ਛੁੱਟੀਆਂ ਤਾਂ ਗਰਮੀਆਂ ਦੀਆਂ ਕਹਿੰਦੇ ਸਨ ਪਰ ਛੁੱਟੀਆਂ ਤੋਂ ਪਹਿਲਾਂ ਹੀ ਪੂਰੀ ਗਰਮੀ ਦਾ ਨਜ਼ਾਰਾ ਸਿਰਾਂ ਉਪਰ ਹੀ ਝੱਲ ਲਿਆ ਹੋਇਆ ਸੀ. ਛੁੱਟੀਆਂ ਮਿਲਣ ਸਾਰ ਬਾਰਸ਼ਾਂ ਸ਼ੁਰੂ ਹੋ ਗਈਆਂ ਸਨ. ਜੇ ਛੁੱਟੀਆਂ ਹਾੜ੍ਹ ਵਿਚ ਵੀ ਹੁੰਦੀਆਂ ਤਾਂ ਕਿਹੜਾ ਘਰਦਿਆਂ ਨੇ ਘਰ ਬੈਠਣ ਦੇਣਾ ਸੀ. ਮੱਝਾਂ ਮਗਰ ਲਾ ਦੇਣਾ ਸੀ. ਦੁਧਾਰੂ ਮੱਝ ਤਾਂ ਸਾਡੇ ਕੋਲ ਇਕ ਹੀ ਸੀ, ਇਕ ਔਸਰ ਝੋਟੀ ਤੇ ਇਕ ਕੱਟੀ ਉਸ ਦੇ ਨਾਲ ਸਨ. ਇਨ੍ਹਾਂ ਛੁੱਟੀਆਂ ਵਿਚ ਵੀ ਉਹਨਾਂ ਮੈਨੂੰ ਮੱਝੀਆਂ ਦਾ ਛੇੜੂ ਬਣਾ ਦਿੱਤਾ.
ਉਹਨਾਂ ਦਿਨਾਂ ਵਿਚ ਕਿਸਾਨ ਆਮ ਕਰਕੇ ਆਪਣੀ ਜ਼ਮੀਨ ਵਿਚੋਂ ਸਾਲ ਵਿਚ ਇਕੋ ਫਸਲ ਹੀ ਲੈਂਦੇ ਸਨ. ਜੇ ਕਿਸੇ ਖੇਤ ਵਿਚ ਹਾੜ੍ਹੀ ਦੀ ਫਸਲ ਬੀਜਦੇ ਤਾਂ ਅਗਲੇ ਸਾਲ ਵੀ ਉਸ ਵਿਚ ਹਾੜ੍ਹੀ ਦੀ ਫਸਲ ਹੀ ਬੀਜੀ ਜਾਂਦੀ. ਸੌਣੀ ਦੀ ਫਸਲ ਬੀਜਦੇ ਤਾਂ ਸਾਲ ਦਰ ਸਾਲ ਸੌਣੀ ਦੀ ਫਸਲ ਹੀ ਬੀਜੀ ਜਾਂਦੇ. ਇਸ ਕਰਕੇ ਪਸ਼ੂਆਂ ਦੇ ਚਰਾਉਣ ਨੂੰ ਖੁੱਲ੍ਹੇ ਖੇਤ ਸਨ. ਪਿੰਡ ਦੀਆਂ ਚਾਰਾਂ ਜੂਹਾਂ ਵਿਚ ਜੰਗਲ, ਝਿੜੀਆਂ ਤੇ ਝੰਗੀਆਂ ਵੀ ਸਨ, ਜਿੱਥੇ ਪਸ਼ੂਆਂ ਦੇ ਚਰਨ ਲਈ ਧਾਮਣ ਘਾਹ, ਖੱਬਲ ਤੇ ਮੁਰਕਾਟਾ ਹੋ ਜਾਂਦਾ. ਪਿੰਡ ਦੇ ਬਹੁਤੇ ਲੋਕ ਪਸ਼ੂਆਂ ਨੂੰ ਖੇਤਾਂ ਵਿਚ ਚਰਾਉਂਦੇ.
ਅਸੀਂ ਪੰਜ ਚਾਰ ਜਾਣੇ ਇਕੱਠੇ ਹੋ ਕੇ ਸਵੇਰੇ ਮੋਲ੍ਹੇ, ਗੁਰਦਾਣੇ ਵੱਲ ਮੱਝਾਂ ਲੈ ਜਾਂਦੇ. ਕਿਸੇ ਦੇ ਨਾਲ ਗਾਈਆਂ ਵੀ ਹੁੰਦੀਆਂ. ਉਹ ਗਾਈਆਂ ਦੇ ਡੈਹਾ ਪਾ ਕੇ ਲਿਜਾਂਦੇ ਤਾਂ ਜੋ ਉਹ ਅਵਾਰਾ ਨਾ ਭੱਜੀਆਂ ਫਿਰਨ. ਪਸ਼ੂ ਜੰਗਲ, ਮੈਰਿਆਂ ਵਿਚ ਚਰ੍ਹਦੇ ਰਹਿੰਦੇ ਅਤੇ ਅਸੀਂ ਖੜ੍ਹਕਾਨਾ ਖੇਡਣ ਲੱਗ ਜਾਂਦੇ. ਜਾਂ ਕਿਸੇ ਦਰਖਤ ਹੇਠ ਬੈਠ ਕੇ ਰੂਪ ਬਸੰਤ ਦਾ ਕਿੱਸਾ ਪੜ੍ਹਨ ਲੱਗ ਪੈਂਦੇ. ਜਿਸ ਦਿਨ ਮੀਂਹ ਪੈ ਰਿਹਾ ਹੁੰਦਾ ਤਾਂ ਮੈਨੂੰ ਆਪਣੇ ਕਿੱਸੇ ਨੂੰ ਭਿੱਜਣ ਤੋਂ ਬਚਾਉਣ ਲਈ ਕਿਸੇ ਦਰਖਤ ਦੀ ਖੋਹ ਵਿਚ ਲੁਕਾਉਣਾ ਪੈਂਦਾ. ਇਹ ਕਿੱਸਾ ਮੈਂ ਉਸੇ ਸਾਲ ਮਾੜੀ ਦੇ ਮੇਲੇ ਤੋਂ ਲਿਆਇਆ ਸੀ. ਸਾਡੇ ਪਿੰਡ ਤੋਂ ਪੰਜ ਕੁ ਮੀਲ ਦੂਰ, ਮਾੜੀ ਮੁਸਤਫਾ ਵਿਚ, ਚੇਤ ਚੌਦੇਂ ਨੂੰ ਗੁੱਗਾ ਮਾੜੀ ਦਾ ਮੇਲਾ ਲਗਦਾ ਹੁੰਦਾ ਸੀ. ਪਿਛਲੇ ਸਾਲ ਮੈਂ ਆਪਣੇ ਫੋਜੀ ਭਰਾ ਨਾਲ ਮੇਲਾ ਦੇਖਣ ਗਿਆ ਸੀ ਪਰ ਇਸ ਸਾਲ ਉਹ ਉਹਨਾਂ ਦਿਨਾਂ ਵਿਚ ਛੁੱਟੀ ਨਹੀਂ ਸੀ ਆਇਆ ਤੇ ਮੈਂ ਆਪਣੇ ਬੇਲੀਆਂ ਨਾਲ ਇਕੱਲਾ ਹੀ ਮੇਲਾ ਦੇਖਣ ਗਿਆ ਸੀ. ਘਰਦਿਆਂ ਨੇ ਮੈਨੂੰ ਉੱਥੇ ਖਰਚਣ ਖਾਣ ਲਈ ਦੋ ਆਨੇ ਦਿੱਤੇ ਸਨ. ਮੈਂ ਉਹਨਾਂ ਪੈਸਿਆਂ ਦਾ ਕੁਝ ਖਾਧਾ ਨਹੀਂ ਸੀ ਤੇ ਰੂਪ ਬਸੰਤ ਦਾ ਕਿੱਸਾ ਲੈ ਆਇਆ ਸੀ. ਇਕ ਦਿਨ ਮੀਂਹ ਪੈਣ ਲੱਗ ਪਿਆ. ਮੈਨੂੰ ਆਪਣੇ ਕਿੱਸੇ ਨੂੰ ਭਿੱਜਣ ਤੋਂ ਬਚਾਉਣ ਲਈ ਇਕ ਦਰਖਤ ਦੀ ਖੋਹ ਵਿਚ ਲੁਕਾਉਣਾ ਪਿਆ. ਮੀਂਹ ਹਟੇ ਤੋਂ ਜਦੋਂ ਮੈਂ ਆਪਣਾ ਕਿੱਸਾ ਲੈਣ ਗਿਆ ਤਾਂ ਕਿੱਸਾ ਉੱਥੋਂ ਗਾਇਬ ਸੀ.
੧੫ ਅਗਸਤ ੧੯੪੭ ਨੂੰ ਭਾਰਤ ਨੂੰ ਅਜ਼ਾਦੀ ਮਿਲਣ ਦੇ ਨਾਲ ਹੀ ਇਹ ਦੇਸ਼ ਤਿੰਨ ਟੁਕੜਿਆਂ ਵਿਚ ਵੰਡਿਆ ਗਿਆ. ਪੂਰਬੀ ਤੇ ਪੱਛਮੀ ਟੁਕੜਿਆਂ ਨੂੰ ਪਾਕਿਸਤਾਨ ਦਾ ਨਾਮ ਦਿੱਤਾ ਗਿਆ ਤੇ ਬਾਕੀ ਰਹਿੰਦਾ ਦੇਸ਼ ਭਾਰਤ, ਹਿੰਦੁਸਤਾਨ ਜਾਂ ਇੰਡੀਆ ਅਖਵਾਇਆ. ਪਿੰਡਾਂ ਵਿਚੋਂ ਮੁਸਲਮਾਨਾਂ ਦੀ ਹਿਜਰਤ ਸ਼ੁਰੂ ਹੋ ਗਈ. ਸਾਨੂੰ ਨਹੀਂ ਸੀ ਸਮਝ ਕਿ ਮੁਸਲਮਾਨ ਕਿਉਂ ਪਿੰਡ ਛੱਡ ਕੇ ਜਾ ਰਹੇ ਹਨ. ਮਾਂ ਕਹਿੰਦੀ ਸੀ, "ਰੌਲ਼ੇ ਪੈ ਗਏ ਐ. ਓਧਰੋਂ ਹਿੰਦੂਆਂ ਸਿੱਖਾਂ ਨੇ ਏਧਰ ਆ ਜਾਣਾ ਤੇ ਏਧਰਲੇ ਮੁਸਲਮਾਨ ਓਧਰ ਜਾਣਗੇ।"
ਮੇਰਾ ਭਰਾ, ਮਲਕੀਤ ਵੀ ਸਲਾਈ ਸਿੱਖਣ ਲਈ ਬਹਾਵਲ ਪੁਰ ਦੇ ਇਕ ਸ਼ਹਿਰ ਚਿਸਤੀਏਂ, ਵਾਂਦਰ ਜਟਾਣੇ ਵਾਲੇ ਕੇਹਰ ਸਿੰਘ ਕੋਲ ਸਿਲਾਈ ਸਿੱਖਣ ਗਿਆ ਹੋਇਆ ਸੀ. ਮਾਂ ਉਹਨਾਂ ਦੇ ਸੁੱਖੀ ਸਾਂਦੀ ਇਧਰ ਆ ਜਾਣਦੀਆਂ ਸੁੱਖਾ ਸੁਖਦੀ ਰਹਿੰਦੀ. ਸਾਡੀਆਂ ਛੁੱਟੀਆਂ ਖਤਮ ਹੋ ਗਈਆਂ ਸਨ ਪਰ ਛੁੱਟੀਆਂ ਖਤਮ ਹੋਣ ਤੋਂ ਮਗਰੋਂ ਵੀ ਸਕੂਲਾਂ ਵਿਚ ਪੜ੍ਹਾਈ ਚਾਲੂ ਨਹੀਂ ਸੀ ਹੋਈ. ਸਕੂਲ ਨਵੰਬਰ ਤਕ ਬੰਦ ਰਹੇ ਸਨ. ਰੌਲ਼ੇ ਸ਼ੁਰੂ ਹੋਣ ਦੇ ਨਾਲ ਹੀ ਸਾਡਾ ਬਾਹਰ ਖੇਤਾਂ ਵਿਚ ਜਾਣਾ ਬੰਦ ਹੋ ਗਿਆ ਸੀ ਤੇ ਮੱਝਾ ਨੂੰ ਘਰ ਦੇ ਕਿੱਲਿਆਂ ਉਪਰ ਬੰਨ੍ਹ ਦਿੱਤਾ ਗਿਆ ਸੀ.
ਸਾਡੇ ਪਿੰਡ ਦੇ ਮੁਸਲਮਾਨਾਂ ਵੀ ਪਾਕਿਸਤਾਨ ਨੂੰ ਜਾਣਾ ਸੀ. ਲਾਲ ਦੀਨ ਜੁਲਾਹਾ ਤੇ ਬਸ਼ੀਰਾ,(ਸ਼ੇਖ ਬਸ਼ੀਰ ਮੁਹੰਮਦ) ਮੇਰੇ ਜਮਾਤੀ ਵੀ ਸਨ ਤੇ ਆੜੀ ਵੀ. ਲਾਲ ਦੀਨ ਪੱਕੇ ਰੰਗ ਦਾ ਮੱਧਰੂ ਤੇ ਗੋਲ਼ ਮਟੋਲ ਜਿਹਾ, ਮੇਰੇ ਨਾਲ ਹੀ ਤੱਪੜ ਉਪਰ ਬੈਠਦਾ ਹੁੰਦਾ ਸੀ. ਜਦੋਂ ਮੇਰੀ ਤੇ ਲਾਭੇ ਦੀ ਲੜਾਈ ਹੋਈ ਤਾਂ ਉਹ ਮੇਰੀ ਮਦਦ 'ਤੇ ਆਇਆ ਸੀ ਤੇ ਲਾਭੇ ਨੂੰ ਫੱਟੀਆਂ ਨਾਲ ਕੁੱਟਿਆ ਸੀ. ਫਿਰ ਉਸ ਪਹਿਲਾਂ ਹੀ ਮਾਸਟਰ ਕੋਲ ਜਾ ਕੇ ਸ਼ਕਾਇਤ ਵੀ ਲਾ ਦਿੱਤੀ ਕਿ ਲਾਭੇ ਨੇ ਸਾਨੂੰ ਕੁੱਟਿਆ ਹੈ. ਮਾਸਟਰ ਨੇ ਸਾਡੇ ਤਿੰਨਾਂ ਦੇ ਹੀ ਪੁੱਠੇ ਕੰਨ ਫੜਵਾ ਦਿੱਤੇ ਸਨ. ਇਸ ਯਾਦ ਨੂੰ ਸਮਰਪਤ ਮੈਂ ਇਕ ਕਵਿਤਾ ਵੀ ਲਿਖੀ ਹੈ.
ਬਸ਼ੀਰੇ ਦੀ ਸੁੰਨਤ ਹੋਣ ਵੇਲੇ ਅਸੀਂ ਉਹਨਾਂ ਦੇ ਘਰੋਂ ਮੀਟ ਵਾਲੇ ਪੀਲ਼ੇ ਚੌਲ਼ ਖਾ ਕੇ ਆਏ ਸੀ ਤੇ ਸ਼ੇਖਾਂ ਦੇ ਘਰ ਦਾ ਅੰਨ ਖਾਣ ਕਰਕੇ ਮਾਂ ਕੋਲੋਂ ਕੁੱਟ ਵੀ ਖਾਧੀ ਸੀ. ਚੌਥੀ ਪਾਸ ਕਰਨ ਮਗਰੋਂ ਬਸ਼ੀਰਾ ਆਪਣੇ ਪਰਵਾਰ ਨਾਲ ਰੋਲ਼ਿਆਂ ਤੋਂ ਪਹਿਲਾ ਹੀ ਪਿੰਡ ਛੱਡ ਕੇ ਕਿਤੇ ਚਲਾ ਗਿਆ ਸੀ. ਪਿੱਛੋਂ ਪਤਾ ਲੱਗਾ ਸੀ ਕਿ ਬਸ਼ੀਰ ਮੁਹੰਮਦ ਦਾ ਚਾਚਾ, ਮਾਨ੍ਹੀ ਸ਼ੇਖ (ਸ਼ੇਖ ਮੁਈਉੱਦੀਨ) ਮੁਸਲਮ ਲੀਗ ਦਾ ਕਾਰਕੁਨ ਸੀ ਤੇ ਉਹਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਸ਼ੇਖਾਂ ਦੇ ਸਾਰੇ ਘਰਾਂ ਨੂੰ ਬਾਰ ਦੇ ਇਲਾਕੇ ਵਿਚ ਘੱਲ ਦਿੱਤਾ ਸੀ. ਪਿੱਛੇ ਮੁਸਲਮਾਨਾਂ ਦੀ ਕਿਰਤੀ, ਕੰਮੀ ਸ੍ਰੇਣੀ ਹੀ ਪਿੰਡ ਵਿਚ ਰਹਿ ਗਈ ਸੀ. ਜਦੋਂ ਮੈਨੂੰ ਪਤਾ ਲੱਗਾ ਕਿ ਪਿੰਡ ਵਾਲੇ ਉਹਨਾਂ ਨੂੰ ਕੈਂਪ ਵਿਚ ਛੱਡਣ ਜਾ ਰਹੇ ਹਨ ਤਾਂ ਮੈਂ ਤੇ ਪ੍ਰੀਤ ਘਰਦਿਆਂ ਤੋਂ ਚੋਰੀ ਲਾਲ ਦੀਨ ਦੇ ਘਰ ਗਏ ਸੀ ਪਰ ਸਾਡੇ ਜਾਣ ਤੋਂ ਕਿਤੇ ਪਹਿਲਾਂ ਉਹ ਪਿੰਡੋਂ ਨਿਕਲ ਗਏ ਸਨ. ਜਦੋਂ ਮਾਂ ਨੂੰ ਪਤਾ ਲੱਗਾ ਕਿ ਅਸੀਂ ਜਲਾਹਿਆਂ ਦੇ ਘਰ ਗਏ ਸੀ ਤਾਂ ਉਸ ਨੇ ਬਹੁਤ ਝਿੜਕਾਂ ਦਿੱਤੀਆਂ ਸਨ.
ਜੇ ਮੁਸਲਮਾਨਾਂ ਨੂੰ ਆਪਣੀ ਜਾਨ ਦਾ ਡਰ ਸੀ ਤਾਂ ਪਿੰਡ ਦੇ ਲੋਕਾਂ ਨੂੰ ਵੀ ਡਰ ਸੀ ਕਿ ਕਿਤੇ ਉਹ ਏਕਾ ਕਰਕੇ ਪਿੰਡ ਨੂੰ ਨਾ ਪੈ ਜਾਣ. ਇਸ ਲਈ ਹਰ ਘਰ ਵਿਚ ਕਿਰਪਾਨਾਂ, ਬਰਛੇ ਆਦਿ ਬਣਾ ਕੇ ਰੱਖੇ ਹੋਏ ਸਨ.
ਇਕ ਦਿਨ ਪਿੰਡ ਵਿਚ ਹੋ ਹੱਲਾ ਹੋ ਗਿਆ ਕਿ ਵੈਰੋਕਿਆਂ ਵਾਲੇ ਪਾਸਿਓਂ ਮੁਸਲਮਾਨ ਧਾੜਵੀ ਪਿੰਡ 'ਤੇ ਧਾਵਾ ਬੋਲਣ ਆ ਰਹੇ ਹਨ. ਪਿੰਡ ਦੇ ਸਭ ਬੰਦੇ ਕਿਰਪਾਨਾਂ, ਸੇਲੇ ਤੇ ਬਰਛੇ ਲੈ ਕੇ ਪਿੰਡ ਦੇ ਚੜ੍ਹਦੇ ਪਾਸੇ ਨੂੰ ਚਲੇ ਗਏ. ਉਹਨਾਂ ਵਿਚ ਮੇਰਾ ਬਾਪ ਵੀ ਸੀ. ਮਾਂ ਨੇ ਸਾਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਆਪ ਕਿਰਪਾਨ ਲੈ ਕੇ ਵੀਹੀ ਦੇ ਬਾਰ ਮੂਹਰੇ ਬੈਠ ਗਈ. ਪਿੱਛੋਂ ਪਤਾ ਲੱਗਾ ਕਿ ਜਿਵੇਂ ਸਾਡੇ ਪਿੰਡ ਦੇ ਮੁਹਤਬਰ ਬੰਦੇ ਪਿੰਡ ਦੇ ਮੁਸਲਮਾਨਾ ਨੂੰ ਕੈਂਪ ਵਿਚ ਛੱਡ ਕੇ ਆਏ ਸਨ, ਇਵੇਂ ਹੀ ਵੈਰੋ ਕਿਆਂ ਵਾਲੇ ਵੀ ਆਪਣੇ ਪਿੰਡ ਦੇ ਮੁਸਲਮਾਨਾਂ ਨੂੰ ਕੈਂਪ ਵਿਚ ਛੱਡਣ ਜਾ ਰਹੇ ਸਨ. ਉਹਨਾਂ ਨੂੰ ਪਿੰਡ ਵੱਲ ਆਉਂਦੇ ਦੇਖ ਕੇ ਕਿਸੇ ਨੇ ਐਵੇਂ ਹੀ ਪਿੰਡ ਵਿਚ ਰੌਲ਼ਾ ਪਾ ਦਿੱਤਾ ਸੀ.
ਕਈ ਵਾਰ ਰਾਤ ਨੂੰ ਕਿਸੇ ਪਾਸਿਉਂ 'ਆ ਗਏ ਓਏ!' ਦਾ ਰੌਲ਼ਾ ਪੈ ਜਾਂਦਾ ਤੇ ਲੋਕ ਹੱਥਿਆਰਬੰਦ ਹੋ ਕੇ ਘਰਾਂ ਵਿਚੋਂ ਬਾਹਰ ਨਿਕਲ ਆਉਂਦੇ. ਪਿੰਡ ਦੇ ਕੁਝ ਬਦਮਾਸ਼ ਜਿਹੇ ਬੰਦੇ, ਜੱਥਿਆ ਨਾਲ ਮਿਲ ਕੇ ਬਲਵੇ ਤੇ ਲੁੱਟ ਖੋਹ ਕਰਨ ਵਿਚ ਲੱਗੇ ਹੋਏ ਸਨ ਪਰ ਉਹਨਾਂ ਆਪਣੇ ਪਿੰਡ ਵਿਚ ਕੋਈ ਕਾਰਵਾਈ ਨਹੀਂ ਸੀ ਕੀਤੀ. ਪਾਕਿਸਤਾਨ ਵਾਲੇ ਪਾਸਿਉਂ ਪਨਾਂਹਗੀਰਾਂ ਜਾਂ ਰਫਿਊਜੀਆਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ ਸੀ. ਡੇਢ ਮਹੀਨਾ ਲੋਕਾਂ ਦੇ ਸਾਹ ਸੂਤੇ ਰਹੇ. ਜਦੋਂ ਕੁਝ ਟਿਕ ਟਿਕਾ ਹੋ ਗਿਆ ਤਾਂ ਸਾਨੂੰ ਫਿਰ ਮੱਝਾਂ ਦਾ ਛੇੜੂ ਬਣਾ ਦਿੱਤਾ.
ਇਕ ਦਿਨ ਮੈਂ ਮੱਝਾਂ ਖੇਤੋਂ ਲਿਆ ਕੇ ਕਿੱਲਿਆਂ ਉਪਰ ਬੰਨ੍ਹੀਆਂ ਹੀ ਸਨ ਕਿ ਮੇਰੇ ਨਾਲ ਮੱਝਾਂ ਚਰਾਉਣ ਵਾਲੇ ਪਾਲੂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਸੀ ਕਿ ਉਹ ਭੱਜ ਕੇ ਸਾਡੇ ਘਰ ਆਇਆ ਤੇ ਮੇਰੇ ਕੰਨ ਵਿਚ ਕਹਿਣ ਲੱਗਾ, 'ਪਾੜ੍ਹਿਆ, ਆਪਣੇ ਪਿੰਡ ਦੇ ਮੁਸਲਿਆਂ ਨੂੰ ਅਮਰਤ ਛਕਾਉਣ ਲੱਗੇ ਐ, ਚੱਲ ਦੇਖਣ ਚੱਲੀਏ।"
"ਸੰਹੁ ਖਾ! ਤੈਨੂੰ ਕਿੱਥੋਂ ਪਤਾ ਲੱਗਾ?"
