲ ਪਾਉਂਦਾ ਤੇ ਚਿੱਪੀ ਉਪਰ ਰੋਟੀ ਰੱਖਦਾ ਤੇ ਕੋਠੜੀ ਦਾ ਬੂਹਾ ਭੇੜ ਕੇ ਕਹਿੰਦਾ, "ਹਰੀ ਦਾਸਾ, ਅਹੁ ਤੇਰੀ ਰੋਟੀ ਪਈ ਆ." ਤੇ ਵਾਪਸ ਆ ਜਾਂਦਾ. ਉਹ ਪਿਸ਼ਾਬ ਕਰਨ ਲੱਗਾ ਅੱਧਾ ਅੱਧਾ ਘੰਟਾ ਲਾ ਦਿੰਦਾ ਸੀ. ਜਿਵੇਂ ਮਾਵਾਂ ਨਿੱਕੇ ਬੱਚੇ ਨੂੰ ਸੀਟੀ ਮਾਰ ਕੇ ਸੂ ਸੂ ਕਰਵਾਉਂਦੀਆਂ ਹਨ, ਉਹ ਵੀ ਪਿਸ਼ਾਬ ਕਰਦਾ ਹੋਇਆਂ ਆਪਣੇ ਬੁੱਲ੍ਹਾਂ ਨਾਲ ਸੀਟੀਆਂ ਮਾਰਦਾ ਰਹਿੰਦਾ ਪਰ ਪਿਸ਼ਾਬ ਫਿਰ ਵੀ ਨਹੀਂ ਸੀ ਉਤਰਦਾ. ਕਈ ਵਾਰ ਮੈਂ ਆਪਣੇ ਕਿਸੇ ਆੜੀ ਨੂੰ ਨਾਲ ਲੈ ਜਾਂਦਾ ਤੇ ਉਸ ਨੂੰ ਇਹ ਤਮਾਸ਼ਾ ਦਿਖਾਉਂਦਾ. ਅਸੀਂ ਉਸ ਨੁੰ ਦੇਖ ਦੇਖ ਮੁਸਕੜੀਏਂ ਹਸਦੇ ਤੇ ਕਈ ਵਾਰ ਅਸੀਂ ਆਪ ਵੀ ਸੀਟੀਆਂ ਮਾਰ ਮਾਰ ਪਿਸ਼ਾਬ ਕਰਦੇ. ਕਈ ਵਾਰ ਮੈਂ ਉਸ ਨੂੰ ਪਿਸ਼ਾਬ ਕਰਦੇ ਹੋਏ ਰੋਂਦਿਆਂ ਤੇ ਰੱਬ ਨੂੰ ਗਾਲ੍ਹਾਂ ਕੱਢਦਿਆਂ ਦੇਖਿਆ ਤੇ ਸੁਣਿਆ ਸੀ. ਉਸ ਵੇਲੇ ਮੈਨੂੰ ਇਹ ਗਿਆਨ ਨਹੀਂ ਸੀ ਕਿ ਉਸ ਨੂੰ ਕੋਈ ਪਿਸ਼ਾਬ ਦੀ ਬਿਮਾਰੀ ਵੀ ਹੋ ਸਕਦੀ ਹੈ. ਹੁਣ ਮੈਂ ਸੋਚਦਾ ਹਾਂ ਕਿ ਉਸ ਦੇ ਮਸਾਨੇ ਵਿਚ ਪਥਰੀ ਜਾਂ ਉਸ ਦੇ ਪਰਾਸਟੇਟ ਵਧੇ ਹੋਏ ਹਣਗੇ. ਪਿਸ਼ਾਬ ਰੁਕ ਰੁਕ ਕੇ ਆਉਂਦਾ ਹੋਵੇਗਾ ਤੇ ਦਰਦ ਵੀ ਹੁੰਦਾ ਹੋਵੇਗਾ, ਜਿਹੜਾ ਉਸ ਲਈ ਅਸਹਿ ਹੋਵੇਗਾ. ਪਰ ਮੇਰੇ ਦਿਲ ਵਿਚ ਉਸ ਸਮੇਂ ਉਹਦੇ ਲਈ ਕੋਈ ਹਮਦਰਦੀ ਨਹੀਂ ਸੀ.
