ਖ਼ਬਰਸਾਰ

  •    ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1 ਲੋਕ ਅਰਪਣ / ਪੰਜਾਬੀ ਫੋਰਮ ਕੈਨੇਡਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਖੱਟੀਆਂ-ਮਿੱਠੀਆਂ ਯਾਦਾਂ ਦਾ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
  •    ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ / ਪੰਜਾਬੀਮਾਂ ਬਿਓਰੋ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ) ਦੀ ਇਕਤ੍ਰਤਾ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  • ਚੇਤਿਆਂ ਦੀ ਚਿਲਮਨ - ਕਿਸ਼ਤ 6 (ਸਵੈ ਜੀਵਨੀ )

    ਜਰਨੈਲ ਸਿੰਘ ਸੇਖਾ    

    Email: Jarnailsinghsekha34@gmail.com
    Phone: +1 778 246 1087
    Address: 7242 130 A Street
    Surrey British Columbia Canada V3W 6E9
    ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    purchase abortion pill online

    abortion pill online usa
    10
    ਇਕ ਅਹਿਸਾਸ ਇਹ ਵੀ
    ਮੈਂ ਕੱਲ੍ਹ 'ਗੁਨਾਹ ਦਾ ਅਹਿਸਾਸ' ਵਾਲਾ ਕਾਲਮ ਜਦੋਂ ਲਿਖ ਕੇ ਹਟਿਆ ਤਾਂ ਮੋਗੇ ਵਾਲੀ ਮਾਸੀ ਦੀ ਕੁੜੀ ਦੇ ਵਿਆਹ 'ਤੇ ਜਾਣ ਵਾਲੀ ਘਟਨਾ ਯਾਦ ਆ ਗਈ. ਉਸ ਵਿਆਹ ਸਮੇਂ ਹੀ ਮੇਰੀ ਮਾਂ ਨੇ ਅਰਿੰਡਾਂ ਦੇ ਬੀਜ ਤੋਂ ਸਾਬਣ ਬਣਾਉਣਾ ਸਿੱਖਿਆ ਸੀ. ਇਕ ਘਟਨਾ ਅਰਿੰਡਾਂ ਦੇ ਬੀਜਾਂ ਨਾਲ ਵੀ ਜੁੜੀ ਹੋਈ ਸੀ. ਉਂਜ ਇਹ ਘਟਨਾਵਾਂ ਭੁੱਲੀਆਂ ਤਾਂ ਪਹਿਲਾਂ ਵੀ ਕਦੀ ਨਹੀਂ ਸੀ, ਗਾਹੇ ਬਗਾਹੇ ਚੇਤੇ ਦੀ ਚੰਗੇਰ 'ਚੋਂ ਛਾਲ ਮਾਰ ਕੇ ਬਾਹਰ ਆ ਜਾਂਦੀਆਂ ਰਹੀਆਂ ਹਨ ਪਰ ਇਹਨਾਂ ਨੂੰ ਲਿਖਣ ਬਾਰੇ ਨਹੀਂ ਸੀ ਸੋਚਿਆ. ਅੱਜ ਸੋਚਿਆ ਕਿ ਇਹਨਾਂ ਬਾਰੇ ਵੀ ਲਿਖ ਲਿਆ ਜਾਵੇ.
        ਸਾਡਾ ਪਿੰਡ ਕਿਸੇ ਪਹੁੰਚ ਮਾਰਗ ਤੋਂ ਦੂਰ ਉੱਚੇ ਟਿਬਿਆਂ ਵਿਚ ਘਿਰਿਆ ਹੋਣ ਕਰਕੇ ਕੋਈ ਰਿਸ਼ਤਦਾਰ ਅਣਸਰਦੇ ਨੂੰ, ਵਿਆਹ ਮਰਨੇ ਸਮੇਂ ਹੀ ਇਧਰ ਗੇੜਾ ਮਾਰਦਾ. ਸਾਡੇ ਮਾਪੇ ਵੀ ਵਿਆਹਾਂ ਮਰਨਿਆਂ 'ਤੇ ਹੀ ਰਿਸ਼ਤੇਦਾਰੀਆਂ ਵਿਚ ਜਾਂਦੇ ਸਨ. ਇਸ ਕਾਰਨ ਅਸੀਂ ਆਪਣੇ ਬਹੁਤ ਥੋਹੜੇ ਰਿਸ਼ਤੇਦਾਰਾਂ ਬਾਰੇ ਜਾਣਦੇ ਸੀ. ਉਂਜ ਜਦੋਂ ਕਦੀ ਮੇਰੀ ਮਾਂ ਕਿਤੇ ਜਾਂਦੀ ਸੀ ਤਾਂ ਸਾਡੇ ਭੈਣ ਭਰਾਵਾਂ ਵਿਚੋਂ ਕਿਸੇ ਇਕ ਨੂੰ ਆਪਣੇ ਨਾਲ ਲੈ ਜਾਂਦੀ ਸੀ. ਮੈਨੂੰ ਨਹੀਂ ਯਾਦ ਕਿ ਮੈਂ ਆਪਣੀ ਮਾਂ ਨਾਲ ਕਦੋਂ ਤੇ ਕਿੱਥੇ ਗਿਆ ਸੀ ਪਰ ਮੈਨੂੰ ਉਹ ਸਮਾਂ ਯਾਦ ਹੈ ਜਦੋਂ ਮੈਂ ਆਪਣੀ ਮਾਂ ਨਾਲ ਮੋਗੇ ਵਾਲੀ ਮਾਸੀ ਦੀ ਕੁੜੀ ਦੇ ਵਿਆਹ ਗਿਆ ਸੀ. ਅਸੀਂ ਸੇਖੇ ਤੋਂ ਤੁਰ ਕੇ ਸਮਾਲਸਰ ਤੱਕ ਗਏ ਸੀ ਤੇ ਅਗਾਂਹ ਸਮਾਲਸਰ ਤੋਂ ਤਾਂਗੇ ਵਿਚ ਬੈਠ ਕੇ ਮੋਗੇ ਗਏ ਸੀ. ਆਪਣੀ ਸੁਰਤ ਸੰਭਾਲਣ ਮਗਰੋਂ ਮੈਂ ਪਹਿਲੀ ਵਾਰ ਤਾਂਗੇ ਦੀ ਸਵਾਰੀ ਕੀਤੀ ਸੀ ਅਤੇ ਪਹਿਲੀ ਵਾਰ ਹੀ ਮੋਗਾ ਸ਼ਹਿਰ ਦੇਖਿਆ ਸੀ. ਅਸੀਂ ਆਥਣੇ ਜਿਹੇ ਮੋਗੇ ਪਹੁੰਚੇ. ਮੇਰੇ ਸਿਰ 'ਤੇ ਕਪੜਿਆਂ ਵਾਲੀ ਇਕ ਗੰਢੜੀ ਸੀ ਤੇ ਮਾਂ ਦੇ ਹੱਥ ਵਿਚ ਇਕ ਝੋਲ਼ਾ. ਅਸੀਂ ਤਾਂਗਿਆਂ ਵਾਲੇ ਅੱਡੇ ਤੋਂ ਉਤਰ ਕੇ ਇਕ ਵਿੰਗ ਤੜਿੰਗੀ ਜਿਹੀ ਸੜਕ ਪੈ ਗਏ. ਕੁਝ ਦੂਰ ਜਾ ਕੇ ਇਕ ਪੱਕੀ ਗਲੀ ਮੁੜ ਗਏ. ਅਗਾਂਹ ਗਲੀ ਵਿਚ ਮੇਰੀ ਮਾਸੀ ਦਾ ਘਰ ਸੀ, ਜਿੱਥੇ ਪਹਿਲਾਂ ਹੀ ਰੌਣਕਾਂ ਲੱਗੀਆਂ ਹੋਈਆਂ ਸਨ. ਸਾਡੇ ਘਰ ਅੰਦਰ ਪੈਰ ਰਖਦਿਆਂ ਹੀ ਇਕ ਵਡੇਰੀ ਉਮਰ ਦੀ ਜਨਾਨੀ, 'ਪਰਤਾਪੀ ਵੀ ਆ 'ਗੀ' ਕਹਿ ਕੇ ਸਾਡੇ ਵੱਲ ਆਈ ਤੇ ਮੇਰੀ ਮਾਂ ਨਾਲ ਗਲੇ ਮਿਲੀ, ਫਿਰ ਮੈਨੂੰ ਬੁੱਕਲ ਵਿਚ ਲੈ ਕੇ ਪਿਆਰ ਕੀਤਾ. ਇਹ ਮੇਰੀ ਨਾਨੀ ਸੀ. ਅਗਾਂਹ ਮੰਜਿਆਂ 'ਤੇ ਬੈਠੇ ਹੋਰ ਬੰਦੇ ਬੁੜ੍ਹੀਆਂ ਵੀ ਮਾਂ ਨੂੰ ਮਿਲੇ. ਮਾਂ ਮੈਨੂੰ ਦਸਦੀ ਗਈ, "ਅਹਿ ਤੇਰਾ ਮਾਸੜ ਐ, ਅਹਿ ਤੇਰਾ ਮਾਮਾ ਐ, ਇਹ ਤੇਰੇ ਮਾਸੜ ਦਾ ਭਰਾ ਐ." ਇਕ ਕੁੜੀ ਝੋਲ਼ਾ ਤੇ ਗਠੜੀ ਚੁੱਕ ਕੇ ਅੰਦਰ ਲੈ ਗਈ. ਬੇਬੇ ਸਾਰਿਆਂ ਨੂੰ ਮਿਲਦੀ ਮਿਲਾਉਂਦੀ ਇਕ ਮੰਜੇ ਕੋਲ ਚਲੀ ਗਈ, ਜਿੱਥੇ ਬੇਬੇ ਦੀ ਸ਼ਕਲ ਵਰਗੀਆਂ ਦੋ ਔਰਤਾਂ ਬੈਠੀਆਂ ਗੱਲਾਂ ਕਰ ਰਹੀਆਂ ਸਨ. ਉਹ ਵੀ ਮਾਂ ਨੂੰ ਗਲ਼ੇ ਲੱਗ ਮਿਲੀਆਂ. ਉਹਨਾਂ ਨਾਲ ਮੰਜੇ 'ਤੇ ਬੈਠਦਿਆਂ ਬੇਬੇ ਨੇ ਮੈਨੂੰ ਦੱਸਿਆ ਕਿ 'ਇਹ ਤੇਰੀਆਂ ਮਾਸੀਆਂ ਐ.' ਮੈਂ ਚੁੱਪ ਕਰਕੇ ਆਪਣੀ ਮਾਂ ਨਾਲ ਲੱਗ ਕੇ ਬੈਠ ਗਿਆ. ਇਕ ਮਾਸੀ ਨੇ ਮੈਨੂੰ ਫੜ ਕੇ ਆਪਣੀ ਬੁੱਕਲ ਵਿਚ ਲੈ ਕੇ ਪਿਆਰ ਕੀਤਾ. ਉਥੇ ਹੀ ਉਹ ਮਾਸੀ ਵੀ ਆ ਗਈ, ਜਿਸ ਦੀ ਕੁੜੀ ਦਾ ਵਿਆਹ ਸੀ. ਮੇਰੇ ਖੱਦਰ ਦਾ ਝੱਗਾ ਪਜਾਮਾ ਪਾਇਆ ਹੋਇਆ ਸੀ ਤੇ ਸਿਰ 'ਤੇ ਆਪਣੇ ਬਾਪ ਦੀ ਲੱਠੇ ਦੀ ਪੁਰਾਣੀ ਪੱਗ ਨਾਲੋਂ ਪਾੜ ਕੇ ਛੋਟੀ ਕੀਤੀ ਹੋਈ ਘਸਮੈਲੀ ਜਿਹੀ ਪੱਗ ਬੰਨ੍ਹੀ ਹੋਈ ਸੀ. ਪਹਿਲਾਂ ਉਹ ਬੇਬੇ ਦੇ ਗਲ਼ ਲੱਗ ਕੇ ਮਿਲੀ ਤੇ ਫੇਰ ਮੇਰੇ ਸਿਰ 'ਤੇ ਪਿਆਰ ਦੇ ਕੇ ਮਾਂ ਨੂੰ ਉਲ੍ਹਾਮੇ ਦੇ ਸੁਰ ਵਿਚ ਕਿਹਾ, "ਕੁੜੇ ਪਰਤਾਪੀ! ਮੂਰਤ ਵਰਗਾ ਤੇਰਾ ਜੁਆਕ ਤੇ ਤੂੰ ਇਹਦੇ ਆਹ ਝੱਗਾ ਪਾਇਐ! ਵਿਆਹ ਆਈ ਐਂ, ਜੁਆਕ ਦੇ ਚੱਜ ਦੇ ਲੀੜੇ ਤਾਂ ਪਾ ਕੇ ਲਿਆਉਂਦੀ. ਪਤਾ ਸੀ ਵਈ ਸ਼ਹਿਰ 'ਚ ਜਾਣੈ."
    "ਲੀੜੇ ਤਾਂ ਨਵੇਂ ਸੁਆ ਕੇ ਲਿਆਈ ਆਂ, ਕੱਲ੍ਹ ਨੂੰ ਜਦੋਂ ਜੰਨ੍ਹ ਆਈ, ਉਦੋਂ ਪਾਵਾਂਗੇ." ਬੇਬੇ ਨੇ ਨਿਮੋਝੂਣੀ ਜਿਹੀ ਹੁੰਦਿਆਂ ਕਿਹਾ.
    "ਫੇਰ ਇਹਨਾਂ ਨੂੰ ਧੋ ਤਾਂ ਲੈਣਾ ਸੀ." ਮਾਸੀ ਨੇ ਮੇਰੇ ਝੱਗੇ ਨੂੰ ਹੱਥ ਲਾ ਕੇ ਕਿਹਾ. 
    "ਧੋ ਕੇ ਈ ਪਾਏ ਸੀ, ਜੱਕੇ 'ਚ ਬੈਠਿਆਂ ਦੇ ਗਰਦ ਨਾਲ ਮੁੜ ਉਹੋ ਜਿਹੇ ਹੋ ਗਏ. ਊਂ ਵੀ ਦੋ ਤਿੰਨਾਂ ਧੋਆਂ ਮਗਰੋਂ ਤੰਦ ਮੈਲ ਬਹਿ ਜਾਂਦੀ ਐ ਲੀੜੇ 'ਚ." ਮਾਂ ਦਾ ਜਵਾਬ ਸੀ.
    "ਕਿਹੜੇ ਸਾਬਣ ਨਾਲ ਧੋਦੀਂ ਐਂ?" ਦੂਜੀ ਮਾਸੀ ਨੇ ਪੁੱਛਿਆ.
    "ਅਸੀਂ ਕੋਈ ਸਾਬਣ ਸੂਬਣ ਨੀ ਵਰਤਦੇ, ਸੱਜੀ ਜਾਂ ਸੋਡ੍ਹੇ ਨਾਲ ਧੋ ਲਈਦੇ ਆ. ਮੁੱਲ ਦੇ ਲੀੜੇ ਰੀਠਿਆਂ ਦੇ ਪਾਣੀ ਨਾਲ ਧੋਈਦੇ ਐ. " 
    "ਭੈਣੇ, ਲੀੜੇ ਸਾਬਣ ਨਾਲ ਧੋਇਆ ਕਰ, ਫੇਰ ਤੰਦ ਮੈਲ ਨਈ ਪੈਂਦੀ. ਸਾਬਣ ਘਰੇ ਬਣਾ ਲਿਆ ਕਰੀਂ. ਬਣਾਉਣਾ ਮੈਂ ਸਿਖਾਦੂੰ. ਅਸੀਂ ਘਰੇ ਬਣਾਇਆ ਸਾਬਣ ਈ ਵਰਤਦੇ ਆਂ." ਉਸੇ ਮਾਸੀ ਨੇ ਸੁਝਾ ਦਿੱਤਾ. ਮੇਰੀ ਮਾਂ ਹੁਰੀਂ ਪੰਜ ਭੈਣਾਂ ਸਨ. ਮੇਰੀ ਮਾਂ ਹੀ ਹਲ ਵਾਹਕਾਂ ਦੇ ਘਰ ਵਿਆਹੀ ਗਈ ਸੀ. ਮੋਗੇ ਵਾਲਾ ਸਾਡਾ ਮਾਸੜ ਮਾਸਟਰ ਸੀ ਅਤੇ ਬਾਕੀ ਮਾਸੜ ਕਪੜੇ ਦਾ ਕਾਰੋਬਾਰ ਕਰਦੇ ਸਨ. ਸ਼ਾਇਦ ਇਸੇ ਕਰਕੇ ਦੂਜੀਆਂ ਮਾਸੀਆ ਆਪਣੇ ਆਪ ਨੂੰ ਮੇਰੀ ਮਾਂ ਨਾਲੋਂ ਸਿਆਣੀਆਂ ਸਮਝਦੀਆਂ ਸਨ ਤੇ ਉਸ ਨੂੰ ਸਿਖਿਆ ਦੇਣੀ ਆਪਣਾ ਧਰਮ ਸਮਝਦੀਆਂ ਸਨ. ਭਾਵੇਂ ਉਹ ਸਾਰੀਆਂ ਭੈਣਾਂ ਨਾਲੋਂ ਵੱਡੀ ਸੀ ਪਰ ਪੇਰ ਵੀ ਉਹ ਉਹਨਾਂ ਕੋਲੋਂ ਥਿਬਦੀ ਸੀ. ਮੇਰੇ ਉਥੇ ਹੋਣ ਨਾਲ ਸ਼ਾਇਦ ਮੇਰੀ ਮਾਂ ਨੂੰ ਨਮੋਸ਼ੀ ਝਲਣੀ ਪੈ ਰਹੀ ਸੀ, ਉਹਨੇ ਮੈਨੂੰ ਕਿਹਾ, "ਅਹੁ, ਤੇਰੇ ਵੀਰ ਖੇਡਦੇ ਐ, ਜ੍ਹਾ, ਉਨ੍ਹਾਂ ਨਾਲ ਖੇਡ."  