"ਸੰਹੁ ਗੁਰੂ ਦੀ! ਮੈਨੂੰ ਹੁਣੇ ਮਾੜੂ ਨੇ ਦੱਸਿਐ' ਉਹ ਲੱਖੂ ਕੇ 'ਗਵਾੜ ਨੂੰ ਭੱਜੇ ਜਾਦੇ ਐ।"
ਮਾਂ ਨੂੰ ਦੱਸੇ ਬਗੈਰ ਮੈਂ ਵੀ ਉਸ ਦੇ ਨਾਲ ਹੀ ਭੱਜ ਕੇ ਮੁੰਡੀਰ ਦੇ ਨਾਲ ਰਲ਼ ਗਿਆ.
ਹੁਡ ਤਕ ਸਾਰੇ ਇਲਾਕੇ ਵਿਚ ਸ਼ਾਂਤੀ ਵਰਤ ਗਈ ਹੋਈ ਸੀ. ਸਾਡੇ ਪਿੰਡ ਦੇ ਮੁਹਤਬਰ ਬੰਦੇ ਸਭ ਕੰਮੀ ਤੇ ਕ੍ਰਿਤੀ ਮੁਸਲਮਾਨਾਂ ਨੂੰ ਰਾਹਤ ਕੈਂਪਾਂ ਵਿਚ ਛੱਡ ਆਏ ਸਨ. ਪਿੰਡ ਦਾ ਹਰ ਕੋਈ ਜੀਅ ਇਹੋ ਜਾਣਦਾ ਸੀ ਕਿ ਇਕ ਲੁਹਾਰਾਂ ਦੇ ਘਰ ਤੋਂ ਬਿਨਾਂ, ਜਿਹੜਾ ਕਿ ਪਿੰਡ ਵਾਲਿਆਂ ਨੇ ਆਪਣੀ ਜ਼ਿੰਮੇਵਾਰੀ 'ਤੇ ਰੱਖਿਆ ਹੋਇਆ ਸੀ, ਹੋਰ ਕੋਈ ਮੁਸਲਮਾਨ ਪਿੰਡ ਵਿਚ ਨਹੀਂ ਰਿਹਾ. ਪਰ ਭੇਤੀ ਭੇਤ ਕੱਢ ਹੀ ਲੈਂਦੇ ਨੇ. ਪਿੰਡ ਵਿਚ ਮਾਘੀ ਨਾਈ ਰਹਿੰਦਾ ਸੀ. ਉਸ ਦੇ ਨਾਲ ਦਾ ਘਰ ਜੁਲਾਹਿਆਂ ਦਾ ਸੀ. ਰਾਜ੍ਹੀ ਜੁਲਾਹੀ ਨਾਲ ਉਸ ਦੀ ਦੋਸਤੀ ਸੀ. ਜੁਲਾਹੀ ਦੇ ਘਰ ਵਾਲਾ ਮਰਿਆ ਹੋਇਆ ਸੀ ਤੇ ਉਸ ਨੇ ਆਪਣੇ ਗੂੰਗੇ ਬੋਲ਼ੇ ਭਰਾ ਨੂੰ ਵੀ ਆਪਣੇ ਕੋਲ ਰੱਖਿਆ ਹੋਇਆ ਸੀ. ਉਸ ਦਾ ਇਕ ਮੁੰਡਾ ਵੀ ਸੀ ਜਿਹੜਾ ਉਸ ਸਮੇਂ ਅਠਾਰਾਂ ਕੁ ਸਾਲ ਦਾ ਹੋਵੇਗਾ. ਮਾਘੀ ਨਾਈ ਨੇ ਉਹਨਾਂ ਤਿੰਨਾਂ ਨੂੰ ਆਪਣੇ ਘਰ ਵਿਚ ਛੁਪਾ ਲਿਆ ਹਇਆ ਸੀ.
ਜਦੋਂ ਪੂਰਾ ਠੰਡ ਠੰਡੋਰਾ ਹੋ ਗਿਆ ਤਾਂ ਇਕ ਦਿਨ ਰਾਜ੍ਹੀ ਹਨੇਰੇ ਹੋਏ ਘਰੋਂ ਬਾਹਰ ਨਿਕਲਦੀ ਕਿਸੇ ਨੇ ਦੇਖ ਲਈ ਤੇ ਗਿੰਦਰ 'ਕਾਲੀ ਨੂੰ ਜਾ ਦੱਸਿਆ. ਪਿੰਡ ਵਿਚ ਗਿੰਦਰ ਤੇ ਉਸ ਦੇ ਕੁਝ ਚੇਲੇ ਚਾਟੜੇ ਹੀ ਸਨ ਜਿਨ੍ਹਾਂ ਨੇ ਬਲਵਈਆਂ ਨਾਲ ਮਿਲ ਕੇ ਮੁਸਲਮਾਨਾਂ ਦੀ ਲੁੱਟ ਖੋਹ ਤੇ ਮਾਰ ਕਟਾਈ ਵਿਚ ਹਿੱਸਾ ਲਿਆ ਸੀ. ਇਕੱਲੇ ਗਿੰਦਰ ਦੀ ਹਿੰਮਤ ਨਾ ਪਈ ਕਿ ਉਹਨਾਂ ਨੂੰ ਕੁਝ ਕਹਿ ਸਕੇ. ਉਸ ਨੇ ਮਲਕਿਆਂ ਵਾਲੇ ਜੱਥੇਦਾਰ ਪ੍ਰੀਤਮ ਸਿੰਘ ਨੂੰ ਜਾ ਦੱਸਿਆ. ਉਹ ਆਪਣਾ ਜੱਥਾ ਲੈ ਕੇ ਸਾਡੇ ਪਿੰਡ ਆ ਗਿਆ ਤੇ ਉਹਨਾਂ ਨਾਲ ਪਾਕਿਸਤਾਨ ਵਿਚੋਂ ਲੁੱਟੇ ਪੁੱਟੇ ਆਏ ਕੁਝ ਪਨਾਂਹਗੀਰ ਵੀ ਰਲ਼ ਗਏ. ਉਹਨਾਂ ਮਾਘੀ ਨਾਈ ਦੇ ਘਰ ਉਪਰ ਜਾ ਧਾਵਾ ਬੋਲਿਆ ਤੇ ਮਾਘੀ ਨਾਈ ਦੇ ਘਰ ਵਿਚੋਂ ਤਿੰਨਾਂ ਨੂੰ ਹੀ ਬਾਹਰ ਕੱਢ ਲਿਆਂਦਾ. ਰਾਜ੍ਹੀ ਜੁਲਾਹੀ ਨੇ ਤਰਲੇ ਜਿਹੇ ਨਾਲ ਕਿਹਾ, "ਸਰਦਾਰੋ, ਅਸੀਂ ਤਾਂ ਪਹਿਲਾਂ ਹੀ ਸਿੱਖ ਬਣੇ ਹੋਏ ਆਂ. ਮਾਘੀ ਨੇ ਮੇਰੇ ਉਪਰ ਚਾਦਰ ਪਾ ਲਈ ਐ।"
"ਅਮ੍ਰਿਤ ਛਕੇ ਤੋਂ ਬਿਨਾਂ ਹੀ ਥੋਡਾ ਧਰਮ ਕਿਵੇਂ ਬਦਲ ਗਿਆ? ਅਜੇ ਤਾਈਂ ਤੁਸੀਂ ਮੁਸਲਮਾਨ ਈ ਹੋ. ਥੋਨੂੰ ਅਮ੍ਰਿਤ ਛਕਾ ਕੇ ਸਿੱਖ ਬਣਾਉਣੈ ਤੇ ਪੰਥ ਵਿਚ ਰਲਾਉਣੈ।" ਇਹ ਕਹਿ ਕੇ ਉਹ ਉਹਨਾਂ ਨੂੰ ਲੈ ਕੇ ਗੁਰਦਵਾਰੇ ਵੱਲ ਲੈ ਤੁਰੇ. ਤੁਰੀ ਜਾਂਦੀ ਰਾਜ੍ਹੀ ਨੇ ਫਿਰ ਕਿਹਾ, "ਮਾਲਕੋ! ਧਰਤੀ ਤੇ ਤੀਵੀਂ ਦਾ ਕਿਹੜਾ ਧਰਮ ਤੇ ਜਾਤ ਗੋਤ ਹੁੰਦੈ! ਉਹ ਤਾਂ ਜੀ੍ਹਦੇ ਕਬਜ਼ੇ ਵਿਚ ਆ ਗਈ ਓਹੀ ਉਹਦਾ ਧਰਮ ਬਣ ਗਿਆ।"
"ਅਗਾਂਹ ਤੁਰ. ਸਾਲ਼ੀ ਜਲਾਹੀ, ਕਿਵੇਂ ਪਟਾਕ ਪਟਾਕ ਗੱਲਾਂ ਮਾਰਦੀ ਐ।" ਗਿੰਦਰ 'ਕਾਲੀ ਨੇ ਉਸ ਦੇ ਚਿਤੜਾਂ ਉਪਰ ਸਮੇਤ ਮਿਆਨ ਕਿਰਪਾਨ ਮਾਰੀ.
"ਗਿੰਦਰਾ, ਤੂੰ ਵੀ!" ਰਾਜ੍ਹੀ ਇੰਨਾ ਹੀ ਕਹਿ ਸਕੀ ਤੇ ਡੁਸਕਦੀ ਹੋਈ ਤੁਰੀ ਗਈ. ਪਿੰਡ ਦੀ ਮੁੰਡੀਰ ਵੀ ਉਹਨਾਂ ਦੇ ਮਗਰ ਲੱਗ ਗਈ. ਪਰ ਪਿੰਡ ਦਾ ਪਤਵੰਤਾ ਸੱਜਣ ਉਹਨਾਂ ਨਾਲ ਕੋਈ ਨਹੀਂ ਸੀ.
ਗੁਰਦਵਾਰੇ ਦੇ ਅੰਦਰ ਜਾਣ ਦੀ ਥਾਂ ਉਹ ਉਹਨਾਂ ਨੂੰ ਸਾਧਾਂ ਦੇ ਡੇਰੇ ਤੋਂ ਵੀ ਅਗਾਂਹ ਲੈ ਗਏ. ਜੱਥੇਦਾਰ ਪ੍ਰੀਤਮ ਸਿੰਘ ਨੇ ਦਬਕਾ ਮਾਰ ਕੇ ਛੋਟੇ ਜੁਆਕਾਂ ਨੂੰ ਪਿਛਾਂਹ ਭਜਾ ਦਿੱਤਾ ਤੇ ਇਕ ਨੰਗੀ ਕਿਰਪਾਨ ਵਾਲੇ ਦੀ ਡਿਉਟੀ ਲਾ ਦਿੱਤੀ ਕਿ ਛੋਟੇ ਬੱਚੇ ਨੇੜੇ ਨਾ ਆਉਣ. ਅਸੀਂ ਡਰਦੇ ਮਾਰੇ ਪਿਛਾਂਹ ਸੂਏ ਦੇ ਪੁਲ਼ ਉਪਰ ਬੈਠ ਕੇ ਉਧਰ ਦੇਖਣ ਲੱਗੇ. ਸਾਨੂੰ ਉੱਥੇ ਬੈਠਿਆਂ ਨੂੰ ਰੋਲ਼ਾ ਸੁਣਨ ਤੋਂ ਬਿਨਾਂ ਹੋਰ ਕਿਸੇ ਗੱਲ ਦਾ ਪਤਾ ਨਹੀਂ ਸੀ ਲੱਗਿਆ ਕਿ ਓਥੇ ਕੀ ਹੋਇਆ ਹੈ ਪਰ ਪਿੱਛੋਂ ਜਿਹੜੀ ਗੱਲ ਦਾ ਪਤਾ ਲੱਗਾ, ਉਹ ਇਸ ਤਰ੍ਹਾਂ ਸੀ.
ਪਿੰਡ ਤੋਂ ਬਾਹਰ, ਸੂਏ ਦੀ ਪਟੜੀ 'ਤੇ ਉਹਨਾਂ ਤਿੰਨਾਂ ਨੂੰ ਖੜ੍ਹਾ ਕਰਕੇ ਕੁਝ ਬੰਦਿਆਂ ਨੇ ਮਿਆਨਾਂ ਵਿਚੋਂ ਆਪਣੀਆਂ ਕਿਰਪਾਨਾਂ ਕੱਢ ਲਈਆਂ ਤੇ ਜੱਥੇਦਾਰ ਪ੍ਰੀਤਮ ਸਿੰਘ ਨੇ ਹੁਕਮ ਸੁਣਾਇਆ, "ਤਿੰਨੋ ਜਣੇ ਆਪਣੇ ਲੀੜੇ ਲਾਹ ਕੇ ਅਲਫ ਨੰਗੇ ਹੋ ਜਾਓ।"
"ਸਰਦਾਰੋ, ਜੇ ਤੁਸੀਂ ਸਾਨੂੰ ਮਾਰਨਾ ਈ ਐ ਤਾਂ ਇਵੇਂ ਹੀ ਮਾਰ ਦਿਓ. ਬੇਇਜ਼ਤ ਕਰਕੇ ਕਿਉਂ ਮਾਰਦੇ ਓ?" ਰਾਜ੍ਹੀ ਨੇ ਤਰਲੇ ਜਿਹੇ ਨਾਲ ਕਿਹਾ. ਉਸ ਦਾ ਗੁੰਗਾ ਬਹਿਰਾ ਭਰਾ ਵੀ ਇਸ਼ਾਰਿਆਂ ਨਾਲ ਕੁਝ ਕਹਿ ਰਿਹਾ ਸੀ ਤੇ ਨਾਲ ਹੀ ਅੱਖਾਂ ਵਿਚੋਂ ਹੰਝੂ ਵਗਾ ਰਿਹਾ ਸੀ.