    ਕਈ ਵਾਰ ਮੈਨੂੰ ਆਪਣੀ ਪਿਆਰੀ ਖੇਡ ਛੱਡ ਕੇ ਵੀ ਉਸ ਸਾਧ ਦੀ ਰੋਟੀ ਲੈ ਜਾਣੀ ਪੈਂਦੀ ਸੀ ਤੇ ਕਦੀ ਭੈੜੇ ਮੌਸਮ ਵਿਚ ਵੀ ਜਾਣਾ ਪੈਂਦਾ ਸੀ. ਹਨੇਰੀ ਵਗਦੀ ਹੋਵੇ ਜਾਂ ਮੀਂਹ ਪੈਂਦਾ ਹੋਵੇ ਤਾਂ ਵੀ ਰੋਟੀ ਨੂੰ ਨਾਗਾ ਨਹੀਂ ਸੀ ਪਾਇਆ ਜਾ ਸਕਦਾ. ਮਾਂ ਦਾ ਕਹਿਣਾ ਹੁੰਦਾ ਸੀ, ਭੁੱਖਾ ਦਰਵੇਸ਼ ਦੁਰ'ਸੀਸਾਂ ਦਿਊਗਾ' ਪਰ ਮੈਨੂੰ ਉਸ ਵੇਲੇ ਉਹ ਸਾਧ ਬਹੁਤ ਭੈੜਾ ਲਗਦਾ ਤੇ ਮੈਂ ਸੋਚਦਾ, 'ਇਹ ਮਰ ਕਿਉਂ ਨਹੀਂ ਜਾਂਦਾ!'  
   ਇਕ ਵਾਰ ਪੋਹ ਦੇ ਮਹੀਨੇ ਬਹੁਤ ਠੱਕਾ ਵਗ ਰਿਹਾ ਸੀ ਤੇ ਛੜਾਕੇ ਦਾ ਮੀਂਹ ਵੀ ਪੈ ਰਿਹਾ ਸੀ. ਆਥਣੇ ਜਿਹੇ ਜਦੋਂ ਮੀਂਹ ਰਤਾ ਕੁ ਬੰਦ ਹੋਇਆ ਤਾਂ ਮਾਂ ਨੇ (ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਖੇਤੋਂ ਪਸ਼ੂਆਂ ਲਈ ਚਾਰਾ ਲੈਣ ਤੋਰ ਦਿੱਤਾ. ਠੁਰ ਠੁਰ ਕਰਦੇ ਅਸੀਂ ਟਾਹਲੀ ਵਾਲੇ ਖੇਤ ਗਏ ਤੇ ਕਣਕ ਵਿਚੋਂ ਕਮਲੀ ਸਰ੍ਹੋਂ (ਓਲ਼ੀਆਂ ਤੋਂ ਬਾਹਰ ਕਣਕ ਵਿਚ ਬੀਜੀ ਸਰ੍ਹੋਂ ਨੂੰ ਕਮਲੀ ਸਰ੍ਹੋਂ ਕਹਿੰਦੇ ਹਨ) ਪੁੱਟ ਕੇ ਲੈ ਆਏ. ਠੰਡ ਨਾਲ ਸਾਡਾ ਬੁਰਾ ਹਾਲ ਹੋਇਆ ਪਿਆ ਸੀ ਤੇ ਭੁੱਖ ਵੀ ਲੋੜ੍ਹੇ ਦੀ ਲੱਗੀ ਹੋਈ ਸੀ. ਅਜੇ ਅਸੀਂ ਹੱਥ ਪੈਰ ਧੋ ਕੇ ਜੁੱਲੀਆਂ ਵਿਚ ਵੜੇ ਹੀ ਸੀ ਕਿ ਮਾਂ ਦੀ ਅਵਾਜ਼ ਆਈ, "ਵੇ ਜਰਨੈਲ, ਆਹ ਦੇਖ ਕਿਵੇਂ ਕਾਲ਼ੀ ਘਟਾ ਚੜ੍ਹੀ ਆਉਂਦੀ ਐ. ਮੀਂਹ ਤੋਂ ਪਹਿਲਾਂ ਪਹਿਲਾਂ ਹਰੀ ਦਾਸ ਨੂੰ ਰੋਟੀ ਦੇ ਆ."