        ਮੈਂ ਕਿਸੇ ਵੀਰ ਨੂੰ ਨਹੀਂ ਸੀ ਜਾਣਦਾ. ਘਰ ਵਿਚ ਇਕ ਪਾਸੇ ਕਈ ਬੱਚੇ ਛੂਹਣ ਛੁਹਾਈ ਖੇਡ ਰਹੇ ਸਨ, ਜਿਨ੍ਹਾਂ ਦੇ ਸੁਹਣੇ ਸੁਹਣੇ ਕੱਪੜੇ ਪਾਏ ਹੋਏ ਸਨ. ਮੈਂ ਵੀ ਉਹਨਾਂ ਕੋਲ ਚਲਾ ਗਿਆ ਪਰ ਉਹਨਾਂ ਮੇਰੇ ਵੱਲ ਧਿਆਨ ਹੀ ਨਾ ਦਿੱਤਾ ਤੇ ਆਪ ਹੀ ਖੇਡਦੇ ਰਹੇ. ਮੈਂ ਕੁਝ ਚਿਰ ਉਥੇ ਖੜ੍ਹਾ ਉਹਨਾਂ ਨੂੰ ਖੇਡਦੇ ਹੋਏ ਦੇਖਦਾ ਰਿਹਾ. ਫਿਰ ਇਕ ਮੁੰਡਾ, ਜਿਸ ਦੇ ਕਪੜੇ ਮੇਰੇ ਕਪੜਿਆਂ ਨਾਲੋਂ ਤਾਂ ਕੁਝ ਚੰਗੇ ਸਨ ਪਰ ਦੂਜੇ ਮੁੰਡਿਆਂ ਨਾਲੋਂ ਹਲਕੇ, ਮੇਰੇ ਕੋਲ ਆ ਕੇ ਕਹਿਣ ਲੱਗਾ, "ਆ ਜਾ ਆਪਾਂ ਬਾਹਰ ਖੇਡਦੇ ਆਂ." ਮੈਂ ਉਸ ਮੁੰਡੇ ਦੇ ਮਗਰ ਬਾਹਰ ਸੜਕ 'ਤੇ ਆ ਗਿਆ. ਉਸ ਦਾ ਨਾਂ ਪਾਲਾ ਸੀ. ਉਸ ਦੀ ਮਾਂ ਵੀ ਮੇਰੀ ਮਾਸੀ ਲਗਦੀ ਸੀ, ਮੇਰੀ ਮਾਂ ਦੀ ਭੂਆਂ ਦੀ ਧੀ. ਉਹਨਾਂ ਦਾ ਪਿੰਡ ਜਲਾਲਾਬਾਦ ਸੀ, ਜਿਹੜਾ ਮੋਗੇ ਤੋਂ ਬਹੁਤੀ ਦੂਰ ਨਹੀਂ ਸੀ. ਅਸੀਂ ਉਥੇ ਖੜ੍ਹੇ ਟਾਂਗੇ, ਸਾਈਕਲ ਤੇ ਪੈਦਲ ਆਉਂਦੇ ਜਾਂਦੇ ਲੋਕਾਂ ਨੂੰ ਦੇਖਣ ਲੱਗੇ. ਦਿਨ ਛਿਪ ਰਿਹਾ ਸੀ ਤੇ ਸੜਕ ਦੇ ਖੰਭਿਆਂ ਉਪਰ ਲਾਟੂ ਜਿਹੇ ਜਗ ਪਏ ਸਨ. ਇਹ ਬਿਜਲੀ ਦੇ ਲਾਟੂ ਜਗਦੇ ਵੀ ਮੈਂ ਪਹਿਲੀ ਵਾਰ ਦੇਖ ਰਿਹਾ ਸੀ. ਘਰਾਂ, ਚੁਬਾਰਿਆਂ ਵਿਚ ਵੀ ਲਾਟੂ ਜਗਣ ਲੱਗ ਪਏ ਸਨ. ਉਸ ਮੁੰਡੇ ਨੇ ਦੱਸਿਆ ਕਿ ਇਹ ਬਿਜਲੀ ਨਾਲ ਜਗਣ ਵਾਲੇ ਬਲਬ ਐ, ਜਿਹੜੇ ਸਾਰੀ ਰਾਤ ਜਗਦੇ ਰਹਿਣਗੇ. ਹਨੇਰਾ ਹੋ ਰਿਹਾ ਸੀ ਪਰ ਮੈਨੂੰ ਸਾਰੇ ਪਾਸੇ ਜਗਦੇ ਲਾਟੂ ਸੁਹਣੇ ਲੱਗ ਰਹੇ ਸਨ. ਮੈਂ ਇਨ੍ਹਾਂ ਲਾਟੂਆਂ ਨੂੰ ਦੇਖਦਾ ਉਥੇ ਹੀ ਖੜ੍ਹਾ ਰਿਹਾ.  ਪਾਲੇ ਨੇ ਮੈਨੂੰ ਪੁੱਛਿਆ, "ਚੱਲੀਏ? 
    "ਚੱਲ." ਮੈਂ ਕਿਹਾ ਤੇ ਅਸੀਂ ਘਰ ਆ ਗਏ. ਘਰ ਅੰਦਰ ਵੜਦਿਆਂ ਹੀ ਪਾਲਾ ਪਤਾ ਨਹੀਂ ਕਿਧਰ ਛੁਪਣ ਹੋ ਗਿਆ. ਮੈਂ ਆਪਣੀ ਮਾਂ ਕੋਲ ਚਲਾ ਗਿਆ. ਮਾਂ ਨੇ ਮੈਨੂੰ ਝਿੜਕਿਆ, " 'ਕੱਲਾ ਬਾਹਰ ਕਿਉਂ ਗਿਆ ਸੀ, ਜੇ ਬਜਾਰ ਵਿਚ ਰੁਲ਼ ਜਾਂਦਾ ਤਾਂ ਅਸੀਂ ਤੈਨੂੰ ਕਿੱਥੋਂ ਭਾਲਦੇ?"
    "ਮੈਂ ਤਾਂ ਏਥੇ ਈ ਖੜ੍ਹਾ ਸੀ ਸ਼ੜਕ 'ਤੇ. ਪਾਲੇ ਨਾਲ." ਮੈਂ ਜਵਾਬ ਦਿੱਤਾ.     
    "ਚੰਗਾ, ਜ੍ਹਾ, ਰੋਟੀ ਖਾ ਲੈ, ਅਹੁ ਤੇਰੇ ਵੀਰ ਖਾਈ ਜਾਂਦੇ ਐ." ਮਾਂ ਨੇ ਹੁਕਮ ਸੁਣਾ ਦਿੱਤਾ ਤੇ ਆਪ ਮਾਸੀ ਹੁਰਾਂ ਨਾਲ ਗੀਤ ਗਾਉਣ ਲੱਗ ਪਈ.   
        ਉਥੇ ਵਿਛਾਈ ਹੋਈ ਇਕ ਪੱਟੀ ਜਿਹੀ 'ਤੇ ਮੈਂ ਵੀ ਉਹਨਾਂ ਮੁੰਡਿਆਂ ਕੋਲ ਬੈਠ ਗਿਆ, ਜਿਨ੍ਹਾਂ ਨੂੰ ਮਾਂ ਮੇਰੇ ਵੀਰ ਕਹਿੰਦੀ ਸੀ ਪਰ ਉਹ ਮੇਰੇ ਵੱਲ ਦੇਖ ਦੇਖ ਮੁਸਕੜੀਏਂ ਹੱਸ ਰਹੇ ਸਨ. ਇਕ ਬੁੜ੍ਹੀ ਨੇ ਮੈਨੂੰ ਥਾਲੀ ਵਿਚ ਰੋਟੀ ਪਾ ਕੇ ਦੇ ਦਿੱਤੀ. ਥਾਲੀ ਵਿਚ ਦੋ ਰੋਟੀਆਂ, ਆਲੂ ਗੋਭੀ ਦੀ ਸਬਜ਼ੀ, ਮਾਹਾਂ ਛੋਲਿਆਂ ਦੀ ਦਾਲ ਅਤੇ ਰੈਤੇ ਦੀ ਕੌਲੀ ਪਈ ਸੀ. ਥਾਲੀ ਵਿਚ ਦੋ ਲੱਡੂ ਤੇ ਦੋ ਜਲੇਬੀਆਂ ਵੀ ਪਈਆਂ ਸਨ. ਇਹ ਵੀ ਪਹਿਲੀ ਵਾਰ ਸੀ ਕਿ ਇੰਨੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਖਾਣ ਨੂੰ ਮਿਲ ਰਹੀਆਂ ਸਨ. ਮੈਂ ਸਾਰਾ ਕੁਝ ਖਾ ਲਿਆ ਪਰ ਸੰਗਦੇ ਨੇ ਹੋਰ ਕੁਝ ਨਾ ਮੰਗਿਆ ਤੇ ਆਪਣੀ ਮਾਂ ਕੋਲ ਆ ਬੈਠਾ. 
        ਰਾਤ ਨੂੰ ਜਦੋਂ ਸੌਣ ਲੱਗੇ ਤਾਂ ਮੇਰੀ ਮਾਂ ਨੇ ਮੇਰੀ ਪੱਗ, ਝੱਗਾ ਤੇ  ਪਜਾਮਾ ਧੋ ਕੇ ਅੰਦਰ ਸੁੱਕਣੇ ਪਾ ਦਿੱਤੇ. ਮੈਂ ਆਪਣੀ ਮਾਂ ਨਾਲ ਹੀ ਸੁੱਤਾ. ਸਵੇਰੇ ਉਠਣ 'ਤੇ ਮਾਂ ਨੇ ਮੈਨੂੰ ਸਾਬਣ ਨਾਲ ਮਲ ਮਲ ਕੇ ਨੁਹਾਇਆ. ਜਿਹੜੇ ਕਪੜੇ ਮੈਨੂੰ ਪਾਉਣ ਲਈ ਦਿੱਤੇ ਗਏ, ਉਹ ਨਾ ਤਾਂ ਰਾਤੀਂ ਧੋ ਕੇ ਸੁੱਕਣੇ ਪਾਏ ਕਪੜੇ ਸਨ ਤੇ ਨਾ ਹੀ ਖੱਦਰ ਦੇ ਉਹ ਕਪੜੇ, ਜਿਹੜੇ ਪਿੰਡੋਂ ਨਵੇਂ ਸੁਆ ਕੇ ਲਿਆਂਦੇ ਸੀ. ਇਹ ਬੋਸਕੀ ਦਾ ਧਾਰੀਆਂ ਵਾਲਾ ਪਜਾਮਾ, ਫਿੱਕਾ ਜਿਹਾ ਪਾਪਲੀਨ ਦਾ ਝੱਗਾ ਤੇ ਅਸਮਾਨੀ ਰੰਗ ਦੀ ਪੱਗ ਸੀ. ਉਹ ਮੇਰੇ ਪੂਰੇ ਮੇਚ ਤਾਂ ਨਹੀਂ ਸਨ ਪਰ ਮੈਂ ਇਨ੍ਹਾਂ ਨੂੰ ਪਾ ਕੇ ਖੁਸ਼ ਸੀ. ਮੇਰੇ ਵੱਲ ਦੇਖ ਕੇ ਮਾਸੀ ਨੇ ਕਿਹਾ, "ਪੂਰੇ ਮੇਚ ਐ. ਇਹਨਾਂ ਨੂੰ ਮੋੜਨ ਦੀ ਲੋੜ ਨ੍ਹੀ, ਨਾਲ ਈ ਲੈਜੀਂ. ਸਰਜੀਤ ਕੋਲ ਹੋਰ ਬਥੇਰੇ ਹੈਗੇ ਐ." ਫਿਰ ਉਹ ਬੇਬੇ ਨੂੰ ਕਹਿਣ ਲੱਗੀ,"ਪਰਤਾਪੀ, ਜੇ ਤੂੰ ਮੈਨੂੰ ਪਹਿਲਾਂ ਦੱਸਿਆ ਹੁੰਦਾ ਵਈ ਮੁੰਡੇ ਨੂੰ ਨਾਲ ਲੈ ਕੇ ਆਉਣੈ ਤਾਂ ਮੈਂ ਇਹਦੇ ਲਈ ਵੀ ਸੁਆ ਦਿੰਦੀ." ਮਾਸੀ ਦੇ ਬੋਲਾਂ ਵਿਚ ਸ਼ਹਿਰੀ ਹੰਕਾਰ ਝਲਕਦਾ ਸੀ.
        ਉਹ ਕਪੜੇ ਪਾ ਕੇ ਮੈਂ ਚਾਈਂ ਚਾਈਂ ਬਾਹਰ ਨੂੰ ਭੱਜ ਗਿਆ. ਅੱਗੇ ਸੁਰਜੀਤ ਆਪਣੇ ਸ਼ਹਿਰੀ ਸਾਥੀਆਂ ਨਾਲ ਅਖਰੋਟਾਂ ਨਾਲ ਘੁੱਤੀ ਪਾਉਣੇ ਖੇਡ ਰਿਹਾ ਸੀ.  ਮੈਨੂੰ ਦੇਖ ਕੇ ਇਕ ਮੁੰਡਾ ਸੁਰਜੀਤ ਨੂੰ ਕਹਿਣ ਲੱਗਾ, "ਅਹੁ, ਮੁੰਡਾ ਤੇਰਾ ਕਮਜ਼ਿ ਪਜਾਮਾ ਪਾਈ ਫਿਰਦੈ. ਉਹ ਕੌਣ ਐ?" 
    "ਇਹ ਮੇਰੀ ਮਾਸੀ ਦਾ ਮੁੰਡਾ ਇਆ. ਮੇਰੀ ਮਾਸੀ ਵਿਆਹ 'ਚ ਵੀ ਇਹਦੇ ਖੱਦਰ ਦੇ ਲੀੜੇ ਪਾ ਕੇ ਲਿਆਈ. ਮੇਰੀ ਬੀਬੀ ਨੂੰ ਚੰਗੇ ਨਈ ਲੱਗੇ ਤੇ ਉਹਨੇ ਮੇਰੇ ਵਾਲੇ ਇਹਨੂੰ ਦੇ ਦਿੱਤੇ." ਸੁਰਜੀਤ ਨੇ ਗੱਲ ਤਾਂ ਬੜੀ ਹੌਲ਼ੀ ਕੀਤੀ ਸੀ ਪਰ ਮੈਂ ਸੁਣ ਲਈ. 