"ਅਸੀਂ ਥੋਨੂੰ ਮਾਰਨਾ ਬਿਲਕੁਲ ਨਹੀਂ. ਬਸ ਤੁਸੀਂ ਨੰਗੇ ਹੋ ਕੇ ਇਕ ਕੰਮ ਕਰਨਾ ਹੈ ਤੇ ਫਿਰ ਥੋਨੂੰ ਨਵੇਂ ਕਪੜੇ ਪਵਾ ਕੇ ਅਮ੍ਰਿਤ ਛਕਾ ਦਿਆਂਗੇ।" ਜੱਥੇਦਾਰ ਨੇ ਉਹਨਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਸ਼ ਕੀਤੀ ਪਰ ਉਹਨਾਂ ਕਪੜੇ ਨਾ ਲਾਹੇ. ਫਿਰ ਇਕ ਇਕ ਜਣੇ ਨੇ ਕਿਰਪਾਨ ਦੀ ਨੋਕ ਨਾਲ ਉਹਨਾਂ ਦੇ ਕਪੜੇ ਪਾੜ ਕੇ ਸਰੀਰ ਨਾਲੋਂ ਪਰ੍ਹਾਂ ਵਗ੍ਹਾ ਮਾਰੇ. ਉਹ ਚੀਕਾਂ ਮਾਰਦੇ ਹੋਏ ਥਰ ਥਰ ਕੰਬੀ ਜਾ ਰਹੇ ਸਨ. ਫਿਰ ਜੱਥੇਦਾਰ ਨੇ ਮੁੰਡੇ ਨੂੰ ਹੁਕਮ ਸੁਣਾਇਆ, "ਜੇ ਤੂੰ ਆਪਣੀ ਮਾਂ ਨਾਲ ਕੁਕਰਮ ਕਰ ਲਵੇਂਗਾ ਤਾਂ ਤੇਰੀ ਜਾਨ ਬੱਚ ਸਕਦੀ ਐ।" ਜੱਥੇਦਾਰ ਦੇ ਮੂਹੋਂ ਨਿਕਲੇ ਸ਼ਬਦ ਹੋਰ ਸਨ, ਜਿਹੜੇ ਲੋਕਾਂ ਕੋਲੋਂ ਸੁਣੇ ਸਨ ਪਰ ਉਹਨਾਂ ਦਾ ਭਾਵ ਇਹੋ ਸੀ.
ਮੁੰਡਾ ਚੁੱਪ ਕਰਕੇ ਖੜ੍ਹਾ ਭੀੜ ਵੱਲ ਦੇਖ ਰਿਹਾ ਸੀ. ਉਹ ਹੁਣ ਰੋਣੋ ਵੀ ਹਟ ਗਿਆ ਸੀ. ਪਹਿਲਾਂ ਭੀੜ ਵਿਚੋਂ ਕੁਝ ਗੁੰਡਿਆਂ ਨੇ ਮਾਂ ਨੂੰ ਫੜ ਕੇ ਜ਼ਮੀਨ ਉਪਰ ਲਿਟਾ ਦਿੱਤਾ ਤੇ ਫਿਰ ਧੱਕੇ ਨਾਲ ਮੁੰਡੇ ਨੂੰ ਉਸ ਉਪਰ ਪਾ ਦਿੱਤਾ. ਜਦੋਂ ਮੁੰਡਾ ਨਾ ਹਿੱਲਿਆ ਜੁੱਲਿਆਂ ਤਾਂ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ.
ਗੁੰਗਾ ਇਸ ਦ੍ਰਿਸ਼ ਨੂੰ ਸਹਾਰ ਨਾ ਸਕਿਆ ਤੇ ਉਹ ਇਕ ਬੰਦੇ ਨੂੰ ਧੱਕਾ ਮਾਰ ਕੇ ਭੱਜ ਪਿਆ. ਇਕ ਜਣੇ ਨੇ ਉਹਦੇ ਭੱਜੇ ਜਾਂਦੇ ਦੇ ਸੇਲਾ ਮਾਰਿਆ ਤੇ ਉਹ ਗੇੜਾ ਖਾ ਕੇ ਸੂਏ ਦੀ ਪੱਟੜੀ ਤੋਂ ਥੱਲੇ ਡਿੱਗ ਪਿਆ. ਉਸ ਨੂੰ ਉੱਥੇ ਡਿੱਗੇ ਪਏ ਨੂੰ ਮਾਰ ਦਿੱਤਾ. ਫਿਰ ਜੱਥੇਦਾਰ ਨੇ ਜੈਕਾਰਾ ਛੱਡ ਕੇ ਉੱਚੀ ਅਵਾਜ਼ ਵਿਚ ਕਿਹਾ, "ਲੋਥਾਂ ਨੂੰ ਏਥੇ ਈ ਪਈਆਂ ਰਹਿਣ ਦਿਓ. ਆਪੇ ਕਾਂ ਕੁੱਤੇ ਖਾ ਲੈਣਗੇ।"
ਜਦੋਂ ਉਹ ਇਹ ਕਹਿਰ ਵਰਤਾ ਕੇ ਉੱਥੋਂ ਚਲੇ ਗਏ ਤਾਂ ਅਸੀਂ ਉਹ ਥਾਂ ਦੇਖਣ ਚਲੇ ਗਏ. ਸੂਏ ਦੀ ਪਟੜੀ ਉਪਰ, ਨੰਗੇ ਮਾਂ ਪੁੱਤਰ, ਖੂਨ ਦੇ ਛੱਪੜ ਵਿਚ ਲੱਥ ਪੱਥ ਕੋਲੋ ਕੋਲ ਪਏ ਸਨ ਅਤੇ ਗੁੰਗਾ ਥੋੜੀ ਦੂਰ ਪੱਟੜੀ ਤੋਂ ਹੇਠ ਮੂਧੇ ਮੂੰਹ ਪਿਆ ਸੀ. ਹੌਲ਼ੀ ਹੌਲ਼ੀ ਜਿਵੇਂ ਹੀ ਪਿੰਡ ਵਾਲਿਆਂ ਨੂੰ ਇਸ ਹੌਲਨਾਕ ਘਟਨਾ ਦਾ ਪਤਾ ਲੱਗਿਆ ਉਹ ਇਹ ਭਿਆਨਕ ਦ੍ਰਿਸ਼ ਦੇਖਣ ਆ ਗਏ ਸਨ. ਇਕ ਮਜ਼੍ਹਬੀ ਸਿੱਖ ਦੇ ਪਤਾ ਨਹੀਂ ਮਨ ਵਿਚ ਕੀ ਖਿਆਲ ਆਇਆ, ਉਸ ਲਾਸ਼ਾਂ ਨੂੰ ਲੱਤੋਂ ਫੜ ਕੇ ਇਕ ਪਾਸੇ ਕਰ ਦਿੱਤਾ ਅਤੇ ਪਟੜੀ ਤੋਂ ਕਹੀ ਨਾਲ ਖੂਨ ਹੂੰਝ ਦਿੱਤਾ. ਦੂਜੇ ਮੁੰਡੇ ਤਾਂ ਉੱਥੇ ਖੜ੍ਹੇ ਰਹੇ ਪਰ ਮੈਂ ਭੱਜ ਕੇ ਘਰ ਆ ਗਿਆ. ਮੈਂ ਇਸ ਤਰ੍ਹਾਂ ਨੰਗੀ ਹਾਲਤ ਵਿਚ ਕਦੀ ਕਿਸੇ ਮਨੁੱਖ ਨਹੀਂ ਸੀ ਦੇਖਿਆ. ਮੈਨੂੰ ਘਰ ਆਉਂਦਿਆਂ ਹੀ ਬੁਖਾਰ ਚੜ੍ਹ ਗਿਆ, ਜਿਹੜਾ ਕਈ ਦਿਨ ਚੜ੍ਹਦਾ ਰਿਹਾ ਤੇ ਮੈਂ ਡਰ ਡਰ ਕੇ ਉਠਦਾ ਰਿਹਾ.
ਹਰ ਇਕ ਦੀ ਜ਼ੁਬਾਨ 'ਤੇ ਇਸ ਨੀਚ ਕਾਰੇ ਦੀਆਂ ਗੱਲਾਂ ਸਨ. ਹਨੇਰ੍ਹਾ ਹੋਣ ਤਕ ਉਹ ਲਾਸ਼ਾਂ ਉਵੇਂ ਹੀ ਉੱਥੇ ਪਈਆਂ ਰਹੀਆਂ ਤੇ ਲੋਕ ਉਹਨਾਂ ਨੂੰ ਦੇਖ ਦੇਖ ਆਉਂਦੇ ਰਹੇ. ਪਰ ਜਦੋਂ ਸਵੇਰੇ ਲੋਕਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਲਾਸ਼ਾਂ ਉੱਥੇ ਨਹੀਂ ਸਨ. ਰਾਤ ਦੇ ਹਨੇਰ੍ਹੇ ਵਿਚ ਕਿਸੇ ਨੇ ਤਿੰਨਾਂ ਨੂੰ ਇਕੋ ਕਬਰ ਵਿਚ ਦਫਨਾ ਦਿੱਤਾ ਸੀ.
ਜਦੋਂ ਸਕੂਲਾਂ ਵਿਚ ਪੜ੍ਹਾਈ ਸ਼ੁਰੂ ਹੋ ਗਈ ਤਾਂ ਅਸੀਂ ਵੀ ਸਕੂਲ ਜਾਣ ਲੱਗੇ. ਸਰਹੰਦ ਨਹਿਰ ਉਪਰੋਂ ਦੀ ਲੰਘਦਿਆਂ ਨਹਿਰ ਵਿਚ ਤਰਦੀਆਂ ਆਉਂਦੀਆਂ ਮਰਦਾਂ, ਤੀਵੀਆਂ ਦੀਆਂ ਟਾਵੀਆਂ ਟਾਵੀਆਂ ਲਾਸ਼ਾਂ ਨੂੰ ਕਈ ਵਾਰ ਦੇਖਿਆ ਸੀ. ਉਹ ਵੀ ਕਤਲ ਕਰਕੇ ਨਹਿਰਾਂ ਵਿਚ ਸੁੱਟ ਦਿੱਤੀਆਂ ਗਈਆਂ ਹੋਣਗੀਆਂ. ਉਹਨਾਂ ਨੂੰ ਦੇਖ ਕੇ ਕਦੀ ਉਹ ਭੈਅ ਜਾਂ ਸਹਿਮ ਦਿਲ ਵਿਚ ਪੈਦਾ ਨਹੀਂ ਸੀ ਹੋਇਆ ਜਿਹੜਾ ਇਨ੍ਹਾਂ ਲਾਸ਼ਾਂ ਨੂੰ ਦੇਖ ਕੇ ਹੋਇਆ ਸੀ.
ਸਾਡਾ ਘਰ ਉਸ ਸੂਏ ਵਾਲੇ ਪਾਸੇ ਹੋਣ ਕਾਰਨ ਹਰ ਰੋਜ਼ ਹੀ ਸੂਏ ਵੱਲ ਜਾਣਾ ਪੈਂਦਾ ਤੇ ਜਦੋਂ ਵੀ ਸੂਏ ਦੀ ਪਟੜੀ ਉਪਰੋਂ ਦੀ ਲੰਘਣਾ, ਉਹ ਭਿਆਨਕ ਦ੍ਰਿਸ਼ ਅੱਖਾਂ ਅੱਗੇ ਸਾਕਾਰ ਹੋ ਜਾਣਾ. ਹੁਣ ਵੀ ਜਦੋਂ ਕਦੀ ਉਹ ਘਟਨਾ ਚੇਤੇ ਆ ਜਾਂਦੀ ਹੈ ਤਾਂ ਅੱਜ ਵੀ ਸਰੀਰ ਵਿਚ ਇਕ ਕੰਬਣੀ ਛਿੜ ਜਾਂਦੀ ਹੈ.