"ਹੁਣੇ ਮੈਂ ਖੇਤੋਂ ਆਇਆਂ. ਕਿਸੇ ਹੋਰ ਨੂੰ ਘੱਲ ਦੇ, ਮੈਨੂੰ ਤਾਂ ਪਾਲ਼ਾ ਲਗਦੈ ਤੇ ਮੈਨੂੰ ਭੁੱਖ ਵੀ ਲੱਗੀ ਐ, ਮੈਂ ਪਹਿਲਾਂ ਰੋਟੀ ਖਾਣੀ ਐ." ਮੈਂ ਜੁੱਲੜ ਵਿਚ ਬੈਠੇ ਨੇ ਅੰਦਰੋਂ ਹੀ ਜਵਾਬ ਦਿੱਤਾ.
"ਹੋਰ ਕੌਣ ਜਾਊ ਐਸ ਵੇਲੇ! ਸਿੱਧਾ ਹੋ ਕੇ ਰੋਟੀ ਲੈ ਜਾਹ, ਚੁੱਪ ਕਰਕੇ. ਹੋਰ ਨਾ ਮੇਰੇ ਕੋਲੋਂ ਧਨੇਸੜੇ ਖਾ ਲਵੇਂ." ਮਾਂ ਨੇ ਦਬਕਾ ਮਾਰਿਆ. ਮੈਂ ਅਣਮਨੇ ਜਿਹੇ ਮਨ ਨਾਲ ਉਠਿਆ ਤੇ ਰਸੋਈ ਵਿਚ ਆ ਗਿਆ. ਗਿੱਲੇ ਬਾਲਣ ਨੂੰ ਫੁਕਾਂ ਮਾਰ ਮਾਰ ਕੇ ਮਾਂ ਦਾ ਵੀ ਬੁਰਾ ਹਾਲ ਹੋਇਆ ਪਿਆ ਸੀ. ਕੋਈ ਕੋਈ ਕਣੀ ਵੀ ਡਿੱਗਣ ਲੱਗ ਪਈ ਸੀ. ਮੇਰਾ ਪਹਿਲਾਂ ਰੋਟੀ ਖਾਣ ਲਈ ਕਹਿਣ ਨ ਨੂੰ ਮਨ ਨਾ ਕੀਤਾ. ਮਾਂ ਨੇ ਨਿੱਕੀ ਜਿਹੀ ਬੰਗਣੇ ਵਾਲੀ ਗੜਵੀ ਵਿਚ ਦਾਲ ਪਾ ਕੇ ਇਕ ਦੀ ਥਾਂ ਦੋ ਰੋਟੀਆਂ ਪੋਣੇ ਵਿਚ ਲਪੇਟ ਕੇ ਮੈਨੂੰ ਫੜਾ ਦਿੱਤੀਆ. ਮਾਂ ਦਾ ਕਹਿਣਾ ਸੀ ਕਿ ਅਜੇਹੇ ਮੌਸਮ ਵਿਚ ਕਿਸੇ ਹੋਰ ਘਰੋਂ ਰੋਟੀ ਆਉਣੋ ਰਹਿ ਸਕਦੀ ਹੈ. ਮੈਂ ਰੋਟੀ ਲੈ ਕੇ ਘਰੋਂ ਪੰਜਾਹ ਕੁ ਗਜ਼ ਦੀ ਵਿੱਥ 'ਤੇ ਅਜੇ ਹਰਦਵਾਰੀ ਦੀ ਹੱਟੀ ਸਾਹਮਣੇ ਹੀ ਗਿਆ ਸੀ ਕਿ ਜੋਰਦਾਰ ਛੜਾਕੇ ਦਾ ਮੀਂਹ ਆ ਗਿਆ. ਤੇਜ ਹਵਾ ਤਾਂ ਪਹਿਲਾਂ ਹੀ ਵਗ ਰਹੀ ਸੀ. ਮੈਂ ਭੱਜ ਕੇ ਮਾਘੀ ਕੇ ਦਰਵਾਜ਼ੇ ਮੂਹਰੇ ਇਕ ਖੂੰਜੇ ਵਿਚ ਲੱਗ ਕੇ ਖੜ੍ਹ ਗਿਆ. ਹਵਾ ਨਾਲ ਘੁੰਮਕੇ ਆਉਂਦੇ ਮੀਂਹ ਦੇ ਤੇਜ ਛੜਾਕੇ ਮੈਨੂੰ ਭਿਉਂ ਰਹੇ ਸਨ. ਇਕ ਭੁੱਖ ਨੇ ਵੀ ਮੇਰਾ ਬੁਰਾ ਹਾਲ ਕੀਤਾ ਹੋਇਆ ਸੀ. ਮੈਨੂੰ ਮਾਂ ਤੇ ਸਾਧ ਉਪਰ ਅੰਤਾਂ ਦਾ ਗੁੱਸਾ ਆ ਰਿਹਾ ਸੀ. ਉਥੇ ਖੜ੍ਹੇ ਦੀ ਮੇਰੀ ਭੁੱਖ ਹੋਰ ਵੀ ਚਮਕ ਗਈ ਸੀ. ਮੈਂ ਬਿਨਾਂ ਸੋਚੇ ਸਮਝੇ  ਦੋਵੇਂ ਰੋਟੀਆਂ ਰੁੱਖੀਆਂ ਹੀ ਚੱਬ ਲਈਆਂ ਤੇ ਗੜਵੀ ਨੂੰ ਚਿੱਗੀ ਲਾ ਕੇ ਦਾਲ ਵੀ ਪੀ ਲਈ. ਪੋਣੇ ਨਾਲ ਮੂੰਹ ਸਵਾਰ ਕੇ ਮੈਂ ਘਰ ਮੁੜ ਆਇਆ. 