       ਉਹ ਮੁੰਡੇ ਮੈਨੂੰ ਟਿੱਚਰਾਂ ਮਖੌਲ ਕਰਨ ਲੱਗੇ. 'ਹæੀ ਕੂ! ਇਕ ਮੁੰਡਾ ਮੰਗਵੇਂ ਲੀੜੇ ਪਾਈ ਫਿਰਦਾ.' 'ਪੇਂਡੂ ਮੰਗਤਾ!' 'ਹਾਸਾ, ਹਾਸਾ, ਪੇਂਡੂ ਦੇ ਸਿਰ ਬੱਧਾ ਖੱਦਰ ਦਾ ਮਡਾਸਾ' 'ਪੇਂਡੂ ਬੂਝੜ ਜੱਟ ਬੂਟ, ਏਥੋਂ ਵਟ ਜਾ ਛੂਟ!' ਪਤਾ ਨਹੀਂ ਉਹਨਾਂ ਹੋਰ ਕੀ ਕੁਝ ਕਿਹਾ ਸੀ. ਉਹਨਾਂ ਮੁੰਡਿਆਂ ਦੀ ਟਿੱਚਰਾਂ ਮਖੌਲ ਸੁਣ ਕੇ ਮੈਂ ਰੋਣਹਾਕਾ ਹੋਇਆ ਆਪਣੀ ਮਾਂ ਕੋਲ ਆਇਆ ਤੇ ਕਿਹਾ, "ਮੈਂ ਨਈਂ ਇਹ ਲੀੜੇ ਪਾਉਣੇ. ਮੈਨੂੰ ਮੁੰਡੇ ਝੇਡਾਂ ਕਰਦੇ ਐ."
    "ਝੇਡਾਂ ਨਾਲ ਕੋਈ ਨਈਂ ਤੇਰਾ ਰੂਪ ਢਿਲਕਦਾ! ਤੇਰੀ ਮਾਸੀ ਨੇ ਦਿੱਤੇ ਐ. ਪਾਈ ਰੱਖ." ਮਾਂ ਨੇ ਹੁਕਮੀਆਂ ਲਹਿਜ਼ੇ ਵਿਚ ਕਿਹਾ. ਪਤਾ ਨਹੀਂ ਕਿਉਂ ਮੈਂ ਵਿਰੋਧ ਨਾ ਕਰ ਸਕਿਆ ਤੇ ਉਸ ਦਿਨ ਉਹੋ ਕਪੜੇ ਪਾਈ ਰੱਖੇ. ਮੇਰੇ ਵਿਚ ਇਕ ਹੀਣ ਭਾਵਨਾ ਸਮਾਈ ਹੋਈ ਸੀ. ਮੈਂ ਕਿਸੇ ਦੇ ਸਾਹਮਣੇ ਨਹੀਂ ਸੀ ਹੁੰਦਾ, ਇਕੱਲਾ ਹੀ ਆਸੇ ਪਾਸੇ ਤੁਰਿਆ ਫਿਰਦਾ ਰਿਹਾ. ਨਾ ਮੈਂ ਜੰਨ ਆਈ ਦੇਖਣ ਗਿਆ ਤੇ ਨਾ ਹੀ ਰੋਟੀ ਖਾਂਦੀ ਜੰਨ ਨੂੰ ਦੇਖਣ ਬਾਹਰ ਨਿਕਲਿਆ.   
        ਅਗਲੇ ਦਿਨ ਮਾਂ ਨੇ ਮੈਨੂੰ ਨਹਾ ਕੇ ਪਿੰਡੋਂ ਲਿਆਂਦਾ ਨਵਾਂ ਖੱਦਰ ਦਾ ਕਮੀਜ਼ ਪਜਾਮਾ ਪਹਿਨਾ ਦਿੱਤਾ ਤੇ ਪੱਗ ਮੈਂ ਆਪਣੇ ਵਾਲੀ ਹੀ ਬੰਨ੍ਹ ਲਈ. ਮਾਂ ਨੇ ਸੁਰਜੀਤ ਵਾਲੇ ਕਪੜੇ ਆਪਣੀ ਗੰਢੜੀ ਉਪਰ ਰੱਖ ਦਿੱਤੇ. ਮਾਂ ਤੋਂ ਅੱਖ ਬਚਾ ਕੇ ਮੈਂ ਉਹ ਕਪੜੇ ਚੁੱਕ ਕੇ ਇਕ ਪੇਟੀ ਉਪਰ ਰੱਖ ਦਿੱਤੇ. ਉਸ ਦਿਨ ਆਥਣ ਨੂੰ ਕੁੜੀ ਦੀ ਡੋਲੀ ਤੁਰ ਗਈ. ਅਗਲੇ ਦਿਨ ਅਸੀਂ ਸਵੇਰੇ ਸਦੇਹਾਂ ਹੀ ਵਿਆਹ ਵਾਲੇ ਘਰੋਂ ਵਿਦਾ ਹੋਣਾ ਸੀ. ਮੈਂ ਬਹੁਤ ਖੁਸ਼ ਸੀ ਕਿ ਹੁਣ ਅਸੀਂ ਆਪਣੇ ਘਰ ਜਾਵਾਂਗੇ. ਮੈਂ ਚਾਈਂ ਚਾਈਂ ਵਿਆਹ ਗਿਆ ਸੀ ਪਰ ਵਿਆਹ ਵਾਲਾ ਚਾਅ ਪਹਿਲੇ ਦਿਨ ਹੀ ਖਤਮ ਹੋ ਗਿਆ ਸੀ, ਜਦੋਂ ਮਾਸੀਆਂ ਦੇ ਮੁੰਡੇ ਭਾਂਤ ਭਾਂਤ ਦੀਆਂ ਗੱਲਾਂ ਕਹਿ ਕੇ ਮੈਨੂੰ ਚੜਾਉਣ ਲੱਗ ਪਏ ਸਨ. ਵਿਆਹ ਵਾਲੇ ਘਰ ਖਾਣ ਲਈ ਲੱਡੂ, ਜਲੇਬੀਆਂ, ਸ਼ਕਰਪਾਰੇ ਤੇ ਹੋਰ ਕਈ ਕੁਝ ਸੀ ਪਰ ਉਹ ਮੁੰਡੇ ਫੇਰ ਵੀ ਬਜ਼ਾਰੋਂ ਜਾ ਕੇ ਫਲੂਦਾ, ਗੋਲ ਗੱਪੇ, ਕੁਲਫੀਆਂ ਤੇ ਹੋਰ ਕਈ ਕੁਝ ਲੈ ਆਉਂਦੇ ਤੇ ਮੈਨੂੰ ਦਿਖਦ ਦਿਖਾ ਕੇ ਖਾਂਦੇ. ਹਰ ਰੋਜ਼ ਉਹ ਨਵੇਂ ਕਪੜੇ ਬਦਲਦੇ. ਉਹਨਾਂ ਵਿਚ ਮੈਂ ਆਪਣੇ ਆਪ ਨੂੰ ਬਹੁਤ ਗਰੀਬੜਾ ਜਿਹਾ ਸਮਝਣ ਲੱਗ ਪਿਆ ਸੀ. ਮੇਰੇ ਅੰਦਰ ਇਕ ਵੱਖਰੀ ਕਿਸਮ ਦੀ ਹੀਣ ਭਾਵਨਾ ਆ ਗਈ ਸੀ. ਮੇਰਾ ਦਿਲ ਕਰਦਾ ਸੀ, ਕਿਹੜਾ ਵੇਲ਼ਾ ਹੋਵੇ ਜਦੋਂ ਅਸੀਂ ਆਪਣੇ ਘਰ ਜਾਈਏ. ਮੈਂ ਦੂਜੇ ਦਿਨ ਆਥਣੇ ਹੀ ਆਪਣੀ ਮਾਂ ਨੂੰ ਪੁੱਛ ਲਿਆ, "ਬੇਬੇ, ਆਪਾਂ ਪਿੰਡ ਕਦੋਂ ਜਾਣੈ?"
    "ਐਡੀ ਛੇਤੀ ਓਦਰ ਗਿਆ ਪਿੰਡ ਨੂੰ? ਦੋ ਦਿਨ ਮੌਜਾਂ ਮਾਣ, ਮਾਸੀ ਦੇ ਘਰ ਆਇਐਂ!" ਮਾਂ ਨੇ ਹੁੱਬ ਕੇ ਕਿਹਾ. ਮਾਂ ਨੂੰ ਸ਼ਾਇਦ ਆਪਣੀਆਂ ਭੈਣਾਂ ਦੀ ਕਿਸਮਤ 'ਤੇ ਰਸ਼ਕ ਆਉਂਦਾ ਹੋਵੇ. ਪਰ ਮੇਰਾ ਵਿਆਹ ਵਾਲੇ ਘਰ ਦਿਲ ਨਹੀਂ ਸੀ ਲੱਗ ਰਿਹਾ.
           ਸੁਬਾਹ ਸਵੇਰੇ, ਰੋਟੀ ਖਾ ਕੇ ਤੇ ਦੁਪਹਿਰ ਦੀ ਰੋਟੀ ਲੜ ਬੰਨ੍ਹਾ ਕੇ ਜਦੋਂ ਅਸੀਂ ਪਿੰਡ ਨੂੰ ਤੁਰਨ ਲੱਗੇ ਤਾਂ ਮਾਸੀ ਨੇ ਮਾਂ ਨੂੰ ਸੁਰਜੀਤ ਵਾਲੇ ਕਪੜੇ ਫੜਾਉਂਦਿਆਂ ਕਿਹਾ, "ਪਰਤਾਪੀ, ਤੂੰ ਆਹ, ਨਾਲ ਲੈ ਜ੍ਹਾ, ਸੁਰਜੀਤ ਨੇ ਤਾਂ ਹੁਣ ਇਹ ਪਾਉਣੇ ਨਹੀਂ, ਤੇਰੇ ਮੁੰਡੇ ਦੇ ਕੰਮ ਆ ਜਾਣਗੇ."   
       ਮਾਂ ਨੇ ਬਿਨਾਂ ਕਿਸੇ ਉਜਰ ਕੀਤੇ ਉਹ ਗੰਢੜੀ ਵਿਚ ਬੰਨ੍ਹ ਲਏ. ਹੁਣ ਗਠੜੀ ਪਹਿਲਾਂ ਨਾਲੋਂ ਭਾਰੀ ਸੀ. ਉਸ ਵਿਚ ਵਿਆਹ ਦੀ ਭਾਜ੍ਹੀ, ਮਾਂ ਦੀਆਂ ਦੂਜੀ ਮਾਸੀ ਕੋਲੋਂ ਸਿੱਖ ਕੇ ਬਣਾਈਆਂ ਪੰਜ ਛੇ ਸਾਬਣ ਦੀਆਂ ਟਿੱਕੀਆਂ ਅਤੇ ਹੋਰ ਵਾਧੂ ਘਾਟੂ ਸਮਾਨ ਸੀ. ਉਹ ਗੰਢੜੀ ਇੰਨੀ ਕੁ ਭਾਰੀ ਹੋ ਗਈ ਸੀ ਕਿ ਸਮਾਲਸਰ ਦੇ ਰਾਹ ਮਾਂ ਨੂੰ ਚੁੱਕ ਕੇ ਲੈ ਜਾਣੀ ਪਈ ਸੀ ਤੇ ਮੈਂ ਮਾਂ ਦੇ ਹੱਥ ਵਾਲਾ ਝੋਲ਼ਾ ਆਪਣੇ ਸਿਰ 'ਤੇ ਚੁੱਕ ਕੇ ਲਿਆਇਆ ਸੀ. ਭਾਵੇਂ ਕਿ ਮੇਰੀ ਮਾਂ ਉਹ ਕਪੜੇ ਆਪਣੀ ਗੰਢੜੀ ਵਿਚ ਬੰਨ੍ਹ ਕੇ ਲੈ ਆਈ ਸੀ ਪਰ ਮੈਂ ਉਹ ਮੁੜ ਆਪਣੇ ਅੰਗ ਨਾ ਛੁਹਾਏ. ਫਿਰ ਮੈਂ ਸਕੂਲ ਪੜ੍ਹਨ ਦੇ ਸਮੇਂ ਤੱਕ ਕਦੀ ਕਿਸੇ ਰਿਸ਼ਤੇਦਾਰੀ ਵਿਚ ਵਿਆਹ ਨਹੀਂ ਗਿਆ. ਬਚਪਨ ਵਿਚ ਹੀਣ ਭਾਵਨਾ ਨੇ ਮੇਰਾ ਖਹਿੜਾ ਨਹੀਂ ਛੱਡਿਆ. 

    ********

    ਜਦੋਂ ਦੀ ਮੈਂ ਸੁਰਤ ਸੰਭਾਲੀ, ਮੈਂ ਆਪਣੇ ਘਰ ਵਿਚ ਸਾਬਣ ਨਹੀਂ ਸੀ ਦੇਖਿਆ. ਸਾਡੇ ਘਰ ਤਾਂ ਕੀ! ਉਨ੍ਹਾਂ ਦਿਨਾਂ ਵਿਚ ਪਿੰਡਾਂ ਦੇ ਬਹੁਤੇ ਘਰਾਂ ਵਿਚ ਸਾਬਣ ਦੀ ਵਰਤੋਂ ਨਹੀਂ ਸੀ ਹੁੰਦੀ. ਖੱਟੀ ਲੱਸੀ ਜਾਂ ਦਹੀਂ ਨਾਲ ਨਹਾ ਲਿਆ ਜਾਂਦਾ ਸੀ ਅਤੇ ਸੱਜੀ ਜਾਂ ਸੋਡ੍ਹੇ ਨਾਲ ਕਪੜੇ ਧੋ ਲਏ ਜਾਂਦੇ ਸਨ. ਮੁੱਲ ਦੇ ਕਪੜੇ (ਖੱਦਰ ਤੋਂ ਬਿਨਾਂ ਮੁੱਲ ਲਿਆਂਦੇ ਕਪੜੇ) ਸਾਬਣ ਜਾਂ ਰੀਠਿਆਂ ਦੇ ਪਾਣੀ ਨਾਲ ਧੋਤੇ ਜਾਂਦੇ ਸਨ. ਉਹ  ਕਪੜੇ ਧੋਣ ਵਾਸਤੇ ਲਿਆਂਦੀ ਸਾਬਣ ਦੀ ਟਿੱਕੀ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ.    
       ਮੋਗੇ ਮਾਸੀ ਦੀ ਕੁੜੀ ਦੇ ਵਿਆਹ ਗਈ ਮਾਂ ਨੇ ਦੂਜੀ ਮਾਸੀ ਕੋਲੋਂ ਸਾਬਣ ਬਣਾਉਣਾ ਸਿੱਖ ਲਿਆ ਸੀ. ਸਰ੍ਹੋਂ ਦੇ ਤੇਲ, ਕਾਸਟਕ ਤੇ ਮੈਦੇ ਦੇ ਸੁਮੇਲ ਨਾਲ ਇਹ ਸਾਬਣ ਤਿਆਰ ਹੁੰਦਾ ਸੀ. ਤੇਲ ਦੀ ਥਾਂ ਅਰਿੰਡ ਦੇ ਬੀਜ ਵੀ ਪਾਏ ਜਾ ਸਕਦੇ ਸਨ. ਸਾਬਣ ਬਣਾਉਣਾ ਸਿੱਖਣ ਸਮੇਂ, ਆਪਣੇ ਹੱਥੀਂ ਬਣਾਈਆਂ ਚਾਰ ਪੰਜ ਸਾਬਣ ਦੀਆਂ ਟਿੱਕੀਆਂ ਉਹ ਮੋਗੇ ਤੋਂ ਆਪਣੇ ਨਾਲ ਵੀ ਲੈ ਆਈ ਸੀ. ਉਸ ਸਾਬਣ ਨਾਲ ਜਦੋਂ ਕਪੜੇ ਧੋਤੇ ਤਾਂ ਉਹਨਾਂ ਵਿਚ ਬਹੁਤ ਨਿਖਾਰ ਆਇਆ. ਫਿਰ ਮੇਰੀ ਮਾਂ ਘਰ ਵਿਚ ਆਪ ਸਾਬਣ ਬਣਾਉਣ ਲੱਗ ਪਈ. ਕਾਸਟਕ ਸੋਢਾ ਧੂਤੇ ਮਾਜ੍ਹਨ ਦੀ ਦੁਕਾਨ ਤੋਂ ਮਿਲ ਜਾਂਦਾ ਸੀ, ਤੇਲ ਤੇ ਮੈਦਾ ਘਰ ਵਿਚ ਹੀ ਸੀ. ਕਿਹੜੀ ਚੀਜ਼ ਕਿੰਨੀ ਮਾਤਰਾ ਵਿਚ ਪਾਉਣੀ ਹੈ, ਉਸ ਨੂੰ ਮਾਂ ਨੇ ਜ਼ੁਬਾਨੀ ਯਾਦ ਕਰ ਲਿਆ ਸੀ. ਮਹੀਨੇ ਦੋ ਮਹੀਨੀ ਉਹ ਸਾਬਣ ਬਣਾ ਲੈਂਦੀ. ਜਦੋਂ ਅਰਿੰਡਾਂ ਦੇ ਪੱਕਣ ਦੀ ਰੁੱਤ ਆ ਜਾਂਦੀ ਤਾਂ ਉਹ ਤੇਲ ਦੀ ਥਾਂ ਅਰਿੰਡਾਂ ਦੀਆਂ ਗਿਰੀਆਂ ਵਰਤ ਲੈਂਦੀ. ਉਸ ਨੇ ਕਈ ਹੋਰ ਆਂਢਣਾਂ ਗੁਆਂਢਣਾਂ ਨੂੰ ਵੀ ਸਾਬਣ ਬਣਾਉਣਾ ਸਿਖਾ ਦਿੱਤਾ ਸੀ.