14
ਜਨਰਲ ਮੋਹਨ ਸਿੰਘ ਤੇ ਕਾੜ੍ਹਨੀ ਦਾ ਦੁੱਧ
ਸੰਨ ੪੭ ਦੇ ਬਟਵਾਰੇ ਕਾਰਨ ਪਹਿਲਾਂ ਤਾਂ ਪੰਜਾਬ ਵਿਚ ਕਤਲੋ ਗਾਰਤ ਦਾ ਬਜ਼ਾਰ ਗਰਮ ਰਿਹਾ ਤੇ ਫਿਰ ਰਫਿਊਜੀਆਂ ਦੀ ਆਵਜਾਈ ਸ਼ੁਰੂ ਹੋ ਗਈ, ਜਿਸ ਕਰਕੇ ਸਕੂਲ ਛੇ ਸੱਤ ਮਹੀਨੇ ਬੰਦ ਹੀ ਰਹੇ ਸਨ. ਪੰਜਾਬ ਯੂਨੀਵਰਸਿਟੀ ਤਾਂ ਲਾਹੌਰ ਵਿਚ ਰਹਿ ਗਈ ਸੀ ਤੇ ਪੂਰਬੀ ਪੰਜਾਬ ਵਾਸਤੇ ਪੰਜਾਬ ਯੂਨੀਵਰਸਿਟੀ ਦੇ ਦਫਤਰ ਸੋਲਨ ਵਿਚ ਬਣ ਰਹੇ ਸਨ ਜਿਸ ਕਰਕੇ ਸੰਨ ੪੮ ਵਿਚ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਤਾਂ ਹੋਈਆਂ ਹੀ ਨਹੀਂ ਸਨ ਅਤੇ ਸਕੂਲੀ ਪ੍ਰੀਖਿਆਵਾਂ ਵੀ ਲੇਟ ਹੀ ਹੋਈਆਂ ਸਨ. ਵਿਦਿਆਰਥੀਆਂ ਨੂੰ ਇਹ ਦੋ ਸਾਲ ਪੜ੍ਹਾਈ ਦਾ ਸਮਾਂ ਘਟ ਮਿਲਿਆ. ਸੰਨ ੪੮ ਵਿਚ ਹੀ ਸਾਡੇ ਸਕੂਲ ਵਿਚ ਇਕ ਫੋਜੀ ਕੈਂਪ ਲੱਗ ਗਿਆ, ਉਦੋਂ ਮੈਂ ਛੇਵੀਂ ਜਮਾਤ ਵਿਚ ਪੜ੍ਹਦਾ ਸੀ . ਸਕੂਲ ਦੇ ਮਗਰਲੇ ਪਾਸੇ, ਬੋਰਡਿੰਗ ਹਾਊਸ ਦੇ ਕੋਲ, ਖਾਲੀ ਪਈ ਜ਼ਮੀਨ ਵਿਚ ਪੱਚੀ ਤੀਹ ਫੌਜੀ ਟੈਂਟ ਲੱਗ ਹੋਏ ਸਨ, ਜਿਸ ਨੂੰ ਅਜ਼ਾਦ ਹਿੰਦ ਫੌਜ ਦਾ ਕੈਂਪ ਕਹਿੰਦੇ ਸਨ.
ਅਜ਼ਾਦ ਹਿੰਦ ਫੌਜ ਦੂਸਰੀ ਸੰਸਾਰ ਜੰਗ ਵੇਲੇ ਬਣੀ ਸੀ. ਭਾਰਤ ਵਿਚ ਅਜ਼ਾਦੀ ਲਹਿਰ ਤਾਂ ਪਹਿਲਾਂ ਹੀ ਜੋਰਾਂ 'ਤੇ ਸੀ ਪਰ ਜਦੋਂ ਸੰਸਾਰ ਜੰਗ ਅਰੰਭ ਹੋਈ ਤਾਂ ਭਾਰਤ ਨੂੰ ਅਜ਼ਾਦ ਕਰਾਉਣ ਲਈ ਜਦੋ ਜਹਿਦ ਹੋਰ ਤੇਜ਼ ਹੋ ਗਈ. ਜੇ ਭਾਰਤ ਅੰਦਰ ਕਾਂਗਰਸ ਵੱਲੋਂ 'ਅੰਗ੍ਰੇਜ਼ੋ ਭਾਰਤ ਛੱਡ ਜਾਓ' ਦਾ ਅੰਦੋਲਨ ਅਰੰਭ ਹੋ ਗਿਆ ਸੀ ਤਾਂ ਬਾਹਰਲੇ ਦੇਸ਼ਾਂ ਵਿਚ ਵੀ ਦੇਸ਼ ਭਗਤਾਂ ਵੱਲੋਂ ਆਪਣੇ ਅਜ਼ਾਦੀ ਦੇ ਘੋਲ਼ ਨੂੰ ਤੇਜ਼ ਕਰ ਦਿੱਤਾ ਗਿਆ ਸੀ.
ਦੂਜੀ ਸੰਸਾਰ ਜੰਗ ਵਿਚ ਇਕ ਪਾਸੇ ਜਰਮਨੀ, ਜਪਾਨ ਤੇ ਇਟਲੀ ਆਦਿ ਦੇਸ਼ ਸਨ ਅਤੇ ਦੂਜੇ ਪਾਸੇ ਇੰਲੈਂਡ, ਫਰਾਂਸ ਤੇ ਅਮ੍ਰੀਕਾ ਆਦਿ ਦੇਸ਼ ਸਨ. ਪਿੱਛੋਂ ਰੂਸ ਨੂੰ ਵੀ ਮਜਬੂਰਨ ਇਨ੍ਹਾਂ ਦਾ ਸਾਥ ਦੇਣਾ ਪਿਆ ਸੀ. ਇਨ੍ਹਾਂ ਦੀਆਂ ਫੌਜਾਂ ਨੂੰ ਇਤਹਾਦੀ ਫੌਜਾਂ ਕਿਹਾ ਜਾਂਦਾ ਸੀ. ਭਾਰਤ ਅੰਗ੍ਰੇਜ਼ਾਂ ਦਾ ਗ਼ੁਲਾਮ ਹੋਣ ਕਰਕੇ ਭਾਰਤੀ ਫੌਜ ਇਤਹਾਦੀ ਫੌਜਾਂ ਦੇ ਹੱਕ ਵਿਚ ਲੜ ਰਹੀ ਸੀ.ਕੋਈ ਸੱਤਰ ਹਜ਼ਾਰ ਦੇ ਕਰੀਬ ਭਾਰਤੀ ਫੌਜ ਮਲਾਇਆ, ਸਿੰਘਾਪੁਰ ਵਿਚ ਹੀ ਜਪਾਨੀ, ਜਰਮਨ ਫੌਜਾਂ ਦੇ ਵਿਰੁੱਧ ਲੜ ਰਹੀ ਸੀ. ਜਦੋਂ ਜਪਾਨੀਆਂ ਦਾ ਸਿੰਘਾਪੁਰ ਉਪਰ ਕਬਜ਼ਾ ਹੋ ਗਿਆ ਤਾਂ ਇਤਹਾਦੀ ਫੌਜੀਆਂ ਨੂੰ ਬੇਹਥਿਆਰ ਕਰਕੇ ਜੰਗੀ ਕੈਦੀ ਬਣਾ ਲਿਆ ਗਿਆ ਜਿਨ੍ਹਾਂ ਵਿਚ ੫੫੦੦੦ ਹਜ਼ਾਰ ਦੇ ਕਰੀਬ ਭਾਰਤੀ ਫੌਜੀ ਵੀ ਸਨ. ਉਹਨਾਂ ਵਿਚ ਕੈਪਟਨ ਮੋਹਣ ਸਿੰਘ ਵੀ ਸੀ. ਇਸ ਕੈਪਟਨ ਮੋਹਣ ਸਿੰਘ ਨੇ ਜਪਾਨ ਸਰਕਾਰ ਨਾਲ ਸੰਧੀ ਕਰਕੇ ਅਜ਼ਾਦ ਹਿੰਦ ਫੌਜ ਦਾ ਗਠਨ ਕਰ ਲਿਆ. ਭਾਵੇਂ ਭਾਰਤੀ ਫੌਜੀ ਲੜ ਤਾਂ ਅੰਗ੍ਰੇਜ਼ੀ ਸਾਮਰਾਜ ਦੇ ਪੱਖ ਵਿਚ ਹੀ ਸਨ ਪਰ ਉਹਨਾਂ ਵਿਚੋਂ ਬਹੁਤਿਆਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਜ਼ਰੂਰ ਸੀ. ਇਸ ਕਰਕੇ ਬਹੁਤ ਸਾਰੇ ਭਾਰਤੀ ਜੰਗੀ ਕੈਦੀ ਅਜ਼ਾਦ ਹਿੰਦ ਫੌਜ ਵਿਚ ਸ਼ਾਮਲ ਹੋ ਗਏ. ਜਪਾਨ ਸਰਕਾਰ ਨੇ ਸ। ਮੋਹਣ ਸਿੰਘ ਨੂੰ ਜਨਰਲ ਦੀ ਉਪਾਧੀ ਦੇ ਕੇ ਅਜ਼ਾਦ ਹਿੰਦ ਫੌਜ ਦੀ ਕਮਾਨ ਸੰਭਾਲ ਦਿੱਤੀ. ਅਜ਼ਾਦ ਹਿੰਦ ਫੌਜ ਨੇ ਜਪਾਨੀ ਫੌਜ ਨਾਲ ਮਿਲ ਕੇ ਇਤਹਾਦੀ ਫੌਜਾਂ ਦੇ ਬਰਖਲਾਫ ਲੜਾਈ ਅਰੰਭ ਕਰ ਦਿੱਤੀ ਤਾਂ ਜੋ ਅੰਗ੍ਰੇਜ਼ਾਂ ਨੂੰ ਹਰਾ ਕੇ ਦੇਸ਼ ਅਜ਼ਾਦ ਕਰਵਾਇਆ ਜਾ ਸਕੇ. ਕੁਝ ਸਮੇਂ ਮਗਰੋਂ ਇਸ ਫੌਜ ਦੀ ਕਮਾਂਡ ਸੁਭਾਸ਼ ਚੰਦਰ ਬੋਸ ਦੇ ਹੱਥ ਦੇ ਦਿੱਤੀ ਗਈ ਅਤੇ ਫੌਜ ਦਾ ਨਾਮ ਇੰਡੀਅਨ ਨੈਸ਼ਨਲ ਆਰਮੀ ਜਾਂ ਆਈ। ਐਨ। ਏ। ਹੋ ਗਿਆ ਸੀ.
ਸੰਨ ੧੯੪੫ ਵਿਚ ਇਤਹਾਦੀ ਫੌਜਾਂ ਨੇ ਜਪਾਨ ਤੇ ਜਰਮਨੀ ਨੂੰ ਹਰਾ ਕੇ ਦੂਸਰੀ ਸੰਸਾਰ ਜੰਗ ਜਿੱਤ ਲਈ. ਹਾਰੇ ਹੋਏ ਦੇਸ਼ਾਂ ਉਪਰ ਮਨ ਮਰਜ਼ੀ ਦੇ ਸਮਝੌਤੇ ਠੋਸ ਕੇ ਉਹਨਾਂ ਦੇਸ਼ਾਂ ਦੇ ਫੌਜੀ ਜਵਾਨਾਂ ਨੂੰ ਉਹਨਾਂ ਦੇ ਦੇਸ਼ਾਂ ਵੱਲ ਤੋਰ ਦਿੱਤਾ ਪਰ ਆਈ। ਐਨ। ਏ। ਦੇ ਫੌਜੀ ਜਵਾਨਾਂ ਨੂੰ ਬੰਦੀ ਬਣਾ ਕੇ ਜੰਗੀ ਕੈਦੀਆਂ ਦੇ ਰੂਪ ਵਿਚ ਭਾਰਤ ਲਿਆਂਦਾ ਗਿਆ ਅਤੇ ਉਹਨਾਂ ਉਪਰ ਮੁਕੱਦਮੇ ਚੱਲਾਏ. ਭਾਵੇਂ ਕਿ ਪੰਡਤ ਜਵਾਹਰ ਲਾਲ ਨਹਿਰੂ ਜਿਹੇ ਚੋਟੀ ਦੇ ਵਕੀਲਾਂ ਨੇ ਉਹਨਾਂ ਦੇ ਮੁਕਦਮਿਆਂ ਦੀ ਪੈਰਵਾਈ ਕੀਤੀ. ਪਰ ਉਹਨਾਂ ਉਪਰ ਮੁਕਦਮੇ ਚਲਾਉਣ ਵਾਲੀ ਗੱਲ ਸੁਣ ਕੇ ਸਾਰਾ ਦੇਸ਼ ਹੀ ਅੰਗ੍ਰੇਜ਼ਾਂ ਵਿਰੁੱਧ ਉਠ ਖੜ੍ਹਾ ਹੋਇਆ ਸੀ. ਇਸ ਲਈ ਭਾਰਤ ਦੀ ਅੰਗ੍ਰੇਜ਼ ਸਕਾਰ ਸੰਭਲ ਸੰਭਲ ਕੇ ਕਦਮ ਚੁੱਕ ਰਹੀ ਸੀ. ਫਿਰ ੧੫ ਅਗਸਤ ੧੯੪੭ ਨੂੰ ਭਾਰਤ ਅੰਗ੍ਰੇਜ਼ਾਂ ਦੇ ਕਬਜ਼ੇ ਤੋਂ ਅਜ਼ਾਦ ਹੋ ਗਿਆ ਅਤੇ ਮੁਕਦਮੇ ਵੀ ਖਤਮ ਹੋ ਗਏ.