    ਘਰ ਮੁੜਿਆ ਦੇਖ ਮਾਂ ਨੇ ਕਿਹਾ, "ਪਹਿਲੇ ਬੋਲ ਤਾਂ ਆਖੇ ਲੱਗਣ ਨਾ ਹੋਇਆ. ਘੈਂਟਾ ਔਲੀਆਂ ਬਲੌਲੀਆਂ ਵਿਚ ਈ ਨੰਘਾ ਦਿੱਤਾ. ਜੇ ਉਦੋਂ ਈ ਰੋਟੀ ਲੈ ਜਾਂਦਾ ਤਾਂ ਭਿਜਦਾ ਤਾਂ ਨਾ."
    ਮੈਂ ਕੁਝ ਨਾ ਬੋਲਿਆ ਤੇ ਚੁਲ੍ਹੇ ਮੂਹਰੇ ਪਾਥੀ ਉੱਤੇ ਬਹਿ ਗਿਆ. ਮਾ ਨੇ ਕੌਲੀ ਵਿਚ ਦਾਲ ਪਾ ਕੇ ਦੋ ਰੋਟੀਆਂ ਮੇਰੇ ਹੱਥ ਉਪਰ ਰੱਖ ਦਿੱਤੀਆਂ. ਮੈਂ ਅਰਾਮ ਨਾਲ ਉਹ ਰੋਟੀਆਂ ਵੀ ਖਾ ਲਈਆਂ. ਮਾਂ ਨੇ ਪੁੱਛਿਆ, "ਹੋਰ ਰੋਟੀ ਲੈਣੀ ਐ?" ਮੈਂ ਹੱਥ ਅਗਾਂਹ ਕਰ ਦਿੱਤਾ. ਉਸ ਨੇ ਇਕ ਰੋਟੀ ਹੋਰ ਮੇਰੇ ਹੱਥ ਉਪਰ ਰੱਖ ਦਿੱਤੀ. ਮੈਂ ਉਹ ਰੋਟੀ ਵੀ ਖਾ ਲਈ ਤੇ ਉਹੀ ਗਿੱਲੇ ਲੀੜੇ ਪਾਈ ਮੰਜੇ ਤੇ ਜਾ ਪਿਆ. ਆਮ ਤੌਰ 'ਤੇ ਮੈਂ ਦੋ ਰੋਟੀਆਂ ਹੀ ਖਾਂਦਾ ਸੀ. ਉਸ ਦਿਨ ਪੰਜ ਰੋਟੀਆਂ ਅਰਾਮ ਨਾਲ ਖਾ ਲਈਆਂ ਤੇ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਕੁਝ ਜ਼ਿਆਦਾ ਖਾਧਾ ਗਿਆ ਹੈ. ਮੈਨੂੰ ਕਿਸੇ ਗੁਨਾਹ ਦਾ ਅਹਿਸਾਸ ਵੀ ਨਹੀਂ ਹੋਇਆ ਕਿ ਮਾਂ ਨੇ ਤਾਂ ਸਾਧ ਨੂੰ ਇਸ ਲਈ ਦੋ ਰੋਟੀਆਂ ਘੱਲੀਆਂ ਸਨ ਕਿ ਕਿਸੇ ਹੋਰ ਘਰੋਂ ਰੋਟੀ ਨਾ ਆਈ ਤਾਂ ਉਹ ਭੁੱਖਾ ਨਹੀਂ ਰਹੇਗਾ ਪਰ ਮੈਂ ਉਸ ਦੇ ਹਿੱਸੇ ਦੀਆਂ ਰੋਟੀਆਂ ਖਾ ਕੇ ਘਰ ਜਾ ਕੇ ਆਪਣੇ ਹਿੱਸੇ ਤੋਂ ਵੀ ਇਕ ਰੋਟੀ ਵੱਧ ਖਾ ਲਈ ਸੀ ਤਾਂ ਕਿ ਘਰਦਿਆਂ ਨੂੰ ਇਹ ਪਤਾ ਨਾ ਲੱਗ ਜਾਵੇ ਬਈ ਮੈਂ ਸਾਧ ਵਾਲੀਆਂ ਰੋਟੀਆਂ ਖਾ ਲਈਆਂ ਹਨ.