        ਉਹਨਾਂ ਸਮਿਆਂ ਵਿਚ ਖਾਲੀ ਪਈ ਜ਼ਮੀਨ ਵਿਚ ਅਰਿੰਡ ਦੇ ਬੂਟੇ ਆਮ ਹੀ ਉੱਗ ਆਉਂਦੇ ਸਨ. ਜਦੋਂ ਅਰਿੰਡਾਂ ਨੂੰ ਫਲ ਪੱਕ ਜਾਣਾ ਤਾਂ ਮਾਂ ਨੇ ਮੈਨੂੰ ਅਰਿੰਡ ਤੋੜਨ ਤੋਰ ਦੇਣਾ. ਅਰਿੰਡ ਦਾ ਬੂਟਾ ਬਹੁਤ ਕੱਚਾ ਹੁੰਦਾ ਹੈ. ਉਸ ਉਪਰ ਚੜ੍ਹਿਆ ਨਹੀਂ ਜਾ ਸਕਦਾ. ਹੇਠਾਂ ਖੜ੍ਹ ਕੇ ਹੀ ਅਰਿੰਡ ਤੋੜਨੇ ਪੈਂਦੇ ਸੀ. ਅਰਿੰਡ ਦੇ ਫਲ ਵੀ ਕੰਡਿਆਰੇ ਹੁੰਦੇ ਸਨ ਜਿਹੜੇ ਹੱਥ ਨਾਲ ਤੋੜਨੇ ਔਖੇ ਸਨ. ਅਰਿੰਡ 'ਤੇ ਇਕ ਅਜੀਬ ਕਿਸਮ ਦੀ ਭੂੰਡੀ ਵੀ ਹੁੰਦੀ, ਜਿਸ ਦੇ ਲੜਨ ਨਾਲ ਸਰੀਰ ਉਪਰ ਧੱਫੜ ਹੋ ਜਾਂਦੇ. ਮੈਂ ਸੋਟੀ ਨਾਲ ਸੁੱਕੇ ਅਰਿੰਡ ਝਾੜ ਲੈਂਦਾ ਤੇ ਝੋਲੇ ਭਰ ਕੇ ਲੈ ਆਉਂਦਾ. ਉਹਨਾਂ ਨੂੰ ਕੁੱਟ ਕੇ ਬੀਜ ਕੱਢੇ ਜਾਂਦੇ ਤੇ ਬੀਜਾਂ ਨੂੰ ਭੰਨ ਕੇ ਵਿਚੋਂ ਚਿੱਟੀਆਂ ਗਿਰੀਆਂ ਕੱਢੀਆਂ ਜਾਂਦੀਆਂ. ਇਸ ਕੰਮ ਉਪਰ ਮਿਹਨਤ ਬਹੁਤ ਕਰਨੀ ਪੈਂਦੀ ਸੀ ਪਰ ਮੁਫਤ ਦੀ ਵਸਤ ਮਿਲਣ ਕਾਰਨ ਘਰ ਵਿਹਲੇ ਰਹਿਣ ਨਾਲੋਂ ਮਿਹਨਤ ਵਾਲਾ ਕੰਮ ਮਹਿਸੂਸ ਨਹੀਂ ਸੀ ਹੁੰਦਾ. 
        ਜਦੋਂ ਮੇਰੀ ਮਾਂ ਨੇ ਕਈ ਹੋਰ ਗੁਆਂਢਣਾਂ ਨੂੰ ਸਾਬਣ ਬਣਾਉਣਾ ਸਿੱਖਾ ਦਿੱਤਾ ਤਾਂ ਉਹਨਾਂ ਘਰਾਂ ਦੇ ਮੁੰਡੇ ਵੀ ਅਰਿੰਡ ਤੋੜਨ ਜਾਣ ਲੱਗੇ. ਮੈਂ ਆਪਣੇ ਬੇਲੀਆਂ ਨੂੰ ਅਰਿੰਡ ਤੋੜਨ ਲਈ ਆਪਣੇ ਨਾਲ ਲੈ ਜਾਂਦਾ. ਕਈ ਵਾਰ ਮੇਰਾ ਛੋਟਾ ਭਰਾ ਵੀ ਨਾਲ ਜਾਣ ਦੀ ਜ਼ਿਦ ਕਰਦਾ. ਮੈਂ ਉਸ ਨੂੰ ਇਕ ਦੋ ਵਾਰ ਆਪਣੇ ਨਾਲ ਲੈ ਵੀ ਗਿਆ ਸੀ. ਅਸੀਂ ਕਿਸੇ ਦੀਆਂ ਛੱਲੀਆਂ ਤੋੜ ਕੇ ਕੱਚੀਆਂ ਹੀ ਚੂੰਡ ਜਾਂਦੇ. ਜਾਂ ਕਮਾਦ ਵਿਚੋਂ ਗੰਨੇ ਭੰਨ ਕੇ ਚੂਪਦੇ, ਜਿਹਦੀਆਂ ਅਜੇ ਦੋ ਦੋ, ਚਾਰ ਚਾਰ ਪੋਰੀਆਂ ਹੀ ਬਣੀਆਂ ਹੁੰਦੀਆਂ ਤੇ ਉਹ ਵੀ ਕੱਚੀਆਂ. ਸੂਏ ਵਿਚ ਪੁਠੀਆਂ ਸਿੱਧੀਆਂ ਤਾਰੀਆਂ ਲਾਉਂਦੇ ਤੇ ਹੋਰ ਕਈ ਇਹੋ ਜਿਹੀਆਂ ਸ਼ਰਾਰਤਾਂ ਕਰਦੇ. ਉਹ ਘਰ ਆ ਕੇ ਸਾਰੀਆਂ ਗੱਲਾਂ ਬੇਬੇ ਨੂੰ ਦੱਸ ਦਿੰਦਾ ਤੇ ਮੈਨੂੰ ਝਿੜਕਾਂ ਮਿਲਦੀਆਂ. ਇਸ ਕਰਕੇ ਮੈਂ ਉਸ ਨੂੰ ਆਪਣੇ ਨਾਲ ਨਹੀਂ ਸੀ ਲਿਜਾਂਦਾ. 
       ਇਕ ਦਿਨ ਉਹ ਮੇਰੇ ਨਾਲ ਜਾਣ ਦੀ ਜ਼ਿਦ ਕਰ ਰਿਹਾ ਸੀ ਤੇ ਮੈਂ ਕਿਸੇ ਸੂਰਤ ਵਿਚ ਵੀ ਉਸ ਨੂੰ ਨਾਲ ਲੈ ਕੇ ਨਹੀਂ ਸੀ ਜਾਣਾ ਚਾਹੁੰਦਾ ਕਿਉਂਕਿ ਉਸ ਦਿਨ ਅਸੀਂ ਸਾਡੇ ਲਿਹਾਜੀਆਂ ਬੋਘੇ ਸਿੱਖ ਦਿਉਂ ਛੱਲੀਆਂ ਭੰਨਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ. ਉਸ ਨੇ ਸਾਡੀ ਇਸ ਸ਼ਰਾਰਤ ਨੂੰ ਘਰੇ ਦੱਸ ਦੇਣਾ ਸੀ ਤੇ ਮੇਰੇ ਕੁੱਟ ਪੈਣੀ ਸੀ. ਬਣੇ ਪ੍ਰੋਗਰਾਮ ਅਨੁਸਾਰ ਪ੍ਰੀਤ ਹੁਰੀਂ ਸੂਏ ਦੇ ਪੁਲ਼ 'ਤੇ ਜਾ ਬੈਠੇ ਤੇ ਮੈਂ ਚੋਰ ਭੁਲਾਈ ਦੇ ਕੇ ਘਰੋਂ ਆ ਬਾਹਰ ਨਿਕਲ ਆਇਆ ਪਰ ਪਤਾ ਨਹੀਂ ਮੇਰੇ ਛੋਟੇ ਭਰਾ ਨੂੰ ਕਿਵੇਂ ਪਤਾ ਲੱਗ ਗਿਆ, ਉਹ ਵੀ ਮੇਰੇ ਮਗਰ ਆ ਗਿਆ. ਮੈਂ aੁਸ ਨੂੰ ਕੁੱਟਣ ਦੌੜਿਆ. ਉਹ ਭੱਜ ਕੇ ਘਰ ਆ ਗਿਆ. ਮੈਂ ਉਸ ਦੇ ਮਗਰ ਆ ਕੇ ਉਸ ਨੂੰ ਮੋਢਿਆਂ ਤੋਂ ਫੜ ਕੇ ਲੱਤ ਮਾਰੀ. ਲੱਤ ਉਸ ਦੇ ਢਿੱਡ ਵਿਚ ਵੱਜ ਗਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ. ਮੇਰੇ ਵੀ ਭਾਅ ਦੀ ਬਣ ਗਈ. ਬੇਬੇ ਘਰ ਹੀ ਸੀ. ਉਸ ਦੇ ਮੂੰਹ ਵਿਚ ਪਾਣੀ ਪਾਇਆ ਤੇ ਕੁਝ ਚਿਰ ਮਗਰੋਂ ਉਸ ਨੂੰ ਹੋਸ਼ ਆ ਗਈ. ਮੇਰੀ ਮਾਂ ਨੇ ਮੈਨੂੰ ਛਿਤਰਾਂ ਨਾਲ ਕੁੱਟਿਆ ਤੇ ਅਰਿੰਡ ਤੋੜਨ ਵੀ ਨਾ ਜਾਣ ਦਿੱਤਾ. ਮੈਂ ਪ੍ਰੀਤ ਹੁਰਾਂ ਨੂੰ ਅਰਿੰਡ ਤੋੜਨ ਨਾ ਜਾਣ ਬਾਰੇ ਦੱਸ ਕੇ ਘਰ ਮੁੜ ਆਇਆ. ਜਦੋਂ ਮੇਰਾ ਬਾਪ ਘਰ ਆਇਆ ਤਾਂ ਮਾਂ ਨੇ ਦੱਸ ਦਿੱਤਾ. ਉਸ ਨੇ ਵੀ ਮੈਨੂੰ ਪ੍ਰਾਣੀਆਂ ਨਾਲ ਕੁੱਟਿਆ ਪਰ ਮੈਂ ਸੀਅ ਨਾ ਕੀਤੀ. ਮੈਨੂੰ ਆਪਣੀ ਗਲਤੀ ਦਾ ਪੂਰਾ ਅਹਿਸਾਸ ਸੀ. ਮੈਂ ਸੋਚ ਸੋਚ ਕੇ ਤ੍ਰਬਕ ਜਾਂਦਾ ਕਿ ਜੇ ਕਿਤੇ ਉਸ ਦੇ ਕਿਸੇ ਕਸੂਤੇ ਥਾਂ ਲੱਤ ਵੱਜ ਜਾਂਦੀ ਤਾਂ ਕੀ ਹੁੰਦਾ! ਬਾਅਦ ਵਿਚ ਉਸ ਦੇ ਢਿੱਡ ਵਿਚ ਕਈ ਦਿਨ ਦਰਦ ਹੁੰਦਾ ਰਿਹਾ ਸੀ.
        ਅਰਿੰਡਾਂ ਦੇ ਬੀਜ ਨਾਲ ਘਰ ਦੇ ਕਪੜੇ ਤਾਂ ਵਧੀਆ ਧੁਲਣ ਲੱਗ ਪਏ ਸੀ ਪਰ ਜਿਹੜੀ ਛੋਟੇ ਭਰਾ ਦੀ ਧੁਲਾਈ ਮੈਂ ਕੀਤੀ ਤੇ ਮਗਰੋਂ ਜਿਹੜੀ ਮੇਰੀ ਧੁਲਾਈ ਹੋਈ, ਉਸ ਦਾ ਅਹਿਸਾਸ ਅੱਜ ਵੀ ਹੈ.



    11
    ਮੇਰਾ ਹਾਈ ਸਕੂਲ ਵਿਚ ਦਾਖਲਾ

    "ਬੇਬੇ, ਕੱਲ੍ਹ ਨੂੰ ਚਾਚੇ ਨੇ ਬਲਦੇਵ ਨੂੰ ਰੋਡਿਆਂ ਵਾਲੇ ਸਕੂਲ ਦਾਖਲ ਕਾਰਉਣ ਜਾਣੈ. ਮੈਂ ਵੀ ਉਹਨਾਂ ਨਾਲ ਜਾ ਕੇ ਦਾਖਲ ਹੋ ਜਾਵਾਂ?" ਮੈਂ ਮਾਂ ਕੋਲੋਂ ਤਰਲੇ ਜਿਹੇ ਨਾਲ ਫੇਰ ਪੁੱਛਿਆ. ਅਸੀਂ ਹਰ ਗੱਲ ਆਪਣੀ ਮਾਂ ਨਾਲ ਹੀ ਸਾਂਝੀ ਕਰਦੇ ਸਾਂ. ਬਾਪ ਨੂੰ ਕੋਈ ਗੱਲ ਕਹਿੰਦਿਆਂ ਇਕ ਡਰ ਤੇ ਝਿਜਕ ਜਿਹੀ ਬਣੀ ਰਹਿੰਦੀ ਸੀ.
    "ਤੈਨੂੰ ਤੇਰੇ ਪਿਉ ਨੇ ਇਕ ਵਾਰ ਕਹਿ ਤਾਂ ਦਿੱਤੈ, ਏਥੇ ਈ ਪੜ੍ਹਨੈ। ਓਥੇ ਜਰੂਰ ਫੀਸਾਂ ਭਰਨੀਐਂ। ਏਥੇ ਪੜ੍ਹ ਲਿਆ ਜਾਂ ਓਥੇ ਪੜ੍ਹ ਲਿਆ, ਕੀ ਫਰਕ ਪੈਂਦੈ।"  ਮਾਂ ਨੇ ਹਾਮੀ ਨਾ ਭਰੀ.
    "ਓਥੇ ਅੰਗ੍ਰੇਜ਼ੀ ਪੜ੍ਹਾਉਂਦੇ ਐ. ਕਰਤਾਰ ਏਥੋਂ ਛੇਵੀਂ ਕਰਕੇ ਗਿਐ ਸੀ ਤੇ ਉਹਨੂੰ ਫੇਰ ਪੰਜਵੀਂ 'ਚ ਦਾਖਲ ਕੀਤੈ। ਉਹਨੂੰ ਪੰਜਵੀਂ ਛੇਵੀਂ ਇਕ ਸਾਲ ਵਿਚ ਕਰਨੀ ਪਈਐ ਤੇ ਉਹਦਾ ਇਕ ਸਾਲ ਮਾਰਿਆ ਗਿਐ।" ਮੈਂ ਦਲੀਲ ਦਿੱਤੀ.
    "ਤੈਨੂੰ ਕਿਹਾ ਤਾਂ ਹੈ, ਜਿਹੜੀਆਂ ਦੋ ਜਮਾਤਾਂ ਹੋਰ ਪੜ੍ਹਨੀਆਂ ਐ, ਏਥੇ ਈ ਪੜ੍ਹ ਲੈ. ਫੇਰ ਤੇਰੇ ਜੀਜੇ ਨੇ ਤੈਨੂੰ ਮੋਗੇ ਲੈ ਜਾਣੈ।" ਮਾਂ ਨੇ ਮੇਰੇ ਭਵਿਖਤ ਦਾ ਨਿਰਣਾ ਵੀ ਸੁਣਾ ਦਿੱਤਾ.