ਭਾਰਤ ਵਿਚੋਂ ਅੰਗ੍ਰੇਜ਼ ਚਲੇ ਗਏ ਤੇ ਦੇਸ਼ ਦੀ ਵਾਗ ਡੋਰ ਕਾਂਗਰਸ ਪਾਰਟੀ ਦੇ ਹੱਥ ਆ ਗਈ. ਕਾਂਗਰਸ ਪਾਰਟੀ ਨੇ ਸਰਕਾਰ ਚਲਾਉਣ ਲਈ ਹੋਰ ਕਿਸੇ ਵੀ ਪਾਰਟੀ ਨੂੰ ਆਪਣੀ ਭਾਈਵਾਲ ਨਾ ਬਣਾਇਆ. ਜਿਹੜੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਉੱਚ ਅਹੁਦੇ ਸੀ ਉਹ ਆਪਣੀ ਪਾਰਟੀ ਦੇ ਚਹੇਤਿਆਂ ਨੂੰ ਬਖਸ਼ ਦਿੱਤੇ ਤੇ ਸੱਤਾ ਦੇ ਨਸ਼ੇ ਵਿਚ ਦੂਸਰੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿਚ ਰੋਲ਼ ਕੇ ਰੱਖ ਦਿੱਤਾ. ਅਜ਼ਾਦ ਹਿੰਦ ਫੋਜ ਦੇ ਸੈਨਿਕਾਂ ਦੀ ਵੀ ਸਾਰ ਨਾ ਲਈ ਗਈ. ਜਨਰਲ ਮੋਹਨ ਸਿੰਘ ਨੇ ਮਾਯੂਸ ਹੋ ਕੇ ਸੁਭਾਸ਼ ਚੰਦਰ ਬੋਸ ਵਾਲੀ ਪਾਰਟੀ 'ਫਾਰਵਰਡ ਬਲਾਕ' ਨੂੰ ਦੋਬਾਰਾ ਜ਼ਿੰਦਾ ਕਰ ਲਿਆ. ਅਜ਼ਾਦ ਹਿੰਦ ਫੌਜ ਦੇ ਸੈਨਿਕ ਤੇ ਉਹਨਾਂ ਦੇ ਹਮਦਰਦ ਜਨਰਲ ਮੋਹਨ ਸਿੰਘ ਦੀ ਪਾਰਟੀ ਨਾਲ ਜੁੜ ਗਏ. ਪੰਜਾਬ ਵਿਚ ਇਸ ਪਾਰਟੀ ਦਾ ਆਧਾਰ ਬਣਾਉਣ ਲਈ ਉਸ ਨੇ ਪੰਜਾਬ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਕੈਂਪ ਲਾਏ. ਲੋਕ ਤਾਂ ਨਵੀਂ ਅਜ਼ਾਦੀ ਦੇ ਨਸ਼ੇ ਵਿਚ ਅਜੇ ਕਾਂਗਰਸ ਦੇ ਸੋਹਿਲੇ ਹੀ ਗਾ ਰਹੇ ਸਨ ਪਰ ਉਹ ਇਹਨਾਂ ਕੈਂਪਾਂ ਰਾਹੀਂ ਲੋਕਾਂ ਵਿਚ ਪਰਚਾਰ ਕਰ ਰਿਹਾ ਸੀ ਕਿ ਕਿਵੇਂ ਕਾਂਗਰਸ ਦੇਸ਼ ਨੂੰ ਅਜ਼ਾਦ ਕਰਵਾਉਣ ਦਾ ਸਿਹਰਾ ਕੇਵਲ ਆਪਣੇ ਸਿਰ ਹੀ ਬੰਨ੍ਹ ਰਹੀ ਹੈ ਅਤੇ ਅਜ਼ਾਦੀ ਦੇ ਪਰਵਾਨਿਆਂ ਦਾ ਕੋਈ ਮੁੱਲ ਨਹੀਂ ਪਾ ਰਹੀ. ਉਹਨਾਂ ਕਾਂਗਰਸ ਦੇ ਪੋਲ ਖੋਲ੍ਹਦੀ 'ਕਾਂਗਰਸ ਨਾਲ ਖਰੀਆਂ ਖਰੀਆਂ' ਨਾਮ ਦੀ ਇਕ ਕਿਤਾਬ ਵੀ ਛਪਵਾਈ ਸੀ, ਜਿਹੜੀ ਅੰਗ੍ਰੇਜ਼ੀ 'ਚੋਂ ਅਨੁਵਾਦ ਹੋ ਕੇ ਉਰਦੂ, ਹਿੰਦੀ ਅਤੇ ਪੰਜਾਬੀ ਵਿਚ ਛਪੀ ਸੀ. ਪੰਜਾਬੀ ਅਡੀਸ਼ਨ ਦੀਆਂ ਕਾਪੀਆਂ ਸਾਨੂੰ ਚਾਰ ਚਾਰ ਆਨੇ ਵਿਚ ਵੇਚੀਆਂ ਸਨ. ਇਹ ਪੁਸਤਕ ਮੈਂ ਬਹੁਤ ਚਿਰ ਸੰਭਾਲ ਕੇ ਰੱਖੀ ਪਰ ਪਤਾ ਨਹੀਂ ਕਿਸ ਹੱਥੇ ਚੜ੍ਹ ਗਈ ਅਤੇ ਮੇਰੀ ਲਾਇਬ੍ਰੇਰੀ ਵਿਚੋਂ ਬਾਹਰ ਹੋ ਗਈ.
ਇਸੇ ਤਰ੍ਹਾਂ ਦਾ ਇਕ ਕੈਂਪ ਖਾਲਸਾ ਹਾਈ ਸਕੂਲ ਗੁਰੂ ਤੇਗ ਬਹਾਦਰ ਗੜ੍ਹ (ਰੋਡੇ) ਵਿਚ ਵੀ ਲਾਇਆ ਗਿਆ ਸੀ, ਜਿਸ ਵਿਚ ਬਹੁਤੇ ਅਜ਼ਾਦ ਹਿੰਦ ਫੌਜ ਦੇ ਸੈਨਿਕ ਹੀ ਸਨ. ਸਕੂਲ ਵਿਚ ਕੈਂਪ ਲਾਉਣ ਦਾ ਕਾਰਨ ਸਾਡੇ ਸਕੂਲ ਦੇ ਹੈਡਮਾਸਟਰ ਕਰਤਾਰ ਸਿੰਘ ਦਾ ਜਨਰਲ ਮੋਹਨ ਸਿੰਘ ਦੀ ਪਾਰਟੀ ਨਾਲ ਜੁੜੇ ਹੋਏ ਹੋਣਾ ਸੀ. (ਅਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ ਜਿਹੜੀਆਂ ਸੰਨ ੧੯੫੨ ਵਿਚ ਹੋਈਆਂ ਸਨ, ਹੈਡ ਮਾਸਟਰ ਕਰਤਾਰ ਸਿੰਘ ਨੇ ਪੰਜਾਬ ਅਸੈਂਬਲੀ ਦੀ ਚੋਣ ਫਾਰਵਰਡ ਬਲਾਕ ਦੀ ਟਿਕਟ 'ਤੇ ਲੜੀ ਸੀ, ਜਿਸ ਵਿਚ ਉਹ ਹਾਰ ਗਏ ਸਨ.)
ਇਸ ਕੈਂਪ ਵਿਚ ਰਹਿਣ ਵਾਲੇ ਬਹੁਤ ਆਦਮੀ ਫੌਜੀ ਵਰਦੀ ਪਾ ਕੇ ਰਖਦੇ ਸਨ. ਕਈ ਸਾਦਾ ਕਪੜਿਆਂ ਵਿਚ ਵੀ ਹੁੰਦੇ ਸਨ. ਉਹ ਸਵੇਰੇ ਉਠ ਕੇ ਪਹਿਲਾਂ ਪਰੇਡ ਕਰਦੇ ਅਤੇ ਫਿਰ ਆਪੋ ਆਪਣੀਆਂ ਡਿਉਟੀਆਂ ਸਾਂਭ ਲੈਂਦੇ. ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਅਨਪੜ੍ਹਤਾ, ਸਮੂਹ ਸਫਾਈ, ਸਿਹਤ ਸੰਭਾਲ, ਸਵੈਰੱਖਿਆ ਲਈ ਜਾਗ੍ਰਿਤ ਕਰਨਾ ਉਹਨਾਂ ਦੀਆਂ ਡਿਉਟੀਆਂ ਵਿਚ ਸ਼ਾਮਲ ਸੀ. ਉਹ ਪਿੰਡਾਂ ਦੇ ਬਹੁਤੇ ਗਭਰੂਆਂ ਨੂੰ ਰਾਈਫਲ ਟਰੇਨਿੰਗ ਵੀ ਦਿੰਦੇ ਸਨ. ਟਰੇਨਿੰਗ ਖਤਮ ਹੋਣ ਦੇ ਅਖੀਰਲੇ ਦਿਨ ਟਰੇਨਿੰਗ ਵਾਲੀ ਥਾਂ 'ਤੇ, ਜਿਹੜੀ ਆਮ ਕਰਕੇ ਪਿੰਡੋ ਬਾਹਰ ਪਿੜਾਂ ਵਿਚ ਹੁੰਦੀ ਸੀ, ਵੱਡਾ ਇਕੱਠ ਕੀਤਾ ਜਾਂਦਾ. ਉੱਥੇ ਜਨਰਲ ਮੋਹਨ ਸਿੰਘ ਆਪ ਜਾਂ ਫਾਰਵਰਡ ਬਲਾਕ ਦਾ ਕੋਈ ਵੱਡਾ ਲੀਡਰ ਆ ਕੇ ਭਾਸ਼ਨ ਦਿੰਦਾ ਤੇ ਫਿਰ ਟਰੇਨੀਆਂ ਨੂੰ ਸਰਟੀਫੀਕੇਟ ਵੰਡੇ ਜਾਂਦੇ.
ਸਾਡੇ ਸਕੂਲ ਵਿਚ ਤਾਂ ਇਸ ਤਰ੍ਹਾਂ ਦੇ ਭਾਸ਼ਨ ਹਰ ਰੋਜ਼ ਹੀ ਹੁੰਦੇ ਸਨ. ਸਵੇਰ ਦੀ ਪਾਰਥਣਾ ਤੋਂ ਮਗਰੋਂ ਅਜ਼ਾਦ ਹਿੰਦ ਫੌਜ ਦਾ ਕੋਈ ਨਾ ਕੋਈ ਕੈਪਟਨ, ਮੇਜਰ, ਬਰਗੇਡਅਰ ਜਾਂ ਕਰਨਲ ਸਾਨੂੰ ਕੋਈ ਪੰਦਰਾਂ ਕੁ ਮਿੰਟ ਦਾ ਸਿਖਿਆਦਾਇਕ ਲੈਕਚਰ ਦਿਆ ਕਰਦੇ ਸਨ. ਕਦੀ ਕਦੀ ਜਨਰਲ ਮੋਹਣ ਸਿੰਘ ਵੀ ਸਾਨੂੰ ਲੈਕਚਰ ਦੇਣ ਆ ਜਾਂਦੇ ਸਨ. ਉਹਨਂ ਦੇ ਲੈਕਚਰ ਬਹੁਤੇ ਰਾਜਨੀਤਕ ਹੁੰਦੇ ਜਿਸ ਦੀ ਸਾਨੂੰ ਘੱਟ ਹੀ ਸਮਝ ਆਉਂਦੀ. ਪਰ ਡਸਿਪਲਨ, ਆਗਿਆ ਪਾਲਣ ਅਤੇ ਸਿਹਤ ਸੰਭਾਲ ਬਾਰੇ ਕਹੀਆਂ ਉਹਨਾਂ ਦੀਆਂ ਕੁਝ ਗੱਲਾਂ ਅੱਜ ਵੀ ਯਾਦ ਹਨ.
