ਲੋਕ-ਮਨ ਮੰਥਨ
(ਪੁਸਤਕ ਪੜਚੋਲ )
ਪੁਸਤਕ : ਲੋਕ-ਮਨ ਮੰਥਨ
ਲੇਖਕ : ਸ. ਦਲਵੀਰ ਸਿੰਘ ਲੁਧਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਕੀਮਤ ਸਜਿਲਦ : 140 ਰੁਪਏ ਸਫੇ: 112
'ਲੋਕ-ਮਨ ਮੰਥਨ' ਸ. ਦਲਵੀਰ ਸਿੰਘ ਲੁਧਿਆਣਵੀ ਦੀ ਨਵ-ਪ੍ਰਕਾਸ਼ਤ ਵਾਰਤਕ ਪੁਸਤਕ ਹੈ। ਪੰਜ ਭਾਗਾਂ ਵਿਚ ਵੰਡੀ ਗਈ ਇਹ ਪੁਸਤਕ ਜਿਥੇ ਲੇਖਕ ਦੇ ਮਨ-ਮਸਤਕ ਵਿਚ ਵਿਦਮਾਨ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਨੈਤਿਕ ਸਰੋਕਾਰਾਂ ਪ੍ਰਤੀ ਉਸ ਦੇ ਸਮਰਪਣ, ਸੁਹਿਰਦਤਾ ਤੇ ਗਹਿਰ-ਗੰਭੀਰਤਾ ਨੂੰ ਪ੍ਰਤੀਬਿੰਬਤ ਕਰਦੀ ਹੈ ਉਥੇ ਇਹ ਵੱਖ-ਵੱਖ ਤਰ੍ਹਾਂ ਦੇ ਖਿਆਲਾਂ, ਵਿਚਾਰਾਂ ਤੇ ਭਾਵਾਂ-ਜਜ਼ਬਿਆਂ ਦੇ ਇਕ ਗੁਲਦਸਤੇ ਵਜੋਂ ਵੀ ਆਪਣਾ ਵਜੂਦ ਧਾਰਦੀ ਦਿੱਸਦੀ ਹੈ।
ਧਰਮ ਤੇ ਸਭਿਆਚਾਰ ਦੇ ਪਹਿਲੇ ਭਾਗ ਵਿਚ ਭਗਤ ਕਬੀਰ ਜੀ, ਖਾਲਸਾ ਪੰਥ ਸਥਾਪਨਾ ਤੇ ਇਸ ਦੀ ਸਿਰਜਨਾ ਪਿੱਛੇ ਕ੍ਰਿਆਸ਼ੀਲ ਉਦੇਸ਼, ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੰਖੇਪ ਜੀਵਨ ਤੇ ਉਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਅਤੇ ਉਨ੍ਹਾਂ ਦੀ ਸ਼ਹਾਦਤ, ਪੰਜਾਬੀ ਬੋਲੀ ਅਤੇ ਸਭਿਆਚਾਰ ਪ੍ਰਤੀ ਉਸਾਰੂ ਚਿੰਤਨ ਪ੍ਰਸਤੁਤ ਕੀਤਾ ਗਿਆ ਹੈ।
ਖੇਤੀ ਸਭਿਆਚਾਰ ਦੇ ਭਾਗ ਵਿਚ ਸ਼ਾਮਲ ਛੇ ਲੇਖ 'ਆਖਰੀ ਆਸ, ਵੰਨ-ਸੁਵੰਨੀ ਖੇਤੀ', 'ਪਾਣੀ', 'ਪਸ਼ੂ ਧਨ ਉੱਤਮ ਧਨ', 'ਧਰਤੀ ਨੂੰ ਤਾਪ ਨਾ ਚੜ੍ਹੇ', 'ਪਵਣੁ ਗੁਰੂ ਪਾਣੀ ਪਿਤਾ' ਕਹੋ ਹੀ ਨਾ, ਮੰਨੋ ਵੀ ਅਤੇ 'ਵਾਤਾਵਰਨ ਸੰਭਾਲ ਪਿਆਰੇ' ਮੁੱਖ ਤੌਰ 'ਤੇ ਅਜੋਕੇ ਪੰਜਾਬ ਦੇ ਖੇਤੀ ਸੰਕਟ ਧਰਤੀ ਪ੍ਰਤੀ ਸਾਡੀ ਲਾਪਰਵਾਹੀ ਅਤੇ ਵਾਤਾਵਰਨ ਨਾਲ ਬੇਕਿਰਕੀ ਨਾਲ ਕੀਤੇ ਜਾ ਰਹੇ ਖਿਲਵਾੜ ਦੀ ਨਾ ਸਿਰਫ ਨਿਸ਼ਾਨਦੇਹੀ ਕਰਦੇ ਹਨ ਸਗੋਂ ਅਤਿ ਤੇਜ਼ੀ ਨਾਲ ਹੱਥੋਂ ਲੰਘਦੇ ਜਾ ਰਹੇ 'ਵਕਤ' ਨੂੰ ਹੁਣ ਵੀ ਸੰਭਾਲ ਲੈਣ ਵਾਸਤੇ ਇਕ ਜ਼ੋਰਦਾਰ ਪੁਕਾਰ ਵੀ ਕਰਦੇ ਹਨ। ਇਨ੍ਹਾਂ ਲੇਖਾਂ ਵਿਚ ਵੱਖ-ਵੱਖ ਵਿਸ਼ਿਆਂ ਤੇ ਸਮੱਸਿਆਵਾਂ ਦਾ ਕਾਫੀ ਦੁਹਰਾਉ ਹੈ। ਪਰ ਇਹ ਦੁਹਰਾਉ ਵੀ ਅਪ੍ਰਸੰਗਿਕ ਨਹੀਂ। ਸੁੱਤਿਆਂ ਨੂੰ ਜਗਾਉਣ ਵਾਸਤੇ ਉੱਚੀ ਸੁਰ ਰੱਖਣਾ ਸਮੇਂ ਦੀ ਲੋੜ ਹੈ। ਸਮਾਜਿਕ ਨਵ-ਉਸਾਰੀ ਦੀਆਂ ਵੰਗਾਰਾਂ 'ਚ ਪਦਾਰਥਵਾਦ, ਭਰੂਣ-ਹੱਤਿਆ ਅਤੇ ਕੌਮੀ/ਰਾਸ਼ਟਰੀ ਪੱਧਰ ਦੀਆਂ ਅਣਗਿਣਤ ਜਟਿਲ ਸਮੱਸਿਆਵਾਂ ਨੂੰ ਨਾ ਕੇਵਲ ਉਭਾਰਿਆ ਹੈ ਸਗੋਂ ਉਨ੍ਹਾਂ ਦੇ ਹੱਲ ਲਈ ਮੁੱਲਵਾਨ ਸੁਝਾਅ ਵੀ ਦਿੱਤੇ ਹਨ।
'ਕਦਰਾਂ ਕੀਮਤਾਂ' ਅਤੇ 'ਸਿੱਖਿਆ' ਸਿਰਲੇਖਾਂ ਹੇਠਲੇ ਅੰਤਲੇ ਦੋਨਾਂ ਭਾਗਾਂ ਦੇ ਛੇ ਲੇਖਾਂ ਵਿਚ ਵਰਤਮਾਨ ਲੀਡਰਸ਼ਿਪ, ਸ਼ਰਾਬਨੋਸ਼ੀ ਸੰਬੰਧੀ ਪੰਜਾਬ ਦੀ ਮੌਜੂਦਾ ਦਸ਼ਾ, ਵਰਤਮਾਨ ਸਮੇਂ ਨੈਤਿਕ ਸਿੱਖਿਆ ਦੀ ਬੇਹੱਦ ਲੋੜ ਅਤੇ ਮੌਜੂਦਾ ਸਿੱਖਿਆ ਸੰਬੰਧੀ ਦਸ਼ਾ ਉੱਪਰ ਗੰਭੀਰ ਚਿੰਤਨ ਕੀਤਾ ਗਿਆ ਹੈ।
ਹਰੇਕ ਭਾਗ ਦਾ ਲੱਗਭਗ ਹਰ ਲੇਖ ਕਈ ਮੁੱਲਵਾਨ ਸੁਝਾਵਾਂ ਨਾਲ ਪਰੁੱਚਾ ਹੋਇਆ ਹੈ। ਲੇਖਕ ਮੁੱਖ ਤੌਰ 'ਤੇ ਸਮੱਸਿਆਵਾਂ ਪ੍ਰਤੀ ਅਮਲੀ ਤੇ ਵਿਹਾਰਕ ਪਹੁੰਚ ਅਪਣਾਉਂਦਾ ਹੈ। ਵਿਚਾਰਾਂ ਤੇ ਸਮੱਸਿਆਵਾਂ ਨੂੰ ਵਡਦਰਸ਼ਿਤ ਕਰਨ ਵਾਸਤੇ ਪਾਵਨ ਗੁਰਬਾਣੀ ਦੀਆਂ ਢੁਕਵੀਆਂ ਪਾਵਨ ਪੰਕਤੀਆਂ ਦੇ ਨਾਲ-ਨਾਲ ਕੁਝ ਸਮਕਾਲੀ ਕਵੀਆਂ ਦੀਆਂ ਤੁਕਾਂ ਅਤੇ ਵੱਖ-ਵੱਖ ਭਾਸ਼ਾ-ਸੋਮਿਆਂ ਤੋਂ ਸਰਬ-ਸਾਧਾਰਨ ਅਤੇ ਪ੍ਰਸਿੱਧੀ ਪ੍ਰਾਪਤ ਲੇਖਕਾਂ ਦੇ ਕਥਨਾਂ ਦੀ ਟੇਕ ਵੀ ਲਈ ਹੈ। ਕੁੱਲ ਮਿਲਾ ਕੇ ਇਹ ਪੁਸਤਕ ਇਕ ਬਹੁਤ ਹੀ ਲਾਹੇਵੰਦ ਪੁਸਤਕ ਹੈ, ਜਿਸ ਦਾ ਹਾਰਦਿਕ ਸਵਾਗਤ ਕਰਨਾ ਚਾਹੀਦਾ ਹੈ।
ਸੁਰਿੰਦਰ ਸਿੰਘ ਨਿਮਾਣਾ
ਸਹਾਇਕ ਸੰਪਾਦਕ
ਗੁਰਮਤਿ ਪ੍ਰਕਾਸ਼