       ਮੇਰੀ ਵੱਡੀ ਭੈਣ ਮੁਖਤਿਆਰ ਕੌਰ ਮੋਗੇ ਵਿਆਹੀ ਗਈ ਸੀ. ਵੱਡਾ ਭਰਾ ਮੱਲ ਸਿੰਘ ਫੌਜ ਦੀ ਬੱਚਾ ਕੰਪਨੀ ਵਿਚ ਭਰਤੀ ਹੋ ਗਿਆ ਸੀ. ਮੇਰੇ ਨਾਲੋਂ ਵੱਡਾ ਮਲਕੀਤ ਸਿੰਘ ਵਾਂਦਰ ਜਟਾਨੇ ਸਲਾਈ ਸਿੱਖਣ ਚਲਾ ਗਿਆ ਸੀ. ਪ੍ਰਾਇਮਰੀ ਪਾਸ ਕਰ ਲੈਣ ਮਗਰੋਂ ਮਾਂ ਪਿਉ ਮੈਨੂੰ ਵੀ ਸਿਲਾਈ ਸਿਖਾਉਣ ਵਾਸਤੇ ਭੈਣ ਕੋਲ ਮੋਗੇ ਘਲਣਾ ਚਾਹੁੰਦੇ ਸਨ ਪਰ ਮੇਰੇ ਬਹਿਨੋਈ, ਕਰਨੈਲ ਸਿੰਘ ਨੇ ਕਹਿ ਦਿੱਤਾ ਸੀ, "ਜਿੰਨੀਆਂ ਜਮਾਤਾਂ ਦਾ ਏਥੇ ਸਕੂਲ ਹੈ, ਇਸ ਨੂੰ ਪੜ੍ਹਨ ਦਿਉ, ਫੇਰ ਮੈਂ ਲੈ ਜਾਵਾਂਗਾ।"
       ਸੇਖਾ ਕਲਾਂ ਵਿਚ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਡਿਸਟ੍ਰਿਕਟ ਬੋਰਡ ਮਿਡਲ ਸਕੂਲ ਬਣਿਆ ਹੋਇਆ ਸੀ ਅਤੇ ਨਾਲ ਬੋਰਡਿੰਗ ਹਾਊਸ ਵੀ ਸੀ. ਦੂਰੋਂ ਦੂਰੋਂ ਮੁੰਡੇ ਪੜ੍ਹਨ ਆਉਂਦੇ ਸਨ. ਪਰ ਫਿਰ ਕਿਸੇ ਕਾਰਨ ਇਹ ਟੁੱਟ ਕੇ ਲੋਇਰ ਮਿਡਲ ਸਕੂਲ ਬਣ ਗਿਆ ਤੇ ਬੋਰਡਿੰਗ ਹਾਊਸ ਵੀ ਇੱਥੇ ਨਾ ਰਿਹਾ. ਮੁੰਡੇ ਛੇ ਜਮਾਤਾਂ ਪਾਸ ਕਰਕੇ ਆਪੋ ਆਪਣੇ ਕੰਮੀਂ ਧੰਦੀਂ ਲੱਗ ਜਾਂਦੇ. ਅਗਾਂਹ ਕੋਈ ਨਹੀਂ ਸੀ ਪੜ੍ਹਿਆ. ਜਦੋਂ ਸਾਡੇ ਪਿੰਡ ਤੋਂ ਦਸ ਕੁ ਕਿਲੋਮੀਟਰ ਦੂਰ ਰੋਡਿਆਂ ਦੀ ਜੂਹ ਵਿਚ ਬਣਿਆਂ ਖਾਲਸਾ ਮਿਡਲ ਸਕੂਲ, ਹਾਈ ਬਣ ਗਿਆ ਤਾਂ ਕੁਝ ਮੁੰਡੇ ਉੱਥੇ ਦਾਖਲ ਹੋ ਗਏ ਸਨ. ਇਸ ਸਕੂਲ ਦਾ ਨਾਮ ਬੜਾ ਲੰਮਾ ਸੀ, 'ਗੁਰੂ ਨਾਨਕ ਦੇਵ ਮਾਲਵਾ ਖਾਲਸਾ ਹਾਈ ਸਕੂਲ ਗੁਰੂ ਤੇਗ ਬਹਾਦਰ ਗੜ੍ਹ (ਰੋਡੇ)' ਪਰ ਉਸ ਨੂੰ ਰੋਡਿਆਂ ਵਾਲਾ ਜਾਂ ਥੇਹ ਵਾਲ ਸਕੂਲ ਹੀ ਕਿਹਾ ਜਾਂਦਾ ਸੀ. ਸੰਨ ੪੬ ਵਿਚ ਮੈਂ ਪ੍ਰਾਇਮਰੀ ਪਾਸ ਕਰ ਲਈ ਸੀ ਤੇ ਮੇਰੇ ਚਾਚੇ ਦਾ ਲੜਕਾ, ਬਲਦੇਵ ਸਿੰਘ ਵੀ ਮੇਰੇ ਨਾਲ ਹੀ ਪਾਸ ਹੋਇਆ ਸੀ, ਉਹ ਅਤੇ ਦੋ ਹੋਰ ਮੁੰਡੇ ਰੋਡਿਆਂ ਵਾਲੇ ਸਕੂਲ ਵਿਚ ਦਾਖਲ ਹੋ ਗਏ. ਮਾਂ ਕੋਲ ਕੀਤੀਆਂ ਮਿੰਨਤਾਂ ਦਾ ਕੋਈ ਅਸਰ ਨਾ ਹੋਇਆ ਤੇ ਮੈਨੂੰ ਮਜਬੂਰਨ ਆਪਣੇ ਪਿੰਡ ਦੇ ਸਕੂਲ ਵਿਚ ਹੀ ਪੰਜਵੀਂ ਵਿਚ ਦਾਖਲ ਹੋਣਾ ਪਿਆ.
    ਪੰਜਵੀਂ ਵਿਚ ਪੜ੍ਹਨ ਤਾਂ ਲੱਗ ਪਿਆ ਸੀ ਪਰ ਦਿਲ ਨਹੀਂ ਸੀ ਲਗਦਾ. ਮੇਰੇ ਨਾਲ ਪੜ੍ਹਨ ਵਾਲੇ ਤਿੰਨ ਮੁੰਡੇ ਰੋਡਿਆਂ ਵਾਲੇ ਸਕੂਲ ਪੜ੍ਹਨ ਲੱਗ ਗਏ ਸਨ ਅਤੇ ਕੁਝ ਪੜ੍ਹਾਈ ਛੱਡ ਕੇ ਮੱਝਾਂ ਦੇ ਛੇੜੂ ਬਣ ਗਏ ਸਨ. ਦੋ ਮੁੰਡੇ ਚੌਥੀ ਵਿਚੋਂ ਫੇਅਲ ਹੋ ਕੇ ਮੁੜ ਚੌਥੀ ਜਮਾਤ ਵਿਚ ਹੀ ਪੜ੍ਹਨ ਲੱਗ ਪਏ ਸੀ. ਮੇਰੇ ਆੜੀ, ਲਾਲ ਦੀਨ ਤੇ ਬਸ਼ੀਰ ਮੁਹੰਮਦ ਵੀ ਸਕੂਲ ਛੱਡ ਗਏ ਸਨ. ਅਸੀਂ ਚਾਰ ਜਣੇ ਹੀ ਪੰਜਵੀਂ ਜਮਾਤ ਵਿਚ ਰਹਿ ਗਏ ਸੀ. ਪੜ੍ਹਨਾ ਤਾਂ ਕੀ ਸਕੂਲ ਵਿਚ ਵੜਨ ਨੂੰ ਵੀ ਦਿਲ ਨਹੀਂ ਸੀ ਕਰਦਾ. ਮੇਰੇ ਚਾਚਾ ਜੀ ਇਸ ਸਕਲੂæ ਵਿਚ ਹੀ ਪੜ੍ਹਾਉਂਦੇ ਸਨ. ਉਹਨਾਂ ਜਿਵੇਂ ਸਾਨੂੰ ਚੌਥੀ ਜਮਾਤ ਵਿਚ ਮਿਹਨਤ ਕਰਵਾਈ ਸੀ, ਪਰ ਪਤਾ ਨਹੀਂ ਕਿਉਂ ਉਸ ਤਰ੍ਹਾਂ ਪੰਜਵੀਂ ਵਿਚ ਸਾਡੀ ਪੜ੍ਹਾਈ ਵੱਲ ਬਹੁਤਾ ਧਿਆਨ ਨਹੀਂ ਦਿੱਤਾ. ਸਕੂਲ ਵਿਚ ਦੂਸਰੇ ਮਾਸਟਰ ਇੰਦਰ ਸਿੰਘ ਸਨ. ਉਹ ਪਹਿਲੀ ਤੇ ਦੂਸਰੀ ਜਮਾਤ ਨੂੰ ਪੜ੍ਹਾਉਂਦੇ ਸੀ. ਚਾਚਾ ਜੀ ਸਾਨੂੰ ਸਵੇਰੇ ਸਵੇਰੇ ਛੋਟੀਆਂ ਜਮਾਤਾਂ ਨੂੰ ਪੜ੍ਹਾਉਣ ਲਾ ਛੱਡਦੇ ਅਤੇ ਆਪ ਚੌਥੀ ਜਮਾਤ ਨੂੰ ਪੜ੍ਹਾਉਂਦੇ ਰਹਿੰਦੇ. ਉਹਨਾਂ ਸਮਿਆਂ ਵਿਚ ਚੌਥੀ ਜਮਾਤ ਦਾ ਪੱਕਾ ਇਮਤਿਹਾਨ ਤਹਿਸੀਲ ਦਾ ਸਕੂਲ ਇਨਸਪੈਕਟਰ, ਏ।ਡੀ।ਆਈ। ਲੈਂਦਾ ਹੁੰਦਾ ਸੀ. ਸ਼ਾਇਦ ਇਸੇ ਕਰਕੇ ਮਾਸਟਰ ਚੌਥੀ ਜਮਾਤ ਵੱਲ ਬਹੁਤਾ ਧਿਆਨ ਦਿੰਦੇ ਸਨ. ਧੂਹ ਘੜੀਸ ਕਰਕੇ ਇਸ ਤਰ੍ਹਾਂ ਹੀ ਪੜ੍ਹਾਈ ਦਾ ਸਿਲਸਿਲਾ ਚੱਲ ਰਿਹਾ ਸੀ.
    ਇਸ ਦੌਰਾਨ ਇਕ ਮਾਮੂਲੀ ਜਿਹੀ ਪਰ ਅਜੀਬ ਘਟਨਾ ਵਾਪਰ ਗਈ. ਉਹਨਾ ਦਿਨੀਂ ਸਾਡੇ ਨੇੜੇ ਤੇੜੇ ਦੇ ਪਿੰਡਾਂ ਵਿਚ ਕੋਈ ਡਾਕਖਾਨਾ ਨਹੀਂ ਸੀ. ਡਾਕੀਆ ਸਾਡੇ ਪਿੰਡ ਹਫਤੇ ਵਿਚ ਇਕ ਵਾਰ ਡਾਕ ਵੰਡਣ ਆਉਂਦਾ. ਉਹ ਪਿੰਡ ਦੀਆਂ ਚਿੱਠੀਆਂ ਸਕੂਲ ਵਿਚ ਜਾਂ ਚਾਚਾ ਜੀ ਦੇ ਘਰ ਫੜਾ ਜਾਂਦਾ ਤੇ ਉਹ ਅਗਾਂਹ ਬੱਚਿਆਂ ਰਾਹੀਂ ਲੋਕਾਂ ਦੇ ਘਰੀਂ ਪਹੁੰਚਦੀਆਂ ਕਰ ਦਿੰਦੇ. ਡਾਕ ਵਿਚ ਇਕ ਪੰਜਾਬੀ ਦਾ ਹਫਤਾਵਾਰੀ ਅਖਬਾਰ ਤੇ ਦੋ ਬੱਚਿਆਂ ਦੇ ਮੈਗਜ਼ੀਨ ਆਉਂਦੇ ਸਨ. ਮੈਂ ਗੁਰਦਵਾਰੇ ਵਿਚੋਂ ਪੰਜਾਬੀ ਪੜ੍ਹਨੀ ਲਿਖਣੀ ਸਿੱਖ ਲਈ ਹੋਣ ਕਾਰਨ (ਸਕੂਲਾਂ ਵਿਚ ਉਰਦੂ ਹੀ ਪੜ੍ਹਾਈ ਜਾਂਦੀ ਸੀ) ਡਾਕ ਵਿਚ ਆਏ ਅਖਬਾਰ ਰਸਾਲੇ ਸ਼ੌਕ ਨਾਲ ਪੜ੍ਹਦਾ. 
       ਇਕ ਦਿਨ ਮੇਰੀ ਚਾਚੀ ਨੇ ਕਹਿ ਦਿੱਤਾ, "ਮੱਲਾ ਪੰਜਵੀਂ 'ਚੋਂ ਹਟ ਗਿਆ ਸੀ ਤੇ ਮੀਤਾ ਚੌਥੀ ਵਿਚੋਂ. ਤੈਨੂੰ ਵੀ ਪੰਜਵੀਂ ਵਿਚੋਂ ਹਟਾ ਲੈਣਗੇ. ਫੇਰ ਤੂੰ ਇਹ ਪੜ੍ਹ ਕੇ ਕੀ ਕਰਨੇ ਐ?"
      ਮੇਰੇ ਮੂਹੋਂ ਸੁਭਾਉਕੀ ਨਿਕਲ ਗਿਆ, "ਮੈਂ ਤਾਂ ਚਾਚੀ, 'ਬੀਏ' ਪਾਸ ਕਰਨੀ ਐ।"
    "ਹੂੰਅ! ਬੀਏ ਨਾ ਬੀਏ, ਭਾਈ ਜੀ (ਮੇਰੇ ਪਿਤਾ ਜੀ) ਕਰਾਊ ਤੈਨੂੰ ਬੀਏ ਪਾਸ।"
       ਉਸ ਕੁਝ ਹੋਰ ਵੀ ਕਿਹਾ ਹੋਵੇ ਮੈਨੂੰ ਯਾਦ ਨਹੀਂ. ਚਾਚੀ ਨੇ ਤਾਂ ਇਹ ਗੱਲ ਸਧਾਰਨ ਹੀ ਕਹੀ ਹੋਵੇਗੀ ਪਰ ਇਹ ਗੱਲ ਮੇਰੇ ਦਿਲ ਦੇ ਕਿਸੇ ਖਾਨੇ ਅੰਦਰ ਅੜੀ ਰਹਿ ਗਈ. ਕੁਦਰਤੀ ਉਸ ਦਿਨ ਮੇਰੀ ਵੱਡੀ ਭੈਣ ਪਿੰਡ ਆਈ ਹੋਈ ਸੀ. ਮੈਂ ਉਸ ਨੂੰ ਕਿਹਾ, "ਭੈਣੇ, ਮੈਂ ਸਿਲਾਈ ਨਈ ਸਿੱਖਣੀ, ਮੈਂ ਤਾਂ ਹੋਰ ਪੜ੍ਹਨੈ।"
    "ਤੈਨੂੰ ਕੌਣ ਹਟਾਉਂਦੈ, ਪੜ੍ਹੀ ਚੱਲ।" ਭੈਣ ਨੇ ਕਹਿ ਦਿੱਤਾ.
    "ਬਾਈ ਕਹਿੰਦੈ, 'ਅਗਾਂਹ ਨਈ ਪੜ੍ਹਾਉਣਾ।" ਅਸੀਂ ਬਾਪ ਨੂੰ ਬਾਈ ਕਹਿ ਕੇ ਬਲਾਉਂਦੇ ਸੀ.