ਇਕ ਦਿਨ ਡਸਿਪਲਨ ਅਤੇ ਆਗਿਆ ਪਾਲਣ ਬਾਰੇ ਭਾਸ਼ਨ ਦਿੰਦਿਆਂ ਉਹਨਾਂ ਇਹ ਵੀ ਕਿਹਾ ਸੀ, "ਜੇ ਤੁਸੀਂ ਕਿਸੇ ਬਹੁਤ ਜਰੂਰੀ ਕੰਮ ਵਿਚ ਲੱਗੇ ਹੋਏ ਹੋ ਅਤੇ ਤੁਹਾਡਾ ਉਸਤਾਦ ਜਾਂ ਕੋਈ ਵੱਡ ਵਡੇਰਾ ਤੁਹਾਨੂੰ ਬੁਲਾ ਰਿਹਾ ਹੈ ਤਾਂ ਆਪਣਾ ਅੱਤਿ ਜਰੂਰੀ ਕੰਮ ਵਿਚਾਲੇ ਛੱਡ ਕੇ ਤੁਹਾਨੂੰ ਉਸ ਦੀ ਗੱਲ ਸੁਣਨੀ ਚਾਹੀਦੀ ਹੈ. ਇਹ ਗੱਲ ਦੱਸ ਕੇ ਉਹਨਾਂ ਬੜੀ ਉੱਚੀ ਅਵਾਜ਼ ਮਾਰੀ, "ਕੰਧਾਰਾ ਸਿੰਘ!"
ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਕੁਝ ਸੈਕਿੰਡ ਦੇ ਅੰਦਰ ਹੀ ਕਿਸੇ ਪਾਸਿਓੁਂ ਆਕੇ ਇਕ ਜਵਾਨ ਨੇ, ਜਿਸ ਦੇ ਹੱਥ ਗਾਰੇ ਨਾਲ ਲਿਬੜੇ ਹੋਏ ਸਨ, ਆ ਸਲੂਟ ਮਾਰਿਆ. ਜਨਰਲ ਮੋਹਣ ਸਿੰਘ ਨੇ ਵੀ ਅੱਗੋਂ ਉਵੇਂ ਸਲੂਟ ਮਾਰਿਆ ਅਤੇ ਉਸ ਕੋਲੋਂ ਕੁਝ ਸਵਾਲ ਪੁੱਛ ਕੇ ਬਿਨਾਂ ਕੋਈ ਕੰਮ ਦੱਸਿਆਂ ਉਹਨੂੰ ਵਾਪਸ ਮੋੜ ਦਿੱਤਾ. ਉਹ ਜਿਸ ਤਰ੍ਹਾਂ ਭੱਜ ਕੇ ਤੇਜੀ ਨਾਲ ਆਇਆ ਸੀ, ਓਨੀ ਤੇਜੀ ਨਾਲ ਹੀ ਵਾਪਸ ਮੁੜ ਗਿਆ. ਉਸ ਨੇ 'ਯੈਸ ਸਰ' ਤੋਂ ਬਿਨਾਂ ਹੋਰ ਕੋਈ ਸ਼ਬਦ ਵੀ ਮੂੰਹੋਂ ਨਹੀਂ ਸੀ ਕੱਢਿਆ. ਭਾਵੇਂ ਕਿ ਸਾਨੂੰ ਅਧਿਆਪਕ ਵੀ ਡਸਿਪਲਨ ਸਿਖਾਉਂਦੇ ਅਤੇ ਡਸਿਪਲਨ ਬਾਰੇ ਦਸਦੇ ਰਹਿੰਦੇ ਸਨ ਪਰ ਵਿਦਿਆਰਥੀਆਂ ਉਪਰ ਇਸ ਗੱਲ ਦਾ ਬਹੁਤ ਚੰਗਾ ਅਸਰ ਹੋਇਆ. ਅਸੀਂ ਕਤਾਰਾਂ ਬਣਾ ਕੇ ਤੁਰਦੇ, ਜਮਾਤ ਵਿਚ ਰੌਲ਼ਾ ਘੱਟ ਪਾਉਂਦੇ ਅਤੇ 'ਹਾਂ ਜੀ, 'ਹਾਂ ਜੀ' ਕਹਿ ਕੇ ਆਪਣੇ ਉਸਤਾਦਾਂ ਤੇ ਵੱਡਿਆਂ ਦੇ ਹੁਕਮ ਮੰਨਦੇ ਰਹੇ ਪਰ ਜਨਰਲ ਸਾਹਿਬ ਦੇ ਇਸ ਲੈਕਚਰ ਦਾ ਸਾਡੇ ਉਸਤਾਦਾਂ ਉਪਰ ਕਿੰਨਾ ਕੁ ਅਸਰ ਹੋਇਆ, ਉਹ ਵੀ ਦੱਸਣਾ ਜਰੂਰੀ ਸਮਝਦਾ ਹਾਂ.
ਸਾਡੇ ਡਰਿਲ ਮਾਸਟਰ ਸ। ਮਿਹਰ ਸਿੰਘ ਕੁਝ ਗਰਮ ਸੁਭਾਅ ਦੇ ਸਨ. ਡਰਿਲ ਕਰਾਉਂਦੇ ਜਾਂ ਖੇਡਾਉਂਦੇ ਸਮੇਂ ਕੋਈ ਗਲਤੀ ਹੋ ਜਾਣੀ ਤਾਂ ਉਹ ਗਾਲ੍ਹ ਦੇ ਨਾਲ ਸਾਨੂੰ ਧੌਲ ਧੱਫਾ ਵੀ ਕਰ ਦਿੰਦੇ ਸਨ. ਉਹ ਸ਼ਾਮ ਵੇਲੇ ਵਿਦਿਆਰਥੀਆਂ ਨੂੰ ਹਾਕੀ ਖਿਡਾਇਆ ਕਰਦੇ ਸਨ. ਕੋਈ ਮੁੰਡਾ ਉਹਨਾਂ ਅੱਗੇ ਕੁਸਕਦਾ ਨਹੀਂ ਸੀ ਹੁੰਦਾ.
ਉਨ੍ਹਾਂ ਦਿਨਾਂ ਵਿਚ ਹੀ ਸਾਡੇ ਸਕੂਲ ਵਿਚ ਇਕ ਨਵੇਂ ਅਧਿਆਪਕ ਆਏ ਸਨ ਜਿਹੜੇ ਸਾਨੂੰ ਅੰਗ੍ਰੇਜ਼ੀ ਪੜ੍ਹਾਉਂਦੇ. ਉਹ ਬਹੁਤ ਹੀ ਚੁੱਪ ਰਹਿਣ ਵਾਲੇ ਅਤੇ ਗਹਿਰ ਗੰਭੀਰ ਸੁਭਾਅ ਦੇ ਸਨ. ਮਾਸਟਰ ਨਿਰੰਜਨ ਸਿੰਘ ਤਾਂ ਉਹਨਾਂ ਨੂੰ ਮਖੌਲ ਨਾਲ 'ਬੰਦ ਗੋਬੀ ਦਾ ਫੁੱਲ' ਕਹਿ ਦਿੰਦੇ ਸਨ ਪਰ ਅਸੀਂ ਉਨ੍ਹਾਂ ਨੂੰ ਨਿਊ ਮਾਸਟਰ ਕਹਿੰਦੇ ਸਾਂ. ਉਹ ਆਥਣ ਵੇਲੇ ਫੁਟਬਾਲ ਖਿਡਾਇਆ ਕਰਦੇ ਸਨ. ਗਰਾਉਂਡ ਇਕ ਹੋਣ ਕਰਕੇ ਹਾਕੀ ਤੇ ਫੁੱਟਬਾਲ ਦੀਆਂ ਟੀਮਾਂ ਵਾਰੀ ਨਾਲ ਗਰਾਊਂਡ ਵਿਚ ਖੇਡਦੀਆਂ ਸਨ.
ਇਕ ਦਿਨ ਪਤਾ ਨਹੀਂ ਕੀ ਗੱਲ ਹੋਈ, ਵਾਰੀ ਤਾਂ ਫੁੱਟਬਾਲ ਖੇਡਣ ਵਾਲਿਆਂ ਦੀ ਸੀ ਪਰ ਡਰਿਲ ਮਾਸਟਰ ਆਪਣੀ ਟੀਮ ਨੂੰ ਗਰਾਊਂਡ ਵਿਚ ਲਿਆ ਕੇ ਖਿਡਾਉਣ ਲੱਗ ਪਏ. ਕੁਝ ਦੇਰ ਮਗਰੋਂ ਨਿਊ ਮਾਸਟਰ ਵੀ ਆਪਣੇ ਫੁੱਟਬਾਲ ਖਿਡਾਰੀਆਂ ਨੂੰ ਲੈ ਕੇ ਆ ਗਏ. ਕੁਝ ਚਿਰ ਦੋਹਾਂ ਅਧਿਆਪਕਾਂ ਦੀ ਆਪਸ ਵਿਚ ਗੱਲ ਬਾਤ ਹੁੰਦੀ ਰਹੀ. ਫਿਰ ਗੱਲਾਂ ਤੋਂ ਗੱਲ ਤਕਰਾਰ ਤਕ ਚਲੀ ਗਈ ਅਤੇ ਡਰਿਲ ਮਾਸਟਰ ਨੇ ਨਿਊ ਮਾਸਟਰ ਨੂੰ ਗਾਲ੍ਹ ਕੱਢ ਦਿੱਤੀ. ਨਿਊ ਮਾਸਟਰ ਨੇ ਅੱਗੋਂ ਕੋਈ ਗਾਲ੍ਹ ਨਹੀਂ ਕੱਢੀ ਪਰ ਡਰਿਲ ਮਾਸਟਰ ਦੇ ਮੂੰਹ ਉਪਰ ਦੋ ਘਸੁੰਨ ਅਜੇਹੇ ਮਾਰੇ ਕਿ ਉਹ ਉੱਥੇ ਹੀ ਫੁੜਕ ਕੇ ਡਿੱਗ ਪਏ. ਮੁੰਡਿਆਂ ਨੇ ਉਹਨਾਂ ਦੇ ਮੂੰਹ ਵਿਚ ਪਾਣੀ ਪਾ ਕੇ ਸੁਰਤ ਵਿਚ ਲਿਆਂਦਾ. ਦੋਹਾਂ ਟੀਮਾਂ ਦੀ ਖੇਡ ਖਤਮ ਹੋ ਗਈ ਅਤੇ ਗਰਾਊਂਡ ਵਿਹਲੀ ਪਈ ਰਹੀ.
ਅਗਲੇ ਦਿਨ ਸਕੂਲ ਕਮੇਟੀ ਦੀ ਮੀਟਿੰਗ ਹੋਈ ਅਤੇ ਨਿਊ ਮਾਸਟਰ ਨੂੰ ਸਕੂਲ ਵਿਚੋਂ ਕੱਢ ਦਿੱਤਾ. ਪਰ ਜਿਹੜੀ ਡਸਿਪਲਨ ਦੀ ਸਿਖਿਆ ਸਾਨੂੰ ਜਨਰਲ ਮੋਹਣ ਸਿੰਘ ਕੋਲੋਂ ਮਿਲੀ ਸੀ ਉਹ ਵੀ ਕਿਧਰੇ ਛਾਈ ਮਾਈਂ ਹੋ ਗਈ. ਮੁੰਡੇ ਡਰਿਲ ਮਾਸਟਰ ਦਾ ਰੋਅਬ ਮਨਣੋ ਹਟ ਗਏ. ਫਿਰ ਨਿਮੋਸ਼ੀ ਦੇ ਮਾਰੇ ਉਹ ਆਪ ਹੀ ਸਕੂਲ ਛੱਡ ਗਏ.