   ਇਹ ਸਾਧ ਦੀ ਰੋਟੀ ਖਾਣ ਵਾਲੀ ਚੋਰੀ ਕਈ ਵਾਰ ਮੈਨੂੰ ਗੁਨਾਹ ਦਾ ਅਹਿਸਾਸ ਕਰਾਉਂਦੀ ਅਤੇ ਦਿਲ ਕਰਦਾ ਕਿ ਮੈਂ ਆਪਣੇ ਕਿਸੇ ਦੋਸਤ ਨੂੰ ਇਸ ਬਾਰੇ ਦੱਸ ਦਿਆਂ ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦਾ ਕਿ ਸੁਣਨ ਵਾਲੇ ਨੇ ਮੇਰਾ ਗੁੱਡਾ ਬੰਨ੍ਹ ਦੇਣਾ ਹੈ. ਜਦੋਂ ਜਨਰਲ ਮੋਹਣ ਸਿੰਘ ਨੇ ਇਹ ਕਿਹਾ ਸੀ ਕਿ Ḕਖਾਣ ਪੀਣ ਵਸਤੂ ਚੋਰੀ ਕਰ ਕੇ ਖਾ ਲੈਣੀ, ਕੋਈ ਚੋਰੀ ਨਹੀਂ ਹੁੰਦੀḔ ਤਾਂ ਮੇਰੇ ਸਿਰੋਂ ਇਹ ਭਾਰ ਲਹਿ ਗਿਆ ਸੀ ਕਿ ਮੈਨੂੰ ਭੁੱਖ ਲੱਗੀ ਸੀ ਮੈਂ ਉਹ ਰੋਟੀ ਖਾ ਕੇ ਕੋਈ ਗੁਨਾਹ ਨਹੀਂ ਕੀਤਾ. ਪਰ ਹੁਣ ਜਦੋਂ 65, 66, ਸਾਲ ਬਾਅਦ, ਰਾਤੀਂ ਸੁਪਨੇ ਵਿਚ ਮੈਂ ਡੰਗੋਰੀ ਵਾਲੇ ਭੈੜੇ ਜਿਹੇ ਬੰਦੇ ਨੂੰ ਦੇਖਿਆ ਤਾਂ ਮੈਨੂੰ ਖਿਆਲ ਆਇਆ ਕਿ ਜਨਰਲ ਮੋਹਣ ਸਿੰਘ ਤੇ ਮੇਰੀ ਬੁੱਧੀ ਦੀਆਂ ਦਲੀਲਾਂ ਨੂੰ ਮੇਰੇ ਮਨ ਨੇ ਕਬੂਲ ਨਹੀਂ ਕੀਤਾ. ਹਰੀ ਦਾਸ ਸਾਧ ਦੇ ਹਿੱਸੇ ਦੀ ਖਾਧੀ ਰੋਟੀ ਦੇ ਗੁਨਾਹ ਦਾ ਅਹਿਸਾਸ ਮੇਰੇ ਅਚੇਤ ਮਨ ਦੇ ਕੋਨੇ ਵਿਚ ਕਿਤੇ ਪਿਆ ਰਹਿ ਗਿਆ ਹੋਵੇਗਾ, ਜਿਹੜਾ ਹੁਣ ਸੁਪਨੇ ਵਿਚ ਪ੍ਰਗਟ ਹੋਇਆ ਜਾਪਦਾ ਹੈ.