       ਜਦੋਂ ਮੇਰਾ ਬਾਪ ਖੇਤੋਂ ਘਰ ਆਇਆ ਤਾਂ ਭੈਣ ਨੇ ਉਸ ਕੋਲ ਮੇਰੀ ਸਫਾਰਸ਼ ਕੀਤੀ, "ਬਾਈ, ਜਰਨੈਲ ਨੂੰ ਪੜ੍ਹਨੋ ਨਾ ਹਟਾਇਓ, ਅਗਾਂਹ ਪੜ੍ਹੀ ਜਾਣ ਦਿਓ।" 
    "ਕੁੜੀਏ, ਤੈਨੂੰ ਤਾਂ ਘਰ ਦੀ ਸਾਰੀ ਸੋਝੀ ਐ. ਏਥੇ ਤਾਂ ਪਹਿਲਾਂ ਈ ਪੰਜ ਪਾਂਜੇ ਪੂਰੇ ਨਈਂ ਹੁੰਦੇ ਤੇ ਇਹਦੀਆਂ ਫੀਸਾਂ ਕਿੱਥੋਂ ਭਰਾਂਗੇ?" ਬਾਈ ਨੇ ਹਾਮੀ ਨਾ ਭਰੀ.
       ਭੈਣ ਦੇ ਵਿਆਹ ਉਪਰ ਜਿਹੜਾ ਚਾਰ ਪੰਜ ਸੌ ਰੁਪਿਆ ਖਰਚ ਹੋਇਆ ਸੀ, ਉਹ ਸਾਰਾ ਹੱਥ ਉਧਾਰ ਜਾਂ ਵਿਆਜੂ ਹੀ ਫੜਿਆ ਸੀ. ਉਹ ਕਰਜਾ ਅਜੇ ਲੱਥਾ ਨਹੀਂ ਸੀ. ਭੈਣ ਨੂੰ ਘਰ ਦੀ ਸਾਰੀ ਹਾਲਤ ਦਾ ਗਿਆਨ ਸੀ. ਇਸ ਕਰਕੇ ਪਹਿਲਾਂ ਉਹ ਚੁੱਪ ਕਰਕੇ ਬਾਈ ਦੀ ਗੱਲ ਸੁਣਦੀ ਰਹੀ ਫਿਰ ਹੌਲ਼ੀ ਜਿਹੇ ਕਹਿਣ ਲੱਗੀ, "ਜੇ ਇਹ ਅੱਠ ਦਸ ਪੜ੍ਹ ਜਾਂਦਾ ਤਾਂ ਕਿਸੇ ਚੰਗੀ ਨੌਕਰੀ 'ਤੇ ਲੱਗ ਜਾਂਦਾ. ਸਿਲਾਈ ਦੇ ਕੰਮ ਵਿਚ ਕੀ ਪਿਐ?"
    "ਮੁਖਤਿਆਰੋ, ਘਰਾਂ ਦੇ ਵਾੜ੍ਹੇ ਦਾੜ੍ਹੇ ਤਾਂ ਏਵੇਂ ਈ ਰਹਿਣੇ ਐ. ਵਾਹ ਲਗਦੀ ਇਹਨੂੰ ਪੜ੍ਹਾਵਾਂਗੇ।" ਮੇਰੀ ਮਾਂ ਵੀ ਪੜ੍ਹਾਉਣ ਦੇ ਹੱਕ ਵਿਚ ਸੀ. ਪਰ ਬਾਈ ਨੇ ਕੋਈ ਹੁੰਗਾਰਾ ਨਾ ਭਰਿਆ ਅਤੇ ਉੱਥੋਂ ਉਠ ਕੇ ਪਸ਼ੂਆਂ ਨੂੰ ਪੱਠੇ ਪਾਉਣ ਲੱਗਾ. ਬਾਈ ਜੇ ਕਿਸੇ ਗੱਲ ਬਾਰੇ 'ਹਾਂ' ਜਾਂ 'ਨਾਂਹ' ਨਾ ਕਹਿੰਦਾ ਤਾਂ ਇਹ ਉਸ ਦੀ ਨੀਮ ਰਜ਼ਾਮੰਦੀ ਸਮਝ ਲਈ ਜਾਂਦੀ ਸੀ.
    ਮੈਂ ਪੰਜਵੀਂ ਪਾਸ ਕਰ ਲਈ. ਅਗਲੀਆਂ ਜਮਾਤਾਂ ਦੇ ਦਾਖਲੇ ਸ਼ੁਰੂ ਹੋ ਗਏ. ਸਾਡੇ ਸਕੂਲ ਵਿਚੋਂ ਪ੍ਰਾਇਮਰੀ ਪਾਸ ਕਰਨ ਵਾਲੇ ਚਾਰ ਮੁੰਡੇ ਰੋਡਿਆਂ ਵਾਲੇ ਸਕੂਲ ਵਿਚ ਦਾਖਲ ਹੋ ਗਏ. ਸਾਡੇ ਘਰਾਂ ਵਿਚੋਂ ਮੇਰੇ ਚਾਚੇ ਦੀ ਥਾਂ ਲਗਦੇ ਇਕ ਬੰਦੇ ਦੀ ਜਵਾਨੀ ਵਿਚ ਹੀ ਮੌਤ ਹੋ ਗਈ ਸੀ. ਉਸ ਘਰ ਵਿਚ ਕੋਈ ਹੋਰ ਕਮਾਊ ਵੀ ਨਹੀਂ ਸੀ ਰਹਿ ਗਿਆ. ਉਸ ਦੇ ਲੜਕੇ, ਕੁਲਵੰਤ ਸਿੰਘ ਨੇ ਮੇਰੇ ਨਾਲ ਹੀ ਪੰਜਵੀ ਪਾਸ ਕੀਤੀ ਸੀ, ਉਹ ਵੀ ਉੱਥੇ ਦਾਖਲ ਹੋ ਗਿਆ. ਪਰ ਮੈਨੂੰ ਦਾਖਲ ਕਰਾਉਣ ਵਾਸਤੇ ਫੀਸ ਪ੍ਰਬੰਧ ਨਾ ਹੋ ਸਕਿਆ ਤੇ ਮੈਂ ਬਿਨਾਂ ਦਾਖਲ ਹੋਏ ਹੀ ਚਾਰ ਪੰਜ ਦਿਨ ਰੋਡਿਆਂ ਵਾਲੇ ਸਕੂਲ ਜਾਂਦਾ ਰਿਹਾ. ਫਿਰ ਪਤਾ ਨਹੀਂ ਕੁਝ ਵੇਚਿਆ ਜਾਂ ਕਿਸੇ ਕੋਲੋਂ ਹੱਥ ਹੁਧਾਰ ਪੈਸੇ ਫੜੇ, ਮਾਂ ਨੇ ਮੈਨੂੰ ਫੀਸ ਅਤੇ ਦਾਖਲੇ ਲਈ ਪੰਜ ਰੁਪਏ ਦੇ ਦਿੱਤੇ ਪਰ ਉਹ ਆਪ ਦਾਖਲ ਕਰਾਉਣ ਨਹੀਂ ਗਏ.
       ਕੁਲਵੰਤ ਨੇ ਦਾਖਲ ਹੋਣ ਵੇਲੇ, ਫੀਸ ਮੁਆਫੀ ਦੀ ਅਰਜ਼ੀ ਵੀ ਨਾਲ ਹੀ ਦੇ ਦਿੱਤੀ ਸੀ ਅਤੇ ਉਸ ਦੀ ਪੂਰੀ ਫੀਸ ਮੁਆਫ ਹੋ ਗਈ ਸੀ. ਮੈਂ ਵੀ ਦਾਖਲੇ ਫਾਰਮ ਤੇ ਪੰਜਵੀਂ ਦੇ ਸਰਟਰੀਫੀਕੇਟ ਦੇ ਨਾਲ ਫੀਸ ਮੁਆਫੀ ਦੀ ਅਰਜ਼ੀ ਲਾ ਦਿੱਤੀ. ਗਿਆਨੀ ਜਰਨੈਲ ਸਿੰਘ ਜਮਾਤ ਦਾ ਇਨਚਾਜ ਸੀ. ਜਦੋਂ ਉਸ ਨੇ ਫੀਸ ਦੀ ਥਾਂ ਫੀਸ ਮੁਆਫੀ ਦੀ ਅਰਜ਼ੀ ਦੇਖੀ ਤਾਂ ਉਸ ਮੈਨੂੰ ਹੈਡਮਾਸਟਰ ਕਰਤਾਰ ਸਿੰਘ ਦੇ ਪੇਸ਼ ਕਰ ਦਿੱਤਾ. ਖੱਦਰ ਦੀ ਨਿੱਕਰ, ਖੱਦਰ ਦਾ ਝੱਗਾ ਅਤੇ ਲੱਠੇ ਦੀ ਪੱਗ ਬੰਨ੍ਹੀ, ਨੰਗੇ ਪੈਰੀਂ ਮੈਂ ਹੈਡਮਾਸਟਰ ਦੇ ਸਾਹਮਣੇ ਖੜ੍ਹਾ ਸੀ. ਹੈਡਮਾਸਟਰ ਸਾਹਿਬ ਨੇ ਪਹਿਲਾਂ ਮੇਰੇ ਵੱਲ ਦੇਖਿਆ ਅਤੇ ਫਿਰ ਫੀਸ ਮੁਆਫੀ ਦੀ ਅਰਜ਼ੀ ਪੜ੍ਹਨ ਲੱਗ ਪਏ. ਅਰਜ਼ੀ ਪੜ੍ਹਨ ਮਗਰੋਂ ਕਦੀ ਉਹ ਮੇਰੇ ਵੱਲ ਦੇਖ ਲੈਣ ਤੇ ਕਦੀ ਅਰਜ਼ੀ ਵੱਲ. ਫਿਰ ਬਿਨਾਂ ਮੇਰੇ ਕੋਲੋਂ ਕੂਝ ਪੁੱਛਿਆਂ ਅੱਧੀ ਫੀਸ ਮੁਆਫ ਕਰ ਦਿੱਤੀ. (ਅੱਧੀ ਫੀਸ ਮੁਆਫੀ ਦੀ ਸਹੂਲਤ ਮੈਨੂੰ ਦਸਵੀਂ ਤਕ ਰਹੀ ਸੀ.) ਪੜ੍ਹਾਈ ਲਈ ਮੇਰੀਆਂ ਪੰਜਵੀਂ ਜਮਾਤ ਵਾਲੀਆਂ ਕਿਤਾਬਾਂ ਇੱਥੇ ਕੰਮ ਨਾ ਆਈਆਂ. ਅੱਧ ਮੁੱਲ 'ਤੇ ਪੁਰਾਣੀਆਂ ਕਿਤਾਬਾਂ ਖਰੀਦ ਲਈਆਂ. ਇਸ ਤਰ੍ਹਾਂ ਸਲਾਈ ਸਿੱਖਣ ਜਾਂਦਾ ਜਾਂਦਾ ਮੈਂ ਪਿੰਡ ਵਿਚੋਂ ਪੰਜਵੀਂ ਪਾਸ ਕਰਕੇ ਰੋਡਿਆਂ ਵਾਲੇ ਸਕੂਲ ਵਿਚ ਮੁੜ ਪੰਜਵੀਂ ਵਿਚ ਦਾਖਲ ਹੋ ਗਿਆ.


    12

    ਅੱਕ ਦੇ ਪੱਤੇ
    ਮੈਂ ਰੋਡਿਆਂ ਵਾਲੇ ਸਕੂਲ ਦਾਖਲ ਹੋ ਗਿਆ. ਅੱਧੋਰਾਣੀਆਂ ਕਿਤਾਬਾਂ ਵੀ ਖਰੀਦ ਲਈਆਂ. ਕਿਤਾਬਾਂ ਪਾਉਣ ਲਈ, ਦਰੀਆਂ ਬਣਾਉਣ ਵਾਲੇ ਅੱਡੇ 'ਤੇ ਬੁਣਿਆ ਹੋਇਆ ਇਕ ਮਜ਼ਬੂਤ ਝੋਲਾ ਵੀ ਮਿਲ ਗਿਆ ਸੀ. ਪਰ ਮੇਰੇ ਕੋਲ ਲੱਤਾਂ ਢਕਣ ਲਈ ਨਾ ਹੀ ਪਜਾਮਾ ਸੀ ਅਤੇ ਨਾ ਹੀ ਪੈਰੀਂ ਜੁੱਤੀ. ਉਂਜ ਜਿੰਨੇ ਵੀ ਅਸੀ ਸੇਖੇ ਤੋਂ ਉਸ ਸਕੂਲ ਪੜ੍ਹਨ ਜਾਂਦੇ ਸੀ, ਦੋ ਚਾਰ ਦੇ ਹੀ ਪਜਾਮੇ ਪਾਏ ਹੁੰਦੇ ਸੀ. ਪਰ ਮੇਰੇ ਅਤੇ ਕੁਲਵੰਤ ਤੋਂ ਬਿਨਾਂ ਜੁੱਤੀਆਂ ਤਕਰੀਬਨ ਸਾਰਿਆਂ ਦੇ ਪੈਰੀਂ ਹੀ ਹੁੰਦੀਆਂ ਸਨ. ਉਸ ਸਮੇਂ ਮਨ ਵਿਚ ਕਦੀ ਹੀਣਤਾ ਨਹੀਂ ਸੀ ਆਈ ਕਿ ਅਸੀਂ ਨੰਗੇ ਪੈਰੀਂ ਕਿਉਂ ਜਾਂਦੇ ਹਾਂ ਤੇ ਦੂਜਿਆਂ ਦੇ ਪੈਰੀਂ ਜੁੱਤੀਆਂ ਕਿਉਂ ਹਨ?