ਜਨਰਲ ਮੋਹਣ ਸਿੰਘ ਨੇ ਚੰਗੀ ਸਿਹਤ ਬਾਰੇ ਲੈਕਚਰ ਦਿੰਦਿਆਂ ਸਰੀਰ ਨੂੰ ਤਕੜਾ ਤੇ ਤੰਰੁਸਤ ਰੱਖਣ ਕਈ ਗੁਰ ਦੱਸ ਕੇ ਖੁਰਾਕ ਬਾਰੇ ਵੀ ਦੱਸਿਆ ਸੀ, ਜਿਸ ਦਾ ਸਾਰ ਕੁਝ ਇਸ ਤਰ੍ਹਾਂ ਹੈ, 'ਚੰਗੀ ਸਿਹਤ ਲਈ ਚੰਗੀ ਖੁਰਾਕ ਵੀ ਬਹੁਤ ਜਰੂਰੀ ਹੈ. ਗੰਨੇ, ਮੂਲੀ, ਗਾਜਰ, ਸ਼ਲਗਮ, ਸਾਗ, ਬੇਰ, ਪੀਅਲਾਂ, ਪੇਂਜੂ ਆਦਿ ਖੇਤਾਂ ਵਿਚੋਂ ਮਿਲ ਜਾਂਦੇ ਹਨ. ਜਿਹੜੇ ਮੌਸਮ ਵਿਚ ਇਹ ਹੋਣ ਉਹ ਰੱਜ ਕੇ ਖਾਓ. ਪਰ ਇਕ ਗੱਲ ਯਾਦ ਰੱਖਣੀ ਕਿ ਖੁਰਾਕ ਵਿਚ ਦੁੱਧ ਸਭ ਤੋਂ ਜਰੂਰੀ ਹੈ. ਮਾਵਾਂ ਤੁਹਾਨੂੰ ਪੰਜੀਰੀ ਰਲ਼ਾ ਕੇ ਦੇ ਦੇਣਗੀਆਂ, ਖੋਆ ਮਾਰ ਕੇ ਵੀ ਦੇ ਦੇਣਗੀਆਂ ਪਰ ਦੁੱਧ ਪਲ਼ਾ ਦੋ ਪਲ਼ੇ ਤੋਂ ਵੱਧ ਨਹੀਂ ਦਿੰਦੀਆਂ।' ਫਿਰ ਉਹਨਾਂ ਆਪਣੀ ਮਸਾਲ ਦਿੱਤੀ ਸੀ, 'ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਮੇਰੀ ਮਾਂ ਵੀ ਮੇਰੇ ਨਾਲ ਇਹੋ ਸਲੂਕ ਕਰਦੀ ਹੁੰਦੀ ਸੀ. ਪਰ ਮੈਂ ਇਸ ਹੱਲ ਕੱਢ ਲਿਆ ਸੀ. ਮਾਂ ਕਾੜ੍ਹਨੀ ਵਿਚ ਦੁੱਧ ਪਾ ਕੇ ਹਾਰੇ ਵਿਚ ਰੱਖ ਦਿੰਦੀ ਸੀ. ਆਥਣ ਤਾਈਂ ਉਹ ਕੜ੍ਹ ਕੇ ਲਾਲ ਹੋ ਜਾਂਦਾ ਸੀ ਅਤੇ ਉਸ ਉਪਰ ਮੋਟੀ ਮਲਾਈ ਦੀ ਤਹਿ ਬਣ ਜਾਂਦੀ ਸੀ. ਮੈਂ ਮਲਾਈ ਪਾਸੇ ਕਰ ਕੇ ਨੜੇ ਰਾਹੀਂ ਦੁੱਧ ਪੀ ਜਾਂਦਾ ਸੀ।' ਫਿਰ ਉਹਨਾਂ ਹੱਸ ਕੇ ਕਾੜ੍ਹਨੀ ਵਿਚੋਂ ਦੁੱਧ ਪੀਣ ਦਾ ਗੁਰ ਦੱਸਿਆ ਸੀ, "ਘਰਾਂ ਵਿਚ ਵੱਡੇ ਗਲੋਟੇ ਬਣਾਉਣ ਲਈ ਨੜੇ ਹੁੰਦੇ ਹਨ. ਕੁਝ ਪਤਲੇ ਤੇ ਮੋਟੇ ਨੜੇ ਲੈ ਲਓ ਜਿਹੜੇ ਇਕ ਦੂਜੇ ਵਿਚ ਫਿੱਟ ਹੋ ਜਾਣ. ਚਾਰ ਪੰਜ ਨੜੇ ਜੋੜ ਲਵੋ ਜਿਸ ਨਾਲ ਤੁਹਾਡਾ ਮੂੰਹ ਕਾੜ੍ਹਨੀ ਤੋਂ ਬਾਹਰ ਰਹੇ ਤੇ ਨੜਾ ਕਾੜ੍ਹਨੀ ਦੇ ਥੱਲੇ ਚਲਿਆ ਜਾਵੇ. ਆਥਣ ਵੇਲੇ ਅੱਗਾ ਪਿੱਛਾ ਦੇਖ ਕੇ ਮਲਾਈ ਨੂੰ ਜ਼ਰਾ ਕੁ ਪਾਸੇ ਕਰਕੇ ਦੁੱਧ ਸੁੜ੍ਹਾਕ ਜਾਓ. ਓਨਾ ਕੁ ਪੀਓ ਕਿ ਮਾਂ ਨੂੰ ਪਤਾ ਨਾ ਲੱਗੇ. ਡਰਨ ਦੀ ਲੋੜ ਨਹੀਂ, ਘਰੋਂ ਵਿਚੋਂ ਖਾਣ ਪੀਣ ਵਾਲੀ ਚੀਜ਼ ਖਾ ਪੀ ਲੈਣੀ ਚੋਰੀ ਨਹੀਂ ਅਖਵਾਉਂਦੀ।"
ਇਕ ਦਿਨ ਜਨਰਲ ਮੋਹਣ ਦੇ ਗੁਰ ਨੂੰ ਮੈਂ ਵੀ ਅਜਮਾ ਕੇ ਦੇਖਿਆ ਸੀ. ਸਾਡੇ ਘਰ ਇਕ ਟੋਕਰੀ ਵਿਚ ਬਹੁਤ ਸਾਰੇ ਨੜੇ ਰੱਖੇ ਹੋਏ ਹੁੰਦੇ ਸਨ. ਜੁਲਾਹੇ ਤੋਂ ਖੱਦਰ ਬਣਾਉਣ ਲਈ, ਤਾਣਾ ਤਣਨ ਸਮੇਂ, ਚਰਖ਼ੇ 'ਤੇ ਵੱਡਾ ਤਕਲਾ ਚੜ੍ਹਾ ਕੇ, ਇਨ੍ਹਾਂ ਨੜਿਆਂ ਉਪਰ ਸੂਤ ਲਪੇਟਿਆ ਜਾਂਦਾ ਸੀ. ਮੈਂ ਚਾਰ ਨੜੇ ਜੋੜ ਕੇ ਸੰਦੂਕ ਦੇ ਪਿੱਛੇ ਰੱਖ ਦਿੱਤੇ. ਜਦੋਂ ਕੋਈ ਘਰ ਨਹੀਂ ਸੀ ਤਾਂ ਮੈਂ ਅੱਗਾ ਪਿੱਛਾ ਦੇਖ ਕੇ ਝਟ ਅੰਦਰੋਂ ਨੜੇ ਚੁੱਕ ਲਿਆਇਆ ਤੇ ਕਾੜ੍ਹਨੀ ਵਿਚੋਂ ਦੁੱਧ ਪੀਣ ਲੱਗਾ. ਮੈਂ ਅਜੇ ਇਕੋ ਘੁੱਟ ਹੀ ਭਰੀ ਸੀ ਕਿ ਮੇਰੀ ਬਦਕਿਸਮਤੀ ਨੂੰ ਉਦੋਂ ਹੀ ਮੇਰੀ ਮਾਂ ਆ ਗਈ. ਉਸ ਮੈਨੂੰ ਗਲ਼ਮੇ ਤੋਂ ਫੜ ਕੇ ਪਿਛਾਂਹ ਧੂਅ ਲਿਆ ਅਤੇ ਦੋ ਚਪੇੜਾਂ ਮਾਰ ਕੇ ਕਿਹਾ, "ਤੇਰਾ ਢਿੱਡ ਬਹੁਤਾ ਲੱਗੈ, ਦੂਜੇ ਜੁਆਕ ਵੀ ਤੇਰੇ ਵਰਗੇ ਐ. ਉਹਨਾਂ ਦਾ ਚਿੱਤ ਨਈ ਕਰਦਾ ਦੁੱਧ ਪੀਣ ਨੂੰ!"
ਮੈਂ ਮਾਂ ਕੋਲੋਂ ਆਪਣਾ ਝੱਗਾ ਛੁਡਾ ਕੇ ਬਾਹਰ ਭੱਜਣ ਲੱਗਾ ਤਾਂ ਉਸ ਨੇ ਮੇਰੀ ਬਾਂਹ ਫੜ ਕੇ ਮੇਰੇ ਮੌਰਾਂ ਉਪਰ ਦੋ ਧੱਫੇ ਹੋਰ ਠੋਕ ਦਿੱਤੇ ਅਤੇ ਫੜ ਕੇ ਕੋਠੜੀ ਵਿਚ ਤਾੜ ਦਿੱਤਾ. ਮੈਨੂੰ ਡਰ ਸੀ ਕਿ ਹੁਣ ਮਾਂ ਮੈਨੂੰ ਮੇਰੇ ਬਾਪ ਤੋਂ ਵੀ ਕੁਟਵਾਵੇਗੀ ਪਰ ਪੰਜ ਕੁ ਮਿੰਟ ਬਾਅਦ ਹੀ ਉਸ ਮੈਨੂੰ ਕੋਠੜੀ ਵਿਚੋਂ ਬਾਹਰ ਕੱਢ ਲਿਆ ਅਤੇ ਸਮਝਾਉਣ ਲੱਗੀ, "ਮੇਰਾ ਵੀ ਜੀਅ ਕਰਦੈ ਵਈ ਮੇਰੇ ਜੁਆਕ ਰੱਜਵਾਂ ਖਾਣ ਤੇ ਚੰਗਾ ਪਹਿਨਣ ਪਰ ਕੀ ਕਰਾਂ! 'ਕੱਲੇ ਦੀ ਕਮਾਈ ਐ ਤੇ ਸੌ ਮੋਰੀਆਂ ਮੁੰਦਣ ਵਾਲੀਆਂ ਪਈਆਂ ਐ. ਥੋਨੂੰ ਪਲ਼ਾ ਪਲ਼ਾ ਦੇ ਕੇ ਜਿਹੜਾ ਗੜਵੀ ਦੁੱਧ ਬਚਦੈ, ਉਹਦੀ ਸਵੇਰੇ ਲੱਸੀ ਵੀ ਬਣਾਉਣੀ ਹੁੰਦੀ ਐ ਤੇ ਰੋਟੀਆਂ ਦੀ ਸਵਾਹ ਝਾੜਨ ਵਾਸਤੇ ਭੋਰਾ ਘਿਉ ਵੀ ਚਾਹੀਦੈ. ਵੇਖ, ਮੇਰਾ ਪੁੱਤ, ਮੁੜ ਕੇ ਇਹੋ ਜਿਹੀ ਇੱਲਤ ਨਾ ਕਰੀਂ।" ਇੰਨਾ ਕਹਿ ਕੇ ਮਾਂ ਰੋਣ ਲੱਗ ਪਈ.
ਜਨਰਲ ਮੋਹਣ ਸਿੰਘ ਨੇ ਜਿਹੜਾ ਡਸਿਪਲਨ ਦਾ ਪਾਠ ਪੜ੍ਹਾਇਆ ਸੀ, ਉਸ ਦਾ ਅਸਰ ਸਾਡੇ ਨਿਊ ਮਾਸਟਰ ਅਤੇ ਡਰਿਲ ਮਾਸਟਰ ਨੇ ਚੰਗਾ ਗਰਹਿਣ ਕੀਤਾ ਸੀ ਅਤੇ ਕਾੜ੍ਹਨੀ ਦੇ ਦੁੱਧ ਦਾ ਮੇਰੇ ਉਪਰ ਅਸਰ ਇਹ ਪੈ ਗਿਆ ਸੀ ਕਿ ਫਿਰ ਕਦੀ ਮੈਂ ਚੋਰੀ ਦੁੱਧ ਤਾਂ ਕੀ ਪੀਣਾ ਸੀ, ਪੁੱਛੇ ਤੋਂ ਬਿਨਾਂ ਛਾਬੇ ਵਿਚ ਵਾਧੂ ਪਈ ਰੋਟੀ ਖਾਣ ਦੀ ਵੀ ਹਿੰਮਤ ਨਹੀਂ ਕੀਤੀ.