       ਸਵੇਰ ਵੇਲ਼ੇ ਅਸੀਂ ਚਾਈਂ ਚਾਈਂ ਭੱਜੇ ਜਾਂਦੇ. ਡੇਢ, ਪੌਣੇ ਦੋ ਘੰਟੇ ਦਾ ਪੈਂਡਾ ਅਸੀਂ ਇਕ ਘੰਟੇ ਵਿਚ ਨਬੇੜ ਲੈਂਦੇ. ਵੈਰੋਕਿਆਂ ਦੇ ਰਾਹ ਵਿਚ ਬੇਰੀਆਂ ਬਹੁਤ ਸਨ. ਚੇਤ ਵਿਚ ਬੇਰੀਆਂ ਬੇਰਾਂ ਨਾਲ ਝੱਜਾ ਝੂਰ ਹੋਈਆਂ ਹੁੰਦੀਆਂ. ਵਾਪਸੀ 'ਤੇ ਅਸੀਂ ਆਮ ਵੈਰੋਕਿਆਂ ਵਾਲੇ ਰਾਸਤੇ ਆਉਂਦੇ. ਬੇਰੀਆਂ ਹੇਠ ਡਿੱਗੇ ਹੋਏ ਬੇਰ ਚੁਗਦੇ. ਮੈਨੂੰ ਦਰਖਤਾਂ ਉਪਰ ਚੜ੍ਹਨ ਦੀ ਬੜੀ ਜਾਚ ਸੀ. ਇਕ ਦਿਨ ਮੈਂ ਇਕ ਬੇਰੀ ਉਪਰ ਚੜ੍ਹ ਕੇ ਟਾਹਣਿਆਂ ਨੂੰ ਹਲੂਣ ਦਿੱਤਾ. ਥੱਲੇ ਲਾਲ ਲਾਲ ਬੇਰਾਂ ਦੀਆਂ ਢੇਰੀਆਂ ਲੱਗ ਗਈਆਂ. ਸਾਰਿਆਂ ਚੁਗ ਕੇ ਆਪੋ ਆਪਣੇ ਝੋਲਿਆਂ ਵਿਚ ਪਾ ਲਏ. ਜਦੋਂ ਮੈਂ ਬੇਰੀ ਤੋਂ ਥੱਲੇ ਉਤਰਿਆ ਤਾਂ ਮੈਨੂੰ ਕੋਈ ਵੀ ਹਿੱਸਾ ਦੇਣ ਲਈ ਤਿਆਰ ਨਹੀਂ ਸੀ. ਮੈਂ ਆਪਣੇ ਤੋਂ ਮਾੜਿਆਂ ਦੇ ਬਸਤੇ ਖੋਹ ਕੇ ਸਮੇਤ ਕਿਤਾਬਾਂ ਸਾਰੇ ਬੇਰ ਖਿਲਾਰ ਦਿੱਤੇ. ਸਾਡੀ ਲੜਾਈ ਹੋ ਗਈ. ਸਾਡੇ ਨਾਲ ਕਰਮ ਸਿੰਘ, ਜਿਸ ਨੇ ਇਸੇ ਸਾਲ ਦਸਵੀਂ ਕੀਤੀ ਸੀ. ਹੈਡਮਾਸਟਰ ਨੇ ਉਸ ਨੂੰ ਪੰਜਵੀਂ ਨੂੰ ਪੜ੍ਹਾਉਣ ਵਾਸਤੇ ਕੁਝ ਸਮੇਂ ਲਈ ਭਰਤੀ ਕਰ ਲਿਆ ਸੀ. ਉਹ ਸਾਡੇ ਨਾਲ ਹੀ ਜਾਂਦਾ ਹੁੰਦਾ ਸੀ. ਨਾਲ ਹੀ ਉਸ ਨੇ ਪੁੱਛਿਆ, "ਹੋਰ ਕਿਹੜਾ ਬੇਰੀ ਉਪਰ ਚੜ੍ਹਨਾ ਜਾਣਦਾ ਹੈ?" ਕੰਡਿਆਂ ਵਾਲੀ ਬੇਰੀ ਉਪਰ ਕੋਈ ਵੀ ਚੜ੍ਹਨ ਲਈ ਤਿਆਰ ਨਹੀਂ ਸੀ. ਫਿਰ ਉਸ ਫੈਸਲਾ ਸੁਣਾ ਦਿੱਤਾ, "ਅਗਲੀਆਂ ਬੇਰੀਆਂ ਤੋਂ ਵੀ ਜਰਨੈਲ ਬੇਰ ਝਾੜੂਗਾ. ਸਾਰੇ ਬੇਰ ਇਕੋ ਥਾਂ ਇਕੱਠੇ ਕਰਾਂਗੇ ਤੇ ਫੇਰ ਸਾਰਿਆਂ ਵਿਚ ਵੰਡ ਦਿੱਤੇ ਜਾਣਗੇ. ਹੁਣ ਪਹਿਲਾਂ ਸਾਰੇ ਇਕ ਇਕ ਬੁੱਕ ਜਰਨੈਲ ਨੂੰ ਦਿਓ। ਜ੍ਹੀਦੇ ਕੋਲ ਘੱਟ ਐ, ਉਹ ਥੋੜੇ ਘੱਟ ਦੇ ਦੇਵੇ।"
       ਪੰਜਵੀਂ ਛੇਵੀਂ ਵਾਲਿਆਂ ਤਾਂ ਉਸ ਦਾ ਕਹਿਣਾ ਮੰਨ ਕੇ ਮੈਨੂੰ ਥੋੜੇ ਥੋੜੇ ਬੇਰ ਦੇ ਦਿੱਤੇ ਪਰ ਸਤਵੀਂ ਵਿਚ ਪੜ੍ਹਦੇ ਕਰਤਾਰ ਨੇ ਇਕੋ ਮੁੱਠ ਹੀ ਦਿੱਤੀ. ਕਰਮ ਸਿੰਘ ਨੇ ਉਸ ਨੂੰ ਕਿਹਾ ਵੀ ਕੁਝ ਨਾ. ਉਸ ਦਿਨ ਅਸੀਂ ਕਿਸੇ ਹੋਰ ਬੇਰੀ ਤੋਂ ਬੇਰ ਨਹੀਂ ਝਾੜੇ. ਅਗਲੇ ਦਿਨ ਵਾਪਸ ਮੁੜਦਿਆਂ ਕਰਮ ਸਿੰਘ ਜਾਣ ਬੁੱਝ ਕੇ ਸਕੂਲੋਂ ਲੇਟ ਤੁਰਿਆ. ਉਸ ਦੇ ਨਾਲ ਆਉਣ ਵਾਲੇ ਅਸੀਂ ਚਾਰ ਜਣੇ ਹੀ ਰਹਿ ਗਏ. ਰਾਸਤੇ ਵਿਚ ਉਸ ਨੇ ਮੈਨੂੰ ਇਕ ਬੇਰੀ ਉਪਰ ਚੜ੍ਹਾ ਦਿੱਤਾ. ਮੈਂ ਬੇਰ ਝਾੜਦਾ ਰਿਹਾ ਤੇ ਦੂਸਰੇ ਚੁਗਦੇ ਰਹੇ. ਕਰਮ ਸਿੰਘ ਨਿਗਰਾਨੀ ਵਿਚ ਖੜ੍ਹ ਗਿਆ. ਮੈਂ ਉੱਚੇ ਟਾਹਣਿਆਂ ਤੋਂ ਵੀ ਬੇਰ ਝਾੜ ਦਿੱਤੇ. ਜਦੋਂ ਮੈਂ ਥੱਲੇ ਉਤਰਿਆਂ ਤਾਂ ਬੇਰੀ ਹੇਠ ਵੱਡੀ ਸਾਰੀ ਢੇਰੀ ਲੱਗੀ ਹੋਈ ਸੀ. ਕਿਸੇ ਨੇ ਵੀ ਹੇਰਾ ਫੇਰੀ ਕਰਕੇ ਬੇਰ ਨਹੀਂ ਸੀ ਲਕੋਏ. ਕਰਮ ਸਿੰਘ ਬੇਰ ਵੰਡਣ ਲੱਗਾ. ਚਾਰ ਚਾਰ ਬੁੱਕ ਦੂਜਿਆਂ ਨੂੰ ਦੇ ਦਿੱਤੇ ਮੈਨੂੰ ਛੇ ਬੁੱਕ ਦਿੱਤੇ ਅਤੇ ਆਪ ਆਪਣਾ ਝੋਲਾ ਭਰ ਲਿਆ. ਉਸ ਦੇ ਝੋਲੇ ਵਿਚ ਕਿਤਾਬਾਂ ਵੀ ਨਹੀਂ ਸਨ. ਉਹ ਆਪਣੀ ਰੋਟੀ ਪਾਉਣ ਵਾਸਤੇ ਹੀ ਝੋਲਾ ਲੈ ਜਾਂਦਾ ਸੀ.
       ਉਸ ਦੀ ਇਕ ਹੋਰ ਗੱਲ ਵੀ ਯਾਦ ਆਉਂਦੀ ਹੈ. ਸਾਡੇ ਰਾਹ ਵਿਚ ਨਹਿਰ ਸਰਹੰਦ ਆਉਂਦੀ ਹੈ. ਉਸ ਸਮੇਂ ਉਹ ਬਹੁਤ ਚੌੜੀ ਸੀ. ਸਕੂਲੋਂ ਵਾਪਸ ਆ ਕੇ ਚੰਨੂ ਵਾਲੇ ਪਿੰਡ ਦੇ ਅਤੇ ਵੈਰੋਕਿਆਂ ਦੇ ਮੁੰਡੇ ਨਹਿਰ ਵਿਚ ਨਹਾਉਣ ਲੱਗ ਜਾਂਦੇ. ਸਾਡੇ ਵਿਚੋਂ ਕੋਈ ਡਰਦਾ ਉਸ ਨਹਿਰ ਵਿਚ ਨਹੀਂ ਸੀ ਵੜਦਾ. ਮੈਨੂੰ ਨਿੱਕੇ ਹੁੰਦੇ ਨੂੰ ਹੀ ਤੈਰਨਾ ਆਉਂਦਾ ਸੀ. ਮੈਂ ਗੁਰਦਵਾਰੇ ਦੇ ਤਲਾਅ ਵਿਚ ਪੁੱਠੀਆਂ ਸਿੱਧੀਆਂ ਤਾਰੀਆਂ ਲਾਉਂਦਾ ਰਿਹਾ ਸੀ. ਮੇਰਾ ਵੀ ਚਿੱਤ ਕਰਦਾ ਕਿ ਮੈਂ ਵੀ ਨਹਾਵਾਂ ਪਰ ਘਰਦਿਆਂ ਤੋਂ ਡਰਦਾ ਨਹਾਉਂਦਾ ਨਹੀਂ ਸੀ. ਸਾਡੇ ਘਰਦਿਆਂ ਨੇ ਕਰਮ ਸਿੰਘ ਦੀ ਹੀ ਡਿਉਟੀ ਲਾਈ ਹੋਈ ਸੀ ਕਿ ਉਹ ਮੇਰਾ ਧਿਆਨ ਰੱਖਿਆ ਕਰੇ.
       ਇਕ ਦਿਨ ਉਹ ਕਹਿਣ ਲੱਗਾ, "ਮੈਂ ਥੋਡੇ ਲੀੜਿਆਂ ਦੀ ਰਾਖੀ ਬੈਠਦਾ ਹਾਂ. ਤੁਸੀਂ ਸਾਰੇ ਨਹਾ ਲਵੋ. ਸਾਰੇ ਕਹਿੰਦੇ, "ਸਾਨੂੰ ਤੈਰਨਾ ਨਹੀਂ ਆਉਂਦਾ।"  ਲਖੂ ਕੇ ਅਗਵਾੜ ਦਾ ਕੈਲਾ ਤੇ ਅਮਰ ਵੀ ਤੈਰਨ ਜਾਣਦੇ ਸੀ. ਉਹ ਨਹਾਉਣ ਲਈ ਤਿਆਰ ਹੋ ਗਏ. ਪਰ ਮੈਂ ਚੁੱਪ ਕਰਕੇ ਕਰਮ ਸਿੰਘ ਤੋਂ ਡਰਦਾ ਹੀ ਬੈਠਾ ਰਿਹਾ. ਕਰਤਾਰ ਕਹਿੰਦਾ, "ਤਰਨ ਤਾਂ ਜਰਨੈਲ ਵੀ ਜਾਣਦੈ।"
       ਕਰਮ ਸਿੰਘ ਨੇ ਮੈਨੂੰ ਹਲਾਸ਼ੇਰੀ ਦਿੱਤੀ ਤੇ ਮੈਂ ਵੀ ਲੀੜੇ ਲਾਹ ਕੇ ਨਹਿਰ ਵਿਚ ਛਾਲ ਮਾਰ ਦਿੱਤੀ. ਦੋ ਵਾਰ ਇਧਰਲੇ ਕਿਨਾਰੇ ਤੋਂ ਤੈਰ ਕੇ ਦੂਸਰੇ ਕਿਨਾਰੇ ਗਿਆ ਤੇ ਦੋ ਵਾਰ ਹੀ ਮੁੜ ਕੇ ਆਇਆ. ਫਿਰ ਦੂਜੇ ਮੁੰਡਿਆਂ ਦੇ ਨਾਲ ਹੀ ਉੱਚੇ ਪੁਲ਼ ਤੋਂ ਛਾਲਾਂ ਮਾਰਨ ਲੱਗਾ. ਬੜੇ ਅਨੰਦ ਵਿਚ ਡੁਬਕੀਆਂ ਲਾਈਆਂ. ਘਰ ਆਉਂਦਿਆਂ ਹੀ ਮੇਰੇ ਚਚੇਰੇ ਭਰਾ, ਬਲਦੇਵ ਨੇ ਦੱਸ ਦਿੱਤਾ ਕਿ 'ਜਰਨੈਲ ਅੱਜ ਨਹਿਰ ਵਿਚ ਨਹਾ ਕੇ ਆਇਐ।' ਨਾਲ ਇਹ ਵੀ ਜੋੜ ਦਿੱਤਾ ਕਿ 'ਇਸ ਨੇ ਨਹਿਰ ਵਿਚ ਡੁੱਬ ਜਾਣਾ ਸੀ. ਵੈਰੋ ਦੇ ਮੁੰਡਿਆਂ ਨੇ ਬਚਾਇਆ ਐ।' ਮੇਰੀ ਮਾਂ ਡੰਡਾ ਲੈ ਕੇ ਮੇਰੇ ਦੁਆਲ਼ੇ ਹੋ ਗਈ. ਮੈਂ ਬਥੇਰਾ ਕਿਹਾ, 'ਮੈਂ ਤਾਂ ਚਾਚੇ ਕਰਮ ਸਿੰਘ ਦੇ ਕਹਿਣ 'ਤੇ ਨਹਾਤਾ ਸੀ. ਮੈਂ ਡੁੱਬਿਆ ਨਹੀਂ ਸੀ, ਐਵੇਂ ਬਲਦੇਵ ਝੂਠ ਮਾਰਦੈ।' ਪਰ ਉਹ ਪੋਲੇ ਪੋਲੇ ਡੰਡੇ ਮਾਰਦੀ ਹੋਈ ਕਹਿ ਰਹੀ ਸੀ ਕਿ 'ਤੂੰ ਨਹਿਰ ਵਿਚ ਵੜਿਆ ਹੀ ਕਿਉਂ?' ਫੇਰ ਉਹ ਕਰਮ ਸਿੰਘ ਨੂੰ ਉਲਾਹਮਾ ਦੇਣ ਗਈ ਕਿ ਉਸ ਨੇ ਮੈਨੂੰ ਨਹਿਰ ਵਿਚ ਕਿਉਂ ਵੜਨ ਦਿੱਤਾ. ਕਰਮ ਸਿੰਘ ਨੇ ਮਚਦੀ 'ਤੇ ਹੋਰ ਤੇਲ ਪਾਉਂਦਿਆਂ ਕਹਿ ਦਿੱਤਾ, "ਭਾਬੀ, ਇਹ ਮੇਰੇ ਆਖੇ ਨਹੀਂ ਲੱਗਾ. ਦੂਜੇ ਮੁੰਡਿਆਂ ਨੂੰ ਨਹਾਉਂਦੇ ਦੇਖ ਕੇ ਮੱਲੋ ਮੱਲੀ ਨਹਿਰ ਵਿਚ ਵੜ ਗਿਆ. ਇਹ ਤਾਂ ਪੁਲ਼ ਤੋਂ ਵੀ ਛਾਲਾਂ ਮਾਰਦਾ ਰਿਹਾ ਐ. ਜਦੋਂ ਮੈਂ ਘਰ ਦੱਸਣ ਦਾ ਡਰਾਵਾ ਦਿੱਤਾ ਤਾਂ ਕਿਤੇ ਜਾ ਕੇ ਬਾਹਰ ਨਿਕਲਿਆ।"
       ਮਾਂ ਨੇ ਘਰ ਆ ਕੇ ਮੈਨੂੰ ਗਾਲ੍ਹਾਂ ਦੇ ਨਾਲ ਚੰਗਾ ਵਰਸਾਜਿਆ. 'ਮਾਂ ਪਿਉ ਦੀਆਂ ਗਾਲ੍ਹਾਂ ਘਿਉ ਦੀਆਂ ਨਾਲ਼ਾਂ' ਸਮਝ ਕੇ ਮੈਂ ਚੁੱਪ ਕਰਕੇ ਪੀ ਗਿਆ. ਕੁਸਕਿਆ ਵੀ ਨਾ.
       ਇਕ ਗੱਲ ਹੋਰ ਵੀ ਚੇਤੇ ਦੀ ਚੰਗੇਰ ਵਿਚ ਆ ਗਈ ਹੈ. ਮੈਂ ਪਹਿਲੀ ਵਾਰ ਪਿੰਡੋਂ ਨਿਕਲ ਕੇ ਬੰਬੀਹਾ ਭਾਈ, ਚੌਥੀ ਦਾ ਇਮਤਿਹਾਨ ਦੇਣ ਲਈ ਗਿਆ ਸੀ. ਉਸ ਤੋਂ ਪਹਿਲਾਂ ਮੈਂ ਹੋਰ ਕੋਈ ਪਿੰਡ ਨਹੀਂ ਸੀ ਦੇਖਿਆ. ਰੋਡਿਆਂ ਵਾਲਾ ਸਕੂਲ ਵੀ ਪਹਿਲੀ ਵਾਰ ਹੀ ਦੇਖਿਆ ਸੀ ਅਤੇ ਸਮਾਲਸਰ ਪਿੰਡ ਵੀ. ਵੈਰੋਕਿਆਂ ਤੋਂ ਤਾਂ ਅਸੀਂ ਪਾਸੇ ਪਾਸੇ ਹੀ ਲੰਘ ਜਾਂਦੇ ਸਾਂ. ਵੈਰੋਕਿਆਂ ਤੋਂ ਸਮਾਲਸਰ ਨੂੰ ਵੀ ਇਕ ਸਿੱਧਾ ਰਾਹ ਜਾਂਦਾ ਸੀ. ਇਕ ਰਾਹ ਵਿੰਗ ਵਲੇਵੇਂ ਖਾ ਕੇ ਸੇਖੇ ਤੋਂ ਰਾਜਿਆਣਾ ਪਿੰਡ ਨੂੰ ਵੀ ਜਾਂਦਾ ਸੀ ਜਿਹੜਾ ਵੈਰੋਕਿਆਂ ਦੀ ਜੂਹ ਵਿਚਦੀ ਲੰਘਦਾ ਸੀ. ਅਸੀਂ ਤਾਂ ਰਾਹ ਛੱਡ ਕੇ ਡੰਡੀ ਪੈ ਕੇ ਸਕੂਲ ਜਾਂਦੇ ਸੀ. ਜਿੱਥੇ ਆ ਕੇ ਸੇਖੇ ਵਾਲਾ ਰਾਸਤਾ ਸਮਾਲਸਰ ਵਾਲੇ ਰਾਸਤੇ ਨੂੰ ਕਟਦਾ ਸੀ, ਉਸ ਥਾਂ ਉਪਰ ਜੇਠ, ਹਾੜ ਦੇ ਮਹੀਨੇ, ਵੋਰੋ ਕਿਆਂ ਦੀ ਪਮਚਾਇਤ ਵੱਲੋਂ ਇਕ ਪੌਅ/ ਪਿਆਓ ਲਾਇਆ ਜਾਂਦਾ ਸੀ. ਉਸ ਥਾਂ ਇਕ ਝੁੱਗੀ ਪਾ ਕੇ ਕੁਝ ਘੜੇ ਪਾਣੀ ਦੇ ਰੱਖ ਦਿੱਤੇ ਜਾਂਦੇ. ਉੱਥੇ ਇਕ ਅਮਲੀ ਜਿਹਾ ਬੰਦਾ ਪਾਣੀ ਪਿਆਉਣ ਲਈ ਬੈਠਾ ਹੁੰਦਾ. ਉਹ ਸਭ ਨੂੰ ਡੰਡੀ ਵਾਲੀ ਗੜਵੀ ਨਾਲ ਓਕ ਰਾਹੀਂ ਪਾਣੀ ਪਿਉਂਦਾ. ਜਦੋਂ ਘੜਿਆਂ ਵਿਚੋਂ ਪਾਣੀ ਮੁਕਦਾ ਤਾਂ ਉਹ ਕੁਝ ਦੂਰ ਖੇਤ ਵਿਚ ਲੱਗੇ ਖੂਹ ਤੋਂ ਘੜੇ ਭਰ ਲਿਆਉਂਦਾ. ਉਸ ਨੇ ਇਕ ਰੂੜ੍ਹੇ ਘੜੇ ਵਿਚ ਘਾਠ (ਭੁੱਜੇ ਹੋਏ ਜੌਂ ਛੋਲੇ) ਪਾ ਕੇ ਰੱਖੀ ਹੁੰਦੀ. ਸਕੂਲੋਂ ਵਾਪਸ ਮੁੜਦਿਆਂ ਨੂੰ ਉਹ ਸਾਨੂੰ ਪਾਣੀ ਪਿਆ ਕੇ ਇਕ ਇਕ ਮੁੱਠ ਘਾਠ ਦੀ ਦੇ ਦਿੰਦਾ. 
       ਇਕ ਦਿਨ ਉਹ ਪਾਣੀ ਲੈਣ ਲਈ ਘੜਾ ਲੈ ਕੇ ਖੂਹ ਵੱਲ ਗਿਆ ਹੋਇਆ ਸੀ. ਅਸੀਂ ਪਹਿਲਾਂ ਇਕ ਦੂਜੇ ਨੂੰ ਪਾਣੀ ਪਿਆਇਆ ਅਤੇ ਫਿਰ ਘਾਠ ਨਾਲ ਆਪਣੀਆਂ ਜੇਬਾਂ ਤੇ ਗੀਝੇ ਭਰ ਲਏ. ਛੇਤੀ ਵਿਚ ਕੁਝ ਦਾਣੇ ਆਲੇ ਦੁਆਲੇ ਖਿੱਲਰ ਵੀ ਗਏ. ਖਿੱਲਰੇ ਦਾਣੇ ਚੁਗਣ ਦਾ ਕਿਸੇ ਨੂੰ ਖਿਆਲ ਹੀ ਨਹੀਂ ਆਇਆ. ਅਸੀਂ ਰਾਖੇ ਦੇ ਆਉਣ ਤੋਂ ਪਹਿਲਾਂ ਹੀ ਉੱਥੋਂ ਪੱਤਰਾ ਵਾਚ ਗਏ.
       ਅਗਲੇ ਦਿਨ ਜਦੋਂ ਅਸੀਂ ਸਕੂਲੋਂ ਵਾਪਸ ਮੁੜ ਕੇ ਪੌਅ ਕੋਲ ਆਏ ਤਾਂ ਉਸ ਆਦਮੀ ਨੇ ਚੁੱਪ ਕਰਕੇ ਸਾਰਿਆਂ ਨੂੰ ਗੜਵੀ ਨਾਲ ਪਾਣੀ ਪਿਆ ਦਿੱਤਾ. ਅਸੀਂ ਵੀ ਓਕ ਨਾਲ ਪਾਣੀ ਪੀ ਕੇ ਮੂੰਹ ਪੂੰਝ ਲਏ. ਅਸੀਂ ਸਮਝਿਆ ਕਿ ਸਾਡੀ ਕੱਲ੍ਹ ਦੀ ਦਾਣਿਆਂ ਵਾਲੀ ਚੋਰੀ ਦਾ ਉਸ ਨੂੰ ਪਤਾ ਨਹੀਂ ਲੱਗਾ ਹੋਣਾ. ਅਸੀਂ ਕਿਹਾ, "ਬਾਬਾ, ਦਾਣੇ ਚੱਬਣੇ ਐ।" "ਚਬਾਵਾਂ ਥੋਨੂੰ ਦਾਣੇ! ਕੱਲ੍ਹ ਸਾਰਾ ਤੌੜਾ ਖਾਲੀ ਕਰ ਗਏ ਸੀ।" ਉਸ ਨੇ ਦਬਕਾ ਮਾਰਿਆ.
    "ਨਹੀਂ ਬਾਬਾ, ਅਸੀਂ ਤਾਂ ਨਈਂ ਸੀ ਲਏ ਦਾਣੇ।" ਜੰਗੀਰ ਨੇ ਮੀਸਣਾ ਜਿਹਾ ਬਣਦਿਆਂ ਕਿਹਾ.
    "ਲਗਦਾ ਬਾਬੇ ਦਾ! ਮੈਂ ਤਾਂ ਥੋਨੂੰ ਝੁੱਗੀ 'ਚ ਵੜਦਿਆਂ ਈ ਦੇਖ ਲਿਆ ਸੀ ਬਈ ਕੋਈ ਕਾਰਸਤਾਨੀ ਕਰੋਂਗੇ। ਮੈਂ ਦੂਰ ਸੀ. ਜੇ ਮੌਕੇ 'ਤੇ ਆ ਜਾਂਦਾ ਤਾਂ ਛਤਰੌਲ ਕਰਨੀ ਸੀ। ਥੋਨੂੰ ਥੋਡੇ ਮਾਹਟਰ ਚੋਰੀਆਂ ਕਰਨੀਆਂ ਸਿਖਾਉਂਦ ਐ? ਜਾਓ, ਭੱਜ ਜਾਓ. ਹੁਣ ਮੈਂ ਥੋਨੂੰ ਦਾਣੇ ਨਹੀਂ ਦਿਆ ਕਰਨੇ।" ਉਸ ਨੇ ਫਿਟਕਾਰ ਪਾਈ ਅਤੇ ਅਸੀਂ ਨਿੰਮੋ ਝੂਣੇ ਜਿਹੇ ਹੋ ਕੇ ਉੱਥੋਂ ਤੁਰ ਗਏ. 
       ਉਸੇ ਰਾਹ ਵਿਚ ਵੈਰੋ ਕਿਆਂ ਦੇ ਇਕ ਜੱਟ ਨੇ ਦੋ ਘੁਮਾਂ ਖੇਤ ਵਿਚ ਖਰਬੂਜੇ ਬੀਜੇ ਹੋਏ ਸਨ. ਕੈਲਾ ਤੇ ਅਮਰ ਬਹੁਤੇ ਸ਼ਰਾਰਤੀ ਸਨ. ਜੰਗੀਰ ਵੀ ਉਹਨਾਂ ਦੇ ਮਗਰ ਲੱਗ ਜਾਂਦਾ ਸੀ. ਦਾਣੇ ਚੋਰੀ ਕਰਨ ਤੋਂ ਇਕ ਦਿਨ ਪਹਿਲਾਂ ਉਹ ਇਕ ਖੇਤ ਵਿਚੋਂ ਖਰਬੂਜੇ ਤੋੜ ਲਿਆਏ ਅਤੇ ਅਸੀਂ ਸਾਰਿਆਂ ਕੱਸੀ ਉਪਰ ਬੈਠ ਕੇ ਛਕ ਲਏ. ਜੱਟ ਨੇ ਸ਼ਾਇਦ ਖਰਬੂਜੇ ਤੋੜਦਿਆਂ ਨੂੰ ਦੇਖ ਲਿਆ ਸੀ, ਉਹ ਲੁਕ ਕੇ ਖੇਤ ਦੀ ਨਿਗਰਾਨੀ ਕਰਨ ਲੱਗਾ. ਬਾਬੇ ਦੇ ਦਬਕੇ ਵਾਲੇ ਦਿਨ ਤਾਂ ਖਰਬੂਜਿਆਂ ਦੇ ਖੇਤ ਕੋਲੋਂ ਦੀ ਅਸੀਂ ਚੁੱਪ ਕਰਕੇ ਲੰਘ ਗਏ ਪਰ ਅਗਲੇ ਦਿਨ ਬਾਬੇ ਦੀ ਫਿਟਕਾਰ ਨੂੰ ਭੁੱਲ ਕੇ ਅੱਗਾ ਪਿੱਛਾ ਦੇਖ ਕੇ ਸਾਰੇ ਮੁੰਡੇ ਖਰਬੂਜਿਆਂ ਦੇ ਖੇਤ ਵਿਚ ਵੜ ਗਏ ਪਰ ਸ਼ਾਇਦ ਮੇਰੇ ਉਪਰ ਬਾਬੇ ਦੀ ਕਹੀ ਗੱਲ, 'ਥੋਨੂੰ ਮਾਹਟਰ ਚੋਰੀਆਂ ਕਰਨ ਸਿਖਾਉਂਦੇ ਐ' ਦਾ ਅਸਰ ਸੀ ਜਾਂ ਮੈਂ ਦੂਜਿਆਂ ਨਾਲੋਂ ਡਰਪੋਕ ਸੀ, ਮੈਂ ਖੇਤੋਂ ਬਾਹਰ ਹੀ ਖੜ੍ਹਾ ਰਿਹਾ. ਉਹਨਾਂ ਅਜੇ ਕੋਈ ਖਰਬੂਜਾ ਨਹੀਂ ਸੀ ਤੋੜਿਆ ਕਿ ਖਾਲ਼ ਵਿਚ ਲੁਕੇ ਬੈਠੇ ਜੱਟ ਨੇ ਲਲਕਾਰਾ ਮਾਰਿਆ. ਉੱਥੋਂ ਹੀ ਅਸੀਂ ਛਾਲਾਂ ਚਕ ਲਈਆਂ ਤੇ ਕੱਸੀ 'ਤੇ ਜਾ ਕੇ ਸਾਹ ਲਿਆ. 
       ਕਈ ਦਿਨ ਅਸੀਂ ਉਹ ਰਾਹ ਹੀ ਤਿਆਗ ਦਿੱਤਾ ਅਤੇ ਸਮਾਲਸਰ ਦੇ ਰਾਹ ਪੈ ਕੇ ਜਾਂਦੇ ਆਉਂਦੇ ਰਹੇ. ਉਸ ਰਾਹ ਵਿਚ ਟਿੱਬਿਆਂ ਦੀ ਲਾਰ ਦੂਰ ਤਕ ਜਾਂਦੀ ਸੀ. ਸਕੂਲ ਜਾਂਦਿਆਂ ਹੋਇਆਂ ਸਵੇਰ ਸਮੇਂ ਗਰਮੀ ਨਹੀਂ ਸੀ ਹੁੰਦੀ ਤੇ ਸਾਨੂੰ ਨੰਗੇ ਪੈਰਾਂ ਵਾਲਿਆਂ ਨੂੰ ਕੋਈ ਤਕਲੀਫ ਨਹੀਂ ਸੀ ਹੁੰਦੀ. ਪਰ ਜਦੋਂ ਵਾਪਸ ਮੁੜਦੇ ਤਾਂ ਰੇਤਾ ਬਹੁਤ ਤਪਿਆ ਹੁੰਦਾ. ਵੈਰੋਕਿਆਂ ਵਾਲੇ ਪਾਸੇ ਦੇ ਟਿੱਬੇ ਤਾਂ ਅਸੀਂ ਭੱਜ ਕੇ ਪਾਰ ਕਰ ਜਾਂਦੇ. ਉਹਨਾਂ ਟਿੱਬਿਆਂ ਵਿਚ ਕੁਝ ਜੰਡ ਤੇ ਵਣਾਂ ਦੇ ਦਰਖਤ ਵੀ ਸਨ, ਜਿਹੜੇ ਸਾਨੂੰ ਸ਼ਰਣ ਦਿੰਦੇ. ਪਰ ਇਸ ਰਾਹ ਤਾਂ ਉਸ ਭਠ ਤਪਦੀ ਗਰਮੀ ਵਿਚ ਚਾਰ ਕਦਮ ਤੁਰਨਾ ਵੀ ਔਖਾ ਹੁੰਦਾ. ਨੇੜ ਤੇੜ ਕੋਈ ਦਰਖਤ ਵੀ ਨਹੀਂ ਸੀ ਹੁੰਦਾ.
       ਮੈਨੂੰ ਇਕ ਸਕੀਮ ਸੁੱਝ ਗਈ. ਮੇਰੀ ਲੱਠੇ ਦੀ ਪੱਗ ਦੇ ਲੜ੍ਹ ਪਾਟੇ ਹੋਏ ਸਨ. ਮੈਂ ਕੁਝ ਅੱਕ ਦੇ ਪੱਤੇ ਤੋੜ ਲਏ ਤੇ ਆਪਣੀ ਪੱਗ ਨਾਲੋਂ ਦੋ ਲੀਰਾਂ ਪਾੜ ਕੇ ਚਾਰ ਚਾਰ ਪੱਤੇ ਪੈਰਾਂ ਨਾਲ ਬੰਨ੍ਹ ਲਏ ਤੇ ਬੜੀ ਅਸਾਨੀ ਨਾਲ ਤਪਦਾ ਮਾਰੂਥਲ ਪਾਰ ਕਰ ਗਿਆ. ਕੁਲਵੰਤ ਨੇ ਉਸ ਦਿਨ ਤਾਂ ਰੋ ਕੇ ਟਿੱਬੇ ਪਾਰ ਕੀਤੇ ਤੇ ਅਗਲੇ ਦਿਨ ਅਸੀਂ ਦੋਵੇਂ ਬੋਰੀ ਦੇ ਸੇਬੇ ਝੋਲਿਆਂ ਵਿਚ ਪਾ ਲਿਆਏ ਤੇ ਉਹਨਾਂ ਨਾਲ ਪੈਰੀਂ ਅੱਕ ਦੇ ਪੱਤੇ ਬੰਨ੍ਹ ਕੇ ਸਕੂਲੋਂ ਵਾਪਸ ਮੁੜਦਿਆਂ ਉਹ ਰੇਤਲਾ ਭਵਸਾਗਰ ਪਾਰ ਕਰ ਲਿਆ. ਫਿਰ ਤਾਂ ਇਹ ਸਿਲਸਲਾ ਹਾੜ ਸਿਆਲ਼ ਅੱਠਵੀਂ ਜਮਾਤ ਤਕ ਚਲਦਾ ਰਿਹਾ. ਅੱਠਵੀਂ ਜਮਾਤ ਵਿਚ ਜਾ ਕੇ ਮੈਨੂੰ ਮੇਰੇ ਵੱਡੇ ਭਰਾ ਦੇ ਫੋਜੀ ਬੂਟ ਮਿਲ ਗਏ, ਜਿਹਨਾਂ ਨੂੰ ਪਾ ਕੇ ਬੜੀ ਮੁਸ਼ਕਲ ਨਾਲ ਤੁਰਿਆ ਜਾਂਦਾ ਸੀ ਪਰ ਮੈਂ ਖੁਸ਼ ਸੀ ਕਿ ਮੇਰੇ ਪੈਰਾਂ ਨੂੰ ਬੂਟ ਨਸੀਬ ਹੋਏ ਹਨ.